November 11, 2024

ਕਵਿਤਾ : ਬੁਸ਼ਰਾ ਨਾਜ਼

ਪਾਣੀ ‘ਤੇ ਤਸਵੀਰ ਬਣਾਈ ਜਾ ਸਕਦੀ ਏ
ਚਾਤਰ ਦੁਨੀਆ ਪੜ੍ਹਨੇ ਪਾਈ  ਜਾ ਸਕਦੀ ਏ

ਓਹਨੂੰ ਭੁੱਲਣਾ ਭੋਰਾ ਜਿੰਨਾ ਔਖਾ ਹੈ ਬਸ
ਬਾਕੀ ਹਰ ਇਕ ਚੀਜ਼ ਭੁਲਾਈ ਜਾ ਸਕਦੀ ਏ

ਰੌਲ਼ਾ ਪਾ ਕੇ ਵੀ ਨਈਂ ਲੱਭਦੀ ਦਾਦ ਨਖੱਤੀ
ਚੁੱਪ ਰਹਿ ਕੇ ਵੀ ਗ਼ਜ਼ਲ ਸੁਣਾਈ ਜਾ ਸਕਦੀ ਏ

ਮਸਲਾ ਪਾਣੀ ਦਾ ਏ ਜਿਹੜਾ ਪਾਰ ਨਈਂ ਹੁੰਦਾ
ਅੱਗ ਦਾ ਕੀ ਏ ਕਿਤੇ ਵੀ ਲਾਈ ਜਾ ਸਕਦੀ ਏ

ਜਿਸ ਬੂਹੇ ਤੇ ਤਾਲ਼ਾ ਲੱਗਿਆ ਹੋਵੇ ਓਹਦੀ
ਕੁੰਡੀ ਕਿੰਨਾ ਚਿਰ ਖੜਕਾਈ ਜਾ ਸਕਦੀ ਏ

ਰੱਬ ਦੇ ਕੋਲ਼ੋਂ ਬੁਸ਼ਰਾ ਇਹ ਗੱਲ ਪੁੱਛਣੀ ਪੈਣੀ
ਅੰਦਰ ਝਾਤੀ ਕਿਵੇਂ ਪਾਈ ਜਾ ਸਕਦੀ ਏ