
ਡਾ. ਕਰਮਜੀਤ ਸਿੰਘ
ਬੁੱਢਾ ਜੁਲਾਹਾ ਅਤੇ ਊਠ ਦੀ ਪੈੜ
ਇਕ ਰਾਤ ਊਠ ਜੁਲਾਹੇ ਦੇ ਖੇਤ ਵਿਚ ਆ ਵੜਿਆ। ਉਸ ਦੇ ਜਾਣ ਦੀਆਂ ਪੈੜਾਂ ਲੱਗੀਆਂ ਰਹਿ ਗਈਆਂ। ਸਵੇਰੇ ਜੁਲਾਹਾ ਪਿੰਡ ਦੇ ਸਭ ਤੋਂ ਬਜ਼ੁਰਗ ਜੁਲਾਹੇ ਨੂੰ ਲੈ ਕੇ ਆਇਆ। ਉਸਨੂੰ ਆਸ ਸੀ ਕਿ ਬਜ਼ੁਰਗ ਖੋਜਾ ਊਠ ਦੀ ਪੈੜ ਨੱਪ ਲਵੇਗਾ। ਪਰ ਬਜ਼ੁਰਗ ਪੈਡਾਂ ਦੇਖ ਕੇ ਪਹਿਲਾਂ ਉੱਚੀ-ਉੱਚੀ ਹੱਸਿਆ ਤੇ ਫਿਰ ਰੋਣ ਲੱਗ ਪਿਆ। ਲੋਕਾਂ ਨੇ ਪੁੱਛਿਆ, ‘ਬਾਬਾ ਜੀ ਤੁਸੀਂ ਪਹਿਲਾਂ ਉੱਚੀ-ਉੱਚੀ ਹੱਸੇ ਤੇ ਫਿਰ ਰੋਣ ਲੱਗ ਪਏ। ਇਸ ਦਾ ਕੀ ਮਤਲਬ ਕੱਢਿਆ ਜਾਵੇ?’ ਬਜ਼ੁਰਗ ਕਹਿਣ ਲੱਗਾ, ‘ਮੈਂ ਰੋਇਆ ਇਸ ਕਰਕੇ ਕਿ ਮੈਨੂੰ ਸੋਚ ਆਈ ਕਿ ਜਦੋਂ ਮੈਂ ਮਰ ਗਿਆ ਤਾਂ ਇਨ੍ਹਾਂ ਵਿਚਾਰੇ ਲੋਕਾਂ ਨੂੰ ਅਜਿਹੀਆਂ ਗੱਲਾਂ ਕੌਣ ਸਮਝਾਏਗਾ, ਕੌਣ ਪੈੜਾਂ ਲੱਭ ਕੇ ਦੇਵੇਗਾ? ਤੇ ਹੱਸਿਆ ਮੈਂ ਇਸ ਕਰਕੇ ਕਿ ਇਨ੍ਹਾਂ ਪੈੜਾਂ ਬਾਰੇ ਮੈਂ ਵੀ ਕੁਝ ਵੀ ਨਹੀਂ ਜਾਣਦਾ।’
ਗਰੀਬ ਜੁਲਾਹਾ
ਭੂਰਾਂ ਪਿੰਡ ਵਿਚ ਗਰੀਬਾਂ ਨਾਂ ਦਾ ਇਕ ਜੁਲਾਹਾ ਰਹਿੰਦਾ ਸੀ। ਹੈਰਾਨੀ ਦੀ ਗੱਲ ਕਿ ਉਹ ਬਹੁਤ ਚੁਸਤ ਚਲਾਕ ਸੀ। ਇਕ ਵਾਰ ਹਬੀਬ ਖਾਨ ਲੰਬੜਦਾਰ ਨੇ ਜੁਲਾਹਿਆਂ ਦੇ ਘਰਾਂ ‘ਤੇ ਟੈਕਸ ਲਾ ਦਿੱਤਾ। ਇਹ ਟੈਕਸ ਹਰ ਦਰਵਾਜ਼ੇ ‘ਤੇ ਦੋ ਰੁਪਏ ਲਾਇਆ ਗਿਆ। ਜਦੋਂ ਗਰੀਬੇ ਨੂੰ ਪਤਾ ਲੱਗਾ ਉਸ ਨੇ ਆਪਣੇ ਘਰ ਦਾ ਦਰਵਾਜ਼ਾ ਪੱਟਿਆ ਅਤੇ ਇਸ ਨੂੰ ਮੋਢਿਆਂ ‘ਤੇ ਚੁੱਕ ਕੇ ਖਾਨ ਕੋਲ ਲੈ ਗਿਆ। ਉਸ ਨੇ ਝੁਕ ਕੇ ਸਲਾਮ ਕਰਦਿਆਂ ਖ਼ਾਨ ਨੂੰ ਕਿਹਾ ‘ਓ ਖਾਨ ਸਾਹਿਬ! ਮੈ ਪਤਾ ਲੱਗਾ ਕਿ ਤੈਨੂੰ ਦਰਵਾਜ਼ੇ ਦੇ ਤਖ਼ਤਿਆਂ ਦੀ ਲੋੜ ਹੈ, ਮੈਂ ਆਪਣਾ ਦਰਵਾਜ਼ਾ ਤਾਂ ਪੁੱਟ ਲਿਆਇਆ ਹਾਂ। ਪਤਾ ਲੱਗਾ ਹੈ ਕਿ ਤੈਨੂੰ ਘਰ ਦੀਆਂ ਕੰਧਾਂ ਦੀ ਵੀ ਲੋੜ ਹੈ। ਹੁਣ ਮੈਂ ਉਹ ਲੈਣ ਵੀ ਜਾ ਰਿਹਾ ਹਾਂ।’ ਇਹ ਸੁਣ ਖ਼ਾਨ ਹੱਸਿਆ ਤੇ ਕਹਿਣ ਲੱਗਾ, ‘ਓ ਗਰੀਬੇ ਆਪਣਾ ਦਰਵਾਜ਼ਾ ਵਾਪਿਸ ਲੈ ਜਾ। ਤੇਰਾ ਟੈਕਸ ਆ ਗਿਆ।’
ਈਸਰ ਤੇ ਕਨੀਸਰ
ਕੁਝ ਸਮਾਂ ਪਹਿਲਾਂ ਹਿੰਦੂ ਤੇ ਮੁਸਲਮਾਨ ਦੋ ਵਪਾਰੀ ਰਹਿੰਦੇ ਸਨ, ਜੋ ਇਕੋ ਵਪਾਰ ਵਿਚ ਹਿੱਸੇਦਾਰ ਸਨ। ਹਿੰਦੂ ਵਪਾਰੀ ਦਾ ਨਾਮ ਈਸਰ ਸੀ ਤੇ ਮੁਸਲਮਾਨ ਦਾ ਨਾਂ ਸੀ ਕਨੀਸਰ। ਕਦੇ ਉਹ ਬਹੁਤ ਠਾਠ ਵਾਲੀ ਜ਼ਿੰਦਗੀ ਜਿਉਂਦੇ ਸਨ ਪਰ ਇਕ ਸਮਾਂ ਆਇਆ ਕਿ ਉਨ੍ਹਾਂ ਦਾ ਵਪਾਰ ਡੁੱਬ ਗਿਆ ਅਤੇ ਦੋਨੋਂ ਗਰੀਬੀ ਵਿਚ ਜਿਉਣ ਲਈ ਮਜਬੂਰ ਹੋ ਗਏ। ਇਕ ਦਿਨ ਕਨੀਸਰ, ਈਸਰ ਦੇ ਘਰ ਗਿਆ ਤੇ ਕਹਿਣ ਲੱਗਾ, ਮੈਨੂੰ ਕੁੱਝ ਉਧਾਰ ਦੇ ਪੈਸੇ, ਅਨਾਜ ਜਾਂ ਫਿਰ ਕੋਈ ਰੋਟੀ ਦੇ, ਸਾਡੇ ਘਰ ਵਿਚ ਖਾਣ ਨੂੰ ਕੁਝ ਵੀ ਨਹੀਂ।
‘ਓ ਮਿੱਤਰ। ‘ਈਸਰ ਨੇ ਜਵਾਬ ਦਿੱਤਾ, ‘ਤੇਰੀ ਹਾਲਤ ਸਾਡੇ ਨਾਲੋਂ ਮਾੜੀ ਨਹੀਂ ਹੈ। ਅਸੀਂ ਆਪਣਾ ਸਭ ਕੁਝ ਗੁਆ ਚੁੱਕੇ ਹਾਂ, ਮੈਂ ਤੈਨੂੰ ਕੀ ਦੇ ਸਕਦਾ ਹਾਂ?’
ਕਨੀਸਰ ਦਾ ਈਸਰ ਕੋਲ ਗੇੜਾ ਅਜਾਈਂ ਗਿਆ। ਉਹ ਜਿਵੇਂ ਖਾਲੀ ਹੱਥ ਆਇਆ ਸੀ ਉਵੇਂ ਹੀ ਖਾਲ੍ਹੀ ਹੱਥ ਵਾਪਿਸ ਆ ਗਿਆ।
ਉਸ ਦੇ ਜਾਣ ਤੋਂ ਬਾਅਦ ਈਸਰ ਨੇ ਆਪਣੀ ਘਰ ਵਾਲੀ ਨੂੰ ਕਿਹਾ, ”ਲਾ ਪਾ ਕੇ ਸਾਡੇ ਕੋਲ ਪਿੱਤਰ ਦਾ ਇਕ ਥਾਲ ਤੇ ਗਿਲਾਸ ਬੱਚਿਆ ਹੈ। ਥਾਲ, ਕਿਉਂਕਿ ਕੀਮਤੀ ਹੈ ਇਸ ਲਈ ਇਸ ਨੂੰ ਛਿੱਕੇ ਵਿਚ ਰੱਖ ਕੇ ਸੌਣ ਵਾਲੇ ਮੰਜਿਆਂ ਉੱਪਰ ਛੱਤ ‘ਤੇ ਟੰਗ ਦੇਣਾ ਚਾਹੀਦਾ ਹੈ ਅਤੇ ਇਸ ਵਿਚ ਪਾਣੀ ਪਾ ਦੇਣਾ ਚਾਹੀਦਾ ਹੈ ਤਾਂ ਕਿ ਜੇ ਕਨੀਸਰ ਇਸ ਨੂੰ ਚੋਰੀ ਕਰਨ ਘਰ ਵਿਚ ਸਾਡੇ ਸੁੱਤਿਆਂ ਆਏ ਤਾਂ ਪਾਣੀ ਸਾਡੇ ਤੇ ਡਿੱਗਦਿਆਂ ਹੀ ਸਾਨੂੰ ਜਾਗ ਆ ਜਾਏ।’
ਕਨੀਸਰ ਥਾਲੀ ਬਾਰੇ ਜਾਣਦਾ ਸੀ। ਉਸ ਨੇ ਉਸ ਰਾਤ ਥਾਲੀ ਆਪਣੇ ਕਾਬੂ ਵਿਚ ਕਰਨ ਦਾ ਮਨ ਬਣਾ ਲਿਆ। ਜਦੋਂ ਸਾਰੇ ਘਰ ਦੇ ਜੀਅ ਸੌਂ ਗਏ ਤਾਂ ਉਸ ਨੇ ਘਰ ਦਾ ਹੋੜ ਹਟਾਇਆ ਅਤੇ ਅੰਦਰ ਦਾਖਲ ਹੋ ਗਿਆ। ਚੰਨ ਦੀ ਮੱਧਮ ਚਾਨਣੀ ਵਿਚ ਉਸਨੇ ਦੇਖਿਆ ਕਿ ਥਾਲੀ ਛੱਤ ਤੋਂ ਛਿੱਕੇ ਵਿਚ ਲਟਕ ਰਹੀ ਹੈ। ਉਹ ਵੀ ਬੜਾ ਚਾਲੂ ਸੀ ਉਸ ਨੂੰ ਦਾਲ ਵਿਚ ਕੁਝ ਕਾਲਾ ਦਿਖਾਈ ਦਿੱਤਾ। ਉਸ ਨੇ ਛਿੱਕੇ ਵਿਚ ਉਂਗਲੀ ਪਾ ਕੇ ਦੇਖਿਆ ਕਿ ਥਾਲੀ ਵਿਚ ਪਾਣੀ ਪਿਆ ਹੋਇਆ ਸੀ। ਪਾਣੀ ਨਾ ਡੁੱਲ੍ਹੇ ਉਸ ਨੇ ਬੜੇ ਧਿਆਨ ਨਾਲ ਥਾਲ ਵਿਚ ਰੇਤ ਪਾਈ ਜਿਸ ਨੇ ਸਾਰਾ ਪਾਣੀ ਸੋਖ ਲਿਆ। ਇਸ ਤੋਂ ਬਾਅਦ ਉਸ ਨੇ ਹੌਲੀ ਜਿਹੇ ਛਿੱਕੇ ਵਿਚੋਂ ਥਾਲ ਚੁੱਕਿਆ ਤੇ ਫਰਾਰ ਹੋ ਗਿਆ।
ਰਸਤੇ ਵਿਚ ਉਸ ਨੇ ਸੋਚਿਆ ਕਿ ਕਿਉਂ ਨਾ ਥਾਲ ਨੂੰ ਕਿਤੇ ਛੁਪਾ ਦਿੱਤਾ ਜਾਵੇ ਤੇ ਮੌਕਾ ਮਿਲਦੇ ਹੀ ਇਸ ਨੂੰ ਵੇਚ ਦਿੱਤਾ ਜਾਵੇ। ਉਹ ਟੋਭੇ ‘ਤੇ ਗਿਆ, ਟੋਭੇ ਦੇ ਕੁਝ ਅੰਦਰ ਜਾ ਕੇ ਉਸ ਨੇ ਥਾਲ ਚਿੱਕੜ ਵਿਚ ਦੱਬ ਦਿੱਤਾ ਅਤੇ ਪਛਾਣ ਰੱਖਣ ਲਈ ਉੱਥੇ ਇਕ ਲੰਮਾ ਸਾਰਾ ਕਾਨਾ ਗੱਡ ਦਿੱਤਾ। ਕਾਮਯਾਬੀ ‘ਤੇ ਤਸੱਲੀ ਮਹਿਸੂਸ ਕਰਕੇ ਉਹ ਘਰ ਸੌਣ ਲਈ ਚਲਾ ਗਿਆ।
ਅਗਲੇ ਸਵੇਰੇ ਜਦੋਂ ਈਸਰ ਜਾਗਿਆ, ਉਸਨੇ ਦੇਖਿਆ ਥਾਲ ਗਾਇਬਪ ਸੀ। ਉਸਨੇ ਰੌਲਾ ਪਾਇਆ, ‘ਓ ਭਲੀਏ ਲੋਕੇ ਰਾਤ ਕਨੀਸਰ ਆਇਆ ਸੀ, ਉਹ ਸਾਡਾ ਥਾਲ ਚੋਰੀ ਕਰ ਕੇ ਲੈ ਗਿਆ।’
ਉਸੇ ਵੇਲੇ ਉਹ ਆਪਣੇ ਦੋਸਤ ਦੇ ਘਰ ਗਿਆ। ਉਸ ਨੇ ਆਸੇ-ਪਾਸੇ ਉੱਪਰ ਹੇਠਾਂ ਨਿਗਾਹ ਮਾਰੀ ਪਰ ਉਸਨੂੰ ਥਾਲ ਕਿਤੇ ਵੀ ਨਜ਼ਰ ਨਾ ਪਿਆ। ਦਿਨ ਚੜ੍ਹੇ ਉਹ ਟੋਭੇ ‘ਤੇ ਨਹਾਉਣ ਲਈ ਗਿਆ। ਉਹ ਪਾਣੀ ਕੰਢੇ ਪਹੁੰਚਿਆ ਤਾਂ ਕੀ ਦੇਖਦਾ ਹੈ ਕਿ ਕਾਨਾ ਕੱਲ੍ਹ ਤਾਂ ਇਥੇ ਨਹੀਂ ਸੀ। ਇਹ ਕਨੀਸਰ ਦੀ ਕੋਈ ਚਾਲ ਹੈ।’ ਉਹ ਪਾਣੀ ਵਿਚ ਕਾਨੇ ਕੋਲ ਗਿਆ ਤਾਂ ਉੱਥੇ ਉਸ ਨੂੰ ਉਸ ਦਾ ਥਾਲ ਦੱਬਿਆ ਮਿਲ ਗਿਆ। ਉਸ ਨੇ ਕਾਨਾ ਪਹਿਲਾਂ ਵਾਂਗ ਹੀ ਗੱਡਿਆ ਤੇ ਥਾਲ ਲੈ ਕੇ ਘਰ ਆ ਗਿਆ।
ਇਕ ਦਿਨ ਬਾਅਦ ਕਨੀਸਰ ਟੋਭੇ ‘ਤੇ ਆਇਆ ਅਤੇ ਗੱਡੇ ਹੋਏ ਕਾਨੇ ਨੂੰ ਉਖਾੜ ਕੇ ਚਿੱਕੜ ਵਿਚ ਥਾਲ ਲੱਭਣ ਲੱਗਾ, ਪਰ ਥਾਲ ਉਥੇ ਹੋਵੇ ਤਾਂ ਲੱਭੇ। ‘ਓ ਹੋ!’ ਉਸ ਨੇ ਦੁਖੀ ਹੁੰਦਿਆਂ ਕਿਹਾ, ‘ਤਾਂ ਈਸਰ ਇਥੇ ਵੀ ਪਹੁੰਚ ਗਿਆ?’ ਉਲਝਿਆ ਤੇ ਨਿਰਾਸ਼ ਹੋਇਆ ਉਹ ਘਰ ਪਰਤਿਆ ਤੇ ਹੁੱਕਾ ਗੁੜਗੁੜਾਉਣ ਲੱਗਾ।’
ਕਨੀਸਰ ਭਾਈਵਾਲ ਦੇ ਘਰ ਦੁਬਾਰਾ ਗਿਆ ਅਤੇ ਉਸ ਨੂੰ ਕਹਿਣ ਲੱਗਾ, ‘ਪਿਆਰੇ ਈਸਰ ਸਾਡੀ ਦੋਨਾਂ ਦੀ ਘਰ ਦੀ ਹਾਲਤ ਇਕੋ ਜਿਹੀ ਹੀ ਹੈ। ਇਵੇਂ ਕਰਦੇ ਹਾਂ ਕਿ ਦੋਨੋਂ ਆਪਣੀਆਂ ਬਹੀਆਂ ਲੈ ਕੇ ਕਿਸੇ ਦੂਸਰੇ ਦੇਸ਼ ਨੂੰ ਚਲਦੇ ਹਾਂ ਤਾਂ ਕਿ ਕਿਸੇ ਤਰ੍ਹਾਂ ਜੁਗਾੜ ਲਾ ਕੇ ਕੋਈ ਕਮਾਈ ਕਰ ਸਕੀਏ। ਈਸਰ ਨੇ ਕਨੀਸਰ ਦੀ ਇਹ ਸਲਾਹ ਮੰਨ ਲਈ ਤੇ ਦੋਨੋਂ ਸਫ਼ਰ ਲਈ ਨਿਕਲ ਤੁਰੇ।
ਕਾਫ਼ੀ ਔਖਾ ਰਾਹ ਤੈਅ ਕਰਕੇ ਉਹ ਇਕ ਸ਼ਹਿਰ ਪਹੁੰਚੇ, ਜਿੱਥੇ ਇਕ ਅਮੀਰ ਵਪਾਰੀ ਦੀ ਹੁਣੇ ਮੌਤ ਹੋਈ ਸੀ। ਪੁੱਛਣ ‘ਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਵਪਾਰੀ ਦਾ ਸੰਸਕਾਰ ਕਰ ਦਿੱਤਾ ਗਿਆ ਸੀ ਪਰ ਉਸ ਦੀਆਂ ਅਸਥੀਆਂ ਕਿਸੇ ਖਾਸ ਥਾਂ ਰੱਖੀਆਂ ਗਈਆਂ ਸਨ। ਈਸਰ ਨੇ ਆਪਣੇ ਨਾਲ ਲਿਆਂਦੀ ਬਹੀ ਉੱਪਰ ਮਰੇ ਵਪਾਰੀ ਤੋਂ ਲੈਣਦਾਰੀ ਦਰਜ ਕੀਤੀ। ਬੜੀ ਜੁਗਤ ਨਾਲ ਬੜਾ ਲੰਮਾ ਚੜਾ ਹਿਸਾਬ ਬਣਾਉਂਦਿਆਂ ਮਰੇ ਹੋਏ ਵਪਾਰੀ ਵਲ ਚਾਲੀ ਹਜ਼ਾਰ ਰੁਪਇਆ ਕੱਢ ਦਿੱਤਾ। ਰਾਤ ਪਈ ਤਾਂ ਦੋਨੋਂ ਦੋਸੋਤ ਵਪਾਰੀ ਦੀ ਸਮਾਧ ‘ਤੇ ਗਏ ਤੇ ਉਨ੍ਹਾਂ ਨੇ ਇਕ ਟੋਆ ਪੁੱਟਿਆ ਜਿਸ ਵਿਚ ਕਨੀਸਰ ਲੇਟ ਗਿਆ। ਈਸਰ ਨੇ ਟੋਏ ਉੱਪਰ ਕਾਨਿਆਂ ਤੇ ਮਿੱਟੀ ਦੀ ਛੱਤ ਪਾ ਦਿੱਤੀ। ਉਸ ਨੇ ਇਹ ਕੰਮ ਇਨੀ ਸਫਾਈ ਨਾਲ ਕੀਤਾ ਕਿ ਸਵੇਰੇ ਕੋਈ ਇਹ ਅੰਦਾਜ਼ਾ ਨਹੀਂ ਲਾ ਸਕਦਾ ਕਿ ਉਥੇ ਕੋਈ ਟੋਆ ਵੀ ਸੀ। ਈਸਰ ਬਹੀ ਕੱਛ ਵਿਚ ਲਈ ਮਰੇ ਵਪਾਰੀ ਦੇ ਪੁੱਤਰਾਂ ਦੇ ਘਰ ਪਹੁੰਚ ਗਿਆ ਤੇ ਉਨ੍ਹਾਂ ਨੂੰ ਕਹਿਣ ਲੱਗਾ, ‘ਤੁਹਾਡੇ ਪਿਉ ਤੇ ਬਾਬੇ ਦੋਨੋਂ ਸਾਡੇ ਦੋਹਾਂ ਭਾਈਵਾਲਾਂ ਦੇ ਦੇਣਦਾਰ ਸਨ। ਉਨ੍ਹਾਂ ਨੇ ਚਾਲੀ ਹਜ਼ਾਰ ਰੁਪਏ ਦਾ ਕਰਜ਼ਾ ਸੋਂਤ ਲਿਆ ਸੀ। ਉਹ ਕਰਜ਼ਾ ਸਾਨੂੰ ਤੁਰੰਤ ਵਾਪਿਸ ਚਾਹੀਦਾ ਹੈ।’ ਪੁੱਤਰਾਂ ਨੇ ਇਸ ਕਰਜ਼ੇ ਤੋਂ ਇਨਕਾਰ ਕੀਤਾ। ‘ਅਸੀਂ ਤੁਹਾਡਾ ਇਕ ਇਕ ਪੈਸਾ ਵੀ ਨਹੀਂ ਦੇਣਾ। ਉਨ੍ਹਾਂ ਨੇ ਕਿਹਾ ਇਡੀ ਵੱਡੀ ਰਕਮ ਪਹਿਲਾਂ ਕਿਉਂ ਨਾ ਮੰਗੀ?’
‘ਮੇਰਾ ਦਾਅਵਾ ਸੱਚਾ ਹੈ’ ਈਸਰ ਨੇ ਕਿਹਾ, ‘ਪੈਸਾ ਪੂਰਾ ਏਨਾ ਹੀ ਬਣਦਾ ਹੈ। ਮੈਂ ਤੁਹਾਡੇ ਗੁਜ਼ਰੇ ਪਿਉ ਨੂੰ ਬੇਨਤੀ ਕਰਦਾ ਹਾਂ, ਉਹ ਹੀ ਇਸਦਾ ਫ਼ੈਸਲਾ ਕਰੇਗਾ। ਚਲੋ ਮੇਰੇ ਨਾਲ ਉਸ ਦੀ ਸਮਾਧ ‘ਤੇ।
ਦੋਨੋਂ ਪੁੱਤਰ ਗੰਭੀਰ ਬਣੇ ਆਪਣੇ ਆਪਣੇ ਧੋਖੇ ਦੇ ਬਣੇ ਲੈਣਦਾਰ ਨਾਲ ਪਿਉ ਦੀ ਸਮਾਧ ਵਲ ਚਲ ਪਏ। ਮਰੇ ਵਪਾਰੀ ਦਾ ਨਾਂ ਭਾਨੂਸ਼ਾਹ ਸੀ।
ਸਮਾਧ ਨੇੜੇ ਖੜ੍ਹੇ ਹੋ ਕੇ ਈਸਰ ਉੱਚੀ ਬੋਲਿਆ, ‘ਓ ਭਾਨੂੰਸ਼ਾਹ ਤੂੰ ਇੱਜ਼ਤ ਤੇ ਦਿਆਨਤਦਾਰੀ ਦੀ ਮਿਸਾਲ ਸੀ, ਮੈਨੂੰ ਜਵਾਬ ਦੇ ਕਿ ਤੂੰ ਈਸਰ ਤੇ ਕਨੀਸਰ ਦੇ ਚਾਲੀ ਹਜ਼ਾਰ ਰੁਪਏ ਦੇਣੇ ਹਨ ਕਿ ਨਹੀਂ?’
ਈਸਰ ਨੇ ਤਿੰਨ ਵਾਰ ਉੱਚੀ ਆਵਾਜ਼ ਵਿਚ ਇਹ ਗੱਲ ਦੁਹਰਾਈ, ਤੀਜੀ ਬਾਰ ਪੁੱਛਣ ਤੇ ਟੋਏ ਵਿਚੋਂ ਕਨੀਸਰ ਨੇ ਮਿੱਟੀ ਦੇ ਭਾਂਡੇ ਵਿਚ ਮੂੰਹ ਪਾ ਵੱਖਰੀ ਤਰ੍ਹਾਂ ਦੀ ਆਵਾਜ਼ ਵਿਚ ਕਿਹਾ, ”ਉਹ ਮੇਰੇ ਪੁੱਤਰੋ, ਜੇ ਤੁਸੀਂ ਮੇਰੇ ਪ੍ਰਤੀ ਵਫ਼ਾਦਾਰ ਹੋ ਤਾਂ ਤੁਸੀਂ ਮੇਰੀ ਆਤਮਾ ਦੇ ਇਸ ਬੋਝ ਨੂੰ ਉਤਾਰ ਦੇਵੋ ਅਤੇ ਬਿਨਾਂ ਪੁੱਛੇ ਸਾਰ ਪੈਸੇ ਤਾਰ ਦੇਵੋ।’
ਪੁੱਤਰ ਇਹ ਸੁਣ ਕੇ ਭਾਵੁਕ ਹੋ ਗਏ ਅਤੇ ਗੋਡਿਆਂ ਭਾਰ ਹੋ ਕੇ ਆਪਣੇ ਪਿਉ ਦੀ ਇੱਛਾ ਪੂਰੀ ਕਰਨ ਦਾ ਵਾਅਦਾ ਕੀਤਾ। ਇਸ ਤੋਂ ਬਾਅਦ ਉਹ ਈਸਰ ਨੂੰ ਲੈ ਕੇ ਆਪਣੇ ਘਰ ਪੈਸੇ ਵਾਲੇ ਕਮਰੇ ਵਿਚ ਆ ਗਏ। ਉਨ੍ਹਾਂ ਨੇ ਮੰਗੇ ਪੈਸਿਆਂ ਤੋਂ ਵੱਧ ਹੀ ਪੈਸੇ ਦੇ ਦਿੱਤੇ ਤੇ ਪੈਸਿਆਂ ਨੂੰ ਲੱਦ ਕੇ ਲਿਜਾਣ ਲਈ ਟੱਟੂ ਦਾ ਪ੍ਰਬੰਧ ਵੀ ਕਰ ਦਿੱਤਾ। ਈਸਰ ਆਪਣੀ ਬਣਾਈ ਜੁਗਤ ਤੋਂ ਏਨਾ ਖੁਸ਼ ਹੋਇਆ ਕਿ ਉਹ ਭੁੱਲ ਗਿਆ ਕਿ ਉਸਨੇ ਭਾਈਵਾਲ ਕਨੀਸਰ ਨੂੰ ਵੀ ਨਾਲ ਲੈਣਾ ਹੈ। ਉਹ ਟੱਟੂ ਉੱਪਰ ਆਰਾਮ ਨਾਲ ਚੜ੍ਹ ਬੈਠਾ ਅਤੇ ਦੋਨੋਂ ਪਾਸੇ ਲਟਕਦੀਆਂ ਖੁਰਜੀਆਂ ਉੱਪਰ ਲੱਤਾਂ ਕਰਕੇ ਬੈਠ ਗਿਆ। ਏਦਾਂ ਉਸ ਨੇ ਪੈਸਿਆਂ ਨੂੰ ਵੀ ਸੁਰੱਖਿਅਤ ਕਰ ਲਿਆ ਅਤੇ ਕਾਹਲੀ ਨਾਲ ਸ਼ਹਿਰ ਤੋਂ ਬਾਹਰ ਹੋ ਗਿਆ।
ਇਸ ਸਮੇਂ ਦੌਰਾਨ ਕਨੀਸਰ ਟੋਏ ਦੇ ਹਨੇਰੇ ਵਿਚ ਬੈਠਾ ਪ੍ਰੇਸ਼ਾਨ ਹੋਇਆ ਸੋਚ ਰਿਹਾ ਸੀ ਕਿ ‘ਹੈਰਾਨੀ ਵਾਲੀ ਗੱਲ ਹੈ ਕਿ ਈਸਰ ਹੁਣ ਤੱਕ ਕੋਈ ਖਬਰ ਲੈ ਕੇ ਆਇਆ ਕਿਉਂ ਨਹੀਂ?’ ਹੁਣ ਉਹ ਬਹੁਤਾ ਮਾਨਸਿਕ ਕਸ਼ਟ ਨਹੀਂ ਸੀ ਝੱਲ ਸਕਦਾ। ਉਸ ਨੇ ਕਾਨਿਆਂ ਦੀ ਛੱਤ ਨੂੰ ਪਰ੍ਹਾਂ ਵਗਾਹ ਮਾਰਿਆ ਅਤੇ ਸ਼ਹਿਰ ‘ਕਸਬੇ’ ਵਿਚ ਦਾਖਲ ਹੋਇਆ। ਮਰੇ ਸ਼ਾਹੂਕਾਰ ਦੇ ਘਰ ਜਾ ਕੇ ਉਸ ਨੇ ਈਸਰ ਬਾਰੇ ਪਤਾ ਕੀਤਾ ਤਾਂ ਉਸ ਨੂੰ ਪਤਾ ਚੱਲਿਆ ਕਿ ਉਹ ਹੁਣੇ ਹੀ ਸਾਰਾ ਪੈਸਾ ਲੈ ਕੇ ਟੱਟੂ ‘ਤੇ ਚੜ੍ਹ ਕੇ ਚੱਲਿਆ ਗਿਆ ਹੈ। ਲੋਕਾਂ ਨੇ ਦੱਸਿਆ, ‘ਉਹ ਉਸ ਪਾਸੇ ਟੱਟੂ ‘ਤੇ ਚੜ੍ਹ ਕੇ ਗਿਆ ਹੈ। ‘ਕਨੀਸਰ ਦੱਸੇ ਪਾਸੇ ਤੁਰ ਪਿਆ। ਕੀ ਦੇਖਦਾ ਹੈ ਕਿ ਈਸਰ ਟੱਟੂ ‘ਤੇ ਚੜ੍ਹਿਆ ਨੇੜੇ ਦੀ ਪਹਾੜੀ ਵੱਲ ਜਾ ਰਿਹਾ ਹੈ, ਵਿਚ ਵਿਚ ਉਹ ਥੱਕੇ ਹਾਰੇ ਟੁੱਟੂ ਦੇ ਛਾਂਟੇ ਮਾਰ ਮਾਰ ਉਸਨੂੰ ਦੁੜਾ ਰਿਹਾ ਹੈ। ‘ਹਾ, ਹਾ, ਹਾ’, ਕਨੀਸਰ ਹੱਸਿਆ, ‘ਤਾਂ ਈਸਰ ਮੈਨੂੰ ਅੱਧਵਾਟੇ ਛੱਡ ਕੇ ਜਾ ਰਿਹਾ ਹੈ।’ ਉਹ ਉਸਦੇ ਪਿੱਛੇ ਤੁਰ ਪਿਆ।
ਈਸਰ ਟੱਟੂ ‘ਤੇ ਚੜ੍ਹ ਦੁੜਕੀ ਚਾਲ ਜਾ ਰਿਹਾ ਸੀ ਕਿ ਉਸ ਨੇ ਰਸਤੇ ਵਿਚ ਇਕ ਖੂਬਸੂਰਤ ਸੋਨੇ ਦੀਆਂ ਤਾਰਾਂ ਨਾਲ ਕੱਢੀ ਜੁੱਤੀ ਵੇਖੀ। ਪਰ ਉਹ ਨਵੇਂ ਨਵੇਂ ਮਿਲੇ ਧੰਨ ਨਾਲ ਏਨਾ ਰੱਜਿਆ ਹੋਇਆ ਸੀ ਕਿ ਇਹ ਜੁੱਤੀ ਲਈ ਉਸ ਲਈ ਕੁਝ ਵੀ ਨਹੀਂ ਸੀ ਭਾਵੇਂ ਸੋਨੇ ਦੀਆਂ ਤਾਰਾਂ ਦੀ ਇਸ ਉੱਪਰ ਕਢਾਈ ਹੋਈ ਪਈ ਸੀ। ਉਹ ਬਿਨਾਂ ਉੱਤਰ ਹੀ ਅਗਾਂਹ ਚਲਾ ਗਿਆ। ਜਦੋਂ ਕਨੀਸਰ ਜੁੱਤੀ ਕੋਲ ਪਹੁੰਚਾ ਉਸਨੇ ਉਹ ਚੁੱਕ ਲਈ, ਉਸਦੇ ਦਿਮਾਗ ਵਿਚ ਇਕ ਵਿਚਾਰ ਬਿਜਲੀ ਦੀ ਤੇਜ਼ੀ ਨਾਲ ਲੰਘਿਆ। ਉਹ ਦੌੜਿਆ ਅਤੇ ਇਕ ਚੱਟਾਨ ਨੂੰ ਵਲਾ ਕੇ ਮੁੜ ਉਸ ਰਸਤੇ ‘ਤੇ ਆ ਗਿਆ। ਜਿਸ ‘ਤੇ ਈਸਰ ਨੇ ਆਉਣਾ ਸੀ। ਰਸਤੇ ਦੇ ਵਿਚਕਾਰ ਉਸ ਨੇ ਜੁੱਤੀ ਰੱਖ ਦਿੱਤੀ ਤੇ ਆਪ ਝਾੜੀਆਂ ਓਹਲੇ ਲੁੱਕ ਗਿਆ।
ਈਸਰ ਟੱਟੂ ‘ਤੇ ਖੁਸ਼ੀ ਨਾਲ ਰਾਜ਼ਾ ਬਣਿਆ ਬੈਠਾ ਸੀ, ਉਹ ਰਸਤੇ ਦੇ ਇਕ ਪਾਸੇ ਜਾ ਰਿਹਾ ਸੀ ਕਿ ਉਸ ਨੂੰ ਫੇਰ ਜੁੱਤੀ ਵਿਖਾਈ ਦਿੱਤੀ। ਉਸਨੇ ਟੱਟੂ ਦੀ ਲਗਾਮ ਖਿੱਚ ਕੇ ਉਸ ਨੂੰ ਖੜ੍ਹਾ ਕੀਤਾ ਅਤੇ ਜੁੱਤੀ ਨੂੰ ਦੇਖਦਿਆਂ ਹੀ ਉਛਲ ਪਿਆ, ‘ਉਹ ਇਹ ਤਾਂ ਪਹਿਲੀ ਜੁੱਤੀ ਦਾ ਦੂਜਾ ਪੈਰ ਹੈ ਜਿਸ ਨੂੰ ਮੈਂ ਪਿੱਛੇ ਹੀ ਛੱਡ ਆਇਆ ਹਾਂ। ਬਿਲਕੁਲ ਪਹਿਲੀ ਜੁੱਤੀ ਵਰਗੀ ਸੋਨੇ ਦੀ ਕਢਾਈ ਵਾਲੀ ਜੁੱਤੀ।’ ਟੱਟੂ ਤੋਂ ਉੱਤਰ ਕੇ ਉਸ ਨੇ ਜੁੱਤੀ ਚੁੱਕੀ, ਟੱਟੂ ਨੂੰ ਓਸੇ ਝਾੜੀ ਨਾਲ ਬੰਨ੍ਹਿਆ ਜਿਸ ਪਿੱਛੇ ਕਨੀਸਰ ਲੁੱਕਿਆ ਹੋਇਆ ਸੀ। ਉਹ ਪਹਿਲੇ ਪੈਰ ਨੂੰ ਲੈਣ ਲਈ ਪੂਰੀ ਤੇਜ਼ੀ ਨਾਲ ਦੌੜਿਆ। ਜਿਉਂ ਹੀ ਉਹ ਅੱਖੋਂ ਉਹਲੇ ਹੋਇਆ ਕਨੀਸਰ ਝਾੜੀ ਵਿਚੋਂ ਨਿਕਲਿਆ, ਟੱਟੂ ਤੇ ਚੜ੍ਹਿਆ ਅਤੇ ਟੱਟੂ ਨੂੰ ਦੁੜਕੀ ਪਾ ਲਿਆ।
ਈਸਰ ਨੇ ਜੁੱਤੀ ਦੇ ਪਹਿਲੇ ਪੈਰ ਨੂੰ ਲੱਭਿਆ ਪਰ ਉਹ ਕਿੱਥੇ ਲੱਭਣਾ ਸੀ। ਜਦੋਂ ਉਹ ਵਾਪਸ ਆਇਆ ਤਾਂ ਉਸ ਦਾ ਟੱਟੂ ਵੀ ਥਾਂ ‘ਤੇ ਨਹੀਂ ਸੀ। ‘ਓਹ ਹੋ!’ ਉਹ ਨੇ ਕਿਹਾ, ‘ਤਾਂ ਇਹ ਸ਼ਰਾਰਤ ਕਨੀਸਰ ਦੀ ਹੈ। ‘ਉਹ ਕਾਹਲੀ ਨਾਲ ਆਪਣੇ ਪਿੰਡ ਵੱਲ ਬੱਜਿਆ। ਇਧਰ ਕਨੀਸਰ ਨੇ ਵੀ ਟੱਟੂ ਦੁੜ੍ਹਾਇਆ ਹੋਇਆ ਸੀ। ਉਹ ਅੱਧੀ ਰਾਤ ਨੂੰ ਆਪਣੇ ਘਰ ਪਹੁੰਚਿਆ। ਉਸ ਨੇ ਕਿਸੇ ਨਾਲ ਵੀ ਕੋਈ ਬੋਲ ਸਾਂਝਾ ਕੀਤੇ ਬਗੈਰ ਟੱਟੂ ਤੋਂ ਪੈਸੇ ਲਾਹੇ ਤੇ ਟੱਟੂ ਨੂੰ ਜੰਗਲ ਵਿਚ ਛੱਡ ਦਿੱਤਾ। ਫਿਰ ਉਸ ਨੇ ਆਪਣੀ ਘਰ ਵਾਲੀ ਨੂੰ ਬੁਲਾਇਆ ਅਤੇ ਦੋਨਾਂ ਨੇ ਪੈਸਿਆਂ ਦੀਆਂ ਬੋਰੀਆਂ ਨੂੰ ਧਰਤੀ ਪੁੱਟ ਕੇ ਵਿਚ ਦੱਬ ਦਿੱਤਾ। ਈਸਰ ਦੀ ਪੁੱਛਗਿੱਛ ਤੋਂ ਬਚਣ ਲਈ ਉਹ ਘਰੋਂ ਬਾਹਰ ਚਲਾ ਗਿਆ ਅਤੇ ਘਰਵਾਲੀ ਨੂੰ ਕਹਿ ਗਿਆ ਕਿ ਉਹ ਕਿਸੇ ਨਾਲ ਕੋਈ ਵੀ ਗੱਲ ਨਾ ਕਰੇ। ਈਸਰ ਨੇ ਘਰ ਪਹੁੰਚ ਕੇ ਆਪਣੀ ਘਰਵਾਲੀ ਨਾਲ ਸਾਰੀ ਵਾਰਤਾ ਸਾਂਝੀ ਕੀਤੀ ਤਾਂ ਉਹ ਪਤੀ ਨਾਲ ਇਸ ਗੱਲ ਨਾਲ ਸਹਿਮਤ ਸੀ ਕਿ ਪੈਸਾ ਕਨੀਸਰ ਹੀ ਲੈ ਕੇ ਗਿਆ ਹੈ ਅਤੇ ਈਸਰ ਨੇ ਪੈਸਾ ਘਰ ਅੰਦਰ ਹੀ ਦੱਬਿਆ ਹੋਇਆ ਹੈ।
ਅਗਲੀ ਰਾਤ ਈਸਰ ਦੀ ਘਰ ਵਾਲੀ ਨੇ ਕਨੀਸਰ ਦੀ ਘਰ ਵਾਲੀ ਨੂੰ ਆਪਣੇ ਘਰ ਕੁਝ ਚਿਰ ਬਿਤਾਉਣ ਲਈ ਸੱਦਿਆ। ਜਿੰਨਾ ਚਿਰ ਕਨੀਸਰ ਦੀ ਪਤਨੀ ਉਨ੍ਹਾਂ ਦੇ ਘਰ ਰਹੀ ਈਸਰ, ਕਨੀਸਰ ਦੇ ਘਰ ਗਿਆ, ਉਸਨੇ ਧੰਨ ਪੁੱਟਿਆ ਤੇ ਟੋਇਆ ਪੂਰ ਕੇ ਪਿਹਲਾਂ ਵਾਂਗ ਹੀ ਪੱਧਰਾ ਕਰ ਦਿੱਤਾ। ਜਦੋਂ ਕਨੀਸਰ ਦੀ ਪਤਨੀ ਘਰੋਂ ਗਈ ਤਾਂ ਈਸਰ ਧਨ ਲੈ ਕੇ ਆਪਣੇ ਘਰ ਪਹੁੰਚ ਗਿਆ। ਉਸਨੇ ਆਪਣੇ ਕਮਰੇ ਦੀ ਧਰਤੀ ਪੁੱਟ ਕੇ ਉਸ ਵਿਚ ਦੱਬ ਦਿੱਤਾ। ਉਸ ਬਾਅਦ ਉਹ ਪਿੰਡੋਂ ਬਾਹਰ ਇਕ ਸੁੱਕੇ ਖੂਹ ਵਿਚ ਆ ਬੈਠਾ ਤੇ ਘਰਵਾਲੀ ਨੂੰ ਉਥੇ ਹੀ ਰੋਜ਼ ਰੋਟੀ ਲਿਆਉਣ ਲਈ ਕਹਿ ਦਿੱਤਾ।
ਇਸ ਦਰਮਿਆਨ ਕਨੀਸਰ ਨੇ ਘਰ ਆਉਣ ਦਾ ਜ਼ੋਖਮ ਉਠਾਇਆ। ਮੌਕਾ ਤਾੜ ਕੇ ਉਸ ਨੇ ਘਰ ਦਾ ਵਿਹੜਾ ਪੁੱਟਿਆ, ਨਾਲ ਨਾਲ ਉਹ ਘਰਵਾਲੀ ਨਾਲ ਆਪਣੀ ਮੁਹਿੰਮ ਦੀਆਂ ਸ਼ੇਖੀਆਂ ਵੀ ਮਾਰ ਰਿਹਾ ਸੀ। ਪਰ ਉਸਨੂੰ ਧੰਨ ਕਿਤੇ ਵੀ ਨਾ ਲੱਭਾ, ਸਾਰੀ ਮਿਹਨਤ ਜਾਇਆ ਗਈ। ‘ਹਾਅ’ ਕਹੀ ਪਰ੍ਹਾਂ ਸੁੱਟਦਿਆਂ ਉਸਨੇ ਕਿਹਾ, ”ਅੱਛਾ ਤਾਂ ਈਸਰ ਇੱਥੇ ਵੀ ਪਹੁੰਚ ਗਿਆ। ‘ਉਸਨੇ ਮਨੋ ਮਨੀ ਸੋਚਿਆ ‘ਈਸਰ ਇੱਥੇ ਆਇਆ ਸੀ ਤੇ ਸਾਰਾ ਧਨ ਲੈ ਗਿਆ। ਧਨ ਲੱਭਣ ਦੀ ਥਾਂ ਮੈਨੂੰ ਈਸਰ ਦੀ ਭਾਲ ਕਰਨੀ ਪਵੇਗੀ।’
ਕਨੀਸਰ ਨੇ ਰਾਤ ਦਿਨ ਈਸਰ ਦੇ ਘਰ ਦੀ ਪਹਿਰੇਦਾਰੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੇਖਿਆ ਕਿ ਈਸਰ ਦੀ ਘਰ ਵਾਲੀ ਹਰ ਰੋਜ਼ ਇਕ ਖਾਸ ਸਮੇਂ ‘ਤੇ ਬਾਹਰ ਜਾਂਦੀ ਹੈ। ਕਨੀਸਰ ਨੇ ਸੋਚਿਆ ਕਿ ਹੋ ਸਕਦੈ ਕਿ ਉਹ ਕਿਤੇ ਬਾਹਰ ਈਸਰ ਲਈ ਰੋਟੀ ਲੈ ਕੇ ਜਾਂਦੀ ਹੋਵੇ। ਉਸ ਨੇ ਕੁਝ ਪਿੱਛੇ ਰਹਿ ਕੇ ਉਸ ਦੀ ਪੈੜ ਨੱਪੀ ਤਾਂ ਉਹ ਇਕ ਉਜੜੇ ਖੂਹ ਕੋਲ ਪਹੁੰਚੀ। ਇਕ ਵੱਡੇ ਗੋਲ ਪੱਥਰ ਪਿੱਛੇ ਛੁਪ ਕੇ ਉਸ ਨੇ ਦੇਖਿਆ ਕਿ ਉਸ ਨੇ ਪੱਲੇ ਹੇਠੋਂ ਰੋਟੀ ਤੇ ਲੱਸੀ ਕੱਢੀ ਅਤੇ ਰੱਸੀ ਰਾਹੀਂ ਖੂਹ ਵਿਚ ਉਤਾਰ ਦਿੱਤੀ। ਕੁਝ ਚਿਰ ਬਾਅਦ ਉਸ ਨੇ ਖਾਲੀ ਬਰਤਨ ਵਾਪਿਸ ਖਿੱਚ ਲਏ, ਖੂਹ ਵਿਚਲੇ ਆਦਮੀ ਨੂੰ ਕੁਝ ਕਿਹਾ ਅਤੇ ਪਿੰਡ ਨੂੰ ਮੁੜ ਆਈ। ‘ਹੋ, ਹੋ, ਹੋ’, ਕਨੀਸਰ ਖੁੱਲ੍ਹ ਕੇ ਹੱਸਿਆ, ਤਾਂ ਈਸਰ ਖੂਹ ਵਿਚ ਬੈਠਾ ਹੈ। ਪਰ ਧਨ ਕਿੱਥੇ ਹੋ ਸਕਦਾ ਹੈ?
ਉਸ ਰਾਤ ਕਨੀਸਰ ਨੇ ਜਲੀ ਜਿਹੀ ਰੋਟੀ ਬਣਾਈ। ਅਗਲੀ ਸਵੇਰ ਉਸ ਨੇ ਔਰਤ ਦੇ ਕੱਪੜੇ ਪਾ ਕੇ, ਉਪਰ ਲੰਮੀ ਸਾਰੀ ਲਾਲ ਚੁੰਨੀ ਲੈ ਕੇ, ਰੋਟੀ, ਭਾਂਡਾ ਅਤੇ ਲੱਸੀ ਲੈ ਕੇ ਖੂਹ ‘ਤੇ ਪਹੁੰਚ ਗਿਆ। ਰੱਸੀ ਨਾਲ ਬੰਨ੍ਹ ਕੇ ਉਸ ਨੇ ਰੋਟੀ ਹੇਠਾਂ ਖੂਹ ਵਿਚ ਭੇਜੀ।
‘ਓ ਕਪੱਤੀਏ ਨਾਰੇ’, ਈਸਰ ਗੁੱਸੇ ਵਿਚ ਬੋਲਿਆ, ‘ਕਿਹੋ ਜਿਹੀ ਭੈੜੀ ਰੋਟੀ ਤੂੰ ਮੇਰੇ ਲਈ ਲੈ ਕੇ ਆਈ?’
‘ਓ ਜੀ’, ਕਨੀਸਰ ਨੇ ਔਰਤਾਂ ਵਾਲੀ ਪਤਲੀ ਆਵਾਜ਼ ਵਿਚ ਕਿਹਾ, ‘ਤੂੰ ਮੇਰੀ ਗਰੀਬਣੀ ਤੇ ਚੜ੍ਹਾਈ ਕਰਨੀ ਜਾਨੈਂ! ਬਿਨਾਂ ਪੈਸੇ ਤੋਂ ਮੈਂ ਰੋਟੀ ਦਾ ਪ੍ਰਬੰਧ ਕਿੱਥੋਂ ਕਰਾਂ?’
‘ਓ ਹਰਾਮੀ ਔਰਤ’, ‘ਈਸਰ ਕਹਿਣ ਲੱਗਾ, ‘ਤੈਨੂੰ ਪਤਾ ਹੈ ਕਿ ਪੁਰਾਣੇ ਘਰ ਧਰਤੀ ਹੇਠਾਂ ਬੋਰੀਆਂ ਦੀਆਂ ਬੋਰੀਆਂ ਪੈਸੇ ਪਏ ਹੋਏ ਹਨ। ਤੂੰ ਉਸ ਵਿਚੋਂ ਕੁਝ ਪੈਸੇ ਕੱਢ ਕੇ ਹੱਟੀਉਂ ਵਧੀਆ ਰਸਦ ਕਿਉਂ ਨਹੀਂ ਮੰਗਵਾ ਲੈਂਦੀ?’
ਕਨੀਸਰ ਨੇ ਆਪਣੇ ਮਤਲਬ ਦੀ ਗੱਲ ਸੁਣੀ ਤੇ ਖਾਲੀ ਬਰਤਨ ਬਾਹਰ ਖਿੱਚ ਲਏ। ਰਸੇਤ ਵਿਚ ਉਹ ਈਸਰ ਦੀ ਘਰ ਵਾਲੀ ਦੇ ਕੋਲੋਂ ਲੰਘ ਗਿਆ। ਉਹ ਸਿੱਧਾ ਈਸਰ ਦੇ ਘਰ ਗਿਆ ਅਤੇ ਸਾਰਾ ਧੰਨ ਘਰ ਵਿਚੋਂ ਪੁੱਟ ਕੇ ਆਪਣੇ ਘਰ ਲੈ ਆਇਆ। ਇਸ ਵਾਰ ਉਸ ਨੇ ਇਸ ਨੂੰ ਘਰ ਵਿਚ ਨਹੀਂ ਬਾਗ ਵਿਚ ਦੱਬਿਆ।
ਇਸ ਦੌਰਾਨ ਈਸਰ ਦੀ ਪਤਨੀ ਖੂਹ ‘ਤੇ ਪਹੁੰਚੀ ਤੇ ਘਰ ਵਾਲੇ ਦਾ ਖਾਣਾ ਹੇਠਾਂ ਭੇਜਿਆ। ਈਸਰ ਨੇ ਹੁਣੇ ਭੇਜੇ ਭਾਂਡਿਆਂ ਨੂੰ ਜਦੋਂ ਆਪਣੀਆਂ ਅੱਖਾਂ ਸਾਹਮਣੇ ਉਤਰਦਿਆਂ ਦੇਖਿਆ ਤਾਂ ਉਹ ਕੂਕਿਆ, ‘ਓ ਤੂੰ ਫਿਰ ਆ ਗਈ? ਅੱਧੀ ਘੜੀ ਨਹੀਂ ਹੋਈ ਕਿ ਤੂੰ ਇੱਥੋਂ ਗਈ ਏਂ।’
‘ਤੂੰ ਕੀ ਗੱਲਾਂ ਕਰਦਾਂ?’ ਘਰ ਵਾਲੀ ਨੇ ਜਵਾਬ ਵਿਚ ਕਿਹਾ, ‘ਕੱਲ੍ਹ ਤੋਂ ਬਾਅਦ ਤਾਂ ਮੈਂ ਇਧਰ ਆਈ ਵੀ ਨਹੀਂ।’ ‘ਓਹੋ!’ ਈਸਰ ਹੈਰਾਨੀ ਨਾਲ ਬੁੜਬੁੜਾਇਆ, ‘ਤਾਂ ਉਹ ਕਨੀਸਰ ਸੀ, ਉਹ ਸਾਨੂੰ ਫਿਰ ਧੋਖਾ ਦੇ ਗਿਆ।’
ਉਹ ਖੂਹ ਦੀਆਂ ਪੁੱਟ ਹੋਈਆਂ ਇੱਟਾਂ ਦੇ ਖੱਡਿਆਂ ਦੇ ਸਹਾਰੇ ਖੂਹ ਤੋਂ ਬਾਹਰ ਆਇਆ। ‘ਚੱਲ ਹੁਣ ਘਰ ਚੱਲੀਏ’, ਉਸਨੇ ਕਿਹਾ, ‘ਤੂੰ ਪੈਸੇ ਦੀ ਖਬਰ ਸਾਰ ਲਈਏ।’ ਜਦੋਂ ਉਹ ਘਰ ਵਾਪਸ ਆਏ ਤਾਂ ਕੀ ਦੇਖਦੇ ਹਨ ਕਿ ਘਰ ਦੀ ਥਾਂ ਪੱਟੀ ਹੋਈ ਹੈ ਤੇ ਅਜੇ ਕੱਚੀ ਸੀ ਇਸ ਲਈ ਦੁਬਾਰਾ ਪੱਟਣ ਦਾ ਕੋਈ ਫਾਇਦਾ ਨਹੀਂ ਸੀ। ਉਹ ਦੌੜ੍ਹਾ ਦੌੜ੍ਹਾ ਕਨੀਸਰ ਦੇ ਘਰ ਗਿਆ। ਪਰ ਉਸਦਾ ਭਾਈਵਾਲ ਕਨੀਸਰ ਕਿਤੇ ਵੀ ਦਿਖਾਈ ਨਾ ਦਿਤਾ। ਧਰਤੀ ਪੁੱਟਣ ਤੇ ਅਤੇ ਸਾਰਾ ਘਰ ਛਾਣ ਮਾਰਨ ਦੇ ਬਾਵਜੂਦ ਧੰਨ ਦਾ ਨਾਂ ਨਿਸ਼ਾਨ ਨਾ ਲੱਭਾ। ਅਸਫ਼ਲ ਅਤੇ ਨਿਰਾਸ਼ ਉਹ ਆਪਣੀ ਘਰ ਵਾਲੀ ਕੋਲ ਪਹੁੰਚਿਆ। ਉਹ ਵਿਹੜੇ ਵਿਚ ਮੰਜੇ ਤੇ ਇਵੇਂ ਚੌਫ਼ਾਲ ਡਿੱਗ ਪਿਆ ਜਿਵੇਂ ਮਰ ਗਿਆ ਹੋਵੇ। ਘਰ ਵਾਲੀ ਨੂੰ ਉਸਨੇ ਜੁਗਤੀ ਦੱਸ ਦਿੱਤੀ। ਪਤਨੀ ਨੇ ਸਿਆਪਾ ਕਰਨਾ ਸ਼ੁਰੂ ਕਰ ਦਿੱਤਾ। ਗੁਆਂਢੀ ਲੜਕੀਆਂ ਦੇ ਭਰੇ ਲੈ ਕੇ ਪਹੁੰਚ ਗਏ। ਈਸਰ ਦੀ ਲਾਸ਼ ਨੂੰ ਜਲਾਉਣ ਲਈ ਚਿਤਾ ਤਿਆਰ ਕੀਤੀ ਗਈ। ਸੋਗ ਦੀ ਖਬਰ ਤੇ ਚਿਤਾ ਦੀ ਤਿਆਰੀ ਦਾ ਸੁਣ ਕੇ ਕਨੀਸਰ ਨੇ ਮਨ ਵਿਚ ਸੋਚਿਆ, ‘ਮੈਨੂੰ ਲੱਗਦਾ ਹੈ ਕਿ ਇਹ ਮੇਰੇ ਦੋਸਤ ਦਾ ਕੋਈ ਢਕਵੰਜ ਹੈ।’ ਇਹ ਸੋਚ ਉਹ ਸੋਗ ਵਾਲੇ ਘਰ ਗਿਆ ਤੇ ਈਸਰ ਦਾ ਮੂੰਹ ਦੇਖਣ ਦੀ ਮੰਗ ਕੀਤੀ। ‘ਜਿਹੜਾ ਵਪਾਰੀ ਮਰਿਆ ਹੈ ਉਹ ਮੇਰਾ ਦੋਸਤ ਸੀ।’ ਪਰ ਲੋਕਾਂ ਨੇ ਇਹ ਕਹਿ ਕੇ ਉਸਨੂੰ ਪਰ੍ਹਾਂ ਕਰ ਦਿੱਤਾ ਕਿ ‘ਨਹੀਂ ਨਹੀਂ ਤੂੰ ਤਾਂ ਮੁਸਲਮਾਨ ਹੈਂ, ਤੂੰ ਮੂੰਹ ਨਹੀਂ ਦੇਖ ਸਕਦਾ।’
ਈਸਰ ਦੀ ਅਰਥੀ ਸ਼ਮਸ਼ਾਨ ਪਹੁੰਚੀ, ਉਸ ਦੀ ਲਾਸ਼ ਨੂੰ ਚਿਤਾ ਉੱਪਰ ਰੱਖ ਦਿੱਤਾ ਗਿਆ। ਉਸ ਦੇ ਆਲੇ ਦੁਆਲੇ ਕੰਬਲ, ਕੱਪੜੇ ਲਪੇਟੇ ਹੋਏ ਸਨ ਕਿ ਕੋਈ ਉਸਨੂੰ ਦੇਖ ਨਾ ਲਏ। ਜਿਉਂ ਹੀ ਅਗਨੀ ਦਿਖਾਈ ਗਈ, ਧੂੰਆਂ ਵਧਣ ਲੱਗਾ, ਲੋਕਾਂ ਵਿਚ ਹਿਲਜੁਲ ਵੱਧ ਗਈ ਤਾਂ ਈਸਰ ਮੌਕਾ ਤਾੜ ਕੇ ਕੰਬਲਾਂ ਨੂੰ ਪਰੇ ਕਰ, ਨ੍ਹੇਰੇ ਦਾ ਫਾਇਦਾ ਉਢਾ ਕੇ ਮੌਕੇ ਤੋਂ ਫਰਾਰ ਹੋ ਗਿਆ। ਕਿਸੇ ਨੂੰ ਭਿਣਕ ਵੀ ਨਹੀਂ ਪਈ। ਉਸਨੇ ਪਹਿਲਾ ਕੰਮ ਇਹ ਕਾਤ ਕਿ ਉਹ ਕਨੀਸਰ ਦੇ ਘਰ ਗਿਆ। ਉਹ ਤਸੱਲੀ ਕਰਨਾ ਚਾਹੁੰਦਾ ਸੀ ਕਿ ਉਹ ਘਰ ਵਾਪਿਸ ਤਾਂ ਨਹੀਂ ਪਰਤਿਆ। ਪਰ ਕਨੀਸਰ ਸ਼ੱਕ ਕਾਰਣ ਜ਼ਿੰਦਗੀ ਖ਼ਤਰੇ ਵਿਚ ਨਹੀਂ ਸੀ ਪਾਉਣਾ ਚਾਹੁੰਦਾ ਇਸ ਲਈ ਉਹ ਘਰ ਨਹੀਂ ਸੀ ਪਰਤਿਆ। ਈਸਰ ਦੀ ਛਾਣਬੀਣ ਅਜਾਈਂ ਗਈ। ‘ਮੈਨੂੰ ਧੰਨ ਤਾਂ ਨਹੀਂ ਮਿਲਿਆ’, ਉਸ ਨੇ ਕਿਹਾ, ‘ਪਰ ਕਨੀਸਰ ਮੈਂ ਤੈਨੂੰ ਲੱਭ ਲਵਾਂਗਾ ਤੇ ਫਿਰ ਨਾਲ ਪੂਰਾ ਸਿਬਾ ਕਰਾਂਗਾ।’
ਹੁਣ ਮਰਨ ਦੀ ਵਾਰੀ ਕਨੀਸਰ ਦੀ ਸੀ, ਉਸ ਨੇ ਮਰਨ ਦਾ ਪਖੰਡ ਕਰਨ ਦੀ ਜੁਗਤ ਬਣਾਈ। ‘ਈਸਰ ਨੇ ਮੈਨੂੰ ਧੋਖਾ ਨਹੀਂ ਦਿੱਤਾ ਪਰ ਮੈਂ ਈਸਰ ਨੂੰ ਧੋਖਾ ਦੇ ਸਕਦਾ ਹਾਂ। ਮੈਂ ਕਿਸੇ ਰਾਤ ਵਾਪਸ ਆ ਕੇ ਧਨ ਪੁੱਟ ਕੇ ਕਿਸੇ ਹੋਰ ਥਾਂ ਚਲਾ ਜਾਵਾਂਗਾ।’ ਯੋਜਨਾ ਅਨੁਸਾਰ ਪਹਿਲਾਂ ਇਹ ਅਫ਼ਵਾਹ ਫੈਲਾਈ ਗਈ ਕਿ ਕਨੀਸਰ ਬਹੁਤ ਬਿਮਾਰ ਹੈ। ਫਿਰ ਇਹ ਦੱਸਿਆ ਗਿਆ ਕਿ ਉਹ ਮਰ ਗਿਆ ਹੈ। ਉਸ ਦੀ ਪਤਨੀ ਨੇ ਸੱਚ ਕਰਨ ਲਈ ਉਸ ਦੀ ਲਾਸ਼ ਬਾਹਰ ਰੱਖੀ ਤੇ ਊੱਚੀ ਊੱਚੀ ਰੋਣ ਪਿੱਟਣ ਲੱਗ ਗਈ। ਗਵਾਂਢੀ ਇਕੱਠੇ ਹੋ ਕੇ ਕਹਿਣ ਲੱਗੇ, ‘ਓ ਵਿਚਾਰਾ ਕਨੀਸਰ’, ਉਨ੍ਹਾਂ ਨੇ ਕਫ਼ਨ ਬਨਾਉਣ ਲਈ ਕਹਿ ਦਿੱਤਾ। ਉਸ ਵਿਚ ਉਸ ਦੀ ਲਾਸ਼ ਰੱਖ ਕੇ ਉਸਨੂੰ ਕਬਰਿਸਤਾਨ ਲੈ ਗਏ। ਰਸਤੇ ਵਿਚ ਉਨ੍ਹਾਂ ਨੇ ਕਫ਼ਲਨ ਨੂੰ ਫ਼ਰੀ ਦੇ ਮਕਬਰੇ ਕੋਲ ਉਤਾਰਿਆ, ਤਾਂ ਕਿ ਕੁਝ ਰੀਤਾਂ ਨਿਭਾਈਆਂ ਜਾਣ। ਈਸਰ ਜੋ ਜਨਾਜ਼ੇ ਨਾਲ ਜਾ ਰਿਹਾ ਸੀ ਉਸ ਨੇ ਕਨੀਸਰ ਦਾ ਮੂੰਹ ਦੇਖਣ ਦੀ ਮੰਗ ਕੀਤੀ। ਕਹਿਣ ਲੱਗਾ, ‘ਇਹ ਵਿਚਾਰਾ ਮੇਰਾ ਦੋਸਤ ਸੀ। ਆਪਣਾ ਸ਼ੱਕ ਮਿਟਾਉਣ ਦਾ ਨਾਟਕ ਕਰ ਕੇ ਉਹ ਇਕ ਦਰੱਖ਼ਤ ‘ਤੇ ਜਾ ਚੜ੍ਹਿਆ ਜੋ ਕਬਰ ਦੇ ਨੇੜੇ ਹੀ ਸੀ। ਉਹ ਰਸਮਾਂ ਪੂਰੀਆਂ ਹੋਣ ਤੱਕ ਦਰਖ਼ਤ ‘ਤੇ ਬੈਠਾ ਉਡੀਕ ਕਰਦਾ ਰਿਹਾ। ਲਾਸ਼ ਨੂੰ ਕਬਰ ਵਿਚ ਰੱਖ ਦਿੱਤਾ ਗਿਆ। ਲੋਕ ਚਲੇ ਗਏ, ਰਾਤ ਉੱਤਰ ਆਈ। ਈਸਰ ਰੁੱਖ ਤੋਂ ਉਤਰਿਆ ਅਤੇ ਪੁਰਾਣੇ ਮਕਬਰੇ ਕੋਲ ਗਿਆ। ਉਸ ਨੇ ਪੱਥਰ ਚੁੱਕਿਆ ਜਿਊਂਦੀ ਲਾਸ਼ ਨੂੰ ਕਬਰ ਦੇ ਬਾਹਰ ਰੱਖ ਦਿੱਤਾ। ਉਸ ਨੇ ਦੁਰੋਂ ਨੇੜੇ ਆਉਂਦੀਆਂ ਆਵਾਜ਼ਾਂ ਸੁਣੀਆਂ। ਪੈਰਾਂ ਦੀ ਆਹਟ ਸੁਣੀ ਅਤੇ ਕਾਨਾਫੂਸੀ ਦੀਆਂ ਆਵਾਜ਼ਾਂ ਵੀ ਉਸਨੂੰ ਸੁਣਾਈ ਦਿੱਤੀਆਂ। ਉਹ ਦੁਬਾਰਾ ਦਰਖ਼ਤ ਓਹਲੇ ਹੋ ਗਿਆ। ਉਹ ਹੈਰਾਨ ਸੀ ਕਿ ਉਹ ਕੌਣ ਹੋ ਸਕਦਾ ਹੈ?
ਇਹ ਅਸਲ ਵਿਚ ਚੋਰਾਂ ਦਾ ਜੱਥਾ ਸੀ, ਜਿਸ ਦੇ ਵਿਚ ਸੱਤ ਜਣੇ ਸਨ, ਇਕ ਜਣਾ ਇਕ ਅੱਖੋਂ ਕਾਣਾ ਸੀ। ਪੁਰਾਣੇ ਮਕਬਰੇ ਵਿਚ ਲਾਸ਼ ਪਈ ਦੇਖ ਕੇ ਚੋਰਾਂ ਨੇ ਆਲੇ ਦੁਆਲੇ ਦਾ ਜਾਇਜ਼ਾ ਲਿਆ, ‘ਦੇਖੋ ਇਹ ਸਰੀਰ ਕਿਸ ਮਸ਼ਹੂਰ ਫਕੀਰ ਦਾ ਹੋ ਸਕਦਾ ਹੈ। ਉਹ ਕਬਰ ਵਿਚੋਂ ਬਾਹਰ ਆਇਆ ਹੈ, ਉਸ ਦਾ ਸਰੀਰ ਇਕ ਦਮ ਤਾਜ਼ਗੀ ਦਾ ਅਹਿਸਾਸ ਦਿੰਦਾ ਹੈ। ਉਸ ਨੂੰ ਅਰਜ਼ ਕਰੀਏ ਕਿ ਉਹ ਸਾਨੂੰ ਚੰਗੀ ਕਿਸਮਤ ਦਾ ਦਾਨ ਦੇਵੇ।’ ਇਉਂ ਸੋਚ ਸਾਰੇ ਗੋਡਿਆਂ ਭਾਰ ਹੋ ਕੇ ਸਰੀਰ ਅੱਗੇ ਦੁਆ ਮੰਗਣ ਲੱਗੇ। ‘ਹੇ ਫ਼ਕੀਰ ਬਾਬਾ ਅਸੀਂ ਅੱਜ ਚੋਰੀ ਕਰਨ ਜਾ ਰਹੇ ਹਾਂ?’, ਉਨ੍ਹਾਂ ਕਹਿਣਾ ਸ਼ੁਰੂ ਕੀਤਾ, ‘ਜੇ ਅਸੀਂ ਕਾਮਯਾਬ ਹੋ ਗਏ ਤਾਂ ਅਸੀਂ ਤੁਹਾਡੇ ਮੂੰਹ ਵਿਚ ਘਿਉ ਸ਼ੱਕਰ ਪਾਵਾਂਗੇ।’ ਕਾਣੇ ਚੋਰ ਨੇ ਕਿਹਾ, ‘ਮੈਂ ਤੇਰੇ ਮੂੰਹ ਵਿਚ ਪਾਣੀ ਪਾਵਾਂਗਾ।’
ਆਪਣੀ ਮੰਨਤ ਮੰਨ ਉਹ ਸਾਰੇ ਕਸਬੇ ਵਿਚ ਪੁੱਜੇ। ਉਨ੍ਹਾਂ ਨੇ ਅਮੀਰ ਆਦਮੀ ਦੇ ਘਰ ਚੋਰੀ ਕੀਤੀ ਅਤੇ ਆਪਣੀ ਆਪਣੀ ਬੋਰੀ ਮੋਢੇ ‘ਤੇ ਚੁੱਕੀ ਕਬਰਸਤਾਨ ਪੁੱਜ ਗਏ। ਛੇਆਂ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਕਨੀਸਰ ਦੇ ਮੂੰਹ ਵਿਚ ਘਿਉ ਸ਼ੱਕਰ ਪਾਈ। ਜਦੋਂ ਕਾਣੇ ਚੋਰ ਦੀ ਵਾਰੀ ਆਈ ਤਾਂ ਉਸ ਨੇ ਵਾਅਦੇ ਮੁਤਾਬਿਕ ਮੂੰਹ ਵਿਚ ਪਾਣੀ ਪਾਇਆ। ਵਿਚਾਰੇ ਕਨੀਸਰ ਨੇ ਘਿਉ ਸ਼ੱਕਰ ਤਾਂ ਬਿਨਾਂ ਹਿੱਲੇ ਮੂੰਹ ਵਿਚ ਪੁਆ ਲਿਆ, ਪਰ ਜਿਉਂ ਹੀ ਪਾਣੀ ਉਸ ਦੇ ਗਲੇ ਵਿਚ ਪਿਆ ਤਾਂ ਉਸ ਨੂੰ ਜ਼ੋਰ ਦਾ ਹੁੱਥੂ ਆ ਗਿਆ। ਈਸਰ ਜੋ ਇਸ ਸਭ ਕੁਝ ਨੂੰ ਦੇਖ ਰਿਹਾ ਸੀ ਉਸ ਦੇ ਮੂੰਹੋਂ ਜ਼ੋਰ ਦੀ ਚੀਕ ਨਿਕਲ ਗਈ। ‘ਪਿਛਲਿਆਂ ਦਾ ਖਿਆਲ ਨਾ ਕਰ, ਸਾਹਮਣੇ ਖੜ੍ਹੇ ਬਦਮਾਸ਼ ਨੂੰ ਫੜੋ।’
ਇਹ ਅਣਕਿਆਸੇ ਸ਼ਬਦ ਚੋਰਾਂ ਦੇ ਕੰਨਾਂ ਵਿਚ ਕਾਲੇ ਜਾਦੂ ਮੰਤਰ ਵਾਂਗ ਸੁਣਾਈ ਦਿੱਤੇ। ਉਨ੍ਹਾਂ ਨੂੰ ਲੱਗਾ ਉਹ ਭੈੜੀਆਂ ਰੂਹਾਂ ਵਿਚ ਘਿਰ ਗਏ ਹਨ। ਉਹ ਤਾਂ ਸਿਰ ਤੇ ਪੈਰ ਰੱਖ ਕੇ ਨੌਂ ਦੋ ਗਿਆਰਾਂ ਹੋ ਗਏ, ਆਪਣੇ ਧਨ ਦੇ ਭਰੇ ਥੈਲੇ ਖੁਲ੍ਹੀ ਕਬਰ ਦੇ ਕੋਲ ਹੀ ਛੱਡ ਗਏ।
ਮੁਰਦਾ ਕਨੀਸਰ ਉੱਠ ਕੇ ਖੜ੍ਹਾ ਹੋ ਗਿਆ ਅਤੇ ਚਿਲਾਉਣ ਲੱਗਾ, ‘ਹੋ ਹੋ, ਹੋ! ਤਾਂ ਕਨੀਸਰ ਤੂੰ ਇੱਥੇ ਹੈਂ, ਮੈਂ ਤੈਨੂੰ ਅਖ਼ੀਰ ਫੜ ਹੀ ਲਿਆ। ‘ਈਸਰ ਦਰੱਖ਼ਤ ਤੋਂ ਹੇਠਾਂ ਉੱਤਰਿਆ। ਦੋਨੋਂ ਦੋਸਤ ਜੱਫੀ ਪਾ ਕੇ ਮਿਲੇ। ਧਨ ਦੇ ਥੈਲੇ ਚੁੱਕ ਕੇ ਉਹ ਮਕਬਰੇ ਵਿਚ ਆ ਗਏ। ਉਥੇ ਉਨ੍ਹਾਂ ਮਕਬਰੇ ਦਾ ਦੀਵਾ ਜਲਾਇਆ। ਇਸ ਦੀ ਮਿੰਨੀ ਜਿਹੀ ਲੋਅ ਨੂੰ ਨੇੜੇ ਕਰਕੇ ਉਹ ਪੈਸੇ ਗਿਣਨ ਲੱਗੇ ਅਤੇ ਆਪਣਾ ਹਿਸਾਬ ਕਿਤਾਬ ਕਰਨ ਲੱਗੇ। ਉਹ ਇਕ ਸਿੱਕੇ ਦਾ ਹਿਸਾਬ ਕਿਤਾਬ ਪੂਰਾ ਨਹੀਂ ਸੀ ਕਰ ਪਾ ਰਹੇ। ਉਹ ਇਸ ਨੂੰ ਲੈ ਕੇ ਜ਼ੋਰ ਜ਼ੋਰ ਦੀ ਝਗੜਨ ਲੱਗੇ।
ਇਸ ਸਮੇਂ ਚੋਰ ਰੁੱਕ ਗਏ ਤੇ ਉਨ੍ਹਾਂ ਨੇ ਕਾਣੇ ਚੋਰ ਨੂੰ ਪੈਸਿਆਂ ਦਾ ਪਤਾ ਕਰਨ ਲਈ ਭੇਜਿਆ।
ਕਾਣਾ ਚੋਰ ਇਕ ਨੰਬਰ ਦਾ ਠੱਗ ਸੀ। ਇਸੇ ਅਨੁਸਾਰ ਉਹ ਕੰਮ ਨੂੰ ਅੰਜਾਮ ਦੇਣਾ ਚਾਹੁੰਦਾ ਸੀ। ਘਿਸਰਦਾ ਘਿਸਰਦਾ ਉਹ ਮਕਬਰੇ ਵਿਚ ਪਹੁੰਚਾ ਜਿੱਥੇ ਈਸਰ ਤੇ ਕਨੀਸਰ ਦਾ ਯੁੱਧ ਚੱਲ ਰਿਹਾ ਸੀ। ਮਿੱਤਰਾਂ ਨੇ ਉਸ ਨੂੰ ਦੇਖ ਲਿਆ। ਜਿਉਂ ਹੀ ਕਾਣੇ ਦਾ ਸਿਰ ਕੰਧ ਦੇ ਇਕ ਮਘੋਰੇ ਵਿਚੋਂ ਬਾਹਰ ਆਇਆ ਕਨੀਸਰ ਨੇ ਉਸ ਦੀ ਪੱਗ ਝਟਕਾ ਮਾਰ ਕੇ ਲਾਹ ਲਈ ਤੇ ਈਸਰ ਨੂੰ ਫੜਾ ਕੇ ਚੀਕਿਆ, ‘ਆਹ ਰਿਹਾ ਤੇਰਾ ਇਕ ਰੁਪਇਆ। ਹੁਣ ਸਾਨੂੰ ਸ਼ਾਂਤ ਹੋ ਜਾਣਾ ਚਾਹੀਦਾ ਹੈ। ਕਾਣੇ ਚੋਰ ਨੇ ਜ਼ੋਰ ਲਾ ਕੇ ਸਿਰ ਪਿਛਾਂਹ ਕੱਢਿਆ ਅਤੇ ਜਿੰਨੀ ਤੇਜ਼ ਦੌੜ ਸਕਦਾ ਸੀ ਦੌੜ੍ਹਿਆ। ਸਾਥੀਆਂ ਕੋਲ ਜਾ ਕੇ ਕਹਿਣ ਲੱਗਾ, ‘ਮਕਬਰੇ ਵਿਚ ਏਨੇ ਦਿਉ ਹਨ ਕਿ ਉਨ੍ਹਾਂ ਨੂੰ ਇਕ ਇਕ ਰੁਪਈਆ ਹੀ ਹਿੱਸੇ ਆਇਆ ਹੈ। ਚਲੋ ਦੌੜ੍ਹ ਚੱਲੀਏ ਨਹੀਂ ਤਾਂ ਸਾਰੇ ਹੀ ਟੰਗੇ ਜਾਵਾਂਗੇ।’ ਡਰ ਨਾਲ ਕੰਬਦਿਆਂ ਸਾਰੇ ਹੀ ਚੋਰਾਂ ਨੇ ਉਹ ਥਾਂ ਛੱਡ ਦਿੱਤਾ ਤੇ ਮੁੜ ਉਸ ਪਾਸੇ ਵੱਲ ਨਹੀਂ ਆਏ।
ਫਰੇਬੀ ਕਨੀਸਰ ਨੇ ਕਪਟੀ ਈਸਰ ਨੂੰ ਕਿਹਾ, ਮੇਰੇ ਕੋਲ ਚਾਲੀ ਹਜ਼ਾਰ ਰੁਪਏ ਪਹਿਲਾਂ ਹੀ ਹਨ। ਹੁਣ ਵਾਲਿਆਂ ਵਿਚੋਂ ਇਕ ਥੈਲਾ ਮੇਰਾ ਹੈ ਹਾਕੀ ਛੇ ਥੈਲੇ ਤੇਰੇ ਹਨ।
ਦੋਨੋਂ ਦੋਸਤ ਹੁਣ ਬਰਾਬਰ ਦੇ ਅਮੀਰ ਸਨ। ਘਰ ਪਹੁੰਚ ਕੇ ਉਨ੍ਹਾਂ ਨੇ ਜ਼ਮੀਨ ਅਤੇ ਘਰ ਖਰੀਦੇ ਤੇ ਇਵੇਂ ਬਾਕੀ ਰਹਿੰਦੀ ਜ਼ਿੰਦਗੀ ਗਰੀਬੀ ਨੂੰ ਨੇੜੇ ਨਹੀਂ ਆਉਣ ਦਿੱਤਾ। ਹੁਣ ਉਹ ਆਪਣੀਆਂ ਘਰ ਵਾਲੀਆਂ ਅਤੇ ਬੱਚਿਆਂ ਨਾਲ ਖੁਸ਼ੀ ਦੀ ਜ਼ਿੰਦਗੀ ਜਿਊਣ ਲੱਗੇ। ਉਨ੍ਹਾਂ ਕੋਲ ਜ਼ਿੰਦਗੀ ਦੀ ਹਰ ਨਿਆਮਤ ਸੀ।
J J J
Read more
ਜਦੋਂ ਟੇਪ ਇਰੇਜ਼ ਹੋ ਗਈ
ਲੜੀਵਾਰ ਕਾਲਮ : ਮਾਂ ਬੋਲੀ ਦੇ ਵਿਸਰ ਰਹੇ ਸ਼ਬਦਾਂ ਦਾ ਕੋਸ਼ ‘ਸ਼ਬਦਾਂਗ’
ਇਕ ਕਵਿਤਾ ਇਕ ਕਹਾਣੀ