January 17, 2025

ਫ਼ਹਮੀਦਾ ਰਿਆਜ਼

ਅਨੁਵਾਦਕ : ਜਸਪਾਲ ਘਈ
99150-99926

ਇਕ ਖ਼ਾਨਾਬਦੋਸ਼ ਔਰਤ

ਦੇਖੀ ਹੈ ਕਦੇ
ਖਾਨਾਬਦੋਸ਼ ਔਰਤ?
ਜਿਸ ਦੇ ਡੇਰੇ ਦੁਆਲੇ
ਰਾਤ ਦੇ ਹਨੇਰੇ ‘ਚ
ਘੁੰਮਦੇ ਨੇ ਭੁੱਖੇ ਭੇੜੀਏ
ਦੂਰੋਂ ਸੁੰਘਦੇ ਨੇ
ਉਸ ਦੇ ਲਹੂ ਦੀ ਮਹਿਕ
ਖੁਸ਼ ਹੁੰਦੇ ਨੇ ਜਾਨਵਰ
ਦੰਦਾਂ ਨੂੰ ਪੈਂਦੀ ਹੈ ਕਾਹਲ
ਕਿ ਕਰ ਦੇਣ ਉਸ ਦੀ
ਬੋਟੀ ਬੋਟੀ

ਆਪਣੀ ਕੁੱਲੀ ਚ
ਸਿਮਟ ਕੇ
ਰਾਤ ਅੱਖਾਂ ‘ਚ
ਲੰਘਾ ਦਿੰਦੀ ਏ ਔਰਤ
ਕਦੇ ਬਾਲਦੀ ਏ ਅੱਗ
ਭੇੜੀਆਂ ਨੂੰ ਦੂਰ ਭਜਾਉਣ ਲਈ
ਕਦੇ ਸੋਚਦੀ ਏ
ਮਿਲ ਜਾਏ ਕਿਧਰੋਂ
ਕੋਈ ਤੇਜ਼ ਨੋਕੀਲੀ ਚੀਜ਼
ਜਿਸ ਨੂੰ ਬਣਾ ਲਵੇ ਉਹ ਹਥਿਆਰ
ਉਸ ਦੀ ਕੁੱਲੀ ‘ਚ
ਭਲਾ ਕੀ ਹੋਵੇਗਾ ਅਜਿਹਾ
ਭਾਂਡੇ ਨੇ ਦੋ ਚਾਰ
ਟੁੱਟੇ ਭੱਜੇ ਜਿਹੇ
ਦਿਲ ਨੂੰ ਧਰਵਾਸ ਦੇਣ ਲਈ
ਆਉਂਦੇ ਨੇ ਅਜਿਹੇ ਖਿਆਲ
ਪਰ ਉਸ ਨੂੰ ਸ਼ੰਕਾ ਹੈ
ਸ਼ਾਇਦ ਸਵੇਰ ਹੋਵੇ ਨਾ ਹੋਵੇ

ਸੁੱਤੇ ਬੱਚਿਆਂ ‘ਤੇ
ਅੱਖਾਂ ਟਿਕਾਈ
ਕੰਨ ਕਿਸੇ ਆਹਟ ‘ਤੇ ਲਾਈ
ਧਿਆਨ ਵੰਡਾਵਣ ਲਈ
ਛੇੜ ਲੈਂਦੀ ਹੈ
ਕੋਈ ਭੁੱਲਿਆ ਵਿਸਰਿਆ ਗੀਤ
ਕਿਸੇ ਵਣਜਾਰੇ ਦਾ।