ਗ਼ਜ਼ਲ
ਨਵੇਂ ਸਮੇਂ ਦੇ ਤੌਰ ਤਰੀਕੇ ਵੱਖਰੇ ਨੇ
ਦਰਿਆ ਵੀ ਲਹਿਰਾਂ ਦੇ ਓਹਲੇ ਵਗਦੇ ਨੇ।
ਵਸ ਚੱਲੇ ਤਾਂ ਜੂਨਾਂ ਬਦਲ ਬਦਲ ਆਵਾਂ
ਇਸ ਦੁਨੀਆ ਤੋਂ ਐਨੇ ਬਦਲੇ ਲੈਣੇ ਨੇ।
ਮੈਨੂੰ ਤਾਂ ਇਸ ਗੱਲ ਤੋਂ ਹੁਣ ਅਲਕਤ ਆਵੇ,
ਸੱਚ, ਇਮਾਨ, ਸ਼ਰਾਫ਼ਤ ਦੇ ਮੁੱਲ ਪੈਂਦੇ ਨੇ।
ਮੁਜਰਮ ਹੱਕਾ ਬੱਕਾ ਸਮਝ ਨਹੀਂ ਪਾਇਆ,
ਜੱਜ ਵਕੀਲ ਜੋ ਬੋਲੀ, ਬੋਲੀ ਜਾਂਦੇ ਨੇ।
ਵੇਂਹਦੇ ਵੇਂਹਦੇ ਅਰਥ ਜਿਵੇਂ ਧੁੰਦਲੇ ਹੋ ਗਏ
ਕੁਝ ਸ਼ਬਦਾਂ ਦੇ ਕਵੀਆਂ ਸਿਰ ਵੀ ਮਹਿਣੇ ਨੇ।
ਗ਼ਜ਼ਲ
ਪਾਉਣ ਤੋਂ ਪਹਿਲਾਂ ਹੀ ਸਭ ਹੱਥੀਂ ਖੋਇਆ ਹੈ।
ਮੇਰੇ ‘ਤੇ ਜਿਉਂ ਟੂਣਾ ਕੀਤਾ ਹੋਇਆ ਹੈ।
ਮੈਂ ਉਸ ਦੇ ਹੱਥਾਂ ‘ਚੋਂ ਥੁੜਦੀ ਲੀਕ ਕੋਈ,
ਜਿਸ ਨੇ ਮੈਨੂੰ ਪੀਰ ਤੋਂ ਸੁੱਖਿਆ ਹੋਇਆ ਹੈ।
ਖ਼ਤਰਾ ਹੋ ਸਕਦਾ ਹੈ ਮੇਰੀ ਜਾਨ ਨੂੰ ਵੀ,
ਮੇਰੇ ਵਿਚ ਇਤਿਹਾਸ ਸਮੋਇਆ ਹੋਇਆ ਹੈ।
ਡਿੱਗ ਪਿਐਂ ਤਾਂ ਖ਼ੁਦ ਨੂੰ ਝਾੜ ਕੇ ਸੀਨੇ ਲਾ,
ਕੁਝ ਨਈਂ ਹੋਇਆ ਜੀਵਨ ਨਵਾਂ-ਨਰੋਇਆ ਹੈ।
ਹੱਥ ਦੀਆਂ ਲੀਕਾਂ ਨੂੰ ਪੀਂਘ ਬਣਾਇਆ ਹੈ,
ਉਸ ਨੇ ਐਵੇਂ ਹੀ ਨ੍ਹੀਂ ਅੰਬਰ ਛੋਹਿਆ ਹੈ।
ਰਾਹੀ ਤੁਰਿਆ ਜਾਂਦਾ ਹੈ ਅਪਣੀ ਚਾਲੇ,
ਰਾਹ ਵਿਚ ਰਸਤਾ ਹੀ ਥੱਕ ਹਾਰ ਖਲੋਇਆ ਹੈ।
Read more
ਦਾਦਰ ਪੰਡੋਰਵੀ
ਸੁਰਿੰਦਰ ਸੀਰਤ
ਅਮਰਿੰਦਰ ਸੋਹਲ