ਭਾਈ ਘਨੱਈਆ
ਜਸਵੰਤ ਜਫ਼ਰ
ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਾਉਣ ਵਾਲੇ
ਜਾਂ ਲੰਗਰ ਵਰਤਾਉਣ ਵਾਲੇ
ਕਿਸੇ ਸੇਵਕ ਜਥੇ ਦਾ
ਮੈਂਬਰ ਨਹੀਂ ਸੀ ਭਾਈ ਘਨੱਈਆ
ਭਾਈ ਘਨੱਈਆ ਤਾਂ ਇਕੱਲਾ ਮਾਸ਼ਕੀ ਸੀ
ਗੁਰੂ ਦੀ ਫੌਜ ਤੋਂ ਵੱਖ ਸੀ
ਪਰ ਗੁਰੂ ਦਾ ਪਿਆਰਾ
ਬਹੁਤ ਪਿਆਰਾ ਸਿੱਖ ਸੀ
ਤੇ ਸਿੱਖ ਹਮੇਸ਼ਾ ਇਕੱਲਾ ਹੁੰਦਾ
ਇਕੱਲਾ ਸਿੱਖ ਹੀ ਸਵਾ ਲੱਖ ਹੁੰਦਾ
ਦੋ ਸਿੱਖ ਢਾਈ ਲੱਖ ਨਹੀਂ ਹੁੰਦੇ
ਤਿੰਨ ਸਿੱਖ ਪੌਣੇ ਚਾਰ ਲੱਖ ਨਹੀਂ ਹੁੰਦੇ
ਗੁਰੂ ਨੇ ਸੀਸ ਮੰਗਿਆ
ਤਾਂ ਇਕ ਪਾਸਿਓਂ ਇਕ ਸੀਸ ਉੱਠਿਆ ਦਇਆ ਰਾਮ
ਗੁਰੂ ਨੇ ਫੇਰ ਸੀਸ ਮੰਗਿਆ
ਦੂਜੇ ਪਾਸਿਓਂ ਇਕ ਸੀਸ ਪੇਸ਼ ਹੋਇਆ ਧਰਮ ਚੰਦ
ਸੀਸ ਹਮੇਸ਼ਾ ਇਕੱਲਾ ਹੁੰਦਾ
ਸਿਰਾਂ ਦੀਆਂ ਤਾਂ ਡਾਰਾਂ ਹੋ ਸਕਦੀਆਂ
ਸੀਸ ਦਾ ਬਹੁ ਬਚਨ ਨਹੀਂ ਹੁੰਦਾ
ਗੁਰੂ ਨੇ ਜਨੇਊ ਦੇ ਵੱਖਰੇ ਅਰਥ ਕੀਤੇ
ਭਾਈ ਘਨੱਈਆ ਗੁਰੂ ਦਾ ਉਪਦੇਸ਼ ਕਮਾਉਂਦਾ
ਓਸ ਆਪਣੀ ਕਿਰਪਾਨ ਦੇ ਵੱਖਰੇ ਅਰਥ ਜਾਣੇ
ਗੁਰੂ ਨੇ ਘਨੱਈਏ ਨੂੰ ਕਿਰਪਾਨ ਸਜਾਉਂਦਿਆਂ
ਮੁਸਕਰਾਉਂਦਿਆਂ
ਲਾਡ ਨਾਲ ਪੁੱਛਿਆ-
ਕੀ ਕਰੇਂਗਾ ਏਸ ਕਿਰਪਾਨ ਨਾਲ
ਤਾਂ ਭੋਲੇ ਭਾਅ ਬੋਲਿਆ ਘਨੱਈਆ-
ਜਦੋਂ ਕੋਈ ਹਤਿਆਰਾ ਮੇਰੀ ਜਾਨ ਲੈਣ ਆਏਗਾ
ਮੈਂ ਕਹਾਂਗਾ-
ਪਿਆਰੇ ਕਿਉਂ ਖੇਚਲ ਦਿੰਨਾਂ
ਆਪਣੀ ਦੁਸ਼ਮਣੀ ਦੀ ਤਲਵਾਰ ਨੂੰ
ਲੈ ਫੜ ਮੇਰੇ ਗੁਰੂ ਦੀ ਬਖ਼ਸ਼ੀ ਪਿਆਰ ਨਿਸ਼ਾਨੀ
ਮੇਰੀ ਜਾਨ ਏਸ ਦੀ ਧਾਰ ਤੋਂ ਜਾਵੇ
ਮੇਰੀ ਮੌਤ ਦਾ ਰਸਤਾ
ਗੁਰੂ ਦੇ ਪਿਆਰ ‘ਚੋਂ ਜਾਵੇ
ਭਾਈ ਘਨੱਈਆ ਨਾ ਕ੍ਰਿਸ਼ਨ ਸੀ
ਨਾ ਸਰਦਾਰ ਘਨੱਈਆ ਸਿੰਘ ਸੀ
ਭਾਈ ਘਨੱਈਆ ਤਾਂ ਬੱਸ
ਭਾਈ ਘਨੱਈਆ ਸੀ
ਆਪਣੇ ਨਾਂ ਨੂੰ ਆਪਣੇ ਕਕਾਰਾਂ ਨੂੰ
ਆਪਣੇ ਅਰਥ ਦੇਣ ਵਾਲਾ ਘਨੱਈਆ
ਗੁਰੂ ਨੂੰ ਤਾਂ ਬਹੁਤ ਅਜ਼ੀਮ ਸੀ
ਪਰ ਗੁਰੂ ਦੀ ਫੌਜ ਲਈ ਤੌਹੀਨ ਸੀ
ਇਕੱਲਾ ਸੀ ਪੂਰਾ ਸਵਾ ਲੱਖ ਸਿੱਖ ਸੀ
ਗੁਰੂ ਨਾਲ ਰੱਬ ਨਾਲ
ਇੱਕ ਮਿੱਕ ਸੀ
Read more
ਜਦੋਂ ਟੇਪ ਇਰੇਜ਼ ਹੋ ਗਈ
ਲੜੀਵਾਰ ਕਾਲਮ : ਮਾਂ ਬੋਲੀ ਦੇ ਵਿਸਰ ਰਹੇ ਸ਼ਬਦਾਂ ਦਾ ਕੋਸ਼ ‘ਸ਼ਬਦਾਂਗ’
ਇਕ ਕਵਿਤਾ ਇਕ ਕਹਾਣੀ