October 8, 2024

ਸੰਦੀਪ ਬਾਦਸ਼ਾਹਪੁਰੀ

ਨੀ ਕੁੜੀਓ !

ਨੀ ਕੁੜੀਓ !
ਨੀ ਮੇਰੀਓ ਸਖੀਓ !
ਜਾਗੋ, ਆਓ!
ਮੁਕਤ ਹੋ ਜਾਓ,
ਬਣਾਵਟ ਪਸੰਦ ਯੁੱਗ ਵਿੱਚੋਂ
ਗਹਿਣਿਆਂ ਸੂਟਾਂ,
ਸਜਾਵਟ ਦੇ ਭਰਮ ਨੂੰ ਤਿਆਗ
ਖੋਲ੍ਹ ਲਵੋ
ਦਿਮਾਗ ਦੇ ਬੂਹੇ ਬਾਰੀਆਂ।
ਅੰਦਰ ਆਉਣ ਦੇਵੋ
ਗਿਆਨ ਦਾ ਚਾਨਣ।
ਸਜਾ ਲਓ ਹਰ ਕੋਨੇ ਨੂੰ
ਸੋਹਣੇ ਤਾਕਤਵਰ ਵਿਚਾਰਾਂ ਨਾਲ।
ਅਜਿਹੇ ਵਿਚਾਰ
ਜੋ ਲਿਸ਼ਕਾ ਦੇਣ
ਥੋਡੇ ਕਿਰਦਾਰ ਨੂੰ
ਖ਼ਰੇ ਸੋਨੇ ਦੇ ਵਾਂਗੂੰ।
ਮੈਨੂੰ ਪਤਾ!
ਥੋਨੂੰ ਪਸੰਦ ਹੋਣਾ ਮੇਲੇ ਜਾਣਾ।
ਮੈਨੂੰ ਵੀ ਬੇਹੱਦ ਪਸੰਦ ਏ।
ਪਰ ਭੀੜ ਭੜੱਕਾ ਤੇ
ਰੌਲਾ-ਰੱਪੇ ਗਵਾਚਣਾ ਨਹੀਂ।
ਮੈਨੂੰ ਪਸੰਦ ਨੇ ਉਹ ਮੇਲੇ
ਜਿੱਥੇ ਹਰ ਪਾਸੇ ਘੁੰਮਦੇ ਨੇ
ਜਾਗਦੇ ਸਿਰਾਂ ਵਾਲੇ ਲੋਕ।
ਜਿੱਥੇ ਵੰਨ-ਸਵੰਨੀਆਂ ਕਿਤਾਬਾਂ ਨਾਲ
ਸਜੀਆਂ ਹੁੰਦੀਆਂ ਨੇ ਦੁਕਾਨਾਂ।
ਜਿੱਥੋਂ ਦੀ ਫ਼ਿਜ਼ਾ ਅੰਦਰ
ਘੁਲਿਆ ਹੁੰਦਾ ਸਾਹਿਤਕ ਰੰਗ।
ਮੈਂ ਚਾਹੁੰਦੀ ਹਾਂ
ਤੁਸੀਂ ਵੀ ਵੰਗਾਂ , ਪਰਾਂਦਿਆਂ ਦੇ ਵਾਂਗ
ਖਰੀਦੋ ਚੰਗੀਆਂ ਕਿਤਾਬਾਂ।
ਸ਼ਿੰਗਾਰ ਕਰੋ ਆਪਣੇ ਖ਼ਿਆਲਾਂ ਦਾ,
ਨਿਖ਼ਾਰੋ ਆਪਣੇ ਵਿਚਾਰ…