ਪਰਗਟ ਸਿੰਘ ਸਤੌਜ
ਕਿਸ਼ਤ-6
ਕਣਕਾਂ ਬੀਜੀਆਂ ਜਾ ਚੁੱਕੀਆਂ ਸਨ, ਔਰਤਾਂ ਪੇਟੀਆਂ, ਅਲਮਾਰੀਆਂ ਵਿੱਚੋਂ ਸਿਆਲੂ ਕੱਪੜੇ ਕੱਢਣ ਦੀ ਤਿਆਰੀ ਕਰਨ ਲੱਗੀਆਂ ਸਨ। ਕਈ ਘਰਾਂ ਦੇ ਮੋਢੀ ਸਾਉਣੀ ਦੀ ਵੱਟਤ ਜੇਬਾਂ ਵਿੱਚ ਪਾ ਕੇ ਆਪਣੇ ਲਾਣੇ-ਬਾਣੇ ਨੂੰ ਸ਼ਹਿਰ ਕੋਟੀਆਂ, ਬੂਟਾਂ ਦੀ ਖ਼ਰੀਦਦਾਰੀ ਕਰਵਾਉਣ ਲਈ ਲੈ ਤੁਰੇ ਸਨ । ਇਹ ਸਮਾਂ ਪੇਂਡੂ ਜੀਵਨ ਵਿੱਚ ਵਿਹਲ ਦਾ ਸਮਾਂ ਮੰਨਿਆ ਜਾਂਦਾ ਹੈ । ਇਸੇ ਸਮੇਂ ਵਿਆਹ, ਅਖੰਡ ਪਾਠ, ਖੇਡ-ਮੇਲੇ ਆਦਿ ਦਾ ਹੜ੍ਹ ਆ ਜਾਂਦਾ ਹੈ। ਆਸਿਫ਼ ਹੋਰਾਂ ਨੇ ਵੀ ਨਾਟਕ ਦਾ ਇਹੀ ਸਮਾਂ ਮਿੱਥਿਆ ਸੀ। ਉਹ ਅੱਜ ਸਵੇਰ ਤੋਂ ਹੀ ਨਾਟਕ ਦੀ ਤਿਆਰੀ ਵਿੱਚ ਜੁਟੇ ਹੋਏ ਸਨ। ਤਰਨ ਤੇ ਸਕੀਮੀ ਵੀ ਦੋ ਦਿਨਾਂ ਦੀ ਛੁੱਟੀ ਲੈ ਕੇ ਆ ਗਏ ਸਨ । ਅਗਲੇ ਦਿਨ ਐਤਵਾਰ ਸੀ। ਸ਼ਾਮ ਤੱਕ ਉਨ੍ਹਾਂ ਨੇ ਪਿੰਡ ਦੇ ਵਿਚਕਾਰ ਖੁੱਲ੍ਹੀ ਥਾਂ ਉੱਤੇ ਸਟੇਜ ਤਿਆਰ ਕਰ ਲਿਆ ਸੀ। ਔਰਤਾਂ ਅਤੇ ਮਰਦਾਂ ਦੇ ਬੈਠਣ ਲਈ ਦਰੀਆਂ ਵਿਛਾ ਦਿੱਤੀਆਂ ਸਨ। ਦਰੀਆਂ ਤੋਂ ਪਿੱਛੇ ਕੁਰਸੀਆਂ ਸਜਾ ਦਿੱਤੀਆਂ। ਸਾਰੇ ਮੁੰਡੇ ਹੀ ਚਾਅ ਵਿੱਚ ਇੰਝ ਭੱਜੇ ਫਿਰ ਰਹੇ ਸਨ ਜਿਵੇਂ ਵੱਡੇ ਭਰਾ ਨੂੰ ਵਿਆਹੁਣ ਚੱਲੇ ਹੋਣ।
ਆਸਿਫ਼ ਬਹਾਨੇ ਨਾਲ ਦੁਪਹਿਰ ਤੋਂ ਬਾਅਦ ਘਰ ਕਈ ਗੇੜੇ ਮਾਰ ਆਇਆ ਸੀ। ਉਸ ਦੀ ਹੀਰ ਸਲੇਟੀ ਘਰ ਆਈ ਬੈਠੀ ਸੀ । ਸਟੇਜ ਤਿਆਰ ਕਰਵਾਉਂਦਾ ਵੀ ਉਹ ਨਾਲ-ਨਾਲ ਸਹਿਜ ਨਾਲ ਚੈਟ ਕਰਦਾ ਰਿਹਾ ਸੀ । ਉਸ ਦੀਆਂ ਹੱਸਦੀਆਂ ਅੱਖਾਂ ਅਤੇ ਮੁਸਕਰਾਉਂਦੇ ਬੁੱਲ੍ਹ ਉਸ ਦੀ ਅੰਦਰਲੀ ਖੁਸ਼ੀ ਦੀ ਚੁਗਲੀ ਕਰ ਰਹੇ ਸਨ । ਉਸ ਦੀ ਭੈਣ ਸਾਨੀਆ, ਸਹਿਜ ਨੂੰ ਨਾਟਕ ਦਿਖਾਉਣ ਲਈ ਕਾਲਜੋਂ ਨਾਲ ਲੈ ਆਈ ਸੀ। ਜਦੋਂ ਸਾਨੀਆ ਨੇ ਉਸ ਨੂੰ ਆਪਣੇ ਪਿੰਡ ਜਾਣ ਲਈ ਕਿਹਾ ਸੀ ਤਾਂ ਸਹਿਜ ਨੂੰ ਸੁਣ ਕੇ ਚਾਅ ਚੜ੍ਹ ਗਿਆ ਸੀ ਪਰ ਉਸ ਨੇ ਉਪਰਲੇ ਮਨੋਂ ਸਾਨੀਆ ਨੂੰ ਨਾਂਹ-ਨੁੱਕਰ ਕੀਤੀ ਤੇ ਫਿਰ ਦੋ ਤਿੰਨ ਵਾਰ ਕਹਿਣ ‘ਤੇ ਚੱਲਣ ਲਈ ਤਿਆਰ ਹੋ ਗਈ। ਘਰ ਉਸ ਨੇ ਫੋਨ ‘ਤੇ ਦੱਸ ਦਿੱਤਾ ਸੀ ਕਿ ਉਹ ਅੱਜ ਸਾਨੀਆ ਦੇ ਘਰ ਹੀ ਰਹੇਗੀ। ਸਹਿਜ ਦੇ ਘਰ ਵਾਲਿਆਂ ਨੂੰ ਨਾਟਕ ਦਾ ਪਹਿਲਾਂ ਹੀ ਪਤਾ ਸੀ ਕਿਉਂਕਿ ਆਲੇ-ਦੁਆਲੇ ਦੇ ਸਾਰੇ ਪਿੰਡਾਂ ਵਿੱਚ ਅੱਜ ਸਵੇਰੇ ਹੀ ਸੂਚਨਾ ਕਰਵਾ ਦਿੱਤੀ ਸੀ । ਦੁਗਾਲ ਵਿਆਹੀ ਆਸਿਫ਼ ਦੀ ਸਭ ਤੋਂ ਵੱਡੀ ਭੈਣ ਵੀ ਆਪਣੇ ਘਰਵਾਲੇ ਨਾਲ ਆਈ ਹੋਈ ਸੀ।
ਆਸਿਫ਼ ਨੂੰ ਨਾਟਕ ਟੀਮ ਦਾ ਫੋਨ ਆਇਆ, ਉਹ ਮੋਟਰਸਾਈਕਲ ਲੈ ਕੇ ਖਨੌਰੀ ਵਾਲੇ ਰਾਹ ‘ਤੇ ਜਾ ਖੜ੍ਹਿਆ। ਜਦੋਂ ਨਾਟਕ ਵਾਲਿਆਂ ਦੀ ਗੱਡੀ ਆਈ ਹੈ ਉਹ ਟੀਮ ਨੂੰ ਚਾਹ-ਪਾਣੀ ਪਿਆਉਣ ਲਈ ਪਹਿਲਾਂ ਸਿੱਧਾ ਆਪਣੇ ਘਰ ਲੈ ਆਇਆ। ਸਹਿਜ ਸਮੇਤ ਆਸਿਫ਼ ਦੇ ਸਾਰੇ ਪਰਿਵਾਰ ਨੇ ਰਲ ਕੇ ਨਾਟਕ ਵਾਲੇ ਮੁੰਡੇ-ਕੁੜੀਆਂ ਨੂੰ ਚਾਹ ਪਿਆਈ। ਸੱਤ ਕੁ ਵਜੇ ਨਾਟਕ ਸ਼ੁਰੂ ਹੋਣਾ ਸੀ। ਅੱਧਾ ਕੁ ਘੰਟਾ ਪਹਿਲਾਂ ਉਹ ਸਟੇਜ ਵਾਲੀ ਜਗ੍ਹਾ ਆ ਗਏ। ਲਾਗਲੇ ਪਿੰਡਾਂ ਤੋਂ ਵੀ ਬਹੁਤ ਸਾਰੇ ਲੋਕ ਆਪੋ-ਆਪਣੇ ਸਾਧਨਾਂ ‘ਤੇ ਆ ਰਹੇ ਸਨ। ਪਿੰਡ ਦੀਆਂ ਔਰਤਾਂ ਵੀ ਝੁੰਡਾਂ ਵਿੱਚ ਆ ਕੇ ਦਰੀਆਂ ਉੱਪਰ ਆਪੋ-ਆਪਣੀ ਥਾਂ ਮੱਲ ਰਹੀਆਂ ਸਨ। ਛੋਟੇ ਬੱਚੇ ਸਟੇਜ ਦੇ ਅੱਗੇ ਆ ਬੈਠੇ ਸਨ। ਬੱਚਿਆਂ ਦੀ ਚਿਰ-ਚਿਰ ਪ੍ਰਬੰਧਕਾਂ ਨੂੰ ਚੁਭ ਰਹੀ ਸੀ। ਉਨ੍ਹਾਂ ਨੇ ਇੱਕ-ਦੇ ਵਾਰ ਮਾਈਕ ਵਿੱਚ ਬੋਲਿਆ ਵੀ ਸੀ ਕਿ ਬੱਚੇ ਪਿੱਛੇ ਜਾ ਕੇ ਬੈਠ ਜਾਣ ਪਰ ਬੱਚੇ ਉਨ੍ਹਾਂ ਦੀ ਗੱਲ ਅਣਸੁਣੀ ਕਰ ਕੇ ਸਗੋਂ ਹੋਰ ਅੱਗੇ ਹੋ-ਹੋ ਬੈਠ ਰਹੇ ਸਨ।
ਨਾਟਕ ਤੋਂ ਪਹਿਲਾਂ ਜਾਦੂ ਦੇ ਟਰਿੱਕ ਵਿਖਾਏ ਗਏ। ਜਦੋਂ ਨਾਟਕ ਸ਼ੁਰੂ ਹੋਇਆ ਤਾਂ ਸਭ ਪਾਸੇ ਸ਼ਾਂਤੀ ਹੋ ਗਈ। ਪ੍ਰਬੰਧਕ ਪੰਡਾਲ ਦੇ ਆਲੇ-ਦੁਆਲੇ ਖੜ ਗਏ। ਆਸਿਫ਼ ਸਟੇਜ ਦੇ ਅੱਗੇ ਖੜ੍ਹਾ ਸੀ। ਔਰਤਾਂ ਵਿੱਚ ਕਾਲੀ ਚੁੰਨੀ ਲਈ ਬੈਠੀ ਸਹਿਜ ਵੱਲ ਉਸ ਦੀ ਨਜ਼ਰ ਕਈ ਵਾਰ ਗਈ ਸੀ। ਸਹਿਜ ਨੂੰ ਵੀ ਨਾਟਕ ਦੇ ਹੀਰ ਨਾਲੋਂ ਆਪਣੇ ਹੀਰੋ ਨੂੰ ਵੇਖਣ ਦੀ ਵੱਧ ਚਾਹਣਾ ਸੀ ਪਰ ਉਹ ਲੋਕਾਂ ਦੀਆਂ ਭੈੜੀਆਂ ਨਜ਼ਰਾਂ ਵਿੱਚ ਵੀ ਨਹੀਂ ਆਉਣਾ ਚਾਹੁੰਦੀ ਸੀ। ਉਸ ਨੇ ਚੋਰ ਅੱਖ ਨਾਲ ਆਸਿਫ਼ ਵੱਲ ਵੇਖਿਆ ਜ਼ਰੂਰ ਪਰ ਵੱਧ ਧਿਆਨ ਉਸ ਨੇ ਸਟੇਜ ਵੱਲ ਹੀ ਰੱਖਿਆ।
ਰਾਤ ਦੇ ਦਸ ਵਜੇ ਨਾਟਕ ਸਮਾਪਤ ਹੋਇਆ ਤਾਂ ਲੋਕਾਂ ਦਾ ਸੈਲਾਬ ਉੱਠ ਕੇ ਤੁਰ ਪਿਆ। ਸਭ ਦੇ ਬੁੱਲ੍ਹਾਂ ‘ਤੇ ਨਾਟਕ ਦੀਆਂ ਗੱਲਾਂ ਸਨ। ਕਈ ਕਬੱਡੀ ਟੂਰਨਾਮੈਂਟਾਂ ਨਾਲ ਤੁਲਨਾ ਕਰਦੇ ਉਨ੍ਹਾਂ ਨੂੰ ਕੋਸ ਰਹੇ ਸਨ, “ਲੈ… ਆਹ ਕਬੱਡੀ-ਕਬੂਡੀ ਜੀ ਨਾਲੋਂ ਤਾਂ ਇਹ ਸੌ ਗੁਣੇ ਵਧੀਐ। ਕਿਸੇ ਨੂੰ ਸਿੱਖਿਆ ਤਾਂ ਮਿਲਦੀ ਐ। ਕਬੱਡੀ ਆਲੇ ਲੱਖਾਂ ਰੁਪਏ ਦੋ ਦਿਨਾਂ ‘ਚ ਫੂਕ ਕੇ ਅਹੁ ਜਾਂਦੇ ਨੇ । ਗਰਾਊਂਡ ਦੇ ਆਲੇ-ਦੁਆਲੇ ਖੇਤਾਂ ‘ਚੋਂ ਨਸ਼ੇ ਆਲੇ ਟੀਕਿਆਂ ਦਾ ਭਾਮੇਂ ਟਰੱਕ ਭਰਲੈ।”
“ਆਪਣੇ ਦੇਖਿਆ ਕਰ। ਜਿਹੜੇ ਦਿਨ ਟੂਰਨਾਮੈਂਟ ਹੁੰਦੈ, ਓਸੇ ਦਿਨ ਸਾਰਿਆਂ ਨਾਲੋਂ ਵੱਧ ਸ਼ਰਾਬ ਵਿਕਦੀ ਐ। ਕਹਿੰਦੇ ਨੇ ਟੂਰਨਾਮੈਂਟ ਨਸ਼ਿਆਂ ਤੋਂ ਦੂਰ ਕਰਦੇ ਨੇ। ਨਸ਼ਿਆਂ ਤੋਂ ਦੂਰ ਕਰਨ ਦੀ ਥਾਂ ਇਹ ਤਾਂ ਨਸ਼ਿਆਂ ‘ਤੇ ਵੱਧ ਲਾਉਂਦੇ ਨੇ।” ਕੋਈ ਹੋਰ ਪਹਿਲੇ ਦੀ ਗੱਲ ਦੀ ਪ੍ਰੋੜਤਾ ਕਰਦਾ।
ਲੋਕ ਆਪੋ-ਆਪਣੇ ਸੁਝਾਅ, ਆਪੋ-ਆਪਣੀਆਂ ਦਲੀਲਾਂ ਹਵਾ ਵਿੱਚ ਖਿਲਾਰਦੇ ਘਰਾਂ ਨੂੰ ਚੱਲ ਪਏ। ਆਸਿਫ਼ ਸਾਰਾ ਸਾਮਾਨ ਸੰਭਾ ਕੇ ਗਿਆਰਾਂ ਵਜੇ ਘਰ ਆਇਆ। ਆਸਿਫ਼ ਦੀ ਵੱਡੀ ਭੈਣ, ਸਾਨੀਆ ਤੇ ਸਹਿਜ ਅਜੇ ਵੀ ਜਾਗਦੀਆਂ ਗੱਲਾਂ ਕਰ ਰਹੀਆਂ ਸਨ। ਪ੍ਰਾਹੁਣਾ ਰੋਟੀ ਖਾ ਕੇ ਅਲੱਗ ਕਮਰੇ ਵਿੱਚ ਜਾ ਸੁੱਤਾ ਸੀ। ਸਹਿਜ ਨੂੰ ਵੇਖ ਕੇ ਆਸਿਫ ਨੂੰ ਮਹਿਸੂਸ ਹੋਇਆ ਜਿਵੇਂ ਉਹ ਨਵਾਂ-ਨਵਾਂ ਵਿਆਹਿਆ ਹੋਵੇ ਤੇ ਉਸ ਦੀ ਵਹੁਟੀ ਉਸੇ ਦੀ ਉਡੀਕ ਵਿੱਚ ਜਾਗ ਰਹੀ ਹੋਵੇ। ਚਾਹੇ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਉਹ ਦੋਵੇਂ ਇੱਕ ਹੋ ਗਏ ਸਨ ਪਰ ਸਮਾਜ ਸਾਹਮਣੇ ਤਾਂ ਉਹ ਅਜੇ ਬੇਗਾਨੇ ਹੀ ਸਨ। ਇਸੇ ਸਮਾਜਿਕ ਮਰਿਆਦਾ ਅੱਗੇ ਝੁਕਦਿਆਂ ਉਹ ਰੋਟੀ ਖਾ, ਮਨ ਮਾਰ ਕੇ ਪ੍ਰਹੁਣੇ ਕੋਲ ਜਾ ਪਿਆ ਸੀ। ਬਾਹਰਲੇ ਘਰ ਮੱਝਾਂ ਕੋਲ ਪੈਣ ਦੀ ਡਿਊਟੀ ਅੱਜ ਆਸਿਫ਼ ਦੇ ਅੱਬਾ ਨੇ ਸੰਭਾਲ ਲਈ ਸੀ।
ਸਵੇਰੇ ਰੋਟੀ ਖਾਣ ਤੋਂ ਬਾਅਦ ਉਹ ਸਹਿਜ ਨੂੰ ਮੋਟਰਸਾਈਕਲ ਲੈ ਕੇ ਉਸ ਦੇ ਪਿੰਡ ਛੱਡਣ ਲਈ ਚੱਲ ਪਿਆ। ਸੂਏ ਦੀ ਪਟੜੀ ਚੜ੍ਹੇ ਜਦੋਂ ਉਹ ਮੰਡੀ ਕੋਲੋਂ ਲੰਘਣ ਲੱਗੇ ਤਾਂ ਉਸ ਨੂੰ ਦੀਵਾਲੀ ਵਾਲੀ ਰਾਤ ਯਾਦ ਆ ਗਈ। ਉਸ ਰਾਤ ਵਾਲਾ ਦ੍ਰਿਸ਼ ਚੇਤੇ ਆਉਂਦਿਆਂ ਉਸ ਦੇ ਚਿਹਰੇ ‘ਤੇ ਵੱਖਰਾ ਜਿਹਾ ਨੂਰ ਬਲਕ ਆਇਆ। ਮਨ, ਅੰਦਰੋਂ ਅਦਭੁੱਤ ਜਿਹੀ ਮਿਠਾਸ ਨਾਲ ਭਰ ਗਿਆ। ਸੂਏ ‘ਤੇ ਖੜ੍ਹੇ ਦਰੱਖਤ ਅਤੇ ਆਲੇ-ਦੁਆਲੇ ਦੇ ਖੇਤਾਂ ‘ਚ ਓਰਿਆਂ ਵਿੱਚੋਂ ਬਾਹਰ ਝਾਕ ਰਹੀ ਕੋਰ ਕਣਕ, ਸਭ ਕੁਝ ਉਸ ਨੂੰ ਹੱਸਦਾ-ਹੱਸਦਾ ਲੱਗਿਆ। ਮੋਟਰਸਾਈਕਲ ਉੱਪਰ ਲਗਦੀ ਠੰਢੀ ਹਵਾ ਨੇ ਉਸਦੇ ਸਾਰੇ ਸਰੀਰ ‘ਤੇ ਲੁ-ਕੰਡੇ ਖੜ੍ਹੇ ਕਰ ਦਿੱਤੇ ਸਨ ਪਰ ਪਿਆਰ ਦੇ ਨਸ਼ੇ ਵਿੱਚ ਮਸਤ ਹੋਇਆ ਉਹ ਠੰਢ ਨੂੰ ਅੰਗੂਠਾ ਦਿਖਾ ਰਿਹਾ ਸੀ। ਉਸ ਰਾਤ ਵਾਲੀ ਮੋਟਰ ਸਾਹਮਣੇ ਦਿਖਾਈ ਦਿੱਤੀ ਤਾਂ ਉਸ ਨੇ ਸਹਿਜ ਨੂੰ ਛੇੜਨ ਲਈ ਪੁੱਛਿਆ, “ਉਹ ਮੋਟਰ ਪਤੈ ਕੀਹਦੀ ਐ?”
“ਮੈਨੂੰ ਕੀ ਪਤੈ ਹੁਣ।” ਸਹਿਜ ਨੇ ਹੈਰਾਨੀ ਪ੍ਰਗਟ ਕੀਤੀ ਕਿ ਇਹ ਇਸ ਤਰ੍ਹਾਂ ਕਿਉਂ ਪੁੱਛ ਰਿਹਾ ਹੈ?
“ਇਹ ਮੋਟਰ ਇੱਕ ਰਾਤ ਲਈ ਆਪਣੀ ਸੀ। ਯਾਦ ਕਰ।”
“ਊਂ…. ਤੇਰਾ ਦਿਮਾਗ ਹਰ ਟੈਂਮ ਉੱਥੇ ਈ ਘੁੰਮਦਾ ਰਹਿੰਦੇ।” ਸਹਿਜ ਨੇ ਪਿਆਰ ਨਾਲ ਉਸਦੇ ਮੋਢਿਆਂ ‘ਤੇ ਪੋਲੀ ਜਿਹੀ ਮੁਕੀ ਮਾਰੀ।
“ਹੁਣ ਤੂੰ ਇਥੇ ਆਈ ਦੀਵਾਲੀ ਦੀਵਾ ਲਾ ਕੇ ਜਾਇਆ ਕਰੀਂ।”
“ਜੇ ਤੈਨੂੰ ਐਨਾ ਮੋਹ ਆਂਦੈ, ਤੂੰ ਆਪ ਈ ਲਾ ਜਿਆ ਕਰੀਂ। ਨਾਲੇ ਤੇਰੀ ਝੱਟ ਦੇਖਾਂਗੇ ਜਦੋਂ ਸਾਡੇ ਪਿੰਡ ਆਲਿਆਂ ਨੇ ਬੰਨ੍ਹ ਕੇ ਕੁੱਟਿਆ ਵੀ ਤੂੰ ਟੂਣਾ ਕਰਨ ਆਇਆ ਸੀ।”
“ਜੇ ਮੈਨੂੰ ਤੇਰੇ ਪਿੰਡ ਆਲਿਆਂ ਨੇ ਬੰਨ੍ਹ ਲਿਆ ਫੇਰ ਤੂੰ ਪੁਰਾਣੀਆਂ ਫ਼ਿਲਮੀ ਹੀਰੋਇਨਾਂ ਮਾਂਗੂੰ ਮੇਰੇ ਕਣੀ ਭੱਜੀ ਆਈ, ‘ਛੋੜ ਦੋ ਮੇਰੇ ਆਸਿਫ਼ ਕੋ ਮੈਂ ਆਪ ਕੇ ਆਗੇ ਹਾਥ ਜੋੜਤੀ ਹੂੰ। ਯੇ ਮੇਰੀ ਜ਼ਿੰਦਗੀ ਹੈ।” “ਤੂੰ ਜ਼ੁਬਾਨ ‘ਤੇ ਕਾਬੂ ਕਰਨੈ ਜਾਂ ਫੜ ਕੇ ਖਿੱਚਾਂ?” ਸਹਿਜ ਦੀ ਵੀ ਆਸਿਫ਼ ਦਾ ਮਜ਼ਾਕ ਸੁਣ ਕੇ ਹਾਸੀ ਨਿਕਲ ਗਈ। ਉਹ ਗੱਲਾਂ ਕਰਦੇ ਪਿੰਡ ਪਹੁੰਚ ਗਏ। ਆਸਿਫ਼ ਨੇ ਮੋਟਰਸਾਈਕਲ ਬਾਹਰ ਹੀ ਰੋਕ ਲਿਆ, “ਚੰਗਾ ਫੇਰ।” “ਤੂੰ ਸਿੱਧਾ ਹੋ ਕੇ ਸਟੈਂਡ ‘ਤੇ ਲਾ ਕੇ ਅੰਦਰ ਆ ਜਾ।” ਸਹਿਜ ਨੇ ਹੁਕਮ ਚਾੜ੍ਹ ਦਿੱਤਾ। ਉਹ ਭਿੱਜੀ ਬਿੱਲੀ ਬਣਿਆ, ਸਾਉਂ ਮੁੰਡਿਆਂ ਵਾਂਗ ਨੀਵੀਂ ਪਾਈਂ ਉਸ ਦੇ ਪਿੱਛੇ ਤੁਰ ਪਿਆ। ਸਾਹਮਣੇ ਵਿਹੜੇ ਵਿੱਚ ਸਹਿਜ ਦਾ ਪਿਤਾ ਬੈਠਾ ਸੀ। ਮਾਂ ਓਟੇ ਕੋਲ ਭਾਂਡੇ ਮਾਂਜ ਰਹੀ ਸੀ। ਸਹਿਜ ਦੀ ਛੋਟੀ ਭੈਣ ਕਿਤੇ ਦਿਖਾਈ ਨਹੀਂ ਦਿੱਤੀ । ਆਸਿਫ਼ ਸਤਿ ਸ੍ਰੀ ਅਕਾਲ ਬੁਲਾ ਕੇ ਪਿਤਾ ਵਾਲੇ ਮੰਜੇ ਉੱਤੇ ਹੀ ਬੈਠ ਗਿਆ। “ਥੋਡਾ ਨਾਟਕ ਭਾਈ ਬਹੁਤ ਵਧੀਆ ਸੀ।” ਸਹਿਜ ਦੇ ਪਿਤਾ ਤੋਂ ਤਾਰੀਫ਼ ਸੁਣ ਕੇ ਉਹ ਏਨਾ ਖੁਸ਼ ਹੋ ਗਿਆ ਜਿਵੇਂ ਹੁਣੇ-ਹੁਣੇ ਸਹਿਜ ਦੇ ਪਿਤਾ ਨੇ ਉਸ ਨੂੰ ਕਰੈਕਟਰ ਸਰਟੀਫਿਕੇਟ ਦੇ ਦਿੱਤਾ ਹੋਵੇ। “ਤੁਸੀਂ ਵੀ ਗਏ ਸੀ ਦੇਖਣ?” ਆਸਿਫ਼ ਨੇ ਖੁਸ਼ੀ ਭਰੀ ਹੈਰਾਨੀ ਨਾਲ ਪੁੱਛਿਆ। “ਹਾਂ, ਆਹ ਗੁਆਂਢੀ ਲੈ ਗਿਆ ਸੀ ਮੱਲੋ-ਮੱਲੀ।” “ਚੰਗਾ ਜੀ, ਮੈਂ ਜਾਨਾਂ ਫੇਰ ।” ਆਸਿਫ਼ ਮੰਜੇ ਤੋਂ ਖੜ੍ਹਾ ਹੋ ਗਿਆ। “ਬੈਠ ਤੂੰ, ਚਾਹ ਪੀ ਕੇ ਜਾਈਂ।”
“ਨਾਂਅ ਜੀ, ਹੁਣੇ ਰੋਟੀ ਖਾ ਕੇ ਆਇਆਂ। ਭੈਣ ਕਹਿੰਦੀ, ਤੂੰ ਸਹਿਜ ਨੂੰ ਆਪ ਈ ਛੱਡਿਆ।” ਆਸਿਫ਼ ਉਸ ਦੇ ਦਿਮਾਗ ਵਿੱਚ ਪਾਉਣਾ ਚਾਹੁੰਦਾ ਸੀ ਕਿ ਇਹ ਸਾਊ ਮੁੰਡਾ ਆਪ ਛੱਡਣ ਨਹੀਂ ਆਇਆ, ਸਗੋਂ ਇਸ ਨੂੰ ਤਾਂ ਧੱਕੇ ਨਾਲ ਭੇਜਿਆ ਗਿਆ ਹੈ।
“ਕੋਈ ਨਾ, ਚਾਹ ਨੂੰ ਤਾਂ ਇੱਕ ਮਿੰਟ ਲੱਗਣੈ।” ਆਸਿਫ਼ ਇਹੀ ਤਾਂ ਚਾਹੁੰਦਾ ਸੀ। ਉਹ ਕਹਿਣ ‘ਤੇ ਬੈਠ ਗਿਆ। ਸਹਿਜ ਚਾਹ ਨਾਲ ਖੋਏ ਦੀਆਂ ਪਿੰਨੀਆਂ ਲੈ ਆਈ। ਪਿੰਨੀਆਂ ਵੇਖ ਕੇ ਆਸਿਫ਼ ਦੇ ਬੁੱਲ੍ਹਾਂ ‘ਤੇ ਮੁਸਕਾਨ ਆ ਗਈ, ‘ਹੁਣ ਰਾਤ ਵਾਲੀ ਸੇਵਾ ਵਾਲਾ ਉਲਾਂਭਾ ਲਾਹੁਣ ਲੱਗੀ ਹੈ।
ਚਾਹ ਪੀ ਕੇ ਆਸਿਫ਼ ਨੇ ਇਜਾਜ਼ਤ ਲਈ। ਸਹਿਜ ਨੇ ਪੜ੍ਹ ਲਈ ਇੱਕ ਕਿਤਾਬ ਉਸ ਨੂੰ ਵਾਪਸ ਫੜਾ ਦਿੱਤੀ। ਉਹ ਕਿਤਾਬ ਲੈ ਕੇ ਚੱਲ ਪਿਆ। ਖੋਏ ਦੀਆਂ ਪਿੰਨੀਆਂ ਦਾ ਸਵਾਦ ਉਸ ਦੇ ਮੂੰਹ ਵਿੱਚ ਅਜੇ ਵੀ ਘੁਲਿਆ ਹੋਇਆ ਸੀ । ਉਹ ਏਨਾ ਖੁਸ਼ ਸੀ ਕਿ ਉਸ ਦਾ ਮਨ ਕਰਦਾ ਸੀ ਕਿ ਸਾਰੀ ਕਾਇਨਾਤ ਨੂੰ ਕਲਾਵੇ ਵਿੱਚ ਲੈ ਕੇ ਚੁੰਮ ਲਵੇ। ਉਸ ਦੇ ਬੁੱਲ੍ਹਾਂ ਉੱਪਰ ਗੀਤ ਫਰਕਿਆ ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ
ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ… ।
ਘਰ ਆ ਕੇ ਉਸ ਨੇ ਮੇਲੇ ਉੱਤੇ ਹੋਏ ਖ਼ਰਚ ਅਤੇ ਪ੍ਰਾਪਤ ਆਮਦਨ ਦਾ ਹਿਸਾਬ-ਕਿਤਾਬ ਲਾ ਲਿਆ। ਸ਼ਾਮ ਨੂੰ ਆਸਿਫ਼ ਦੇ ਬਾਗਲ ਵਿੱਚ ਹੀ ਕਮੇਟੀ ਦੀ ਮੀਟਿੰਗ ਸੀ । ਆਸਿਫ਼ ਕਾ ਬਾਗਲ ਉਨ੍ਹਾਂ ਦੇ ਘਰ ਦੇ ਬਿਲਕੁੱਲ ਸਾਹਮਣੇ ਹੀ ਗਲੀ ਦੇ ਦੂਸਰੇ ਪਾਸੇ ਸੀ। ਆਸਿਫ਼ ਹਮੇਸ਼ਾ ਇਸ ਮੱਝਾਂ ਵਾਲੇ ਬਾਗਲ ਵਿੱਚ ਹੀ ਪੈਂਦਾ ਸੀ। ਗਲੀ ਨਾਲ ਲਗਦੀ ਬੈਠਕ ਉਸਦਾ ਪੱਕਾ ਟਿਕਾਣਾ ਸੀ। ਬੈਠਕ ਦੇ ਨਾਲ ਹੀ ਪਸ਼ੂਆਂ ਵਾਲਾ ਬਰਾਂਡਾ ਸੀ। ਬੈਠਕ ਵਿੱਚੋਂ ਇੱਕ ਖਿੜਕੀ ਪਸ਼ੂਆਂ ਵਾਲੇ ਬਰਾਂਡੇ ਵਿੱਚ ਖੁੱਲ੍ਹਦੀ ਸੀ। ਬਰਾਂਡੇ ਦੇ ਨਾਲ ਲੱਗਵੀਂ ਹੀ ਤੂੜੀ ਵਾਲੀ ਸਬਾਤ ਸੀ । ਆਸਿਫ਼ ਨੂੰ ਸਾਹਿਤ ਪੜ੍ਹਨ ਦਾ ਸ਼ੌਕ ਸੀ ਇਸ ਕਰਕੇ ਉਸ ਦੇ ਇਸ ਕਮਰੇ ਵਿੱਚ ਕੋਈ ਨਾ ਕੋਈ ਕਿਤਾਬ ਜ਼ਰੂਰ ਪਈ ਹੁੰਦੀ। ਬਾਕੀ ਕਿਤਾਬਾਂ ਉਹ ਘਰ ਹੀ ਰੱਖਦਾ ਕਿਉਂਕਿ ਮੁੰਡੇ ਕਈ ਵਾਰ ਮੰਗ ਕੇ ਤਾਂ ਲੈ ਜਾਂਦੇ ਸੀ ਪਰ ਵਾਪਸ ਨਹੀਂ ਕਰਦੇ ਸਨ ਜਾਂ ਕਈ ਵਾਰ ਉਹਨਾਂ ਤੋਂ ਕੋਈ ਅੱਗੋਂ ਦੀ ਅੱਗੋਂ ਮੰਗ ਕੇ ਲੈ ਜਾਂਦਾ ਤੇ ਕਿਤਾਬ ਆਈ-ਗਈ ਹੋ ਜਾਂਦੀ। ਹੁਣ ਉਹ ਬਾਗਲ ਵਿੱਚ ਉਹ ਕਿਤਾਬ ਹੀ ਲੈ ਕੇ ਆਉਂਦਾ ਜਿਹੜੀ ਪੜ੍ਹਨੀ ਹੁੰਦੀ।
ਸ਼ਾਮ ਨੂੰ ਰੋਟੀ ਖਾ ਕੇ ਆਸਿਫ਼ ਬਾਗਲ ਵਿੱਚ ਆ ਗਿਆ। ਮੱਝਾਂ ਨੂੰ ਖੋਲ੍ਹ ਕੇ ਉਸਨੇ ਬਰਾਂਡੇ ਵਿੱਚ ਬੰਨ੍ਹ ਦਿੱਤਾ। ਟੂਟੀ ਛੱਡ ਕੇ ਉਹ ਹੱਥ ਧੋਣ ਲੱਗ ਪਿਆ। ਮੌਸਮ ਦੇ ਹਿਸਾਬ ਨਾਲ ਹੁਣ ਪਾਣੀ ਠਰਨ ਲੱਗ ਪਿਆ ਸੀ । ਪਰਸੋਂ ਤਾਂ ਥੋੜ੍ਹੀ-ਥੋੜ੍ਹੀ ਧੁੰਦ ਵੀ ਪਈ ਸੀ ਪਰ ਅੱਜ ਸਵੇਰੇ ਬੱਦਲਵਾਈ ਹੋਣ ਕਰਕੇ ਧੁੰਦ ਨਹੀਂ ਸੀ । ਉਸ ਨੇ ਅਚਾਨਕ ਉੱਪਰ ਅਸਮਾਨ ਵੱਲ ਵੇਖਿਆ। ਦਿਨ ਵਾਲਾ ਬੱਦਲ ਕਿੱਧਰੇ ਉੱਡ-ਪੁੱਡ ਗਿਆ ਸੀ। ਹੁਣ ਤਾਂ ਤਾਰਿਆਂ ਨਾਲ ਭਰਿਆ ਸਾਰਾ ਅਸਮਾਨ ਕਾਲੀ ਚੁੰਨੀ ‘ਤੇ ਲੱਗੇ ਸਿਤਾਰਿਆਂ ਵਾਂਗ ਚਮਕ ਰਿਹਾ ਸੀ। ਉਹ ਬੈਠਕ ਵਿੱਚ ਆਇਆ ਤੇ ਮੰਜੇ ‘ਤੇ ਗੋਲ ਕੀਤੇ ਪਏ ਬਿਸਤਰੇ ਦੀ ਢੂਹ ਲਾ ਕੇ ਬੈਠ ਗਿਆ। ਉਸ ਨੇ ਮੋਬਾਈਲ ਵੇਖਿਆ। ਸਹਿਜ ਦੇ ਦੋ ਤਿੰਨ ਮੈਸੇਜ ਆਏ ਪਏ ਸਨ। ਆਖਰੀ ਮੈਸੇਜ ਸੀ, “ਖੋਏ ਦੇ ਸਵਾਦ ਬਾਰੇ ਦੱਸਿਆ ਈ ਨੀ ਕਿਵੇਂ ਲੱਗਿਆ?”
“ਬਹੁਤ ਸਵਾਦ ਸੀ । ਬਿਲਕੁੱਲ ਤੇਰੇ ਵਰਗਾ।” ਉਸ ਨੇ ਰਿਪਲਾਈ ਕੀਤਾ।
”ਥੈਂਕਸ।”
“ਜੀਅ ਕਰਦਾ ਸੀ ਘਰੇਂ ਚੁੱਕ ਕੇ ਲੈ ਆਵਾਂ।”
“ਕੀ? ਖੋਆ ਜਾਂ ਕੁਝ ਹੋਰ?”
“ਖੋਆ, ਨਾਲੇ ਖੋਏ ਵਾਲੀ।” ਅੱਗੇ ਉਸਨੇ ਹਾਸੇ ਦੇ ਇਮੋਜੀ ਲਾ ਦਿੱਤੇ।
“ ਲੈ ਜਾਂਦਾ ਫੇਰ । ਤੈਨੂੰ ਕਿਹੜਾ ਜਵਾਬ ਸੀ।”
“ਕੋਈ ਨਾ, ਕਿਸੇ ਦਿਨ ਲੈ ਵੀ ਜਾਵਾਂਗਾ।”
“ਆ ਗਿਆ ਹੁਣ ਆਪਣੀ ਖੱਡ ‘ਚ?” ਸਹਿਜ ਨੂੰ ਪਤਾ ਸੀ ਕਿ ਉਹ ਬਾਗਲ ਵਿੱਚ ਪੈਂਦਾ ਹੈ। ਇਸ ਕਰਕੇ ਉਹ ਆਸਿਫ਼ ਦੇ ਬਾਗਲ ਵਿੱਚ ਆ ਜਾਣ ਦੇ ਸਮੇਂ ਨੂੰ ਵੇਖ ਕੇ ਹੀ ਮੈਸੇਜ ਕਰਦੀ ਸੀ।
“ਹਾਂ ਆ ਗਿਆ। ਸਾਧਾਂ ਦਾ ਡੇਰੇ ਬਿਨ੍ਹਾਂ ਕਿੱਥੇ ਸਰਦੈ।”
“ਆਹੋ…. ਦੇਖਿਐਂ ਤੂੰ ਵੱਡਾ ਗੋਰਖ ਨਾਥ ਦਾ ਚੇਲਾ, ਜਤੀ-ਸਤੀ।”
“ਅਸੀਂ ਨਵੇਂ ਜ਼ਮਾਨੇ ਦੇ ਸਾਧ ਆਂ।” ਨਾਲ ਉਸ ਨੇ ਅੱਖ ਮਾਰਦਾ ਇਮੋਜੀ ਲਾ ਦਿੱਤਾ । ਬਾਹਰਲਾ ਬਾਰ ਖੜਕਿਆ ਤਾਂ ਆਸਿਫ਼ ਚੁਕੰਨਾ ਹੋ ਗਿਆ, “ਫੇਰ ਕਰਦਾਂ ਸ਼ਾਇਦ ਕੋਈ ਆਇਐ।” ਉਸ ਦੇ ਮੈਸੇਜ ਭੇਜਦੇ-ਭੇਜਦੇ ਤਰਨ ਤੇ ਇੱਕ ਹੋਰ ਮੁੰਡਾ ਆ ਗਏ।
“ਨਾਟਕ ਬਹੁਤ ਘੈਂਟ ਸੀ। ਪੂਰਾ ਵਧੀਆ ਹੋ ਗਿਆ ਆਪਣਾ ਪ੍ਰੋਗਰਾਮ। ਤਰਨ ਦੇ ਨਾਲ ਆਏ ਮੁੰਡੇ ਨੇ ਕਿਹਾ।
“ਹਾਂ, ਲੋਕਾਂ ਨੇ ਵਧੀਆ ਪਸੰਦ ਕੀਤਾ।” ਆਸਿਫ਼ ਨੇ ਮੁੰਡੇ ਦੀ ਗੱਲ ਨਾਲ ਸਹਿਮਤੀ ਪ੍ਰਗਟਾਈ। “ਕੌਣ ਆਇਐ?” ਸਹਿਜ ਦਾ ਵਟਸ-ਅੱਖ ‘ਤੇ ਮੈਸਿਜ ਆ ਗਿਆ।
“ਤਰਨ ਹੋਰੀਂ ਆਏ ਨੇ। ਅੱਜ ਸਾਡੀ ਮੀਟਿੰਗ ਐ। ਕੱਲ੍ਹ ਗੱਲ ਕਰਦੇ ਆਂ।” ਆਸਿਫ਼ ਸਹਿਜ ਨੂੰ ਮੈਸਿਜ ਭੇਜ ਕੇ ਤਰਨ ਹੋਰਾਂ ਨਾਲ ਹੋਏ ਮੇਲੇ ਬਾਰੇ ਗੱਲਾਂ ਕਰਨ ਲੱਗ ਪਿਆ। ਥੋੜ੍ਹੀ ਦੇਰ ਬਾਅਦ ਹੋਰ ਮੁੰਡੇ ਵੀ ਆ ਗਏ। ਆਸਿਫ਼ ਨੇ ਸਾਰੇ ਮੁੰਡਿਆਂ ਨੂੰ ਪੁੱਛ ਲਿਆ ਕਿ ਜੇਕਰ ਕਿਸੇ ਦਾ ਲੈਣ-ਦੇਣ ਰਹਿੰਦਾ ਹੋਵੇ ਤਾਂ ਦੱਸ ਦਿਓ। ਫੇਰ ਉਸ ਨੇ ਸਾਰਿਆਂ ਨੂੰ ਹਿਸਾਬ ਪੜ੍ਹ ਕੇ ਸੁਣਾ ਦਿੱਤਾ। ਪਿਛਲੇ ਸਾਲ ਅਤੇ ਹੁਣ ਵਾਲੇ ਜੋੜ ਕੇ ਕੁੱਲ ਪਝੱਤਰ ਹਜ਼ਾਰ ਬਚ ਗਿਆ ਸੀ।
“ਦੇਖੋ!” ਆਸਿਫ਼ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਜਦੋਂ ਸਭ ਨੇ ਗੱਲ ਸੁਣਨ ਲਈ ਕੰਨ ਚੁੱਕ ਲਏ ਤਾਂ ਉਸ ਨੇ ਬੋਲਣਾ ਸ਼ੁਰੂ ਕੀਤਾ, “ਆਪਣੇ ਕੋਲ ਰੁਪਈਏ ਖਾਸੇ ਬਚਗੇ। ਮੈਂ ਸੋਚਦਾ ਸੀ ਵੀ ਜੇ ਆਪਾਂ ਆਪਣੀ ਲਾਇਬ੍ਰੇਰੀ ਨੂੰ ਵਧੀਆ ਢੰਗ ਨਾਲ ਚਲਾ ਲੀਏ।”
“ਕਿਵੇਂ?” ਨੰਦੂ ਨੇ ਪੁੱਛਿਆ।
“ਇੱਕ ਤਾਂ ਇਹ ਐ ਕਿ ਆਪਾਂ ਪੱਪੀ ਕੇ ਘਰੋਂ ਲਾਇਬ੍ਰੇਰੀ ਦੀਆਂ ਕਿਤਾਬਾਂ ਚੱਕ ਕੇ ਕਿਸੇ ਸਾਂਝੀ ਥਾਂ ‘ਤੇ ਰੱਖੀਏ ਤੇ ਦੂਜਾ ਆਪਾਂ ਕਿਤਾਬਾਂ ਹੋਰ ਲਿਆ ਕੇ ਪਾ ਲੀਏ।” ਆਸਿਫ਼ ਨੇ ਸਹਿਮਤੀ ਲਈ ਸਭ ਦੇ ਚਿਹਰਿਆਂ ਵੱਲ ਵੇਖਿਆ।
“ਸਾਂਝੀ ਥਾਂ ‘ਤੇ ਕਿੱਥੇ ਰੱਖਾਂਗੇ?” ਇੱਕ ਮੁੰਡੇ ਨੇ ਪੁੱਛਿਆ। “ਗਿੱਲਾਂ ਆਲੀ ਥਾਈ ਵਿਹਲੀ ਪਈ ਐ। ਓਥੇ ਰੱਖਲਾਂਗੇ ਇੱਕ ਕਮਰੇ ‘ਚ।” ਆਸਿਫ਼ ਇਹ ਪਹਿਲਾਂ ਹੀ ਨਿਗ੍ਹਾ ਵਿੱਚ ਕਰੀਂ ਬੈਠਾ ਸੀ। “ਓਹਦੇ ‘ਚ ਤਾਂ ਪਿੰਡ ਦੇ ਸਾਂਝੇ ਮੰਜੇ ਪਏ ਨੇ।” ਤਰਨ ਨੇ ਜਾਣਕਾਰੀ ਦਿੱਤੀ। “ਮੰਜੇ ਆਪਾਂ ਦੂਸਰੇ ਛੋਟੇ ਕਮਰੇ ‘ਚ ਰੱਖਦਾਂਗੇ। ਚਾਬੀ ਹਰਦਿਆਲ ਕੋਲੇ ਐ ਕਮਰਿਆਂ ਦੀ, ਓਹਦੇ ਤੋਂ ਫੜ ਲੀਓਂ।” ਨੰਦੂ ਨੇ ਸਕੀਮ ਦੱਸੀ। “ਜੇ ਨਾ ਦਿੱਤੀ ਚਾਬੀ?” ਸਕੀਮੀ ਨੇ ਇੱਕ ਹੋਰ ਸਵਾਲ ਖੜ੍ਹਾ ਕਰ ਦਿੱਤਾ। “ਐਂ ਕਿਮੇਂ ਨੀ ਦਿੰਦਾ? ਆਪਣਾ ਕਿਹੜਾ ਸੀਰ ਨੀ ਹੈਗਾ ਵਿੱਚ। ਨਾਲੇ ਆਪਾਂ ਕਿਹੜਾ ਕੋਈ ਮਾੜਾ ਕੰਮ ਕਰਨ ਲੱਗੇ ਆਂ।” ਤਰਨ ਵਿਚਲਾ ਆਤਮ ਵਿਸ਼ਵਾਸ ਬੋਲਿਆ।
“ਚਾਬੀ ਨੂੰ ਤਾਂ ਕਾਹਨੂੰ ਜਵਾਬ ਦਿੰਦੇ ਨੇ, ਉਹ ਤਾਂ ਲੈ ਲਾਂਗੇ।” ਆਸਿਫ਼ ਨੇ ਤਰਨ ਨਾਲ ਸਹਿਮਤੀ ਪ੍ਰਗਟਾਈ। “ਤੂੰ ਇਹਨੂੰ ਬੰਦ ਕਰਲੈ ਯਾਰ। ਬਿੰਦ ਕ ਪਿੱਛੋਂ ਕੱਢ ਕੇ ਦੇਖਣ ਲੱਗ ਜਾਨੈ। ਦੱਸ ਕੀ ਏਨੇ ਚਿਰ ‘ਚ ਇਹਨੇ ਅੰਡਾ ਦੇਤਾ।” ਨੰਦੂ ਨੇ ਤਰਨ ਦਾ ਮੋਬਾਈਲ ਫੜ ਲਿਆ। ਉਹ ਨਾਲ-ਨਾਲ ਰੀਤ ਨਾਲ ਚੈਟ ਕਰ ਰਿਹਾ ਸੀ। “ਆਪਾਂ ਖ਼ਾਸੀਆਂ ਵਧੀਆ-ਵਧੀਆ ਲਿਆਉਂਣੀਆਂ ਨੇ ਕਿਤਾਬਾਂ ਛਾਂਟ ਕੇ, ਜਿਹਨਾਂ ਨਾਲ ਹੋਰ ਵੱਧ ਪਾਠਕ ਜੁੜ ਜਾਣ।” ਆਸਿਫ਼ ਨੇ ਸਾਰਿਆਂ ਦਾ ਧਿਆਨ ਤਰਨ ਤੇ ਨੰਦੂ ਵੱਲੋਂ ਹਟਾ ਕੇ ਆਪਣੇ ਵੱਲ ਖਿੱਚਿਆ।
“ਕਿਹੜੀਆਂ-ਕਿਹੜੀਆਂ ਲਿਆਮਾਂਗੇ?” ਇੱਕ ਮੁੰਡੇ ਨੇ ਪੁੱਛਿਆ।
“ਜ਼ਿਆਦਾ ਨਾਵਲ ਤੇ ਕਹਾਣੀਆਂ ਦੀਆਂ ਲਿਆਮਾਂਗੇ, ਉਹਨਾਂ ਨੂੰ ਲੋਕ ਵੱਧ ਪੜ੍ਹਦੇ ਨੇ। ਨਾਲੇ ਛੋਟੇ ਬੱਚਿਆਂ ਦੀਆਂ। ਕੁਛ ਕੁ ਆਮ ਔਰਤਾਂ, ਕੁੜੀਆਂ ਦੇ ਪੜ੍ਹਨ ਆਲੀਆਂ।”
“ਉਹ ਕਿਹੜੀਆਂ?” ਕੁੜੀਆਂ ਬਾਰੇ ਜ਼ਿਕਰ ਸੁਣ ਕੇ ਸਕੀਮੀ ਨੇ ਕੰਨ ਚੁੱਕ ਲਏ।
“ਜਿਵੇਂ ਰਸੋਈ ਸਿੱਖਿਆ, ਬਿਊਟੀ ਨਾਲ ਸੰਬੰਧਿਤ, ਅਚਾਰ ਵਗੈਰਾ ਬਣਾਉਣ ਆਲੀ ਇੱਕ ਅੱਧ। ਜਸਵੰਤ ਗਿੱਲ ਦੀਆਂ ਔਰਤਾਂ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ।” ਆਸਿਫ਼ ਨੇ ਜਾਣਕਾਰੀ ਦਿੱਤੀ।
“ਆਹ ਕੁੜੀਆਂ ਆਲੀਆਂ ਤਾਂ ਵੱਧ ਲਿਆਮਾਂਗੇ।” ਸਕੀਮੀ ਨੇ ਕਿਹਾ। “ਕਿਉ?” ਨੰਦੂ ਨੇ ਪ੍ਰਸ਼ਨ ਖੜ੍ਹਾ ਕਰ ਦਿੱਤਾ। “ਜੇ ਕੁੜੀਆਂ ਆਲੀਆਂ ਕਿਤਾਬਾਂ ਵੱਧ ਹੋਣਗੀਆਂ ਫੇਰ ਏ ਲਾਇਬ੍ਰੇਰੀ ‘ਚ ਕੁੜੀਆਂ ਵੱਧ ਆਇਆ ਕਰਨਗੀਆਂ।” “ਸਾਲਿਆ, ਪਹਿਲਾ ਈ ਮਾੜੀ ਨੀਤ ਧਾਰ ਲੈ । ਤਾਂ ਹੀ ਤਾਂ ਕੰਮ ਨੀ ਬਣਦਾ। ਮੇਰੀ ਗੱਲ ਯਾਦ ਰੱਖੀਂ ਤੂੰ ਛੜਾ ਮਰੇਂਗਾ, ਛੜਾ।” ਪੱਪੀ ਨੇ ਸਕੀਮੀ ਨੂੰ ਝਾੜਿਆ। ਬਾਕੀ ਸਾਰੇ ਹੱਸ ਪਏ। “ਤਰਨ, ਬਾਈ ਤੂੰ ਕੱਲ੍ਹ ਨੂੰ ਹਰਦਿਆਲ ਤੋਂ ਚਾਬੀ ਫੜ ਲੀਂ ।” ਆਸਿਫ਼ ਨੇ ਤਰਨ ਨੂੰ ਕਿਹਾ। “ਅਸੀਂ ਤਾਂ ਕੱਲ੍ਹ ਨੂੰ ਕਾਲਜ ਜਾਣੈ। ਆਹ ਪੱਪੀ ਫੜਲੂਗਾ।” ਤਰਨ ਨੇ ਜ਼ਿੰਮੇਵਾਰੀ ਪੱਪੀ ਨੂੰ ਦੇ ਦਿੱਤੀ। “ਠੀਕ ਐ ਮੈਂ ਫੜਲੂੰ ।” ਪੱਪੀ ਨੇ ਹਾਮੀ ਭਰ ਦਿੱਤੀ।
ਇਸ ਤੋਂ ਬਾਅਦ ਉਹ ਇੱਕ ਘੰਟਾ ਹੋਰ ਬੈਠੇ ਗੱਲਾਂ ਕਰਦੇ ਰਹੇ। ਨੰਦੂ ਨੇ ਬੀੜੀ ਸੁਲਘਾ ਲਈ ਸੀ। ਕਮਰੇ ਵਿੱਚ ਸੁਲਫ਼ੇ ਦੀ ਹਮਾਂਕ ਫੈਲ ਗਈ। ਬੀੜੀ ਦੋ ਤਿੰਨ ਨੂੰ ਛੱਡ ਕੇ ਸਾਰਿਆਂ ਦੇ ਬੁੱਲ੍ਹਾਂ ‘ਤੇ ਨੱਚਣ ਲੱਗੀ। ਇੱਕ ਮੁੰਡਾ ਸੂਟਾ ਲੈ ਕੇ ਦੂਸਰੇ ਨੂੰ ਫੜਾ ਦਿੰਦਾ। ਪਹਿਲਾ ਅਗਲੇ ਦੇ ਕਸ਼ ਲਾਉਣ ਤੋਂ ਪਹਿਲਾਂ ਨੱਕ ਅਤੇ ਮੂੰਹ ਵਿੱਚੋਂ ਧੂੰਆਂ ਪ੍ਰੈਸ਼ਰ ਨਾਲ ਇੰਝ ਛੱਡਦਾ ਜਿਵੇਂ ਭੱਠੇ ਦੀਆਂ ਚਿਮਨੀਆਂ ‘ਚੋਂ ਨਿਕਲ ਰਿਹਾ ਹੋਵੇ । ਸਾਢੇ ਦਸ ਹੋ ਗਏ ਸਨ। ਆਖ਼ਰੀ ਬੀੜੀ ਖਤਮ ਕਰ ਕੇ ਸਭ ਆਪੋ-ਆਪਣੇ ਘਰਾਂ ਨੂੰ ਚੱਲ ਪਏ। ਆਸਿਫ਼ ਨੇ ਬੀਹੀ ਵਾਲੇ ਬਾਰ ਦਾ ਕੁੰਡਾ ਅੜਾ ਲਿਆ। ਚੰਨ ਅਤੇ ਤਾਰਿਆਂ ਦੀ ਚਾਨਣੀ ਬਾਹਰ ਵਿਹੜੇ ਵਿੱਚ ਉੱਤਰ ਆਈ ਸੀ। ਉਸ ਨੇ ਬਰਾਂਡੇ ਵਿੱਚ ਮੱਝਾਂ ਵੱਲ ਵੇਖਿਆ। ਸਾਰੇ ਪਸ਼ੂ ਸ਼ਾਂਤ ਹੋਏ ਬੈਠੇ ਸਨ। ਅੰਦਰ ਆ ਕੇ ਉਸ ਨੇ ਬਿਸਤਰਾ ਵਿਛਾ ਲਿਆ। ਕਮਰੇ ਦੀਆਂ ਲਾਈਟਾਂ ਬੰਦ ਕਰ ਕੇ ਉਹ ਸਹਿਜ ਦੀਆਂ ਯਾਦਾਂ ਨੂੰ ਗਲਵੱਕੜੀ ਪਾਈਂ ਮੰਜੇ ਵਿੱਚ ਆ ਪਿਆ। ‘ਹੁਣ ਤਾਂ ਉਹ ਵੀ ਸੌਂ ਗਈ ਹੋਵੇਗੀ।’ ਉਸ ਨੇ ਸੋਚਦਿਆਂ ਪਾਸਾ ਪਰਤ ਲਿਆ।
Read more
ਨਾਵਲ : ਮੁਹੱਬਤ ਵੇਲਾ
ਲੜੀਵਾਰ ਨਾਵਲ : ਮੁਹੱਬਤ ਵੇਲਾ
ਨਾਵਲ : ਚੁਰਸਤਾ