February 6, 2025

ਹਿੰਦੀ ਕਵਿਤਾ : ਹੂਬਨਾਥ ਪਾਂਡੇ

ਅਨੁਵਾਦਕ : ਲਖਵੀਰ ਸਿੰਘ

ਕੁਰਸੀਆਂ

ਕੁਰਸੀਆਂ
ਆਮ ਤੌਰ ‘ਤੇ
ਦੋ ਤਰ੍ਹਾਂ ਦੀਆਂ ਹੁੰਦੀਆਂ ਨੇ

ਇੱਕ ਮੇਜ਼ ਦੇ ਉਸ ਪਾਸੇ
ਇਕੱਲੀ
ਘੁਮੰਡ ਸਹਾਰੇ ਤਣੀ ਹੋਈ
ਭਰਪੂਰ ਕੱਦ ਕਾਠੀ ਵਾਲੀ

ਆਮ ਤੌਰ ‘ਤੇ
ਇੱਕ ਸਫ਼ੇਦ ਤੌਲੀਏ ਨਾਲ
ਢਕੀ ਹੋਈ
ਪਹੀਆਂ ‘ਤੇ ਮਚਲਦੀ
ਫ਼ਰਸ਼ ‘ਤੇ ਫਿਸਲਦੀ

ਮਜ਼ਬੂਤ ਹੱਥਾਂ ਵਾਲੀ
ਕੂਲੇ ਮੁਲਾਇਮ ਚਮੜੇ ਨਾਲ ਮੜੀ
ਚਮਕਦਾਰ, ਸ਼ਾਨਦਾਰ
ਪੋਲੀਆਂ ਗੱਦੀਆਂ ਵਾਲੀ

ਆਪਣੇ ਨਿਆਰੇਪਣ ‘ਚ ਚੂਰ
ਬੇਸ਼ਕੀਮਤੀ ਤੇ
ਤਾਕਤਵਰ

ਦੂਜੀ
ਮੇਜ਼ ਦੇ ਇਸ ਪਾਸੇ

ਬੌਣੀ
ਜ਼ਮੀਨ ‘ਚ ਗੱਡੀ ਹੋਈ
ਬਾਅਦਬ ਬਾ-ਮੁਲਾਹਿਜਾ
ਅਨੁਸ਼ਾਸ਼ਿਤ ਲਾਇਨ ‘ਚ

ਇੱਕ ਪਿੱਛੇ ਇੱਕ ਲੱਗੀ ਹੋਈ
ਵਫ਼ਾਦਾਰ, ਆਗਿਆਕਾਰੀ
ਝੁਕੇ ਹੋਏ ਹੱਥਾਂ ਵਾਲੀ
ਜਾਂ ਕਿਸੇ ਸਮੇਂ
ਬਿਨਾਂ ਹੱਥਾਂ ਵਾਲੀ

ਜਿਸ ਦੇ ਹਿੱਲਣ
ਜਾਂ ਖਿਸਕਣ ਦੀ
ਆਵਾਜ਼ ਤੱਕ ਨਹੀਂ ਹੁੰਦੀ

ਜੋ ਕਦੇ ਵੀ ਨਹੀਂ ਛੱਡਦੀ
ਆਪਣੀ ਤੈਅਸ਼ੁਦਾ ਜਗ੍ਹਾ

ਗੱਦੀਆਂ ਇਹਨਾਂ ‘ਤੇ ਵੀ ਹੁੰਦੀਆਂ ਨੇ
ਪਰ ਅਦਬ ਦੇ ਭਾਰ ਹੇਠ
ਦੱਬੀਆਂ-ਦੱਬੀਆਂ ਰਹਿੰਦੀਆਂ ਨੇ

ਇਹ ਬੇਪਰਦਾ ਕੁਰਸੀਆਂ
ਆਪਣੀ ਚਮੜੀ
ਦੇ ਚੁੱਕੀਆਂ ਹੁੰਦੀਆਂ ਹਨ
ਦੂਜੇ ਪਾਸੇ ਵਾਲੀ ਕੁਰਸੀ ਨੂੰ

ਇਸ ਲਈ ਨੰਗੀਆਂ ਹੁੰਦੀਆਂ ਨੇ
ਤੇ ਆਪਣੇ ਨੰਗੇਪਣ ਦੇ
ਅਹਿਸਾਸ ਨਾਲ ਸ਼ਰਮਿੰਦਾ
ਆਪਣੇ ਆਪ ‘ਚ ਹੀ
ਸੁੰਗੜਦੀਆਂ ਜਾਂਦੀਆਂ ਨੇ

ਦੂਜੇ ਪਾਸੇ ਦੀ ਕੁਰਸੀ
ਜੋ ਵੀ ਕਹੇ
ਜੋ ਵੀ ਕਰੇ

ਇਸ ਪਾਸੇ ਦੀਆਂ ਕੁਰਸੀਆਂ
ਸਿਰਫ਼ ਸਮਰਥਨ ‘ਚ
ਸਿਰ ਹਿਲਾਉਂਦੀਆਂ ਨੇ

ਵੈਸੇ ਇਸ ਪਾਸੇ ਵਾਲੀਆਂ ਕੁਰਸੀਆਂ ਦੇ
ਅਕਸਰ ਸਿਰ ਨਹੀਂ ਹੁੰਦੇ…..

 

ਅਰਬੀ ਕਵਿਤਾ  : ਮਹਿਮੂਦ ਦਰਵੇਸ਼

ਅਨੁਵਾਦਕ : ਲਖਵੀਰ ਸਿੰਘ

ਸ਼ਬਦ

ਮੇਰੇ ਸ਼ਬਦ ਜਦੋਂ ਕਣਕ ਸਨ
ਮੈਂ ਧਰਤੀ ਸਾਂ
ਮੇਰੇ ਸ਼ਬਦ ਜਦੋਂ ਰੋਸ ਸਨ
ਮੈਂ ਤੂਫ਼ਾਨ ਸਾਂ
ਮੇਰੇ ਸ਼ਬਦ ਜਦੋਂ ਚੱਟਾਨ ਸਨ
ਮੈਂ ਨਦੀ ਸਾਂ
ਜਦੋਂ ਮੇਰੇ ਸ਼ਬਦ ਸ਼ਹਿਦ ਬਣ ਗਏ
ਮੱਖੀਆਂ ਨੇ ਮੇਰੇ ਬੁੱਲ੍ਹ ਢਕ ਲਏ