February 6, 2025

ਨਾਮਵਰ ਸ਼ਾਇਰ : ਇਰਸ਼ਾਦ ਸੰਧੂ

ਗੁਰਮੁਖੀ ਲਿਪੀਅੰਤਰਨ : ਅਮਰਜੀਤ ਸਿੰਘ ਜੀਤ

ਗ਼ਜ਼ਲ

ਇਥੇ ਰੋਜ਼ ਨਿਆਂ ਮਰ ਜਾਂਦੇ
ਹੱਕ ਤੇ ਸੱਚ ਵੀ ਤਾਂ ਮਰ ਜਾਂਦੇ

ਤੂੰ ਤੇ ਖ਼ਾਲੀ ਕੰਡ ਕਰਨੀ ਸੀ
ਇਹ ਕਮਲੇ ਤੇ ਥਾਂ ਮਰ ਜਾਂਦੇ

ਹਰਫ਼ਾਂ  ਨੇ ‘ਨਾਂ’ ਜ਼ਿੰਦਾ ਰੱਖੇ
ਨਹੀਂ ਤੇ ਕਿੰਨੇ ‘ਨਾਂ’ ਮਰ ਜਾਂਦੇ

ਮੌਤ ਨੂੰ ਸ਼ਾਬਸ਼ ਦਿੰਦੇ ਜੇਕਰ
ਚਿੜੀਆਂ ਦੀ ਥਾਂ ਕਾਂ ਮਰ ਜਾਂਦੇ

ਏਨੇ ਕੌਣ ਜ਼ਨਾਜ਼ੇ ਪੜ੍ਹਦਾ
ਵਾਅਦੇ ਜੇ ਹਰ ਦਾਂ ਮਰ ਜਾਂਦੇ

ਮਰਨ ਇਬਾਦਤ ਹੁੰਦਾ ਜੇਕਰ
ਸੁਣ ਕੇ ਉਹਦੀ ਹਾਂ ਮਰ ਜਾਂਦੇ

ਜੇ ਨਾ ਹੁੰਦੀਆਂ ਮਾਵਾਂ ਸੱਜਣੋ
ਲੱਭਦੇ ਲੱਭਦੇ ਛਾਂ ਮਰ ਜਾਂਦੇ

ਰਾਵੀ ਤੇ ਨਿੱਤ ਕਿੰਨੇ ‘ਸੰਧੂ’
ਪਲਕਾਂ ਹੇਠ ਝਨਾਂ ਮਰ ਜਾਂਦੇ