February 6, 2025

ਮੇਰੀ ਸਭ ਤੋਂ ਉੱਤਮ ਰਚਨਾ

ਬਲਵੰਤ ਗਾਰਗੀ

ਇਕ ਮਾਂ ਨੂੰ ਕਿਸੇ ਨੇ ਪੁੱਛਿਆ, ਤੈਨੂੰ ਆਪਣੇ ਚੌਹਾਂ ਪੁੱਤਾਂ ਵਿਚੋਂ ਸਭ ਤੋਂ ਚੰਗਾ ਕਿਹੜਾ ਪੁੱਤ ਲੱਗਦਾ ਹੈ? ਉਸਨੇ ਆਪਣੇ ਕੋਹਜੇ ਤੇ ਬਦਸੂਰਤ ਪੁੱਤ ਵੱਲ ਇਸ਼ਾਰਾ ਕਰਕੇ ਆਖਿਆ, ‘ਇਹ ਮੈਨੂੰ ਸਭ ਤੋਂ ਪਿਆਰਾ ਹੈ।’
ਜਦੋਂ ਮੈਨੂੰ ਕੋਈ ਪੁੱਛਦਾ ਹੈ ਕਿ ਮੇਰੀ ਸਭ ਤੋਂ ਉਤਮ ਰਚਨਾ ਕਿਹੜੀ ਹੈ ਤਾਂ ਮੈਂ ਏਸੇ ਮਾਂ ਵਾਂਗ ਸੋਚਣ ਲੱਗਦਾ ਹਾਂ।
ਮੈਨੂੰ ਆਪਣੇ ਉਹੀ ਨਾਟਕ ਤੇ ਨਾਵਲ ਬਹੁਤ ਅਜ਼ੀਜ਼ ਲਗਦੇ ਹਨ, ਜਿਨ੍ਹਾਂ ਨੂੰ ਕੁਝ ਵਿਦਵਾਨਾਂ ਨੇ ਭੰਡਿਆ ਤੇ ਇਨ੍ਹਾਂ ਦੇ ਖ਼ਿਲਾਫ਼ ਚਿਕੜ ਉਛਾਲਿਆ। ਇਸ ਨਾਲ ਮੇਰੇ ਨਾਟਕਾਂ ਦੇ ਚਿਹਰੇ ਹੋਰ ਹੁਸੀਨ ਹੋ ਗਏ, ਲੋਕਾਂ ਨੇ ਇਨ੍ਹਾਂ ਨੂੰ ਵਧੇਰੇ ਪਰਵਾਨ ਕੀਤਾ।
ਲਿਖਣ ਲਗਿਆਂ ਮੈਂ ਬਹੁਤਾ ਸੋਚਦਾ ਨਹੀਂ। ਤਰਕਮਈ ਸੋਚ ਨੂੰ ਮੈਂ ਕਿੱਲੀ ਉਤੇ ਟੰਗ ਦੇਂਦਾ ਹਾਂ ਤੇ ਮੇਰਾ ਉਪਚੇਤਨ ਮਨ ਚੇਤੰਨ ਹੋ ਕੇ ਰਚਦਾ ਹੈ। ਇਕ ਡੂੰਘੀ ਪਰਬਲ ਸੋਚ ਜੋ ਮੇਰੇ ਲਹੂ ਵਿਚ ਦੌੜਦੀ ਹੈ, ਮੇਰੇ ਉਤੇ ਹਾਵੀ ਹੋ ਜਾਂਦੀ ਹੈ।
ਇਕ ਵੇਲੇ ਮੈਨੂੰ ਆਪਣਾ ਨਾਟਕ ‘ਲੋਹਾ ਕੁੱਟ’ ਬਹੁਤ ਅਜ਼ੀਜ਼ ਸੀ। ਇਹ 1944 ਵਿਚ ਲਿਖਿਆ ਜਦੋਂ ਮੈਂ ਲਾਹੌਰ ਰੇਡੀਓ ਸਟੇਸ਼ਨ ਉਤੇ ਕੰਮ ਕਰਦਾ ਸਾਂ। ਇਸ ਵਿਚ ਕਾਕੂ ਦੀ ਬੀਵੀ ਸੰਤੀ ਦੇ ਮਨ ਵਿਚ ਦੱਬੀ ਬਗਾਵਤ ਦਾ ਜ਼ਿਕਰ ਹੈ। ਉਹ ਅਠਾਰਾਂ ਵਰ੍ਹੇ ਕਾਕੂ ਨਾਲ ਭੱਠੀ ‘ਤੇ ਕੰਮ ਕਰਦੀ ਹੌਲੀ ਹੌਲੀ ਏਸੇ ਜ਼ਿੰਦਗੀ ਦੀ ਆਦੀ ਹੋ ਗਈ ਹੈ ਤੇ ਉਸ ਨੇ ਪਰੰਪਰਾਗਤ ਬੀਵੀ ਦੀ ਹੋਣੀ ਨੂੰ ਕਬੂਲ ਕਰ ਲਿਆ ਹੈ। ਉਹ ਸੁੱਚੇ ਸਦਾਚਾਰ ਦੀ ਹਾਮੀ ਹੈ। ਉਸ ਦੀ ਜੁਆਨ ਧੀ ਬੈਣੋ ਮਾਂ ਬਾਪ ਦੇ ਵਿਰੁੱਧ ਬਗ਼ਾਵਤ ਕਰਦੀ ਹੈ ਤੇ ਜੱਟਾਂ ਦੇ ਪੁੱਤ ਸਰਵਣ ਨਾਲ ਦੌੜ ਜਾਂਦੀ ਹੈ। ਮਾਂ ਆਪਣੀ ਧੀ ਦੇ ਵਿਰੁੱਧ ਨਫ਼ਰਤ ਨਾਲ ਕੁੜ੍ਹਦੀ ਹੈ ਤੇ ਬਾਪ ਹਥੌੜੇ ਵਾਂਗ ਸਖ਼ਤ ਹੈ।
ਸਮਾਂ ਬੀਤਣ ਉਤੇ ਸੰਤੀ ਅੰਦਰ ਇਹ ਚੇਤਨਾ ਜਾਗਦੀ ਹੈ ਕਿ ਉਸ ਦੀ ਧੀ ਬੈਣੋ ਨੇ ਉਹ ਕੁਝ ਕੀਤਾ, ਜੋ ਸੰਤੀ ਖ਼ੁਦ ਨਹੀਂ ਸੀ ਕਰ ਸਕਦੀ। ਬੈਣੋ ਸ਼ਾਇਦ ਸੰਤੀ ਦਾ ਜੁਆਨ ਰੂਪ ਸੀ, ਉਸ ਦੀ ਮਨੋਵਿਗਿਆਨਕ ਤੜਪ ਦੀ ਹਾਨਣ, ਉਸ ਦੀ ਕੁੱਖ ਦੀ ਆਵਾਜ਼। ਧੀ ਆਪਣੀ ਮਾਂ ਦੀ ਹੋਂਦ ਦਾ ਹੀ ਪ੍ਰਤੀਬਿੰਬ ਸੀ। ਸੰਤੀ ਨੂੰ ਆਪਣੀ ਜੁਆਨੀ ਯਾਦ ਆਉਂਦੀ ਹੈ। ਜਦੋਂ ਉਹ ਗੱਜਣ ਨਾਲ ਚਰ੍ਹੀਆਂ ਚੂਪਦੀ ਤੇ ਖੇਡਦੀ ਸੀ। ਭੱਠੀ ਉੱਤੇ ਕੰਮ ਕਰਦੀ ਉਹ ਭੱਠੀ ਵਾਂਗ ਧੁਖਦੀ, ਬਲਦੀ, ਆਖ਼ਿਰ ਸੁਆਹ ਹੋ ਗਈ ਸੀ, ਪਰ ਸੁਆਹ ਵਿਚ ਹਾਲੇ ਵੀ ਕੁਝ ਚਿਣਗਾਂ ਦੱਬੀਆਂ ਹੋਈਆਂ ਸਨ। ਆਪਣੇ ਪਿਆਰ ਦੀ ਪੂਰਤੀ ਲਈ ਤੇ ਜਜ਼ਬੇ ਦੀ ਸਚਾਈ ਲਈ ਉਹ ਅਖ਼ੀਰ ਵਿਚ ਕਾਕੂ ਨੂੰ ਛੱਡ ਕੇ ਗੱਜਣ ਨਾਲ ਨਿਕਲ ਜਾਂਦੀ ਹੈ। ਇਸ ਵਿਚ ਪੀੜ੍ਹੀਆਂ ਦਾ ਪੁੱਠਾ ਗੇੜ ਹੈ। ਮਾਂ ਧੀ ਦੀ ਈਰਖ਼ਾ ਅਸਲ ਵਿਚ ਨਾੜੂਏ ਨਾਲ ਬੰਨ੍ਹੀ ਪਿਆਰ ਦੀ ਤੰਦ ਹੀ ਹੈ। ਇਥੇ ਜੁਆਨ ਪੀੜ੍ਹੀ ਪੁਰਾਣੀ ਪੀੜ੍ਹੀ ਨੂੰ ਵੰਗਾਰਦੀ ਤੇ ਜਜ਼ਬੇ ਦੀ ਸਚਾਈ ਦਾ ਚਾਨਣ ਦਿਖਾਉਂਦੀ ਹੈ।
ਇਹ ਨਾਟਕ ਕਈ ਸਾਲ ਸਾਹਿਤਕ ਬਹਿਸਾਂ ਤੇ ਨਾਟਕੀ ਟੱਕਰਾਂ ਦਾ ਵਿਸ਼ਾ ਬਣਿਆ ਰਿਹਾ ਤੇ ਹੌਲੀ ਹੌਲੀ ਵਿਦਵਾਨਾਂ ਨੇ ਇਸ ਨੂੰ ਪ੍ਰਵਾਨ ਕਰ ਲਿਆ।
1950 ਵਿੱਚ ਮੈਂ ‘ਪੱਤਣ ਦੀ ਬੇੜੀ’ ਇਕਾਂਗੀ ਲਿਖ ਰਿਹਾ ਸਾਂ। ਇਸ ਵਿਚ ਇਕ ਮਲਾਹ ਦੀ ਬੀਵੀ ਦੀਪੋ ਆਪਣੇ ਪਤੀ ਦੇ ਮਿੱਤਰ ਨੂੰ ਪਿਆਰ ਕਰਨ ਲਗਦੀ ਹੈ ਪਰ ਉਹ ਆਪਣੇ ਪਤੀ ਨੂੰ ਵੀ ਉਤਨਾ ਹੀ ਪਿਆਰ ਕਰਦੀ ਹੈ। ਉਹ ਦੋਹਾਂ ਵਿਚ ਵੰਡੀ ਹੋਈ ਪਾਟੀ ਰੂਹ ਹੈ। ਜਜ਼ਬਾਤ ਦੇ ਦਰਿਆ ਵਿਚ ਤੂਫ਼ਾਨ ਆਉਂਦਾ ਹੈ ਪਰ ਦੀਪੋ ਜੰਡ ਨਾਲ ਬੰਨ੍ਹੀ ਬੇੜੀ ਵਾਂਗ ਹੈ ਜੋ ਸਮਾਜ ਦੇ ਪੱਤਣ ਨਾਲ ਲੱਗੀ ਹੋਈ ਹੈ।
ਇਸ ਨਾਟਕ ਦੀ ਨਾਇਕਾ ਨੂੰ ਕਈ ਤੀਵੀਆਂ ਨੇ ਭੰਡਿਆ ਕਿ ਇਸ ਤਰ੍ਹਾਂ ਦੂਹਰਾ ਪਿਆਰ ਮੁਮਕਿਨ ਨਹੀਂ। ਪਰ ਕਾਲਜ ਦੀਆਂ ਕੁੜੀਆਂ ਨੇ ਇਸ ਨਾਟਕ ਨੂੰ ਪੜ੍ਹਿਆ ਤੇ ਕਈ ਥਾਵਾਂ ਉੱਤੇ ਖੇਡਿਆ। ਨਾਟਕ ਆਲ ਇੰਡੀਆ ਰੇਡੀਓ ਲਈ ਲਿਖਿਆ ਗਿਆ ਸੀ ਤੇ ਪੰਜਾਬੀ ਦਾ ਮੋਢੀ ਨਾਟਕਕਾਰ ਆਈ.ਸੀ. ਨੰਦਾ ਇਸ ਵਿਸ਼ੇ ਦੇ ਬਹੁਤ ਵਿਰੁੱਧ ਬੋਲਿਆ। ਮੈਂ ਪਰੰਪਰਾਗਤ ਪਿਆਰ ਤੇ ਖੋਖਲੀਆਂ ਸਮਾਜਿਕ ਕੀਮਤਾਂ ਦੇ ਖ਼ਿਲਾਫ਼ ਸਾਂ। ਮੈਨੂੰ ਅਜਿਹੇ ਵਿਸ਼ੇ ਚੰਗੇ ਲੱਗਦੇ ਹਨ ਜੋ ਮਨੁੱਖੀ ਮਨ ਦੇ ਹਨੇਰੇ ਖੂਹ ਵਿਚ ਝਾਤ ਪੁਆਉਣ। ‘ਪੱਤਣ ਦੀ ਬੇੜੀ’ ਕਈ ਸਾਲ ਅਜੀਜ਼ ਰਿਹਾ। ਦਰਅਸਲ ਇਸ ਦੀ ਨਾਇਕ ਦੀਪੋ ਲੋਹਾ ਕੁੱਟ ਦੀ ਸੰਤੀ ਹੀ ਸੀ ਜੋ ਘਰ ਛੱਡ ਕੇ ਦੌੜਨ ਦੀ ਥਾਂ ਸਮਾਜ ਦੇ ਜੰਡ ਨਾਲ ਬੰਨ੍ਹੀ, ਬਿਹਬਲ, ਲਾਚਾਰ, ਮਾਨਸਿਕ ਸੰਤਾਪ ਕੱਟ ਰਹੀ ਹੈ ਤੇ ਡੂੰਘੇ ਦੁਖਾਂਤ ਨੂੰ ਉਘਾੜਦੀ ਹੈ।
‘ਕਣਕ ਦੀ ਬੱਲੀ’ ਮੈਂ 1954 ਵਿਚ ਲਿਖਿਆ ਤੇ ਦਿੱਲੀ ਆਰਟ ਥੀਏਟਰ ਵੱਲੋਂ 1958 ਵਿਚ ਇਸ ਨੂੰ ਖੇਡਿਆ ਗਿਆ। ਇਸ ਦੀ ਹੀਰੋਇਨ ਤਾਰੋ ਪਿੰਡ ਦੀ ਇਕ ਸੁਹਣੀ ਕੁੜੀ ਹੈ। ਮੈਂ ਇਸ ਦਾ ਵਿਸ਼ਾ ਪੰਜਾਬੀ ਲੋਕ ਬੋਲੀ ‘ਬੱਲੀਏ ਕਣਕ ਦੀਏ ਤੈਨੂੰ ਖਾਣਗੇ ਨਸੀਬਾਂ ਵਾਲੇ’ ਤੋਂ ਪ੍ਰੇਰਿਤ ਹੋ ਕੇ ਚੁਣਿਆ।
ਤਾਰੋ ਅੱਲ੍ਹੜ ਤੇ ਹੁਸੀਨ ਹੈ ਤੇ ਉਸ ਨੂੰ ਚੂੜੀਆਂ ਵੇਚਣ ਵਾਲੇ ਗੱਭਰੂ ਬਚਨੇ ਨਾਲ ਪਿਆਰ ਹੋ ਜਾਂਦਾ ਹੈ। ਹਰੇਕ ਇਸ ਪਿਆਰ ਦੇ ਖ਼ਿਲਾਫ਼ ਹੈ ਤੇ ਇਸ ਖ਼ੂਬਸੂਰਤੀ ਨੂੰ ਨੋਚਣ, ਵੱਢਣ ਤੇ ਹੜੱਪ ਕਰਨ ਲਈ ਹਰ ਕੋਈ ਕਿਸੇ ਨਾ ਕਿਸੇ ਰੂਪ ਵਿਚ ਤਿਆਰ ਹੈ – ਬਦਮਾਸ਼ ਜ਼ਿੰਮੀਦਾਰ ਮੱਘਰ ਜੋ ਤਿੰਨ ਵਿਆਹ ਕਰਨ ਪਿੱਛੋਂ ਤਾਰੋ ਨੂੰ ਮੁੱਲ ਲੈਣ ਦੀਆਂ ਵਿਉਂਤਾਂ ਬਣਾਉਂਦਾ ਹੈ। ਬੁੱਢੀ ਫੱਫੇਕੁਟਣੀ ਤਾਬਾਂ ਜੋ ਤੀਵੀਆਂ ਨੂੰ ਉਧਾਲਣ, ਵੇਚਣ ਤੇ ਕੁੜੀਆਂ ਦੀਆਂ ਸ਼ਾਦੀਆਂ ਕਰਾਉਣ ਵਿਚ ਮਾਹਰ ਹੈ। ਤਾਰੋ ਦਾ ਮਾਮਾ ਮਾੜੂ ਜੋ ਸ਼ਰਾਬ ਪੀ ਕੇ ਹਰ ਚੀਜ਼ ਨੂੰ ਵੇਚ ਰਿਹਾ ਹੈ – ਬੇਰਾਂ ਨਾਲ ਲੱਦੀ ਬੇਰੀ ਨੂੰ, ਆਪਣੀ ਜ਼ਮੀਰ ਨੂੰ, ਤਾਰੋ ਨੂੰ। ਇਸ ਨਾਟਕ ਵਿੱਚ ਚੰਗੇ ਤੇ ਭੈੜੇ ਲੋਕ ਆਪਸ ਵਿਚ ਰਲੇ ਮਿਲੇ ਹਨ; ਪਾਪ ਤੇ ਪੁੰਨ, ਹੁਸਨ ਤੇ ਬਦਸੂਰਤੀ, ਦੁੱਧ ਤੇ ਚਿੱਕੜ। ਇਹ ਨਾਟਕ ਹੁਣ ਤੀਕ ਖੇਡਿਆ ਜਾ ਰਿਹਾ ਹੈ।
‘ਕਣਕ ਦੀ ਬੱਲੀ’ ਪੰਜਾਬ ਤੇ ਦਿੱਲੀ ਵਿਚ ਕਈ ਵਾਰ ਖੇਡਿਆ ਗਿਆ। ਬਲਰਾਜ ਸਹਾਨੀ ਨੇ 1972 ਵਿਚ ਇਸ ਨੂੰ ਬੰਬਈ ਵਿਚ ਡਾਇਰੈਕਟ ਕੀਤਾ ਤੇ ਖ਼ੁਦ ਮੱਘਰ ਦਾ ਪਾਰਟ ਕੀਤਾ। ਤਿੰਨ ਸਾਲ ਹੋਏ ਮੈਂ ਇਸ ਨੂੰ ਡਾਇਰੈਕਟ ਕਰਨ ਲਈ ਗਲਾਸਗੋ ਗਿਆ, ਜਿਥੇ ਗਲਾਸਗੋ ਆਰਟਸ ਸੈਂਟਰ ਦੇ ਏਸ਼ਿਆਈ ਵਿਭਾਗ ਨੇ ਇਸ ਨੂੰ ਅੰਗਰੇਜ਼ੀ ਵਿਚ ‘ਦ ਮੈਂਗੋ ਟ੍ਰੀ’ ਦੇ ਨਾਂ ਹੇਠ ਪ੍ਰਸਤੁਤ ਕੀਤਾ। ਇਸ ਵਿਚ ਸਕਾਟਲੈਂਡ ਦੀਆਂ ਐਕਟਰੈਸਾਂ ਤੇ ਐਕਟਰਾਂ ਨੇ ਪਾਰਟ ਕੀਤਾ। ਗਲਾਸਗੋ ਵਿਚ ਇਸ ਨਾਟਕ ਦੇ ਲੋਕ-ਤਾਤਵਿਕ ਰੂਪ ਤੇ ਪੰਜਾਬੀ ਰੰਗ ਅੰਗਰੇਜ਼ੀ ਭਾਸ਼ਾ ਵਿੱਚ ਬੜੀ ਚੰਗੀ ਤਰ੍ਹਾਂ ਉਘੜੇ।
ਮੇਰਾ ਇਕ ਨਾਟਕ ‘ਸੌਕਣ’ ਹੈ ਜੋ ਅੱਠ ਸਾਲ ਹੋਏ ਲਿਖਿਆ। ਇਸ ਦਾ ਵਿਸ਼ਾ ਇਕ ਘੋਰ ਕੌੜਾ ਸੱਚ ਸੀ ਜਿਸ ਨੂੰ ਪਾਪ ਸਮਝਿਆ ਜਾਂਦਾ ਹੈ।
ਪਾਪ ਦਾ ਵਿਸ਼ਾ ਕਲਾ ਦੇ ਪੱਖੋਂ ਵਧੇਰੇ ਕਸ਼ਿਸ਼ ਰੱਖਦਾ ਹੈ। ਯੂਨਾਨੀ ਨਾਟਕਾਂ ਦੇ ਬਹੁਤੇ ਵਿਸ਼ੇ ਪਾਪ ਤੇ ਕਤਲ ਤੇ ਜੁਰਮ ਦੇ ਹਨ। ‘ਸੌਂਕਣ’ ਵਿਚ ਇਕ ਪਿੰਡ ਦੇ ਵਿਹੜੇ ਵਿਚ ਮਾਂ, ਪੁੱਤ ਤੇ ਧੀ ਰਹਿ ਰਹੇ ਸਨ। ਉਹਨਾਂ ਦੀਆਂ ਕਾਮ ਨਾਲ ਜਾਗੀਆਂ ਤੜਪਾਂ ਉਹਨਾਂ ਨੂੰ ਪਾਪ-ਚੱਕਰ ਵਿਚ ਬੰਨ੍ਹਦੀਆਂ ਹਨ। ਇਨ੍ਹਾਂ ਭੋਗ ਇੱਛਾਵਾਂ ਪਿੱਛੇ ਉਹਨਾਂ ਦੇ ਅਚੇਤ ਤੇ ਉਪਚੇਤ ਮਨ ਵਿੱਚ ਵਿਚਰ ਰਹੀਆਂ ਪੁੱਠੀਆਂ ਕਾਮਨਾਵਾਂ ਸਾਕਾਰ ਰੂਪ ਧਾਰਦੀਆਂ ਹਨ ਤੇ ਵਿਕਰਾਲ ਸ਼ਕਤੀ ਨਾਲ ਇਕ ਦੂਜੇ ਨੂੰ ਡੱਸਦੀਆਂ ਹਨ। ਇਹ ਪਾਪ ਕੀ ਹੈ? ਇਸ ਦਾ ਮਾਨਸਿਕ ਤੇ ਆਦਿ ਕਾਲੀਨ ਪਿਛੋਕੜ ਇਸ ਨਾਟਕ ਦੀ ਪ੍ਰਿਸ਼ਠ ਭੂਮੀ ਹੈ।
ਪਿਛਲੇ ਤਿੰਨ ਸਾਲ ਵਿਚ ਮੇਰੀ ਸਵੈ-ਜੀਵਨੀ ‘ਨੰਗੀ ਧੁੱਪ’ ਜੋ ਅੰਗਰੇਜ਼ੀ ਵਿਚ ‘ਦ ਨੇਕਿਡ ਟ੍ਰਾਇਐਂਗਲ’ ਨੇ ਮੈਨੂੰ ਸਭ ਤੋਂ ਵਧੇਰੇ ਫਿੱਟ ਲਾਹਨਤੀਆਂ ਤੇ ਸਭ ਤੋਂ ਵਧੇਰੇ ਪ੍ਰਸੰਸਾ ਤੇ ਅਸ਼ੀਰਵਾਦਾਂ ਦਾ ਭਾਗੀ ਬਣਾਇਆ। ਇਹ ਨਾਵਲ ਜਾਂ ਸਵੈ-ਜੀਵਨੀ ਜੋ ਵੀ ਇਸ ਨੂੰ ਆਖੋ ਮੇਰੀਆਂ ਆਪਣੀਆਂ ਹੱਡੀਆਂ ਦਾ ਸੇਕ ਹੈ। ਮੇਰਾ ਲਿਖਿਆ ਨਾਟਕ ‘ਚਾਕੂ’ ਨੇ ਵੀ ਮੈਨੂੰ ਰਤਾ ਕੁ ਜ਼ਖਮੀ ਕੀਤਾ। ਭਾਪਾ ਪ੍ਰੀਤਮ ਸਿੰਘ ‘ਆਰਸੀ’ ਵਿਚ ਛਾਪਣ ਵਾਸਤੇ ਇਸ ਨੂੰ ਲੈ ਗਏ ਪਰ ਚਾਰ ਮਹੀਨੇ ਪਿੱਛੋਂ ਇਹ ਆਖ ਕੇ ਮੋੜ ਦਿੱਤਾ, ‘ਯਾਰ ਮੈਂ ਆਰਸੀ ਵਿਚ ਇਹ ਨਾਟਕ ਨਹੀਂ ਛਾਪਣਾ।’ ਭਾਪਾ ਪ੍ਰੀਤ ਸਿੰਘ ਨੇ ਮੇਰੀ ਕਦੇ ਕੋਈ ਚੀਜ਼ ਨਹੀਂ ਮੋੜੀ ਪਰ ‘ਚਾਕੂ’ ਮੋੜ ਦਿੱਤਾ। ਇਸ ਦੇ ਵਿ²ਸ਼ੇ ਤੋਂ ਉਹ ਘਬਰਾਉਂਦੇ ਸਨ। ਉਨ੍ਹਾਂ ਨੇ ‘ਸੌਂਕਣ’ ਛਾਪਿਆ।
ਚਾਕੂ ਨੂੰ ਵੀ ਉਨ੍ਹਾਂ ਨੇ ਕਿਤਾਬੀ ਰੂਪ ਵਿਚ ਛਾਪ ਦਿਤਾ। ਪਰ ਆਰਸੀ ਦੇ ਪੰਨਿਆਂ ਨੂੰ ਬਚਾਈ ਰੱਖਿਆ। ਮੈਂ ਕੁਝ ਹੈਰਾਨ ਵੀ ਹੋਇਆ ‘ਚਾਕੂ’ ਦਾ ਵਿਸ਼ਾ ਇਕ ਅਵਾਰਾ ਨੌਜਵਾਨ ਤੇ ਉਸ ਦੀਆਂ ਤਪਦੀਆਂ ਮਾਨਸਿਕ ਭਾਵਨਾਵਾਂ ਦੀ ਪੁੱਠੀ ਤੇ ਅਜੀਬੋ ਗਰੀਬ ਕਲਪਨਾ ਦਾ ਨਾਟਕੀ ਰੂਪ ਹੈ। ਉਹ ਖੁਦਕੁਸ਼ੀ ਕਰਨ ਲਈ ਸਮੁੰਦਰ ਦੇ ਕੰਢੇ ਆਉਂਦਾ ਹੈ। Îਇਥੇ ਉਸ ਦੀ ਇਕ ਐਕਟਰੈਸ ਨਾਲ ਮੁਲਾਕਾਤ ਹੁੰਦੀ ਹੈ, ਜਿਸ ਨੇ ਬੁੱਢੀ ਔਰਤ ਦਾ ਭੇਸ ਬਣਾ ਰੱਖਿਆ ਹੈ। ਇਹ ਨੌਜੁਆਨ ਉਸ ਬੁੱਢੀ ਦੇ ਇਸ਼ਕ ਵਿਚ ਗ੍ਰਿਫ਼ਤਾਰ ਹੋ ਜਾਂਦਾ ਹੈ, ਪਰ ਜਦੋਂ ਐਕਟਰੈਸ ਉਸ ਦੇ ਇਸ਼ਕ ਦਾ ਇਮਤਿਹਾਨ ਲੈਕੇ ਆਪਣੇ ਮੇਕ-ਅੱਪ ਦੀ ਝਿੱਲੀ ਤੇ ਪਾਟਿਆ ਵੇਸ ਲਾਹ ਸੁੱਟਦੀ ਹੈ ਤੇ ਹੁਸੀਨ ਰੂਪ ਵਿਚ ਨਜ਼ਰ ਆਉਂਦੀ ਹੈ ਤਾਂ ਇਹ ਨੌਜਵਾਨ ਉਸ ਨੂੰ ਤ੍ਰਿਸਕਾਰਦਾ ਹੈ। ਨੌਜਵਾਨ ਜੇਬ ਵਿਚ ਖੁੰਡਾ ਚਾਕੂ ਰੱਖਦਾ ਹੈ ਤੇ ਇਹ ਖੁੰਡਾ ਚਾਕੂ ਉਸ ਨੂੰ ਡਰ ਤੋਂ ਬਚਾਉਂਦਾ ਹੈ। ਐਕਟਰੈਸ ਦੀ ਮਾਂ ਆਪਣੀ ਧੀ ਨੂੰ ਢੂੰਡਦੀ ਹੋਈ ਆਉਂਦੀ ਹੈ। ਇਸ ਨੌਜਵਾਨ ਨੂੰ ਮਾਂ ਐਕਟਰੈਸ ਦਾ ਮੁਢਲਾ ਤੇ ਅਸਲੀ ਰੂਪ ਜਾਪਦੀ ਹੈ ਤੇ ਉਹ ਉਸ ਨੂੰ ਪਿਆਰ ਜਿਤਾਉਣ ਲਗਦਾ ਹੈ। ਅਖੀਰ ਵਿਚ ਮਾਂ ਧੀ ਤੇ ਉਸ ਦਾ ਆਸ਼ਕ ਇਸ ਫੱਕੜ ਨੌਜਵਾਨ ਨੂੰ ਛੱਡਕੇ ਚਲੇ ਜਾਂਦੇ ਹਨ। ਚੰਦ ਚਮਕ ਰਿਹਾ ਹੈ। ਸਮੁੰਦਰ ਦੀਆਂ ਲਹਿਰਾਂ ਉਠ ਰਹੀਆਂ ਹਨ। ਨੌਜਵਾਨ ਖੁੰਢੇ ਚਾਕੂ ਨੂੰ ਦੇਖਦਾ ਤੇ ਦੁਬਾਰਾ ਖ਼ੁਦਕੁਸ਼ੀ ਕਰਨ ਲਈ ਚੱਟਾਨ ਵੱਲ ਵੱਧਦਾ ਹੈ।
ਮੇਰੀ ਹਰ ਦਲੇਰ ਰਚਨਾ ਨੂੰ ਪਹਿਲਾਂ ਪਹਿਲ ਸਾਹਿਤਕ ਚੌਧਰੀਆਂ ਨੇ ਭੰਡਿਆ ਜਾਂ ਇਸ ਉਤੇ ਕਿੰਤੂ ਕੀਤੇ। ਇਹ ਹਮੇਸ਼ਾ ਮੈਨੂੰ ਇਸ ਗੱਲ ਦੀ ਦਲੀਲ ਲੱਗੀ ਕਿ ਮੇਰੀ ਰਚਨਾ ਨੂੰ ਇਨ੍ਹਾਂ ਦੀਆਂ ਪੁਰਾਣੀਆਂ ਕਸੌਟੀਆਂ ਉਤੇ ਨਹੀਂ ਪਰਖਿਆ ਜਾ ਸਕਦਾ। ਪਾਠਕ ਹੀ ਅਸਲੀ ਕਸਵੱਟੀ ਹਨ।
ਮੇਰੀ ਹਰ ਉਹ ਰਚਨਾ ਜੋ ਅੰਤ ਵਿਚ ਕਾਮਯਾਬ ਤੇ ਸਾਹਿਤਕ ਸਾਬਤ ਹੋਈ, ਇਸੇ ਹੋਣੀ ਦੀ ਭਾਗੀ ਰਹੀ ਹੈ।
(ਧੰਨਵਾਦ ਸਹਿਤ : ਲੋਕ ਗੀਤ ਪ੍ਰਕਾਸ਼ਨ)