
ਗ਼ਜ਼ਲ
ਪੁਣਦੀ ਨਹੀਂ ਲਹੂ ਨੂੰ, ਰੂਹ ਨੂੰ ਛਾਣਦੀ ਨਹੀਂ
ਇਹ ਜ਼ਿੰਦਗੀ, ਇਹ ਮੌਤ ਮੇਰੇ ਹਾਣਦੀ ਨਹੀਂ
ਮੈਂ ਰੜਕਿਆ ਹਜ਼ਾਰਾਂ ਨਜ਼ਰਾਂ ਵਿਚ ਜਿਦ੍ਹੇ ਲਈ
ਉਸ ਦੀ ਨਜ਼ਰ ਵੀ ਹੁਣ ਮੈਨੂੰ ਪਹਿਚਾਣਦੀ ਨਹੀਂ
ਨਾ ਬੁੱਲ੍ਹ ‘ਟੇਰ, ਮੀਚ ਨਾ ਅੱਖਾਂ, ਨਾ ਰੋਕ ਸਾਹ
ਇਹ ਉਮਰ ਤੇ ਇਹ ਰੁੱਤ ਤੇਰੇ ਜਾਣ ਦੀ ਨਹੀਂ
ਅਪਣੇ ਹੀ ਸਿਰ ‘ਤੇ ਧੁੱਪ, ਛਾਂ ਜਰ ਹੁੰਦੀ ਹੈ ਸਦਾ
ਕੋਈ ਵੀ ਸ਼ੈਅ ਸਿਰਾਂ ‘ਤੇ ਛਤਰੀ ਤਾਣਦੀ ਨਹੀਂ
ਤਲਵਾਰ ਮੇਰੇ ਸੀਨੇ ਵਿਚ ਧੁਰ ਤੀਕ ਲਹਿ ਕੇ ਵੀ
ਰੰਗਤ ਮੇਰੇ ਲਹੂ ਦੀ ਭੋਰਾ ਜਾਣਦੀ ਨਹੀਂ
ਗ਼ਜ਼ਲ
ਸੌ ਵਾਰੀ ਪਹਿਲੋਂ ਸੋਚ ਲਿਆ ਕਰ ਕੁਝ ਆਖਣ ‘ਤੇ
ਮੁੜਦੇ ਨਾ ਤੀਰ ਕਮਾਨੋ, ਬੋਲ ਜ਼ੁਬਾਨੋਂ ਨਿਕਲਣ ‘ਤੇ
ਲਿਖ ਕੇ ਨਵੀਆਂ-ਨਵੀਆਂ ਢੇਰਾਂ ਦੇ ਢੇਰ ਕਿਤਾਬਾਂ
ਕੁਝ ਲੇਖਕ ਲੱਗੇ ਮਾਂ ਬੋਲੀ ਦੀ ਝੋਲ਼ੀ ਪਾਟਣ ‘ਤੇ
ਵਿਹੜੇ ‘ਚ ਮਹਿਕ ਵੀ ਲੋਕੀ ਚਾਰ ਚੁਫੇਰੇ ਭਾਲਣ
ਨਾਲੇ ਮੂੰਹ ਉੱਤਰ ਜਾਂਦੇ ਕਲੀਆਂ ਦੇ ਚਟਕਣ ‘ਤੇ
ਤੂੰ ਅਪਣਾ ਲਾਲ ਗੁਆਇਆ ਹੈ ਕੋਈ ਤਾਂ ਲਾਜ਼ਮ
ਤੇਰੀ ਅੱਖ ਭਰ ਆਉਂਦੀ ਹੈ ਮੇਲੇ ਵਿਚ ਘੁੰਮਣ ‘ਤੇ
ਲਾਟ ਜਗਾ ਕੇ ਫਿਰ ਮੇਰਾ ਮਾਰਗ ਦਰਸ਼ਨ ਕਰਿਓ
ਸ਼ਬਦੋ! ਨ੍ਹੇਰੀ ਰਾਤ ‘ਚ ਮੇਰੇ ਰਾਹ ਵਿਚ ਭਟਕਣ ‘ਤੇ
ਵਾਹ-ਵਾਹ ਕਰਨੇ ਲਈ ਜੁਗਾੜੂ ਮਿੱਤਰ ਨਾਲ ਲਿਜਾ ਕੇ
ਸ਼ਾਇਰ ਏਦਾਂ ਵੀ ਰਹਿੰਦੇ ਨੇ ਮੁਸ਼ਾਇਰੇ ਲੁੱਟਣ ‘ਤੇ
Read more
ਦਾਦਰ ਪੰਡੋਰਵੀ
ਸੁਰਿੰਦਰ ਸੀਰਤ
ਧਾਮੀ ਗਿੱਲ