February 6, 2025

ਪੁਸਤਕ : ਮੱਲ੍ਹਮ

ਲੇਖਕ : ਡਾ. ਕੁਲਜੀਤ ਸਿੰਘ ਜੰਜੂਆ

ਰੀਵਿਊਕਾਰ : ਡਾ. ਸਰਦੂਲ ਸਿੰਘ ਔਜਲਾ

 

ਮਨੁੱਖੀ ਜੀਵਨ ਯਥਾਰਥ ਦੇ ਵਰਤਾਰਿਆਂ ਨੂੰ ਸਹਿਜ ਅਤੇ ਸੁਹਜ ਭਰਪੂਰ ਕਾਵਿਕ ਲਹਿਜ਼ੇ ਵਿਚ ਪੇਸ਼                                                                                 ਕਰਦੀ ਡਾ. ਕੁਲਜੀਤ ਸਿੰਘ ਜੰਜੂਆ ਦੀ ਕਾਵਿ-ਪੁਸਤਕ ਮੱਲ੍ਹਮ (ਕਵਿਤਾਵਾਂ)

ਪੰਜਾਬੀ ਕਵਿਤਾ ਬਹੁਤ ਸਾਰੇ ਵਿਕਾਸ ਪੜਾਵਾਂ ਵਿਚੋਂ ਲੰਘਦੀ ਹੋਈ ਆਪਣੇ ਅਜੋਕੇ ਸਰੂਪ ਨੂੰ ਗ੍ਰਹਿਣ ਕਰਦੀ ਹੈ। ਸਟੇਜੀ ਕਵਿਤਾ ਤੋਂ ਲੈ ਕੇ ਆਧੁਨਿਕ ਅਤੇ ਉੱਤਰ-ਆਧੁਨਿਕ ਦ੍ਰਿਸ਼ਟੀ ਅਤੇ ਇਸ ਤੋਂ ਵੀ ਅਗਾਂਹ ਪੰਜਾਬੀ ਕਵਿਤਾ ਹੁਣ ਬ੍ਰਹਿਮੰਡੀ ਕਵਿਤਾ ਨਾਲ ਵਰ ਮੇਚ ਰਹੀ ਹੈ। ਪੰਜਾਬੀ ਕਵਿਤਾ ਦੀ ਮੂਲ ਕਵਿਧਾਰਾ ਦੇ ਸਮਾਨੰਤਰ ਇਸ ਦੀ ਹੀ ਸ਼ਾਖਾ ਵਿਚੋਂ ਫੁੱਟਦੀ ਪਰਵਾਸੀ ਪੰਜਾਬੀ ਕਵਿਤਾ ਹੁਣ ਸੁਤੰਤਰ ਮੁਹਾਂਦਰਾ ਅਤੇ ਮੁਹਾਵਰਾ ਗ੍ਰਹਿਣ ਕਰ ਚੁੱਕੀ ਹੈ, ਕਿਉਂਕਿ ਪਰਵਾਸ ਭੋਗਦੇ ਮਨੁੱਖ ਦੇ ਜੀਵਨ ਸਰੋਕਾਰ ਵੱਖਰੇ ਸੱਭਿਆਚਾਰ ਖੇਤਰ ਵਿਚੋਂ ਵਿਚਰਨ ਕਰਕੇ ਵੱਖਰੇ ਹੋ ਸਕਦੇ ਹਨ ਪਰ ਜਦੋਂ ਅਸੀਂ ਮਨੁੱਖੀ ਭਾਵਨਾਵਾਂ ਦੀ ਗੱਲ ਕਰਦੇ ਹਾਂ ਤਾਂ ਇਹ ਤਕਰੀਬਨ ਇਕੋ ਜਿਹੀਆਂ ਹੀ ਹੁੰਦੀਆਂ ਭਾਵੇਂ ਮਨੁੱਖ ਦੁਨੀਆ ਦੇ ਕਿਸੇ ਵੀ ਖਿੱਤੇ ਵਿਚੋਂ ਵਿਚਰ ਰਿਹਾ ਹੋਵੇ। ਕਿਸੇ ਵਿਸ਼ੇਸ਼ ਵਰਤਾਰੇ ਨੂੰ ਦੇਖ ਕੇ ਗ੍ਰਹਿਣ ਕਰਕੇ ਸ਼ਬਦਾਂ ਵਿਚੋਂ ਪਰੋਣ ਦਾ ਢੰਗ ਵੱਖਰਾ ਹੋ ਸਕਦਾ ਹੈ ਪਰ ਭਾਵਨਾਤਮਕ ਤੌਰ ‘ਤੇ ਸਿਰਜਨਾਤਮਕ ਜ਼ਮੀਨ ਇਕ ਤਰ੍ਹਾਂ ਦੀ ਹੁੰਦੀ ਹੈ। ਭਾਵੇਂਕਿ ਹਰੇਕ ਮਨੁੱਖ ਦੀ ਜੀਵਨ ਦ੍ਰਿਸ਼ਟੀ ਤੇ ਨਿਰਭਰ ਕਰਦਾ ਹੈ ਕਿ ਉਹ ਇਸੇ ਵਰਤਾਰੇ ਨੂੰ ਕਿਵੇਂ ਦੇਖਦਾ ਹੈ।
ਡਾ. ਕੁਲਜੀਤ ਸਿੰਘ ਜੰਜੂਆ ਲੰਮੇ ਸਮੇਂ ਤੋਂ ਕੈਨੇਡਾ ਵਿਚ ਵੱਸਦਾ ਸ਼ਾਇਰ ਹੈ, ਜਿਸ ਨੇ ਪਰਵਾਸੀ ਜ਼ਿੰਦਗੀ ਨੂੰ ਬੜੇ ਨੇੜਿਓਂ ਤੱਕਿਆ ਹੈ ਉਸ ਦੀ ਕਵਿਤਾ ਵਿਚ ਪਰਵਾਸ ਦੀਆਂ ਬਹੁਤ ਸਾਰੀਆਂ ਪਰਤਾਂ ਹਨ ਇਹ ਪਰਤਾਂ ਉਸ ਦੀ ਵਿਚਰਾਧੀਨ ਪੁਸਤਕ ‘ਮੱਲ੍ਹਮ’ ਵਿਚ ਸਾਹਮਣੇ ਆਉਂਦੀਆਂ ਹਨ। ਪਹਿਲਾ ਪਰਵਾਸ ਉਸ ਦੇ ਵਡੇਰਿਆਂ ਦਾ ਸੀ ਜੋ 1947 ਦੇ ਦੁਖਾਂਤ ਵਿਚੋਂ ਸਾਹਮਣੇ ਆਉਂਦਾ ਹੈ ਭਾਵੇਂ ਕਿ ਪਰਵਾਸੀ ਹੋਣ ਅਤੇ ਕਿਸੇ ਥਾਂ ‘ਤੇ ਮਜਬੂਰੀ ਵੱਸ ਜਾ ਕੇ ਵੱਸਣ ਦੀ ਪਰਿਭਾਸ਼ਾ ਵੱਖਰੀ-ਵੱਖਰੀ ਹੈ ਪਰ ਕਿਸੇ ਆਪਣੀ ਜੱਦੀ-ਪੁਸ਼ਤੀ ਥਾਂ ਨੂੰ ਛੱਡ ਕੇ ਤੇ ਉਹ ਥਾਂ ਜਿਥੇ ਮਨੁੱਖ ਦਾ ਬਚਪਨ ਬੀਤੀਆ ਹੋਵੇ ਵੱਡਿਆਂ ਕੋਲੋਂ ਪਿਆਰ ਲਿਆ ਹੋਵੇ ਉਸ ਨੂੰ ਛੱਡਣਾ ਬੜਾ ਦੁਖਦਾਈ ਪਲਾਂ ਨੂੰ ਪੇਸ਼ ਕਰਦਾ ਹੈ। ਡਾ. ਜੰਜੂਆ ਦੇ ਵਡੇਰੇ 1947 ਦੀ ਦੇਸ਼ ਵੰਡ ਤੋਂ ਬਾਅਦ ਸਰਗੋਧੇ ਤੋਂ ਹਿੰਦੁਸਤਾਨੀ ਪੰਜਾਬ ਵਿਚ ਆ ਕੇ ਵੱਸਦੇ ਹਨ ਤੇ ਫਿਰ ਡਾ. ਜੰਜੂਆ ਕੈਨੇਡਾ ਪਰਵਾਸ ਕਰਕੇ ਆਪਣੀ ਜ਼ਿੰਦਗੀ ਦੇ ਸੁਖਾਵੇਂ ਹੋਣ ਦੀ ਕਾਮਨਾ ਪਾਲਦਾ ਹੈ ਪਰ ਦੋਵੇਂ ਹੀ ਸਥਿਤੀਆਂ ਦੁਖਦਾਈ ਪਲਾਂ ਦੀ ਸਿਰਜਣਾ ਹੀ ਕਰਦੀਆਂ ਹਨ ਜਿਵੇਂ ‘ਕਹਿਰ’ ਨਾਮ ਦੀ ਕਵਿਤਾ ਵਿਚ ਇਸ ਦੋਵੇਂ ਤਰ੍ਹਾਂ ਦੇ ਸੰਤਾਪ ਅਤੇ ਪਰਵਾਸ ਦੀਆਂ ਉਦਾਹਰਨਾਂ ਦੇਖਣਯੋਗ ਹਨ—
ਮੁਰੱਬਿਆਂ ਦੇ ਮੁਰੱਬੇ
ਸਭ ਆਏ ਸਾਂ ਛੱਡ
ਤੀਲਾ-ਤੀਲਾ ਸੀ ਕਰ ਜੋੜਿਆ
ਤੋੜ-ਤੋੜ ਹੱਡ

ਵਾਪਰਿਆ ਐਸਾ ਕਹਿਰ
ਲੱਖੋਂ-ਕੱਖ ਹੋਏ
ਜਾਨ ਹੀ ਜਾਪੀ ਜਾਇਦਾਦ
ਰੋਟੀ ਪਕਾਉਣ ਵਾਲਾ ਵੱਡਾ ਤਵਾ
ਸ਼ੁਕਰ ਹੈ ਵਾਹਿਗੁਰੂ/ਕਿ ਮੁੜ ਜੜ੍ਹ ਲੱਗੀ
ਫਿਰ ਆਪ ਸਹੇੜਿਆ ਉਜਾੜਾ
ਆ ਬੈਠੇ ਹਾਂ ਵਿਦੇਸ਼
ਬੇਸ਼ੱਕ
ਨਹੀਂ ਹੈ ਕੋਈ ਆਰਥਿਕ ਥੁੜ੍ਹ
ਪਰ ਸ਼ੁਕਰ ਹੈ ਕਿ ਅਜੇ
ਅੰਦਰ ਵਸਿਆ ਪੰਜਾਬ
ਨਹੀਂ ਹੈ ਉਜੜਿਆ।

ਕਵੀ ਦੇ ਅਵਚੇਤਨ ਵਿਚ ਉਸ ਦੀ ਜੰਮਣ ਭੋਇੰ ਦਾ ਮੋਹ ਉਛਾਲੇ ਮਾਰਦਾ ਨਜ਼ਰ ਆਉਂਦਾ ਹੈ, ਕਿਉਂਕਿ ਜਿਥੇ ਮਨੁੱਖ ਦਾ ਬਚਪਨ ਬੀਤਿਆ ਹੋਵੇ ਉਸ ਨੂੰ ਅਵਚੇਤਨ ਵਿਚੋਂ ਵਿਸਾਰਨਾ ਕੋਈ ਸੋਖਾ ਕਾਰਜ ਨਹੀਂ ਹੁੰਦਾ। ਇਸ ਪਰਵਾਸ ਦੀ ਇਕ ਹੋਰ ਪਰਤ ਡਾ. ਜੰਜੂਆ ਦੀ ਕਵਿਤਾ ਵਿਚੋਂ ਉਸ ਵੇਲੇ ਵੀ ਉਜਾਗਰ ਹੁੰਦੀ ਹੈ ਜਦੋਂ ਕਿਸੇ ਧੀ ਦਾ ਰਿਸ਼ਤਾ ਉਸ ਦਾ ਬਾਬਲ ਕਿਸੇ ਪਰਵਾਸੀ ਲਾੜੇ ਨਾਲ ਜੋੜਦਾ ਹੈ ਤੇ ਉਸ ਦੇ ਸਵਰਗ ਵਰਗੇ ਦੇਸ਼ ਵਿਚ ਵਸੇਬੇ ਅਤੇ ਸੁਖਮਈ ਕਾਮਨਾ ਦੀ ਅਹਿਸਾਸਗੋਈ ਕਰਦਾ ਹੈ ਪਰ ਉਸ ਲਈ ਇਹ ਸਵਰਗ ਕਿਸੇ ਭ੍ਰਮ ਦੀ ਨਿਆਈਂ ਹੁੰਦਾ ਹੈ ਜਦਕਿ ਮਸ਼ੀਨੀ ਯੁੱਗ ਵਿਚ ਲੋਹੇ ਨਾਲ ਲੋਹਾ ਹੁੰਦਿਆਂ, ਮਸ਼ੀਨ ਬਣਦਿਆਂ ਉਸ ਦੇ ‘ਸਵਰਗੀ ਬਿੰਬ’ ਦਾ ਤਿੜਕਣਾ ਵੀ ਜੰਜੂਆ ਦੀ ਕਵਿਤਾ ਵਿਚੋਂ ਇਕ ਵਿਸ਼ੇਸ਼ ਕਾਵਿਕ ਧੁਨੀ ਬਣਕੇ ਉਭਰਦਾ ਹੈ। ‘ਸਵਰਗ’ ਕਵਿਤਾ ਦੀ ਉਦਾਹਰਣ ਪੇਸ਼ ਹੈ—
ਵਿਆਹ ਤੋਂ ਬਾਅਦ/ਖੁਸ਼ੀ-ਖੁਸ਼ੀ/
ਤੋਰਿਆ ਸੀ ਬਾਬਲ/ਮਿੱਥੇ ਸਵਰਗ ਵੱਲ/
ਵਿਦੇਸ਼/
ਯਾਦ ਹੈ ਉਸ ਦੀ ਅਸੀਸ/ਵਧੋ-ਫੁੱਲੋ’/
”ਕਦੇ ਘਬਰਾਈਂ ਦਾ ਨਹੀਂ”/
ਇਸ ਭ੍ਰਮਕ/ਸਵਰਗ ਲਈ ਦੌੜਦੀ
ਥੱਕਦੀ-ਹਫ਼ਦੀ/ਕਰ ਕੰਨ ਬੰਦ/
ਬੁੱਲ੍ਹ ਸੀਅ/ਅੱਜ ਤੱਕ ਦੌੜ ਰਹੀ ਹਾਂ/
ਜਿਥੇ ਕਵੀ ਪਰਵਾਸ ਦੇ ਹਵਾਲੇ ਨਾਲ ‘ਧੀ’ ਦੀ ਵੇਦਨਾ ਬਿਆਨ ਕਰਦਾ ਹੈ, ਉੱਥੇ ਉਸ ਦੀ ਕਵਿਤਾ ਵਿਚ ਔਰਤ ਦੇ ਸਮਾਜਿਕ ਮਾਣ-ਸਨਮਾਨ ਨੂੰ ਵੀ ਕਾਵਿਕ ਬਿਆਨ ਰਾਹੀਂ ਬਿਆਨ ਕਰਦਾ ਹੈ ਕਿਉਂਕਿ ਔਰਤ ਹਮੇਸ਼ਾ ਹੀ ਮਰਦਾਵੀਂ ਹਊਮੈ ਦਾ ਸ਼ਿਕਾਰ ਬਣੀ ਰਹੀ, ਉਸਦੇ ਜ਼ਖ਼ਮ ਹਮੇਸ਼ਾ ਹੀ ਰਿਸਦੇ ਰਹੇ ਪਰ ਕਵੀ ਉਸ ਦੇ ਜ਼ਖ਼ਮਾਂ ਦੇ ‘ਮੱਲ੍ਹਮ’ ਲਾ ਕੇ ਉਸ ਦੀ ਸਮਾਜਿਕ ਮਾਣ-ਮਰਿਆਦਾ ਦੀ ਤਾਈਦ ਕਰਦਿਆਂ ਲਿਖਦਾ ਹੈ—
ਮੈਂ ਚਾਹੁੰਦਾ ਹਾਂ
ਧੀ ਨੂੰ ਏਨਾ ਦੇਵਾਂ ਪਿਆਰ
ਤੇ ਧੋ ਦੇਵਾਂ ਪੁਸ਼ਤਾਂ ਬੱਧੀ
ਧੀਆਂ ਦੀਆਂ ਰੂਹਾਂ ਦੇ ਜ਼ਖ਼ਮ
‘ਤੇ ਲਾ ਦਿਆਂ
ਅਦਬ-ਸਤਿਕਾਰ ਦਾ ਮੱਲ੍ਹਮ।
ਸ਼ਾਇਰ ਦੀ ਕਵਿਤਾ ਵਿਚ ਇਸ ਗੱਲ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਹੋਇਆ ਹੈ ਕਿ ਭਾਵੇਂ ਸਮਾਜ ਵਿਹਲੀਆਂ ਵਿਸੰਗਤੀਆਂ ਮਨੁੱਖੀ ਮਾਨਸਿਕਤਾ ਨੂੰ ਅੰਦਰੋਂ ਬਾਹਰੋਂ ਤੋੜ ਰਹੀਆਂ ਹਨ ਪਰ ਉਜਾੜਣ ਅਤੇ ਫਿਰ ਵਸਣ ਦੀ ਆਸ ਵੀ ਇਸ ਕਵਿਤਾ ਦਾ ਮੂਲ ਸਰੋਕਾਰ ਹੋ ਨਿਬੜਦਾ ਹੈ ਚਾਹੇ ਬਾਪ ਦੇ ਪਾਕਿਸਤਾਨ ਤੋਂ ਉਜੜ ਕੇ ਆ ਕੇ ਹਿੰਦੁਸਤਾਨੀ ਪੰਜਾਬ ਵਿਚ ਵੱਸਣ ਦਾ ਦਰਦ ਹੋਵੇ ਜਾਂ ਕਿ ਉਸ ਦੇ ਪਰਵਾਸੀ ਹੋ ਕੇ ਵਿਦੇਸ਼ੀ ਧਰਤੀ ਤੇ ਵੱਸਣ ਦਾ ਹੇਰਵਾ ਹੋਵੇ। ‘ਮੈਪਲ’ ਦੇ ਬਿੰਬ ਰਾਹੀਂ ਕਵੀ ਨਿਰਾਸ਼ ਵਿਚੋਂ ਵੀ ਆਸ ਦੀ ਕਾਮਨਾ ਕਰਦਿਆਂ ਜ਼ਿਕਰ ਦਾ ਹੈ—
ਮੌਸਮ ਪਤਝੜ ਹੈ/ਰੁੰਡ-ਮੁੰਡ ਹੋ ਰਿਹੈ ਮੈਪਲ/
ਸੁਨਹਿਰੀ ਮਨਮੋਹਣੇ ਪੱਤੇ/ਹੋ ਗਏ ਬੇਜਾਨ/
ਵਿਛ ਗਏ ਨੇ ਬਣ ਰੰਗਦਾਰ ਚਾਦਰ/
ਧਰਤੀ ਨੂੰ ਕੱਜਣ ਲਈ/
ਮੈਂ ਤੁਰ ਰਿਹਾ ਹਾਂ/
ਤਿੜ ਤਿੜ ਖੜ ਖੜ ਕਰਦੇ ਪੱਤੇ/
ਕਰ ਰਹੇ ਨੇ ਮੇਰਾ ਸਵਾਗਤ/
ਤਰੰਗਤ ਧੁਨ ‘ਚ/
ਇਹ ਪੱਤੇ ਹੋ ਰਹੇ ਹਨ/ਮੂਲ ਨੂੰ ਮੁਖਾਤਿਬ/
ਕਰ ਰਹੇ ਨੇ ਵਾਅਦਾ/
ਪਤਝੜ ਤੋਂ ਬਾਅਦ ਪਰਤਣ ਦਾ/
ਇਸੇ ਤਰ੍ਹਾਂ ‘ਚਿੜੀ’ ਕਵਿਤਾ ਵਿਚੋਂ ਵੀ ਕਵੀ ਸ਼ੁੱਭ-ਇੱਛਾ ਪ੍ਰਗਟ ਹੁੰਦੀ ਦਿਖਾਈ ਦਿੰਦੀ ਹੈ। ਕਵਿਤਾ ‘ਮੱਲ੍ਹਮ’ ਸਿਰਲੇਖ ਇਸ ਪੁਸਤਕ ਦੇ ਆਰ-ਪਾਰ ਫੈਲਿਆ ਹੋਇਆ ਹੈ ਜਿੱਥੇ ਤੰਗੀਆਂ ਦੁਸ਼ਵਾਰੀਆਂ ਹੋਣ ਦੇ ਬਾਵਜੂਦ ਵੀ ਕਵੀ ਦੀ ਸਿਰਜਣਾ ਅਤੇ ਵਸਲ ਵਿਚਲਾ ਅਟੁੱਟ ਵਿਸ਼ਵਾਸ ਉਸ ਦੀ ਦ੍ਰਿੜ੍ਹਤਾ ਅਤੇ ਹੌਂਸਲੇ ਨੂੰ ਟੁੱਟਣ ਨਹੀਂ ਦਿੰਦਾ ਤੇ ਉਹ ਸਮਾਜ ਪ੍ਰਤੀ ਆਪਣੇ ਕਵੀ ਹੋਣ ਦੇ ਫਰਜ਼ ਨੂੰ ਵੀ ਬਾਖੂਬੀ ਨਿਭਾਅ ਜਾਂਦਾ ਹੈ—
ਮੈਂ
ਕਰਦਾ ਹਾਂ ਅਰਦਾਸ
ਸਲਾਮਤ ਰਹਿਣ
ਸਮਲ ਧਰਤ ਦੀਆਂ ਚਿੜੀਆਂ
ਤਾਂ ਕਿ ਸਲਾਮਤ ਰਹਿਣ
ਧਰਤੀ ਦੇ ਸਭ ਘਰ
ਮਰਦਾਵੀਂ ਹਉ’ ਦੀ ਬਜਾਇ ਕਵੀ ਔਰਤ ਦੀ ਵਡਿਆਈ ਬਹੁਤ ਸਾਰੇ ਵਿਸ਼ੇਸ਼ਣ ਲਾ ਕੇ ਕਰਦਾ ਹੈ। ਉਹ ਉਸ ਦੇ ਸਮਾਜਿਕ ਰੁਤਬੇ ਨੂੰ ਸਲਾਮ ਕਰਦਿਆਂ ਜ਼ਿਕਰ ਕਰਦਾ ਹੈ—
ਉਸਦੇ ਪੈਰੀਂ ਧਰਤ ਹੈ/ਉਸਦੇ ਅੰਦਰ ਹੈ ਅੰਬਰ/
ਉਸਦੇ ਨੈਣੀ ਹੈ ਸਾਗਰ/ਉਸਦੀ ਆਦਤ ਹੈ ਸਮਰਪਣ/
ਇਬਾਦਤ ਹੈ ਔਰਤ/
ਜਿਵੇਂ ਕਿ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਡਾ. ਕੁਲਜੀਤ ਜੰਜੂਆ ਦੀ ਪੁਸਤਕ ਵਿਚ ਆਪਣੇ ਜੰਮਣ ਭੋਇੰ ਤੋਂ ਵਿਛੜਣ ਦਾ ਵੈਰਾਗ ਹੈ। 1947 ਦੀ ਦੇਸ਼ ਵੰਡ ਦੀ ਚੀਸ ਅੱਜ ਵੀ ਉਸ ਦੀ ਕਾਵਿ ਸਿਰਜਣਾ ਵਿਚੋਂ ਫੁੱਟ-ਫੁੱਟ ਪੈਂਦੀ ਹੈ ਇਸੇ ਕਰਕੇ ਹੀ ਉਹ ਆਪਣੀ ਕਵਿਤਾ ਵਿਚੋਂ ਆਪਣੇ ਅਤੀਤ ਨਾਲ ਵੀ ਸੰਵਾਦੀ ਸੁਰ ਵਿਚ ਮੁਖਾਤਿਬ ਹੁੰਦਾ ਹੈ। ਪਰਾਣੀ ਧਰਤ ਤੇ ਵਿਚਰਦਿਆਂ ਮਸ਼ੀਨ ਨਾਲ ਮਸ਼ੀਨ ਹੋ ਕੇ ਕੰਮ ਕਰਦਿਆਂ ਮਨੁੱਖੀ ਅਹਿਸਾਸਾਂ ਦੇ ਮਨਫ਼ੀ ਹੋਣ ਦਾ ਹੇਰਵਾ ਵੀ ਉਸਦੀ ਕਾਵਿਕ-ਹੁਕ ਬਣਕੇ ਉਭਰਦਾ ਹੈ—
ਹੁਣ!/ਜਦ ਵੀ/ਆਉਂਦਾ ਹੈ ਪਿੰਡ ਦਾ ਸੁਫਨਾ/
ਮੈਂ ਤੱਕਦਾ ਹਾਂ ਪਾਟਦੀ ਲੌਅ/ਸਰਘੀ ਵੇਲੇ/
ਖੇਤੀ ਵਗੇ ਜਾ ਰਹੇ ਕੰਮੀਂ/ਕਿਸਾਨ/
…. …. …
ਰੁਮਕਦੀ ਪੌਣ ਸੰਗ/ਹੋ ਜਾਂਦਾ ਹਾਂ ਸਵਾਦ-ਸਵਾਦ/
ਅਚਾਨਕ/
‘ਖੜਕਦੈ ਅਲਾਰਮ/ਮੈਂ ਫਿਰ ਪਰਤ ਆਉਂਦਾ ਹਾਂ/
ਡਾਲਰਾਂ ਦੇ ਦੇਸ਼/

ਅੱਜਕੱਲ੍ਹ!
ਜਦ ਵੀ ਬੈਠਦਾ ਹਾਂ ਇਕੱਲਾ/ਮੈਂ/
ਪਰਦੇਸ ‘ਚ ਬੈਠਾ ਵੀ/ਖੋਜਣ ਲਗਦਾ ਹਾਂ/
ਸਵੈ ‘ਚੋਂ ਆਪਣਾ ਦੇਸ/
ਡਾ. ਜੰਜੂਆ ਦੀ ਕਵਿਤਾ ਦੀ ਇਹ ਵੀ ਵਿਸ਼ੇਸ਼ਤਾ ਹੈ ਕਿ ਉਹ ਰਿਸ਼ਤਿਆਂ ਦੀ ਅਹਿਮੀਅਤ ਨੂੰ ਵੀ ਕਾਵਿਕ ਰੰਗ ਵਿਚ ਬਾਖੂਬੀ ਬੰਨ੍ਹਣ ਦੀ ਜਾਚ ਜਾਣਦਾ ਹੈ। ਇਹ ਰਿਸ਼ਤੇ ਉਹ ਜੜ੍ਹ ਵਸਤੂਆਂ ਵਿਚੋਂ ਵੀ ਮਹਿਸੂਸ ਕਰਦਾ ਹੈ ਅਤੇ ਸਜੀਵ ਵਸਤੂਆਂ ਵਿਚੋਂ ਵੀ। ਕੁਦਰਤ ਨਾਲ ਉਸ ਦਾ ਰਿਸ਼ਤਾ ਵੀ ਅਟੁੱਟ ਜਾਪਦਾ ਹੈ ਇਸੇ ਕਰਕੇ ਹੀ ਕਿਧਰੇ ਉਹ ਸੂਰਜ ਨਾਲ ਸੰਵਾਦ ਰਚਾਉਂਦਾ ਹੈ, ਕਿਧਰੇ ਧਰਤੀ ਨਾਲ ਗੱਲਾਂ ਕਰਦਾ ਹੈ। ਕਿਧਰੇ ਕੁਦਰਤ ਦੀ ਅਨੰਨਤਾ ਦੀ ਬਾਤ ਪਾਉਂਦਾ ਪੰਛੀਆਂ ਦੀ ਆਜ਼ਾਦ ਤਬੀਅਤ ਦੇ ਬਿੰਬ ਨੂੰ ਆਪਣੀ ਕਵਿਤਾ ਵਿਚੋਂ ਪੇਸ਼ ਕਰਦਾ ਹੈ। ਇਸ ਦੇ ਨਾਲ ਹੀ ਉਸਦੇ ਕਾਵਿਕ ਅਨੁਭਵ ਵਿਚੋਂ ਮਨੁੱਖੀ ਰਿਸ਼ਤਿਆਂ ਦੀਆਂ ਵੱਖ-ਵੱਖ ਧੁਨੀਆਂ ਵੀ ਮਾਣਨ ਨੂੰ ਮਿਲਦੀਆਂ ਹਨ, ਜਿੱਥੇ ਰਿਸ਼ਤਿਆਂ ਵਿਚੋਂ ਨਿੱਘ ਅਤੇ ਪਾਕੀਜ਼ਗੀ ਉਸਦੀ ਕਵਿਤਾ ਦਾ ਹਾਸਲ ਹੋ ਨਿਬੜਦੀ ਹੈ। ਜਿੱਥੇ ਅਜੋਕੇ ਸਮੇਂ ਵਿਚੋਂ ਰਿਸ਼ਤੇ ਸਵਾਰਥੀ ਅਤੇ ਸ੍ਵੈ-ਕੇਂਦਰਿਤ ਹੋ ਰਹੇ ਹਨ ਉੱਥੇ ਡਾ. ਜੰਜੂਆ ਦੀ ਕਵਿਤਾ ਵਿਚੋਂ ਇਹਨਾਂ ਰਿਸ਼ਤਿਆਂ ਦੀ ਅਹਿਮੀਅਤ ਦਾ ਬਿਆਨ ਨਿਮਨਲਿਖਤ ਕਾਵਿ-ਸਤਰਾਂ ਵਿਚੋਂ ਦੇਖਿਆ ਜਾ ਸਕਦਾ ਹੈ—
ਜਦੋਂ ਵੀ!/
ਜਵੇ ਵਾਲਾ ਸਰਦਾਰ/ਆਉਂਦਾ ਹੈ ਮੇਰੇ ਸਾਹਵੇਂ/
ਬੰਨ੍ਹੀ ਅਸਮਾਨੀ ਪੱਗ/ਲਗਦਾ ਹੈ ਪਿਤਾ ਵਾਂਗ/
ਜਦ ਵੀ ਦਿੰਦੈ/ਨਸੀਹਤ/ਜਾਪਦੈ ਮੇਰੀ ਮਾਂ/
…. …. …
ਮੇਰੇ ਸੰਗ/ਗ਼ਮਗ਼ੀਨ ਪਲਾਂ ‘ਚ/ਹੋ ਜਾਂਦੈ ਉਦਾਸ/
ਮੇਰੇ ਝੱਲ ਸੰਗ/ਹੋ ਜਾਂਦੈ ਝੱਲਾ
ਜਾਪਦੈ ਮੇਰੀ ਸ਼ਰੀਕ-ਏ-ਹਯਾਤ/
‘ਫਾਸਲਾ’ ਕਵਿਤਾ ਵੀ ਨਿੱਘਦੇ ਰਿਸ਼ਤਿਆਂ ਦੀਆਂ ਸਮੀਕਰਨਾਂ ਨੂੰ ਪੇਸ਼ ਕਰਦੀ ਹੈ, ਜਿੱਥੇ ਰਿਸ਼ਤਿਆਂ ਦੀ ਅਹਿਮੀਅਤ ਅਤੇ ਅਜੋਕੀ ਮਨੁੱਖੀ ਮਾਨਸਿਕਤਾ ਵਿਚੋਂ ਇਨ੍ਹਾਂ ਤੋਂ ਵਿਰਵੇ ਹੋਣ ਦੀ ਇਕੱਲਤਾ ਦਾ ਸੰਤਾਪ ਵੀ ਪੇਸ਼ ਕੀਤਾ ਗਿਆ ਹੈ।
ਡਾ. ਜੰਜੂਆ ਦੀ ਕਾਵਿ-ਪੁਸਤਕ ‘ਮੱਲ੍ਹਮ’ ਨੂੰ ਸ਼ੁੱਭ-ਇੱਛਾ ਅਤੇ ਆਸ ਦੀ ਕਵਿਤਾ ਕਿਹਾ ਜਾ ਸਕਦਾ ਹੈ। ਕਿਉਂਕਿ ਕਵੀ ਨੇ ਹਰੇਕ ਵਰਤਾਰੇ ਪ੍ਰਤੀ ਹਾਂ-ਵਾਚੀ ਨਜ਼ਰੀਆ ਪੇਸ਼ ਕੀਤਾ ਹੈ, ਜਿੱਥੇ ਕਿਧਰੇ ਵੀ ਕੋਈ ਮਾਨਵ ਵਿਰੋਧੀ ਜਾਂ ਵਿਸੰਗਤੀ ਵਾਲਾ ਵਰਤਾਰਾ ਨਜ਼ਰ ਆਉਂਦਾ ਹੈ ਜਾਂ ਪੇਸ਼ ਹੋਇਆ ਹੈ ਉਥੇ ਵੀ ਕਵੀ ਨੇ ਉਸ ਦੇ ਸਮਾਨੰਤਰ ਚੰਗਿਆਈ ਅਤੇ ਸ਼ੁੱਭ ਚਿੰਤਨ ਨੂੰ ਪੇਸ਼ ਕਰਦਿਆਂ ਜੀਵਨ ਪ੍ਰਤੀ ਆਪਣਾ ਹਾਂ-ਵਾਚੀ ਪੱਖ ਪੇਸ਼ ਕੀਤਾ ਹੈ। ਅਤੀਤ ਅਤੇ ਵਰਤਮਾਨ ਦਾ ਕਾਵਿਕ-ਅਨੁਭਵ ਡਾ. ਜੰਜੂਆ ਦੀ ਕਵਿਤਾ ਵਿਚੋਂ ਬਰਾਬਰ ਪੇਸ਼ ਹੋਇਆ ਹੈ। ਤਕਰੀਬਨ ਬਹੁਤ ਸਾਰੀਆਂ ਕਵਿਤਾਵਾਂ ਦੀ ਸ਼ੁਰੂਆਤ ਇਕ ਸ਼ਬਦ ਤੋਂ ਬਾਅਦ ਵਿਸਮਿਕ ਚਿੰਨ੍ਹ ਨਾਲ ਹੁੰਦੀ ਹੈ, ਜੋ ਕਵੀ ਦੇ ਵੱਖਰੇ ਕਾਵਿਕ ਮੁਹਾਂਦਰੇ ਦੀ ਲਿਖਾਇਕ ਹੈ ਜਿਵੇਂ ਕੁਝ ਉਦਾਹਰਨਾਂ ਹਨ ਮੈਂ! (ਵਸਲ ਚਾਹਤ), ਤੂੰ! (ਵਜੂਦ), ਬੇਸ਼ੱਕ! (ਮੈਂ ਪਰਤ ਆਵਾਂਗਾ), ਅੱਜਕੱਲ੍ਹ! (ਦੇਸ ਪਰਦੇਸ), ਮੈਂ ਸੁਣਿਆ! (ਘਾਣ) ਆਦਿ ਕਵਿਤਾਵਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕਵਿਤਾਵਾਂ ਵੇਖੀਆਂ ਜਾ ਸਕਦੀਆਂ ਹਨ। ‘ਮੱਲ੍ਹਮ’ ਪੁਸਤਕ ਵਿਚ ਲੰਮੀਆਂ ਕਵਿਤਾਵਾਂ ਵੀ ਦਰਜ ਹਨ ਅਤੇ ਛੋਟੀਆਂ ਵੀ। ਕਈ ਕਵਿਤਾਵਾਂ ਵਿਚ ਨਾਟਕੀ ਅੰਸ਼ ਵੀ ਨਜ਼ਰ ਆਉਂਦੇ ਹਨ ਜਿਵੇਂ—
— ਉਸ ਬੜੀ ਉੱਚੀ ਆਵਾਜ਼ ‘ਚ ਕਿਹੈ/
ਉਏ ਬਸ਼ੀਰਿਆ!
”ਖਲੋ ਯਾਰ ਆਉਂਦਾ ਮੈਂ ਵੀ”
— ਮੈਂ ਸੁਣਿਆ!
ਸੰਤਾਲੀ, ਪੈਂਹਠ, ਇਕੱਤਰ,
ਮੈਂ ਵੇਖਿਆ ਚੌਰਾਸੀ, ਗੋਧਰਾ
— ਤਾਈ ਜੀ ਕੀ ਮੈਂ
ਘਰ ਆ ਸਕਦਾ?
— ਯਾਦ ਹੈ ਉਸਦੀ ਅਸੀਸ
”ਵਧੋ ਫੁਲੋ”
”ਕਦੇ ਘਬਰਾਈ ਦਾ ਨਹੀਂ।”
ਡਾ. ਕੁਲਜੀਤ ਸਿੰਘ ਜੰਜੂਆ ਦੀ ਪੁਸਤਕ ‘ਮੱਲ੍ਹਮ’ ਕੈਨੇਡਾ ਦੀ ਪੰਜਾਬੀ ਕਵਿਤਾ ਵਿਚ ਤਾਂ ਸੰਵਾਦੀ ਸੁਰ ਛੇੜੇਗੀ ਹੀ ਪਰ ਨਾਲ ਦੀ ਨਾਲ ਸਮੁੱਚੀ ਪੰਜਾਬੀ ਕਵਿਤਾ ਦੇ ਖੇਤਰ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾਏਗੀ। ਇਹੀ ਆਸ ਤੇ ਵਿਸ਼ਵਾਸ ਹੈ। ਬੇਸ਼ੱਕ ਡਾ. ਆਤਮ ਰੰਧਾਵਾ ਨੇ ਇਸ ਪੁਸਤਕ ਦੀ ਕਾਵਿ-ਸ਼ਿਲਪ ਬਾਰੇ ਸੰਵਾਦ ਰਚਾਇਆ ਹੈ ਪਰ ਇਹ ਕਵਿਤਾ ਕੁੱਲ ਮਿਲਾ ਕੇ ਪਾਠਕ ਨੂੰ ਟੁੰਬਣ ਵਾਲੀ ਕਵਿਤਾ ਹੈ।