December 3, 2024

ਆਓ, ਮਾਂ ਬੋਲੀ ਨੂੰ ਸਤਿਕਾਰੀਏ ਅਤੇ ਪਰਚਾਰੀਏ…

ਸੰਸਾਰ ਪ੍ਰਸਿੱਧ ਕਿਤਾਬ ‘ਮੇਰਾ ਦਾਗ਼ਿਸਤਾਨ’ ਦਾ ਕਰਤਾ ਰਸੂਲ ਹਮਜ਼ਾਤੋਵ ਲਿਖਦਾ ਹੈ ਕਿ ਉਸ ਦੇ ਦੇਸ਼ ਵਿੱਚ ਜਦੋਂ ਕਿਸੇ ਨੂੰ ਸਭ ਤੋਂ ਵੱਡੀ ਬਦ-ਦੁਆ ਦੇਣੀ ਹੋਵੇ ਤਾਂ ਅਕਸਰ ਕਿਹਾ ਜਾਂਦਾ ਹੈ-ਰੱਬ ਕਰੇ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ। ਇਸੇ ਤਰ੍ਹਾਂ ਹੀ ਮਾਂ ਬੋਲੀ ਦੇ ਹਵਾਲੇ ਨਾਲ਼ ਵਿਸ਼ਵ ਪ੍ਰਸਿੱਧ ਕੀਨੀਆਈ ਲੇਖਕ ਨਗੂਗੀ ਵਾ ਥਿਊਂਗੋ ਲਿਖਦਾ ਹੈ ”ਜੇ ਤੁਹਾਨੂੰ ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਆਉਂਦੀਆਂ ਹਨ ਅਤੇ ਤੁਹਾਨੂੰ ਆਪਣੀ ਮਾਂ-ਬੋਲੀ ਜਾਂ ਆਪਣੇ ਸੱਭਿਆਚਾਰ ਦੀ ਭਾਸ਼ਾ ਨਹੀਂ ਆਉਂਦੀ ਤਾਂ ਇਸੇ ਨੂੰ ਗ਼ੁਲਾਮੀ ਕਹਿੰਦੇ ਹਨ। ਇਹ ਗੱਲ ਅਸੀਂ ਜਾਣਦੇ ਹਾਂ ਕਿ ਪੰਜਾਬ ਭਾਰਤ ਦੀ ਖੜਗ ਭੁਜਾ ਰਿਹਾ ਹੈ, ਇਸੇ ਕਰਕੇ, ਸਦੀਆਂ ਤੋਂ ਹੀ ਭਾਰਤ ਆਉਣ ਵਾਲ਼ੇ ਸਭ ਹਮਲਾਵਰਾਂ ਨਾਲ਼ ਸਭ ਤੋਂ ਪਹਿਲਾਂ ਪੰਜਾਬ ਵਾਸੀਆਂ ਨੂੰ ਦੋ-ਚਾਰ ਹੋਣਾ ਪਿਆ ਹੈ। ਜਿੱਥੇ ਇਨ੍ਹਾਂ ਹਮਲਿਆਂ ਨੇ ਪੰਜਾਬੀਆਂ ਦੀ ਅਸਥਿਰ ਜ਼ਿੰਦਗੀ ਨੂੰ ਭੋਗਣ ਜਾਂ ਜਿਊਣ ਦੀ ਜਾਚ ਨੂੰ ਪਰਪੱਕ ਕੀਤਾ, ਉੱਥੇ ਹੀ ਸੱਭਿਆਚਾਰਕ ਪੱਧਰ ‘ਤੇ ਵੱਖ-ਵੱਖ ਸਮਿਆਂ ਵਿੱਚ ਪੰਜਾਬੀ ਸਭਿਆਚਾਰ ਨੂੰ ਹੋਰ ਸਭਿਆਚਾਰਾਂ ਦੇ ਰਲੇਵੇਂ ਦਾ ਵੀ ਸ਼ਿਕਾਰ ਹੋਣਾ ਪਿਆ। ਜਿੱਥੇ ਹਰ ਸੱਭਿਆਚਾਰ ਨੇ ਬਾਹਰੀ (ਖਾਣ, ਪਹਿਨਣ, ਰਹਿਣ-ਸਹਿਣ) ਦੇ ਪੱਧਰ ‘ਤੇ  ਪੰਜਾਬੀ ਸਭਿਆਚਾਰ ਨੂੰ ਪ੍ਰਭਾਵਿਤ ਕੀਤਾ ਉੱਥੇ ਭਾਸ਼ਾ ਅਤੇ ਬੋਲੀ ਦੇ ਪੱਧਰ ‘ਤੇ ਵੀ ਪੰਜਾਬੀ ਸੱਭਿਆਚਾਰ ਨੂੰ ਬੇਹੱਦ ਪ੍ਰਭਾਵਿਤ ਕੀਤਾ। ਅਜੋਕੀ ਪੰਜਾਬੀ ਵਿੱਚ ਬਹੁਤ ਸਾਰੇ ਸੱਭਿਆਚਾਰਾਂ ਦੇ ਵਰਤਾਰਿਆਂ ਅਤੇ ਭਾਸ਼ਾਈ ਰਲੇਵੇਂ ਨੂੰ ਮੰਨਣ ਤੋਂ ਕਤਰਾਇਆ ਨਹੀਂ ਕੀਤਾ ਜਾ ਸਕਦਾ ਪਰ ਸੱਭਿਆਚਾਰ, ਭਾਸ਼ਾ ਜਾਂ ਬੋਲੀ ਦੀ ਇਹ ਵੀ ਵਿਸ਼ੇਸ਼ਤਾ ਹੁੰਦੀ ਹੈ ਕਿ ਉਹ ਆਪਣੇ ਜੀਵਨ ਵਿਹਾਰ ਵਿਚ ਸ਼ਾਮਿਲ ਕੀਤੇ ਪ੍ਰਤਿਮਾਨਾਂ, ਆਦਤਾਂ, ਵਸਤਾਂ, ਚਿੰਨ੍ਹਾਂ, ਸ਼ਬਦਾਂ ਨੂੰ ਆਪਣੇ ਅਨੁਸਾਰ ਢਾਲ ਕੇ ਆਪਣੇ ਹਾਣ ਦਾ ਕਰ ਲੈਂਦੇ ਹਨ।
1947 ਵਿੱਚ ਭਾਰਤ ਪੂਰਨ ਰੂਪ ਵਿੱਚ ਅੰਗਰੇਜ਼ੀ ਰਾਜ ਤੋਂ ਆਜ਼ਾਦ ਹੋ ਜਾਂਦਾ ਹੈ। ਐਮ.ਏ .ਪੱਧਰ ‘ਤੇ ਪੰਜਾਬੀ ਦਾ ਪਹਿਲਾ ਇਮਤਿਹਾਨ 1951 ਵਿੱਚ ਹੋਇਆ। ਇਸ ਪ੍ਰਕਾਰ ਪੰਜਾਬੀ ਸਿੱਖਿਆ ਦੇ ਪੱਧਰ ‘ਤੇ ਲਾਗੂ ਹੋਈ। ਪੰਜਾਬੀ ਭਾਸ਼ਾ ਆਧਾਰਿਤ ਵਿਸ਼ਵ ਦੀ ਭਾਸ਼ਾ ਆਧਾਰਿਤ ਦੂਜੀ ਯੂਨੀਵਰਸਿਟੀ ਵਜੋਂ  20 ਅਪ੍ਰੈਲ, 1962 ਨੂੰ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਤੋਂ ਬਾਅਦ ਇਸੇ ਪ੍ਰਕਾਰ 13 ਅਪ੍ਰੈਲ, 1968 ਤੋਂ ਪੰਜਾਬੀ ਭਾਸ਼ਾ ਨੂੰ ਪੰਜਾਬੀ ਰਾਜ ਭਾਸ਼ਾ ਨੂੰ ਪ੍ਰਬੰਧਕੀ ਭਾਸ਼ਾ ਵਜੋਂ ਲਾਗੂ ਕਰਨ ਦਾ ਕਾਨੂੰਨ ਪਾਸ ਹੋਇਆ। ਇਨ੍ਹਾਂ ਸਥਾਪਤੀਆਂ ਤੋਂ ਬਾਅਦ ਪੰਜਾਬੀ ਭਾਸ਼ਾ ਵਿੱਚ ਗੌਲਣਯੋਗ ਕਾਰਜ ਹੋਏ ਪਰ ਇਨ੍ਹਾਂ ਸਥਾਪਤੀਆਂ ਦੀ ਲਗਾਤਾਰਤਾ ਵਿੱਚ ਗੁਜ਼ਰਦੇ ਸਮਿਆਂ ਨਾਲ਼ ਕਈ ਪੱਧਰਾਂ ‘ਤੇ ਗਿਰਾਵਟ ਆਈ ਹੈ। ਅਜੋਕੇ ਸਮੇਂ ਵੀ ਪੰਜਾਬੀ ਭਾਸ਼ਾ ਦਾ ਦਫ਼ਤਰੀ ਕੰਮਕਾਰ ਦੀ ਭਾਸ਼ਾ ਨਾ ਬਣ ਸਕਣਾ ਇਸ ਦੀ ਇੱਕ ਮੌਜੂਦਾ ਉਦਾਹਰਣ ਹੈ।
ਭਾਸ਼ਾ ਦੇ ਪੱਧਰ ‘ਤੇ ਪੰਜਾਬੀ ਦੇ ਸਾਹਮਣੇ ਢੇਰ ਚੁਣੌਤੀਆਂ ਹਨ, ਜਿਨ੍ਹਾਂ ਬਾਰੇ ਸਿਧਾਂਤਕ ਚਰਚਾ ਭਵਿੱਖ ਵਿੱਚ ਕਰਾਂਗੇ ਮੈਂ ਇਸ ਅੰਕ ਦੀ ਸੰਪਾਦਕੀ ਰਾਹੀਂ ਮਾਂ ਬੋਲੀ ਅਤੇ ਅਜੋਕੇ ਪੰਜਾਬੀ ਮਨੁੱਖ ਦੇ ਸੰਬੰਧਾਂ ਦੀ ਚਰਚਾ ਕਰ ਰਹੀ ਹਾਂ। ਬਿਨਾਂ ਸ਼ੱਕ! ਇਹ ਸੰਬੰਧ ਸਾਲ ਦਰ ਸਾਲ ਅਣਸੁਖਾਵੇਂ ਹੁੰਦੇ ਜਾ ਰਹੇ ਹਨ। ਮਾਂ ਬੋਲੀ ਤੋਂ ਸਾਧਾਰਨ ਅਰਥ ਹਨ ਕਿ ਉਹ ਬੋਲੀ ਜੋ ਮਨੁੱਖ ਆਪਣੀ ਮਾਂ ਰਾਹੀਂ ਗ੍ਰਹਿਣ ਕਰਦਾ ਹੈ। ਮਨੁੱਖ ਦਾ ਪਹਿਲਾ ਅਧਿਆਪਕ ਜਿੱਥੇ ਮਾਂ ਹੁੰਦੀ ਹੈ ਉੱਥੇ ਘਰ ਉਸ ਦਾ ਪਹਿਲਾ ਸਕੂਲ ਵੀ ਹੁੰਦਾ ਹੈ। ਭਾਸ਼ਾ ਵਿਗਿਆਨਕਾਂ ਅਤੇ ਮਨੋਵਿਗਿਆਨਕਾਂ ਦਾ ਵੀ ਮੰਨਣਾ ਹੈ ਕਿ ਅੱਠ ਸਾਲ ਦੀ ਉਮਰ ਵਿੱਚ ਬੱਚਾ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਬਦ ਯਾਦ ਕਰ ਲੈਂਦਾ ਹੈ, ਉੱਥੇ ਹੀ ਉਮਰ ਦੇ ਇਸ ਪੜਾਅ ਵਿੱਚ ਬੱਚੇ ਦਾ ਮਾਨਸਿਕ ਵਿਕਾਸ ਹੋ ਜਾਂਦਾ ਹੈ। ਉਸ ਦੀਆਂ ਆਦਤਾਂ ਅਤੇ ਭਾਸ਼ਾਈ ਉਚਾਰ ਪੱਕ ਜਾਂਦੇ ਹਨ। ਇੰਟਰਨੈੱਟ ਦੀ ਆਮਦ ਨਾਲ਼ ਬੱਚੇ ਦੀ ਇਹ ਉਮਰ ਘਰ ਦੇ ਜੀਆਂ ਨਾਲ਼ ਨਹੀਂ, ਸਗੋਂ ਵੀਡੀਓ ਗੇਮਾਂ ਅਤੇ ਹੋਰ ਮੀਡੀਆਈ ਯੰਤਰਾਂ, ਐਪਾਂ ਨਾਲ਼ ਬੀਤਣ ਲੱਗੀ ਹੈ, ਇਹ ਰੁਝਾਨ ਪਿਛਲੇ ਦਹਾਕੇ ਤੋਂ ਸੰਸਾਰ ਪੱਧਰ ‘ਤੇ ਲਗਾਤਾਰ ਵਧ ਰਿਹਾ ਹੈ ਪਰ ਸੰਸਾਰ ਪੱਧਰ ‘ਤੇ ਅਣ-ਵਿਕਸਿਤ ਦੇਸ਼ਾਂ ਨੂੰ ਆਪਣੀ ਭਾਸ਼ਾ/ਬੋਲੀ ਸਭਿਆਚਾਰ ਬਾਰੇ ਖ਼ਤਰੇ ਵਧੇਰੇ ਹਨ, ਇਸ ਤੱਥ ਤੋਂ ਪੰਜਾਬੀ ਬਹੁਤ ਅਵੇਸਲੇ ਹਨ। ਇੰਟਰਨੈੱਟ ਰਾਹੀਂ ਪੱਸਰੇ ਵਰਤਾਰੇ ਨੇ ਇੱਕ ਖ਼ਾਸ ਭਾਸ਼ਾ ਦਾ ਪਾਸਾਰ ਹੀ ਨਹੀਂ ਕੀਤਾ ਸਗੋਂ ਬੱਚਿਆਂ ਵਿੱਚ ਨਕਲੀ ਜੀਵਨ ਵਿਹਾਰ ਅਤੇ ਆਦਤਾਂ ਵੀ ਪੈਦਾ ਕੀਤੀਆਂ ਹਨ, ਮੈਂ ਬੱਚਿਆਂ ਦੀ ਭਾਸ਼ਾ ਅਤੇ ਵਿਹਾਰ ਕਾਰਟੂਨਾਂ ਵਰਗਾ ਵੇਖ ਕੇ ਹੈਰਾਨ ਹੁੰਦੀ ਹਾਂ। ਮਾਵਾਂ ਆਪਣੇ ਪੰਜਾਬੀ ਬੱਚਿਆਂ ਨੂੰ ਅੰਗਰੇਜ਼ੀ ਬੋਲਦੇ ਵੇਖਕੇ ਅਸ਼-ਅਸ਼ ਕਰਦੀਆਂ ਹਨ। ਬਿਨਾਂ ਸ਼ੱਕ! ਇੰਟਰਨੈੱਟ ਨੇ ਮਨੁੱਖ ਨੂੰ ਸੌਖ/ਸਹੂਲਤ ਬਖ਼ਸ਼ੀ ਹੈ ਪਰ ਇਸ ਸੌਖ ਅਤੇ ਮਨੋਰੰਜਨ ਨਾਲ਼ ਜੁੜਕੇ ਮਨੁੱਖ ਲਗਾਤਾਰ ਆਪਣੇ ਆਪ ਅਤੇ ਸੱਭਿਆਚਾਰ ਨਾਲੋਂ ਟੁੱਟਦਾ ਜਾ ਰਿਹਾ ਹੈ।
ਪੰਜਾਬੀ ਮਾਂ ਬੋਲੀ ਨੂੰ ਵਿਚਾਰਦਿਆਂ ਗੱਲ ਕਰੀਏ ਤਾਂ ਇਹ ਗੱਲ ਸੁਭਾਵਿਕ ਹੀ ਸਾਹਮਣੇ ਆਉਂਦੀ ਹੈ ਕਿ ਅਜੋਕੇ ਸਮੇਂ ਅੰਗਰੇਜ਼ੀ ਭਾਸ਼ਾ/ਬੋਲੀ ਦਾ ਬੋਲਬਾਲਾ ਹੈ। ਸਾਡੇ ਘਰਾਂ ਵਿੱਚ ਪੰਜਾਬੀ ਮਾਂ ਬੋਲੀ ਬਜ਼ੁਰਗਾਂ ਦੇ ਬੋਲਣ ਜੋਗਰੀ ਰਹਿ ਗਈ ਹੈ। ਇਹ ਗੱਲ ਬੇਹੱਦ ਵਿਚਾਰਨ ਵਾਲ਼ੀ ਹੈ ਕਿ ਕੀ ਏਨੇ ਮਹਾਨ ਵਿਰਸੇ ਦੀ ਬੋਲੀ ਵੀ ਮਾੜੀ ਹੋ ਸਕਦੀ ਹੈ? ਅਜਿਹਾ ਨਹੀਂ ਹੈ, ਸਗੋਂ ਅਸਲ ਸੱਚ ਇਹ ਹੈ ਕਿ ਸੰਸਾਰ ਪੱਧਰ ‘ਤੇ ਸਥਾਪਿਤ ਹੁਕਮਰਾਨ ਜਮਾਤਾਂ ਇਸ ਗੱਲ ਨੂੰ ਸਾਡੇ ਦਿਮਾਗ਼ਾਂ ਵਿੱਚ ਬਿਠਾਉਣ ਵਿੱਚ ਕਾਮਯਾਬ ਹੋ ਗਈਆਂ ਹਨ ਕਿ ਉਨ੍ਹਾਂ ਦੀ ਭਾਸ਼ਾ ਅਤੇ ਸੱਭਿਆਚਾਰ ਉੱਤਮ (ਸੁਪੀਰੀਅਰ) ਹਨ। ਅਜੋਕੀ ਨੌਜਵਾਨ ਪੀੜ੍ਹੀ ਨੂੰ ਮਾਤ ਭਾਸ਼ਾ ਨੂੰ ਮੁਹੱਬਤ ਕਰਦਿਆਂ ਮਾਣ ਕਰਨਾ ਚਾਹੀਦਾ ਹੈ। ਮਾਤ ਭਾਸ਼ਾ ਨੂੰ ਬੱਚਿਆਂ ਤੱਕ ਸੰਚਾਰਨ ਲਈ ਮਾਵਾਂ ਖ਼ਾਸ ਕਰਕੇ ਆਪਣੀ ਜ਼ਿੰਮੇਵਾਰੀ ਸੰਭਾਲਣ। ਸਰਕਾਰੇ ਦਰਬਾਰੇ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਸੰਘਰਸ਼ਾਂ ਵਿੱਚ ਵੱਧ-ਚੜ੍ਹ ਕੇ ਸ਼ਾਮਿਲ ਹੋਇਆ ਜਾਵੇ। ਪੰਜਾਬੀ ਭਾਸ਼ਾ ਜਾਂ ਬੋਲੀ ਦਾ ਹਰ ਸ਼ਬਦ ਆਪਣੇ ਅੰਦਰ ਇੱਕ ਇਤਿਹਾਸ ਸਮੋਈ ਬੈਠਾ ਹੈ ਆਓ, ਇਸ ਇਤਿਹਾਸ ਦੇ ਦਰਸ਼ਨ ਆਪਣੀ ਮਾਪਿਆਂ ਬੋਲੀ ਰਾਹੀਂ ਕਰੀਏ, ਕਿਉਂਕਿ ਵਿਰਸੇ ਦੀਆਂ ਕਥਾ-ਕਹਾਣੀਆਂ ਮਾਂ ਬੋਲੀ ਰਾਹੀੰ ਹੀ ਅਰਥ ਧਾਰਨ ਕਰਦੀਆਂ ਹਨ ਅਤੇ ਪੰਜਾਬ ਦਾ ਮਾਣਮੱਤਾ ਇਤਿਹਾਸ ਇਨ੍ਹਾਂ ਕਥਾਵਾਂ ਰਾਹੀਂ ਸੀਨਾ-ਬਸੀਨਾ ਸਾਡੇ ਤੱਕ ਪਹੁੰਚਦਾ ਰਿਹਾ ਹੈ। ਆਓ, ਆਪਣੀ ਮਾਂ ਬੋਲੀ ਨੂੰ ਸਤਿਕਾਰੀਏ, ਪਰਚਾਰੀਏ ਇਸ ਨੂੰ ਪੜ੍ਹਦਿਆਂ ਬੋਲਦਿਆਂ ਮਾਣ ਫ਼ਖ਼ਰ ਮਹਿਸੂਸ ਕਰੀਏ।
ਅਸੀਂ ‘ਪੰਜਾਬੀ ਨਕਸ਼’ ਦੇ ਇਸ ਅੰਕ ਰਾਹੀਂ ਸਾਡੇ ਘਰਾਂ ਅਤੇ ਬੋਲਚਾਲ ‘ਚੋਂ ਅਲੋਪ ਹੁੰਦੇ ਜਾ ਰਹੇ ਸ਼ਬਦਾਂ ਦੀ ਇੱਕ ਲੜੀ ਨੂੰ ਅਰਥਾਂ ਸਮੇਤ ਛਾਪਣ ਜਾ ਰਹੇ ਹਾਂ। ਇਹ ਸ਼ਬਦ ਲੜੀ ਆਉਣ ਵਾਲ਼ੇ ਅੰਕਾਂ ‘ਚ ਵੀ ਲਗਾਤਾਰ ਛਾਪਦੇ ਰਹਾਂਗੇ।

—ਸੋਨੀਆ ਮਨਜਿੰਦਰ