
ਗ਼ਜ਼ਲ
ਮਨ ਵਿੱਚ ਪੱਕੀ ਧਾਰੀ ਹੈ, ਕਿਸਮਤ ਇੰਝ ਨਿਖਾਰੀ ਹੈ
ਫੁੱਲ ਗ਼ਮਾਂ ਨੇ ਭੇਜੇ ਨੇ, ਕੈਸੀ ਖਾਤਰਦਾਰੀ ਹੈ
ਰੂਹਾਂ ਵਾਲੇ ਮੇਲੇ ਵਿੱਚ, ਜਿਸਮਾਂ ਦੀ ਸਰਦਾਰੀ ਹੈ
ਰਾਤ ਰਕਾਨ ਦੇ ਵਿਹੜੇ ਵਿੱਚ, ਚੰਨ ਨੇ ਬਹੁਕਰ ਮਾਰੀ ਹੈ
ਦੁਨੀਆ ਵਿੱਚ ਵਫ਼ਾਵਾਂ ਦੀ, ਮੁੱਢ ਤੋਂ ਚੋਰ ਬਜ਼ਾਰੀ ਹੈ
ਹੋਰ ਕੀ ਮੈਨੂੰ ਚਾਹੀਦਾ, ਮੇਰੇ ਕੋਲ ਖੁੱਦਾਰੀ ਹੈ
ਨ੍ਹਾਤੇ ਫੁੱਲ ਦੇ ਪਿੰਡੇ ਲਈ, ਸੂਰਜ ਧੁੱਪ ਖਿਲਾਰੀ ਹੈ
ਦੁਨੀਆ ਓਦਾਂ ਬਿਲਕੁਲ ਨਹੀਂ, ਜਿੱਦਾਂ ਦੀ ਪਰਚਾਰੀ ਹੈ
ਮੇਰਾ ਉਹਦਾ ਮਿਲਣਾ ਇਉਂ, ਜਿਉਂ ਐੜੇ ਨੂੰ ਸਿਹਾਰੀ ਹੈ
ਰੰਗ ਨੇ ਮੇਰੇ ਇਸ਼ਕੇ ਦੇ, ਉਸ ਸਿਰ ਜੋ ਫੁਲਕਾਰੀ ਹੈ
ਹੰਝੂਆਂ ਵਿੱਚੋਂ ਹਿੰਮਤ ਨਾ, ਕਿਸਮਤ ਵੱਖ ਨਿਤਾਰੀ ਹੈ
ਪੀੜ, ਵਫ਼ਾ ਦੇ ਬਦਲੇ ਵਿੱਚ, ਇਹ ਤਾਂ ਗੱਲ ਵਿਹਾਰੀ ਹੈ
ਮੈਨੂੰ ਸ਼ਾਇਰ ਕਰਨੇ ਦੀ, ਦਿਲ ਨੇ ਕੀਮਤ ਤਾਰੀ ਹੈ
ਖਿੰਡੇ ਨੂੰ ਮੈਨੂੰ ਸਾਂਭ ਲਵੇ, ਯਾਦ ਤੇਰੀ ਸਚਿਆਰੀ ਹੈ
‘ਗਿੱਲ’ ਸਿਰੇ ਦਾ ਝੂਠਾ ਏ, ਜਨ ਹਿਤ ਦੇ ਵਿੱਚ ਜਾਰੀ ਹੈ
ਗ਼ਜ਼ਲ
ਅੱਖਰ ਮੰਨਣ ਸ਼ਬਦਾਂ ਦੀ ਤੇ ਜੁੜਦੇ ਰਹਿਸਣ ਵਾਕ ਸਦਾ
ਖੁਸ਼ੀਆਂ ਪੀੜਾਂ ਸ਼ੇਅਰਾਂ ਦਾ ਵੀ ਬਣਿਆ ਰਹੇ ਥਵਾਕ ਸਦਾ
ਜਦ ਵੀ ਲਗਦੈ ਛੂਤ੍ਹੀ ਪਈ ਐ, ਡਾਹ ਨਾ ਦਿੱਤੀ ਜ਼ਿੰਦਗੀ ਨੇ
ਹਫਦਾ ਹਫਦਾ ਭਿਆਂ ਕਹਿ ਦਿੰਦੈ, ਏਥੇ ਹਰ ਦੌੜਾਕ ਸਦਾ
ਸਿਦਕ ਬੜਾ ਹੀ ਚੀੜ੍ਹਾ ਅਪਣਾ ਧੋਖਾ ਕਦੇ ਵੀ ਦਿੰਦਾ ਨਈਂ
ਬੇਸ਼ੱਕ ਮੇਰੇ ਟੁੱਟਣ ਦੀ ਹੈ ਇਸ ਦੁਨੀਆ ਨੂੰ ਝਾਕ ਸਦਾ
ਅਕਲਾਂ ਵਾਲੇ ਦਾਅ ਦੂਅ ਲਾ ਕੇ ਆਪਣਾ ਮਤਲਬ ਕੱਢ ਜਾਂਦੇ
ਦਿਲ ਦਾ ਭੋਲ਼ਾ ਪੰਛੀ ‘ਕੱਲਾ ਰਹਿ ਜਾਏ ਖੜ੍ਹਾ ਅਵਾਕ ਸਦਾ
ਸਾਰੀ ਜ਼ਿੰਦਗੀ ਹਾਦਸਿਆਂ ਨੇ ਮਾਣ ਬਥੇਰਾ ਬਖਸ਼ਿਆ ਹੈ
ਆਪਾਂ ਵੀ ਫਿਰ ਮੁੱਲ ਮੋੜਿਆ ਰੱਖੇ ਸਮਝ ਜਵਾਕ ਸਦਾ
ਦਿਲ ਦੀ ਸਮਝਣ ਵਾਲਾ ਕੋਈ ਮਿਲਦਾ ਹੈ ਤਾਂ ਸਾਂਭ ਲਓ
ਦੂਜੀ ਵਾਰੀ ਮਿਲਣੇ ਵਾਲੇ ਹੁੰਦੇ ਨਹੀਂ ਇਤਫ਼ਾਕ ਸਦਾ
ਖਿੜ ਜਾਂਦਾ ਹੈ ਵੇਖ ਕੇ ਤੈਨੂੰ ਮਨ ਵਿੱਚ ਜਿਹੜਾ ਬਾਲ ਵਸੇ
ਜ਼ਿੰਦਗੀਏ ! ਤੂੰ ਫੁੱਲਾਂ ਵਾਲੀ ਪਾਈ ਰੱਖ ਫ਼ਰਾਕ ਸਦਾ
Read more
ਦਾਦਰ ਪੰਡੋਰਵੀ
ਸੁਰਿੰਦਰ ਸੀਰਤ
ਅਮਰਿੰਦਰ ਸੋਹਲ