October 7, 2024

ਰਾਣੀ ਸ਼ਰਮਾ

ਅੱਖ ਚੰਦਰੀ ਦੀ ਸ਼ਰਾਰਤ ਵੇਖ ਲੈ ।
ਹੋ ਗਈ ਫਿਰ ਤੋਂ ਮੁਹੱਬਤ ਵੇਖ ਲੈ ।

ਇਸ਼ਕ ਮੰਗੇ ਖ਼ੈਰ ਦਿਲਬਰ ਦੀ ਸਦਾ ,
ਤੂੰ ਵੀ ਕਰਕੇ ਇਹ ਇਬਾਦਤ ਵੇਖ ਲੈ ।

ਮੌਸਮਾਂ ਦੇ ਵਾਂਗ ਬਦਲੇ ਰੰਗ ਉਹ ,
ਯਾਰ ਮੇਰੇ ਦੀ ਸਿਆਸਤ ਵੇਖ ਲੈ ।

ਬਦਸਲੂਕੀ ਜੇ ਰੁਕੀ ਨਾ ਇਹ ਤੇਰੀ ,
ਕਰ ਅਸਾਂ ਦੇਣੀ ਬਗ਼ਾਵਤ ਵੇਖ ਲੈ ।

ਜੇ ਦਿਲਾ ਕਰਕੇ ਤੁਰੇ ਸੀ ਹੌਸਲਾ ,
ਟਲ਼ ਗਈ ਸਿਰ ਤੋਂ ਮੁਸੀਬਤ ਵੇਖ ਲੈ ।

J

ਸਰਦਾ ਏ ਤਾਂ ਸਾਰ ਕੇ ਵੇਖੀਂ ।
ਮਨ ਅਪਣੇ ਨੂੰ ਮਾਰ ਕੇ ਵੇਖੀਂ।

ਰੋ ਕੇ ਕੁਝ ਨਈਂ ਬਣਨਾ ਏਥੇ,
ਦਿਲ ਦੀ ਪੀੜ ਸਹਾਰ ਕੇ ਵੇਖੀਂ।

ਇਸ਼ਕ ਸਮੁੰਦਰ ਕੀ ਤਰਨਾ ਏ,
ਜਿੱਤੀ ਬਾਜ਼ੀ ਹਾਰ ਕੇ ਵੇਖੀਂ ।

ਚੜ੍ਹਦੀ ਉਮਰੇ ਦਿਲਬਰ ਉੱਤੋਂ ,
ਦਿਲ ਦੇ ਸੁਪਨੇ ਵਾਰ ਕੇ ਵੇਖੀਂ।

ਜ਼ੁਲਮਾਂ ਦੀ ਜੇ ਹੱਦ ਗੁਜ਼ਾਰੇ,
ਹਾਕਮ ਨੂੰ ਵੰਗਾਰ ਕੇ ਵੇਖੀਂ ।