November 11, 2024

ਕਵੀ : ਰਸ਼ਮੀ ਖੁਰਾਣਾ

ਅਨੁਵਾਦਕ : ਪ੍ਰੋਮਿਲਾ ਅਰੋੜਾ

ਇਸ ਵਾਰ

ਪੁੱਛਦਾ ਏ ਜ਼ਮਾਨਾ ਹਰ ਰੋਜ਼,
ਕਿਸ ਲਈ ਜਾਣਾ ਏ ਘਰ।
ਬੱਚੇ ਕਹਿੰਦੇ, ਅਸੀਂ ਤਾਂ ਹਾਂ ਨਾ ਇੱਥੇ
ਕੀ ਹੈ ਹੁਣ ਓਥੇ ਤੇਰਾ।
ਮੇਰੇ ਸ਼ਬਦ
ਟਕਰਾਅ ਉਨ੍ਹਾਂ ਦੀਆਂ ਅੱਖਾਂ ਨਾਲ
ਗੁਆ ਬੈਠਦੇ ਨੇ ਅਪਣੀ ਆਵਾਜ਼।
ਓਹ – ਉਹ – ਉਹ ਸਭ ਕੁਝ
ਅੰਦਰ ਹੀ ਅੰਦਰ ਜੰਮਣ ਲਗਦਾ ਹੈ,
ਕਿਵੇਂ ਸਮਝਾਵਾਂ — ਉਹ ਘਰ ਹੈ
ਜਿੱਥੇ ਸਰਮਾਇਆ ਹੈ  ਮੇਰੀਆਂ ਯਾਦਾਂ ਦਾ।
ਇੱਕ ਇੱਕ ਇੱਟ ਤੇ ਖੁਣੀ ਹੈ ਕਹਾਣੀ
ਤੁਹਾਡੇ ਛੋਟੇ ਛੋਟੇ ਕਦਮਾਂ ਦੀ,
ਟੁਣਕਦੀ ਹੈ ਛਮ ਛਮ ਇਸ ਵਿੱਚ
ਤੁਹਾਡੇ ਛੋਟੇ ਛੋਟੇ ਸਟੂਲ ਕੁਰਸੀਆਂ
ਰਚਦੇ ਨੇ ਉਤਸਵ।
ਸਾਡਾ ਰੁੱਸਣਾ ਤੇ ਮਨਾਉਣਾ ਵੀ ਤਾਂ ਹੈ ਨਾ
ਹਾਲੀਂ ਸੁਪਨੇ ਬਾਕੀ ਹਨ ਅਧੂਰੇ ਜਿਹੇ।
ਇਸ ਵਾਰ ਗਮਲਿਆਂ ਨੂੰ
ਰੰਗਣ ਦਾ ਸੋਚਦੀ ਹਾਂ —
ਫੇਰ ਨਿੱਤ ਨਵੇਂ ਫੁੱਲ ਖਿੜਾਵਾਂ
ਤੇ ਤੇਰੀ ਫੁਲਵਾੜੀ ਫੇਰ ਸਜ਼ਾਵਾਂ।

ਦੇਖੋ ਤਾਂ ਸਹੀ ਇਸ ਕਲੀ ਵੱਲ
ਜੋ ਨਵੀਂ ਫੁੱਟੀ ਹੈ ਗੇਂਦੇ ਤੇ
ਓਹ ਦੇਖੋ ! ਲਿਲੀ ਤੇ ਵੀ ਤਾਂ
ਆ ਗਿਆ ਏ ਨਵਾਂ ਫੁੱਲ।
ਹਾਂ ਬੂਟਿਆਂ ਵਾਲਾ ਹੌਕਾ ਦੇਵੇ
ਤਾਂ ਰੋਕ ਲੈਣਾ ।
ਇਸ ਵਾਰ ਟਮਾਟਰ ਮਿਰਚ ਤਾਂ
ਘਰ ਵਿੱਚ ਹੀ ਉਗਾਉਣੀ ਹੈ।
ਇਸ ਵਾਰ ਘਰ ਨੂੰ
ਬਾਹਰੋਂ ਬਾਹਰ ਰੰਗਵਾਉਣਾ ਏ।
ਪਰ — ਸਭ ਤੋਂ ਪਹਿਲਾ ਕੰਮ ਹੈ
ਤੁਹਾਡੀ ਨੇਮ ਪਲੇਟ ।
ਠੀਕ ਕਰਵਾਉਣੀ ਏ ਤੁਹਾਡੀ ਨੇਮ ਪਲੇਟ
ਕੁਝ ਧੁੰਦਲਾ ਜਿਹਾ ਹੋ ਗਿਆ ਏ ਉਸ ਤੇ
ਤੁਹਾਡਾ ਨਾਮ।
ਤੁਹਾਡਾ ਨਾਂ ਉਸ ਤੇ ——
ਅਪਣੇ ਪੱਲੇ ਨਾਲ ਹਰ ਰੋਜ਼
ਪੂੰਝ ਕੇ ਰੱਖਾਂਗੀ ਇਸ ਵਾਰ
ਹਾਂ ਇਸ ਵਾਰ ।

ਦੀਵੇ ਦੀ ਲੋਅ ਜਿਹੀ

ਤੇਰੇ ਨਾਲ ਚਲਣਾ ਚਾਹੁੰਦੀ ਹਾਂ,
ਜ਼ਿੰਦਗਾਨੀ ਬਦਲਣਾ ਚਾਹੁੰਦੀ ਹਾਂ।
ਹੈ ਜ਼ਖ਼ਮੀ ਪੈਰ ਪਰ ਮੈਂ ਦੌੜਨਾ ਹੈ,
ਮੈਂ ਡਿੱਗ ਕੇ ਫਿਰ ਸੰਭਲਣਾ ਚਾਹੁੰਦੀ ਹਾਂ।
ਸੁਣ ਕੇ ਦਿਲ ਦੀ ਮਚਲਨਾ ਚਾਹੁੰਦੀ ਹਾਂ,
ਮੈਂ ਬਿਨ ਬੋਲੇ ਚਹਿਕਣਾ ਚਾਹੁੰਦੀ ਹਾਂ।
ਨਵੇਂ ਰੰਗ ਗੀਤ ਨਗਮਿਆਂ ਵਿੱਚ ਭਰਾਂਗੀ,
ਮੈਂ ਆਪਣੇ ਸੁਰ ਬਦਲਣਾ ਚਾਹੁੰਦੀ ਹਾਂ।
ਹੈ ਦਿਲ ਛੇਕੋ ਛੇਕ ਪਰ ਬੰਸੁਰੀ ਵਾਂਗ ਮੈਂ,
ਸਿਰਫ਼ ਤੇਰੀ ਸੁਰ ਸਿਰਜਣਾ ਚਾਹੁੰਦੀ ਹਾਂ।
ਹਨੇਰੇ ਸਾਰੇ ਹੋ ਜਾਣ ਅਲੋਪ ਜਿਸ ਨਾਲ,
ਮੈਂ ਦੀਵੇ ਦੀ ਲੋਅ ਵਾਂਗ ਜਲਣਾ ਚਾਹੁੰਦੀ ਹਾਂ।
ਮਿਟਾਂ ਮੈਂ ਤੇ ਜਗਮਗਾਏ ਇਹ ਦੁਨੀਆ
ਅਣਡਿੱਠਾ ਕੁਝ ਮੈਂ ਕਰਨਾ ਚਾਹੁੰਦੀ ਹਾਂ।
ਤੇਰੇ ਨਾਲ ਮੈਂ ਚਲਣਾ ਚਾਹੁੰਦੀ ਹਾਂ,
ਜ਼ਿੰਦਗਾਨੀ ਬਦਲਣਾ ਚਾਹੁੰਦੀ ਹਾਂ।