February 6, 2025

ਗ਼ੈਰ ਸੰਜੀਦਗੀ ਵੱਲ ਵੱਧ ਰਿਹਾ ਪੰਜਾਬੀ ਮਨੁੱਖ

ਗ਼ੈਰ ਸੰਜੀਦਗੀ ਵੱਲ ਵੱਧ ਰਿਹਾ ਪੰਜਾਬੀ ਮਨੁੱਖ

ਬਿਨਾਂ ਸ਼ੱਕ ਮੌਜੂਦਾ ਦੌਰ ਮੀਡੀਆਈ ਦੌਰ ਹੈ। ਸੰਚਾਰ ਸਾਧਨਾ ਦੀ ਆਮਦ ਨੇ ਜਿੱਥੇ ਵਿਸ਼ਵ ਪੱਧਰ ‘ਤੇ ਮਨੁੱਖ ਸਮਾਜ-ਸੱਭਿਆਚਾਰ ਨੂੰ ਇੱਕ-ਦੂਜੇ ਦੇ ਬੇਹੱਦ ਨੇੜੇ ਕੀਤਾ ਹੈ ਪਰ ਇਸ ਨੇੜਤਾ ਦੀ ਪਰਤ ਹੇਠ ਲੁਕੇ ਅਦਿੱਖ ਹਮਲਿਆਂ ਤੋਂ ਪੰਜਾਬੀ ਮਨੁੱਖ ਬੇਹੱਦ ਅਣਜਾਣ ਹੀ ਨਹੀਂ ਦਿਨ ਪ੍ਰਤਿਦਿਨ ਲਾਪਰਵਾਹ ਵੀ ਹੋ ਰਿਹਾ ਹੈ। ਮੌਜੂਦਾ ਦੌਰ ਸਕਿੰਟਾਂ ਦਾ ਦੌਰ ਹੈ ਖ਼ਾਸ ਕਰਕੇ ਭਾਰਤ ਦੇ ਰਾਜਨੀਤਕ ਪ੍ਰਵਚਨ ਨੂੰ ਦੇਖਦਿਆਂ, ਵਿਸ਼ਵੀ ਰਾਜਨੀਤਕ ਪ੍ਰਵਚਨ ਦੇ ਸੰਦਰਭ ਵਿੱਚ ਵੀ ਉਪਰੋਕਤ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ। ਸੋ, ਜਿੱਥੇ ਅਜੋਕਾ ਦੌਰ ਪੰਜਾਬੀਆਂ ਦੇ ਸੰਜੀਦਾ ਹੋ ਕੇ ਪੈਦਾ ਹੋਈਆਂ ਰਾਜਨੀਤਕ, ਆਰਥਿਕ, ਸਮਾਜਿਕ, ਧਾਰਮਿਕ ਪ੍ਰਸਥਿਤੀਆਂ ਨੂੰ ਸਮਝ ਕੇ ਗ਼ਲਤ ਵਰਤਾਰਿਆਂ ਵਿਰੁੱਧ ਟੱਕਰ ਲੈਣ ਦਾ ਹੈ ਉਥੇ ਦਿਨ ਪ੍ਰਤਿਦਿਨ ਹਾਸੋਹੀਣੇ ਮਨੋਰੰਜਨ ਦੇ ਹੜ੍ਹ ‘ਚ ਵਹਿ ਰਿਹਾ ਪੰਜਾਬੀ ਮਨੁੱਖ ਗ਼ੈਰ ਸੰਜੀਦਗੀ ਵੱਲ ਵਧ ਰਿਹਾ ਹੈ। ਪੈਦਾ ਹੋਏ ਤਮਾਮ ਸੰਕਟਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਵਿੱਚ ਪੰਜਾਬੀਆਂ ਨੇ ਸਦਾ ਅਹਿਮ ਭੂਮਿਕਾ ਨਿਭਾਈ ਹੈ ਪਰ ਸੋਸ਼ਲ ਮੀਡੀਆ ‘ਤੇ ਮਨੋਰੰਜਨ ਵਿੱਚ ਰੁੱਝਿਆ ਪੰਜਾਬ ਆਪਣੀ ਅਸਲ ਤਾਸੀਰ ਤੋਂ ਕੋਹਾਂ ਦੂਰ ਹੋ ਰਿਹਾ ਹੈ। ਮਨੁੱਖ ਨੂੰ ਗ਼ੁਲਾਮ ਬਣਾਉਣ ਲਈ ਹਥਿਆਰ ਨਹੀਂ ਮੀਡੀਆਈ ਐਪਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਜੇਕਰ ਪੰਜਾਬੀ ਇਸ ਵਰਤਾਰੇ ਨੂੰ ਸੰਜੀਦਗੀ ਨਾਲ ਨਾ ਸਮਝੇ, ਹਾਕਮ ਅਤੇ ਸਿਸਟਮ ਵਿਰੁੱਧ ਲੜ ਰਹੀਆਂ ਧਿਰਾਂ ਨਾਲ ਨਾ ਤੁਰੇ ਤਾਂ ਭਵਿੱਖ ਵਿੱਚ ਨਤੀਜੇ ਗੰਭੀਰ ਹੋਣਗੇ।

ਡਾ. ਕੁਲਜੀਤ ਸਿੰਘ ਜੰਜੂਆ
ਸਰਪ੍ਰਸਤ
(‘ਪੰਜਾਬੀ ਨਕਸ਼’ ਅੰਤਰਰਾਸ਼ਟਰੀ ਸਾਹਿਤਕ ਮੈਗਜ਼ੀਨ, ਕੈਨੇਡਾ)