November 2, 2024

ਆਲੋਚਨਾਤਮਕ ਲੇਖ : ਪੰਜਾਬੀ ਮਿੰਨੀ ਕਹਾਣੀ : ਇੱਕ ਵਿਸ਼ਲੇਸ਼ਣ

ਡਾ. ਹਰਪ੍ਰੀਤ ਸਿੰਘ ਰਾਣਾ

ਮਿੰਨੀ ਕਹਾਣੀ ਗਲਪ ਸਾਹਿਤ ਦੀ ਇੱਕ ਸੁਤੰਤਰ ਰੂਪਾਕਾਰ ਹੈ। ਨਾਵਲ ਅਤੇ ਕਹਾਣੀ ਗਲਪੀ ਰੂਪਾਂ ਵਾਂਗ ਇਸ ਦਾ ਵੀ ਆਪਣਾ ਇੱਕ ਨਿਸ਼ਚਿਤ ਰੂਪ-ਵਿਧਾਨ ਹੈ। ਥੋੜ੍ਹੇ ਸ਼ਬਦਾਂ ਵਿਚ ਭਾਵ ‘ਕੁੱਜੇ ਵਿਚ ਸਮੁੰਦਰ’ ਬੰਦ ਕਰਨਾ ਇਸ ਰੂਪਾਕਾਰ ਦੀ ਨਿਵੇਕਲੀ ਵਿਸ਼ੇਸ਼ਤਾ ਹੈ। ਗੋਂਦ ਜਾਂ ਪਲਾਟ, ਵਿਸ਼ਾ-ਵਸਤੂ, ਪਾਤਰ-ਉਸਾਰੀ, ਵਾਰਤਾਲਾਪ, ਵਾਤਾਵਰਣ-ਚਿਤਰਣ, ਭਾਸ਼ਾ-ਸ਼ੈਲੀ, ਉਦੇਸ਼ ਜਾਂ ਮੰਤਵ ਆਦਿ ਤੱਤ ਹੋਰਨਾਂ ਗਲਪੀ ਰੂਪਾਕਾਰਾਂ ਵਾਂਗ ਇਸ ਰੂਪਾਕਾਰ ਵਿਚ ਵੀ ਮੌਜੂਦ ਹਨ ਪਰ ਹੋਰਨਾਂ ਗਲਪੀ ਰੂਪਾਕਾਰ ਤੋਂ ਇਸ ਰੂਪਾਕਾਰ ਦੀ ਵਿੱਲਖਣ ਵਿਸ਼ੇਸ਼ਤਾ ਸੰਖਪੇਤਾ, ਸ਼ਬਦ-ਸੰਜਮਤਾ, ਵਿੰਅਗ, ਤੀਬਰਤਾ (intensity) ਆਦਿ ਗੁਣ ਹਨ। ਵਾਧੂ ਵਿਆਖਿਆ ਜਾਂ ਬਿਰਤਾਂਤ ਤੋਂ ਬਚ ਕੇ ਇੱਕ ਮਿੰਨੀ ਕਹਾਣੀ ਲੇਖਕ ਆਪਣੀ ਰਚਨਾ ਯਕਦਮ ਸ਼ੁਰੂ ਕਰਦਾ ਹੋਇਆ ਸਿਖ਼ਰ ਤੱਕ ਪੁੱਜਦਾ ਹੈ। ਇਕਾਂਗੀ ਵਾਂਗ ਮਿੰਨੀ ਕਹਾਣੀ ਵਿਚ ਵੀ ਸਮੇਂ-ਸਥਾਨ ਤੇ ਕਾਰਜ ਦੀ ਏਕਤਾ ਦਾ ਹੋਣਾ ਜ਼ਰੂਰੀ ਹੈ। ਜੇ ਇਹ ਏਕਤਾ ਬਰਕਰਾਰ ਹੈ ਤਾਂ ਰਚਨਾ ਦਾ ਪ੍ਰਭਾਵ ਚਿਰ-ਸਥਾਈ ਰਹੇਗਾ। ਪ੍ਰਭਾਵ ਤੇ ਏਕਤਾ ਦੀ ਅਖੰਡਤਾ ਕਾਇਮ ਰਹੇਗੀ। ਨਿਰਸੰਦੇਹ ਮਿੰਨੀ ਕਹਾਣੀ ਅਜੋਕੇ ਸਮੇਂ ਆਪਣੇ-ਆਪ ਵਿਚ ਪੰਜਾਬੀ ਸਾਹਿਤ ਦਾ ਇੱਕ ਸਥਾਪਤ ਅਤੇ ਹਰਮਨ-ਪਿਆਰਾ ਗਲਪੀ ਰੂਪ ਹੈ। ਮਿੰਨੀ ਕਹਾਣੀ ਅਤੇ ਕਹਾਣੀ ਵਿਚ ਪਹਿਲਾਂ ਅੰਤਰ-ਨਿਖੇੜ ਇਸ ਦੇ ਨਾਂ ਵਿਚ ਹੀ ਹੈ। ਜਦੋਂ ਕਹਾਣੀ ਨਾਲ ‘ਮਿੰਨੀ’ ਸ਼ਬਦ ਜੁੜ ਗਿਆ ਤਾਂ ਭਲੀਭਾਂਤ ਇੱਕ ਸਿਆਣਾ ਪਾਠਕ ਦੋਨਾਂ ਰੂਪਾਕਾਰਾਂ ਦੇ ਅੰਤਰ ਨੂੰ ਸਮਝ ਜਾਂਦਾ ਹੈ। ਦੂਜਾ ਵੱਡਾ ਅੰਤਰ ਆਕਾਰ ਪੱਖੋਂ ਹੈ। ਜਿੱਥੇ ਕਹਾਣੀ ਤਿੰਨ ਹਜ਼ਾਰ ਸ਼ਬਦਾਂ ਤੱਕ ਜਾਂ ਇਸ ਤੋਂ ਵੱਧ ਵੀ ਲਿਖੀ ਜਾ ਸਕਦੀ ਹੈ,ਉੱਥੇ ਮਿੰਨੀ ਕਹਾਣੀ ਤਿੰਨ ਸੋ ਸ਼ਬਦਾਂ ਤੱਕ ਭਾਵ ਇੱਕ ਜਾਂ ਡੇਢ ਸਫ਼ਿਆਂ ਤੱਕ ਲਿਖੀ ਜਾ ਸਕਦੀ ਹੈ। ਆਕਾਰ ਪੱਖੋਂ ਛੋਟਾ ਹੋਣਾ ਇਸ ਰੂਪਾਕਾਰ ਦੀ ਵਿਸ਼ੇਸ਼ਤਾ ਹੈ। ਕਹਾਣੀ ਵਿਚ ਇੱਕ ਜਾਂ ਵੱਧ ਘਟਨਾਵਾਂ ਨੂੰ ਅਭਿਵਿਅਕਤ ਕੀਤਾ ਜਾ ਸਕਦਾ ਹੈ ਪਰ ਮਿੰਨੀ ਕਹਾਣੀ ਵਿਚ ਬਹੁਤੀਆਂ ਘਟਨਾਵਾਂ ਅਤੇ ਪਾਤਰਾਂ ਦੀ ਬਹੁਤਾਤ ਅਸੰਭਵ ਹੈ। ਮਿੰਨੀ ਕਹਾਣੀ ਕੇਵਲ ਕਿਸੇ ਪਲ-ਛਿਣ ਦਾ ਪ੍ਰਗਟਾਵਾ ਕਰਦੀ ਹੈ। ਘਟਨਾ ਦੇ ਕਿਸੇ ਇੱਕ ਪੱਖ ਜਾਂ ਜੀਵਨ ਦੀ ਕੇਵਲ ਇੱਕ ਕਾਤਰ ਨੂੰ ਹੀ ਮਿੰਨੀ ਕਹਾਣੀ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਜੇ ਕੋਈ ਲੇਖਕ ਇੱਕ ਤੋਂ ਦੋ ਘਟਨਾਵਾਂ ਵਿਸ਼ਾ-ਵਸਤੂ ਅਨੁਸਾਰ ਆਪਣੀ ਮਿੰਨੀ ਕਹਾਣੀ ਵਿਚ ਚਿਤਰਦਾ ਹੈ ਤਾਂ ਮੇਰੇ ਜਾਚੇ ਪਿਛਲ ਝਾਤ (6lash back) ਦੀ ਵਿਧੀ ਵਰਤਣੀ ਚਾਹੀਦੀ ਹੈ। ਇਸ ਤਰ੍ਹਾਂ ਉਹ ਰਚਨਾ ਵਿਚ ਕਾਲ-ਦੋਸ਼ ਤੋਂ ਬਚ ਸਕਦਾ ਹੈ। ਮਿੰਨੀ ਕਹਾਣੀ, ਕਹਾਣੀ ਦਾ ਸਾਰ ਨਹੀਂ। ਇਸ ਦੇ ਸੰਖੇਪਤਾ, ਸੰਜਮਤਾ, ਤੀਖਣਤਾ ਵਾਲੇ ਗੁਣ ਇਸ ਨੂੰ ਕਹਾਣੀ ਨਾਲੋਂ ਨਿਖੜਦੇ ਹਨ। ਇੱਕ ਗੱਲ ਹੋਰ ਜ਼ਿਕਰਯੋਗ ਹੈ ਕਿ ਕਹਾਣੀ ਦਾ ਇੱਕ ਹੋਰ ਰੂਪ ਨਿੱਕੀ ਕਹਾਣੀ ਵੀ ਪ੍ਰਚਲਿਤ ਹੈ। ਅਕਾਦਮਿਕ ਜਗਤ ਵਿਚ ਆਮ ਕਹਾਣੀ ਨੂੰ ਨਿੱਕੀ ਕਹਾਣੀ ਹੀ ਕਿਹਾ ਜਾਂਦਾ ਹੈ। ਕਈ ਨਵੇਂ ਮਿੰਨੀ ਕਹਾਣੀ ਲੇਖਕ ਜਾਂ ਅਖ਼ਬਾਰ/ਰਸਾਲੇ ਦੇ ਸੰਪਾਦਕ ਮਿੰਨੀ ਕਹਾਣੀ ਅਤੇ ਨਿੱਕੀ ਕਹਾਣੀ ਨੂੰ ਇੱਕੋ ਸਾਹਿਤਕ ਰੂਪ ਸਮਝਣ ਦੀ ਗਲਤੀ ਕਰ ਰਹੇ ਹਨ। ਭਾਵੇਂ ਪਹਿਲੀ ਨਜ਼ਰੇ ਦੋਨੋਂ ਰੂਪ ਇੱਕੋ ਹੀ ਜਾਪਦੇ ਹਨ। ‘ਮਿੰਨੀ’ (Mini) ਅਤੇ ‘ਨਿੱਕੀ’ (Short) ਦੋਨਾਂ ਦਾ ਕੋਸ਼ਕਾਰੀ ਅਰਥ ਛੋਟਾ ਹੈ, ਪਰ ਪੰਜਾਬੀ ਗਲਪ ਸਾਹਿਤ ਦੇ ਇਹ ਦੋਨੋਂ ਵੱਖ-ਵੱਖ ਸੁਤੰਤਰ ਰੂਪਾਕਾਰ ਹਨ। Mini ਸ਼ਬਦ ਅੰਗਰੇਜ਼ੀ ਦੇ ਤੱਤਸਮ ਰੂਪ ਵਿਚ ਪੰਜਾਬੀ ਵਿਚ ਪ੍ਰਚਲਿਤ ਹੈ ਅਤੇ  ‘ਨਿੱਕੀ’ ਸ਼ਬਦ ਅੰਗਰੇਜ਼ੀ ਦੇ Short ਸ਼ਬਦ ਦੇ ਤਦਭਵ ਰੂਪ ਵਿਚ ਪੰਜਾਬੀ ਵਿਚ ਪ੍ਰਚਲਿਤ ਹੈ। ਮਿੰਨੀ ਕਹਾਣੀ ਅਤੇ ਕਹਾਣੀ ਵਿਚ ਪਹਿਲਾਂ ਅੰਤਰ-ਨਿਖੇੜ ਇਸ ਦੇ ਨਾਂ ਵਿਚ ਹੀ ਹੈ।   ਜਦੋਂ ਕਹਾਣੀ ਨਾਲ ‘ਮਿੰਨੀ’ ਸ਼ਬਦ ਜੁੜ ਗਿਆ ਤਾਂ ਭਲੀਭਾਂਤ ਇੱਕ ਸਿਆਣਾ ਪਾਠਕ ਦੋਨਾਂ ਰੂਪਾਕਾਰਾਂ ਦੇ ਅੰਤਰ ਨੂੰ ਸਮਝ ਜਾਂਦਾ ਹੈ।
ਕਹਾਣੀ ਰੂਪਾਕਾਰ ਵਾਂਗ ਮਿੰਨੀ ਕਹਾਣੀ ਵੀ ਕਈ ਵੱਖ-ਵੱਖ ਰੂਪਕ ਅੰਸ਼ਾਂ ਜਾਂ ਤੱਤਾਂ ਦਾ ਕਲਾਤਮਕ  ਸੰਗਠਨ ਹੁੰਦਾ ਹੈ। ਇਕ ਮਿੰਨੀ ਕਹਾਣੀ ਲੇਖਕ ਆਪਣੀ ਰਚਨਾ ਨੂੰ ਸਫ਼ਲ ਬਣਾਉਣ ਲਈ ਕਈ ਕਥਾ- ਜੁਗਤਾਂ, ਅੰਸ਼ਾਂ ਦੀ ਵਰਤੋਂ ਕਰਦਾ ਹੈ। ਰਚਨਾ ਵਿਚ ਜੋ ਵੀ ਅੰਸ਼ ਵਿਸ਼ੇ-ਨਿਭਾਅ ਦੀ ਲੋੜ ਅਨੁਸਾਰ ਵਧੇਰੇ ਅਤੇ ਬਾਕੀਆਂ ਨੂੰ ਘੱਟ ਰੱਖਦਾ ਹੈ ਉਸ ਅਨੁਸਾਰ ਹੀ ਰਚਨਾ ਦੀ ਵੰਨਗੀ ਬਾਰੇ ਵਰਗੀਕਰਨ ਕੀਤਾ ਜਾਂਦਾ ਹੈ। ਜਿਸ ਮਿੰਨੀ ਕਹਾਣੀ ਵਿਚ ਕਥਾਨਕ/ਘਟਨਾਵਾਂ, ਸਥਿਤੀਆਂ ਪ੍ਰਧਾਨ ਹੋਣਗੀਆਂ, ਉਸ ਨੂੰ ਕਥਾ ਜਾਂ ਘਟਨਾ ਪ੍ਰਧਾਨ ਮਿੰਨੀ ਕਹਾਣੀ ਕਿਹਾ ਜਾਵੇਗਾ। ਇਸੇ ਤਰ੍ਹਾਂ ਪਾਤਰ ਰੰਗ ਨੂੰ ਉੱਘਰਵੇਂ ਰੂਪ ਵਿਚ ਅਭਿਵਿਅਕਤ ਕਰਨ ਵਾਲੀ ਮਿੰਨੀ ਕਹਾਣੀ ਪਾਤਰ ਪ੍ਰਧਾਨ, ਵਾਰਤਾਲਾਪ ਦੀ ਬਹੁਤਾਤ ਵਾਲੀ ਵਾਰਤਾਲਾਪ ਪ੍ਰਧਾਨ ਅਤੇ ਵਾਤਾਵਰਣ ਨੂੰ ਬਹੁਤਾ ਅਭਿਵਿਅਕਤ ਕਰਨ ਵਾਲੀ ਮਿੰਨੀ ਕਹਾਣੀ ਜਾਂ ਰਚਨਾ ਨੂੰ ਵਾਤਾਵਰਣ ਪ੍ਰਧਾਨ ਮਿੰਨੀ ਕਹਾਣੀ ਕਿਹਾ ਜਾਂਦਾ ਹੈ।  ਘਟਨਾ ਪ੍ਰਧਾਨ ਮਿੰਨੀ ਕਹਾਣੀ ਵਿਚ ਘਟਨਾਵਾਂ ਵਧੇਰੇ ਸਰੀਰਿਕ ਪੱਧਰ ‘ਤੇ ਜਾਂ ਵਧੇਰੇ ਘਟਨਾਵਾਂ ਦਾ ਬਾਹਰਮੁਖੀ ਕਾਰਜ ਵਾਪਰਦਾ ਹੈ ਅਤੇ ਪਾਤਰ ਉਨ੍ਹਾਂ ਘਟਨਾਵਾਂ ਦੇ ਕਾਰਜ ਵਿਚ ਸਰੀਰਿਕ ਰੂਪ ਵਿਚ ਜ਼ਿਆਦਾ ਕਾਰਜਸ਼ੀਲ ਅਤੇ ਮਾਨਸਿਕ ਤੌਰ ‘ਤੇ ਘੱਟ ਕਾਰਜਸ਼ੀਲ ਹੁੰਦੇ ਹਨ। ਇਕ ਮਿੰਨੀ ਕਹਾਣੀ ਲੇਖਕ ਲਈ ਘਟਨਾ ਦੀ ਚੋਣ ਕਰਨੀ ਉਸ ਦਾ ਨਿੱਜੀ ਮਸਲਾ ਹੈ ਕਿਉਂਕਿ ਹੋ ਸਕਦਾ ਹੈ ਕਿ ਇਕ ਲੇਖਕ ਲਈ ਕੋਈ ਵੀ ਘਟਨਾ ਵਧੇਰੇ ਮਹੱਤਵਪੂਰਨ ਅਤੇ ਦੂਜੇ ਲਈ ਉਹ ਘੱਟ ਮਹੱਤਤਾ ਵਾਲੀ ਹੋਵੇ। ਸਮਾਜ ਵਿਚ ਵਾਪਰੀ ਹਰ ਘਟਨਾ ਦਾ ਆਪਣਾ ਇੱਕ ਮੱਹਤਵ ਹੈ ਪਰ ਉਸ ਘਟਨਾ ਨੂੰ ਆਧਾਰ ਬਣਾ ਕੇ ਮਿੰਨੀ ਕਹਾਣੀ ਲਿਖਣੀ ਕਿਸੇ ਵੀ ਲੇਖਕ ਦੀ ਨਿੱਜੀ ਸੰਵੇਦਨਾ ਅਤੇ ਦ੍ਰਿਸ਼ਟੀ ਹੈ।ਹਰ ਇੱਕ ਵਿਸ਼ੇ ਵਿਚ ਇੱਕ ਘਟਨਾ ਛੁਪੀ ਹੁੰਦੀ ਹੈ। ਇਸ ਤਰ੍ਹਾਂ ਕੋਈ ਵੀ ਵਿਸ਼ਾ ਹਰ ਲੇਖਕ ਦੀ ਆਪਣੀ ਦੀਰਘ ਦ੍ਰਿਸ਼ਟੀ ‘ਤੇ ਨਿਰਭਰ ਕਰਦਾ ਹੈ। ਸ਼ੁਰੂਆਤੀ ਦੌਰ ਦੀ ਮਿੰਨੀ ਕਹਾਣੀ ਭਿਸ਼੍ਰਟਾਚਾਰ,ਕਹਿਣੀ-ਕਥਨੀ, ਮਨੱਖ ਦੇ ਦੋਗਲੇ ਵਿਵਹਾਰ ਆਦਿ ਚਲੰਤ ਵਿਸ਼ਿਆ ਨੂੰ ਆਧਾਰ ਬਣਾ ਕੇ ਕਾਫ਼ੀ ਮਾਤਰਾ ਵਿਚ ਲਿਖੀ ਗਈ ਹੈ। ਹੁਣ ਵੀ ਕਈ ਨਵੇਂ ਲੇਖਕ ਜੋ ਨਵੀਂ-ਨਵੀਂ ਮਿੰਨੀ ਕਹਾਣੀ ਲਿਖਣਾ ਆਰੰਭ ਕਰਦੇ ਹਨ,ਉਹ ਉਪਰੋਕਤ ਵਿਸ਼ਿਆਂ ਨੂੰ ਆਧਾਰ ਬਣਾ ਕੇ ਮਿੰਨੀ ਕਹਾਣੀ ਸਿਰਜ ਰਹੇ ਹਨ। ਸਮਾਜ ਵਿਚ ਉਪਰੋਕਤ ਵਿਸ਼ਿਆਂ ਨਾਲ ਸੰਬੰਧਿਤ ਸਮੱਸਿਆਵਾਂ ਅਜੋਕੇ ਸਮੇਂ ਵੀ ਜਿਉਂ ਦੀ ਤਿਉਂ ਬਰਕਰਾਰ ਹਨ ਪਰ ਅੱਜ ਦੇ ਵਿਸ਼ਵੀਕਰਨ ਦੇ ਯੁੱਗ ਵਿਚ ਨਿੱਤ ਨਵੀਆਂ ਸਮੱਸਿਆਵਾਂ ਨਾਲ ਦਨੀਆ ਅਤੇ ਸਮਾਜ ਨੂੰ ਦੋ-ਚਾਰ ਹੋਣਾ ਪੈ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਅਤੇ ਤਬਦੀਲੀਆਂ ਨੂੰ ਆਧਾਰ ਬਣਾ ਕੇ ਆਪਣੀ ਮਿੰਨੀ ਕਹਾਣੀਆਂ ਨੂੰ ਵਿਸ਼ੇ ਬਣਾਉਣਾ ਹਰ ਇੱਕ ਪ੍ਰਤੀਬੱਧ ਮਿੰਨੀ ਕਹਾਣੀ ਲੇਖਕ ਲਈ ਸਮੇਂ ਦੀ ਲੋੜ ਵੀ ਹੈ, ਕਿਉਂਕਿ ਅਜੋਕਾ ਪਾਠਕ ਬਹੁਤ ਚੇਤੰਨ ਹੋ ਚੁੱਕਾ ਹੈ। ਕਈ ਵਾਰ ਉਸ ਦੀ ਸੋਚ-ਸ਼ਕਤੀ ਇੱਕ ਆਮ ਲੇਖਕ ਦੀ ਸੋਚ-ਸ਼ਕਤੀ ਤੋਂ ਵੀ ਉੱਪਰ ਦੀ ਹੁੰਦੀ ਹੈ। ਉਹ ਪ੍ਰਚਲਿਤ ਤੇ ਰਵਾਇਤੀ ਵਿਸ਼ਿਆਂ ਨੂੰ ਪੜ੍ਹ-ਪੜ੍ਹ ਕੇ ਅੱਕ ਚੁੱਕਾ ਹੈ। ਉਹ ਕੋਈ ਨਵਾਂਪਣ ਭਾਲਦਾ ਹੈ ਤਾਂ ਜੋ ਕਿ ਉਸ ਦੀ ਮਾਨਸਿਕ ਤ੍ਰਿਪਤੀ ਹੋ ਸਕੇ। ਉਹ ਆਪਣੇ ਸੁਹਜ-ਸੁਆਦ ਲਈ ਕਿਸੇ ਵੀ ਪੁਸਤਕ ਨੂੰ ਪੜ੍ਹਨ ਲਈ ਆਜ਼ਾਦ ਹੈ। ਬਹੁਤੇ ਲੇਖਕਾਂ ਨੂੰ ਇਹ ਗਿਲਾ ਹੈ ਕਿ ਲੋਕ ਪੁਸਤਕਾਂ ਨਹੀਂ ਪੜ੍ਹਦੇ। ਪਾਠਕਾਂ ਦਾ ਘੇਰਾ ਸੁੰਗੜ ਰਿਹਾ ਹੈ ਪਰ ਉਸ ਦਾ ਮੂਲ ਕਾਰਨ ਖ਼ੁਦ ਲੇਖਕ ਆਪ ਹੀ ਹਨ। ਹਰ ਲੇਖਕ ਨੂੰ ਪਾਠਕਾਂ ਦੀ ਮੰਗ ਜਾਂ ਇੱਛਾ ਦੇ ਅਨੁਕੂਲ ਵਿਸ਼ਿਆਂ ਦੀ ਚੋਣ ਕਰਨੀ ਹੀ ਪੈਣੀ ਹੈ। ਇਸ ਲਈ ਹਰ ਗੱਲ-ਕੱਥ ‘ਤੇ ਮਿੰਨੀ ਕਹਾਣੀ ਲਿਖਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਬਾਕੀ ਕਈ ਵਾਰ ਕੋਈ ਅਨੁਭਵੀਂ ਲੇਖਕ ਆਮ ਰਵਾਇਤੀ ਵਿਸ਼ੇ ਨੂੰ ਵੀ ਕਲਾ ਦੀ ਚਾਸ਼ਨੀ ਵਿਚ ਅਜਿਹੇ ਵਧੀਆ ਢੰਗ ਨਾਲ ਪੇਸ਼ ਕਰਦਾ ਹੈ ਕਿ ਉਸ ਦੀ ਉੱਤਮ ਪੇਸ਼ਕਾਰੀ ਕਾਰਨ ਆਮ ਵਿਸ਼ਾ ਵੀ ਦਿਲਚਸਪ ਬਣ ਜਾਂਦਾ ਹੈ ਪਰ ਇਹ ਹਰ ਇੱਕ ਲੇਖਕ ਦੇ ਵਸ ਵਿਚ ਨਹੀਂ ਹੁੰਦਾ। ਲੇਖਕਾਂ ਨੂੰ ਵਿਸ਼ੇ ਦੀ ਚੋਣ ਕਰਦੇ ਸਮੇਂ ਸੁਚੇਤ ਹੋਣ ਦੀ ਲੋੜ ਹੈ। ਕੇਵਲ ਕਿਸੇ ਅਖ਼ਬਾਰ ਜਾਂ ਰਸਾਲੇ ਵਿਚ ਛਪਣ ਦੀ ਲਾਲਸਾ ਕਾਰਨ ਹਰ ਗੱਲ-ਕੱਥ ਨੂੰ ਵਿਸ਼ਾ-ਵਸਤੂ ਬਣਾ ਕੇ ਰਵਾਇਤੀ ਕਥਨ ਵਿਧੀ ਵਰਤ ਕੇ ਮਿੰਨੀ ਕਹਾਣੀ ਝਰੀਟਣ ਨਾਲੋਂ ਮਿੰਨੀ ਕਹਾਣੀ ਦੇ ਰੂਪ-ਵਿਧਾਨ ਨੂੰ ਗੰਭੀਰਤਾ ਨਾਲ ਵਾਚਦੇ ਹੋਏ ਰਚਨਾ-ਸਿਰਜਣਾ ਕਰਨੀ ਚਾਹੀਦੀ ਹੈ। ਸ਼ਾਮਿਲ ਹਨ। ਰਚਨਾ ਵਿਚ ਜੋ ਵੀ ਅੰਸ਼ ਮਿੰਨੀ ਕਹਾਣੀ ਲਿਖਣ ਸਮੇਂ ਮਿੰਨੀ ਕਹਾਣੀ ਦੇ ਵਿਸ਼ੇ ਨੂੰ ਜੋ ਤੁਸੀਂ ਆਪਣੇ ਮਨ ਵਿਚ ਉਲੀਕਦੇ ਹੋ, ਉਸ ਨੂੰ ਮੁੱਖ ਆਧਾਰ ਬਣਾ ਕੇ  ਰਚਨਾ ਦੀ ਸਿਰਜਣਾ ਕੀਤੀ ਜਾਂਦੀ ਹੈ। ਮਿੰਨੀ ਕਹਾਣੀ ਦੇ ਰੂਪਗਤ ਤੱਤਾਂ ਨੂੰ ਮੁੱਖ ਰੱਖਿਆ ਜਾਂਦਾ ਹੈ। ਵਿਸ਼ੇ ਦੇ ਅਨੁਕੂਲ ਹੀ ਤੱਤਾਂ ਦਾ ਧਿਆਨ ਰੱਖਿਆ ਜਾਂਦਾ ਹੈ। ਵਿਧਾਗਤ ਸਰੂਪ ਤੋਂ ਮਿੰਨੀ ਕਹਾਣੀ ਦੇ ਮੂਲ ਤੱਤ ਅਤੇ ਭਾਸ਼ਾਈ ਜੁਗਤਾਂ ਵਿਚ ਆਕਾਰ ਦੀ ਸੀਮਾ, ਭਾਸ਼ਾ-ਸ਼ੈਲੀ, ਪਰਕਥਨ, ਮਿਥਕੀ, ਪ੍ਰਤੀਕਾਤਮਕ, ਆਤਮਕਥਨ, ਫੈਂਟੇਂਸੀ, ਰਹੱਸਮਈ, ਇਤਿਹਾਸਕ-ਮਿਥਿਹਾਸਕ ਆਦਿ ਸ਼ੈਲੀਆਂ ਤੋਂ ਇਲਾਵਾ ਕਥਾਨਕ,ਪਾਤਰ-ਉਸਾਰੀ, ਵਾਰਤਾਲਾਪ, ਵਾਤਾਵਰਣ ਅਤੇ ਸਿਰਲੇਖ ਆਦਿ ਜਾਂ ਤੱਤ ਵਿਸ਼ੇ-ਨਿਭਾਅ ਦੀ ਲੋੜ ਅਨੁਸਾਰ ਵਧੇਰੇ ਅਤੇ ਬਾਕੀਆਂ ਨੂੰ ਘੱਟ ਰੱਖਦਾ ਹੈ, ਉਸ ਅਨੁਸਾਰ ਹੀ ਰਚਨਾ ਦਾ ਬਿਰਤਾਂਤ ਸਿਰਜਿਆ ਜਾਂਦਾ ਹੈ ਅਤੇ ਰਚਨਾ ਦਾ ਵਰਗੀਕਰਨ ਕੀਤਾ ਜਾਂਦਾ ਹੈ। ਇਹ ਸਭ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਹੀ ਇੱਕ ਚੰਗੀ ਮਿੰਨੀ ਕਹਾਣੀ ਦੀ ਸਿਰਜਣਾ ਹੁੰਦੀ ਹੈ।
ਕੁਝ ਆਲੋਚਕ ਮਿੰਨੀ ਕਹਾਣੀ ਨੂੰ ਸਾਡੇ ਪ੍ਰਾਚੀਨ ਸਾਹਿਤ ਨਾਲ ਜੋੜਦੇ ਹਨ ਪਰ ਆਧੁਨਿਕ ਅਕਾਦਮਿਕ ਖੋਜ-ਕਾਰਜਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਇਸ ਰੂਪਕਾਰ ਦੇ ਬੀਜ-ਅੰਸ਼ ਭਾਵੇਂ ਆਕਾਰ ਪੱਖੋਂ ਪ੍ਰਾਚੀਨ ਸਾਹਿਤ ਵਿਚ ਪਾਏ ਜਾਂਦੇ ਹਨ ਪਰ ਮਿੰਨੀ ਕਹਾਣੀ ਆਧੁਨਿਕ ਪੂੰਜੀਵਾਦ ਯੁੱਗ ਦੀ ਦੇਣ ਹੈ। ਇਹ ਕੋਈ ਸਮੇਂ ਦੀ ਘਾਟ ਦੀ ਉਪਜ ਨਹੀਂ ਹੈ,ਜਿਸ ਤਰ੍ਹਾਂ ਕਿ ਆਮ ਖ਼ਿਆਲ ਕੀਤਾ ਜਾਂਦਾ ਹੈ। ਪੂੰਜੀਵਾਦ ਦੇ ਪ੍ਰਭਾਵ ਕਾਰਨ ਉਦਯੋਗਿਕ ਕ੍ਰਾਂਤੀ ਆਈ। ਵਿਗਿਆਨਕ ਅਤੇ ਉਦਯੋਗਿਕ ਤਰੱਕੀ ਨੇ ਮਨੱਖ ਦੀ ਰਹਿਣੀ-ਬਹਿਣੀ ਅਤੇ ਚੇਤਨਾ ਵਿਚ ਤਬਦੀਲੀ ਲਿਆਂਦੀ। ਇੱਕ ਨਵੀਂ ਚੇਤਨਾ ਦਾ ਵਿਕਾਸ ਹੋਇਆ। ਇਸ ਵਿਕਾਸ ਦਾ ਅਸਰ ਸਾਹਿਤ ‘ਤੇ ਵੀ ਪਿਆ। ਵੱਖ-ਵੱਖ ਦੇਸੀ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਸਾਹਿਤ ‘ਤੇ ਪੂੰਜੀਵਾਦ ਦਾ ਅਸਰ ਹੋਇਆ। ਪੰਜਾਬੀ ਸਾਹਿਤ ਵੀ ਇਸ ਅਸਰ ਤੋਂ ਅਭਿੱਜ ਨਹੀਂ ਰਿਹਾ। 1960 ਤੋਂ ਬਾਅਦ ਪ੍ਰਯੋਗਵਾਦ ਦਾ ਆਰੰਭ ਹੋ ਗਿਆ। ਪੰਜਾਬੀ ਸਾਹਿਤ ਵਿਚ ਵੀ ਪ੍ਰਯੋਗਸ਼ੀਲ ਲਹਿਰ ਦੀ ਆਮਦ ਨਾਲ ਨਵੇਂ-ਨਵੇਂ ਪ੍ਰਯੋਗ ਹੋਣੇ ਸ਼ੁਰੂ ਹੋ ਗਏ। 1960-1970 ਦੇ ਸਮੇਂ ਦੌਰਾਨ ਪੰਜਾਬੀ ਲੇਖਕਾਂ ਖ਼ਾਸ ਕਰਕੇ ਕਹਾਣੀ ਵਿਧਾ ਨਾਲ ਜੁੜੇ ਲੇਖਕਾਂ ਦੀਆਂ ਰਚਨਾਵਾਂ ‘ਤੇ ਪੂੰਜੀਵਾਦ ਅਤੇ ਪ੍ਰਯੋਗਸ਼ੀਲ ਲਹਿਰ ਦਾ ਅਸਰ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਦੇਖਣ ਨੂੰ ਮਿਲਦਾ ਹੈ। ਇਸੇ ਅਸਰ ਹੇਠ ਉਸ ਸਮੇਂ ਦੇ ਪੰਜਾਬੀ ਕਹਾਣੀਕਾਰ ਦੂਜੀਆਂ ਭਾਸ਼ਾਵਾਂ ਦੇ ਦੇਸੀ ਅਤੇ ਵਿਦੇਸ਼ੀ ਲੇਖਕਾਂ ਜਿਵੇਂ ਚੈਖੋਵ, ਦੋਸਤੋਵਸਕੀ, ਓ.ਹੈਨਰੀ, ਤਾਲਸਤਾਏ, ਮੋਪਾਸਾ, ਸਦਾਅਤ ਹਸਨ ਮੰਟੋ, ਖਲੀਲ ਜਿਬਰਾਨ ਅਤੇ ਸ਼ੇਖ਼ ਸਆਦੀ ਆਦਿ ਦੀਆਂ ਰਚਨਾਵਾਂ ਤੋਂ ਕਾਫ਼ੀ ਪ੍ਰਭਾਵਤ ਹੋਏ। ਸ਼ੇਖ਼ ਸਆਦੀ, ਖਲੀਲ ਜਿਬਰਾਨ ਅਤੇ ਸਦਾਅਤ ਮੰਟੋ ਦੀਆਂ ਲਘੂ ਕਥਾਵਾਂ ਨੇ ਪੰਜਾਬੀ ਦੇ ਕਈ ਨਵੇਂ-ਪੁਰਾਣੇ ਲੇਖਕਾਂ ਨੂੰ ਪ੍ਰਭਾਵਿਤ ਕੀਤਾ ਅਤੇ ਉਹ ਵੀ ਬਦੋ-ਬਦੀ ਛੋਟੇ ਆਕਾਰ ਦੀਆਂ ਰਚਨਾਵਾਂ ਲਿਖਣ ਲੱਗ ਪਏ। ਪੰਜਾਬੀ ਕਹਾਣੀਕਾਰਾਂ ਵਿਚ ਛੋਟੀ ਤੋਂ ਛੋਟੀ ਕਹਾਣੀ ਲਿਖਣ ਦਾ ਰਿਵਾਜ ਪੈ ਗਿਆ। ਪੰਜਾਬੀ ਦੇ ਉਸ ਸਮੇਂ ਦੇ ਨਵੇਂ-ਪੁਰਾਣੇ, ਛੋਟੇ-ਵੱਡੇ ਸਾਰੇ ਪਰਚੇ ਛੋਟੇ ਆਕਾਰ ਦੀਆਂ ਰਚਨਾਵਾਂ ਛਾਪਣ ਨੂੰ ਤਰਜੀਹ ਦੇਣ ਲੱਗੇ। ਇਸ ਤਰ੍ਹਾਂ ਆਧੁਨਿਕ ਮਿੰਨੀ ਕਹਾਣੀ, ਕਹਾਣੀ ਨੂੰ ਹੋਰ ਨਿੱਕੀ ਕਰਨ ਦੇ ਪ੍ਰਯੋਗ ਵਜੋਂ ਹੀ ਹੋਂਦ ਵਿਚ ਆਈ ਹੈ। ਜਸਵੰਤ ਸਿੰਘ ਕੰਵਲ ਰਚਿਤ ਪੁਸਤਕ ‘ਜੀਵਨ ਕਣੀਆਂ’ (1944), ਬਿਸ਼ਨ ਸਿੰਘ ਉਪਾਸ਼ਕ ਰਚਿੱਤ ਪੁਸਤਕ ‘ਚੋਭਾਂ’ (1952), ਜਗਦੀਸ਼ ਅਰਮਾਨੀ ਰਚਿਤ ਕਹਾਣੀ ਸੰਗ੍ਰਹਿ ‘ਧੂੰਆਂ ਤੇ ਬਦੱਲ’ (1967) ਵਿਚ ਛਪੀਆਂ ਤੇਰਾਂ ਮਿੰਨੀ ਰਚਨਾਵਾਂ ਨੂੰ ਮਿੰਨੀ ਕਹਾਣੀ ਦੇ ਬੀਜ ਅੰਸ਼ ਦੇ ਰੂਪ ਵਿਚ ਸਵੀਕਾਰ ਕੀਤਾ ਜਾ ਸਕਦਾ ਹੈ। ਇਨ੍ਹਾਂ ਪੁਸਤਕਾਂ ਤੋਂ ਇਲਾਵਾ ਵੱਖ-ਵੱਖ ਲੇਖਕਾਂ ਦੀਆਂ 1969 ਤੱਕ ਲਿਖੀਆਂ ਮਿੰਨੀ ਆਕਾਰ ਦੀਆਂ ਰਚਨਾਵਾਂ  ਨੂੰ ਵਾਰਤਕਨੁਮਾ ਖ਼ਿਆਲ/ਸੁਰਖ਼ ਹਾਸ਼ੀਏ ਹੀ ਕਿਹਾ ਜਾਂਦਾ ਸੀ ਜਾਂ ਇਨ੍ਹਾਂ ਨੂੰ ਛੋਟੀ ਕਹਾਣੀ ਜਾਂ ਨਿੱਕੀ ਕਹਾਣੀ ਦੇ ਰੂਪ ਵਿਚ ਛਾਪਿਆ ਜਾਂਦਾ ਸੀ। ਸਤੱਰ੍ਹਵਿਆਂ ਵਿਚ ਜਦੋਂ ਮਿੰਨੀ ਬੱਸਾਂ,ਮਿੰਨੀ ਲਾਇਬਰੇਰੀਆਂ , ਮਿੰਨੀ ਸਕਰਟਾਂ ਅਤੇ ਮਿੰਨੀ ਬੈਂਕ ਸ਼ੁਰੂ ਹੋਏ ਤਾਂ ਜਾਣੇ ਜਾਂ ਅਣਜਾਣੇ ਇਸ ਵਿਧਾ ਦੇ ਨਾਂ ਨਾਲ ਮਿੰਨੀ (Mini) ਸ਼ਬਦ ਜੁੜ ਜਾਣ ਇਸ ਨੂੰ ‘ਮਿੰਨੀ ਕਹਾਣੀ’ ਕਿਹਾ ਜਾਣ ਲੱਗਾ।
ਅਪਰੈਲ 1970 ਵਿਚ ਦਿੱਲੀ ਤੋਂ ਪ੍ਰਕਾਸ਼ਤ ਪ੍ਰਸਿੱਧ ਪੰਜਾਬੀ ਮਾਸਿਕ ਰਸਾਲੇ ‘ਆਰਸੀ’ ਦੇ ਅੰਕ ਵਿਚ ਪਹਿਲੀ ਵਾਰ ਪ੍ਰੀਤਮ ਸਿੰਘ ਪੰਛੀ   ਦੀਆਂ ਤਿੰਨ ਰਚਨਾਵਾਂ ‘ਤੁਸੀਂ ਕੌਣ ਹੋ’, ‘ਮੈਨੂੰ ਛੁਰਾ ਕਿਉਂ ਮਾਰਿਆ’ ਅਤੇ ‘ਇੱਕ ਅਣ ਜੰਮਿਆ ਬੱਚਾ’ ਮਿੰਨੀ ਕਹਾਣੀਆਂ ਸਿਰਲੇਖ ਹੇਠ ਪ੍ਰਕਾਸ਼ਤ ਹੋਈਆਂ (ਜ਼ਿਕਰਯੋਗ ਹੈ ਕਿ ਇਹ ਲੱਭਤ ਮੈਂ ਆਪਣੇ ਪੀਐੱਚ. ਡੀ ਦੇ ਖੋਜ-ਕਾਰਜ ਦੌਰਾਨ 1930-1970 ਤੱਕ ਦੇ ਪ੍ਰਕਾਸ਼ਤ ਵੱਖ-ਵੱਖ ਪੰਜਾਬੀ ਪਰਚਿਆਂ ਨੂੰ ਫਰੋਲਦਿਆਂ ਲੱਭੀ ਹੈ।)। ਭਾਵੇਂ ਅਪਰੈਲ 1970 ਤੋਂ ਅਕਤੂਬਰ 1972 ਤੱਕ ‘ਆਰਸੀ’ ਸਮੇਤ ਕਈ ਪੰਜਾਬੀ ਪਰਚਿਆਂ ਨੇ ਮਿੰਨੀ ਕਹਾਣੀ ਸ਼ਬਦ ਸੁਚੇਤ ਰੂਪ ਵਿਚ ਨਹੀਂ ਅਪਨਾਇਆ। ਬਹੁਤੇ ਪਰਚੇ ਇਸ ਨੂੰ ਲਘੂ ਕਹਾਣੀ, ਨਿੱਕੀ ਕਹਾਣੀ, ਛੋਟੀ ਕਹਾਣੀ ਹੀ ਲਿਖਦੇ ਰਹੇ। ਅਕਤੂਬਰ 1972 ਵਿਚ ਪਹਿਲੀ ਵਾਰ ਸਤਵੰਤ ਕੈਂਥ ਰਚਿਤ ‘ਬਰਫ਼ੀ ਦਾ ਟੁਕੜਾ’ ਮੌਲਿਕ ਪੁਸਤਕ ਜੋ ‘ਮਿੰਨੀ ਕਹਾਣੀ ਸੰਗ੍ਰਿਹ’ ਨਾਂ ਹੇਠ ਪ੍ਰਕਾਸ਼ਿਤ ਹੋਈ। ਇਸ ਤੋਂ ਬਾਅਦ ਜਨਵਰੀ 1973 ਵਿਚ ਰੌਸ਼ਨ ਫੂਲਵੀਂ ਅਤੇ ਓਮ ਪ੍ਰਕਾਸ਼ ਗਾਸੋ ਵੱਲੋਂ ਸੰਪਾਦਿਤ ਮਿੰਨੀ ਕਹਾਣੀ ਸੰਗ੍ਰਿਹ ‘ਤਰਕਸ਼’ ਪ੍ਰਕਾਸ਼ਿਤ ਹੋਇਆ। ਇਹ ਦੋਨਾਂ ਪੁਸਤਕਾਂ ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ ਵਿਚ ਮੀਲ ਪੱਥਰ ਸਾਬਤ ਹੋਈਆਂ। ਇਨ੍ਹਾਂ ਪੁਸਤਕਾਂ ਦੇ ਛਪਣ ਨਾਲ ਲੇਖਕਾਂ ਨੇ ਸੁਚੇਤ ਰੂਪ ਵਿਚ ਇਸ ਨਵੀਨ ਰੂਪਾਕਾਰ ਨੂੰ ਅਪਨਾਇਆ। ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ ਦੇ ਪੜ੍ਹਾਵਾਂ ਦੀ ਵੰਡ ਮੈਂ ਆਪਣੇ ਖੋਜ ਪ੍ਰਬੰਧ ਵਿਚ ਇਸ ਤਰ੍ਹਾਂ ਕੀਤੀ ਹੈ। ਮੁਢਲਾ ਪੜਾਅ (1971-1980), ਪਹਿਲਾ ਪੜਾਅ (1981-1990), ਦੂਜਾ ਪੜਾਅ (1991-2000). ਤੀਜਾ ਪੜਾਅ(2001-2010), ਚੌਥਾ ਪੜਾਅ (2011-2020)। ਵਰਤਮਾਨ ਸਮੇਂ  ਇਹ ਰੂਪਾਕਾਰ ਆਪਣੇ ਵਿਕਾਸ ਦੇ ਪੰਜਵੇਂ ਪੜਾਅ (2021-2030) ਵਿਚ ਪ੍ਰਵੇਸ਼ ਕਰ ਗਿਆ ਹੈ। ਜਦੋਂ ਵੀ ਸਾਹਿਤ ਦਾ ਕੋਈ ਵੀ ਨਵਾਂ ਯਾਨਰ (genre) ਜਾਂ ਵਿਧਾ ਹੋਂਦ ਵਿਚ ਆਉਂਦੀ ਹੈ ਤਾਂ ਉਸ ਯਾਨਰ ਜਾਂ ਵਿਧਾ ਦਾ ਵਿਸ਼ੇ ਦੇ ਨਾਲ-ਨਾਲ ਕਲਾ ਪੱਖ ਵੀ ਨਾਲ ਹੀ ਆਉਂਦਾ ਹੈ। ਜਦੋਂ ਪੰਜਾਬੀ ਮਿੰਨੀ ਕਹਾਣੀ ਰੂਪਾਕਾਰ ਹੋਂਦ ਵਿਚ ਆਇਆ ਤਾਂ ਸ਼ੁਰੂਆਤ ਦੌਰ ਵਿਚ ਮਿੰਨੀ ਕਹਾਣੀ ਪੁਸਤਕਾਂ ਦੇ ਮੁੱਖ ਬੰਦ ਅਤੇ ਰਿਵਿਊ ਇਸ ਯਾਨਰ ਦਾ ਮੁਢਲਾ ਆਲੋਚਨਾਤਮਕ ਕਾਰਜ ਸੀ। ਡਾ. ਅਮਰ ਕੋਮਲ ਨੇ ਪਹਿਲੀ ਵਾਰ ਮਿੰਨੀ ਕਹਾਣੀ ਬਾਰੇ ‘ਪੰਜਾਬੀ ਕਹਾਣੀ ਦਾ ਨਵਾਂ ਰੂਪ:ਮਿੰਨੀ ਕਹਾਣੀ’ ਸਿਰਲੇਖ ਹੇਠ ਆਲੋਚਨਾਤਮਕ ਪਰਚਾ ਲਿਖ ਕੇ ਇਸ ਸਾਹਿਤਕ ਰੂਪ ਦੇ ਵਿਧਾਗਤ ਸਰੂਪ ਬਾਰੇ  ਚਰਚਾ ਦਾ ਆਰੰਭ ਕਰ ਦਿੱਤਾ। ਇਹ ਪਰਚਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਪਰਚੇ ਖੋਜ ਪੱਤ੍ਰਿਕਾ ਦੇ ‘ਗਲਪ ਵਿਸ਼ੇਸ਼ ਅੰਕ’ (19 ਮਾਰਚ 1982, ਪੰਨਾ-337) ਵਿਚ ਛਪਿਆ।1995 ਵਿਚ ਡਾ.ਅਮਰ ਕੋਮਲ ਦੀ ‘ਮਿੰਨੀ ਕਹਾਣੀ ਕਥਾ ਸ਼ਾਸਤਰ’ ਪੁਸਤਕ ਪ੍ਰਕਾਸ਼ਿਤ ਹੋਈ। 1988 ਵਿਚ ਮਹਿਤਾਬ-ਉਦ-ਦੀਨ ਦੀ ਪੰਜਾਬੀ ਮਿੰਨੀ ਕਹਾਣੀ ਸਬੰਧੀ ਪਹਿਲੀ ਵਾਰ ਆਲੋਚਨਾ ਪੁਸਤਕ ‘ਪੰਜਾਬੀ ਮਿੰਨੀ ਕਹਾਣੀ : ਪ੍ਰਾਪਤੀਆਂ ਅਤੇ ਸੰਭਵਾਨਾਵਾਂ’ਪ੍ਰਕਾਸ਼ਿਤ ਹੋਣ ਨਾਲ ਮਿੰਨੀ ਕਹਾਣੀ ਦਾ ਵਿਧਾਗਤ ਸਰੂਪ ਨਿਸ਼ਚਿਤ ਰੂਪ ਵਿਚ ਸਾਡੇ ਸਾਹਮਣੇ ਉਜਾਗਰ ਹੋ ਗਿਆ। ਉਪਰੰਤ ਡਾ. ਅਨੂਪ ਸਿੰਘ ਦੀਆਂ ਤਿੰਨ ਆਲੋਚਨਾ ਪੁਸਤਕਾਂ ‘ਮਿੰਨੀ ਕਹਾਣੀ ਸੀਮਾ ਤੇ ਸੰਭਾਵਨਾਵਾਂ’ (1994), ‘ਮਿੰਨੀ ਕਹਾਣੀ:ਵਿਕਾਸ ਪੜਾਅ’ (1996) ਅਤੇ ‘ਮਿੰਨੀ ਕਹਾਣੀ ਲੇਖਕਾਂ ਨਾਲ ਕੁਝ ਖ਼ਰੀਆਂ-ਖ਼ਰੀਆਂ’ (1996), ਕਰਮਵੀਰ ਸਿੰਘ (ਹੁਣ ਕਰਮਵੀਰ ਸਿੰਘ ਸੂਰੀ) ਦੀਆਂ ਦੋ ਆਲੋਚਨਾ ਪੁਸਤਕਾਂ ‘ਪੰਜਾਬੀ ਮਿੰਨੀ ਕਹਾਣੀ ਨਿਕਾਸ ਤੇ ਵਿਕਾਸ’ (1998, ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ) ਅਤੇ ‘ਮਿੰਨੀ ਕਹਾਣੀ ਸਰੂਪ, ਸਿਧਾਂਤ ਤੇ ਵਿਕਾਸ’ (2019, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪ੍ਰਕਾਸ਼ਿਤ), ਨਿਰੰਜਣ ਬੋਹਾ ਦੀ ਆਲੋਚਨਾ ਪੁਸਤਕ ‘ਪੰਜਾਬੀ ਮਿੰਨੀ ਕਹਾਣੀ : ਵਿਸ਼ਾਗਤ ਸਰੂਪ ਤੇ ਸ਼ਿਲਪ ਵਿਧਾਨ’ (2013), ਡਾ. ਕੁਲਦੀਪ ਸਿੰਘ ਦੀਪ ਦੀ ਆਲੋਚਨਾ ਪੁਸਤਕ ‘ਗਲਪੀ ਵਿਧਾ ਲਘੂ ਕਥਾ : ਸਿਧਾਂਤ ਤੇ ਵਿਹਾਰ’ (2016), ਡਾ. ਸ਼ਿਆਮ ਸੁੰਦਰ ਦੀਪਤੀ ਦੀ ਆਲੋਚਨਾ ਪੁਸਤਕ ‘ਆਲੋਚਨਾ ਦ੍ਰਿਸ਼ਟੀਕੋਣ ਮਿੰਨੀ ਕਹਾਣੀ -ਪਾਸਾਰ ਤੇ ਪੇਸ਼ਕਾਰੀ’ (2023) ਅਤੇ ਪ੍ਰੋ.ਗਰਦੀਪ ਸਿੰਘ ਢਿੱਲੋਂ ਦੀ ਆਲੋਚਨਾ ਪੁਸਤਕ ‘ਨੁਕਤੇ-ਨਿਗਾਹ’ (2023) ਪ੍ਰਕਾਸ਼ਿਤ ਹੋਈਆਂ ਹਨ। ਇਸ ਤੋਂ ਇਲਾਵਾ ਜਗਦੀਸ਼ ਅਰਮਾਨੀ ਵੱਲੋਂ ਦੋ ਸੰਪਾਦਿਤ ਆਲੋਚਨਾ ਪੁਸਤਕ ‘ਪੰਜਾਬੀ ਮਿੰਨੀ ਕਹਾਣੀ:ਇਕ ਅਧਿਐਨ’ (1993), ‘ਡਾ.ਹਰਨੇਕ ਸਿੰਘ ਕੋਮਲ ਦਾ ਮਿੰਨੀ ਕਹਾਣੀ ਸੰਸਾਰ’ (1997) ਅਤੇ ਡਾ.ਹਰਪ੍ਰੀਤ ਸਿੰਘ ਰਾਣਾ ਦੀ ਸੰਪਾਦਿਤ ਆਲੋਚਨਾ ਪੁਸਤਕ ‘ਡਾ.ਅਮਰ ਕੋਮਲ ਵੱਲੋਂ ਪੰਜਾਬੀ ਮਿੰਨੀ ਕਹਾਣੀ ਦਾ ਕਥਾ ਸ਼ਾਸਤਰ ਅਤੇ ਸਮਾਲੋਚਨਾ’ (2024) ਪ੍ਰਕਾਸ਼ਿਤ ਹੋਈਆਂ ਹਨ। ਭਾਸ਼ਾ ਵਿਭਾਗ ਪੰਜਾਬ ਦਾ ਰਸਾਲਾ ‘ਪੰਜਾਬੀ ਦੁਨੀਆਂ’ (ਅਕਤੂਬਰ-ਦਸੰਬਰ 2020) ਦਾ ‘ਮਿੰਨੀ ਕਹਾਣੀ ਆਲੋਚਨਾਤਮਕ ਵਿਸ਼ੇਸ਼ ਅੰਕ’ ਪ੍ਰਕਾਸ਼ਿਤ ਹੋਇਆ ਹੈ। ਮਿੰਨੀ ਕਹਾਣੀ ਸਬੰਧੀ ਵੱਖ-ਵੱਖ ਪਰਚਿਆਂ ਅਤੇ ਪੁਸਤਕਾਂ ਵਿਚ ਸਮੇਂ-ਸਮੇਂ ਖੋਜ ਲੇਖਾਂ ਨੂੰ ਪ੍ਰਕਾਸ਼ਿਤ ਕਰਵਾਉਣ ਵਿਚ ਕਈ ਹੋਰ ਲੇਖਕਾਂ ਅਤੇ ਆਲੋਚਕਾਂ ਨੇ ਵੀ ਵੱਡਮੁੱਲਾ ਯੋਗਦਾਨ ਪਾਇਆ ਹੈ, ਜਿਨ੍ਹਾਂ ਵਿਚ ਡਾ. ਸ਼ਿਆਮ ਸੁੰਦਰ ਦੀਪਤੀ, ਡਾ. ਗੁਰਲਾਲ ਸਿੰਘ, ਡਾ. ਜਸਵੰਤ ਬੋਗੋਵਾਲ, ਪ੍ਰੋ. ਮੇਜਰ ਸਿੰਘ ਰੰਧਾਵਾ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਸੁਖਮਿੰਦਰ ਸੇਖੋਂ, ਡਾ. ਕੁਲਦੀਪ ਸਿੰਘ ਧੀਰ, ਡਾ. ਤੇਜਵੰਤ ਮਾਨ, ਡਾ.ਹਰਨੇਕ ਸਿੰਘ ਕੈਲੇ, ਡਾ. ਹਰਨੇਕ ਸਿੰਘ ਕੋਮਲ, ਡਾ. ਈਸ਼ਰ ਸਿੰਘ ਤਾਂਘ, ਡਾ. ਗੁਰਚਰਨ ਸਿੰਘ ਸਾਕੀ, ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਸ਼ਿਆਮ ਸੁੰਦਰ ਅਗਰਵਾਲ, ਸੁਰਿੰਦਰ ਕੈਲੇ, ਸੁਧੀਰ ਕੁਮਾਰ ਸ਼ੁਧੀਰ, ਡਾ. ਪ੍ਰਦੀਪ ਕੌੜਾ, ਡਾ. ਨਾਇਬ ਸਿੰਘ ਮੰਡੇਰ, ਡਾ. ਹਰਪ੍ਰੀਤ ਸਿੰਘ ਰਾਣਾ, ਜਗਦੀਸ਼ ਰਾਏ ਕੁਲਰੀਆਂ, ਹਰਭਜਨ ਸਿੰਘ ਖੇਮਕਰਨੀ, ਬਿਕਰਮਜੀਤ ਨੂਰ, ਪ੍ਰੋ. ਮੱਖਣ ਸਿੰਘ, ਸੁਖਦੇਵ ਸਿੰਘ ਸ਼ਾਂਤ, ਡਾ. ਚਾਨਣ ਸਿੰਘ ਨਿਰਮਲ, ਅਮਨਪਾਲ ਕੌਰ, ਪ੍ਰੋ. ਸ. ਸੋਜ਼. ਪ੍ਰੋ. ਰਮੇਸ਼ ਚੌਦਵੀਂ, ਡਾ. ਸੁਰਜੀਤ ਬਰਾੜ, ਡਾ. ਸ਼ਰਨਜੀਤ ਕੌਰ,  ਡਾ. ਅਰਵਿੰਦਰ ਕੌਰ ਕਾਕੜਾ, ਡਾ. ਰਵਿੰਦਰ ਸੰਧੂ, ਡਾ. ਹਰਜੀਤ ਸਿੰਘ ਸੱਧਰ, ਪ੍ਰੋ. ਭੁਪਿੰਦਰ ਸਿੰਘ ਜੱਸਲ, ਡਾ. ਬਲਜੀਤ ਕੌਰ ਰਿਆੜ, ਪ੍ਰੋ. ਗਰਦੀਪ ਸਿੰਘ ਢਿੱਲੋਂ, ਡਾ. ਸੰਦੀਪ ਰਾਣਾ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਵੱਖ-ਵੱਖ ਯੂਨੀਵਰਸਿਟੀਆਂ ਵਿਚ ਸਮੇਂ-ਸਮੇਂ ਐਮ. ਫ਼ਿਲ ਅਤੇ ਪੀਐੱਚ.ਡੀ. ਪੱਧਰ ਉੱਤੇ ਅਕਾਦਮਿਕ ਖੋਜ-ਕਾਰਜਾਂ ਹੋਏ ਹਨ, ਜਿਨ੍ਹਾਂ ਵਿਚ ਡਾ. ਨਾਇਬ ਸਿੰਘ ਮੰਡੇਰ ਨੇ ਕਰੂਕਸ਼ੇਤਰ ਯੂਨੀਵਰਸਿਟੀ, ਕਰੂਕਸ਼ੇਤਰ ਤੋਂ ਡਾ. ਰਾਜਿੰਦਰ ਸਿੰਘ ਭੱਟੀ ਦੀ ਨਿਗਰਾਨੀ ਹੇਠ ਪਹਿਲੀ ਵਾਰ ਸੰਨ 2002 ਵਿਚ ‘ਪ੍ਰਤਿਨਿਧ ਪੰਜਾਬੀ ਮਿੰਨੀ ਕਹਾਣੀ ਦਾ ਆਲੋਚਨਾਤਮਕ ਅਧਿਐਨ’ (ਖੋਜ-ਨਿਬੰਧ) ਅਤੇ 2011 ਵਿਚ ‘ਪੰਜਾਬੀ ਮਿੰਨੀ ਕਹਾਣੀ : ਸਿਧਾਂਤ ਤੇ ਵਿਹਾਰ (ਖੋਜ-ਪ੍ਰਬੰਧ) ਲਿਖ ਕੇ ਆਕਦਮਿਕ ਖੋਜ-ਕਾਰਜ ਕਰਨ ਲਈ ਹੋਰ ਖੋਜਾਰਥੀਆਂ ਨੂੰ ਪੰਜਾਬੀ ਮਿੰਨੀ ਕਹਾਣੀ ਉੱਤੇ ਖੋਜ ਕਰਨ ਲਈ ਪ੍ਰੇਰਿਤ ਕੀਤਾ। ਉਪਰੰਤ ਡਾ. ਹਰਪ੍ਰੀਤ ਸਿੰਘ ਰਾਣਾ ਨੇ ਡਾ. ਇੰਦਰਜੀਤ ਸਿੰਘ ਚੀਮਾ ਦੀ ਨਿਗਰਾਨੀ ਹੇਠ 2009 ਵਿਚ ਮਹਾਂਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ, ਮੁਲਾਨਾ-ਅੰਬਾਲਾ (ਹਰਿਆਣਾ) ਤੋਂ ‘ਪੰਜਾਬੀ ਮਿੰਨੀ ਕਹਾਣੀ : ਵਿਸ਼ਾਗਤ ਅਧਿਐਨ (ਸਤਵੰਤ ਕੈਂਥ, ਜਗਦੀਸ਼ ਅਰਮਾਨੀ, ਰਾਜਿੰਦਰ ਕੌਰ ਵੰਤਾ, ਡਾ. ਸ਼ਿਆਮ ਸੁੰਦਰ ਦੀਪਤੀ, ਸ਼ਿਆਮ ਸੁੰਦਰ ਅਗਰਵਾਲ, ਕਰਮਵੀਰ ਸਿੰਘ ਦੇ ਵਿਸ਼ੇਸ਼ ਪ੍ਰਸੰਗ ਵਿਚ) ਖੋਜ-ਨਿੰਬਧ ਅਤੇ ਪੰਜਾਬੀ ਯੂਨਵਰਸਿਟੀ, ਪਟਿਆਲਾ ਤੋਂ 2018 ਵਿਚ ‘ਪੰਜਾਬੀ ਮਿੰਨੀ ਕਹਾਣੀ : ਇਤਿਹਾਸ ਅਤੇ ਵਿਧਾਗਤ ਸਰੂਪ’ (ਖੋਜ-ਪ੍ਰਬੰਧ) ਲਿਖ ਕੇ ਕ੍ਰਮਵਾਰ ਐਮ. ਫਿਲ ਅਤੇ ਪੀਐੱਚ.ਡੀ. ਦੀਆਂ ਡਿਗਰੀਆਂ ਹਾਸਲ ਕੀਤੀਆਂ ਹਨ। ਇਨ੍ਹਾਂ ਤੋਂ ਇਲਾਵਾ ਹੋਰ ਕੁੱਝ ਖੋਜਾਰਥੀਆਂ ਨੇ ਵੀ ਐਮ. ਫ਼ਿਲ ਪੱਧਰ ਉੱਤੇ ਖੋਜ-ਨਿਬੰਧ ਲਿਖ ਕੇ ਡਿਗਰੀਆਂ ਹਾਸਲ ਕੀਤੀਆਂ ਹਨ, ਜਿਨ੍ਹਾਂ ਵਿਚ ਰਮਨਪ੍ਰੀਤ ਕੌਰ ਨੇ ਡਾ.ਤਾਰਾ ਸਿੰਘ ਦੀ ਨਿਗਰਾਨੀ ਹੇਠ 2008 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ‘ਕਰਮਵੀਰ ਸਿੰਘ ਦੀ ਕਹਾਣੀ ਕਲਾ (ਮਿੰਨੀ ਕਹਾਣੀ ਦੇ ਵਿਸ਼ੇਸ਼ ਪ੍ਰਸੰਗ ਵਿਚ)’, ਜਗਜੀਤ ਸਿੰਘ ਮਹਿਮੀ ਨੇ ਡਾ. ਆਰ. ਐਸ. ਭੱਟੀ ਦੀ ਨਿਗਰਾਨੀ ਹੇਠ 2009 ਵਿਚ  ਕਰੂਕਸ਼ੇਤਰ ਯੂਨੀਵਰਸਿਟੀ, ਕਰੂਕਸ਼ੇਤਰ ਤੋਂ ‘ਪੰਜਾਬੀ ਮਿੰਨੀ ਕਹਾਣੀ ਦਾ ਆਲੋਚਨਾਤਮਕ ਅਧਿਐਨ(ਰਘਬੀਰ ਸਿੰਘ ਮਹਿਮੀ ਦੇ ਸੰਦਰਭ ਵਿਚ)’, ਦਵਿੰਦਰ ਸਿੰਘ ਪਨੇਸਰ ਨੇ ਡਾ. ਮਨਜੀਤ ਸਿੰਘ ਦੀ ਨਿਗਰਾਨੀ ਹੇਠ 2010 ਵਿਚ ਦਿੱਲੀ ਯੂਨੀਵਰਸਿਟੀ, ਦਿੱਲੀ ਤੋਂ ਪ੍ਰਿੰ. ਇਕਬਾਲ ਦੀਪ ਦੀ ਮਿੰਨੀ ਕਹਾਣੀ ਪੁਸਤਕ ਉੱਤੇ ‘ਮਿੰਨੀ ਪਾਏ ਬਾਤ:ਮਿੰਨੀ ਕਹਾਣੀ ਦਾ ਕਾਵਿ ਸ਼ਾਸਤਰ’, ਅਤੇ ਜਗਦੀਸ਼ ਰਾਏ ਕੁਲਰੀਆਂ ਨੇ ਡਾ. ਅਸ਼ੋਕ ਭਾਟੀਆ ਦੀ ਨਿਗਰਾਨੀ ਹੇਠ 2008 ਵਿਚ ਵਿਨਾਇਕਾ ਮਿਸ਼ਨ ਯੂਨੀਵਰਸਿਟੀ, ਸੇਲਮ (ਤਾਮਿਲਨਾਡੂ) ਤੋਂ ‘ਪੰਜਾਬੀ ਔਰ ਹਿੰਦੀ ਲਘੂ ਕਥਾ ਕਾ ਤੁਲਨਾਤਮਕ ਅਧਿਐਨ (ਹਿੰਦੀ ਵਿਚ) ਖੋਜ-ਨਿਬੰਧ ਲਿਖੇ ਹਨ। ਵਰਤਮਾਨ ਸਮੇਂ  ਖੋਜਾਰਥੀ ਦੇਵਿੰਦਰ ਸਿੰਘ ਪਨੇਸਰ ਵੱਲੋਂ ਡਾ. ਹਰਬੰਸ ਸਿੰਘ ਦੀ ਨਿਗਰਾਨੀ ਹੇਠ ਦਿੱਲੀ ਯੂਨੀਵਰਸਿਟੀ, ਦਿੱਲੀ ਤੋਂ ‘ਪੰਜਾਬੀ ਮਿੰਨੀ ਕਹਾਣੀ ਦਾ ਪਾਠਗਤ ਅਧਿਐਨ’ ਵਿਸ਼ੇ ਉੱਤੇ ਪੀ. ਐੱਚ. ਡੀ ਕੀਤੀ ਜਾ ਰਹੀ ਹੈ। ਦਿੱਲੀ ਯੂਨੀਵਰਸਿਟੀ ਨੇ ਤਾਂ ਸਾਲ 2023 ਤੋਂ ਪੰਜਾਬੀ ਸਾਹਿਤ ਵਿਸ਼ੇ ਦੇ ਬੀ.ਏ ਫਾਈਨਲ, (ਸਮੈਸਟਰ 6) ਵਿਚ ਮਿੰਨੀ ਕਹਾਣੀਆਂ ਨੂੰ ਸਿਲੇਬਸ ਵਿਚ ਸ਼ਾਮਿਲ ਕਰ ਦਿੱਤਾ ਹੈ। ਸਿਲੇਬਸ ਵਿਚ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਡਾ.ਸਰਬਜੀਤ ਕੌਰ ਸੋਹਲ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਮਿੰਨੀ ਕਹਾਣੀ ਸੰਗ੍ਰਹਿ ‘ਕੁੱਜੇ ਵਿਚ ਸਮੁੰਦਰ’ ਵਿਚੋਂ ਛੱਤੀ ਵੱਖ -ਵੱਖ ਲੇਖਕਾਂ ਦੀਆਂ ਮਿੰਨੀ ਕਹਾਣੀਆਂ ਦੀ ਚੋਣ ਕੀਤੀ ਗਈ ਹੈ। ਇਸ ਪੁਸਤਕ ਤੋਂ ਇਲਾਵਾ ਮਿੰਨੀ ਕਹਾਣੀ ਦੇ ਸਿਧਾਂਤਕ ਯੂਨਿਟ ਦੇ ਪੇਪਰ ਲਈ ਲਈ ਕਰਮਵੀਰ ਸਿੰਘ ਸੂਰੀ ਦੀ ਆਲੋਚਨਾ ਪੁਸਤਕ ‘ਮਿੰਨੀ ਕਹਾਣੀ ਸਰੂਪ, ਸਿਧਾਂਤ ਤੇ ਵਿਕਾਸ’, ਸੁਰਿੰਦਰ ਕੈਲੇ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਮਿੰਨੀ ਕਹਾਣੀ ਸੰਗ੍ਰਹਿ ‘ਅਣੂ ਕਹਾਣੀਆਂ’ ਨੂੰ ਵਿਦਿਆਰਥੀਆਂ ਲਈ ਲਾਜ਼ਮੀ ਪੁਸਤਕ ਵਜੋਂ ਅਤੇ ਡਾ. ਹਰਪ੍ਰੀਤ ਸਿੰਘ ਰਾਣਾ ਦੇ ਪੀ. ਐੱਚ. ਡੀ ਦੇ ਖੋਜ ਪ੍ਰਬੰਧ ਅਤੇ ਮਿੰਨੀ ਕਹਾਣੀ ਦੇ ‘ਛਿਣ’ ਤਿਮਾਹੀ ਪਰਚੇ ਨੂੰ ਆਨ ਲਾਈਨ ਰਿਸੋਰਸ ਦੇ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ।ਇਸ ਤਰ੍ਹਾਂ ਪੰਜਾਬੀ ਮਿੰਨੀ ਕਹਾਣੀ ਉੱਤੇ ਸਮੇਂ-ਸਮੇਂ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, ਪੰਜਾਬੀ ਸਾਹਿਤ ਅਕਾਦਮੀ, ਚੰਡੀਗੜ੍ਹ, ਭਾਸ਼ਾ ਵਿਭਾਗ, ਪੰਜਾਬ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ਵਿਸ਼ਵ ਸਾਹਿਤ ਕਾਨਫਰੰਸਾਂ /ਸੈਮੀਨਾਰਾਂ ਵਿਚ ਉਚੇਚੇ ਤੌਰ ‘ਤੇ ਖੋਜ ਪਰਚੇ ਪੜ੍ਹਾ ਕੇ ਆਲੋਚਨਾਤਮਕ ਕਾਰਜ ਕੀਤੇ ਜਾ ਰਹੇ ਹਨ। ਜਲੰਧਰ ਦੂਰਦਰਸ਼ਨ, ਆਲ ਇੰਡੀਆਂ ਰੇਡਿਓ ਸਟੇਸ਼ਨ, ਜਲੰਧਰ, ਪਟਿਆਲਾ ਅਤੇ ਬਠਿੰਡਾ ਵੱਲੋਂ ਵੀ ਇਸ ਰੂਪਾਕਾਰ ਉੱਤੇ ਗੋਸ਼ਟੀਆਂ ਆਯੋਜਿਤ ਹੋ ਚੁੱਕੀਆਂ ਹਨ। ਪੰਜਾਬੀ ਮਿੰਨੀ ਕਹਾਣੀ ਦੇ ਨਿਰੋਲ ਤ੍ਰੈਮਾਸਿਕ ਪਰਚੇ ਪਟਿਆਲਾ ਤੋਂ ‘ਛਿਣ’ (ਸੰਪਾ. ਤ੍ਰਿਪਤ ਭੱਟੀ, ਡਾ. ਹਰਪ੍ਰੀਤ ਸਿੰਘ ਰਾਣਾ, ਦਵਿੰਦਰ ਪਟਿਆਲਵੀ) ਅਤੇ ਅੰਮ੍ਰਿਤਸਰ ਤੋਂ ‘ਮਿੰਨੀ’ (ਸੰਪਾ. ਡਾ. ਸ਼ਿਆਮ ਸੁੰਦਰ ਦੀਪਤੀ, ਸ਼ਿਆਮ ਸੁੰਦਰ ਅਗਰਵਾਲ, ਬਿਕਰਮਜੀਤ ਨੂਰ, ਹਰਭਜਨ ਸਿੰਘ ਖੇਮਕਰਨੀ) ਨਿੰਰਤਰ  ਪ੍ਰਕਾਸ਼ਿਤ ਹੋ ਰਹੇ ਹਨ। ਵਰਤਮਾਨ ਸਮੇਂ ‘ਮਿੰਨੀ’ ਰਸਾਲੇ ਦੀ ਸੰਪਾਦਕ ਜਗਦੀਸ਼ ਰਾਏ ਕੁਲਰੀਆਂ ਅਤੇ ਕੁਲਵਿੰਦਰ ਕੌਸ਼ਲ ਹਨ ਤੇ ਸਾਬਕਾ ਸੰਪਾਦਕੀ ਮੰਡਲ ਨਿਗਰਾਨ ਦੀ ਭੂਮਿਕਾ ਨਿਭਾ ਰਿਹਾ ਹੈ।ਜਿਸ ਵਿਚ ਸਮਕਾਲੀ ਮੌਲਿਕ ਮਿੰਨੀ ਕਹਾਣੀਆਂ ਤੋਂ ਇਲਾਵਾ ਦੂਜੀਆਂ ਭਾਸ਼ਾਵਾਂ ਦੀਆਂ ਚੋਣਵੀਆਂ ਮਿੰਨੀ ਕਹਾਣੀਆਂ ਦੇ ਅਨੁਵਾਦ ਅਤੇ ਪੰਜ ਅਤੇ ਪੰਜਾਬੀ ਮਿੰਨੀ ਕਹਾਣੀ ਸਬੰਧੀ ਆਲੋਚਨਾਤਮਕ ਲੇਖ ਨਿਰੰਤਰ ਪ੍ਰਕਾਸ਼ਿਤ ਹੋ ਰਹੇ ਹਨ। ਲੁਧਿਆਣਾ ਤੋਂ ਛੱਪਦਾ ਮਿੰਨੀ ਰਚਨਾਵਾਂ ਦਾ ਤ੍ਰੈਮਾਸਿਕ ਪਰਚਾ ‘ਅਣੂ’ (ਸੰਪਾ. ਸੁਰਿੰਦਰ ਕੈਲੇ) ਵੀ 1972 ਤੋਂ ਨਿੰਰਤਰ ਮਿੰਨੀ ਕਹਾਣੀਆਂ ਛਾਪ ਰਿਹਾ ਹੈ। ਇਸ ਤੋਂ ਪਹਿਲਾਂ ਨਿਰੋਲ ਮਿੰਨੀ ਕਹਾਣੀ ਦੇ ਤਿਮਾਹੀ ਪਰਚੇ ਜਿਵੇਂ ਕਿ ਜਗਦੀਸ਼ ਅਰਮਾਨੀ ਅਤੇ ਅਵੱਲ ਸਰਹੱਦੀ ਦੀ ਸੰਪਾਦਨਾ ਹੇਠ  ‘ਖ਼ੁਸ਼ਬੂ’ (1989-1998), ਜਗਰੂਪ ਸਿੰਘ ਦਾਤੇਵਾਸ, ਦਰਸ਼ਨ ਸਿੰਘ ਗੋਪਾਲਪੁਰੀ, ਚਰਨਜੀਤ ਵੀਨ ਦੀ ਸੰਪਾਦਨਾ ਹੇਠ ‘ਹਰਫ਼’ (1990-1994) ਅਤੇ ਤ੍ਰਿਪਤ ਭੱਟੀ, ਸਤਵੰਤ ਕੈਂਥ, ਹਰਪ੍ਰੀਤ ਸਿੰਘ ਰਾਣਾ ਦੀ ਸੰਪਾਦਨਾ ਹੇਠ, ‘ਮਿੰਨੀ ਕਹਾਣੀ (2003-2010)’ ਪ੍ਰਕਾਸ਼ਿਤ ਹੋ ਚੁੱਕੇ ਹਨ। ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ (ਪਟਿਆਲਾ) ਵੱਲੋਂ ਸਾਲ 2001 ਤੋਂ ਪੰਜਾਬੀ ਮਿੰਨੀ ਕਹਾਣੀ ਦੇ ਖੇਤਰ ਦੇ ਕਿਸੇ ਇਕ ਉੱਘੇ ਲੇਖਕ ਨੂੰ ‘ਮਾਨ ਕੌਰ ਯਾਦਗਾਰੀ ਮਿੰਨੀ ਕਹਾਣੀ ਪੁਰਸਕਾਰ ‘ਨਿਰੰਤਰ ਦਿੱਤਾ ਜਾ ਰਿਹਾ ਹੈ।ਇਸ ਮੰਚ ਵੱਲੋਂ ਸਾਲ1993-1999 ਤੱਕ ਅੰਤਰਰਾਸ਼ਟਰੀ ਪੱਧਰ ਉੱਤੇ ਮਿੰਨੀ ਕਹਾਣੀ ਮੁਕਾਬਲੇ ਵੀ ਆਯੋਜਿਤ ਕੀਤੇ ਜਾਂਦੇ ਰਹੇ ਹਨ। ਮਿੰਨੀ ਕਹਾਣੀ ਲੇਖਕ ਮੰਚ ਰਜਿ. ਪੰਜਾਬ ਵੱਲੋਂ ਵੀ  ਸਾਲ 1990 ਤੋਂ ਹਰ ਸਾਲ ਮਿੰਨੀ ਕਹਾਣੀ ਮੁਕਾਬਲੇ ਆਯੋਜਿਤ ਤੇ ਮਿੰਨੀ ਕਹਾਣੀ ਲੇਖਕਾਂ, ਆਲੋਚਕਾਂ ਅਤੇ ਖੋਜਾਰਥੀਆਂ ਨੂੰ ਪੁਰਸਕਾਰ ਦਿੱਤੇ ਜਾ ਰਹੇ ਹਨ ਇਸੇ ਤਰ੍ਹਾਂ ਅਦਾਰਾ ‘ਮਿੰਨੀ’ ਤ੍ਰੈਮਾਸਿਕ, ਅੰਮ੍ਰਿਤਸਰ ਵੱਲੋਂ ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ‘ਜੁਗਨੂੰਆਂ ਦੇ ਅੰਗ-ਸੰਗ’ ਤਹਿਤ ਮਿੰਨੀ ਕਹਾਣੀ ਉੱਤੇ ਨਿੰਰਤਰ ਆਲੋਚਨਾਤਮਕ ਗੋਸ਼ਟੀ- ਕਾਰਜ ਕੀਤਾ ਜਾ ਰਿਹਾ ਹੈ।  ਪੰਜਾਬੀ ਮਿੰਨੀ ਕਹਾਣੀਆਂ ਹਿੰਦੀ, ਬੰਗਲਾ, ਮਰਾਠੀ, ਉਰਦੂ, ਗੁਜਰਾਤੀ, ਅੰਗਰੇਜ਼ੀ ਅਤੇ ਸ਼ਾਹਮੁਖੀ ਲਿਪੀ (ਪੱਛਮੀਂ ਪੰਜਾਬ-ਪਾਕਿਸਤਾਨ) ਵਿਚ ਵੀ ਅਨੁਵਾਦ/ਲਿੱਪੀਅੰਤਰ ਹੋ ਛੱਪ ਚੁੱਕੀਆਂ ਹਨ। ਕੁੱਲ ਮਿਲਾ ਕੇ ਮੌਲਿਕ ਕਾਰਜਾਂ ਦੇ ਨਾਲ-ਨਾਲ ਅਨੁਵਾਦ, ਸੰਪਾਦਨਾ ਅਤੇ ਆਲੋਚਨਾਤਮਕ ਕਾਰਜ ਵੀ ਸਕਾਰਾਤਮਕ ਪੱਧਰ ‘ਤੇ ਹੋ ਰਹੇ ਹਨ।

# 713, ਤ੍ਰਿਪੜੀ ਟਾਊਨ,
ਇਨਸਾਈਡ ਪੈਰਾਡਾਈਜ਼ ਪਲੇਅਵੇਅ ਸਕੂਲ,
ਪਟਿਆਲਾ-147004 (ਪੰਜਾਬ)
ਮੋਬਾਈਲ-9888553162