ਗ਼ਜ਼ਲ
ਸਮੇਂ ਦੇ ਨਾਲ ਉਂਜ ਤਾਂ ਸ਼ਖ਼ਸ ਫਰਜ਼ੀ ਉਹ ਨਹੀਂ ਰਹਿੰਦੇ।
ਜਮਾ ਹੀ ਖਾਸ ਜੋ ਹੁੰਦੇ ਨੇ ਉਹ ਵੀ ਉਹ ਨਹੀਂ ਰਹਿੰਦੇ।
ਅਨੋਖਾ ਮੰਚ ਹੈ ਦੁਨੀਆ ਬੜਾ ਦਿਲਚਸਪ ਨਾਟਕ ਹੈ
ਜਦੋਂ ਵੀ ਦੇਖਿਆ ਏ ਰੰਗ ਕਰਮੀ ਉਹ ਨਹੀਂ ਰਹਿੰਦੇ।
ਫਰੇਬੀ ਹੁਸਨ ਨਈਂ ਹੁੰਦਾ ਇਦੀ ਫਿਤਰਤ ਹੀ ਐਸੀ ਹੈ
ਸੁਬਹ ਜੋ ਫੁੱਲ ਖਿੜਦੇ ਨੇ ਕਿ ਸ਼ਾਮੀ ਉਹ ਨਹੀਂ ਰਹਿੰਦੇ
ਜੁ ਬੇਪਰਵਾਹ ਸੀ ਰਾਤੀਂ, ਉਠ ਸਵੇਰੇ ਫੋਲਦੈ ਖਾਤੇ
ਨਸ਼ਾ ਲੱਥੇ ਤੋਂ ਅਕਸਰ ਹੀ ਸ਼ਰਾਬੀ ਉਹ ਨਹੀਂ ਰਹਿੰਦੇ।
ਬਦਲਣਾ ਦੋਸ਼ ਨਈਂ ਭਾਵੇਂ ਟਿਕਾਊ ਵੀ ਤਾਂ ਕੁਝ ਹੋਵੇ
ਟਿਕੇ ਬਿਨ ਸੁਰਤ-ਸ਼ਬਦੀਂ, ਬੋਲ-ਬਾਣੀ ਉਹ ਨਹੀਂ ਰਹਿੰਦੇ।
ਕਿਸੇ ਤੇ ਦੋਸ਼ ਧਰਨਾ ‘ਜੀਤ ‘ ਸ਼ਾਇਰ ਦੀ ਤਾਂ ਫਿਤਰਤ ਨਈਂ
ਬਦਲਦੇ ਮੌਸਮਾਂ ਅੰਦਰ ਤਾਂ ਰੁੱਖ ਵੀ ਉਹ ਨਹੀਂ ਰਹਿੰਦੇ।
ਗ਼ਜ਼ਲ
ਗਿਲੇ ਸ਼ਿਕਵੇ ਸ਼ਿਕਾਇਤਾਂ ਇਸ ਤਰਾਂ ਨਿੱਤ ਠੀਕ ਨਈਂ
ਮੁਹੱਬਤ ਵਿੱਚ ਸਜਾਵਾਂ ਇਸ ਤਰਾਂ ਨਿੱਤ ਠੀਕ ਨਈਂ
ਸਮੇਂ ਦੇ ਹਾਣ ਦਾ ਹੋਣਾ ਸਮੇਂ ਦੀ ਲੋੜ ਹੈ
ਬਦਲਣਾ ਨਾਲ ਵਾਅਵਾਂ ਇਸ ਤਰਾਂ ਨਿੱਤ ਠੀਕ ਨਈਂ
ਖਰਾ ਮੈਂ ਨਈਂ ਜੁ ਤੇਰੀ ਨਜ਼ਰ ਵਿੱਚ ਬੇਵੱਸ ਹਾਂ
ਤਿਰਾ ਵਿਸ਼ਵਾਸ ਤੋੜਾਂ ਇਸ ਤਰਾਂ ਨਿੱਤ ਠੀਕ ਨਈਂ
ਤਿਰਾ ਘਰ ਜੇ ਮਿਰਾ ਘਰ ਹੈ, ਮਿਰਾ ਘਰ ਵੀ ਤਿਰਾ
ਮੈਂ ਤੇਰੇ ਦਰ ਤੇ ਆਵਾਂ ਇਸ ਤਰ੍ਹਾਂ ਨਿੱਤ ਠੀਕ ਨਈਂ
ਬਦਲਦੇ ਰਹਿਣ ਨਿੱਤ ਦਸਤੂਰ ਜੱਗ ਦੀ ਰੀਤ ਹੈ
ਤੂੰ ਵੀ ਬਦਲੇਂ ਵਫਾਵਾਂ ਇਸ ਤਰਾਂ ਨਿੱਤ ਠੀਕ ਨਈ
ਬਣੀ ਤੂੰ ਰੌਸ਼ਨੀ ਐ ਜੀਤ ਹੋਰਾਂ ਵਾਸਤੇ,
ਕਿਸੇ ਦੇ ਐਬ ਤੱਕਦਾਂ ਇਸ ਤਰਾਂ ਨਿੱਤ ਠੀਕ ਨਈਂ
Read more
ਦਾਦਰ ਪੰਡੋਰਵੀ
ਸੁਰਿੰਦਰ ਸੀਰਤ
ਅਮਰਿੰਦਰ ਸੋਹਲ