
ਇਨ੍ਹਾਂ ਨੂੰ ਸਜ਼ਾ ਦਿਓ, ਸਜ਼ਾ ਦਿਓ
ਅਨੁਵਾਦ : ਬਲਬੀਰ ਮਾਧੋਪੁਰੀ
ਤਸੀਂ ਅਜੇ ਜਵਾਨ ਹੋ, ਬਹਾਦਰ ਹੋ
ਤੁਹਾਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ
ਕਿ ਸਾਡੇ ਉੱਤੇ ਕਿੰਨੇ ਅਤਿਆਚਾਰ ਹੋਏ
ਅਸੀਂ ਕਿੰਨੀ ਵਾਰ ਦੁੱਖਾਂ ਨਾਲ ਵਿਲਕੇ
ਤੁਸੀਂ ਇਸ ਬਦਕਿਸਮਤ ਦੇਸ਼ ਦੀ ਜਨਤਾ ਹੋ
ਅਸੀਂ ਤੁਹਾਡੇ ਬੋਝ ਨੂੰ ਹੋਰ ਨਹੀਂ ਵਧਣ ਦਿਆਂਗੇ
ਤੁਹਾਡੀਆਂ ਯਾਦਾਂ ਵਿਚ ਦੁੱਖਾਂ ਦੇ ਦਰਦ ਅਜੇ ਵੀ ਨੇ
ਆਂਤਾਂ ਨਿਕਲੇ ਇਸ ਦੇਸ਼ ਦੀਆਂ ਤਸੀਹਾ ਤਸਵੀਰਾਂ
ਤੁਹਾਡੇ ਆਸਪਾਸ ਪਤਾ ਨਹੀਂ ਕਦ ਤੋਂ ਘੁੰਮ ਰਹੀਆਂ ਨੇ।
ਇਨ੍ਹਾਂ ਕਾਤਲਾਂ ਦੇ ਖ਼ਿਲਾਫ਼ ਸਜਾ ਦੇ ਮਨਸੂਬੇ ਬਣਾਉਂਦੇ ਵਕਤ
ਅਸੀਂ ਤੁਹਾਨੂੰ ਨਹੀਂ ਬੁਲਾਵਾਂਗੇ, ਅਸੀਂ ਚੌਕੰਨਾ ਰਹਿਣਾ ਹੈ
ਕਾਤਲ ਚੁਫੇਰੇ ਫੈਲੇ ਨੇ
ਤੁਹਾਨੂੰ ਉਦੋਂ ਹੀ ਬੁਲਾਵਾਂਗੇ ਜਦੋਂ ਸਭ ਕੁਝ ਤਿਆਰ ਹੋਵੇਗਾ
ਇਨਸਾਫ਼, ਫਿਰ ਇਨਸਾਫ਼ ਦੀ ਗੱਲ ਕਰਾਂਗੇ
ਸੋਨੇ ਤੇ ਚਾਂਦੀ ਦੇ ਪੁਜਾਰੀਆਂ ਨੇ ਸਾਡੇ ਉੱਤੇ
ਬੇਸ਼ੁਮਾਰ ਜ਼ੁਲਮ ਕੀਤੇ ਨੇ
ਇਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ
ਇਨ੍ਹਾਂ ਨੂੰ ਸਜ਼ਾ ਦਿਓ, ਸਜ਼ਾ ਦਿਓ…
ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਦੈਂਤ
ਇਨ੍ਹਾਂ ਪੰਜਿਆਂ ਨੇ ਸਾਡੀ ਪਿੱਠ ਉੱਤੇ
ਕਿੰਨੀਆਂ ਟੇਢੀਆਂ-ਮੇਢੀਆਂ ਝਰੀਟਾਂ ਮਾਰੀਆਂ ਨੇ
ਕਿੱਥੇ-ਕਿੱਥੇ ਅਤੇ ਕਿੰਨਾ ਲਹੂ ਵਗਿਆ ਹੈ
ਇਹ ਲਹੂ ਨਾਲ ਭਰੇ ਜ਼ਖ਼ਮ ਆਮ ਕਰ ਕੇ ਨਹੀਂ ਸੁੱਕਣਗੇ
ਕਿਉਂਕਿ ਫਾਸਿਸਟ ਹਮੇਸ਼ਾ ਤਾਜ਼ੇ ਜ਼ਖ਼ਮਾਂ ਉੱਤੇ ਵਾਰ ਕਰਦੇ ਨੇ
ਸਾਡੀਆਂ ਨੰਗੀਆਂ ਪਿੱਠਾਂ ਉੱਤੇ ਰੋਜ਼ ਕੋੜੇ ਵਰ੍ਹੇ
ਇਹ ਕਾਲੇ, ਨੀਲੇ ਨਿਸ਼ਾਨ ਵਿਸ਼ਵ ਦੇ ਸਾਹਮਣੇ ਨੇ
ਫਾਸਿਜ਼ਮ ਦਾ ਕੂੜਾ ਅਸੀਂ ਕਦੋਂ ਤੋਂ ਆਪਣੇ ਨਾਲ ਲਈ ਫਿਰਦੇ ਹਾਂ।
ਮੇਰੇ ਦੇਸ਼ ਵਾਸੀਓ ਆਓ ਅਤੇ
ਇਸ ਸਰੀਰ ਦੇ ਨਿਸ਼ਾਨਾਂ ਨੂੰ ਕੋਲ ਹੋ ਕੇ ਦੇਖੋ
ਆਓ ਇਨ੍ਹਾਂ ਜ਼ਖ਼ਮਾਂ ਦਾ ਚੋਖਾ ਪ੍ਰਚਾਰ ਕਰੀਏ
ਇਸ ਵਿਚ ਸਾਡੇ ਬੱਚਿਆਂ ਦੀਆਂ ਚੀਕਾਂ ਕੈਦ ਨੇ
ਇਨ੍ਹਾਂ ਭੋਲੀਆਂ ਕਿਲਕਾਰੀਆਂ ਨੂੰ
ਸੋਵੈਟੋ ਦੀਆਂ ਸੜਕਾਂ ‘ਤੇ ਲੁੱਟਿਆ ਗਿਆ
ਅਤੇ ਬੱਚਿਆਂ ਦੇ ਖੇਡ ਮੈਦਾਨ
ਜੰਗ ਦੇ ਮੈਦਾਨ ਬਣ ਗਏ
ਸਾਥੀ ਇਨ੍ਹਾਂ ਜ਼ਖ਼ਮਾਂ ਦੀ ਡੂੰਘਾਈ ਵਿਚ ਉਂਗਲੀ ਡੁਬੋ ਦੇ
ਅਤੇ ਆਕਾਸ਼ ਨੂੰ ਆਪਣੇ ਵਿਰਲਾਪਾਂ ਨਾਲ ਗੁੰਜਾਦੇ
ਸਾਰੇ ਵਿਸ਼ਵ ਨੂੰ ਦੱਸ ਦੇ-
ਇਨ੍ਹਾਂ ਨੂੰ ਸਜ਼ਾ ਦਿਓ, ਸਜ਼ਾ ਦਿਓ…
ਅਸੀਂ ਉਨ੍ਹਾਂ ਲਈ ਸਜ਼ਾ ਚਾਹੁੰਦੇ ਹਾਂ—
ਜਿਨ੍ਹਾਂ ਨੇ ਕਤਲ ਕੀਤੇ
ਛੋਟੀਆਂ-ਛੋਟੀਆਂ ਗੱਲਾਂ ਉੱਤੇ ਬੱਚੇ ਮਾਰੇ ਗਏ
ਫੁੱਲ ਖਿੜਨ ਤੋਂ ਪਹਿਲਾਂ ਹੀ ਕੁਮਲਾ ਗਏ
ਉਨ੍ਹਾਂ ਨੂੰ ਰੋੜੀ ਅਤੇ ਬਜਰੀ ਨਾਲ ਢਕ ਦਿੱਤਾ ਗਿਆ
ਇਨ੍ਹਾਂ ਨੂੰ ਸਜ਼ਾ ਦੇਣੀ ਹੀ ਚਾਹੀਦੀ ਹੈ…
ਉਨ੍ਹਾਂ ਖ਼ੂਨ ਦੇ ਛਿੱਟਿਆਂ ਨੂੰ ਯਾਦ ਕਰੋ
ਉਹ ਹੁਣ ਵੀ ਦੱਖਣੀ ਅਫ਼ਰੀਕਾ ਦੇ ਸੀਨੇ ਉੱਤੇ ਨੇ
ਉਨ੍ਹਾਂ ਨੂੰ ਬਿਨਾਂ ਕਾਰਨ ਮਾਰਿਆ ਗਿਆ
ਉਨ੍ਹਾਂ ਦੋਸ਼ਾਂ ਵਿਚ ਕੋਈ ਗਹਿਰਾਈ ਨਹੀਂ ਸੀ
ਚਿਮਨੀਆਂ ਦੇ ਉੱਪਰ ਤੋਂ ਹਵਾ ਉਵੇਂ ਹੀ ਚੀਕਦੀ ਰਹੀ
ਪੂੰਜੀਵਾਦੀ ਅਯਾਸ਼ੀਆਂ ਹੁੰਦੀਆਂ ਰਹੀਆਂ
ਜਦੋਂ ਉਨ੍ਹਾਂ ਗੱਲਾਂ ਨੂੰ ਉਜਾਗਰ ਕੀਤਾ ਗਿਆ
ਤਾਂ ਆਤੰਕ ਦਾ ਇਹ ਨੰਗਾ ਨਾਚ।
ਇਨ੍ਹਾਂ ਨੂੰ ਸਜ਼ਾ ਦਿਓ, ਸਜ਼ਾ ਦਿਓ…
ਤੁਹਾਨੂੰ ਉਨ੍ਹਾਂ ਸਭਨਾਂ ਨੂੰ ਯਾਦ ਰੱਖਣਾ ਚਾਹੀਦੈ
ਉਹ ਜੋ ਅਕਾਰਨ ਮੌਤ ਹਾਸਲ ਕਰ ਗਏ
ਉਨ੍ਹਾਂ ਦੇ ਤੁਹਾਡੇ ਵਾਂਗ ਨਾਮ ਤੇ ਉਪਨਾਮ ਸੀ
ਸਾਡੇ ਸ਼ਹਿਰਾਂ ਵਿਚ ਬੇਅੰਤ ਕਬਰਾਂ ਨੂੰ ਦੇਖੋ
ਜਿਨ੍ਹਾਂ ਦੇ ਕਤਲ ਹੋਏ
ਉਹ ਸੋਨੇ ਦੀਆਂ ਖਾਣਾਂ ਵਿਚ ਕੰਮ ਕਰਦੇ ਸੀ
ਖੇਤਾਂ ਵਿਚ ਕੰਮ ਕਰਦੇ ਸੀ, ਮਸ਼ੀਨਾਂ ਉੱਤੇ ਕੰਮ ਕਰਦੇ ਸੀ
ਉਹ ਤੁਹਾਡੇ ਵਾਂਗ ਆਪਣੀ ਰੋਟੀ ਕਮਾ ਰਹੇ ਸੀ
ਮਿੰਨੀ ਵੂਈਸਿਲੇਮਿਨੀ ਦੇ ਨਾਲ ਕੀ ਹੋਇਆ
ਉਹ ਮਜ਼ਦੂਰਾਂ ਤੇ ਮਿਹਨਤਕਸ਼ਾਂ ਦੇ ਨਾਲ ਸੀ
ਉਨ੍ਹਾਂ ਨੇ ਉਸ ਨੂੰ ਹਤਿਆਰਾ ਦੱਸਿਆ
ਮਿੰਨੀ ਆਪਣੇ ਗੀਤਾਂ ਦੀ ਅੱਗ ਫੈਲਾਉਂਦਾ ਰਿਹਾ
ਜਦ ਉਸ ਨੂੰ ਫਾਂਸੀ ਦੇ ਤਖ਼ਤੇ ਉੱਤੇ ਲਿਜਾਇਆ ਗਿਆ
ਉਸ ਦੇ ਗੀਤ ਅੱਗ ਉਗਲ ਰਹੇ ਸੀ
ਉਹ ਪੂੰਜੀਵਾਦ ਦੇ ਵਿਰੋਧ ਵਿਚ ਗਾ ਰਿਹਾ ਸੀ
ਉਹ ਮਜ਼ਦੂਰਾਂ ਵਾਸਤੇ ਗਾ ਰਿਹਾ ਸੀ
ਉਸ ਦੇ ਕਾਤਲਾਂ ਨੂੰ ਸਜ਼ਾ ਦਿਓ, ਸਜ਼ਾ ਦਿਓ
ਇਸ ਖ਼ੂਨ ਵਿਚ ਘੁਲੇ ਪਸੀਨੇ ਦੀ ਹਰ ਬੂੰਦ ਖਾਤਰ
ਚਾਹੁੰਦੇ ਹਾਂ ਕਿ ਪੂੰਜੀਵਾਦ ਨੂੰ ਸਜ਼ਾ ਦਿਓ
ਇਹ ਬੂੰਦ ਸਾਡੇ ਖ਼ੂਨ ਵਿਚ ਮਿਲ ਕੇ ਸਾਨੂੰ ਸ਼ਕਤੀ ਦੇਵੇਗੀ
ਤਦ ਹੀ ਅਸੀਂ ਇਨ੍ਹਾਂ ਲੋਭੀ ਕੁੱਤਿਆਂ ਨਾਲ ਲੜ ਸਕਾਂਗੇ
ਅਤੇ ਜੋਕ ਵਾਂਗ ਲਹੂ ਲੁਕਾਵਣ ਵਾਲੀਆਂ
ਇਨ੍ਹਾਂ ਤਾਕਤਾਂ ਨਾਲ ਲੋਹਾ ਲਵਾਂਗੇ
ਇਨ੍ਹਾਂ ਨੂੰ ਸਜ਼ਾ ਦਿਓ, ਸਜ਼ਾ ਦਿਓ।
ਇਨ੍ਹਾਂ ਖ਼ੂਨ ਪੀਣ ਵਾਲੀਆਂ ਜੋਕਾਂ ਦੇ ਅੱਗੇ
ਇਕ ਦੋ ਜਾਂ ਹਜ਼ਾਰ ਦੋ ਹਜ਼ਾਰ ਨਹੀਂ
ਸਗੋਂ ਲੱਖਾਂ ਮਜ਼ਦੂਰ ਲਾਭ ਦੇ ਪਹਾੜ ‘ਕੱਠੇ ਕਰਦੇ ਰਹੇ
ਸਾਹਬਾਂ ਦੀਆਂ ਦਾਵਤਾਂ ਹੁੰਦੀਆਂ ਰਹੀਆਂ ਅਤੇ ਸਾਡੇ ਬੱਚੇ
ਪਿਚਕੀਆਂ ਗਲ੍ਹਾਂ, ਪਿਚਕੇ ਪੇਟ ਅਤੇ ਸੁੱਕੀਆਂ ਪੱਸਲੀਆਂ ਸਮੇਤ
ਭੁੱਖ ਨਾਲ ਮਰਦੇ ਰਹੇ
ਇਨ੍ਹਾਂ ਨੂੰ ਸਜ਼ਾ ਦਿਓ, ਸਜ਼ਾ ਦਿਓ…
ਪੂੰਜੀਵਾਦੀ ਕੋੜੇ ਸਾਡੇ ਉੱਤੇ ਦਿਨ ਰਾਤ ਵਰ੍ਹਦੇ ਰਹੇ
ਸਾਡੀ ਦੌਲਤ ਅਤੇ ਸਾਡੀ ਤਾਕਤ ਨੂੰ—
ਕਾਨੂੰਨਨ ਚੁਰਾ ਕੇ ਲਿਜਾਇਆ ਗਿਆ
ਅਸੀਂ ਲਗਾਤਾਰ ਦਿੰਦੇ ਰਹੇ
ਇਨ੍ਹਾਂ ਨੂੰ ਸਜ਼ਾ ਦਿਓ, ਸਜ਼ਾ ਦਿਓ….
ਕੌਮਾਂਤਰੀ ਸਾਮਰਾਜਵਾਦ ਨੂੰ ਸਜ਼ਾ ਮਿਲਣੀ ਚਾਹੀਦੀ
ਅਮਰੀਕਾ, ਬ੍ਰਿਟੇਨ, ਜਾਪਾਨ ਇਹ ਸਭ ਮੋਟੀਆਂ-ਮੋਟੀਆਂ ਸ਼ਾਰਕ ਨੇ
ਉਨ੍ਹਾਂ ਸਾਡੀ ਦੌਲਤ ਨਾਲ ਆਪਣੀ ਕਿਸਮਤ ਬਣਾਈ ਹੈ
ਉਨ੍ਹਾਂ ਲਾਲਚ ਵਿਚ ਸਾਡੀ ਧਰਤੀ ਦਾ ਅਪਮਾਨ ਕੀਤਾ ਹੈ
ਉਨ੍ਹਾਂ ਦੇ ਨਾਂ ਨਾਲ ਸਾਡੀਆਂ ਅੱਖਾਂ ਵਿਚ—
ਅੰਗਾਰੇ ਸੁਲਗ ਪੈਂਦੇ ਨੇ
ਉਹ ਸਾਡੀਆਂ ਅੱਖਾਂ ਦੇ ਸਾਹਮਣੇ—
ਨੱਚ ਰਹੇ ਨੇ, ਹੱਸ ਰਹੇ ਨੇ
ਉਹ ਸਾਡੀ ਗਰੀਬੀ ਉੱਤੇ ਹੱਸਦੇ ਨੇ
ਇਹ ਗਰੀਬੀ ਉਨ੍ਹਾਂ ਦੀ ਦਿੱਤੀ ਹੋਈ ਏ
ਉਹ ਸਾਡੇ ਅਤੇ ਤੁਹਾਡੇ ਅਧਿਕਾਰਾਂ ਨਾਲ ਖੇਡਦੇ ਰਹੇ
ਅਤੇ ਆਪਣੇ ਲਾਭ ਦੇ ਅੰਕੜੇ—
ਸਵਾਗਤ ਸਿਮਰਤੀਆਂ ਵਿਚ ਦੱਸਦੇ ਰਹੇ।
ਉਹ ਸਾਡੇ ਚਾਰ-ਚੁਫ਼ੇਰੇ ਨੇ
ਉਨ੍ਹਾਂ ਦੇ ਨਾਵਾਂ ਵਿਚ ਸਾਡੀ ਗੁਲਾਮੀ ਦੀ ਬੋ ਹੈ
ਉਨ੍ਹਾਂ ਨੇ ਇਨ੍ਹਾਂ ਖ਼ੌਫਨਾਕ ਜਬਾੜਿਆਂ ਨਾਲ—
ਮਾਨਵਤਾ ਨੂੰ ਕਈ-ਕਈ ਵਾਰ ਚਬਾਇਆ ਹੈ
ਉਨ੍ਹਾਂ ਦੇ ਇਨ੍ਹਾਂ ਖ਼ੌਫ਼ਨਾਕ ਜਬਾੜਿਆਂ ਵਿਚ—
ਦਰਦ ਦੇ ਇਕ ਨਹੀਂ, ਅਣਗਿਣਤ ਇੰਜੈਕਸ਼ਨ ਠੋਕ ਦਿਓ
ਇਹ ਰੰਗਭੇਦ ਦੀਆਂ ਜੜ੍ਹਾਂ ਨੇ
ਸਾਰੀਆਂ ਬੁਰਾਈਆਂ ਦਾ ਕਾਰਨ ਹੈ
ਲੋਕ ਇਨ੍ਹਾਂ ਨੂੰ ਜ਼ਰੂਰ ਸਜ਼ਾ ਦੇਣਗੇ।
ਇਸ ਮਹਾਨ ਅਤੇ ਉੱਨਤ ਇਤਿਹਾਸ ਦੇ
ਬਹਾਦਰ ਪੁੱਤਰੋ, ਪੁੱਤਰੀਓ
ਖ਼ਿਆਲ ਰੱਖਣਾ ਸਾਡਾ ਇਤਿਹਾਸ—
ਜਾਤੀਭੇਦ ਦੀ ਬਦਬੋ ਤੇ ਸੜ੍ਹਾਂਦ ਤੋਂ ਬਹੁਤ ਉੱਪਰ ਹੈ
ਇਸ ਰੰਗ ਨੂੰ ਲੈ ਕੇ ਮਨ ਵਿਚ ਹੀਣ ਭਾਵਨਾ ਨਾ ਲਿਆਉਣਾ
ਇਸ ਰੰਗ ਨਾਲ ਉਨ੍ਹਾਂ ਵਾਰ-ਵਾਰ ਬਲਾਤਕਾਰ ਕੀਤਾ ਹੈ
ਅਤੇ ਅੱਜ ਇਹ ਸਾਡੇ ਰੰਗ ਨੂੰ ਦੋਸ਼ੀ ਦੱਸ ਰਹੇ ਨੇ
ਪਹਿਲਾਂ ਉਨ੍ਹਾਂ ਸਾਡੇ ਸਾਰੇ ਰਸ ਨੂੰ ਚੁਸ ਲਿਆ
ਅਤੇ ਹੁਣ ਸਾਨੂੰ ਸੁੱਕਾ-ਸੜਿਆ ਦੱਸ ਰਹੇ ਨੇ।
ਉਹ ਤਾਂ ਗੋਰਿਆਂ ਤੋਂ ਕੇਵਲ—
ਚੰਗਿਆਈ ਦੀ ਉਮੀਦ ਕਰਦੇ ਨੇ
ਉਹ ਪੱਕਾ ਹੀ ਇਸ ਨੂੰ ਭੁੱਖਿਆਂ ਦਾ ਦੇਸ਼ ਬਣਾ ਦੇਣਗੇ
ਕੁਝ ਕਾਲੀਆਂ ਔਰਤਾਂ ਨਾਲ ਉਨ੍ਹਾਂ ਦਾ ਸਹਿਵਾਸ ਹੋਵੇਗਾ
ਫਿਰ ਉਹ ਗੋਰੀ ਨਸਲ ਦੀ ਉੱਚਤਾ ਅਤੇ
ਨੇਕੀ ਦੇ ਗੀਤ ਗਾਉਣਗੇ।
ਉਹ ਹੀਣ ਭਾਵਨਾ ਨਾਲ ਗ੍ਰਸਤ ਨੇ
ਤਦੇ ਏਨੀ ਬੁਰਾਈ ਕਰਦੇ ਨੇ
ਨਹੀਂ ਤਾਂ ਥਾਂ-ਥਾਂ ਪੂੰਜੀਵਾਦੀ ਕਰਤਾਂ ਨੂੰ-
ਮਜ਼ਬੂਤ ਕਰਨ ਨੂੰ ਖ਼ੂਨਦਾਨ ਦੀ ਅਪੀਲ ਕਿਉਂ ਕਰਦੇ ਫਿਰਦੇ।
ਉਨ੍ਹਾਂ ਨੂੰ ਸਾਡਾ ਖ਼ੂਨ ਪਸੰਦ ਹੈ
ਅਤੇ ਸਾਡੇ ਰੰਗ ਨਾਲ ਨਫ਼ਰਤ ਕਰਦੇ ਨੇ
ਮੇਰੇ ਦੇਸ਼ ਵਾਸੀਓ ਤੁਹਾਨੂੰ ਸ਼ੋਸ਼ਣ ਬਾਰੇ ਦੱਸਣ ਦੀ
ਜ਼ਰੂਰਤ ਨਹੀਂ ਹੈ, ਉਹ ਸ਼ੋਸ਼ਣ ਹਮੇਸ਼ਾ ਸ਼ੁਰੂ ਤੋਂ ਹੋਇਆ
ਸਾਡੇ ਸਰੀਰ ਦਾ ਲਹੂ ਲੈ ਕੇ ਉਹ ਬਲਵਾਨ ਬਣੇ ਨੇ
ਲਹੂ ਕਾਲੇ, ਪੀਲੇ, ਗੋਰੇ ਜਾਂ ਭੂਰੇ ਦਾ ਫਰਕ ਨਹੀਂ ਜਾਣਦਾ
ਪਰ ਅਸੀਂ ਉਨ੍ਹਾਂ ਅਮੀਰਾਂ ਦੇ ਲਾਲਚ ਨੂੰ ਮੁਕਾ ਛੱਡਾਂਗੇ
ਉਨ੍ਹਾਂ ਦੀ ਸ਼ੁਰੂਆਤ ਹੀ ਬੇਈਮਾਨੀ ਨਾਲ ਹੋਈ
ਉਨ੍ਹਾਂ ਪਸੀਨੇ ਦੀ ਇਕ ਬੂੰਦ ਵੀ ਨਾ ਵਹਾਈ
ਉਨ੍ਹਾਂ ਨੂੰ ਕੋਈ ਗਲਾਨੀ ਵੀ ਨਹੀਂ ਹੈ
ਉਨ੍ਹਾਂ ਨੂੰ ਸਜ਼ਾ ਦਿਓ, ਸਜ਼ਾ ਦਿਓ….
ਆਤੰਕ ਦੀ ਭੱਠੀ ਤੋਂ ਲਪਟਾਂ ਉੱਠਣ ਲੱਗੀਆਂ ਨੇ
ਉਹ ਕੇਵਲ ਬੱਚਿਆਂ ਉੱਤੇ ਗੋਲੀਆਂ ਚਲਾਉਂਦੇ ਨੇ
ਇਹ ਬੱਚੇ ਅਨਿਆਂ ਦੇ ਗੀਤ ਗਾ ਰਹੇ ਸੀ
ਨਾਜ਼ੀ ਅੱਖਾਂ ਦਾ ਪਾਗਲਪਨ, ਰੰਗਭੇਦ ਦੇ ਦੁਸ਼ਮਣ
ਹਰੇਕ ਬੰਦੇ ਨੂੰ ਝੱਲਣਾ ਪੈ ਰਿਹਾ ਸੀ
ਉਹ ਸਵਾਸਤਿਕ ਦਾ ਚਿੰਨ੍ਹ ਲਾਈ ਘੁੰਮ ਰਹੇ ਸੀ
ਉਹ ਪੂੰਜੀਵਾਦ ਦੀ ਰੱਖਿਆ ਕਰ ਰਹੇ ਸੀ
ਉਹ ਅਨਿਆਂ ਦੇ ਰਾਹੀ ਸਨ
ਅਸੀਂ ਉਨ੍ਹਾਂ ਦਾ ਨਾਮ ਕਦੀ ਨਹੀਂ ਭੁੱਲ ਸਕਦੇ
ਜਦ ਜਦ ਰਣਸਿੰਗਾ ਇਨਸਾਫ਼ ਦੀ ਪੁਕਾਰ ਕਰੇਗਾ
ਉਹ ਬਦਲੇ ਦੀ ਵੀ ਗੱਲ ਕਰੇਗਾ
ਉਨ੍ਹਾਂ ਸਾਡੇ ਲਈ ਜ਼ਹਿਰ ਤਿਆਰ ਕੀਤੀ ਹੈ
ਇਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
ਅਸੀਂ ਅਕਾਰਣ ਹੋਏ—
ਗਰਭਪਾਤਾਂ ਅਤੇ ਸਮੂਹਕ ਕਤਲਾਂ ਦਾ ਬਦਲਾ ਚਾਹੁੰਦੇ ਹਾਂ
ਇਨ੍ਹਾਂ ਨੂੰ ਸਜ਼ਾ ਦਿਓ, ਸਜ਼ਾ ਦਿਓ।
ਬਰਸਾਂ ਪਹਿਲਾਂ ਹੋਏ ਕਤਲਾਂ ਦਾ ਅਸੀਂ ਬਦਲਾ ਚਾਹੁੰਦੇ ਹਾਂ
ਅਸੀਂ ਉਨ੍ਹਾਂ ਤੋਂ ਬਦਲਾ ਲਵਾਂਗੇ—
ਜਿਨ੍ਹਾਂ ਸਾਡੀ ਮਾਤ-ਭੂਮੀ ਨੂੰ
ਸਾਡੇ ਪੁਰਖਿਆਂ ਦੇ ਖ਼ੂਨ ਨਾਲ ਲਾਲ ਕਰਕੇ
ਸਭ ਪਾਸੇ ਬਦਬੋ ਫ਼ੈਲਾਈ
ਅਤੇ ਜ਼ਖ਼ਮ ਕਿਵੇਂ ਭਰਨਗੇ
ਇਨ੍ਹਾਂ ਨਸਲਘਾਤ ਕੀਤਾ ਹੈ
ਇਨ੍ਹਾਂ ਨੂੰ ਸਜ਼ਾ ਦਿਓ, ਸਜ਼ਾ ਦਿਓ….
ਖਾਣਾਂ ਵਿਚ ਸੋਨੇ ਦੀ ਧੂੜ ਨਾਲ
ਹੌਲੀ-ਹੌਲੀ ਮਰਨ ਵਾਲੇ ਮਜ਼ਦੂਰ….
ਅਚਾਨਕ ਹੋਏ ਹਮਲਿਆਂ ਵਿਚ ਮਰਨ ਵਾਲੇ ਬੇਗੁਨਾਹਾਂ ਦੀ ਖਾਤਰ
ਇਨ੍ਹਾਂ ਲਹੂ ਪੀਣੇ ਪ੍ਰੇਤਾਂ ਨੂੰ ਸਜ਼ਾ ਦਿਓ
ਇਨ੍ਹਾਂ ਨਸਲਘਾੜੀਆਂ ਨੂੰ ਛੱਡਣਾ ਨਹੀਂ
ਇਨ੍ਹਾਂ ਨੇ ਤਾਂ ਕਤਲੇਆਮ ਕੀਤਾ ਹੈ
ਬਹੁਤਿਆਂ ਨੂੰ ਕਬਰ ਵੀ ਨਹੀਂ ਮਿਲੀ
ਇਨ੍ਹਾਂ ਨੂੰ ਸਜ਼ਾ ਦਿਓ, ਸਜ਼ਾ ਦਿਓ….
ਕਾਰਖਾਨਿਆਂ ਵਿਚ ਕਿੰਨਿਆਂ ਦੇ ਅੰਗ ਭੰਗ ਹੋਏ
ਅਸੀਂ ਚਿਰਾਂ ਤੱਕ ਆਪਣੇ ਹੱਥ ਪੈਰ
ਅਤੇ ਅੱਖਾਂ ਇਨ੍ਹਾਂ ਲਈ ਗੁਆਉਂਦੇ ਰਹੇ।
ਹਰ ਸਾਲ 2 ਹਜ਼ਾਰ ਲੋਕ ਕੰਮ ਕਰਦੇ ਮਰਦੇ ਨੇ
ਪੰਜਾਹ ਹਜ਼ਾਰ ਲੋਕ ਹਰ ਸਾਲ ਲੰਗੜੇ ਲੂਲੇ ਹੋ ਜਾਂਦੇ ਨੇ
ਅਸੀਂ ਇਸ ਤਰ੍ਹਾਂ ਕਮਜ਼ੋਰ ਹੋ ਜਾਂਦੇ ਹਾਂ
ਘੱਟ ਹੁੰਦੇ ਜਾਂਦੇ ਹਾਂ
ਇਸ ਸਭ ਲਈ ਇਨ੍ਹਾਂ ਨੂੰ ਸਜ਼ਾ ਦਿਓ
ਇਹ ਨੀਚ ਸਾਡੇ ਬੱਚਿਆਂ ਨੂੰ ਮੱਠਾ ਜ਼ਹਿਰ ਦੇ ਰਹੇ ਨੇ
ਇਨ੍ਹਾਂ ਨਸਲਘਾੜੀਆਂ ਨੂੰ ਛੱਡਣਾ ਨਹੀਂ
ਇਨ੍ਹਾਂ ਨੂੰ ਸਜ਼ਾ ਦਿਓ, ਸਜ਼ਾ ਦਿਓ….
ਇਹ ਸਾਡੇ ਵਿਚਾਰ ਸੀਮਤ ਕਰਨਾ ਚਾਹੁੰਦੇ ਨੇ
ਕੁਪੋਸ਼ਣ ਨਾਲ ਸਾਡੇ ਬੱਚਿਆਂ ਦੇ ਮੂੰਹ-ਮੱਥੇ ਸੁੱਜ ਗਏ ਨੇ
ਜਦ ਅਸੀਂ ਇਨ੍ਹਾਂ ਨੂੰ ਰੋਕਿਆ ਤਾਂ—
ਇਨ੍ਹਾਂ ਸਾਡੇ ਬੱਚਿਆਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ
ਇਨ੍ਹਾਂ ਨੂੰ ਸਜ਼ਾ ਦਿਓ, ਸਜ਼ਾ ਦਿਓ….
ਇਨ੍ਹਾਂ ਦੀ ਵਜਹ ਸਾਡੇ ਬੱਚਿਆਂ ਨੂੰ ਭੋਜਨ ਨਹੀਂ ਮਿਲ ਰਿਹਾ
ਸਾਡੇ ਬੱਚੇ ਰੱਦੀ ਕਾਗਜ਼ ਦੇ ਟੁਕੜੇ ਚਬਾ ਰਹੇ ਨੇ
ਇਨ੍ਹਾਂ ਨੂੰ ਸਜ਼ਾ ਦਿਓ, ਸਜ਼ਾ ਦਿਓ….
ਉਹ ਸਾਡੀ ਸੰਸਕ੍ਰਿਤੀ ਨੂੰ—
ਵਿਦੇਸ਼ਾਂ ਵਿਚ ਗਲਤ ਢੰਗ ਨਾਲ ਪੇਸ਼ ਕਰ ਰਹੇ ਨੇ
ਇਨ੍ਹਾਂ ਨੂੰ ਸਜ਼ਾ ਦਿਓ, ਸਜ਼ਾ ਦਿਓ….
ਉਹ ਸਾਡੇ ਉੱਤੇ—
ਦੇਸ਼-ਧ੍ਰੋਹ ਦਾ ਦੋਸ਼ ਲਗਾ ਕੇ
ਸਾਨੂੰ ਬੰਦੀ ਬਣਾ ਲੈਂਦੇ ਨੇ
ਅਸੀਂ ਜੇਲ੍ਹ ਦੀਆਂ ਖਿੜਕੀਆਂ ਥਾਣੀਂ ਲਮਕ ਕੇ ਮਰ ਜਾਂਦੇ ਹਾਂ
ਸਾਡੇ ਸਰੀਰਾਂ ਦਾ ਅੰਤ ਭੁੱਖ ਨਾਲ ਹੁੰਦਾ ਹੈ
ਸਾਡੀਆਂ ਲਾਸ਼ਾਂ ਹਾਸੇ ਦੇ ਸਮੁੰਦਰ ਵਿਚ ਡੁੱਬ ਜਾਂਦੀਆਂ ਨੇ
ਸਾਡੀਆਂ ਖੋਪੜੀਆਂ ਫੁੱਟਪਾਥਾਂ ਹੇਠਾਂ ਦੱਬੀਆਂ ਨੇ
ਉਹ ਲਗਾਤਾਰ ਤਰੱਕੀ ਕਰ ਰਹੇ ਨੇ
ਇਨ੍ਹਾਂ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ
ਇਨ੍ਹਾਂ ਨੂੰ ਸਜ਼ਾ ਦਿਓ…
ਉਹ ਕਹਿੰਦੇ ਨੇ ਸਾਡੀ ਖਾਦ ਵਧੀਆ ਬਣਦੀ ਹੈ
ਸਾਨੂੰ ਮਾਰਨ ਮਗਰੋਂ—
ਉਹ ਖੇਤਾਂ ਵਿਚ ਦਬਾ ਦਿੰਦੇ ਨੇ
ਤਾਂ ਕਿ ਆਲੂ ਅੱਛੇ ਪੈਦਾ ਹੋਣ
ਸਾਡੇ ਉਤੇ ਬਿਨਾਂ ਕਾਰਨ ਮੁਕੱਦਮਾ ਚੱਲੇ
ਅਸੀਂ ਜੋ ਦੇਸ਼-ਭਗਤ ਸੀ
ਅਸੀਂ ਜੋ ਦੇਸ਼ਵਾਸੀ ਸੀ
ਇਨ੍ਹਾਂ ਨੂੰ ਸਜ਼ਾ ਦਿਓ
ਇਨ੍ਹਾਂ ਨੇ ਨਸਲਘਾਤ ਕੀਤਾ ਹੈ।
ਅਸੀਂ ਦੁਸ਼ਮਣ ਨੂੰ ਮਾਫ ਨਹੀਂ ਕਰ ਸਕਦੇ
ਅਸੀਂ ਕਾਤਲਾਂ ਨੂੰ ਮਾਫ਼ ਨਹੀਂ ਕਰ ਸਕਦੇ
ਸਾਡੇ ਲੋਕਾਂ ਉੱਤੇ ਦਵਾਈਆਂ ਦੇ ਪ੍ਰਯੋਗ ਕੀਤੇ ਗਏ
ਇਨ੍ਹਾਂ ਨੂੰ ਛੱਡਣਾ ਨਹੀਂ, ਜ਼ਰੂਰ ਸਜ਼ਾ ਦੇਣਾ
ਇਨ੍ਹਾਂ ਨੂੰ ਸਜ਼ਾ ਦਿਓ, ਸਜ਼ਾ ਦਿਓ….
ਪੰਜ ਸਾਲ ਦੀ ਉਮਰ ਤੋਂ ਪਹਿਲਾਂ ਹੀ
ਪੰਘੂੜਿਆਂ ਵਿਚ ਬੱਚੇ ਮਾਰ ਦਿੱਤੇ
ਸਾਡੇ ਬੱਚੇ ਭੁੱਖ ਨਾਲ ਮਰੇ
ਸਾਡੀਆਂ ਕੁੜੀਆਂ ਨਾਲ—
ਬਾਲ-ਵਰੋਸੇ ਬਲਾਤਕਾਰ ਹੋਏ
ਸਾਨੂੰ ਦਵਾਈਆਂ ਨਾ ਦਿੱਤੀਆਂ
ਸਾਨੂੰ ਮਜ਼ਦੂਰੀ ਵਿਚ ਕੇਵਲ ਭੁੱਖ ਮਿਲੀ
ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਦਿਓ, ਸਜ਼ਾ ਦਿਓ….
ਅਸੀਂ ਭੁੱਖੇ ਹਾਂ, ਅਸੀਂ ਬੀਮਾਰ ਹਾਂ
ਅਸੀਂ ਆਪਣੀ ਮਾਤ-ਭੂਮੀ ਤੋਂ ਬੇਗਾਨੇ ਹਾਂ
ਜ਼ੁਲਮ ਵਧ ਰਿਹਾ ਹੈ ਅਤੇ ਅਗਿਆਨ ਵੀ
ਇਸ ਦਾ ਕਾਰਨ ਪੂੰਜੀਵਾਦੀ ਸ਼ੋਸ਼ਣ ਹੈ
ਉਹ ਸਾਡੇ ਵਿਰੁੱÎਧ ਨਸਲੀ ਹਥਿਆਰ ਚਲਾਉਂਦੇ ਨੇ
ਉਹ ਫਾਸਿਜ਼ਮ ਦੇ ਤਰੇਕੇ ਅਪਣਾਉਂਦੇ ਰਹੇ
ਅਸੀਂ ਦਰਦ ਦੇ ਕਾਰਨਾਂ ਨੂੰ ਜਲਾ ਦਿਆਂਗੇ।
ਅਹਿੰਸਾ ਅੱਛਾ ਦਰਸ਼ਨ ਹੈ ਪਰ ਅਸੀਂ
ਜ਼ਾਲਮਾਂ ਲਈ ਅਹਿੰਸਾ ਨੂੰ ਨਕਾਰ ਰਹੇ ਹਾਂ
ਇਨ੍ਹਾਂ ਨੂੰ ਸਜ਼ਾ ਦਿਓ, ਸਜ਼ਾ ਦਿਓ….।
Read more
ਜਦੋਂ ਟੇਪ ਇਰੇਜ਼ ਹੋ ਗਈ
ਲੜੀਵਾਰ ਕਾਲਮ : ਮਾਂ ਬੋਲੀ ਦੇ ਵਿਸਰ ਰਹੇ ਸ਼ਬਦਾਂ ਦਾ ਕੋਸ਼ ‘ਸ਼ਬਦਾਂਗ’
ਇੱਕ ਕਵਿਤਾ ਇੱਕ ਕਹਾਣੀ…