November 11, 2024

ਅਲੋਪ ਹੁੰਦੇ ਜਾ ਰਹੇ ਸ਼ਬਦ…

ਸ਼ਬਦ : ਟੁੱਕ, ਅਰਥ : ਰੋਟੀ ਦਾ ਟੁਕੜਾ
ਵਾਕ—ਉਹ ਮਾਂ ਮਰ ਗਈ , ਜਿਹੜੀ ਦਹੀਂ-ਮੱਖਣ ਨਾਲ ਟੁੱਕ ਦਿੰਦੀ ਸੀ: ਬੀਤੇ ਸਮੇਂ ਦੇ ਸੁੱਖਾਂ ਦੀ ਆਸ ਕਰਨ ਵਾਲੇ ਵਿਅਕਤੀ ‘ਤੇ ਲਾਗੂ ਹੁੰਦਾ ਹੈ।

ਸ਼ਬਦ : ਠੀਕਰੀਆਂ, ਅਰਥ : ਮਿੱਟੀ ਦਾ ਪੱਕਾ ਭਾਂਡਾ ਟੁੱਟਣ ਤੋਂ ਬਾਅਦ ਬਣੇ ਟੋਟੇ।
ਵਾਕ—ਉੱਚਾ ਲੰਮਾ ਗੱਭਰੂ, ਪੱਲੇ ਠੀਕਰੀਆਂ : ਸ਼ਕਲ ਦਾ ਚੰਗਾ ਪਰ ਗੁਣਾਂ ਕਰਕੇ ਮਾੜਾ।

ਸ਼ਬਦ : ਗੜਗੱਜ, ਅਰਥ : ਉੱਚਾ ਸ਼ੋਰ
ਵਾਕ—ਅੱਗੇ ਬੀਬੀ ਟੱਪਣੀ ਪਿੱਛੇ ਢੋਲਾਂ ਦੀ ਗੜਗੱਜ : ਜਦੋਂ ਕੋਈ ਬੇਕਾਬੂ ਸੁਭਾਅ ਦਾ ਮਾਲਕ ਹੋਵੇ, ਉਪਰੋਂ ਹਾਲਾਤ ਵੀ ਉਹੋ ਜਿਹੇ ਹੀ ਮਿਲ ਜਾਣ।

ਸ਼ਬਦ : ਹੇਜਲੀ, ਅਰਥ : ਹਮਦਰਦ
ਵਾਕ—ਅੰਮਾਂ (ਮਾਂ) ਨਾਲੋਂ ਹੇਜਲੀ, ਸੋ ਫੱਫੇ ਕੁੱਟਣ: ਜਦੋਂ ਕੋਈ ਹੋਰ ਬੰਦਾ ਕਿਸੇ ਦੇ ਸਕਿਆਂ ਨਾਲੋਂ ਵਧੇਰੇ ਹਮਦਰਦ ਬਣਨ ਦਾ ਦਾਅਵਾ ਕਰੇ ।

ਸ਼ਬਦ : ਊਤ, ਅਰਥ : ਸਰੀਰਕ ਤਕੜਾਈ ਵਾਲਾ ਸੋਚਹੀਣ ਵਿਅਕਤੀ
ਵਾਕ—ਇਕ ਨੂੰ ਕੀ ਰੋਨੀ ਏਂ, ਏਥੇ ਊਤ ਗਿਆ ਈ ਆਵਾ: ਜਦ ਕੋਈ ਇਕ ਸ਼ੈ ਦੇ ਖਰਾਬ ਹੋ ਜਾਣ ਤੇ ਅਫਸੋਸ ਕਰਦਾ ਹੋਵੇ, ਤੇ ਉਹਨੂੰ ਦੱਸਣਾ ਹੋਵੇ ਕਿ ਤੇਰੀਆਂ ਤਾਂ ਹੋਰ ਵੀ ਕਈ ਸ਼ੈਆਂ ਖਰਾਬ ਹੋ ਗਈਆਂ ਹਨ ।

ਸ਼ਬਦ : ਜਠੇਰੇ, ਅਰਥ : ਪਿਤਰੀ ਸਥਾਨ
ਵਾਕ—ਇੱਲ ਝੁਰਾਟੀ ਧਾੜੀ, ਜਠੇਰਿਆਂ ਤੇ ਚਾੜ੍ਹੀ: ਜਦੋਂ ਕੋਈ ਚੀਜ਼ ਹੱਥੋਂ ਜਾ ਰਹੀ ਹੋਵੇ ਜਾਂ ਖ਼ਰਾਬ ਹੋ ਰਹੀ ਹੋਵੇ ਤੇ ਉਹੀ ਚੀਜ਼ ਕਿਸੇ ਨੂੰ ਦੇ ਕੇ ਅਹਿਸਾਨ ਜਤਾਉਣਾ ।

ਸ਼ਬਦ : ਸੂਮ, ਅਰਥ : ਸਾਧਨ ਸੰਪੰਨ ਪਰ ਖਰਚ ਜਾਂ ਮਦਦ ਨਾ ਕਰਨ ਵਾਲਾ ਵਿਅਕਤੀ।
ਵਾਕ—ਸਖੀ ਨਾਲੋਂ ਸੂਮ ਭਲਾ, ਜੋ ਤੁਰਤ ਦੇਵੇ ਜਵਾਬ: ਟਾਲ-ਮਟੋਲੇ ਕਰਨ ਵਾਲੇ ਨਾਲੋਂ ਜਵਾਬ ਦੇਣ ਵਾਲਾ ਹੀ ਚੰਗਾ ਹੈ

ਸ਼ਬਦ : ਆਰਸੀ, ਅਰਥ : ਸ਼ੀਸ਼ਾ
ਵਾਕ—ਹੱਥ ਕੰਗਣ ਨੂੰ (ਸ਼ੀਸ਼ਾ) ਆਰਸੀ ਕੀ, ਪੜ੍ਹੇ ਲਿਖੇ ਨੂੰ ਫ਼ਾਰਸੀ ਕੀ: ਸਾਮ੍ਹਣੇ ਪਈ ਚੀਜ਼ ਲਈ ਕਿਸੇ ਪ੍ਰਮਾਣ ਦੀ ਲੋੜ ਨਹੀਂ।

ਸ਼ਬਦ : ਭੜੋਲੇ, ਅਰਥ : ਮਿੱਟੀ ਦਾ ਢੋਲ ਜਿਹੜਾ ਕਣਕ ਜਾਂ ਹੋਰ ਅਨਾਜ ਪਾਉਣ ਲਈ ਵਰਤਿਆ ਜਾਂਦਾ ਸੀ।
ਵਾਕ—ਹਾੜ੍ਹ ਸੜੇ ਸਾਵਣ ਵਰ੍ਹੇ ਜੱਟ ਭੜੋਲੇ ਭਰੇ: ਜਦੋਂ ਹਾੜ੍ਹ ਵਿਚ ਚੰਗੀ ਗਰਮੀ ਹੋਵੇ ਅਤੇ ਸਾਵਣ ਵਿਚ ਰੱਜ ਕੇ ਵਰਖਾ ਹੋਵੇ ਤਾਂ ਅੰਨ ਦੀ ਉਪਜ ਚੋਖੀ ਹੋ ਜਾਂਦੀ ਹੈ।