February 6, 2025

ਸਾਹਿਰ ਲੁਧਿਆਣਵੀ

ਅਨੁਵਾਦਕ : ਜਸਪਾਲ ਘਈ
99150-99926

ਸਾਊ ਬੰਦਿਓ!

ਖ਼ੂਨ ਵਗੇ ਆਪਣਾ ਜਾਂ ਪਰਾਇਆ
ਓੜਕ ਤਾਂ ਇਨਸਾਨ  ਦਾ ਖ਼ੂਨ ਏ
ਯੁੱਧ  ਛਿੜੇ  ਪੂਰਬ  ਜਾਂ  ਪੱਛਮ
ਜੱਗ ਦੇ ਅਮਨ ਅਮਾਨ ਦਾ ਖ਼ੂਨ ਏ

ਬੰਬ ਡਿੱਗਣ ਹੱਦ ਤੇ ਜਾਂ ਘਰਾਂ ਤੇ
ਫਟਾ-ਫਟ ਹੁੰਦੀ ਏ ਉਸਾਰੀ
ਖੇਤ ਸੜਨ ਆਪਣੇ ਜਾਂ ਬਿਗਾਨੇ
ਭੁੱਖ ਤਾਂ ਝੱਲਦੀ ਖ਼ਲਕਤ ਸਾਰੀ
ਟੈਂਕ  ਤੁਰਨ  ਅੱਗੇ  ਜਾਂ  ਪਿੱਛੇ
ਬਾਂਝ ਤਾਂ ਕੁੱਖ ਧਰਤੀ ਦੀ ਹੋਵੇ
ਜਿੱਤ ਹੋਵੇ ਜਾਂ ਹਾਰ, ਦੋਵਾਂ ਵਿਚ
ਸੱਥਰ ਵਿਛਣ, ਹਯਾਤੀ ਰੋਵੇ

ਜੰਗ ਤਾਂ ਆਪ ਇਕ ਵੱਡਾ ਮਸਲਾ
ਮਸਲੇ ਕੀ ਕਰਨੇ ਇਸ ਹੱਲ
ਅੱਗ ਤੇ ਖ਼ੂਨ ਇਸ ਦੇਣਾ ਅੱਜ
ਭੁੱਖ ਤੰਗੀ ਇਸ ਦੇਣੀ ਕੱਲ੍ਹ

ਏਸ ਲਈ ਐ ਸਾਊ ਬੰਦਿਓ !
ਯੁੱਧ  ਰਹਿਣ ਟਲਦੇ ਤਾਂ ਚੰਗਾ
ਸਾਡੇ ਸਭ ਦੇ ਨ੍ਹੇਰੇ ਘਰਾਂ ਚ
ਦੀਪ ਰਹਿਣ ਬਲਦੇ ਤਾਂ ਚੰਗਾ