February 6, 2025

ਲਵਪ੍ਰੀਤ

ਸਫ਼ਰ…
ਆਦਿ ਤੋਂ ਅੰਤ ਦਾ

ਬਾਬੇ ਦੀ ਪਹਿਲੀ
ਉਦਾਸੀ ਤੋਂ
ਆਖ਼ਰ ਉਦਾਸੀ ਤੱਕ ਦਾ

ਸਫ਼ਰ….
ਏਕਮ ਓਅੰਕਾਰ ਦੇ
ਆਲੇ ਦੁਆਲੇ ਘੁੰਮਦੇ
ਸਮੁੱਚੇ ਬ੍ਰਹਿਮੰਡ ਦਾ

ਸਫ਼ਰ …
ਬਾਬੇ ਨਾਨਕ ਦੇ ਦੱਸੇ
ਸੱਚ ਦੇ ਮਾਰਗ ਦਾ
ਪੁੰਨ ਅਤੇ ਪਾਪ
ਵਿਚਲੇ ਫ਼ਰਕ ਦਾ

ਸਫ਼ਰ…
ਸ਼ਬਦ ਦਾ
ਸੰਵਾਦ ਦਾ
ਹਉਂ ਤੋਂ ਸਾਧਨਾਂ ਤੱਕ ਦਾ

ਅਜੇ
ਸਫ਼ਰ ਲਈ
ਸਾਡਾ ਘਰ ਤੋਂ
ਪੈਰ ਪੁੱਟਣਾ ਬਾਕੀ ਹੈ…
J

ਸੋਧ
ਕਈ ਦਿਨਾਂ ਬਾਅਦ
ਘਰ ਤੋਂ ਜਾ ਰਿਹਾ ਹਾਂ  ਕੈਂਪਸ
ਤਾਂ ਵੇਖਦਾ ਹਾਂ

ਵਿਹੜਾ ਸਾਫ਼ ਕਰਦੀ
ਮਾਂ
ਜਿਵੇਂ
ਚੁਗ ਰਹੀ ਹੋਵੇ
ਮੇਰੇ ਰਾਹਾਂ ਵਿੱਚੋਂ
ਕੰਡਿਆਂ ਨੂੰ।

ਪੱਠੇ ਕੁਤਰ ਰਹੇ
ਮੇਰੇ ਪਿਉ ਦੇ
ਮੁੜਕੇ ਦੀ ਸਿਆਹੀ ਨਾਲ
ਲਿਖੀ ਜਾ ਰਹੀ ਹੋਵੇ
ਮੇਰੀ ਕਿਸਮਤ।

ਜਿਵੇਂ
ਛੋਟੀ ਭੈਣ
ਚੁੱਲ੍ਹੇ ਕੋਲ ਬੈਠੀ
ਅੱਗ ਦੇ ਕੋਲਿਆਂ ਤੇ
ਸੇਕਦੀ ਰੋਟੀ
ਮੈਨੂੰ ਸਮਝਾਅ ਰਹੀ ਹੋਵੇ
ਤਪਣ ਦੇ ਅਰਥ।

ਮੈਂ ਤਿੰਨਾਂ ਵੱਲ
ਇਕਸਾਰ ਤੱਕਦਾ
ਤੇ ਲੱਭਣ ਤੁਰ ਪੈਂਦਾ
ਆਪਣੀ ਹੋਂਦ ਦੇ
ਅਸਲੀ ਅਰਥ।