
ਏਟਗਾਰ ਕਿਰੇਟ
ਅਨੁਵਾਦ : ਚਰਨ ਗਿੱਲ
ਮੇਰੇ ਘਰ ਦੇ ਨਾਲ ਵਾਲ਼ੀ ਕੌਫ਼ੀ ਸ਼ਾਪ ਉੱਤੇ ਇੱਕ ਬਹੁਤ ਪਿਆਰੀ ਵੇਟਰੈੱਸ ਕੰਮ ਕਰਦੀ ਹੈ। ਉੱਥੇ ਬਾਵਰਚੀਖ਼ਾਨੇ ਵਿੱਚ ਕੰਮ ਕਰਦੀ ਬੈਨੀ ਨੇ ਮੈਨੂੰ ਦੱਸਿਆ ਕਿ ਉਸ ਹੁਸੀਨਾ ਦਾ ਨਾਮ ਸ਼ਿਕਮਾ ਹੈ ਅਤੇ ਉਸ ਦਾ ਕੋਈ ਬੁਆਏ ਫਰੈਂਡ ਨਹੀਂ ਹੈ ਅਤੇ ਉਹ ਤਫ਼ਰੀਹੀ ਨਸ਼ਿਆਂ ਦੀ ਸ਼ੌਕੀਨ ਹੈ। ਇਸ ਕੌਫ਼ੀ ਸ਼ਾਪ ਵਿੱਚ ਉਸ ਵੇਟਰੈੱਸ ਦੇ ਆਉਣ ਤੋਂ ਪਹਿਲਾਂ, ਮੈਂ ਕਦੇ ਨਹੀਂ ਗਿਆ ਸੀ, ਇੱਕ ਵਾਰ ਵੀ ਨਹੀਂ। ਪਰ ਹੁਣ ਤੁਸੀਂ ਮੈਨੂੰ ਹਰ ਸਵੇਰੇ ਉੱਥੇ ਕੁਰਸੀ ਉੱਤੇ ਬੈਠਾ ਵੇਖ ਸਕਦੇ ਹੋ। ਮੈਂ ਉੱਥੇ ਐਸਪ੍ਰੇਸੋ ਕੌਫ਼ੀ ਪੀਂਦਾ ਹਾਂ। ਆਨੇ-ਬਹਾਨੇ ਉਸ ਨਾਲ਼ ਮਾੜੀ ਮੋਟੀ ਗੱਲ ਕਰਦਾ ਹਾਂ – ਗੱਲ ਅਖ਼ਬਾਰ ਵਿੱਚ ਪੜ੍ਹੀਆਂ ਖ਼ਬਰਾਂ ਬਾਰੇ, ਦੂਜੇ ਗਾਹਕਾਂ ਬਾਰੇ, ਕੂਕੀਜ਼ ਬਾਰੇ ਹੁੰਦੀ ਹੈ। ਕਦੇ-ਕਦੇ ਮੈਂ ਉਸਨੂੰ ਹਸਾਉਣ ਵਿੱਚ ਵੀ ਕਾਮਯਾਬ ਹੋ ਜਾਂਦਾ ਹਾਂ। ਅਤੇ ਜਦੋਂ ਉਹ ਹੱਸਦੀ ਹੈ ਤਾਂ ਮੈਨੂੰ ਬਹੁਤ ਅੱਛਾ ਲੱਗਦਾ ਹੈ। ਮੈਂ ਕਈ ਵਾਰ ਉਸ ਨੂੰ ਫ਼ਿਲਮ ਦੇਖਣ ਲਿਜਾਣ ਬਾਰੇ ਸੋਚਦਾ ਹਾਂ, ਚੱਲਣ ਲਈ ਕਹਿੰਦਾ ਕਹਿੰਦਾ ਰਹਿ ਜਾਂਦਾ ਹਾਂ। ਦਰਅਸਲ ਫ਼ਿਲਮ ਦੇਖਣ ਜਾਣਾ ਸਿਰਫ਼ ਸ਼ੁਰੂਆਤ ਹੁੰਦੀ ਹੈ। ਨਾਲ਼ੇ ਫ਼ਿਲਮ ਦੇਖਣ ਜਾਣ ਬਾਰੇ ਕਹਿਣਾ ਅਸਲ ਵਿੱਚ ਰਾਤ ਦੇ ਖਾਣੇ ਲਈ ਬਾਹਰ ਲੈ ਜਾਣ ਤੋਂ ਪਹਿਲਾਂ ਵਾਲ਼ਾ ਡੰਡਾ ਵੀ ਹੈ। ਜਾਂ ਫਿਰ ਛੁੱਟੀ ਵਾਲੇ ਦਿਨ ਏਲਾਤ ਸ਼ਹਿਰ ਦੇ ਬੀਚ ਤੇ ਨਾਲ ਚੱਲਣ ਲਈ ਵੀ ਕਿਹਾ ਜਾ ਸਕਦਾ ਹੈ। ਕਿਸੇ ਨੂੰ ਫ਼ਿਲਮ ਚੱਲਣ ਨੂੰ ਕਹਿਣ ਦਾ ਇੱਕ ਹੀ ਮਤਲਬ ਹੋ ਸਕਦਾ ਹੈ। ਬੁਨਿਆਦੀ ਤੌਰ ‘ਤੇ ਇਸ ਦਾ ਮਤਲਬ ਇਹ ਕਹਿਣਾ ਹੁੰਦਾ ਹੈ ਕਿ ਮੈਂ ਤੁਹਾਨੂੰ ਚਾਹੁੰਦਾ ਹਾਂ। ਪਰ ਜੇਕਰ ਉਸਨੂੰ ਕੋਈ ਦਿਲਚਸਪੀ ਨਾ ਹੋਈ ਅਤੇ ਉਸਨੇ ਨਾਲ਼ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਇਹ ਸਭ ਕੁਝ ਕਿਰਕਰਾ ਹੋ ਜਾਵੇਗਾ। ਇਸ ਨਾਲ਼ੋਂ ਉਸ ਦੇ ਨਾਲ਼ ਬੈਠ ਕੇ ਚਰਸ ਦਾ ਕਸ਼ ਸਾਂਝਾ ਕਰਨ ਦੀ ਪੇਸ਼ਕਸ਼ ਕਰਨਾ ਮੈਨੂੰ ਜ਼ਿਆਦਾ ਚੰਗਾ ਲੱਗਿਆ।
ਇਸ ਸੂਰਤ ਵਿੱਚ ਵੱਧ ਤੋਂ ਵੱਧ ਇਹੀ ਹੋਵੇਗਾ ਕਿ ਉਹ ਕਹਿ ਦੇਵੇਗੀ ਕਿ ਮੈਂ ਸਮੋਕ ਨਹੀਂ ਕਰਦੀ ਅਤੇ ਮੈਂ ਨਸ਼ੇੜੀਆਂ ਬਾਰੇ ਕੁਝ ਚੁਟਕਲੇਬਾਜ਼ੀ ਕਰ ਛੱਡਾਂਗਾ, ਅਤੇ ਲੱਗੇਗਾ ਕਿ ਕੋਈ ਵੱਡੀ ਗੱਲ ਨਹੀਂ ਹੋਈ। ਮੈਂ ਇੱਕ ਹੋਰ ਕਾਫ਼ੀ ਮੰਗਵਾਊਂਗਾ ਅਤੇ ਅੱਗੇ ਚੱਲਦਾ ਬਣੂੰਗਾ।
ਇਹ ਸੋਚ ਕੇ ਮੈਂ ਏਵਰੀ ਨੂੰ ਫੋਨ ਕੀਤਾ। ਏਵਰੀ ਹਾਈ ਸਕੂਲ ਵੇਲ਼ੇ ਮੇਰਾ ਜਮਾਤੀ ਵਾਹਿਦ ਸ਼ਖ਼ਸ ਸੀ ਜੋ ਵਾਹਵਾ ਨਸ਼ੇ ਕਰਦਾ ਸੀ। ਸਾਡੀ ਗੱਲ ਹੋਏ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸੀ। ਨੰਬਰ ਮਿਲਾਉਂਦੇ ਵਕਤ ਮੈਂ ਆਪਣੇ ਦਿਮਾਗ਼ ਵਿੱਚ ਛੋਟੀਆਂ-ਛੋਟੀਆਂ ਗੱਲਾਂ ਸੋਚ ਰਿਹਾ ਸੀ, ਜਿਹੜੀਆਂ ਫੋਨ ਕਰਨ ਦਾ ਅਸਲ ਮਕਸਦ ਬਿਆਨ ਕਰਨ ਤੋਂ ਪਹਿਲਾਂ ਮੈਂ ਉਸ ਨਾਲ਼ ਕਰਨੀਆਂ ਸਨ। ਪਰ ਜਦੋਂ ਮੈਂ ਆਪਣੇ ਦੋਸਤ ਏਵਰੀ ਨੂੰ ਪੁੱਛਿਆ ਕਿ ਉਹ ਕਿਵੇਂ ਹੈ, ਤਾਂ ਉਸ ਨੇ ਕਿਹਾ, ”ਇੱਕ ਦਮ ਬੋਰ ਅਤੇ ਪਰੇਸ਼ਾਨ।” ਉਸ ਨੇ ਦੱਸਿਆ ਕਿ ਸੀਰਿਆ ਵਿੱਚ ਹੋਣ ਵਾਲ਼ੀ ਗੜਬੜ ਦੇ ਕਾਰਨ ਸਾਡੀ ਤੇ ਲਿਬਨਾਨ ਦੀ ਸਰਹੱਦ ਸੀਲ ਕਰ ਦਿੱਤੀ ਗਈ, ਅਤੇ ਉਨ੍ਹਾਂ ਨੇ ਮਿਸਰ ਨੂੰ ਵੀ ਅਲਕਾਇਦਾ ਦੇ ਪਾਏ ਗੰਦ ਕਾਰਨ ਸੀਲ ਕਰ ਦਿੱਤਾ ਹੈ। ਅਤੇ ਮੈਨੂੰ ਕਹਿਣ ਲਗਾ ਕਿ ਕਸ਼ ਲਾਉਣ ਲਈ ਮੇਰੇ ਕੋਲ ਕੁੱਝ ਨਹੀਂ ਹੈ, ਭਰਾਵਾ। ਮੈਂ ਬੁਰੀ ਤਰ੍ਹਾਂ ਫਸਿਆ ਹਾਂ।” ਫਿਰ ਮੈਂ ਗੱਲ ਬਦਲਦੇ ਹੋਏ ਉਸ ਨੂੰ ਪੁੱਛਿਆ ਕਿ ਹੋਰ ਕੀ ਚੱਲ ਰਿਹਾ ਹੈ ਅੱਜਕੱਲ੍ਹ? ਉਸ ਨੇ ਮੈਨੂੰ ਜਵਾਬ ਦਿੱਤਾ, ”ਹਾਲਾਂਕਿ ਅਸੀਂ ਦੋਨੋਂ ਜਾਣਦੇ ਸਾਂ ਕਿ ਮੈਨੂੰ ਉਸ ਦੇ ਜਵਾਬ ਵਿੱਚ ਕੋਈ ਦਿਲਚਸਪੀ ਨਹੀਂ ਹੈ।” ਉਸ ਨੇ ਮੈਨੂੰ ਦੱਸਿਆ ਕਿ ਉਸ ਦੀ ਗਰਲਫ਼ਰੈਂਡ ਗਰਭਵਤੀ ਹੈ ਅਤੇ ਉਹ ਦੋਨੋਂ ਇਹ ਬੱਚਾ ਲੈਣਾ ਚਾਹੁੰਦੇ ਹਨ ਅਤੇ ਇਹ ਕਿ ਉਸ ਦੀ ਗਰਲਫ਼ਰੈਂਡ ਦੀ ਵਿਧਵਾ ਮਾਂ ਨਾ ਸਿਰਫ਼ ਵਿਆਹ ਲਈ ਦਬਾਓ ਪਾ ਰਹੀ ਹੈ ਸਗੋਂ ਉਹ ਵਿਆਹ ਦੀ ਬਾਕਾਇਦਾ ਇੱਕ ਧਾਰਮਿਕ ਸ਼ਕਲ ਵੀ ਚਾਹੁੰਦੀ ਹੈ, ਕਿਉਂਕਿ ਉਸ ਦਾ ਕਹਿਣਾ ਹੈ ਕਿ ਜੇਕਰ ਉਸ ਦੀ ਧੀ ਦੇ ਮਰਹੂਮ ਬਾਪ ਜਿੰਦਾ ਹੁੰਦੇ ਤਾਂ ਉਨ੍ਹਾਂ ਦੀ ਵੀ ਇਹੀ ਖ਼ਾਹਿਸ਼ ਹੁੰਦੀ। ਹੁਣ ਇਸ ਤਰ੍ਹਾਂ ਦੀ ਦਲੀਲ ਨੂੰ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ। ਅਜਿਹੇ ਹਾਲਾਤ ਵਿੱਚ ਕੋਈ ਕੀ ਕਰ ਸਕਦਾ ਹੈ? ਬਾਪ ਦੀ ਕਬਰ ਪੁੱਟ ਕੇ ਤਾਂ ਉਸ ਤੋਂ ਪੁੱਛਣ ਤੋਂ ਰਹੇ।
ਗੱਲਾਂ ਦੇ ਦੌਰਾਨ ਏਵਰੀ ਜਦੋਂ ਵੀ ਜਜ਼ਬਾਤੀ ਹੋਣ ਲੱਗਦਾ ਮੈਂ ਉਸ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕਰਦਾ, ਅਤੇ ਉਸ ਨੂੰ ਸਮਝਾਉਂਦਾ ਕਿ ਇਹ ਕੋਈ ਇੰਨੀ ਵੱਡੀ ਗੱਲ ਨਹੀਂ ਜਿਸ ਬਾਰੇ ਜਜ਼ਬਾਤੀ ਹੋਇਆ ਜਾਵੇ। ਕਿਉਂਕਿ ਮੇਰੇ ਲਈ ਇਹ ਸੱਚਮੁੱਚ ਕੋਈ ਵੱਡੀ ਗੱਲ ਨਹੀਂ ਕਿ ਏਵਰੀ ਦਾ ਵਿਆਹ ਕਿਸੇ ਧਾਰਮਿਕ ਰੱਬੀ ਦੇ ਸਾਹਮਣੇ ਹੋਵੇ ਜਾਂ ਨਾ ਹੋਵੇ। ਇੱਥੋਂ ਤੱਕ ਕਿ ਜੇਕਰ ਉਹ ਹਮੇਸ਼ਾ ਲਈ ਵਤਨ ਛੱਡ ਦੇਣ ਬਾਰੇ ਜਾਂ ਆਪਣਾ ਸੈਕਸ ਬਦਲ ਲੈਣ ਬਾਰੇ ਵੀ ਸੋਚ ਰਿਹਾ ਹੋਵੇ ਤਾਂ ਮੇਰੇ ਲਈ ਇਹ ਸਭ ਨਿਗੂਣੀਆਂ ਗੱਲਾਂ ਹਨ।” ਮੇਰੇ ਲਈ ਸਿਰਫ਼ ਇੱਕੋ ਗੱਲ ਅਹਿਮ ਹੈ – ਸ਼ਿਕਮਾ ਲਈ ਚਰਸ ਦਾ ਜੁਗਾੜ ਕਰਨਾ। ਤਾਂ ਮੈਂ ਉਸ ਦੇ ਸਾਰੇ ਝਮੇਲੇ ਸੁਣਦੇ ਰਹਿਣ ਦਾ ਇਰਾਦਾ ਤਰਕ ਕਰਦੇ ਹੋਏ ਪੁੱਛਦਾ ਹਾਂ, ”ਯਾਰ, ਕਿਸੇ ਨਾ ਕਿਸੇ ਕੋਲ਼ੋਂ ਤਾਂ ਚੰਗੀ ਚਰਸ ਮਿਲ਼ ਹੀ ਸਕਦੀ ਹੋਵੇਗੀ, ਮਿਲ਼ ਸਕਦੀ ਹੈ ਨਾ?” ਮੈਨੂੰ ਤਾਂ ਬਸ ਥੋੜ੍ਹੀ ਜਿਹੀ ਚਾਹੀਦੀ ਹੈ, ਘੋੜੇ ਤੇ ਸਵਾਰ ਹੋਣ ਲਈ ਬਹੁਤ ਜ਼ਿਆਦਾ ਨਹੀਂ ਚਾਹੀਦੀ। ਅਤੇ ਇਹ ਮੈਂ ਇੱਕ ਅਜਿਹੀ ਕੁੜੀ ਦੇ ਲਈ ਚਾਹੁੰਦਾ ਹਾਂ ਜੋ ਮੇਰੇ ਲਈ ਬਹੁਤ ਖ਼ਾਸ ਹੈ ਅਤੇ ਮੈਂ ਉਸ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਹਾਂ।”
”ਸੁੱਕਾ ਰੜਾ,” ਏਵਰੀ ਬੋਲਿਆ। ‘ਮੈਂ ਤੇਰੀ ਸਹੁੰ ਖਾ ਕੇ ਕਹਿੰਦਾ ਹਾਂ, ਮੈਂ ਖ਼ੁਦ ਵੀ ਕੋਈ ਹੋਰ ਨਸ਼ੇ ਵਰਗਾ ਮਸਾਲਾ ਜਿਹਾ ਪੀਣਾ ਸ਼ੁਰੂ ਕਰ ਦਿੱਤਾ ਹੈ, ਉਸ ਨਾਲ਼ ਕਾਫ਼ੀ ਹੱਦ ਤੱਕ ਭਲ਼ਲ ਪੂਰੀ ਹੋ ਜਾਂਦੀ ਹੈ।’
ਪਰ ਮੈਂ ਸਾਫ਼ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਆਖਿਆ, ‘ਮੈਂ ਸ਼ਿਕਮਾ ਨੂੰ ਕੋਈ ਸ਼ੱਕੀ ਚੀਜ਼ ਨਹੀਂ ਦੇਣਾ ਚਾਹੁੰਦਾ। ਇਹ ਉਸ ਨੂੰ ਅੱਛਾ ਨਹੀਂ ਲੱਗੇਗਾ।’
‘ਮੈਂ ਜਾਣਦਾ ਹਾਂ,’ ਦੂਜੇ ਪਾਸੇ ਤੋਂ ਉਹ ਬੜਬੜਾਉਂਦਾ ਹੈ। ”ਮੈਂ ਜਾਣਦਾ ਹਾਂ, ਪਰ, ਹਾਲੇ ਹੋਰ ਕੋਈ ਚਾਰਾ ਵੀ ਨਹੀਂ । ਖਰੀ ਚੀਜ਼ ਅਜੇ ਕਿਤੋਂ ਮਿਲ਼ ਨਹੀਂ ਰਹੀ।”
ਦੋ ਦਿਨ ਬਾਅਦ, ਏਵਰੀ ਨੇ ਮੈਨੂੰ ਸਵੇਰੇ ਸਵੇਰੇ ਫੋਨ ਕੀਤਾ ਅਤੇ ਮੈਨੂੰ ਦੱਸਦਾ ਹੈ ਕਿ ਉਸ ਦੇ ਕੋਲ਼ ਮੇਰੇ ਕੰਮ ਦੀ ਥੋੜ੍ਹੀ ਜਿਹੀ ਚੀਜ਼ ਹੈ ਤਾਂ ਸਹੀ, ਪਰ ਕੁੱਝ ਪੇਚਦਾਰ ਹੈ। ਮੈਂ ਉਸਨੂੰ ਕਹਿੰਦਾ ਹਨ ਕਿ ਜੇਕਰ ਉਸ ਦੇ ਕੋਲ ਕੁਝ ਮਹਿੰਗੀ ਚੀਜ਼ ਵੀ ਹੈ ਤਾਂ ਵੀ ਮੈਂ ਕੀਮਤ ਅਦਾ ਕਰਨ ਲਈ ਤਿਆਰ ਹਾਂ। ਮੈਨੂੰ ਸਿਰਫ ਇੱਕ ਹੀ ਵਾਰ ਚਾਹੀਦੀ ਹੈ ਅਤੇ ਉਹ ਵੀ ਸਿਰਫ਼ ਇੱਕ ਗਰਾਮ। ਉਹ ਖ਼ਫ਼ਾ ਹੋ ਕੇ ਬੋਲਿਆ, ‘ਮੈਂ ‘ਮਹਿੰਗੀ’ ਨਹੀਂ ਕਿਹਾ। ਮੈਂ ਕਿਹਾ ਹੈ ‘ਪੇਚਦਾਰ’। ਤੂੰ ਮੈਨੂੰ ਚਾਲੀ ਮਿੰਟ ਬਾਅਦ ਕਾਰਲੇਬਾਚ ਸਟਰੀਟ ਮਿਲ਼, ਉੱਥੇ ਮੈਂ ਤਫ਼ਸੀਲ ਦੱਸਾਂਗਾ।’
ਪਰ ਮੈਨੂੰ ਇਸ ਵੇਲ਼ੇ ਕਿਸੇ ਕਿਸਮ ਦੀ ‘ਪੇਚਦਾਰ’ ਚੀਜ਼ ਦੀ ਹਰਗਿਜ਼ ਜ਼ਰੂਰਤ ਨਹੀਂ ਹੈ। ਅਤੇ ਮੈਨੂੰ ਹਾਈ ਸਕੂਲ ਦੇ ਜ਼ਮਾਨੇ ਤੋਂ ਯਾਦ ਹੈ। ਏਵਰੀ ਦੀਆਂ ‘ਪੇਚਦਾਰ ਚੀਜ਼ਾਂ’ ਸੱਚਮੁੱਚ ਬਹੁਤ ਪੇਚਦਾਰ ਹੁੰਦੀਆਂ ਹਨ। ਸੱਚ ਕਹਾਂ ਤਾਂ ਮੈਨੂੰ ਬਹੁਤ ਘੱਟ ਮਿਕਦਾਰ ਚਾਹੀਦੀ ਸੀ। ਮੈਂ ਤਾਂ ਸਿਰਫ਼ ਇੱਕ ਖ਼ੂਬਸੂਰਤ ਕੁੜੀ ਨੂੰ ਕਸ਼ ਸਾਂਝਾ ਕਰਨ ਦੀ ਪੇਸ਼ਕਸ ਕਰਨੀ ਸੀ, ਜੋ ਮੇਰੇ ਨਾਲ਼ ਬੈਠ ਕੇ ਮੇਰੀਆਂ ਗੱਲਾਂ ਉੱਤੇ ਲੋਟ ਪੋਟ ਹੋਏ। ਮੈਂ ਹੁਣ ਕਿਸੇ ਵੀ ਪੱਕੜ ਕਿਸਮ ਦੇ ਮੁਜਰਿਮਾਂ ਨਾਲ਼ ਮੁਲਾਕਾਤ ਨਹੀਂ ਚਾਹੁੰਦਾ, ਨਾ ਕਿਸੇ ਨੂੰ ਕਿਤੇ ਵੀ ਮਿਲਣ ਜਾਣਾ ਚਾਹੁੰਦਾ ਹਾਂ। ਇੱਕ ਤਾਂ ਟੈਲੀਫੋਨ ਉੱਤੇ ਏਵਰੀ ਦਾ ਲਹਿਜਾ ਮੈਨੂੰ ਪਰੇਸ਼ਾਨ ਕਰ ਰਿਹਾ ਹੈ ਅਤੇ ਦੂਜਾ ਉਸ ਨੇ ਦੋ ਵਾਰ ਪੇਚਦਾਰ ਸ਼ਬਦ ਦਾ ਇਸਤੇਮਾਲ ਕੀਤਾ ਸੀ, ਇਹ ਗੱਲ ਵੀ ਮੈਨੂੰ ਪਰੇਸ਼ਾਨ ਕਰ ਰਹੀ ਹੈ।
ਫਿਰ ਮੈਂ ਉਸ ਦੇ ਦੱਸੇ ਹੋਏ ਪਤੇ ਉੱਤੇ ਪਹੁੰਚਦਾ ਹਾਂ, ਜਿਥੇ ਏਵਰੀ ਆਪਣੇ ਸਕੂਟਰ ਉੱਤੇ ਹੈਲਮਟ ਸਹਿਤ ਮੇਰਾ ਇੰਤਜ਼ਾਰ ਕਰ ਰਿਹਾ ਸੀ। ਪੌੜੀਆਂ ਚੜ੍ਹਦੇ ਉਹ ਕਹਿੰਦਾ ਹੈ, ‘ਇਹ ਆਦਮੀ ਜਿਸ ਨੂੰ ਅਸੀਂ ਮਿਲ਼ਣ ਜਾ ਰਹੇ ਹਾਂ, ਕੋਈ ਵਕੀਲ ਹੈ। ਮੇਰੀ ਇੱਕ ਦੋਸਤ ਹਰ ਹਫਤੇ ਉਸ ਦੇ ਘਰ ਦੀ ਸਫ਼ਾਈ ਕਰਨ ਜਾਂਦੀ ਹੈ, ਪਰ ਉਹ ਇਹ ਕੰਮ ਪੈਸਿਆਂ ਲਈ ਨਹੀਂ, ਸਗੋਂ ਸਿਰਫ਼ ਇੱਕ ਖ਼ਾਸ ਕਿਸਮ ਦੇ ਨਸ਼ੇ ਲਈ ਕਰਦੀ ਹੈ। ਵਕੀਲ ਨੂੰ ਕਿਸੇ ਕਿਸਮ ਦਾ ਕੈਂਸਰ ਹੈ। ਮੈਨੂੰ ਇਹ ਤਾਂ ਨਹੀਂ ਪਤਾ ਕਿ ਸਰੀਰ ਦੇ ਕਿਸ ਹਿੱਸੇ ਵਿੱਚ ਹੈ ਪਰ ਡਾਕਟਰ ਨੇ ਉਸ ਨੂੰ ਚਾਲੀ ਗਰਾਮ ਚਰਸ ਹਰ ਮਹੀਨੇ ਲੈਣ ਦਾ ਨੁਸਖ਼ਾ ਲਿਖ ਕੇ ਦਿੱਤਾ ਹੋਇਆ ਹੈ। ਪਰ ਉਹ ਬੜੀ ਮੁਸ਼ਕਿਲ ਨਾਲ਼ ਥੋੜ੍ਹੀ ਜਿਹੀ ਹੀ ਵਰਤ ਸਕਦਾ ਹੈ। ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਆਪਣਾ ਇਹ ਬੋਝ ਹੋਰ ਘੱਟ ਕਰਨਾ ਚਾਹੁੰਦਾ ਹੈ? ਤਾਂ ਉਸ ਨੇ ਕਿਹਾ ਕਿ ਉਹ ਇਸ ਬਾਰੇ ਬਾਅਦ ਵਿੱਚ ਗੱਲ ਕਰੇਗਾ, ਪਰ ਮੈਨੂੰ ਇਹ ਗੱਲ ਸਮਝ ਨਾ ਆਈ ਕਿ ਉਸਨੇ ਇਹ ਇਸਰਾਰ ਕਿਉਂ ਕੀਤਾ ਕਿ ਮੇਰੇ ਕੋਲ਼ ਦੋ ਜਣੇ ਆਉਣ। ਇਸ ਲਈ ਮੈਂ ਫੋਨ ਚੁੱਕਿਆ ਅਤੇ ਤੈਨੂੰ ਕਾਲ ਕਰ ਦਿੱਤੀ, ਇੱਥੇ ਆਉਣ ਲਈ।’
‘ਏਵਰੀ,’ ਮੈਂ ਉਸਨੂੰ ਕਿਹਾ, ‘ਮੈਂ ਤੈਨੂੰ ਸਿਰਫ ਥੋੜ੍ਹੀ ਜਿਹੀ ਚੰਗੀ ਚਰਸ ਦਾ ਕਿਹਾ ਹੈ। ਮੈਂ ਕਿਸੇ ਅਜਿਹੇ ਵਕੀਲ ਦੇ ਨਾਲ ਸੌਦੇਬਾਜ਼ੀ ਦੇ ਚੱਕਰ ਵਿੱਚ ਨਹੀਂ ਫਸਣਾ ਚਾਹੁੰਦਾ, ਜਿਸ ਨੂੰ ਮੈਂ ਪਹਿਲਾਂ ਕਦੇ ਮਿਲਿਆ ਤੱਕ ਨਹੀਂ।’
‘ਇਹ ਕੋਈ ਸੌਦਾ ਨਹੀਂ,’ ਏਵਰੀ ਨੇ ਕਿਹਾ। ‘ਸਿਰਫ ਇੱਕ ਵਿਅਕਤੀ ਹੈ, ਜਿਸ ਨੇ ਇਸਰਾਰ ਕੀਤਾ ਹੈ ਕਿ ਦੋ ਆਦਮੀ ਮਿਲ਼ਣ ਆਉਣ ਅਤੇ ਗੱਲ ਕਰਨ ਲਈ ਉਸ ਦੇ ਅਪਾਰਟਮੈਂਟ ਰੁਕ ਜਾਣ। ਜੇਕਰ ਉਹ ਕੁਝ ਅਜਿਹਾ ਕਹੇ ਵੀ, ਜੋ ਸਾਨੂੰ ਠੀਕ ਨਾ ਲੱਗੇ ਤਾਂ ਅਸੀ ਅਲਵਿਦਾ ਕਹਿ ਕੇ ਚਲੇ ਆਵਾਂਗੇ। ਵੈਸੇ ਵੀ ਅੱਜ ਕੋਈ ਸੌਦਾ ਨਹੀਂ ਹੋਵੇਗਾ। ਫਿਰ ਮੇਰੇ ਪੱਲੇ ਤਾਂ ਇਸ ਵਕਤ ਧੇਲਾ ਵੀ ਨਹੀਂ। ਅੱਜ ਤਾਂ ਬਸ ਜ਼ਿਆਦਾ ਤੋਂ ਜ਼ਿਆਦਾ ਇਹ ਹੋਵੇਗਾ ਕਿ ਆਪਾਂ ਗੱਲ ਤੋਰ ਲਵਾਂਗੇ।’
ਮੈਨੂੰ ਹਾਲੇ ਤੱਕ ਇਹ ਸਭ ਵੀ ਅੱਛਾ ਨਹੀਂ ਲੱਗ ਰਿਹਾ। ਕਾਰਨ ਇਹ ਨਹੀਂ ਕਿ ਮੈਨੂੰ ਕਿਸੇ ਖ਼ਤਰੇ ਦੀ ਪਰਤੀਤ ਹੋ ਰਹੀ ਹੈ। ਹਾਂ, ਪਰ ਮੈਨੂੰ ਇਹ ਜ਼ਰੂਰ ਲੱਗ ਰਿਹਾ ਸੀ ਕਿ ਕੋਈ ਬਦਮਜ਼ਗੀ ਹੋਣ ਵਾਲੀ ਹੈ। ਅਤੇ ਮੈਂ ਅਜੇ ਕੋਈ ਬਦਮਜ਼ਗੀ ਚਾਹੁੰਦਾ ਨਹੀਂ । ਓਪਰੇ ਲੋਕਾਂ ਦੇ ਨਾਲ਼ ਅਣਜਾਣ ਘਰਾਂ ਵਿੱਚ ਬੈਠਣਾ, ਇਸ ਕਿਸਮ ਦੇ ਅਜੀਬ ਮਾਹੌਲ ਵਿੱਚ ਇਹ ਸਭ ਮੈਨੂੰ ਭੈੜਾ ਲੱਗਦਾ ਹੈ। ਏਵਰੀ ਮੈਨੂੰ ਕਹਿੰਦਾ ਹੈ, ‘ਤੂੰ ਬਸ ਇੱਕ ਵਾਰ ਉੱਪਰ ਚੱਲ ਅਤੇ ਦੋ ਮਿੰਟ ਦੇ ਬਾਅਦ ਇਵੇਂ ਨਾਟਕ ਕਰਨਾ ਕਿ ਤੈਨੂੰ ਕੋਈ ਮੈਸਿਜ ਆਇਆ ਹੈ ਜਿਸ ਕਰਕੇ ਤੈਨੂੰ ਕੁੱਝ ਜਲਦੀ ਹੈ ਅਤੇ ਤੈਨੂੰ ਹੁਣੇ ਜਾਣਾ ਪੈਣਾ ਹੈ। ਪਰ ਮੈਨੂੰ ਲਟਕਦਾ ਛੱਡਕੇ ਨਾ ਜਾ। ਉਸਨੇ ਕਿਹਾ ਹੈ ਕਿ ਦੋ ਲੋਕ ਮਿਲ਼ਣ ਆਉਣ। ਬਸ ਹੁਣ ਮੇਰੇ ਨਾਲ ਘਰ ਦੇ ਅੰਦਰ ਚੱਲ ਤਾਂ ਕਿ ਮੈਂ ਬੇਵਕੂਫ਼ ਨਾ ਲੱਗਾਂ, ਉਥੋਂ ਇੱਕ ਮਿੰਟ ਬਾਅਦ ਬੇਸ਼ੱਕ ਤੂੰ ਚਲੇ ਜਾਣਾ।’ ਮੈਨੂੰ ਹਾਲੇ ਵੀ ਖ਼ਦਸ਼ਾ ਸੀ ਪਰ ਏਵਰੀ ਜਦੋਂ ਇਸ ਤਰ੍ਹਾਂ ਗੱਲ ਕਰੇ ਤਾਂ ਇਨਕਾਰ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਵਕੀਲ ਦਾ ਆਖ਼ਰੀ ਨਾਮ ਸ਼ਾਇਦ ਕੋਰਮੈਨ ਹੈ, ਜਾਂ ਘੱਟੋ ਘੱਟ ਦਰਵਾਜ਼ੇ ਉੱਤੇ ਇਹੀ ਲਿਖਿਆ ਹੋਇਆ ਹੈ। ਅਤੇ ਦੇਖਣ ਵਿੱਚ ਉਹ ਆਦਮੀ ਬਿਲਕੁਲ ਠੀਕ ਠਾਕ ਲੱਗਦਾ ਹੈ। ਉਹ ਸਾਨੂੰ ਕੋਕ ਪੇਸ਼ ਕਰਦਾ ਹੈ ਅਤੇ ਗਲਾਸਾਂ ਵਿੱਚ ਨਿੰਬੂ ਦੀਆਂ ਬੂੰਦਾਂ ਅਤੇ ਬਰਫ਼ ਦੇ ਟੁਕੜੇ ਵੀ ਪਾ ਦਿੰਦਾ ਹੈ। ਲੱਗ ਰਿਹਾ ਹੈ ਜਿਵੇਂ ਅਸੀਂ ਹੋਟਲ ਦੇ ਕਿਸੇ ਬਾਰ ਵਿੱਚ ਆ ਬੈਠੇ ਹਾਂ। ਉਸ ਦਾ ਅਪਾਰਟਮੈਂਟ ਵੀ ਕਾਫ਼ੀ ਵਧੀਆ, ਕਾਫ਼ੀ ਰੁਸ਼ਨਾਇਆ ਅਤੇ ਖੁਸ਼ਬੂਦਾਰ ਹੈ। ‘ਵੇਖੋ,’ ਉਸ ਨੇ ਕਿਹਾ, ‘ਮੈਂ ਇੱਕ ਘੰਟੇ ਵਿੱਚ ਅਦਾਲਤ ਵਿੱਚ ਪੇਸ਼ ਹੋਣਾ ਹੈ। ਇੱਕ ਦਸ ਸਾਲਾ ਬੱਚੀ ਦਾ ਕੇਸ ਹੈ, ਜਿਸ ਨੂੰ ਕੋਈ ਕਾਰ ਦੀ ਫੇਟ ਮਾਰ ਕੇ ਭੱਜ ਗਿਆ ਸੀ। ਡਰਾਈਵਰ ਨੂੰ ਮੁਸ਼ਕਿਲ ਨਾਲ਼ ਇੱਕ ਸਾਲ ਦੀ ਕ਼ੈਦ ਹੋਈ ਅਤੇ ਉਹ ਵਰੀ ਹੋ ਗਿਆ। ਪਰ ਹੁਣ ਮੈਂ ਉਸ ਬੱਚੀ ਦੇ ਮਾਂ-ਪਿਉ ਦੀ ਨੁਮਾਇੰਦਗੀ ਕਰ ਰਿਹਾ ਹਾਂ। ਮਾਂ-ਪਿਉ ਨੇ ਉਸ ਡਰਾਈਵਰ ਦੇ ਖਿਲਾਫ 20 ਲੱਖ ਹਰਜਾਨੇ ਦਾ ਮੁਕੱਦਮਾ ਕੀਤਾ ਹੈ। ਜਿਸ ਮੁੰਡੇ ਨੇ ਉਸ ਬੱਚੀ ਨੂੰ ਮਾਰਿਆ ਉਹ ਇੱਕ ਅਰਬੀ ਬੱਦੂ ਮੁੰਡਾ ਹੈ ਅਤੇ ਇੱਕ ਅਮੀਰ ਘਰਾਣੇ ਤੋਂ ਹੈ।’
‘ਵਾਹ,’ ਏਵਰੀ ਨੇ ਕਿਹਾ, ਜਿਵੇਂ ਉਸ ਨੂੰ ਸਭ ਪਤਾ ਹੋਵੇ ਕਿ ਕੋਰਮੈਨ ਅਸਲ ਵਿੱਚ ਕਿਸ ਦੇ ਬਾਰੇ ਗੱਲ ਕਰ ਰਿਹਾ ਹੈ। ‘ਪਰ ਅਸੀਂ ਇੱਥੇ ਕਿਸੇ ਹੋਰ ਵਿਸ਼ੇ ‘ਤੇ ਗੱਲ ਕਰਨ ਆਏ ਹਾਂ। ਅਸੀਂ ਟੀਨਾ ਦੇ ਦੋਸਤ ਹਾਂ। ਅਸੀਂ ਦਰਅਸਲ ਚਰਸ ਦੇ ਬਾਰੇ ਗੱਲ ਕਰਨ ਆਏ ਹਾਂ।’
ਜੇਕਰ ਤੁਸੀ ਮੈਨੂੰ ਆਪਣੀ ਗੱਲ ਖ਼ਤਮ ਕਰਨ ਦਾ ਮੌਕਾ ਦਿਓ ਤਾਂ ਹੀ ਮੈਂ ਤੁਹਾਨੂੰ ਆਪਣੀ ਸਾਰੀ ਗੱਲ ਸਮਝਾ ਸਕਾਂਗਾ। ਡਰਾਈਵਰ ਦਾ ਪੂਰਾ ਖ਼ਾਨਦਾਨ ਉਸ ਦੀ ਮਦਦ ਕਰਨ ਲਈ ਤਿਆਰ ਹੈ। ਦੂਜੇ ਪਾਸੇ ਉਹ ਜੋ ਕੁੜੀ ਮਰ ਗਈ ਹੈ ਉਸ ਦੇ ਮਾਂ-ਪਿਉ ਦੇ ਇਲਾਵਾ ਕੋਈ ਵੀ ਉਨ੍ਹਾਂ ਦੀ ਮਦਦ ਲਈ ਤਿਆਰ ਨਹੀਂ ਹੈ। ਅਤੇ ਮਾਂ-ਪਿਉ ਵੀ ਸਿਰਫ ਸਿਰ ਝੁਕਾ ਕੇ ਚੁੱਪ ਬੈਠੇ ਰਹਿੰਦੇ ਹਨ। ਇੱਕ ਸ਼ਬਦ ਵੀ ਮੂੰਹੋਂ ਨਹੀਂ ਉਚਰਦੇ। ਏਵਰੀ ਨੇ ਸਿਰ ਨੂੰ ਜ਼ਰਾ ਕੁ ਜੁੰਬਸ਼ ਦਿੱਤੀ ਅਤੇ ਚੁੱਪ ਬੈਠਾ ਰਿਹਾ। ਪਰ ਅਜੇ ਤੱਕ ਗੱਲ ਉਸਦੇ ਪੱਲੇ ਨਹੀਂ ਪਈ ਸੀ। ਐਪਰ ਉਹ ਚੁੱਪ ਰਿਹਾ ਅਤੇ ਕੋਈ ਸਵਾਲ ਨਾ ਕੀਤਾ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਕੋਰਮੈਨ ਗੱਲ ਨੂੰ ਜ਼ਿਆਦਾ ਤੂਲ ਦੇਵੇ। ਮੈਂ ਚਾਹੁੰਦਾ ਹਾਂ ਕਿ ਤੁਸੀਂ ਅਤੇ ਤੁਹਾਡਾ ਦੋਸਤ ਅਦਾਲਤ ਵਿੱਚ ਆਓ ਅਤੇ ਇਸ ਤਰ੍ਹਾਂ ਪੇਸ਼ ਆਓ ਜਿਵੇਂ ਉਹ ਮਰਨ ਵਾਲੀ ਕੁੜੀ ਦੇ ਮਾਂ-ਪਿਉ ਦੇ ਹਮਦਰਦ ਹੋਵੋ। ਅਦਾਲਤ ਵਿੱਚ ਥੋੜ੍ਹਾ ਹੰਗਾਮਾ ਬਰਪਾ ਕਰੋ। ਥੋੜ੍ਹਾ ਰੌਲਾ ਮਚਾਓ। ਮੁਖ਼ਾਲਿਫ਼ ਪਾਰਟੀ ਉੱਤੇ ਚੀਖ਼ੋ। ਉਸਨੂੰ ਕਾਤਲ ਕਹੋ। ਥੋੜ੍ਹਾ ਰੋਵੋ, ਥੋੜ੍ਹੀ ਜਿਹੀ ਝਾੜ ਝੰਬ ਕਰੋ, ਪਰ ਨਸਲ ਪਰਸਤੀ ਵਾਲ਼ੀ ਕੋਈ ਗੱਲ ਨਾ ਕਰਨਾ। ਸਿਰਫ ਇਹ ਕਹਿ ਦੇਣਾ ਕਿ ਤੁਸੀਂ ਗੰਦ ਦਾ ਢੇਰ ਹੋ ਅਤੇ ਉਸਨੇ ਸਾਡੇ ਨਾਲ਼ ਇਸੇ ਤਰ੍ਹਾਂ ਦੀਆਂ ਕੁੱਝ ਹੋਰ ਗੱਲਾਂ ਕੀਤੀਆਂ। ਮੁੱਕਦੀ ਗੱਲ ਇਹ ਕਿ ਉੱਥੇ ਅਦਾਲਤ ਵਿੱਚ ਮੁਨਸਫ਼ ਨੂੰ ਤੁਹਾਡੀ ਹਾਜ਼ਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਉਸਨੂੰ ਦੱਸਣ ਦੀ ਲੋੜ ਹੈ ਕਿ ਇਸ ਸ਼ਹਿਰ ਵਿੱਚ ਅਜਿਹੇ ਲੋਕ ਹਨ ਜੋ ਸਮਝਦੇ ਹਨ ਕਿ ਇਹ ਆਦਮੀ (ਡਰਾਈਵਰ) ਇੱਕ ਘਟੀਆ ਇਨਸਾਨ ਹੈ। ਹੋ ਸਕਦਾ ਹੈ ਮੇਰੀਆਂ ਇਹ ਸਭ ਗੱਲਾਂ ਤੁਹਾਨੂੰ ਬੇਫਕੂਫ਼ਾਨਾ ਲੱਗ ਰਹੀਆਂ ਹੋਣ? ਖ਼ੈਰ ਇਸ ਤਰ੍ਹਾਂ ਦੀਆਂ ਹਰਕਤਾਂ ਮੁਨਸਫ਼ਾਂ ਨੂੰ ਬਹੁਤ ਮੁਤਾੱਸਿਰ ਕਰਦੀਆਂ ਹਨ, ਉਨ੍ਹਾਂ ਨੂੰ ਹਿੱਲਾ ਕੇ ਰੱਖ ਦਿੰਦੀਆਂ ਹਨ; ਉਨ੍ਹਾਂ ਦੇ ਪੁਰਾਣੇ, ਖੁਸ਼ਕ ਕਾਨੂੰਨਾਂ ਨੂੰ, ਗਲੇ ਸੜੇ ਨਿਜ਼ਾਮ ਨੂੰ ਵੀ ਰਿੜਕ ਦਿੰਦੀਆਂ ਹਨ ਤੇ ਉਨ੍ਹਾਂ ਵਿੱਚੋਂ ਤਿਆਰ ਗੈਸੀ ਗੋਲੀਆਂ ਹਕੀਕੀ ਦੁਨੀਆ ਦੇ ਪਿੰਡੇ ਤੇ ਮਲ਼ ਦਿੰਦੀਆਂ ਹਨ। ਏਵਰੀ ਕੋਸ਼ਿਸ਼ ਕਰਦਾ ਰਿਹਾ ਕਿ ਚਰਸ ਬਾਰੇ ਗੱਲ ਕਰੇ। ‘ਮੈਂ ਹੁਣ ਇਹੀ ਗੱਲ ਕਰਨ ਲੱਗਿਆ ਹਾਂ,’ ਕੋਰਮੈਨ ਨੇ ਉਸ ਦੀ ਗੱਲ ਕੱਟਦੇ ਹੋਏ ਕਿਹਾ। ‘ਜੇਕਰ ਤੁਸੀਂ ਦੋਨੋਂ ਮੈਨੂੰ ਅਦਾਲਤ ਵਿੱਚ ਆਪਣਾ ਸਿਰਫ ਅੱਧਾ ਘੰਟਾ ਦੇ ਦੇਵੋ ਤਾਂ ਮੈਂ ਤੁਹਾਨੂੰ ਦੋਨਾਂ ਨੂੰ ਦਸ ਦਸ ਗਰਾਮ ਚਰਸ ਦੇਵਾਂਗਾ। ਜੇਕਰ ਤੁਸੀਂ ਲੋਕ ਅਦਾਲਤ ਵਿੱਚ ਜ਼ਰਾ ਜ਼ੋਰ ਨਾਲ਼ ਚੀਖ਼ ਸਕੋ ਤਾਂ ਸ਼ਾਇਦ ਮੈਂ ਪੰਦਰਾਂ ਗਰਾਮ ਹੀ ਦੇ ਦੇਵਾਂ। ਹੁਣ ਤੁਸੀਂ ਦੱਸੋ ਤੁਹਾਡਾ ਕੀ ਖ਼ਿਆਲ ਹੈ ਇਸ ਬਾਰੇ?’
‘ਮੈਨੂੰ ਸਿਰਫ਼ ਇੱਕ ਗਰਾਮ ਦੀ ਜ਼ਰੂਰਤ ਹੈ,’ ਮੈਂ ਉਸਨੂੰ ਦੱਸਿਆ। ‘ਤੁਸੀਂ ਇੱਕ ਗਰਾਮ ਮੈਨੂੰ ਵੇਚ ਸਕਦੇ ਹੋ? ਤੁਹਾਡਾ ਅਤੇ ਮੇਰਾ ਅਜੋਕਾ ਦਿਨ ਬਿਹਤਰ ਬਣ ਜਾਵੇਗਾ।’
‘ਮੈਂ ਇਸ ਨੂੰ ਵੇਚਾਂਗਾ?’ ਕੋਰਮੈਨ ਜ਼ੋਰ ਨਾਲ਼ ਹੱਸਿਆ। ‘ਉਹ ਵੀ ਪੈਸੇ ਲਈ? ਕੀ ਤੁਸੀਂ ਮੈਨੂੰ ਡੀਲਰ ਸਮਝ ਰੱਖਿਆ ਹੈ? ਮੈਂ ਤਾਂ ਬਤੌਰ ਤੋਹਫ਼ਾ ਵੀ ਅਕਸਰ ਆਪਣੇ ਦੋਸਤਾਂ ਨੂੰ ਦੇ ਦਿਆ ਕਰਦਾ ਹਾਂ।’
‘ਤਾਂ ਮੈਨੂੰ ਵੀ ਬਤੌਰ ਤੋਹਫ਼ਾ ਹੀ ਦੇ ਦੋ ਮੈਂ ਤੁਹਾਨੂੰ ਇਲਤਜਾ ਕਰਦਾ ਹਾਂ। ਸਿਰਫ ਇੱਕ ਗਰਾਮ ਦੀ ਹੀ ਤਾਂ ਗੱਲ ਹੈ!’
‘ਪਰ ਭੁੱਲ ਗਏ ਮੈਂ ਤੁਹਾਨੂੰ ਹੁਣੇ ਕੀ ਕਿਹਾ ਹੈ?’ ਕੋਰਮੈਨ ਨੇ ਇੱਕ ਨਾਖ਼ੁਸ਼ਗਵਾਰ ਮੁਸਕਰਾਹਟ ਦੇ ਨਾਲ ਕਹਿੰਦਾ ਹੈ। ‘ਮੈਂ ਦੇ ਦੇਵਾਂਗਾ, ਪਰ ਪਹਿਲਾਂ ਤੁਸੀਂ ਇਹ ਸਾਬਤ ਕਰਨਾ ਹੋਏਗਾ ਕਿ ਤੁਸੀਂ ਵਾਕਈ ਦੋਸਤ ਹੋ।’
ਜੇਕਰ ਏਵਰੀ ਨਾ ਹੁੰਦਾ ਤਾਂ ਮੈਂ ਕਦੇ ਰਾਜੀ ਨਾ ਹੁੰਦਾ, ਪਰ ਉਹ ਮੈਨੂੰ ਕਹੀ ਜਾ ਰਿਹਾ ਸੀ ਕਿ ਸਾਨੂੰ ਇਹ ਮੌਕਾ ਮਿਲਿਆ ਹੈ ਅਰ ਵੈਸੇ ਵੀ ਅਸੀ ਕੋਈ ਖ਼ਤਰਨਾਕ ਕੰਮ ਨਹੀਂ ਕਰ ਰਹੇ ਨਾ ਹੀ ਕਨੂੰਨ ਤੋੜ ਰਹੇ ਹਾਂ। ਗਾਂਜਾ ਪੀਣਾ ਗੈਰਕਾਨੂਨੀ ਹੈ, ਪਰ ਇੱਕ ਅਰਬੀ ਬੱਦੂ ਨੂੰ ਚੀਖਣਾ, ਜੋ ਕਿ ਇੱਕ ਛੋਟੀ ਬੱਚੀ ਨੂੰ ਮਾਰ ਕੇ ਭੱਜ ਨਿਕਲਿਆ ਸੀ, ਕਾਨੂੰਨੀ ਹੀ ਨਹੀਂ ਸਗੋਂ ਸਰਾਸਰ ਮਾਮੂਲੀ ਗੱਲ ਹੈ।
‘ਕੀ ਪਤਾ?’ ਉਹ ਕਹਿੰਦਾ ਹੈ। ‘ਉੱਥੇ ਕੈਮਰੇ ਲੱਗੇ ਹੋਣ ਅਤੇ ਲੋਕ ਸਾਨੂੰ ਰਾਤ ਦੀਆਂ ਖ਼ਬਰਾਂ ਵਿੱਚ ਵੇਖ ਵੀ ਲੈਣ।’
‘ਪਰ ਇਉਂ ਵਿਖਾਵਾ ਕਰਨਾ ਕਿਉਂ ਜਰੂਰੀ ਹੈ ਕਿ ਅਸੀਂ ਉਸ ਕੁੜੀ ਦੇ ਰਿਸ਼ਤੇਦਾਰ ਹਾਂ?’ ਮੈਂ ਪੁੱਛਦਾ ਹਾਂ। ‘ਮੇਰਾ ਮਤਲਬ ਹੈ, ਕੁੜੀ ਦੇ ਮਾਂ-ਪਿਉ ਪਛਾਣ ਲੈਣਗੇ ਕਿ ਸਾਡਾ ਉਨ੍ਹਾਂ ਨਾਲ਼ ਕੋਈ ਰਿਸ਼ਤਾ ਨਹੀਂ ਹੈ।’
‘ਉਸਨੇ ਸਾਨੂੰ ਇਹ ਨਹੀਂ ਕਿਹਾ ਕਿ ਅਸੀਂ ਕਹੀਏ ਕਿ ਅਸੀਂ ਰਿਸ਼ਤੇਦਾਰ ਹਾਂ।’ ਏਵਰੀ ਕਹਿੰਦਾ ਹੈ। ‘ਉਸਨੇ ਸਿਰਫ਼ ਇੰਨਾ ਕਿਹਾ ਕਿ ਅਸੀਂ ਉੱਥੇ ਜਾ ਕੇ ਚੀਖਣਾ ਹੈ। ਜੇਕਰ ਕੋਈ ਪੁੱਛੇ ਤਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਅਸੀਂ ਇਸ ਬਾਰੇ ਅਖ਼ਬਾਰ ਵਿੱਚ ਪੜ੍ਹਿਆ ਹੈ ਤੇ ਅਸੀਂ ਸੰਵੇਦਨਸ਼ੀਲ ਨਾਗਰਿਕ ਹਾਂ।’
ਅਸੀਂ ਇਹ ਗੱਲਾਂ ਕੋਰਟਰੂਮ ਦੇ ਨਾਲ਼ ਵਾਲ਼ੀ ਲੌਬੀ ਵਿੱਚ ਬੈਠੇ ਕਰ ਰਹੇ ਹਾਂ, ਜਿਥੇ ਕਾਫ਼ੀ ਹਨੇਰਾ ਹੈ ਅਤੇ ਜਿੱਥੇ ਗੰਦੇ ਨਾਲ਼ੇ ਦੇ ਪਾਣੀ ਅਤੇ ਫ਼ਫ਼ੂੰਦੀ ਦੀ ਰਲ਼ੀ ਮਿਲ਼ੀ ਜਿਹੀ ਬਦਬੂ ਆਉਂਦੀ ਹੈ। ਭਾਵੇਂ ਅਸੀਂ ਦੋਨੋਂ ਇਸ ਮੌਜ਼ੂ ਉੱਤੇ ਬਹਿਸ ਕਰੀ ਜਾਂਦੇ ਹਾਂ, ਐਪਰ ਸਾਨੂੰ ਇਹ ਗੱਲ ਕਦੋਂ ਦੀ ਸਪਸ਼ਟ ਹੈ ਕਿ ਮੈਂ ਹੁਣ ਇਸ ਮਨਸੂਬੇ ਵਿੱਚ ਸ਼ਰੀਕ ਹਾਂ ਵਰਨਾ ਮੈਂ ਏਵਰੀ ਦੇ ਨਾਲ ਸਕੂਟਰ ਉੱਤੇ ਬੈਠ ਏਥੇ ਕਿਉਂ ਆਉਂਦਾ।
‘ਫ਼ਿਕਰ ਨਾ ਕਰ,’ ਉਸਨੇ ਮੈਨੂੰ ਕਿਹਾ। ‘ਮੈਂ ਆਪਾਂ ਦੋਨਾਂ ਦੇ ਹਿੱਸੇ ਦਾ ਇਕੱਲਾ ਚੀਖ਼ ਲਵਾਂਗਾ। ਤੈਨੂੰ ਕੁੱਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ। ਬਸ ਇਸ ਤਰ੍ਹਾਂ ਵਿਖਾਵਾ ਕਰਨਾ ਕਿ ਤੂੰ ਮੇਰਾ ਦੋਸਤ ਹੈਂ ਅਤੇ ਮੈਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਂ। ਬਸ ਉਨ੍ਹਾਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਸੀਂ ਇਕੱਠੇ ਹਾਂ।’
ਡਰਾਈਵਰ ਦਾ ਅੱਧਾ ਖ਼ਾਨਦਾਨ ਪਹਿਲਾਂ ਹੀ ਉੱਥੇ ਮੌਜੂਦ ਸੀ, ਜੋ ਹੇਠਾਂ ਲੌਬੀ ਵਿੱਚ ਸਾਨੂੰ ਘੂਰ ਰਿਹਾ ਸੀ। ਡਰਾਈਵਰ ਖ਼ੁਦ ਮੋਟਾ ਤਕੜਾ ਸੀ ਅਤੇ ਵਾਕਈ ਜਵਾਨ ਨਜ਼ਰ ਆਉਂਦਾ ਸੀ। ਉਹ ਹਰ ਨਵੇਂ ਆਉਣ ਵਾਲੇ ਨੂੰ ਸਲਾਮ ਕਰ ਰਿਹਾ ਸੀ, ਹਰੇਕ ਨੂੰ ਚੁੰਮਣ ਦਿੰਦਾ ਸੀ, ਜਿਵੇਂ ਕਿਸੇ ਸ਼ਾਦੀ ਵਿਆਹ ਵੇਲ਼ੇ ਹੁੰਦਾ ਹੈ। ਮੁੱਦਈ ਦੀ ਮੇਜ਼ ਉੱਤੇ ਕੋਰਮੈਨ ਦੇ ਨਾਲ ਇੱਕ ਹੋਰ ਦਾੜ੍ਹੀ ਵਾਲਾ ਨੌਜਵਾਨ ਵਕੀਲ ਬੈਠਾ ਸੀ। ਤੇ ਫਿਰ ਕੁੜੀ ਦੇ ਮਾਂ-ਪਿਉ ਵੀ ਬੈਠੇ ਹਨ। ਉਨ੍ਹਾਂ ਨੂੰ ਵੇਖਕੇ ਅਜਿਹਾ ਨਹੀਂ ਲੱਗ ਰਿਹਾ ਜਿਵੇਂ ਉਹ ਵਿਆਹ ਵਿੱਚ ਆਏ ਹੋਣ। ਉਹ ਬੇਹੱਦ ਕਮਜ਼ੋਰ ਲੱਗ ਰਹੇ ਹਨ। ਕੁੜੀ ਦੀ ਮਾਂ ਸ਼ਾਇਦ ਪੰਜਾਹ ਦੇ ਕਰੀਬ ਜਾਂ ਥੋੜ੍ਹੀ ਹੋਰ ਵੱਧ ਉਮਰ ਦੀ ਹੋਵੇਗੀ ਪਰ ਉਸ ਦਾ ਵਜੂਦ ਨੰਨ੍ਹੇ ਪਰਿੰਦੇ ਵਰਗਾ ਵਿਖਾਈ ਦਿੰਦਾ ਹੈ। ਉਸ ਦੇ ਛੋਟੇ ਛੋਟੇ ਧੌਲ਼ੇ ਵਾਲ਼ਾਂ ਦੀ ਬੁਰੀ ਹਾਲਤ ਤੋਂ ਉਹ ਗੰਭੀਰ ਦਿਮਾਗ਼ੀ ਖ਼ਲਲ ਦੀ ਮਰੀਜ਼ ਵਿਖਾਈ ਦੇ ਰਹੀ ਹੈ। ਬਾਪ ਅੱਖਾਂ ਮੀਚੀ ਬੈਠਾ ਹੈ। ਥੋੜ੍ਹੀ ਥੋੜ੍ਹੀ ਦੇਰ ਬਾਅਦ ਉਹ ਪਲ ਭਰ ਲਈ ਅੱਖਾਂ ਖੋਲ੍ਹਦਾ, ਅਤੇ ਦੁਬਾਰਾ ਮੀਚ ਲੈਂਦਾ ਹੈ।
ਕਾਰਵਾਈ ਸ਼ੁਰੂ ਹੋ ਜਾਂਦੀ ਹੈ, ਅਤੇ ਸਾਨੂੰ ਲੱਗਿਆ ਜਿਵੇਂ ਅਸੀਂ ਕਿਸੇ ਪੇਚੀਦਾ ਅਮਲ ਵਿੱਚ ਫਸ ਗਏ ਹਾਂ, ਹਰ ਚੀਜ਼ ਬਹੁਤ ਪੇਚਦਾਰ ਅਤੇ ਬਿਖਰੀ ਹੋਈ ਲੱਗ ਰਹੀ ਹੈ। ਵਕੀਲ ਲਾਣਾ ਵੱਖ ਵੱਖ ਵਿਸ਼ਿਆਂ ਬਾਰੇ ਚਰਚਾ ਵਿੱਚ ਲੱਗਿਆ ਹੈ। ਮੇਰੇ ਦਿਮਾਗ਼ ਵਿੱਚ ਅਜਿਹੀ ਤਸਵੀਰ ਬਣ ਰਹੀ ਹੈ ਜਿਵੇਂ ਮੇਰੀ ਤੇ ਸ਼ਿਕਮਾ ਦੀ ਧੀ ਨੂੰ ਕਿਸੇ ਕਾਰ ਨੇ ਟੱਕਰ ਮਾਰ ਦਿੱਤੀ ਹੈ ਤੇ ਉਸਦੀ ਮੌਤ ਹੋ ਗਈ ਹੈ। ਅਸੀ ਦੋਨੋਂ ਤਬਾਹ ਹੋ ਚੁੱਕੇ ਹਾਂ, ਪਰ ਫਿਰ ਵੀ ਅਸੀ ਇੱਕ ਦੂਜੇ ਦਾ ਸਾਥ ਦੇ ਰਹੇ ਹਾਂ। ਅਤੇ ਫਿਰ ਉਹ ਮੇਰੇ ਕੰਨ ਵਿੱਚ ਕਹਿੰਦੀ ਹੈ: ਮੈਂ ਚਾਹੁੰਦੀ ਹਾਂ ਕਿ ਇਸ ਜ਼ਲੀਲ ਕਾਤਲ ਨੂੰ ਸਜ਼ਾ ਮਿਲੇ। ਇਹ ਸਭ ਕਲਪਨਾ ਕਰਨਾ ਅੱਛਾ ਨਹੀਂ ਲੱਗ ਰਿਹਾ, ਇਸਲਈ ਮੈਂ ਐਸਾ ਸੋਚਣਾ ਬੰਦ ਕਰ ਦਿੰਦਾ ਹਾਂ। ਅਤੇ ਇਸ ਦੀ ਥਾਂ ਮੈਂ ਸੋਚਣ ਲੱਗਦਾ ਹਾਂ ਕਿ ਕਿਵੇਂ ਲੱਗੇਗਾ ਜੇਕਰ ਅਸੀਂ ਦੋਨੋਂ ਆਪਣੇ ਅਪਾਰਟਮੈਂਟ ਵਿੱਚ ਹਾਂ, ਗਾਂਜਾ ਪੀ ਰਹੇ ਹਾਂ, ਅਤੇ ਟੀਵੀ ਤੇ ਜਾਨਵਰਾਂ ਬਾਰੇ ਨੈਸ਼ਨਲ ਜੋਗਰਾਫਿਕ ਚੈਨਲ ਉੱਪਰ ਕੋਈ ਪ੍ਰੋਗਰਾਮ ਚੱਲ ਰਿਹਾ ਹੈ। ਅਤੇ ਕਿਸੇ ਤਰ੍ਹਾਂ ਅਸੀਂ ਇੱਕ ਦੂਜੇ ਦੇ ਕਰੀਬ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਸ਼ਿਕਮਾ ਮੇਰੇ ਬਹੁਤ ਕ਼ਰੀਬ ਹੋ ਜਾਂਦੀ ਹੈ।
‘ਹਾਇਨਾ!’ ਏਵਰੀ ਗੈਲਰੀ ਵਿੱਚ ਛਲਾਂਗ ਲਗਾ ਕੇ ਚੀਖ਼ਿਆ, ‘ਤੂੰ ਕਿਸ ਗੱਲ ਉੱਤੇ ਮੁਸਕਰਾ ਰਿਹਾ ਹੈਂ? ਤੂੰ ਇੱਕ ਛੋਟੀ ਬੱਚੀ ਨੂੰ ਕਤਲ ਕੀਤਾ ਹੈ। ਅਤੇ ਇੱਥੇ ਆਪਣੀ ਮੁਲਾਇਮ ਸ਼ਰਟ ਵਿੱਚ ਖੜ੍ਹਾ ਇਸ ਤਰ੍ਹਾਂ ਮੁਸਕਰਾ ਰਿਹਾ ਹੈਂ ਜਿਵੇਂ ਤੂੰ ਕਿਸੇ ਤਫ਼ਰੀਹੀ ਸਮੁੰਦਰੀ ਸਫ਼ਰ ਤੇ ਮੌਜ ਮੇਲਾ ਮਨਾ ਰਿਹਾ ਹੋਵੇਂ। ਤੈਨੂੰ ਸੜਨ ਲਈ ਸਲਾਖਾਂ ਦੇ ਪਿੱਛੇ ਸੁੱਟ ਦੇਣਾ ਚਾਹੀਦਾ ਹੈ। ਡਰਾਈਵਰ ਦੇ ਕੁਝ ਰਿਸ਼ਤੇਦਾਰ ਸਾਡੇ ਵੱਲ ਹੀ ਆ ਰਹੇ ਹਨ, ਇਸ ਲਈ ਮੈਂ ਰੁਕ ਜਾਂਦਾ ਹਾਂ ਅਤੇ ਇਸ ਤਰ੍ਹਾਂ ਦਿਖਾਵਾ ਕਰਦਾ ਹਾਂ ਜਿਵੇਂ ਮੈਂ ਏਵਰੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵਾਂ। ਉਂਜ ਹਕੀਕਤ ਵਿੱਚ ਵੀ, ਮੈਂ ਏਵਰੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਹੀ ਕਰ ਰਿਹਾ ਸੀ। ਮੁਨਸਫ਼ ਸਖ਼ਤ ਆਵਾਜ਼ ਵਿੱਚ ਕਹਿੰਦਾ ਹੈ ਕਿ ਜੇਕਰ ਏਵਰੀ ਨੇ ਚੀਖ਼ਣਾ ਬੰਦ ਨਹੀਂ ਕਰਦਾ ਤਾਂ ਅਦਾਲਤੀ ਅਫ਼ਸਰ ਉਸ ਨੂੰ ਅਦਾਲਤ ਵਿੱਚੋਂ ਬਾਹਰ ਕੱਢ ਦੇਣਗੇ, ਜੋ ਕਿ ਇਸ ਵਕਤ ਡਰਾਈਵਰ ਦੇ ਪੂਰੇ ਖ਼ਾਨਦਾਨ ਦੇ ਨਾਲ਼ ਝੜਪ ਨਾਲ਼ੋਂ ਤਾਂ ਬਿਹਤਰ ਮੌਕਾ ਹੀ ਲੱਗ ਰਿਹਾ ਹੈ, ਜੋ ਮੈਥੋਂ ਮਾਤਰ ਮਿਲੀਮੀਟਰ ਦੇ ਫ਼ਾਸਲੇ ‘ਤੇ ਖੜ੍ਹੇ ਹਨ ਅਤੇ ਏਵਰੀ ਨੂੰ ਕੋਸ ਰਹੇ ਉਸ ਨਾਲ਼ ਹੱਥੋਪਾਈ ਹੋ ਰਹੇ ਹਨ।
‘ਤੁਸੀਂ ਸਭ ਦਹਿਸ਼ਤਗਰਦ ਹੋ,’ ਏਵਰੀ ਇੱਕਦਮ ਚੀਖ਼ਦਾ ਹੈ। ‘ਤੁਸੀਂ ਲੋਕ ਮੌਤ ਦੀ ਸਜ਼ਾ ਦੇ ਲਾਇਕ ਹੋ।’ ਮੈਨੂੰ ਨਹੀਂ ਪਤਾ ਉਹ ਅਜਿਹਾ ਕਿਉਂ ਕਹਿ ਰਿਹਾ ਹੈ, ਪਰ ਇੱਕ ਮੁੱਛਾਂ ਵਾਲ਼ਾ ਆਦਮੀ ਅੱਗੇ ਵਧਕੇ ਉਸ ਦੇ ਇੱਕ ਥੱਪੜ ਜੜ ਦਿੰਦਾ ਹੈ। ਮੈਂ ਉਨ੍ਹਾਂ ਦੋਨਾਂ ਦੇ ਵਿੱਚ ਪੈ ਕੇ ਉਨ੍ਹਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਦਾ ਰਿਹਾ, ਇਸ ਦੌਰਾਨ ਮੇਰੇ ਮੂੰਹ ‘ਤੇ ਵੀ ਇੱਕ ਭਾਰੀ ਘਸੁੰਨ ਜੜ ਦਿੱਤਾ ਗਿਆ। ਅਦਾਲਤ ਦੇ ਅਫ਼ਸਰਾਂ ਨੇ ਏਵਰੀ ਨੂੰ ਘਸੀਟ ਕੇ ਅਦਾਲਤ ਤੋਂ ਬਾਹਰ ਕਢਵਾ ਦਿੱਤਾ। ਉਹ ਆਖ਼ਰੀ ਵਾਰ ਫਿਰ ਕੂਕ ਕੇ ਕਹਿੰਦਾ ਹੈ, ‘ਤੂੰ ਇੱਕ ਛੋਟੀ ਬੱਚੀ ਨੂੰ ਮੌਤ ਦੇ ਘਾਟ ਉਤਾਰਿਆ ਹੈ। ਤੂੰ ਇੱਕ ਅੱਧਖਿੜੀ ਕਲੀ ਨੂੰ ਮਸਲ ਦਿੱਤਾ ਹੈ। ਕਾਸ਼! ਉਹ ਤੇਰੀ ਧੀ ਨੂੰ ਵੀ ਕਤਲ ਕਰ ਦਿੰਦੇ।’ ਪਰ ਇਸ ਵੇਲ਼ੇ ਤੱਕ ਮੈਂ ਫ਼ਰਸ਼ ਉੱਤੇ ਡਿੱਗ ਚੁੱਕਿਆ ਹਾਂ ਅਤੇ ਮੇਰੇ ਨੱਕ ਜਾਂ ਸ਼ਾਇਦ ਮੱਥੇ ਵਿੱਚੋਂ ਖ਼ੂਨ ਵਹਿ ਰਿਹਾ ਹੈ। ਮੈਂ ਪੂਰੇ ਭਰੋਸਾ ਨਾਲ਼ ਨਹੀਂ ਦੱਸ ਸਕਦਾ। ਐਨ ਉਸ ਵਕ਼ਤ ਜਦੋਂ ਏਵਰੀ ਡਰਾਈਵਰ ਦੀ ਧੀ ਦੇ ਕਤਲ ਦੀ ਗੱਲ ਚੀਖ਼ ਕੇ ਕਹਿ ਰਿਹਾ ਸੀ, ਕੋਈ ਮੇਰੀਆਂ ਪੱਸਲੀਆਂ ਉੱਤੇ ਪੂਰੇ ਜ਼ੋਰ ਨਾਲ਼ ਲੱਤ ਮਾਰਦਾ ਹੈ। ਜਦੋਂ ਅਸੀਂ ਵਾਪਸ ਕੋਰਮੈਨ ਦੇ ਘਰ ਪੁੱਜੇ ਤਾਂ ਉਸ ਨੇ ਆਪਣੀ ਫਰਿਜ਼ ਖੋਲ੍ਹ ਕੇ ਮੇਰੇ ਲੱਗੀ ਚੋਟ ਵਾਲ਼ੇ ਥਾਂ ‘ਤੇ ਟਕੋਰ ਕਰਨ ਲਈ ਮੈਨੂੰ ਠਰੇ ਹੋਏ ਮਟਰਾਂ ਦੀ ਇੱਕ ਥੈਲੀ ਦਿੰਦਾ ਹੈ ਅਤੇ ਮੈਨੂੰ ਕਹਿੰਦਾ ਹੈ ਕਿ ਇਸ ਨੂੰ ਜ਼ੋਰ ਨਾਲ਼ ਦਬਾਓ। ਏਵਰੀ ਉਸ ਨਾਲ਼ ਜਾਂ ਮੇਰੇ ਨਾਲ਼ ਗੱਲ ਨਹੀਂ ਕਰਦਾ, ਸਿਰਫ਼ ਇੰਨਾ ਪੁੱਛਦਾ ਹੈ ਕਿ ਚਰਸ ਕਿੱਥੇ ਹੈ? ਕੋਰਮੈਨ ਨੇ ਉਸ ਨੂੰ ਕਿਹਾ ਕਿ ਤੂੰ ਉਨ੍ਹਾਂ ਨੂੰ ਦਹਿਸ਼ਤਗਰਦ ਕਿਉਂ ਕਿਹਾ, ਜਦੋਂ ਕਿ ਮੈਂ ਤੁਹਾਨੂੰ ਖ਼ਾਸਕਰ ਮਨਾ ਕੀਤਾ ਸੀ ਕਿ ਇਸ ਬਾਰੇ ਹਰਗਿਜ਼ ਕੋਈ ਗੱਲ ਨਾ ਕਰਨਾ ਕਿ ਉਹ ਅਰਬੀ ਬੱਦੂ ਲੋਕ ਹਨ।
‘ਦਹਿਸ਼ਤਗਰਦ ਕਹਿਣਾ ਅਰਬ-ਵਿਰੋਧੀ ਤਾਂ ਨਹੀਂ,’ ਏਵਰੀ ਆਪਣੇ ਬਚਾਓ ਪੱਖ ਵਿੱਚ ਬੋਲਿਆ। ‘ਇਹ ਸਿਰਫ਼ ਕਿਸੇ ਨੂੰ ਕਾਤਲ ਕਹਿ ਦੇਣ ਵਾਲ਼ੀ ਗੱਲ ਹੈ। ਆਬਾਦਕਾਰਾਂ ਵਿੱਚ ਵੀ ਦਹਿਸ਼ਤਗਰਦ ਹੁੰਦੇ ਹਨ।’
ਕੋਰਮੈਨ ਨੇ ਉਸ ਨੂੰ ਕੁਝ ਨਹੀਂ ਕਹਿੰਦਾ। ਉਹ ਗੁਸਲਖ਼ਾਨੇ ਵਿੱਚ ਗਿਆ ਅਤੇ ਦੋ ਛੋਟੇ ਛੋਟੇ ਪਲਾਸਟਿਕ ਦੇ ਥੈਲੇ ਲੈ ਕੇ ਬਾਹਰ ਆਇਆ। ਉਸ ਨੇ ਇੱਕ ਥੈਲਾ ਮੇਰੇ ਹੱਥ ਵਿੱਚ ਥਮਾ ਦਿੱਤਾ ਅਤੇ ਦੂਜਾ ਏਵਰੀ ਵੱਲ ਉਛਾਲ ਦਿੱਤਾ, ਜੋ ਉਸ ਨੇ ਤੁਰਤ ਕੈਚ ਕਰ ਲਿਆ। ‘ਦੋਹਾਂ ਵਿੱਚ ਵੀਹ ਵੀਹ ਗਰਾਮ ਹੈ,’ ਕੋਰਮੈਨ ਨੇ ਮੈਨੂੰ ਕਿਹਾ। ਅਤੇ ਸਾਹਮਣਾ ਦਰਵਾਜ਼ਾ ਖੋਲ੍ਹ ਦਿੱਤਾ। ਤੁਸੀਂ ਮਟਰ ਵੀ ਆਪਣੇ ਨਾਲ ਲੈ ਜਾ ਸਕਦੇ ਹਾਂ। ਅਗਲੀ ਸਵੇਰੇ ਕੈਫ਼ੇ ਵਿੱਚ, ਸ਼ਿਕਮਾ ਮੈਥੋਂ ਪੁੱਛਦੀ ਹੈ ਕਿ ਮੇਰੇ ਚਿਹਰੇ ਨੂੰ ਕੀ ਹੋਇਆ ਹੈ? ਮੈਂ ਉਸਨੂੰ ਕਿਹਾ ਕਿ ਇੱਕ ਛੋਟਾ ਜਿਹਾ ਹਾਦਸਾ ਹੋ ਗਿਆ ਸੀ। ਮੈਂ ਇੱਕ ਦੋਸਤ ਨੂੰ ਮਿਲਣ ਗਿਆ ਸੀ ਅਤੇ ਕਮਰੇ ਦੇ ਫ਼ਰਸ਼ ਉੱਤੇ ਪਏ ਉਸ ਦੇ ਬੱਚੇ ਦੇ ਖਿਡੌਣੇ ਤੋਂ ਫਿਸਲ ਗਿਆ। ‘ਤੇ ਮੈਂ ਸੋਚ ਰਹੀ ਸੀ ਕਿ ਸ਼ਾਇਦ ਤੈਨੂੰ ਕਿਸੇ ਕੁੜੀ ਨੇ ਮਾਰਿਆ ਕੁੱਟਿਆ ਹੈ,’ ਸ਼ਿਕਮਾ ਹੱਸਦੇ ਹੋਏ ਕਹਿੰਦੀ ਹੈ, ਤੇ ਮੇਰੇ ਲਈ ਕੌਫ਼ੀ ਲੈ ਆਉਂਦੀ ਹੈ।
‘ਕਦੇ-ਕਦੇ ਅਜਿਹਾ ਵੀ ਵਾਪਰ ਜਾਂਦਾ ਹੈ।’ ਮੈਂ ਫਿਰ ਮੁਸਕਰਾਉਣ ਦੀ ਕੋਸ਼ਿਸ਼ ਕਰਦਾ ਹਾਂ। ‘ਮੇਰੇ ਨਾਲ ਕਾਫੀ ਦੇਰ ਤੱਕ ਰਹੇਂ ਤਾਂ ਤੂੰ ਮੈਨੂੰ ਕੁੜੀਆਂ ਅਤੇ ਦੋਸਤਾਂ ਦੀ ਖ਼ਾਤਰ ਅਤੇ ਬਿੱਲੀ ਦੇ ਬਲੂੰਗੜਿਆਂ ਦਾ ਬਚਾਓ ਕਰਦੇ ਹੋਏ ਮਾਰ ਖਾਂਦੇ ਦੇਖੋਗੀ। ਹਾਂ, ਮੈਂ ਹਮੇਸ਼ਾ ਮਾਰ ਖਾਧੀ ਹੈ, ਪਰ ਮੈਂ ਖ਼ੁਦ ਕਦੇ ਕਿਸੇ ਦੀ ਮਾਰ ਕੁੱਟ ਨਹੀਂ ਕੀਤੀ।’
‘ਤੂੰ ਬਿਲਕੁਲ ਮੇਰੇ ਭਰਾ ਦੀ ਤਰ੍ਹਾਂ ਹੈਂ,’ ਸ਼ਿਕਮਾ ਨੇ ਕਿਹਾ। ‘ਉਹ ਵੀ ਇਸੇ ਕਿਸਮ ਦਾ ਮੁੰਡਾ ਹੈ ਜੋ ਲੜਾਈ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਖ਼ੁਦ ਮਾਰ ਖਾ ਲੈਂਦਾ ਹੈ।’
ਮੈਂ ਆਪਣੇ ਕੋਟ ਦੀ ਜੇਬ ਵਿੱਚ ਵੀਹ ਗਰਾਮ ਦੇ ਬੈਗ ਦੀ ਸਰਸਰਾਹਟ ਮਹਿਸੂਸ ਕਰ ਸਕਦਾ ਹਾਂ। ਐਪਰ ਉਸ ਵੱਲ ਧਿਆਨ ਦੇਣ ਦੀ ਬਜਾਏ ਮੈਂ ਉਸ ਨੂੰ ਪੁੱਛਦਾ ਹਾਂ ਕਿ ਕੀ ਉਸ ਨੂੰ ਉਸ ਪੁਲਾੜ ਯਾਤਰੀ ਬਾਰੇ ਆਈ ਨਵੀਂ ਫ਼ਿਲਮ ਦੇਖਣ ਦਾ ਮੌਕਾ ਮਿਲ਼ਿਆ, ਜਿਸ ਦੇ ਪੁਲਾੜ ਯਾਨ ਦਾ ਵਿਸਫੋਟ ਹੋ ਜਾਂਦਾ ਹੈ, ਅਤੇ ਉਹ ਜਾਰਜ ਕਲੂਨੀ ਦੇ ਨਾਲ਼ ਬਾਹਰੀ ਪੁਲਾੜ ਵਿੱਚ ਬਿਖਰ ਜਾਂਦਾ ਹੈ। ਉਹ ਨਾਂਹ ਵਿੱਚ ਉੱਤਰ ਦੇ ਕੇ ਮੈਥੋਂ ਪੁੱਛਦੀ ਹੈ ਕਿ ਇਸ ਫ਼ਿਲਮ ਦਾ ਸਾਡੀਆਂ ਗੱਲਾਂ ਦੇ ਨਾਲ ਕੀ ਤਾੱਲੁਕ ਹੈ? ‘ਕੋਈ ਵੀ ਤੁਆਲੱਕ ਨਹੀਂ ਹੈ,’ ਮੈਂ ਮੰਨ ਜਾਂਦਾ ਹਾਂ। ‘ਪਰ ਇਹ ਬਹੁਤ ਚੰਗੀ ਫ਼ਿਲਮ ਹੈ। ਦਰਅਸਲ ਥਰੀ ਡੀ ਹੈ, ਅਤੇ ਐਨਕ ਲਗਾ ਕੇ ਵੇਖੀ ਜਾਂਦੀ ਹੈ ਤੇ ਹਰ ਤਰ੍ਹਾਂ ਕਮਾਲ। ਕੀ ਤੂੰ ਇਹ ਫ਼ਿਲਮ ਦੇਖਣ ਮੇਰੇ ਨਾਲ ਚਲੇਂਗੀ?’
ਇੱਕ ਪਲ ਵਾਸਤੇ ਖ਼ਾਮੋਸ਼ੀ ਛਾ ਜਾਂਦੀ ਹੈ। ਤੇ ਮੈਨੂੰ ਪਤਾ ਸੀ ਇਸ ਖ਼ਾਮੋਸ਼ੀ ਦੇ ਬਾਅਦ ਹਾਂ ਜਾਂ ਨਾਂਹ ਸੁਣਨ ਨੂੰ ਮਿਲੇਗੀ। ਇਸ ਦੌਰਾਨ ਉਹ ਤਸਵੀਰ ਮੇਰੇ ਖ਼ਿਆਲਾਂ ਵਿੱਚ ਵਾਪਸ ਆ ਜਾਂਦੀ ਹੈ: ਸ਼ਿਕਮਾ ਰੋ ਰਹੀ ਹੈ। ਅਸੀ ਦੋਨੋਂ ਅਦਾਲਤ ਵਿੱਚ ਵਿੱਚ ਹਾਂ, ਇੱਕ ਦੂਜੇ ਦਾ ਹੱਥ ਫੜੀ। ਮੈਂ ਦੂਜੀ ਤਸਵੀਰ ਲਈ ਚੈਨਲ ਬਦਲਣ ਦੀ ਕੋਸ਼ਿਸ਼ ਕਰਦਾ ਹਾਂ, ਅਸੀ ਦੋਨੋਂ ਮੇਰੇ ਡਰਾਇੰਗ ਰੂਮ ਵਿੱਚ ਸੋਫੇ ਉੱਤੇ ਬੈਠੇ ਹਾਂ ਇੱਕ ਦੂਜੇ ਨੂੰ ਚੁੰਮ ਲੈਣ ਦੀ ਕੋਸ਼ਿਸ਼ ਕਰਦੇ ਹਾਂ ਪਰ ਨਾਕਾਮ ਰਹਿੰਦੇ ਹਾਂ। ਅਤੇ ਇਹ ਦੂਜੀ ਤਸਵੀਰ ਮੈਂ ਆਪਣੇ ਖ਼ਿਆਲਾਂ ਵਿੱਚੋਂ ਹਟਾ ਨਹੀਂ ਸਕਦਾ।
Read more
ਸਾਰਾ ਸ਼ਗੁਫ਼ਤਾ
ਅਰੈਬਿਕ ਕਹਾਣੀ : ਕੰਗਲਾ
ਕਹਾਣੀ : ਸਾਈਂ ਲੋਕ