February 6, 2025

ਨਾਟਕਕਾਰ, ਅਨੁਵਾਦਕ ਅਤੇ ਚਿੰਤਕ ਬਲਰਾਮ

ਮੁਲਾਕਾਤੀ : ਸੋਨੀਆ ਮਨਜਿੰਦਰ

ਅਸੀਂ ਪੰਜਾਬੀ ਸਾਹਿਤ ਜਗਤ ਦੀ ਉਸ ਸ਼ਖ਼ਸੀਅਤ ਨਾਲ ਤੁਹਾਨੂੰ ਰੂ-ਬਰੂ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਸਾਹਿਤ ਜਗਤ ਵਿਚ ਇਕ ਅਨੁਵਾਦਕ, ਨਾਟਕਕਾਰ, ਕਵੀ ਅਤੇ ਚਿੰਤਕ ਵਜੋਂ ਆਪਣੀ ਵੱਖਰੀ ਪਹਿਚਾਣ ਬਣਾਈ। ਬਲਰਾਮ ਜੀ, ਜਿਨ੍ਹਾਂ ਨੂੰ ਬਲਰਾਮ ਬੋਧੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਉਹ ਇਕ ਨਾਟਕਕਾਰ ਨੇ, ਜਿਨ੍ਹਾਂ ਨੇ ਵੱਖ-ਵੱਖ ਰੇਡੀਓ ਨਾਟਕ, ਟੀ. ਵੀ. ਸੀਰੀਅਲ ਆਦਿ ਲਿਖੇ ਹਨ। ਇਸ ਤੋਂ ਇਲਾਵਾ ਉਹ ਥੀਏਟਰ ਦੀਆਂ ਅਲੱਗ-ਅਲੱਗ ਵਰਕਸ਼ਾਪ, ਡਮੈਂਨਸ਼ਨ ਆਦਿ ਵਿਚ ਪਿਛਲੇ ਲਗਭਗ 20-25 ਸਾਲਾਂ ਤੋਂ ਕੰਮ ਕਰ ਰਹੇ ਹਨ। ਉਹ ਇਕ ਅਨੁਵਾਦ ਹਨ, ਜਿਨ੍ਹਾਂ ਨੇ ਸਾਹਿਤ ਤਾਂ ਅਨੁਵਾਦ ਕੀਤਾ ਹੀ ਹੈ, ਇਸ ਦੇ ਨਾਲ-ਨਾਲ ਉਨ੍ਹਾਂ ਸਾਇੰਸ, ਹਿਸਟਰੀ, ਪੋਲੀਟਕਸ, ਐਜੂਕੇਸ਼ਨ, ਅਰਥ ਸ਼ਾਸਤਰ ਤੇ ਧਰਮ ਤੋਂ ਇਲਾਵਾ ਬਾਕੀ ਵਿਧਾਵਾਂ ‘ਤੇ ਵੀ ਕਾਫ਼ੀ ਕੰਮ ਕੀਤਾ ਹੈ ਤੇ ਹੁਣ ਵੀ ਕੰਮ ਕਰ ਰਹੇ ਹਨ। ਉਹ ਇਕ ਚੰਗੇ ਕਵੀ ਨੇ ਅਤੇ ਚਿੰਤਕ ਵੀ ਨੇ। ਕਵਿਤਾ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਸਵਾਦ ਗੁਲਾਬ ਨੂੰ ਦੇਖਣ ਦਾ ਹੈ, ਚੰਦਰਮਾ ਨੂੰ ਦੇਖਣ ਦਾ ਹੈ, ਮਹਿਕ ਦਾ ਆਨੰਦ ਲੈਣ ਦਾ ਹੈ ਉਹ ਕਵਿਤਾ ਵਿਚ ਹੈ। ਕਵਿਤਾ ਨੂੰ ਤੁਸੀਂ ਵਿਚਾਰਾਂ ਤੱਕ ਸੀਮਤ ਨਹੀਂ ਕਰ ਸਕਦੇ। ਬਲਰਾਮ ਜੀ ਨੇ ਜੇ. ਕ੍ਰਿਸ਼ਨਾਮੂਰਤੀ ਤੋਂ ਲੈ ਕੇ ‘ਮੈੱਕਬੈੱਥ’ ਤੱਕ ਅਨੁਵਾਦ ਕੀਤਾ ਹੈ। ਪੇਸ਼ ਹੈ ਉਨ੍ਹਾਂ ਨਾਲ ਵਿਸਥਾਰ ਵਿਚ ਕੀਤੀ ਗਈ ਗੱਲਬਾਤ—

ਬਲਰਾਮ ਜੀ, ਤੁਹਾਡਾ ਜਨਮ ਕਦੋਂ ਤੇ ਕਿੱਥੇ ਹੋਇਆ, ਬਚਪਨ ਬਾਰੇ ਕੁਝ ਦੱਸੋ?
—ਸੋਨੀਆ ਜੀ, ਮੇਰਾ ਜਨਮ ਕਪੂਰਥਲਾ ਸ਼ਹਿਰ ਦਾ ਹੈ। ਜੇਕਰ ਜਨਮ ਤਰੀਕ ਬਾਰੇ ਮੈਂ ਗੱਲ ਕਰਾਂ ਤਾਂ ਮੈਨੂੰ ਮੇਰੀ ਮਾਂ ਦਾ ਮੇਰੇ ਜਨਮ ਬਾਰੇ ਦੱਸਣ ਦਾ ਤਰੀਕਾ ਬੜਾ ਵਧੀਆ ਲੱਗਦਾ ਹੁੰਦਾ ਸੀ। ਮੇਰੀ ਮਾਤਾ ਜੀ ਮੈਨੂੰ ਬੜੇ ਮਜ਼ਾਕੀਆ ਲਹਿਜ਼ੇ ਨਾਲ ਦੱਸਦੇ ਹੁੰਦੇ ਸਨ ਕਿ ‘ਨਹਿਰੂ ਗਿਆ ਤਾਂ ਮਹੀਨੇ ਬਾਅਦ ਤੂੰ ਮੇਰੇ ਘਰੇ ਆਇਆ…’। ਮਤਲਬ 25 ਜੂਨ, 1964 ਦਾ ਮੇਰਾ ਜਨਮ ਹੈ। ਮਾਤਾ ਜੀ ਦੇ ਨਾਂਅ ਬਾਰੇ ਦੱਸਾਂ ਤਾਂ ਮੇਰੀ ਮਾਤਾ ਜੀ ਨੂੰ ਦੋ ਨਾਵਾਂ ਨਾਲ ਜਾਣਿਆ ਜਾਂਦਾ ਸੀ। ਉਨ੍ਹਾਂ ਦਾ ਅਸਲ ਨਾਂਅ ਆਗਿਆਵਤੀ ਸੀ ਪਰ ਉਨ੍ਹਾਂ ਨੂੰ ਸਾਰੇ ਕਮਲਾ ਕਹਿ ਕਿ ਬਲਾਂਦੇ ਸਨ। ਮੇਰਾ ਮੁੱਢਲਾ ਜੀਵਨ ਕਪੂਰਥਲਾ ‘ਚ ਹੀ ਗੁਜਰਿਆ। ਮੈਂ ਕਪੂਰਥਲਾ ਸਕੂਲ ਵਿਚ ਹੀ ਪੜ੍ਹਿਆ। ਕਾਲਜ ਦੀ ਪੜ੍ਹਾਈ ਵੀ ਮੈਂ ਕਪੂਰਥਲਾ ਹੀ ਕੀਤੀ। ਮੇਰੇ ਪਿਤਾ ਜੀ ਬੈਂਕ ਵਿਚ ਨੌਕਰੀ ਕਰਦੇ ਸਨ। ਪਰ ਨਾਲ ਉਹ ਮੰਦਿਰ ਵਿਚ ਪੁਜਾਰੀ ਵੀ ਸਨ। ਉਸ ਮੰਦਿਰ ਨੂੰ ਮੁਲਤਾਨੀ ਮੰਦਿਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਮੇਰਾ ਬਚਪਨ ਦਾ ਬਹੁਤਾ ਜੀਵਨ ਘਰ ਤੋਂ ਮੰਦਿਰ ਤੇ ਮੰਦਿਰ ਤੋਂ ਘਰ ਦੇ ਰਸਤੇ ਵਿਚ ਹੀ ਗੁਜਰਿਆ।  ਉਸ ਮੰਦਿਰ ਦੀ ਇਕ ਖਾਸੀਅਤ ਇਹ ਵੀ ਸੀ ਕਿ ਵੰਡ ਵੇਲੇ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਪਾਕਿਸਤਾਨ ਤੋਂ ਉਜੜ ਕੇ ਕਪੂਰਥਲੇ ਵਸੇ ਸਨ, ਉਨ੍ਹਾਂ ਨੇ ਇਹ ਮੰਦਿਰ ਬਣਾਇਆ ਸੀ ਤੇ ਮੇਰੇ ਪਿਤਾ ਜੀ ਦੇ ਉਸ ਮੰਦਿਰ ਦੇ ਪੁਜਾਰੀ ਹੋਣ ਕਰਕੇ ਉਨ੍ਹਾਂ ਲੋਕਾਂ ਦੇ ਨਾਲ ਬਹੁਤ ਪਿਆਰ ਪੈ ਗਿਆ ਸੀ।

ਸੋਨੀਆ—ਮੁਢਲੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ?
ਬਲਰਾਮ—ਮੇਰੇ ਪਹਿਲੇ ਸਕੂਲ ਦਾ ਨਾਂਅ ਰਾਏ ਮਹਾਤਮਾ ਸਕੂਲ ਸੀ ਮੈਂ ਮੁਢਲੀ ਸਿੱਖਿਆ ਇਥੋਂ ਪ੍ਰਾਪਤ ਕੀਤੀ। ਸਾਡੇ ਘਰ ਵਿਚ ਬੜਾ ਧਾਰਮਿਕ ਮਾਹੌਲ ਸੀ ਤੇ ਮੇਰੇ ਪੜ੍ਹਾਈ ਲਿਖਾਈ ਤੇ ਵੀ ਇਸ ਦਾ ਕਾਫ਼ੀ ਅਸਰ ਰਿਹਾ। ਮੈਂ ਜਦੋਂ 10-12 ਸਾਲਾਂ ਦਾ ਸੀ ਉਦੋਂ ਹੀ ‘ਰਾਮਾਇਣ’ ਤੇ ‘ਭਗਵਤ ਗੀਤਾ’ ਪੜ੍ਹਨ ਲੱਗ ਗਿਆ ਸੀ। ਮੈਨੂੰ ਬਚਪਨ ਤੋਂ ਹੀ ਕਵਿਤਾ, ਕਹਾਣੀਆਂ ਤੇ ਇਤਿਹਾਸ ਪੜ੍ਹਨ ਦਾ ਬਹੁਤ ਸ਼ੌਕ ਸੀ। ਮੇਰੀ ਬਹੁਤੀ ਰੁਚੀ ਧਾਰਮਿਕ ਕਿਤਾਬਾਂ ਪੜ੍ਹਨ ‘ਚ ਰਹੀ। ਮੈਂ ਵਿਵੇਕਾਨੰਦ ਜੀ ਨੂੰ ਪੜ੍ਹਿਆ, ਕਲਿਆਣ ਮੈਗਜ਼ੀਨ, ਸਵਾਮੀ ਰਾਮ ਤੀਰਥ ਜੀ ਨੂੰ ਪੜ੍ਹਿਆ ਤੇ ਬਹੁਤ ਸਾਰੀਆਂ ਧਾਰਮਿਕ ਕਿਤਾਬਾਂ ਪੜ੍ਹੀਆਂ ਤੇ ਮੈਨੂੰ ਲੱਗਦਾ ਸੀ ਕਿ ਇਨ੍ਹਾਂ ਤੋਂ ਇਲਾਵਾ ਸ਼ਾਇਦ ਹੋਰ ਕੁਝ ਨਹੀਂ ਹੈ। ਮੈਂ ਹੈਗਾ ਪੰਜਾਬੀ ਸੀ ਪਰ ਮੈਂ ਪੜ੍ਹਿਆ ਹਿੰਦੀ ਮੀਡੀਅਮ ਵਿਚ। ਉਹ ਇਸ ਕਰਕੇ ਕਿਉਂਕਿ ਮੈਂ ਬਚਪਨ ਤੋਂ ਹੀ ਹਿੰਦੀ ਪੜ੍ਹਿਆ ਸੀ ਇਸ ਲਈ ਮੇਰਾ ਝੁਕਾਅ ਹਿੰਦੀ ਵੱਲ ਹੋ ਗਿਆ। ਇਸ ਗੱਲ ਦਾ ਮੈਨੂੰ ਥੋੜ੍ਹਾ ਨੁਕਸਾਨ ਵੀ ਹੋਇਆ, ਕਿਉਂਕਿ ਮੈਂ ਪੰਜਾਬੀ ਲਿਖਣ ਵਿਚ ਥੋੜ੍ਹਾ ਕਮਜ਼ੋਰ ਰਹਿ ਗਿਆ।

ਸੋਨੀਆ—ਕਾਲਜ ਦੀ ਪੜ੍ਹਾਈ ਤੇ ਰੰਗ ਮੰਚ ਵੱਲ ਕਿਵੇਂ ਆਏ?
ਬਲਰਾਮ—ਮੈਂ ਬੀ. ਏ. ਇਕਨਾਮਿਕਸ ਵਿਚ ਰਣਧੀਰ ਕਾਲਜ, ਕਪੂਰਥਲਾ ਤੋਂ ਕੀਤੀ ਤੇ ਇੱਥੇ ਹੀ ਮੈਂ ਰੰਗ ਮੰਚ ਨਾਲ ਜੁੜਿਆ। ਕਾਲਜ ਵਿਚ ਜਦੋਂ ਮੈਂ ਬੀ. ਏ. ਸੈਕਿੰਡ ਈਅਰ ‘ਚ ਪੜ੍ਹਦਾ ਸੀ ਉਸ ਵਕਤ ਮੇਰੀ ਅਸਲ ਰੰਗਮੰਚ ਯਾਤਰਾ ਦੀ ਸ਼ੁਰੂ ਹੋਈ। ਇਸ ਦੌਰਾਨ ਜਦੋਂ ਮੈਂ ਨਾਟਕ ਖੇਡਦਾ ਤਾਂ ਬਚਪਨ ਵਿਚ ਪੜ੍ਹੀ ਰਮਾਇਣ ਤੇ ਮਹਾਭਾਰਤ ਦਾ ਮੈਨੂੰ ਬਹੁਤ ਵੱਡਾ ਲਾਭ ਹੋਇਆ। ਕਾਫ਼ੀ ਡਾਇਲਾਗ ਤਾਂ ਮੈਨੂੰ ਉਸ ਤਰ੍ਹਾਂ ਹੀ ਯਾਦ ਹੋ ਜਾਂਦੇ। ਮੈਂ ਰੰਗਮੰਚ ਦਾ ਪਹਿਲਾ ਨਾਟਕ 1983 ਵਿਚ ਯੂਥ ਫੈਸਟੀਵਲ ਦੌਰਾਨ ਖੇਡਿਆ। ਰਣਧੀਰ ਕਾਲਜ ਦੇ ਜੁਬਲੀ ਹਾਲ ‘ਚ ਅਸੀਂ ਰਾਤ-ਰਾਤ ਤੱਕ ਰਿਹਰਸਲ ਕਰਦੇ ਰਹਿੰਦੇ। ਇੱਥੇ ਦੱਸਣਯੋਗ ਹੈ ਕਿ ਸੁਰਜੀਤ ਪਾਤਰ ਹੋਰਾਂ ਨੇ ਵੀ ਇਸੇ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ। ਮੇਰੇ ਸਾਥੀ ਸਟੂਡੈਂਟਸ ਪਰਮਜੀਤ ਪੰਮੀ, ਦਿਲਬਾਗ ਸਿੰਘ ਤੇ ਹੋਰ ਦੋਸਤਾਂ ਦਾ ਹਮੇਸ਼ਾ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਯੂਥ ਫੈਸਟੀਵਲ ਵਿਚ ਭਾਗ ਲੈਣ ਲਈ ਕਿਹਾ ਤੇ ਰੰਗਮੰਚ ਨਾਲ ਜੋੜਿਆ।

ਸੋਨੀਆ—ਸਾਹਿਤ ਵੱਲ ਕਿਵੇਂ ਝੁਕਾਅ ਹੋਇਆ?
ਬਲਰਾਮ—ਮੈਂ ਇੱਥੇ ਖਾਸ ਜ਼ਿਕਰ ਕਰਨਾ ਚਾਹੁੰਦਾ ਹੈ ਆਪਣੇ ਇਕਨਾਮਿਕਸ ਦੇ ਪ੍ਰੋਫੈਸਰ ਪ੍ਰਿਤਪਾਲ ਸਿੰਘ ਜੀ ਹੋਰਾਂ ਦਾ, ਜੋ ਸਾਨੂੰ ਇਕਨਾਮਿਕਸ ਪੜ੍ਹਾਇਆ ਕਰਦੇ ਸਨ। ਪ੍ਰੋ. ਪ੍ਰਿਤਪਾਲ ਸਿੰਘ ਹੋਰਾਂ ਨੂੰ ਕਿਤਾਬਾਂ ਨਾਲ ਬੇਹੱਦ ਪਿਆਰ ਸੀ ਤੇ ਉਨ੍ਹਾਂ ਨੇ ਮੈਨੂੰ ਬੰਗਾਲ ਦੇ ਲੇਖਕਾਂ ਬਾਰੇ, ਹਿੰਦੀ ਦੇ ਲੇਖਕਾਂ ਬਾਰੇ, ਪਾਕਿਸਤਾਨ ਦੇ ਲੇਖਕਾਂ ਬਾਰੇ ਬਲਕਿ ਦੁਨੀਆ ਭਰ ਦੇ ਮਸ਼ਹੂਰ ਲੇਖਕਾਂ ਤੋਂ ਜਾਣੂ ਕਰਵਾਇਆ ਤੇ ਉਨ੍ਹਾਂ ਦੀਆਂ ਲਿਖਤਾਂ ਬਾਰੇ ਦੱਸਿਆ। ਮੈਂ ਬੜਾ ਪ੍ਰਭਾਵਿਤ ਹੋਇਆ ਤੇ ਪਹਿਲੀ ਵਾਰ ਮੈਂ ਜੋ ਨਾਵਲ ਪੜ੍ਹਿਆ ਸੀ ਉਹ ਸੀ ਗੋਰਖੀ ਦਾ ਲਿਖਿਆ ਹੋਇਆ ‘ਮਾਂ’ ਨਾਵਲ। ਇਸ ਨਾਵਲ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਸਾਡੇ ਕਾਲਜ ਦੀ ਲਾਇਬ੍ਰੇਰੀ ਬਹੁਤ ਵਧੀਆ ਸੀ। ਉੱਥੇ ਵੀ ਬੇਹੱਦ ਵਧੀਆ ਕਿਤਾਬਾਂ ਪੜ੍ਹਨ ਨੂੰ ਮਿਲੀਆਂ। ਪਰ ਵੱਡੇ ਲੇਖਕਾਂ ਦੀਆਂ ਕਿਤਾਬਾਂ ਲੈਣ ਲਈ ਸਾਨੂੰ ਜਲੰਧਰ ਜਾਣਾ ਪੈਂਦਾ ਸੀ। ਜਲੰਧਰ ਅਸੀਂ ਸਾਇਕਲਾਂ ‘ਤੇ ਜਾਣਾ ਤੇ ਕਿਤਾਬਾਂ ਲੈ ਕੇ ਆਉਣੀਆਂ। ਜਲੰਧਰ ਇਸ ਲਈ ਜਾਣਾ ਪੈਂਦਾ ਸੀ, ਕਿਉਂਕਿ ਉਸ ਵਕਤ ਕਪੂਰਥਲਾ ਸ਼ਹਿਰ ਵਿਚ ਸਾਹਿਤਕ ਤੇ ਇਤਿਹਾਸਕ ਕਿਤਾਬਾਂ ਦੀ ਕੋਈ ਦੁਕਾਨ ਨਹੀਂ ਸੀ। ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮੈਂ 23 ਸਾਲ ਦੀ ਉਮਰ ਵਿਚ ਹੀ ‘ਡਿਸਕਵਰੀ ਆਫ਼ ਇੰਡੀਆ’, ‘ਪ੍ਰਿੰਸਸ ਆਫ਼ ਵਰਲਡ ਹਿਸਟਰੀ’ ਵਰਗੀਆਂ ਕਿਤਾਬਾਂ ਪੜ੍ਹ ਲਈਆਂ ਸਨ। ਮੈਂ ਪ੍ਰੋ. ਪ੍ਰਿਤਪਾਲ ਸਿੰਘ ਤੇ ਮੈਡਮ ਸੁਲੇਖਾ ਹੋਰਾਂ ਦਾ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਕਵਿਤਾਵਾਂ ਨਾਲ ਜੋੜਨ ‘ਚ ਲੇਖਣੀ ਨਾਲ ਜੋੜਨ ‘ਚ ਮਦਦ ਕੀਤੀ। ਫਿਰ ਹੌਲੀ ਹੌਲੀ ਮੈਂ ਵਰਲਡ ਪੀਸ ਮੂਵਮੈਂਟ ਨਾਲ ਜੁੜਿਆ। 1985 ਵਿਚ ਕਮਿਊਨਿਸਟ ਪਾਰਟੀ ਨਾਲ ਜੁੜ ਗਿਆ।

ਵਿਆਹ ਬੰਧਨ ਵਿਚ ਕਦੋਂ ਤੇ ਕਿਵੇਂ ਬੱਝੇ?
ਸੋਨੀਆ, ਮੇਰਾ ਗ੍ਰਹਿਸਥ ਜੀਵਨ ਜੋ ਹੈ ਉਹ ਜੁੜਿਆ ਹੋਇਆ ਹੈ ਥੇਟਰ ਡਿਪਾਰਟਮੈਂਟ ਪਟਿਆਲਾ ਨਾਲ। ਥੇਟਰ ਜੀਵਨ ‘ਚੋਂ ਇਸ ਵਕਤ ਅਸੀਂ ਪਾਸ ਆਊਟ ਕਰ ਚੁੱਕੇ ਹਾਂ। ਦੱਸਣਾ ਚਾਹਾਂਗਾ ਕਿ ਸਾਡੀ ਯੂਨੀਵਰਸਿਟੀ ਵਿਚ ਜੂਨੀਅਰ ਕਲਾਸ ਵਿਚ ਇਕ ਲੜਕੀ ਆਈ ਅੰਜੂ। ਉਹ ਜਦੋਂ ਮੈਨੂੰ ਮਿਲੀ ਤਾਂ ਉਸ ਦੇ ਹੱਥ ‘ਚ ਕਿਤਾਬ ਹੈ ‘ਮਜ਼ਾਜ਼’। ਇਕ ਹੋਰ ਕਿਤਾਬ ਸੀ ਸ਼ਾਇਦ ‘ਤਲਖੀਆਂ’। ਨੈਚੁਰਲੀ ਗੱਲ ਹੈ ਕਿ ਜੇਕਰ ਉਸ ਨੂੰ ਕਿਤਾਬਾਂ ਨਾਲ ਪਿਆਰ ਹੈ ਤਾਂ ਉਸ ਨਾਲ ਗੱਲਬਾਤ ਤਾਂ ਹੋਣੀ ਹੀ ਹੋਣੀ ਸੀ। ਵਿਚਾਰਾਂ ਦੀ ਸਾਂਝ ਹੋਈ। ਫਿਰ ਇਕ ਦਿਨ ਮੈਂ ਕਿਸੇ ਕੰਮ ਲਈ ਉਸ ਦੇ ਘਰ ਗਿਆਂ। ਅੰਜੂ ਦੀ ਵੱਡੀ ਭੈਣ ਜਿਸ ਦਾ ਨਾਂਅ ਕੁਸੁਮ ਹੈ ਨਾਲ ਮੁਲਾਕਾਤ ਹੋਈ। ਉਸ ਦਾ ਸੁਭਾਅ ਤੇ ਵਿਚਾਰ ਮੇਰੇ ਵਿਚਾਰਾਂ ਨਾਲ ਬਹੁਤ ਮੇਲ ਖਾਂਦੇ ਸਨ। ਅਸੀਂ 3-4 ਸਾਲ ਇਕੱਠੇ ਰਹੇ। ਫਿਰ ਅਸੀਂ ਵਿਆਹ ਦਾ ਫ਼ੈਸਲਾ ਕੀਤਾ।

ਜੀਵਨ ਸਾਥਣ ਤੇ ਵਿਆਹੁਤਾ ਜੀਵਨ ਬਾਰੇ ਕੁੱਝ ਦੱਸੋ?
ਮੈਂ ਉਮਰ ਦੇ 60ਵੇਂ ਦੌਰ ਵਿਚੋਂ ਲੰਘ ਰਿਹੈਂ। ਤੇ ਮੇਰੀ ਧਰਮ ਪਤਨੀ ਕੁਸੁਮ ਕੁਝ ਮਹੀਨੇ ਪਹਿਲਾਂ ਹੀ ਰੇਲਵੇ ਵਿਭਾਗ ਵਿਚੋਂ ਰਿਟਾਇਰਡ ਹੋਈ ਹੈ। ਵਿਆਹੁਤਾ ਜੀਵਨ ਬਹੁਤ ਵਧੀਆ ਗੁਜ਼ਰ ਰਿਹਾ ਹੈ। ਮੇਰੀ ਪਤਨੀ ਕੁਸੁਮ ਨੇ ਮੈਨੂੰ ਹਰ ਪੱਖੋਂ ਸਪੋਰਟ ਕੀਤੀ। ਸ਼ਾਇਦ ਇਸੇ ਕਰਕੇ ਮੈਂ ਮੈਂ ਨਾਟਕ ਕਰ ਸਕਿਆਂ। ਕਿਉਂਕਿ ਮੈਨੂੰ ਪੈਸੇ ਦੀ ਜ਼ਰੂਰਤ ਕਰਕੇ ਨੌਕਰੀ ਦੇ ਬੰਧਨ ਵਿਚ ਬੱਝਣ ਨਹੀਂ ਪਿਆ। ਉਸ ਦੀ ਵਜ੍ਹਾ ਵੀ ਕੁਸੁਮ ਹੈ। ਅਸੀਂ ਬਹੁਤ ਹੀ ਆਨੰਦਮਈ ਜੀਵਨ ਬਤੀਤ ਕਰ ਰਹੇ ਹਾਂ।

ਬਲਰਾਮ ਜੀ ਤੁਸੀਂ ਅਨੁਵਾਦ ਵੱਲ ਕਿਵੇਂ ਆਏ?
ਸੋਨੀਆ ਜੀ, ਮੈਂ ਹਮੇਸ਼ਾ ਆਪਣਾ ਮਨਪਸੰਦ ਕੰਮ ਕੀਤਾ। ਪੈਸੇ ਮੇਰੇ ਲਈ ਕਦੇ ਜ਼ਰੂਰੀ ਨਹੀਂ ਰਹੇ। ਇਹ ਕੰਮ ਕੁਸੁਮ ਨੇ ਸਾਂਭਿਆ ਸੀ। ਇਸ ਲਈ ਅਨੁਵਾਦ ਮੈਂ ਪ੍ਰੋਫੈਸ਼ਨ ਲਈ ਨਹੀਂ ਕੀਤਾ। ‘ਮੈਕਬੈੱਥ’ ਮੈਂ ਚਰਨ ਗਿੱਲ ਕੋਲ ਬੈਠ ਕੇ ਪੜ੍ਹਿਆ। ਮੈਂ ਚਰਨ ਗਿੱਲ ਦੇ ਕਮਰੇ ‘ਚ ਚਲੇ ਜਾਣਾ ਸਾਰਾ-ਸਾਰਾ ਦਿਨ ਉੱਥੇ ਉਸ ਕੋਲ ਬੈਠੇ ਰਹਿਣਾ ਤੇ ‘ਮੈਕਬੈੱਥ’ ਪੜ੍ਹਨਾ। ‘ਮੈਕਬੈੱਥ’ ਪੜ੍ਹ ਕੇ ਮੈਨੂੰ ਲੱਗਿਆ ਕਿ ਇਹ ਇੰਡੀਆ ਦੇ ਮਨ ਦੇ ਬਹੁਤ ਨੇੜੇ ਹੈ।  ‘ਮੈੱਕਬੈੱਥ’ ਪੜ੍ਹ ਮੈਂ ਸਮਝਿਆ ਕਿ ਮਨ ਕਿਵੇਂ ਫ਼ਸਦਾ ਹੈ ਆਪਣੀਆਂ ਖ਼ੁਹਾਇਸ਼ਾਂ ਵਿਚ। ਫਿਰ ਉਸ ਦਾ ਮਨ ਮਨੁੱਖ ਨੂੰ ਕਿਵੇਂ ਉਹ ਬਣਾ ਦਿੰਦਾ ਹੈ, ਜੋ ਉਹ ਹੋਣਾ ਨਹੀਂ ਚਾਹੁੰਦਾ ਜਾਂ ਉਹ ਹੈ ਨਹੀਂ। ਫਿਰ ਕਿਵੇਂ ਉਸ ਦੀ ਨੀਂਦ ਉੱਡਦੀ ਹੈ ਤੇ ਕਿਵੇਂ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦਾ ਹੈ। ਇਹ ਸਾਰਾ ਕੁਝ ਮੈਂ ਪੰਜਾਬ ਵਿਚ ਪੰਜਾਬ ਦੇ ਲੋਕਾਂ ਵਿਚ ਲੈ ਕੇ ਆਉਣਾ ਚਾਹੁੰਦਾ ਸੀ। ਇਸ ਲਈ ਮੈਂ ‘ਮੈੱਕਬੈੱਥ’ ਨੂੰ ਅਨੁਵਾਦ ਕਰਨ ਦਾ ਮਨ ਬਣਾਇਆ ਤੇ ਇਸ ਨੂੰ ਅਨੁਵਾਦ ਕੀਤਾ।

ਕਵਿਤਾ ਬਾਰੇ ਤੁਸੀਂ ਕੀ ਸੋਚਦੇ ਹੋ ਕਿਵੇਂ ਦੇਖਦੇ ਹੋ?
ਜੇ ਮੈਂ ਦਿਲ ਦੀ ਗੱਲ ਕਰਾਂ ਤਾਂ ਇਹ ਕਹਾਂਗਾ ਕਿ ਆਦਮੀ ਦੀ ਜੋ ਪਹਿਚਾਣ ਹੈ ਉਹ ਦੂਸਰਿਆਂ ਵਿਚ ਪਈ ਹੁੰਦੀ ਹੈ ਆਪ ਉਹ ਆਪਣੇ ਆਪ ਨੂੰ ਕਿਵੇਂ ਦੇਖਦਾ ਹੈ ਉਹ ਇਕ ਵੱਖਰੀ ਕਿਸਮ ਹੈ। ਜੇ ਮੈਂ ਆਪਣੇ ਬਾਰੇ ਗੱਲ ਕਰਾਂ ਤਾਂ ਜੇ ਮੈਨੂੰ ਕੋਈ ਪੁੱਛੇ ਤਾਂ ਮੈਂ ਇਹ ਕਹਾਂਗਾ ਕਿ ਜੇ ਮੈਂ ਨਾਟਕ ਕੀਤੇ ਹਨ ਤਾਂ ਉਹ ਕਿਸੇ ਨਾ ਕਿਸੇ ਦੇ ਕਹੇ ਜਾਂ ਕਿਸੇ ਕਰਕੇ ਕੀਤੇ ਨੇ ਪਰ ਜੋ ਮੈਂ ਕਿਸੇ ਦੇ ਕਿਸੇ ਤੋਂ ਬਿਨਾਂ ਆਪਣੇ ਆਪ ਕੀਤੀ ਹੈ ਉਹ ਕਵਿਤਾ ਹੈ। ਮੇਰੀ ਜਿਹੜੀ ਸਭ ਤੋਂ ਪਹਿਲੀ ਕਿਤਾਬ ਛੱਪੀ ਉਹ ਹਿੰਦੀ ‘ਚ ਛੱਪੀ ਸੀ ਉਹ ਕਵਿਤਾ ਦੀ ਹੀ ਸੀ ਉਸ ਦਾ ਨਾਂਅ ਸੀ ‘ਅੰਤ ਨਹੀਂ ਹੈ ਯੂੰ’। ਬਾਕੀ ਮੈਂ ਕਈ ਦਰਜਨਾਂ ਹੀ ਕਵਿਤਾਵਾਂ ਲਿਖੀਆਂ ਜੋ ਸਾਰੀਆਂ ਪੰਜਾਬੀ ਵਿਚ ਨੇ, ਜਿਨ੍ਹਾਂ ‘ਚੋਂ ਕੁਝ ਛੱਪੀਆਂ ਨੇ ਕੁੱਝ ਨਹੀਂ ਵੀ ਛੱਪੀਆਂ ਮੈਂ ਜਾਂ ਫਿਰ ਫੇਸਬੁੱਕ ਤੇ ਪਾ ਦਿੱਤੀਆਂ ਜਾਂ ਫਿਰ ਦੋਸਤਾਂ ਨਾਲ ਸ਼ੇਅਰ ਕਰ ਦਿੱਤੀਆਂ। ਮੇਰਾ ਕੋਈ ਨਾਟਕ ਐਸਾ ਨਹੀਂ ਹੈ ਜਿਸ ਵਿਚ ਕਵਿਤਾ ਨਾ ਹੋਵੇ।
ਮੈਂ ਕਹਾਂਗਾ ਕਵਿਤਾ ‘ਤਰਲਤਾ’ ਹੈ। ਮੈਂ ਇਕ ਉਦਾਹਰਣ ਦਿੰਦਾ ਹਾਂ ਕਿ ਜੇਕਰ ਮੈਂ ਫਰਸ਼ ‘ਤੇ ਪੈਰ ਧਰਾਂਗਾ ਤੇ ਉਸ ਦਾ ਉਸ ਦੂਜੇ ਖੂੰਜੇ ਤੱਕ ਕੋਈ ਪ੍ਰਭਾਵ ਨਹੀਂ ਪਵੇਗਾ, ਪਰ ਜੇਕਰ ਮੈਂ ਕਿਸੇ ਤਲਾਬ ‘ਚ ਇਕ ਕਿਨਾਰੇ ‘ਤੇ ਪੈਰ ਪਾਵਾਂਗਾ ਤਾਂ ਉਸ ਦਾ ਅਸਰ ਦੂਜਾ ਕਿਨਾਰੇ ਤੱਕ ਜਾਵੇਗਾ। ਇਸੇ ਤਰ੍ਹਾਂ ਕਵਿਤਾ ‘ਤਰਲਤਾ’ ਹੈ ਕਵਿਤਾ ਸਪੇਸ ਨੂੰ ਸਮੇਂ ਨੂੰ ਬਿਲਕੁੱਲ ਹੀ ਅਲੱਗ ਤਰ੍ਹਾਂ ਨਾਲ ਐਡਜੈਸਟ ਕਰਦੀ ਹੈ। ਕਵਿਤਾ ਵਿਚ ਜੋ ‘ਨਾਦ’ ਹੈ ਉਹ ਅਰਥ ਦੇ ਨਾਲ-ਨਾਲ ਅਰਥ ਨਾਲੋਂ ਜ਼ਿਆਦਾ ਵੱਧ ਇਸ ਵਿਚੋਂ ਸੰਗੀਤ ਨਿਕਲਦਾ ਹੈ। ਆਲੇ ਦੁਆਲੇ ਦੀ ਗੱਲ ਕਰਦੇ ਹੋਏ ਨਿਰਾਕਾਰ ਦਾ ਸਵਾਦ ਹੈ ਕਵਿਤਾ ‘ਸੋਹਜ ਸਵਾਦ’। ਜੋ ਸਵਾਦ ਗੁਲਾਬ ਨੂੰ ਦੇਖਣ ਦਾ ਹੈ, ਚੰਦਰਮਾ ਨੂੰ ਦੇਖਣ ਦਾ ਹੈ, ਮਹਿਕ ਦਾ ਆਨੰਦ ਲੈਣ ਦਾ ਹੈ ਉਹ ਕਵਿਤਾ ਵਿਚ ਹੈ। ਕਵਿਤਾ ਤੁਹਾਨੂੰ ਬਹੁਤ ਸੂਖਮ, ਬਹੁਤ ਮਹੀਨ, ਕਵਿਤਾ ਅਮੂਰਤ ਹੈ। ਕਵਿਤਾ ਨੂੰ ਤੁਸੀਂ ਵਿਚਾਰਾਂ ਤੱਕ ਸੀਮਤ ਨਹੀਂ ਕਰ ਸਕਦੇ।

ਬਲਰਾਮ ਜੀ ਤੁਸੀਂ ਨਾਟਕ ਕਦੋਂ ਲਿਖਣੇ ਸ਼ੁਰੂ ਕੀਤੇ ਤੇ ਤੁਹਾਡਾ ਸਭ ਤੋਂ ਪਸੰਦੀਦਾ ਨਾਟਕ ਕਿਹੜਾ ਰਿਹਾ?
ਸੋਨੀਆ ਮੈਂ ਵਿਆਹ ਤੋਂ ਬਾਅਦ ਪਹਿਲੀ ਵਾਰ ਪ੍ਰੋਫੈਸ਼ਨਲੀ ਲਿਖਣ ਸ਼ੁਰੂ ਕੀਤਾ। ਪਹਿਲਾ ਨਾਟਕ ਮੈਂ ਰੇਡੀਓ ਲਈ ਲਿਖਿਆ। ਫਿਰ ਰੇਡੀਓ ਲਈ ਮੈਂ ਦਰਜਨਾਂ ਦੇ ਹਿਸਾਬ ਨਾਲ ਨਾਟਕ ਲਿਖੇ। ਜਿਨ੍ਹਾਂ ਵਿਚੋਂ ਮੇਰੇ 4 ਨਾਟਕ ਹਿੰਦੋਸਤਾਨੀਆ ਲਈ ਵੀ ਸਿਲੈਕਟਰ ਹੋ ਕੇ ਗਏ। ਫਿਰ ਮੈਂ ਸੋਲੋ ਨਾਟਕ ਲਿਖੇ। ਮੈਨੂੰ ਸਭ ਤੋਂ ਪਸੰਦ ਨਾਟਕ ‘ਜੂਠ’, ‘ਤੈਂ ਕੀ ਦਰਦ ਨਾ ਆਇਆ’, ਮ੍ਰਿਤਿਉ ਲੋਕ, ‘ਸ਼ਹਾਦਤ’ ਤੇ ਭਗਤ ਸਿੰਘ’ ਹਨ। ‘ਜੂਠ’ ਮੇਰਾ ਪਹਿਲਾ ਨਾਟਕ ਸੀ ਜੋ ਓਮ ਪ੍ਰਕਾਸ਼ ਵਾਲਮਿਕੀ ਜੀ ਦੀ ਸਹਿ ਜੀਵਨੀ ‘ਤੇ ਅਧਾਰਿਤ ਸੀ।  ‘ਤੈਂ ਕੀ ਦਰਦ ਨਾ ਆਇਆ’ 2002 ਦੀ ਗੁਜਰਾਤ ਹਿੰਸਾ ਬਾਰੇ ਤੇ ‘ਮ੍ਰਿਤਿਉ ਲੋਕ’ ਕਿਸਾਨਾਂ ਦੀ ਖੁਦਕੁਸ਼ੀ ‘ਤੇ ਲਿਖਿਆ ਨਾਟਕ ਸੀ। ‘ਸਾਗਰ ਰਾਜ਼ੀ ਹੈ’ ਸਹਿਜਤਾ ਵੱਲ ਧਿਆਨ ਕੇਂਦਰਿਤ ਕਰਦਾ ਨਾਟਕ ਸੀ। ‘ਸ਼ਹਾਦਤ’ ਤੇ ‘ਭਗਤ ਸਿੰਘ’ ਨਾਟਕ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨਾਲ ਸੰਬੰਧਿਤ ਸਨ।

ਪਹਿਲਾ ਨਾਟਕ ‘ਜੂਠ’

ਮੇਰੇ ਜ਼ਿਹਨ ਸੀ ਕਿ ਅਕਸਰ ਆਉਂਦਾ ਸੀ ਕਿ ਅੱਜ ਵੀ ਸਮਾਜ ਵਿਚ ਜਾਤਵਾਦ ਭਾਰੀ ਹੈ ਤੇ ਮੈਂ ਉਸ ਨੂੰ ਲੋਕਾਂ ਸਾਹਮਣੇ ਪੇਸ਼ ਕਰਾਂ। ਮੈਂ ਜਦੋਂ ਆਪਣਾ ਪਹਿਲਾ ਨਾਟਕ ‘ਜੂਠ’ ਜੋ ਓਮ ਪ੍ਰਕਾਸ਼ ਵਾਲਮਿਕੀ ਜੀ ਦੀ ਸਹਿ ਜੀਵਨੀ ‘ਤੇ ਅਧਾਰਿਤ ਸੀ ਲਿਖਿਆ ਤਾਂ ਉਸ ਵਿਚ ਦਿਖਾਇਆ ਕਿ ਕਿਵੇਂ  ਸਕੂਲ ਦੀ ਪੜ੍ਹਾਈ ਦੌਰਾਨ ਇਕ ਨੀਵੀਂ ਜਾਤ ਵਾਲੇ ਬੱਚੇ ਨੂੰ ਉੱਚੀਆਂ ਜਾਤਾਂ ਵਾਲਿਆਂ ਬੱਚਿਆਂ ਤੋਂ ਵਖਰੇਵੇਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਰ ਦਿਖਾਇਆ ਕਿ ਉਹ ਬੱਚਾ ਕਿਸੇ ਨਾ ਕਿਸੇ ਤਰ੍ਹਾਂ ਕਾਲਜ ਤੱਕ ਆਪਣੀ ਮਿਹਨਤ ਤੇ ਲਗਨ ਨਾਲ ਪੜ੍ਹਦਾ ਹੈ ਤੇ ਫਿਰ ਯੂਨੀਵਰਸਿਟੀ ਤੱਕ ਪੜ੍ਹਾਈ ਪੂਰੀ ਕਰ ਲੈਂਦਾ ਹੈ ਪਰ ਜਾਤਵਾਦ ਉਸ ਦਾ ਪਿੱਛਾ ਨਹੀਂ ਛੱਡ ਰਹੀ ਤੇ ਉਹ ਇਕ ਤਰ੍ਹਾਂ ਨਾਲ ਸਾਇਕਲੋਜੀਕਲ ਡਿਪਰੇਸ਼ਨ ਦਾ ਸ਼ਿਕਾਰ ਹੋ ਰਿਹਾ ਹੈ। ਉਸ ਨੂੰ ਉਸ ਵਕਤ ਬੜੀ ਨਮੋਸ਼ੀ ਚਲਣੀ ਪੈਂਦੀ ਹੈ ਜਦੋਂ ਉਹ ਕਿਸੇ ਸੀਨੀਅਰ ਅਧਿਕਾਰੀ ਦੇ ਘਰ ਜਾਂਦਾ ਹੈ ਤਾਂ ਉੱਥੇ ਉਸ ਨੂੰ ਬਾਕੀ ਮਹਿਮਾਨਾਂ ਨਾਲੋਂ ਵੱਖਰੇ ਕੱਪ ਵਿਚ ਚਾਹ ਦਿੱਤੀ ਜਾਂਦੀ ਹੈ, ਕਿਉਂਕਿ ਉਹ ਨੀਵੀਂ ਜਾਤ ਦਾ ਹੈ। ਇਸ ਜੀਵਨੀ ਨੂੰ ਜਦੋਂ ਅਸੀਂ ਡਰਾਮਾਟਾਈਜ਼ ਕੀਤਾ ਤਾਂ ਹਰ ਕਿਸੇ ਨੇ ਇਸ ਸਰਾਹਿਆ। ਮੈਂਨੂੰ ਯਾਦ ਹੈ ਜਦੋਂ ‘ਜੂਠ’ ਦਾ ਪਹਿਲੀ ਵਾਰ ਸ਼ੋਅ ਲੁਧਿਆਣਾ ਵਿਖੇ ਸ਼ਾਇਦ ਉਸ ਦਿਨ ਪਹਿਲੀ ਮਈ ਸੀ ਨੂੰ ਹੋਇਆ ਇਹ ਨਾਟਕ ਬਲਰਾਜ ਸਾਹਨੀ ਓਪਨ ਥਿਏਟਰ ਲੁਧਿਆਣਾ ਵਿਖੇ ਕੀਤਾ ਗਿਆ। ਇਸ ਨਾਟਕ ਨੂੰ ਦੇਖ ਕੇ ਗੁਰਸ਼ਰਨ ਭਾਜੀ ਨੇ ਕਿਹਾ ਕਿ ‘ਜਾਤਵਾਦ ‘ਤੇ ਅਧਾਰਿਤ ਬਣੇ ਇਸ ਨਾਟਕ ਨੂੰ ਏਨੀ ਸ਼ਿਦਤ ਨਾਲ ਬਣਾਇਆ ਗਿਆ ਹੈ ਜੋ ਬੇਹੱਦ ਕਾਬਲੇ ਤਾਰੀਫ਼ ਹੈ।

ਗੁਜਰਾਤ ਹਿੰਸਾ ‘ਤੇ ਲਿਖਿਆ ਨਾਟਕ
‘ਤੈਂ ਕੀ ਦਰਦ ਨਾ ਆਇਆ’

ਜੂਠ ਤੋਂ ਬਾਅਦ ਇਕ ਹੋਰ ਨਾਟਕ ਸੀ, ਜੋ 2002 ਵਿਚ ਹੋਈ ਗੁਜਰਾਤ ਹਿੰਸਾ ‘ਤੇ ਅਧਾਰਿਤ ਸੀ, ਉਸ ਦਾ ਨਾਂਅ ਸੀ ‘ਤੈਂ ਕੀ ਦਰਦ ਨਾ ਆਇਆ’। ‘ਤੈਂਅ ਕੀ ਦਰਦ ਨਾ ਆਇਆ’ ਲਿਖਣ ਪਿੱਛੇ ਵੀ ਬਹੁਤ ਵੱਡਾ ਕਾਰਨ ਹੈ। ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਤਾਂ ਮੇਰਾ ਇਕ ਦੋਸਤ ਹੁੰਦਾ ਸੀ ‘ਜਸੀ’। ‘ਜਸੀ’ ਅਸੀਂ ਉਸ ਨੂੰ ਪਿਆਰ ਨਾਲ ਕਹਿੰਦੇ ਸੀ ਪਰ ਉਸ ਦਾ ਪੂਰਾ ਨਾਂਅ ਜਸਪ੍ਰੀਤ ਸੀ। ਉਹ ਜਰਨਲਿਜ਼ਮ ਕਰ ਰਿਹਾ ਸੀ। ਉਹ ਥੀਏਟਰ ਡਿਪਾਰਟਮੈਂਟ ਦਾ ਹਿੱਸਾ ਨਹੀਂ ਸੀ, ਇਸ ਲਈ ਮੈਂ ਪਹਿਲਾਂ ਉਸ ਦਾ ਨਾਂਅ ਨਹੀਂ ਲਿਆ ਸੀ। ਉਸ ਨਾਲ ਮੇਰੀ ਬਹੁਤ ਨੇੜਤਾ ਹੋ ਗਈ ਸੀ। ਸਾਡੀਆਂ ਬਹੁਤ ਯਾਂਦਾਂ ਸਾਂਝੀਆਂ ਹਨ। ਜਦੋਂ 2002 ਦੇ ਦੰਗੇ ਹੋਏ ਤਾਂ ਉਸ ਤੋਂ ਮੈਂ ਬਹੁਤ ਜ਼ਿਆਦਾ ਦੁਖੀ ਹੋਇਆ। ਮੈਂ ਟੀ. ਵੀ. ‘ਤੇ ਬੱਚਿਆਂ ਨੂੰ ਔਰਤਾਂ ਨੂੰ ਰੋਂਦਿਆਂ ਵੇਖਿਆ ਤਾਂ ਮੇਰੇ ਕੋਲ ਰਹਿ ਨਹੀਂ ਹੋ ਰਿਹਾ ਸੀ। ਇਤਫਾਕਨ ਜੱਸੀ ਲੁਧਿਆਣੇ ਜਾ ਚੁੱਕਾ ਸੀ, ਕਿਉਂਕਿ ਉਹ ਲੁਧਿਆਣੇ ਦਾ ਰਹਿਣ ਵਾਲਾ ਸੀ। ਉਸ ਵਕਤ ਮੋਬਾਈਲ ਤਾਂ ਹੁੰਦੇ ਨਹੀਂ ਸਨ ਲੈਂਡਲਾਈਨ ਫ਼ੋਨ ਹੁੰਦੇ ਸਨ ਮੈਂ ਉਸ ਨੂੰ ਫ਼ੋਨ ਕੀਤਾ ਮੈਂ ਕਿਹਾ ਜਸੀ ਉਹ ਅੱਗਿਓਂ ਬੋਲਿਆ ‘ਕੀ ਕਰ ਰਿਹਾ ਹੈਂ’। ਮੈਂ ਕਿਹਾ ਰੋ ਰਿਹਾ ਹਾਂ, ਉਹ ਕਹਿੰਦਾ ‘ਆਜਾ ਚੱਲ ਮਿਲ ਕੇ ਰੋਂਦੇ ਹਾਂ।’ ਬਸ ਉਸੇ ਵਕਤ ਮੈਂ ਲੁਧਿਆਣੇ ਚਲਾ ਗਿਆ। ਅਸੀਂ ਘਟਨਾਵਾਂ ਦੇਖੀਆਂ ਸਨ। ਦੰਗਿਆਂ ਤੋਂ ਬਾਅਦ ਕੀ ਹੋਇਆ ਉਹ ਸਭ ਜਾਣਦੇ ਸਾਂ।  ਲੋਕਾਂ ਨੂੰ ਪੀਸ ਮਾਰਚ ਨਹੀਂ ਕੱਢਣ ਦਿੱਤੇ ਗਏ। ਰਾਹਤ ਕੈਂਪ ਨਹੀਂ ਲੱਗਣ ਦਿੱਤੇ ਗਏ।
ਫਿਰ ਜਦੋਂ ਮੈਂ ‘ਤੈਂ ਕੀ ਦਰਦ ਨਾ ਆਇਆ ਲਿਖਣ ਲੱਗਾ’ ਤਾਂ ਮੇਰੇ ਦਿਮਾਗ ਵਿਚ ‘ਗਨੀ ਖਾਂ ਤੇ ਨਬੀ ਖਾਂ’ ਦੇ ਕਰੈਕਟਰ ਆਏ। ਮੈਂ ਉਨ੍ਹਾਂ ਨੂੰ ਅੱਜ ਦੇ ਦੌਰ ਨਾਲ ਜੋੜ ਕੇ ਪੇਸ਼ ਕੀਤਾ। ਗੁਰੂ ਸਾਹਿਬ ਦੇ ‘ਹੁਕਮਨਾਮਾ’ ਤੋਂ ਨਾਟਕ ਸ਼ੁਰੂ ਕੀਤਾ।  ‘ਗਨੀ ਖਾਂ ਤੇ ਨਬੀ ਖਾਂ’ ਇਸ ਧਰਤੀ ‘ਤੇ ਆਉਂਦੇ ਹਨ। ਪਹਿਲਾਂ ਤਾਂ ਅੱਜ ਦੇ ਜ਼ਮਾਨੇ ਦੀ ਤਰੱਕੀ ਦੇਖ ਕੇ ਬਹੁਤ ਖੁਸ਼ ਹੁੰਦੇ ਨੇ… ਕਹਿੰਦੇ ਨੇ ਵਾਹ ਅੱਜ ਘੋੜਿਆਂ ਦੀ ਜਗ੍ਹਾ ਕਾਰਾਂ ਚੱਲ ਰਹੀਆਂ ਨੇ…। ਫਿਰ ਇਕਦਮ ਦੰਗੇ ਸ਼ੁਰੂ ਹੋ ਜਾਂਦੇ…. ਉਹ ਗੁਜਰਾਤ ਵਿਚ ਫਸੇ ਹੋਏ ਹਨ… ਫਿਰ ਉਹ ਸੋਚਦੇ ਨੇ ਸਾਡੀ ਇਸ ਵਕਤ ਕੌਣ ਮਦਦ ਕਰੇਗਾ…। ਫਿਰ ਉਨ੍ਹਾਂ ਨੂੰ ਗੁਰੂ ਸਾਹਿਬ ਦਾ ਉਹ ‘ਹੁਕਮਨਾਮਾ’ ਯਾਦ ਆਉਂਦਾ ਹੈ। ਉਕ ਕਹਿੰਦੇ ਨੇ ਸਾਨੂੰ ਹੁਣ ਖ਼ਾਲਸਾ ਬਚਾਏਗਾ। ਉਹ ਖ਼ਾਲਸਾ ਕੋਲ ਜਾਂਦੇ ਤਾਂ ਉਨ੍ਹÎਾਂ ਨੂੰ ਖਾਲਸਾ ਰਾਜਨੀਤੀ ਨਾਲ ਲਬਰੇਜ਼ ਨਜ਼ਰ ਆਉਂਦਾ ਹੈ। ਉਹ ਦੇਖਦੇ ਨੇ ਕਿ ਅੱਜ ਦੇ ਸਿੱਖ ਆਗੂ ਤਾਂ ਹਿੰਦੂਤਵ ਨਾ ਜੁੜੇ ਹੋਏ ਹਨ। ਖ਼ਾਲਸਾ ਅੱਜ ਮੁਗਲ ਕੌਮ ਦਾ ਨਹੀਂ ਹਿੰਦੂ ਕੌਮ ਦਾ ਰਾਖਾ ਹੋ ਗਿਆ ਹੈ…. ਉਹ ਕਹਿੰਦੇ ਅਸੀਂ ਨਹੀਂ ਰਹਿਣਾ ਇਸ ਧਰਤੀ ‘ਤੇ। ਤਾਂ ਤਾਂ ਫਿਰ ਉਹ ਚੋਲਾ ਛੱਡ ਕੇ ਵਾਪਿਸ ਚਲੇ ਜਾਂਦੇ…।
‘ਤੈਂ ਕੀ ਦਰਦ ਨਾ ਆਇਆ’ ਨਾਟਕ ਇਕ ਘਟਨਾਵਾਂ ਦੀ ਵਿਆਖਿਆ ਜਾਂ ਦੰਗਿਆਂ ਤੱਕ ਸੀਮਤ ਨਹੀਂ ਸੀ। ਉਸ ‘ਚ ਅਸੀਂ ਇਕ ਬੁਨਿਆਦੀ ਸਵਾਲ ਕੀਤਾ ਕਿ ‘ਕੀ ਬੰਦੇ ਦੇ ਬਦਲੇ ਤੋਂ ਬਿਨਾਂ ਸਮਾਜ ਬਦਲ ਸਕਦੇ ਨੇ’? ਕਿ ਜਾਂ ਔਰੰਗਜ਼ੇਬ ਦਾ ਮਾਸਕ ਲਾਹ ਕੇ ਫਿਰ ਕੋਈ ਹਿੰਦੂਤਵ ਦਾ ਬੰਦਾ ਆ ਜਾਵੇਗਾ। ਜਾਂ ਹਿੰਦੂਤਵ ਦਾ ਮਾਸਕ ਲਾਹ ਕੇ ਕੋਈ ਸਟਾਲਿਨ ਦਾ ਨਾਂਅ ਲੈਣ ਵਾਲਾ ਬੰਦਾ ਆ ਜਾਵੇਗਾ… ਪਰ ਸਥਿਤੀ ਤੇ ਹਾਲਾਤ ਉਹੀ ਰਹਿਣਗੇ?

ਖੁਦਕੁਸ਼ੀ ਮਰਨਾ ਨਹੀਂ ਭੱਜਣਾ ਹੈ ਬਿਆਨ
ਕਰਦਾ ਨਾਟਕ ‘ਮਿਤ੍ਰਿਓ ਲੋਕ’

ਜਦੋਂ ਅੰਮ੍ਰਿਤਾ ਨੇ ‘ਤੈਂ ਕੀ ਦਰਦ ਨਾ ਆਇਆ’ ਨਾਟਕ ਦੇ ਸ਼ੋਅ ਕਰਵਾਏ ਤਾਂ ਲੁਧਿਆਣਾ, ਚੰਡੀਗੜ੍ਹ ਸਮੇਤ ਪੂਰੇ ਦੇਸ਼ ਵਿਚ ਇਸ ਦੇ ਸ਼ੋਅ ਹੋਏ ਸਨ। ਫਿਰ ਅਖ਼ਬਾਰਾਂ ਵਿਚ ਵੀ ਇਸ ਦੀ ਚਰਚਾ ਹੋਣ ਲੱਗੇ ਪਈ। ਅੰਗਰੇਜ਼ੀ ਅਖ਼ਬਾਰਾਂ ਨੇ ਇਸ ਦੀ ਬਹੁਤ ਕਵਰੇਜ਼ ਕੀਤੀ। ਇਸ ਦੌਰਾਨ ‘ਟਾਈਮਜ਼ ਆਫ਼ ਇੰਡੀਆ’ ਦੇ ਇਕ ਪੱਤਰਕਾਰ ਮੈਨੂੰ ਨਾਂਅ ਯਾਦ ਨਹੀਂ ਆ ਰਿਹਾ ਨੇ ਮੇਰੇ ਨਾਲ ਇੰਟਰਵਿਊ ਕੀਤੀ ਤਾਂ ਇਸ ਇੰਟਰਵਿਊ ਵਿਚੋਂ ਇਕ ਗੱਲ ਨਿਕਲ ਕਿ ਆਈ ਕਿ ‘ਮੈਕਬੈੱਥ’ ਨੂੰ ਟਰਾਂਸਲੇਟ ਕਰਨਾ’।
ਫਿਰ ਜਦੋਂ ਵੀ ਕੋਈ ਇੰਟਰਵਿਊ ਹੋਣੀ ਤਾਂ ਸਵਾਲ ਉÎਠਣਾ ‘ਮੈਕਬੈੱਥ’ ਦਾ ਅਨੁਵਾਦ ਕਦੋਂ ਕਰ ਰਹੇ ਹੋ। ਫਿਰ ਮੈਂ ਮਨ ਬਣਾਇਆ ਕਿ ‘ਮੈਕਬੈਥ’ ਨੂੰ ਕਰਨਾ ਹੀ ਪੈਣਾ। ਇਸ ਦੌਰਾਨ ਪੰਜਾਬ ਵਿਚ ਕਿਸਾਨਾਂ ਵਲੋਂ ਕਈ ਥਾਈਂ ਖੁਦਕੁਸ਼ੀਆਂ ਕੀਤੀਆਂ ਗਈਆਂ ਸਨ ਤੇ ਉਨ੍ਹਾਂ ਬਾਰੇ ਕੁਝ ਸਟੱਡੀਜ਼ ਹੋਈਆਂ ਸਨ ਤਾਂ ਅਸੀਂ ਉਹ ਸਾਰੀਆਂ ਇਕੱਠੀਆਂ ਕੀਤੀਆਂ ਤੇ ਪੜ੍ਹੀਆਂ। ਇਸ ਸਾਰੇ ਨੂੰ ਸਟੱਡੀ ਕਰਨ ਤੋਂ ਬਾਅਦ ਸਵਾਲ ਇਹ ਆਇਆ ਕਿ ‘ਬੰਦਾ ਖੁਦਕੁਸ਼ੀ ਕਿਵੇਂ ਕਰਦਾ। ਦੇਹ ਤਾਂ ਫ਼ੈਸਲਾ ਕਰਦਾ ਨਹੀਂ ਇਸ ਬਾਰੇ ਤਾਂ ਫਿਰ ਸਭ ਕੁਝ ਮਨ ਹੀ ਕਰਦਾ। ਤੇ ਜਦੋਂ ਇਹ ਫ਼ੈਸਲਾ ਮਨ ਕਰਦਾ ਹੈ ਤਾਂ ਉਸ ਦੀ ਕੀ ਅਵਸਥਾ ਹੁੰਦੀ ਹੈ।” ਫਿਰ ਕੀ ਸੀ ਫਿਰ ਲਿਖਿਆ ਗਿਆ ‘ਮਿਤ੍ਰਿਓ ਲੋਕ’।
‘ਮਾਤਲੋਕ’ ਦਾ ਸਾਰਾ ਸਿਨ ਕੁਝ ਇਸ ਤਰ੍ਹਾਂ ਸੀ। ਅਸੀਂ ਉਸ ਵਿਚ ਦੋ ਘਰ ਦਿਖਾਏ, ਇਕ ਘਰ ਦਾ ‘ਫਰੰਟ’ ਦਰਸ਼ਕਾਂ ਵੱਲ ਖੁਲ੍ਹਦਾ ਹੈ ਤੇ ਦੂਸਰੇ ਘਰ ਦੀ ਕੰਧ ਸਾਂਝੀ ਹੈ ਤੇ ਸਿਰਫ਼ ਉਸ ਦੀਆਂ ਆਵਾਜ਼ਾਂ ਆ ਰਹੀਆਂ ਨੇ। ਉਨ੍ਹਾਂ ਆਵਾਜ਼ਾਂ ਦੇ ਰਾਹੀਂ ਦਰਸ਼ਕ ਅੰਦਾਜ਼ਾ ਲਗਾਉਂਦੇ ਨੇ ਕਿ ਉੱਥੇ ਕੀ ਚੱਲ ਰਿਹੈ। ਤੇ ਉਹ ਉਸ ਨੂੰ ਰਿਸਪਾਂਸ ਕਰ ਰਹੇ ਨੇ। ਸਿਰਫ਼ ਆਵਾਜ਼ਾਂ ਕਰਕੇ। ਉਨ੍ਹਾਂ ਨੂੰ ਨਹੀਂ ਪਤਾ ਕਿ ਕੰਧ ਪਿੱਛੇ ਕੀ ਹੋ ਰਿਹੈ ਸਿਰਫ਼ ਆਵਾਜ਼ਾਂ ਸੁਣ ਰਹੀਆਂ ਨੇ। ਅਕਸਰ ਅੰਦਾਜ਼ੇ ਅੰਦਾਜ਼ੇ ਹੀ ਹੁੰਦੇ ਨੇ ਸੱਚਾਈ ਤਾਂ ਹੁੰਦੇ ਨੇ। ਤਾਂ ਉਦੇ ਵਿਚ ਫਿਰ ਕਿਵੇਂ ਟਕਰਾਅ ਨਿਕਲਦੇ ਨੇ। ਕਿ ਕਿਵੇਂ ਅਸੀਂ ਜਿੱਥੇ ਹੁੰਦੇ ਹਾਂ ਉੱਥੇ ਮੌਜੂਦ ਨਹੀਂ ਹੁੰਦੇ। ਜਿਹੜਾ ਫਰੰਟ ਘਰ ਹੈ ਉਸ ਦੇ ਵਿਚ ਇਕ ਤਸਵੀਰ ਲੱਗੀ ਹੋਈ ਹੈ ਫ਼ੌਜੀ ਦੀ। ਉਹ ਫ਼ੌਜੀ ਸਰਹੱਦ ‘ਤੇ ਲੜਦਾ ਹੋਇਆ ਸ਼ਹੀਦ ਹੋ ਗਿਆ ਹੈ। ਇਸ ਲਈ ਲੱਗੀ ਹੋਈ ਹੈ। ਪਰ ਜਿਸ ਘਰ ਦੀ ਕੰਧ ਪਿੱਛੋਂ ਆਵਾਜ਼ਾਂ ਆ ਰਹੀਆਂ ਨੇ ਉਸ ਘਰ ਦੇ ਮੁੰਡੇ ਨੇ ਖੁਦਕੁਸ਼ੀ ਕਰ ਲਈ ਹੈ ਤੇ ਉਹ ਕਿਸਾਨ ਹੈ। ਦੋਵਾਂ ਘਰਾਂ ਵਿਚ ਮੌਤ ਵਾਪਰ ਚੁੱਕੀ ਹੈ ਪਰ ਦੋਵਾਂ ਨੂੰ ਲੱਗਦੈ ਕਿ ਸਾਡਾ ਵੱਖਰਾ ਹੈ ਤੇ ਉਨ੍ਹਾਂ ਦਾ ਵੱਖਰਾ ਹੈ। ਪਰ ਹੁਣ ਕੀ ਹੋਇਆ ਕਿ ਦੋਵਾਂ ਘਰਾਂ ਦੇ ਮੁੰਡੇ ਉਹ ਇਕੱਠੇ ਮਸਾਣਾਂ ਤੋਂ ਵਾਪਸ ਆਉਂਦੇ ਨੇ।
ਉਹ ਇਕ-ਦੂਸਰੇ ਨੂੰ ਕਹਿੰਦੇ ਕਿ ਯਾਰ ਮੈਂ ਦੇਹ ਤੋਂ ਬਿਨਾਂ ਬੜਾ ਮਾੜਾ ਮਹਿਸੂਸ ਕਰ ਰਿਹੈਂ ਮੈਨੂੰ ਉਹ ਦੇਹ ਚਾਹੀਦੀ ਏ। ਤੇ ਉਹ ਦੋਵੇਂ ਫਿਰ ਵਾਪਸ ਪਿੰਡ ਆਉਂਦੈ। ਜਦੋਂ ਪਿੰਡ ਆ ਕੇ ਉਹ ਦੇਖਦੇ ਨੇ ਕਿ ਸਾਡੇ ਕਿਸਾਨਾਂ ਦੀ ਕੀ ਹਾਲਤ ਹੈ, ਸਾਡੇ ਲੋਕਾਂ ਦੀ ਕੀ ਹਾਲਤ ਹੈ, ਸਾਡੇ ਪਿੰਡਾਂ ਦੀ ਹਾਲਤ ਹੈ ਤੇ ਉਸ ਹਾਲਤ ਪ੍ਰਤੀ ਸਾਡਾ ਜੋ ਮਰਿਆਂ ਵਾਲਾ ਮੁਰਦਿਆਂ ਵਾਲਾ ਰਵੱਈਆ ਹੈ ਉਹ ਕਿੰਨਾ ਘਟੀਆ ਹੈ। ਤੇ ਉਹ ਕਹਿੰਦੇ ਯਾਰ ਇਹ ਤਾਂ ਸਾਡੇ ਨਾਲੋਂ ਵੀ ਵੱਧ ਮਰੇ ਹੋਏ ਨੇ। ਉਹ ਸੋਚਦੇ ਨੇ ਜਿੱਥੇ ਅਸੀਂ ਵਾਪਿਸ ਆ ਰਹੇ ਹਾਂ ਇਹ ਪਿੰਡ ਦਾਂ ਮਸਾਣਾਂ ਨਾਲੋਂ ਵੱਧ ਮੋਇਆ ਹੋਇਆ। ਫਿਰ ਉਨ੍ਹਾਂ ਵਿਚੋਂ ਜਿਹੜਾ ਫ਼ੌਜੀ ਸੀ ਉਹ ਕਹਿੰਦਾ ਜਦੋਂ ਮੇਰਾ ਸਰੀਰ ਡਿੱਗ ਰਿਹਾ ਸੀ ਤੇ ਮੈਂ ਆਪਣੀ ਸਰੀਰ ਨੂੰ ਦੇਖ ਰਿਹਾ ਸੀ ਤਾਂ ਮੈਨੂੰ ਪਹਿਲੀ ਵਾਰ ਲੱਗਿਆ ਕਿ ਮੈਂ ਆਪਣੇ ਸਰੀਰ ਨੂੰ ਕਦੇ ਦੇਖਿਆ ਹੀ ਨਹੀਂ ਤੇ ਪਹਿਲੀ ਵਾਰ ਆਪਣੇ ਸਰੀਰ ਨੂੰ ਦੇਖ ਰਿਹਾਂ। ਮੈਂ ਸੋਚਿਆ ਯਾਰ ਸਾਰੀ ਉਮਰ ਮੈਂ ਆਪਣਾ ਸਰੀਰ ਦੇਖਿਆ ਹੀ ਨਹੀਂ ਮੈਂ ਮਨ ਨਾਲ ਹੀ ਦੇਖ ਰਿਹਾ ਸੀ ਮੈਂ ਹਿੰਦੂ ਹਾਂ ਮੈਂ ਆਹ ਹਾਂ, ਮੈਂ ਆਹ ਕਰਨਾ ਹੈ, ਉਹ ਕਰਨਾ ਹੈ ਸਿਰਫ਼ ਮਨ ਦੀ ਹੀ ਗੱਲ ਸੁਣ ਰਿਹਾ ਸੀ। ਮੈਂ ਆਪਣੇ ਸਰੀਰ ਬਾਰੇ ਕਦੇ ਸੋਚਿਆ ਹੀ ਨਹੀਂ ਮੇਰੇ ਸਰੀਰ ਦਾ ਪਾਣੀ ਨਾਲ, ਹਵਾ ਨਾਲ, ਧਰਤੀ ਨਾਲ ਕੀ ਰਿਸ਼ਤਾ ਹੈ ਉਸ ਬਾਰੇ ਕਦੇ ਸੋਚਿਆ ਹੀ ਨਹੀਂ।
ਓਧਰ ਦੂਜੇ ਪਾਸੇ ਕਿਸਾਨ ਲੜਕਾ ਜੋ ਹੈ ਉਹ ਪੜ੍ਹ ਚੁੱਕਾ ਹੈ ਪਰ ਕੋਈ ਨੌਕਰੀ ਜਾਂ ਫਿਊਚਰ ਬਾਰੇ ਕੋਈ ਜਵਾਬ ਨਹੀਂ। ਘਰ ਧੀ ਦਾ ਵਿਆਹ ਕਰਨ ਵਾਲਾ ਹੈ ਤੇ ਫ਼ਸਲ ਖਰਾਬ ਹੋ ਚੁੱਕੀ ਹੈ ਗੜੇਮਾਰੀ ਪੈ ਗਈ ਭਾਰੀ ਨੁਕਸਾਨ ਹੋ ਚੁੱਕਾ ਹੈ। ਤੇ ਜਿਹੜੀ ਉਸ ਦੀ ਵਿਧਵਾ ਹੈ ਉਹ ਪ੍ਰੇਸ਼ਾਨ ਹੈ ਕਿਉਂ ਕਿ ਉਸ ਘਰ ‘ਤੇ ਕਰਜ਼ਾ ਵੀ ਹੈ ਸਰਪੰਚ ਦਾ। ਤੇ ਉਹ ਉਨ੍ਹਾਂ ਦੀ ਜ਼ਮੀਨ ‘ਤੇ ਕਾਬਜ਼ ਹੋਣ ਨੂੰ ਫਿਰਦਾ ਹੈ।
ਓਧਰ ਦੂਜੇ ਸੀਨ ਵਿਚ ਅਸੀਂ ਇਹ ਦਿਖਾਇਆ ਹੈ ਕਿ ਇਕ ਪ੍ਰੋਫੈਸਰ ਜਿਹੜਾ ਕਿਸਾਨ ਖੁਦਕੁਸ਼ੀਆਂ ‘ਤੇ ਪੀ. ਐੱਚ. ਡੀ. ਕਰ ਰਿਹਾ ਹੈ ਉਹ ਪਿੰਡ ਵਿਚ ਆਇਆ ਹੋਇਆ ਹੈ ਤੇ ਪਿੰਡ ਵਾਸੀਆਂ ਨਾਲ ਗੱਲਾਂ ਕਰ ਰਿਹਾ ਹੈ ਤੇ ਉਹ ਦੋਵੇਂ ਵੀ ਉੱਥੇ ਮੌਜੂਦ ਹਨ। ਤੇ ਉਹ ਉਸ ਪ੍ਰੋਫੈਸਰ ਨੂੰ ਕਹਿਣਾ ਚਾਹ ਰਹੇ ਨੇ ਕਿ ਯਾਰ ਤੂੰ ਜਿਹੜੇ ਜ਼ਿੰਦਾ ਨੇ ਉਨ੍ਹਾਂ ਦੀ ਗੱਲ ਤਾਂ ਸੁਣ ਨਹੀਂ ਰਿਹਾ ਮੇਰਾ ਭਰਾ ਜੋ ਪ੍ਰੇਸ਼ਾਨ ਹੈ ਉਸ ਦੇ ਦਿਮਾਗ ਵਿਚ ਵੀ ਮਰਨ ਦੀ ਗੱਲ ਚੱਲ ਰਹੀ ਹੈ ਉਸ ਦੀ ਗੱਲ ਤਾਂ ਸੁਣ ਨਹੀਂ ਰਿਹਾ ਤੇ ਜੋ ਮਰ ਚੁੱਕੇ ਨੇ ਉਨ੍ਹਾਂ ਬਾਰੇ ਪੁੱਛ ਰਿਹੈਂ ਤੇ ਜਿਹੜੇ ਮਰਨ ਬਾਰੇ ਸੋਚ ਰਹੇ ਨੇ ਉਨ੍ਹਾਂ ਨੂੰ ਦੇਖ ਹੀ ਨਹੀਂ ਰਿਹਾ। ਉਨ੍ਹਾਂ ਬਾਰੇ ਸੋਚ ਹੀ ਨਹੀਂ ਰਿਹਾ। ਇਹ ਸਵਾਲ ਇਸ ਨਾਟਕ ਵਿਚ ਕੀਤੇ ਜਾ ਰਹੇ ਨੇ…।
ਫਿਰ ਉਹ ਦੋਵੇਂ ਆਪਣੇ ਉਸ ਖੁਦਕੁਸ਼ੀ ਕਰਨ ਵਾਲੇ ਭਰਾ ਤੇ ਪਿਓ ਨੂੰ ਸਮਝਾ ਰਹੇ ਨੇ ਕਿ ਭਾਈ ਇਹ ਗਲਤੀ ਅਸੀਂ ਕਰ ਚੁੱਕੇ ਹਾਂ ਤੂੰ ਨਾ ਕਰੀਂ। ਇਹ ਦੇਹ ਨਹੀਂ ਆਉਣੀ ਹੱਥ ਮੁੜ ਕੇ। ਉਹ ਕਹਿੰਦੇ ਨੇ ਕਿ ਜੇਕਰ ਰੱਬ ਨੇ ਵੀ ਕੁਝ ਇਸ ਧਰਤੀ ‘ਤੇ ਕਰਨਾ ਹੈ ਨਾ ਤਾਂ ਉਸ ਨੂੰ ਵੀ ਇਸ ਦੇਹ ਵਿਚ ਆਉਣਾ ਪੈਣਾ ਹੈ। ਇਸ ਸਰੀਰ ਦੀ ਮਹੱਤਤਾ ਹੈ। ਉਹ ਕਹਿੰਦੇ ਨੇ ਕਿ ਠੀਕ ਹੈ ਜੋ ਸੱਚੀਂ ਮਰ ਕੇ ਜਾਂਦਾ ਹੈ ਆਪਣੇ ਦੇਸ਼ ਪ੍ਰਤੀ, ਆਪਣੇ ਫਰਜ਼ਾਂ ਲਈ, ਆਪਣੇ ਆਦਰਸ਼ਾਂ ਪ੍ਰਤੀ, ਹੱਕਾਂ ਦੀ ਰਾਖੀ ਲਈ ਉਸ ਦਿਨ ਮਸਾਣਾਂ ਵਿਚ ਹੋਲੀ ਖੇਡੀ ਜਾਂਦੀ ਹੈ। ਉਹ ਕਹਿੰਦੇ ਖੁਦਕੁਸ਼ੀ ਮਰਨਾ ਨਹੀਂ ਭੱਜਣਾ ਹੈ ਆਪਣੀ ਜ਼ਿੰਦਗੀ ਤੋਂ ਆਪਣੇ ਫਰਜ਼ਾਂ ਤੋਂ। ਇਹ ਨਾਟਕ ਜੋ ਹੈ ਬੜਾ ਵੱਡਾ ਨਾਟਕ ਸੀ ਲਗਭਗ 2 ਸਵਾ ਦੋ ਘੰਟਿਆਂ ਦਾ। ਪਹਿਲਾਂ ਅਸੀਂ ਇਸ ਨਾਟਕ ਦਾ ਨਾਂਅ ‘ਮਾਤ ਲੋਕ’ ਰੱਖਿਆ ਸੀ ਫਿਰ ਅਸੀਂ ਇਸ ਦਾ ਨਾਂਅ ‘ਮਿਤ੍ਰਿਓ ਲੋਕ’ ਰੱਖਿਆ।

ਬਲਰਾਮ ਜੀ ਆਪਾਂ ਨਾਟਕਾਂ ਬਾਰੇ ਤਾਂ ਗੱਲ ਕਰ ਲਈ ਤੇ ਹੁਣ ਥੋੜ੍ਹਾ ਅਨੁਵਾਦ ਬਾਰੇ ਵੀ ਦੱਸੋ?
ਸੋਨੀਆ ਜੇਕਰ ਮੈਂ ਅਨੁਵਾਦ ਬਾਰੇ ਗੱਲ ਕਰਾਂ ਤਾਂ ਮੈਂ ਸਾਇੰਸ, ਹਿਸਟਰੀ, ਪੋਲੀਟਿਕਸ, ਐਜੂਕੇਸ਼ਨ, ਅਰਥ ਸ਼ਾਸਤਰ ਤੇ ਧਰਮ ਤੋਂ ਇਲਾਵਾ ਬਾਕੀ ਵਿਧਾਵਾਂ ‘ਤੇ ਵੀ ਕਾਫ਼ੀ ਕੰਮ ਕੀਤਾ ਹੈ ਤੇ ਹੁਣ ਵੀ ਕਰ ਰਿਹਾ ਹਾਂ। ਮੇਰੇ ਵੱਲੋਂ ਅਨੁਵਾਦ ਕੀਤੀਆਂ ਕਿਤਾਬਾਂ ਵਿਚ ‘ਪਹਿਲੀ ਤੇ ਆਖਰੀ ਆਜ਼ਾਦੀ’, ‘ਜ਼ਿੰਦਗੀ ਦੇ ਸਵਾਲ’, ‘ਰੱਬ ਕੀ ਹੈ’, ‘ਡਰ ਕੀ ਹੈ’, ‘ਬਦਲਣ ਦੀ ਨਿਬਰਤਾ’, ‘ਤਾਓ ਆਫ਼ ਫਿਜ਼ੀਕਸ’ ਰਵਿੰਦਰਨਾਥ ਟੈਗੋਰ ਵੱਲੋਂ ਬਾਂਗਲਾ ‘ਚ ਲਿਖੀ ‘ਗੀਤਾਂਜਲੀ’, ਰੋਮਿਲਾ ਥਾਪਰ ਦੀ ‘ਸੋਮਨਾਥ : ਦਿ ਮੈਨੀ ਵਿਆਉਸ ਆਫ਼ ਏ ਹਿਸਟਰੀ’ ‘ਗਾਂਧੀ ਦੇ ਆਖਰੀ ਸਾਲ’ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਮੈਂ ਜੇ. ਕ੍ਰਿਸ਼ਨਾਮੂਰਤੀ ਨੂੰ ਵੀ ਕਾਫ਼ੀ ਅਨੁਵਾਦ ਕੀਤਾ ਹੈ।

ਜੇ. ਕ੍ਰਿਸ਼ਨਾਮੂਰਤੀ ਵੱਲ ਤੁਸੀਂ ਕਿਵੇਂ ਆਏ ਕਿਉਂਕਿ ਤੁਸੀਂ ਓਸ਼ੋ ਵੀ ਪੜ੍ਹਿਆ ਹੈ ਪਰ ਕ੍ਰਿਸ਼ਨਾਮੂਰਤੀ ਵੱਲ ਕਿਵੇਂ ਪ੍ਰਭਾਵਿਤ ਹੋਏ?
ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਬਚਪਨ ਤੋਂ ਹੀ ਮੇਰੇ ਜੀਵਨ ‘ਤੇ ਧਰਮ ਦਾ ਬਹੁਤ ਵੱਡਾ ਪ੍ਰਭਾਵ ਰਿਹਾ ਹੈ। ਜਦੋਂ ਕਿਤਾਬਾਂ ਪੜ੍ਹਨ ਲੱਗੇ ਤਾਂ ਮਾਰਕਸਵਾਦ ਤੇ ਕਮਿਊਨਿਸਟ ਬਾਰੇ ਜਾਣਿਆ। ਫਿਰ ਜਦੋਂ ਓਸ਼ੋ ਨੂੰ ਪੜ੍ਹਿਆ ਤਾਂ ਉਹ ਇਕ ਵੱਖਰੇ ਕਿਸਮ ਦੇ ਇਨਸਾਨ ਲੱਗੇ। ਉਨ੍ਹਾਂ ਦਾ ਰੱਬ ਤੇ ਸੱਚ ਪ੍ਰਤੀ ਨਜ਼ਰੀਆ ਸਭ ਤੋਂ ਵੱਖਰਾ ਹੈ। ਇਸੇ ਤਰ੍ਹਾਂ ਜਦੋਂ ਮੈਨੂੰ ਜੇ. ਕ੍ਰਿਸ਼ਨਾਮੂਰਤੀ ਨੂੰ ਪੜ੍ਹਨ ਦਾ ਮੌਕਾ ਮਿਲਿਆ ਤਾਂ ਸੱਚ ਦੱਸਾਂ ਕ੍ਰਿਸ਼ਨਾਮੂਰਤੀ ਬਾਰੇ ਇਹ ਕਹਿਣਾ ਕਿ ਉਹ ਕੀ ਕਹਿੰਦੇ ਨੇ ਬੜਾ ਔਖਾ ਹੈ, ਕਿਉਂਕਿ ਉਹ ਕਿਸੇ ਬਾਰੇ ਗੱਲ ਹੀ ਨਹੀਂ ਕਰਦੇ। ਫਿਰ ਮੈਂ ਸੋਚਿਆ ਕਿ ਇਨ੍ਹਾਂ ਨੂੰ ਪੰਜਾਬੀ ਵਿਚ ਵੀ ਅਨੁਵਾਦ ਕੀਤਾ ਜਾਵੇ।

ਤੁਸੀਂ ਟੈਗੋਰ ਜੀ ਦੀ ‘ਗੀਤਾਂਜਲੀ’ ਨੂੰ ਅਨੁਵਾਦ ਕਰਨ ਬਾਰੇ ਕਿਵੇਂ ਸੋਚਿਆ?
ਸੋਨੀਆ ਜੀ ‘ਗੀਤਾਂਜਲੀ’ ਮੇਰੇ ਮਨ ਉਸ ਸਮੇਂ ਤੋਂ ਚਲਦੀ ਆ ਰਹੀ ਹੈ ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ। ਉਸ ਵਕਤ ਸਾਨੂੰ ਕਵਿਤਾਵਾਂ ਦੀਆਂ ਕਿਤਾਬਾਂ ਪੜ੍ਹਨ ਦਾ ਬੜਾ ਸ਼ੌਕ ਹੁੰਦਾ ਸੀ। ਮੈਂ ਤੇ ਮੇਰੇ ਦੋਸਤ ਦਲਬੀਰ, ਦਿਲਬਾਗ, ਬਲਬੀਰ ਤੇ ਹੋਰ ਸਾਰੀ ਸਾਰੀ ਰਾਤ ਕਵਿਤਾਵਾਂ ਪੜ੍ਹਦੇ ਰਹਿਣਾ। ਮੈਂ ਤੁਹਾਨੂੰ ਦੱਸਦਾਂ ਹੈ ਕਿ ਜਦੋਂ ਅਸੀਂ ਟੈਗੋਰ ਸਾਹਿਬ ਦੀ ‘ਗੀਤਾਂਜਲੀ’ ਪੜ੍ਹਨੀ ਸ਼ੁਰੂ ਕੀਤੀ ਤਾਂ ਇਸ ਦੀਆਂ 102 ਕਵਿਤਾਵਾਂ ਅਸੀਂ ਸਾਰੇ ਦੋਸਤਾਂ ਨੂੰ ਵਾਰੋ-ਵਾਰੀ ਇਕੋ ਰਾਤ ਵਿਚ ਪੜ੍ਹ ਕੇ ਸੁੱਤੇ। ਫਿਰ ਜਦੋਂ ਮੈਂ ਅਨੁਵਾਦ ਕਰਨ ਲੱਗਾ ਤਾਂ ਮੈਨੂੰ ਗੀਤਾਂਜਲੀ ਨੂੰ ਅਨੁਵਾਦ ਕਰਨ ਵਿਚ ਕੋਈ ਬਹੁਤਾ ਸਮਾਂ ਨਹੀਂ ਲੱਗਿਆ, ਕਿਉਂਕਿ ਕਵਿਤਾਵਾਂ ਤਾਂ ਮੈਂ ਪਹਿਲਾਂ ਹੀ ਪੜ੍ਹੀਆਂ ਹੋਈਆਂ ਸਨ। ਬਾਅਦ ਵਿਚ ਮੈਂ ਟੈਗੋਰ ਜੀ ਦੀ ਜੀਵਨੀ ਵੀ ਲਿਖੀ, ਜੋ ਯੂਨੀਵਰਸਿਟੀ ਵਾਲਿਆਂ ਨੇ ਛਾਪੀ।

‘ਗਾਂਧੀ ਦੇ ਆਖਰੀ ਸਾਲ’ ਕਿਤਾਬ ਕਿਸ ਤਰ੍ਹਾਂ ਦੀ ਲੱਗੀ ਤੇ ਅਨੁਵਾਦ ਕਰਨ ਦਾ ਕਿਵੇਂ ਸੋਚਿਆ?
ਗਾਂਧੀ ਦੀ ਕਿਤਾਬ ‘ਗਾਂਧੀ ਦੇ ਆਖਰੀ ਸਾਲ’ ਦੋ ਭਾਗਾਂ ਵਿਚ ਛਪੀ ਹੈ ਮੇਰੀ ਨਜ਼ਰ ‘ਚ ਕੋਈ ਇਤਿਹਾਸਕ ਕਿਤਾਬ ਨਹੀਂ ਹੈ। ਮੈਂ ਤਾਂ ਇਹ ਸਮਝਦਾ ਹਾਂ ਕਿ ਇਹ ਅੱਜ ਦੇ ਲਈ ਅੱਜ ਦੇ ਹਿੰਦੁਸਤਾਨ ਲਈ ਜੋ ਅੱਜ ਹਿੰਦੁਸਤਾਨ ਦੇ ਬੜੇ ਦੁਖਦਾਈ ਹਾਲਾਤ ਨੇ। ਅੱਜ ਜਦੋਂ ਅਸੀਂ ਹਿੰਦੁਸਤਾਨ ਨੂੰ ਦੇਖਦੇ ਹਾਂ ਤਾਂ ਇਹ ਕੋਈ 20-25 ਸਾਲ ਪਹਿਲਾਂ ਵਾਲਾ ਹਿੰਦੁਸਤਾਨ ਨਜ਼ਰ ਨਹੀਂ ਆਉਂਦਾ। ਉਸ ‘ਤੇ ਪੂਰੀ ਢੁਕਵੀਂ ਹੈ। ਅੱਜ ਜਿੰਨਾ ਡਰ ਜਿੰਨਾ ਖ਼ੌਫ਼ ਘੱਟ ਗਿਣਤੀਆਂ ਵਿਚ ਹੈ ਉਹ ਬਹੁਤ ਸੋਚਣ ਵਾਲੀ ਗੱਲ ਹੈ। ਪਰ ਇੱਥੇ ਮੈਂ ਇਹ ਗੱਲ ਵੀ ਕਹਿਣਾ ਚਾਹਾਂਗਾ ਕਿ ਇਹ ਜੋ ਸਾਨੂੰ ਦਿਸਦਾ ਹੈ ਕਿ ਘੱਟ ਗਿਣਤੀਆਂ ਦਾ ਨੁਕਸਾਨ ਹੋ ਰਿਹਾ ਹੈ ਪਰ ਇਹ ਗਲਤ ਹੈ ਨੁਕਸਾਨ ਘੱਟ ਗਿਣਤੀਆਂ ਦੀ ਬਜਾਏ ਆਪਣੇ-ਆਪ ਨੂੰ ਮਜ਼ੋਰਿਟੀ ਕਹਿ ਰਹੇ ਹਿੰਦੂਆਂ ਵਿਚੋਂ ਕੁਝ ਕੁ ਲੋਕ ਨੇ ਆਪਣਾ ਕਰ ਰਹੇ ਨੇ। ਉਨ੍ਹਾਂ ਦੀਆਂ ਸੰਵੇਦਨਾਵਾਂ ਤਾਂ ਮਰ ਚੁੱਕੀਆਂ ਨਜ਼ਰ ਆ ਰਹੀਆਂ ਨੇ, ਉਨ੍ਹਾਂ ਨੂੰ ਦਰਦ ਮਹਿਸੂਸ ਹੋਣਾ ਹੀ ਬੰਦ ਹੋ ਗਿਐ। ਜਿਸ ਤਰ੍ਹਾਂ ਦੀ ਸਿੱਖਿਆ ਅੱਜ ਹਿੰਦੂ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਜਾਂ ਉਨ੍ਹਾਂ ਨੂੰ ਪ੍ਰਮੋਟ ਕੀਤਾ ਜਾ ਰਿਹੈ, ਉਸ ਨਾਲ ਉਨ੍ਹਾਂ ਦੀ ਨਾਗਰਿਕਤਾ, ਸੋਚਣ ਵਿਚਾਰਨ ਦੀ ਸ਼ਕਤੀ ਖ਼ਤਮ ਕਰ ਦੇਣੀ ਹੈ ਇਨ੍ਹਾਂ ਨੇ। ਉਹ ਸੋਚਦੇ ਹੀ ਨਹੀਂ ਇਸ ਵਿਚੋਂ ਵਿਗਿਆਨੀ ਨਿਕਲਣੇ ਨੇ, ਇੰਜੀਨੀਅਰ ਨਿਕਲਣੇ ਨੇ, ਡਾਕਟਰ ਨਿਕਲਣੇ ਨੇ। ਹੁਣ ਦੱਸੋ ਇਹ ਹਿੰਦੂਆਂ ਦੇ ਖ਼ਿਲਾਫ਼ ਹੈ ਕਿ ਮੁਸਲਮਾਨਾਂ ਦੇ ਖ਼ਿਲਾਫ਼। ਸੋ, ਇਸੇ ਕਰਕੇ ਮੈਂ ਇਹ ਕਿਤਾਬ ਅਨੁਵਾਦ ਕਰਨ ਦਾ ਮਨ ਬਣਾਇਆ।

ਕੀ ਜ਼ਿਕਰ ਕੀਤਾ ਗਿਆ ਹੈ ‘ਗਾਂਧੀ ਦੇ ਆਖਰੀ ਸਾਲ’ ਕਿਤਾਬ ਵਿਚ?
‘ਗਾਂਧੀ ਦੇ ਆਖਰੀ ਸਾਲ’ ਕਿਤਾਬ ਵਿਚ ਗਾਂਧੀ ਦੇ ਮਰਨ ਤੋਂ ਇਕ ਦਿਨ ਪਹਿਲਾਂ 29 ਜਨਵਰੀ ਤੱਕ ਪੂਰੇ ਇਕ ਸਾਲ ਦਾ ਉਨ੍ਹਾਂ ਦੀਆਂ ਸਾਰੀਆਂ ਸਭਾਵਾਂ ਦਾ ਇਕ-ਇਕ ਦਿਨ ਦਾ ਤਾਰੀਕ ਵਾਈਜ਼ ਬਿਓਰਾ ਦਿੱਤਾ ਗਿਆ ਹੈ।
ਦਿੱਲੀ ਵਿਚ ਵੰਡ ਤੋਂ 4 ਮਹੀਨੇ ਪਹਿਲਾਂ ਅਪ੍ਰੈਲ 1947 ਨੂੰ ਸ਼ਾਮ ਦੀਆਂ ਪ੍ਰਾਰਥਨਾ ਸਭਾ ਵਿਚ ਸਾਰੇ ਧਰਮਾਂ ਦੀ ਪ੍ਰਾਰਥਨਾ ਹੁੰਦੀ ਸੀ ਤੇ ਉਸ ਵਕਤ ਕੁਝ ਲੋਕਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਪ੍ਰਾਰਥਨਾ ਸਮੇਂ ਕੁਰਾਨ ਦੀਆਂ ਆਇਤਾਂ ਨਹੀਂ ਬੋਲਣ ਦੇਣੀਆਂ, ਜੇ ਕੁਰਾਨ ਦੀਆਂ ਆਇਤਾਂ ਬੋਲਣੀਆਂ ਨੇ ਤਾਂ ਅਸੀਂ ਤੁਹਾਨੂੰ ਪ੍ਰਾਰਥਨਾ ਨਹੀਂ ਕਰਨ ਦੇਣੀ। ਜਦੋਂ ਗਾਂਧੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਸ ਵੇਲੇ ਗਾਂਧੀ ਨੇ ਕਿਹਾ ਕਿ ਇਹ ਇਤਰਾਜ਼ ਕਰਨ ਵਾਲਾ ਚਾਹੇ ਇਕ ਹੀ ਬੰਦਾ ਕਿਉਂ ਨਾ ਹੋਵੇ ਮੈਂ ਇਸ ਦਾ ਕਾਰਨ ਜ਼ਰੂਰ ਜਾਨਣਾ ਚਾਹਾਂਗਾ। ਗਾਂਧੀ ਚਾਹੁੰਦੇ ਤਾਂ ਇਸ ਬੰਦੇ ਨੂੰ ਆਪਣੇ ਸਮਰਥਕਾਂ ਵੱਲੋਂ ਚੁੱਪ ਵੀ ਕਰਵਾ ਸਕਦੇ ਸਨ ਜਾਂ ਫਿਰ ਪੁਲਿਸ ਕੋਲ ਵੀ ਫੜਾ ਸਕਦੇ ਸਨ ਪਰ ਉਨ੍ਹਾਂ ਨੇ ਇੰਝ ਨਹੀਂ ਕੀਤਾ।
ਕਿਤਾਬ ਵਿਚ ਦੱਸਿਆ ਗਿਆ ਹੈ ਕਿ ਉਸ ਸਮੇਂ ਦੌਰਾਨ ਕੀ ਕੀ ਰਾਜਨੀਤਕ ਵਿਚਾਰਾਂ ਹੋ ਰਹੀਆਂ ਹਨ ਗਾਂਧੀ ਜੀ ਕੀ ਕਹਿ ਰਹੇ ਨੇ ਉਸ ਸਮੇਂ ਦੀਆਂ ਅਖ਼ਬਾਰਾਂ ਕੀ ਕਹਿ ਰਹੀਆਂ ਸਭ ਦਾ ਬਿਓਰਾ ਦਿੱਤਾ ਗਿਆ ਹੈ। ਉਸ ਸਮੇਂ ਹਿੰਸਾ ਬਹੁਤ ਵੱਡੀ ਪੱਧਰ ‘ਤੇ ਹੋ ਰਹੀ ਹੈ।
ਇਸ ਵਕਤ ਗਾਂਧੀ ਬਹੁਤ ਨਿਰਾਸ਼ ਦਿਖਦੇ ਨੇ, ਉਹ ਇਕੱਲੇ ਰਹਿ ਗਏ ਨੇ ਕੋਈ ਉਨ੍ਹਾਂ ਦੀ ਗੱਲ ਸੁਣਨ ਵਾਲਾ ਨਹੀਂ, ਖ਼ਾਸ ਕਰਕੇ ਕਾਂਗਰਸ ਵਿਚ ਵੀ ਕੋਈ ਨਹੀਂ ਹੈ, ਉਹ ਕਹਿੰਦੇ ਨੇ ਕਿ ਹਿੰਦੂਆਂ ਨੂੰ ਤਾਂ ਤਲਵਾਰ ਚਾਹੀਦੀ ਹੈ ਬਸ। ਸਿਵਾਏ ਨਹਿਰੂ ਤੋਂ ਗਾਂਧੀ ਦੀ ਕੋਈ ਨਹੀਂ ਸੁਣ ਰਿਹਾ, ਇਥੋਂ ਤੱਕ ਕਿ ਪਟੇਲ ਤੱਕ ਨਾਲ ਉਨ੍ਹਾਂ ਦੀਆਂ ਤਿੱਖੀਆਂ ਬਹਿਸਾਂ ਚੱਲ ਰਹੀਆਂ ਨੇ…। ਪਟੇਲ ਨੂੰ ਲੱਗਦਾ ਹੈ ਗਾਂਧੀ ਮੁਸਲਮਾਨਾਂ ਨੂੰ ਬਹੁਤ ਰਿਆਇਤਾਂ ਦੇ ਰਹੇ ਨੇ ਉਹ ਠੀਕ ਨਹੀਂ ਹੈ।
ਇਸ ਸਮੇਂ ਗਾਂਧੀ ਬਿਲਕੁਲ ਆਪਣੇ-ਆਪ ਨੂੰ ਇਕੱਲਾ ਜਿਹਾ ਮਹਿਸੂਸ ਕਰ ਰਹੇ ਨੇ…। ਉਹ ਇਹ ਵੀ ਕਹਿ ਰਹੇ ਨੇ ਕਿ ਮੈਂ ਸਮਝਦਾ ਸੀ ਕਿ ਹਿੰਦੁਸਤਾਨ ਦੇ ਲੋਕ ਅਹਿੰਸਾ ਦੀ ਵਰਤੋਂ ਕਰ ਰਹੇ ਹਨ ਪਰ ਇਹ ਅਹਿੰਸਾ ਨਹੀਂ ਸੀ, ਇਨ੍ਹਾਂ ਦੇ ਦਿਮਾਗ ਦੀ ਸੋਚਣੀ ਨਹੀਂ ਅਜੇ ਤੱਕ ਨਹੀਂ ਬਦਲੀ। ਗਾਂਧੀ ਨੇ ਆਪਣੀ ਕਿਤਾਬ ਵਿਚ ਇਕ ਜਗ੍ਹਾ ਨਹੀਂ ਦੋ ਜਗ੍ਹਾ, ਬਲਕਿ ਦਰਜਨਾਂ ਮਰਤਬਾ ਹਰ ਦੂਜੇ ਦਿਨ ਹਰ ਚੌਥੇ ਦਿਨ ਇਸ ਦਾ ਜ਼ਿਕਰ ਕੀਤਾ ਹੈ। ਗਾਂਧੀ ਨੇ ਸਾਫ਼ ਸ਼ਬਦਾਂ ਵਿਚ ਇਹ ਕਿਹਾ ਹੈ ਕਿ ਜਿਸ ਦਿਸ਼ਾ ਵੱਲ ਅੱਜ ਅਸੀਂ ਜਾ ਰਹੇ ਹਾਂ ਜੇਕਰ ਅਸੀਂ ਨਹੀਂ ਰੁਕੇ ਤਾਂ ਇਹ ਸਾਡੀ ਆਜ਼ਾਦੀ ਲਈ ਬਹੁਤ ਵੱਡਾ ਖ਼ਤਰਾ ਹੈ।

‘ਗਾਂਧੀ ਦੇ ਆਖ਼ਰੀ ਸਾਲ’ ਕਿਤਾਬ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਬਾਰੇ ਕੀ ਦੱਸਿਆ?
ਮੈਂ ਇੱਥੇ ਇਹ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਕੋਈ ਬੰਦਾ ਆਪਣੇ ਵਿਚਾਰ ਰੱਖ ਰਿਹਾ ਹੈ ਤਾਂ ਉਸ ਨੂੰ ਸੁਣੋ। ਜੇਕਰ ਚੰਗੇ ਲੱਗੇ ਤਾਂ ਮੰਨੋ ਨਹੀਂ ਤਾਂ ਰੱਦ ਕਰ ਦਿਓ। ਤੁਸੀਂ ਇਸ ਲਈ ਆਜ਼ਾਦ ਹੋ। ਮੈਂ ਕੋਈ ਗਾਂਧੀ ਦਾ ਪ੍ਰਚਾਰਕ ਨਹੀਂ ਹਾਂ, ਨਾ ਹੀ ਮਾਰਕਸਵਾਦ ਦਾ ਪ੍ਰਚਾਰਕ ਹਾਂ ਤੇ ਨਾ ਹੀ ਕਿਸੇ ਹੋਰ ਬੰਦੇ ਦੇ ਪ੍ਰਚਾਰਕ। ‘ਗਾਂਧੀ ਦੇ ਆਖ਼ਰੀ ਸਾਲ’ ਕਿਤਾਬ ਪੜ੍ਹ ਕੇ ਮੈਂ ਮਹਿਸੂਸ ਕਰਦਾ ਹਾਂ ਕਿ ਗਾਂਧੀ ਦਾ ਜੋ ਵਿਰੋਧ ਹੈ ਉਹ ਇਨਫਰਮੇਸ਼ਨ ਦੀ ਘਾਟ ਕਾਰਨ, ਗਿਆਨ ਦੀ ਘਾਟ ਕਾਰਨ ਜਾਂ ਕਹਿ ਲਓ ਸਾਡੇ ਪੂਰਵਜਾਂ ਜਾਂ ਜੋ ਸਾਡੇ ਮੋਹਰੀ ਬਣੇ ਹੋਏ ਹਨ … ਉਨ੍ਹਾਂ ਕਰਕੇ ਵੀ ਹੋਇਆ।  ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਬਾਰੇ ਗਾਂਧੀ ਦਾ ਜੋ ਵਿਵਾਦ ਹੈ ਮੈਂ ਆਪਣੇ ਨਾਟਕ ‘ਭਗਤ ਸਿੰਘ’ ਵਿਚ ਇਕ ਪੂਰਾ ਸੀਨ ਇਸ ਬਾਰੇ ਦਿਖਾਇਆ ਹੈ। ਇਕ ਸੀਨ ਹੀ ਨਹੀਂ, ਬਲਕਿ ਕਈ ਸੀਨ ਦਿਖਾਏ ਨੇ ਗਾਂਧੀ ਬਾਰੇ।  ਕਿਤਾਬ ਵਿਚ ਦੱਸਿਆ ਗਿਆ ਹੈ ਕਿਵੇਂ ਗਾਂਧੀ ਭਗਤ ਸਿੰਘ ਦੀ ਫਾਂਸੀ ਨੂੰ ਰੁਕਵਾਉਣ ਲਈ ਅੰਗਰੇਜ਼ਾਂ ਨਾਲ ਮੀਟਿੰਗਜ਼ ਕਰਦੇ ਹਨ।

‘ਗਾਂਧੀ ਦੇ ਆਖ਼ਰੀ ਸਾਲ’ ਕਿਤਾਬ ‘ਚ ਪੰਜਾਬ ਜਾਂ ਸਿੱਖਾਂ ਬਾਰੇ ਵੀ ਕੋਈ ਗੱਲ ਹੈ?
ਬਿਲਕੁਲ, ਇਸ ਕਿਤਾਬ ਵਿਚ ਵਾਰ-ਵਾਰ ਉਨ੍ਹਾਂ ਦੇ ਜਾਣ ਦੀ ਗੱਲ੍ਹ ਹੁੰਦੀ ਹੈ ਕਿ ਉਨ੍ਹਾਂ ਨੇ ਪੰਜਾਬ ਵਿਚ ਜਾਣਾ ਹੈ। ਪੰਜਾਬ ਤੋਂ ਬਾਅਦ ਉਨ੍ਹਾਂ ਨੇ ਪਾਕਿਸਤਾਨ ਵਾਲੇ ਪਾਸੇ ਵੀ ਜਾਣਾ ਹੈ। ਇਸ ਕਿਤਾਬ ਵਿਚ ਉਹ ਇਕ ਜਗ੍ਹਾ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਾ ਵੀ ਜ਼ਿਕਰ ਆਉਂਦਾ ਹੈ, ਜਿਥੇ ਗਾਂਧੀ ਜਾਂਦੇ ਵੀ ਨੇ। ਗਾਂਧੀ ਆਪਣੇ ਨਾਲ ਸ਼ੇਖ ਅਬਦੁੱਲਾ ਨੂੰ ਵੀ ਲੈ ਕੇ ਜਾਂਦੇ ਨੇ। ਉੱਥੇ ਸਿੱਖ ਸ਼ਰਨਾਰਥੀ ਵੀ ਮੌਜੂਦ ਨੇ ਜੋ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਖਾਸ ਕਰਕੇ ਰਾਵਲਪਿੰਡੀ ਤੋਂ ਉੱਜੜ ਕੇ ਆਏ ਨੇ। ਗਾਂਧੀ ਉਨ੍ਹਾਂ ਨੂੰ ਮਿਲਦੇ ਹਨ, ਗੱਲਬਾਤ ਕਰਦੇ ਹਨ। ਸਿੱਖ ਸ਼ਰਨਾਰਥੀਆਂ ਵਿਚ ਬਹੁਤ ਗੁੱਸਾ ਹੈ। ਗਾਂਧੀ ਉਨ੍ਹਾਂ ਨੂੰ ਸ਼ਾਂਤ ਕਰਦੇ ਹਨ, ਉਹ ਕਹਿੰਦੇ ਨੇ ”ਮੈਂ ਦੇਖੋਂ ਕਿੱਥੋਂ ਚੱਲ ਕੇ ਤੇ ਕਿੱਥੇ ਤੱਕ ਪਹੁੰਚਿਆ ਹਾਂ। ਇੰਨਾ ਲੰਬਾ ਰਸਤਾ ਪਰ ਇਸ ਦੌਰਾਨ ਮੈਨੂੰ ਇਕ ਵੀ ਮੁਸਲਮਾਨ ਨਹੀਂ ਦਿਖੀਆ। ਇੰਨਾ ਡਰਾ ਦਿੱਤਾ ਹੈ ਤੁਸੀਂ ਉਨ੍ਹਾਂ ਨੂੰ।” ਕੀ ਇਹੀ ਧਰਮ ਹੈ ਕੀ ਏਹੀ ਗੁਰੂ ਸਾਹਿਬ ਕਹਿੰਦੇ ਨੇ। ਹਿੰਸਾ ਤੇ ਸਿੱਖ ਧਰਮ ਦਾ ਆਪਸੀ ਕੀ ਸੰਬੰਧ?” ਉਹ ਇਸ ਕਿਸਮ ਦੇ ਔਖੇ ਤੇ ਤਿੱਖੇ ਸਵਾਲਾਂ ਨਾਲ ਸਿੱਖ ਸ਼ਰਨਾਰਥੀਆਂ ਨਾਲ ਬੈਠ ਕੇ ਵਿਚਾਰ ਕਰਦੇ ਨੇ।
ਇਸੇ ਤਰ੍ਹਾਂ ਇਕ ਜਗ੍ਹਾ ‘ਤੇ ਫਿਰ ਦੱਸਿਆ ਗਿਆ ਹੈ ਕਿ ਦਿੱਲੀ ਵਿਚ ਵੀ ਹਿੰਦੂ ਭਾਈਚਾਰੇ ਦੇ ਲੋਕ ਜਿੱਥੇ ਮੁਸਲਮਾਨ ਰਹਿੰਦੇ ਸਨ ਉਨ੍ਹਾਂ ਦੇ ਘਰਾਂ ‘ਤੇ ਕਬਜ਼ਾ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਅਸੀਂ ਪਾਕਿਸਤਾਨ ਛੱਡ ਕੇ ਆਏ ਹਾਂ ਤੇ ਇਸ ‘ਤੇ ਸਾਡਾ ਹੱਕ ਬਣਦਾ ਹੈ, ਗਾਂਧੀ ਉਸ ਦਾ ਵੀ ਸਖ਼ਤ ਵਿਰੋਧ ਕਰ ਰਹੇ ਨੇ।

ਪਿਛਲੇ ਸਾਲ 2023 ਵਿਚ ਪਬਲਿਸ਼ ਹੋਈ ਤੁਹਾਡੇ ਵੱਲੋਂ ਅਨੁਵਾਦਿਤ ਪੁਸਤਕ ‘ਸੋਮਨਾਥ’ ਜੋ ਕਿ ਰੋਮਿਲਾ ਥਾਪਰ ਜੀ ਦੀ ਲਿਖੀ ਹੋਈ ਹੈ। ਇਹ ਕਿਤਾਬ 20 ਸਾਲਾਂ ਪਹਿਲਾਂ ਲਗਭਗ 2004 ਵਿਚ ਛਪੀ ਸੀ। ਹੁਣ ਤੁਸੀਂ 20 ਸਾਲ ਬਾਅਦ ਪੰਜਾਬੀ ਪਾਠਕਾਂ ਲਈ ਇਹ ਅਨੁਵਾਦ ਕੀਤੀ। ਰੋਮਿਲਾ ਥਾਪਰ ਦੀ ਇਹ ਦੂਸਰੀ ਕਿਤਾਬ ਹੈ ਜਿਹੜੀ ਕਿ ਪੰਜਾਬੀ ਵਿਚ ਆਈ ਹੈ। ਇਸ ਨੂੰ ਇੰਨੇ ਸਮੇਂ ਬਾਅਦ ਅਨੁਵਾਦ ਕਰਨ ਦਾ ਕਿਵੇਂ ਮਨ ਵਿਚ ਆਇਆ?
2004 ਵਿਚ ਜਦੋਂ ਇਹ ਕਿਤਾਬ ਛਪੀ ਸੀ ਮੈਂ ਉਦੋਂ ਤੋਂ ਸੋਚਦਾ ਆ ਰਿਹਾ ਹਾਂ ਕਿ ਇਹ ਕਿਤਾਬ ਆਪਣੇ ਪੰਜਾਬੀ ਪਾਠਕਾਂ ਵਿਚ ਵੀ ਲੈ ਕੇ ਆਵਾਂ। ਇਸ ਨੂੰ ਮਨਜ਼ੂਰ ਕਰਨ ਜਾਂ ਨਾ ਮਨਜ਼ੂਰ ਕਰਨ ਇਹ ਉਨ੍ਹਾਂ ਦਾ ਆਪਣਾ ਫ਼ੈਸਲਾ ਹੈ ਪਰ ਉਨ੍ਹਾਂ ਨੂੰ ਇਹ ਪਤਾ ਹੋਵੇ ਕਿ ਇਕ ਬਿਰਤਾਂਤ ਜੋ ਸੋਮਨਾਥ ਦੇ ਆਲੇ-ਦੁਆਲੇ ਉਸਾਰਿਆ ਗਿਆ ਹੈ। ਉਸ ਦੇ ਹੋਰ ਕੀ-ਕੀ ਪਹਿਲੂ ਨੇ। ਇਸ ਲਈ ਮੈਂ ਇਸ ਨੂੰ ਅਨੁਵਾਦ ਕੀਤਾ। ਇੱਥੇ ਮੈਂ ਕੁੱਝ ਗੱਲਾਂ ਦੱਸਣਾ ਚਾਹਾਂਗਾ।
ਪਹਿਲੀ ਗੱਲ ਤਾਂ ਇਹ ਹੈ ਕਿ ਇਸ ਕਿਤਾਬ ਦਾ ਟਾਈਟਲ, ਜੋ ਹੈ ਉਹ ‘ਸੋਮਨਾਥ’ ਜ਼ਰੂਰ ਹੈ ਪਰ ਇਹ ਕਿਤਾਬ ਸੋਮਨਾਥ ਦੀਆਂ ਘਟਨਾਵਾਂ ਜਾਂ ਬਿਰਤਾਂਤ ‘ਤੇ ਨਹੀਂ ਹੈ। ਇਸ ਦਾ ਜੋ ਸਬ ਟਾਈਟਲ ਹੈ ‘ਇਤਿਹਾਸ ਦੀਆਂ ਅਨੇਕ ਸੁਰਾਂ’। ਮਤਲਬ ਸੋਮਨਾਥ ਬਾਰੇ ਵੱਖ-ਵੱਖ ਪਹਿਲੂ। ਇਸ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਇਤਿਹਾਸਕਾਰ ਲਿਖਦੇ ਨੇ ਕਿ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਜੋ ਮਤਭੇਦ ਨੇ ਉਹ ਸੰਮਤ 1025 ਤੋਂ ਉਸ ਵੇਲੇ ਸ਼ੁਰੂ ਹੋਏ ਜਦੋਂ ਸੋਮਨਾਥ ਮੰਦਿਰ ‘ਤੇ ਮੁਗ਼ਲ ਰਾਜਾ ਗ਼ਜ਼ਨੀ ਨੇ ਹਮਲਾ ਕੀਤਾ ਤੇ ਉਹ ਮੁੜ ਕੇ ਕਦੀ ਵੀ ਖ਼ਤਮ ਹੀ ਨਹੀਂ ਹੋਏ।
ਕਿਤਾਬ ਵਿਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ ਸੋਮਨਾਥ ਮੰਦਿਰ ‘ਤੇ ਹਮਲਾ ਹੋਇਆ ਸੀ ਤਾਂ ਗੁਜਰਾਤ ਦਾ ਇਕ ਬਹੁਤ ਵੱਡਾ ਵਪਾਰੀ ਗ਼ਜ਼ਨੀ ‘ਚ ਬੈਠਾ ਸੀ, ਉਸ ਨੂੰ ਕਿਸੇ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ। ਉਸ ਸਮੇਂ ਦੇ ਜੋ ਸੰਸਕ੍ਰਿਤੀ ਦੇ ਗ੍ਰੰਥ ਮਿਲੇ ਹਨ ਉਨ੍ਹਾਂ ਵਿਚ ਵੀ ਇਸ ਹਮਲੇ ਦਾ ਜ਼ਿਕਰ ਕਿਉਂ ਨਹੀਂ ਹੋਇਆ? ਜੇਕਰ ਇਹ ਹਮਲਾ ਇੰਨਾ ਹੀ ਵੱਡਾ ਸੀ ਹਿੰਦੂਆਂ ਲਈ ਤਾਂ ਉਸ ਸਮੇਂ ਗੱਲ ਕਿਉਂ ਨਹੀਂ ਹੋਈ? ਇੱਥੇ ਇਕ ਗੱਲ ਹੋਰ ਸਾਹਮਣੇ ਆਉਂਦੀ ਹੈ ਕਿ ਹਮਲੇ ਤੋਂ 100 ਸਾਲ ਬਾਅਦ ਜਾਂ ਫਿਰ 50 ਸਾਲ ਬਾਅਦ ਕੋਈ ਰਾਜਾ ਸੋਮਨਾਥ ਮੰਦਿਰ ਦੀ ਯਾਤਰਾ ‘ਤੇ ਜਾਂਦਾ ਹੈ ਤੇ ਉਹ ਉਥੋਂ ਆ ਕੇ ਆਪਣਾ ਬਿਰਤਾਂਤ ਲਿਖਦਾ ਹੈ। ਉਸ ਬਿਰਤਾਂਤ ਵਿਚ ਉਹ ਸੋਮਨਾਥ ਮੰਦਿਰ ‘ਤੇ ਗ਼ਜ਼ਨੀ ਦੇ ਹਮਲੇ ਦਾ ਜ਼ਿਕਰ ਕੋਈ ਨਹੀਂ ਕਰਦਾ? ਉਹ ਸੋਮਨਾਥ ਮੰਦਿਰ ਦੀ ਘਟੀ ਹੋਈ ਅਵਸਥਾ ਦਾ ਜ਼ਿਕਰ ਜ਼ਰੂਰ ਕਰਦਾ ਹੈ। ਉਹ ਇਹ ਵੀ ਕਹਿੰਦਾ ਹੈ ਕਿ ਸ਼ਾਇਦ ਸਮੁੰਦਰ ਨੇੜੇ ਹੋਣ ਕਰਕੇ, ਸਮੁੰਦਰੀ ਤੂਫ਼ਾਨਾਂ ਕਰਕੇ ਇਸ ਦੀ ਠੀਕ ਤਰ੍ਹਾਂ ਦੇਖ-ਰੇਖ ਨਹੀਂ ਹੋ ਪਾਈ, ਇਸ ਕਰਕੇ ਇਸ ਦਾ ਨੁਕਸਾਨ ਹੋਇਆ ਹੋਵੇ। ਇਹ ਸਵਾਲ ਰੋਮਿਲਾ ਇਸ ਕਿਤਾਬ ਰਾਹੀਂ ਉਠਾਉਂਦੇ ਹਨ?
J ਦੂਸਰੀ ਗੱਲ ਇਹ ਹੈ ਕਿ ਸੰਮਤ 1025 ਵਿਚ ਸੋਮਨਾਥ ਮੰਦਿਰ ‘ਤੇ ਹਮਲਾ ਹੁੰਦਾ ਹੈ। ਉਸ ਤੋਂ ਲਗਭਗ 100 ਸਵਾ ਸੌ ਸਾਲ ਬਾਅਦ ਸੋਮਨਾਥ ਮੰਦਿਰ ਦੀ ਜੋ ਕਮੇਟੀ ਬਣੀ ਹੋਈ ਹੈ ਉਹ ਇਕ ਅਰਬੀ ਵਪਾਰੀ ਨੂੰ ਸੋਮਨਾਥ ਦੀ ਮਾਲਕੀ ਵਾਲੀ ਜੋ ਜਗ੍ਹਾ ਹੈ ਜੋ ਸੋਮਨਾਥ ਮੰਦਿਰ ਤੋਂ ਕੁਝ ਦੂਰੀ ‘ਤੇ ਹੀ ਹੈ ਮਸਜਿਦ ਬਣਾਉਣ ਲਈ ਪਟੇ ‘ਤੇ ਦਿੰਦੀ ਹੈ। ਇਸ ਸੰਬੰਧੀ ਜੋ ਦਸਤਾਵੇਜ਼ ਹੈ ਉਸ ‘ਤੇ ਸੋਮਨਾਥ ਮੰਦਿਰ ਦੇ ਜੋ ਪੁਜਾਰੀ ਨੇ ਜਾਂ ਜੋ ਟਰੱਸਟੀ ਨੇ ਉਨ੍ਹਾਂ ਦੇ ਨਾਂਅ ਤੇ ਉਨ੍ਹਾਂ ਦੀਆਂ ਮੋਹਰਾਂ ਲੱਗੀਆਂ ਹੋਈਆਂ ਨੇ ਅਤੇ ਉਸ ਵਪਾਰੀ ਦਾ ਤੇ ਉਸ ਦੇ ਨੁਮਾਇੰਦਿਆਂ ਦੇ ਨਾਂਅ ਅਤੇ ਮੋਹਰਾਂ ਵੀ ਲੱਗੀਆਂ ਹੋਈਆਂ ਨੇ। ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਉਸ ਵਕਤ ਦੋਵਾਂ ਧਿਰਾਂ ਵਿਚ ਇੰਨੀ ਵੱਡੀ ਦੁਸ਼ਮਣੀ ਹੋ ਗਈ ਸੀ ਤੇ ਪੂਰਾ ਸਮਾਜ ਵੰਡਿਆ ਜਾ ਚੁੱਕਿਆ ਸੀ ਤਾਂ ਫਿਰ ਸੋਮਨਾਥ ਦੀ ਮਾਲਕੀ ਵਾਲੀ ਜ਼ਮੀਨ ‘ਤੇ ਮਸਜਿਦ ਬਣਾਉਣ ਲਈ ਥਾਂ ਕਿਉਂ ਦਿੱਤੀ ਗਈ? ਇਸ ਦਾ ਰਿਕਾਰਡ ਅਰਬੀ ਵਿਚ ਵੀ ਹੈ ਤੇ ਸੰਸਕ੍ਰਿਤੀ ਵਿਚ ਵੀ ਮੌਜੂਦ ਹੈ।
ਹੁਣ ਇਸ ਕਿਤਾਬ ਵਿਚ ਇਕ ਜ਼ਿਕਰ ਇਹ ਵੀ ਕੀਤਾ ਗਿਆ ਹੈ ਦਿੱਲੀ ਦੇ ਤਖ਼ਤ ‘ਤੇ ਜੋ ਸੁਲਤਾਨ ਬੈਠੇ ਹਨ, ਜਿਹੜੇ ਆਪਣੇ-ਆਪ ਨੂੰ ਮੁਸਲਮਾਨ ਕਹਿੰਦੇ ਨੇ ਪਰ ਉਹ ਮੁਸਮਲਾਨ ਹੈ ਨਹੀਂ ਉਹ ਇਸਲਾਮ ਨੂੰ ਸਿਰਫ਼ ਵਰਤ ਰਹੇ ਹਨ ਤਾਕਿ ਆਪਣੀ ਸੱਤਾ ਕਾਇਮ ਰੱਖ ਸਕਣ।
ਉਨ੍ਹਾਂ ਦੇ ਦਰਬਾਰ ਵਿਚ ਫਾਰਸੀ ਕਵੀ ਹਨ ਤੇ ਉਹ ਆਪਣੇ ਸੁਲਤਾਨ ਨੂੰ ਵੱਧ ਤਾਕਤਵਰ ਦਿਖਾਉਣ ਲਈ ਤੇ ਖ਼ੁਸ਼ ਕਰਨ ਲਈ ਕਾਫ਼ੀ ਕੁਝ ਲਿਖ ਰਹੇ ਹਨ। ਉਸ ਸਮੇਂ ਜੇਕਰ ਹਿੰਦੂਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇ ਤਾਂ ਮੁਸਲਮਾਨ ਇਸ ਨੂੰ ਪੁੰਨ ਦਾ ਕੰਮ ਸਮਝਦੇ ਸਨ, ਉਨ੍ਹਾਂ ਨੂੰ ਗਾਜ਼ੀ ਕਿਹਾ ਜਾਂਦਾ ਸੀ। ਕਵੀਆਂ ਨੇ ਸੁਲਤਾਨਾਂ ਨੂੰ ਖੁਸ਼ ਕਰਨ ਲਈ ਇਸ ਬਿਰਤਾਂਤ ਨੂੰ ਵਧਾ ਚੜ੍ਹਾ ਕੇ ਵਰਨਣ ਕੀਤਾ। ਫਿਰ ਬਾਅਦ ‘ਚ ਉਨ੍ਹਾਂ ਇਤਿਹਾਸਕ ਸਰੋਤਾਂ ਨੂੰ ਅੰਗਰੇਜ਼ਾਂ ਵੀ ਵਰਤਿਆ। ਅੰਗਰੇਜ਼ਾਂ ਨੂੰ ਰਾਜ ਕਾਇਮ ਕਰਨ ਲਈ ਹਿੰਦੂਆਂ ਤੇ ਮੁਸਲਮਾਨਾਂ ਵਿਚ ਇਕ ਵਿਵਾਦ ਚਾਹੀਦਾ ਸੀ। ਅੰਗਰੇਜ਼ਾਂ ਨੇ ਆਪਣੀ ਹਿਸਟਰੀ ਲਿਖਣ ਲੱਗਿਆਂ ਇਨ੍ਹਾਂ ਫਾਰਸੀ ਸਰੋਤਾਂ ਨੂੰ ਵਰਤਿਆ।
ਹੁਣ ਜੋ ਹਿੰਦੂ ਇਤਿਹਾਸਕਾਰ ਨੇ ਉਹ ਕੇਵਲ ਫਾਰਸੀ ਸਰੋਤਾਂ ਨੂੰ ਹੀ ਕਿਉਂ ਵਰਤਦੇ ਨੇ, ਕਿਹੜੀ ਗੱਲ ਉਨ੍ਹਾਂ ਨੂੰ ਸੂਟ ਕਰਦੀ ਹੈ, ਉਹ ਕਿਉਂ ਜੋ ਲੋਕਲ ਭਾਸ਼ਾ ਵਿਚ ਲਿਖਿਆ ਜਾਂ ਸੰਸਕ੍ਰਿਤ ਵਿਚ ਲਿਖਿਆ ਉਸ ਨੂੰ ਅਡੋਪਟ ਨਹੀਂ ਕਰਦੇ।
ਰੋਮਿਲਾ ਕਹਿੰਦੇ ਨੇ ਕਿ ਜੋ ਇਤਿਹਾਸ ਕਿਸੇ ਰਾਜਨੀਤਿਕ ਮੰਤਵ ਲਈ ਜਦੋਂ ਵਰਤਿਆ ਜਾਂਦਾ ਹੈ ਜਿਵੇਂ ਕਿ ਅੰਗਰੇਜ਼ਾਂ ਨੇ ਦਿਖਾਇਆ ਕਿ ਜੇ ਗ਼ਜ਼ਨੀ ਵਰਗੇ ਮੁਸਲਮਾਨ ਮੁੜ ਭਾਰਤ ‘ਤੇ ਰਾਜ ਕਰਨ ਆ ਗਏ ਤਾਂ ਤੁਹਾਡੇ ਮੰਦਿਰਾਂ ਦਾ ਇਹ ਹੀ ਹਾਲ ਹੋਣਾ।
ਕਿਹੜੀ ਗੱਲ ਨੂੰ ਇਤਿਹਾਸ ਵਿਚ ਯਾਦ ਰੱਖਿਆ ਜਾਣਾ ਹੈ ਤੇ ਕਿਹੜੀ ਗੱਲ ਨੂੰ ਭੁਲਾ ਦਿੱਤਾ ਜਾਣਾ ਹੈ ਇਹ ਸਭ ਕੁਝ ਮੌਕੇ ਦੇ ਰਾਜਿਆਂ ਜਾਂ ਫਿਰ ਹਾਕਮਾਂ ‘ਤੇ ਨਿਰਭਰ ਕਰਦਾ ਹੈ। ਇਸ ਕਿਤਾਬ ਵਿਚ ਇਹੀ ਦੱਸਿਆ ਗਿਆ ਕਿ ਤੁਹਾਡੇ ਸਾਹਮਣੇ ਇਤਿਹਾਸ ਕਿਵੇਂ ਪੇਸ਼ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਉਸ ਨੂੰ ਵਧਾ ਚੜ੍ਹਾ ਕੇ ਲਿਖਿਆ ਜਾਂਦਾ ਹੈ ਕਿਸ ਤਰ੍ਹਾਂ ਕਿਸੇ ਗੱਲ ਨੂੰ ਦੱਬਿਆ ਜਾਂਦਾ ਹੈ ਇਹ ਇਸ ਕਿਤਾਬ ਦਾ ਮੰਤਵ ਹੈ।

ਬਲਰਾਮ ਜੀ, ਤੁਹਾਡੇ ਵੱਲੋਂ ਅਨੁਵਾਦਿਤ ਕਿਤਾਬ ‘ਦਰਸ਼ਨ-ਦਿਗਦਰਸ਼ਨ’ ਦੋ ਭਾਗਾਂ ਵਿਚ ਪਬਲਿਸ਼ ਹੋਈ ਸੀ, ਜੋ ਕਿ ਰਾਹੁਲ ਸਾਂਕ੍ਰਿਤਯਾਯਨ ਦੀ ਲਿਖੀ ਹੋਈ ਇਸ ਬਾਰੇ ਕੀ ਰਾਏ ਹੈ?
ਸੋਨੀਆ ਇਸ ਬਾਰੇ ਮੇਰੀ ਦੋ ਤਰ੍ਹਾਂ ਦੀ ਰਾਇ ਹੈ, ਇਕ ਤਾਂ ਇਹ ਕਿ ਜਿਵੇਂ ਮੈਂ ਗਾਂਧੀ ਦੀ ਕਿਤਾਬ ਜਾਂ ਫਿਰ ਰੋਮਿਲਾ ਥਾਪਰ ਦੀ ਕਿਤਾਬ ਅਨੁਵਾਦ ਕੀਤੀ ਹੈ ਉਨ੍ਹਾਂ ਦੋਵਾਂ ਤੋਂ ਵੱਖਰੀ ਹੈ। ਦੂਸਰੀ ਗੱਲ ਰਾਹੁਲ ਸਾਂਕ੍ਰਿਤਯਾਯਨ ਮਾਰਕਸਿਸ ਸਨ। ਇਸ ਕਿਤਾਬ ਵਿਚ ਮਾਰਕਸਿਜ਼ਮ ਦੀ ਵੀ ਝਲਕ ਦੇਖਣ ਨੂੰ ਮਿਲਦੀ ਹੈ। ਜੋ ਮੇਰੇ ਹਿਸਾਬ ਨਾਲ ਉਨ੍ਹਾਂ ਦਾ ਇਕ ਸਟ੍ਰੈਂਥ, ਕਹਿ ਲਵੋ ਇਕ ਤਾਕਤ ਵੀ ਬਣ ਜਾਂਦਾ ਹੈ। ਜੇ ਗੱਲ ਕਰੀਏ ਕਿ ਮੇਰੇ ਲਈ ਇਸ ਦੀ ਖਾਸੀਅਤ ਕੀ ਹੈ ਤਿ ਉਹ ਇਹ ਰਹੀ ਕਿ ਜੋ ‘ਦਰਸ਼ਨ-ਦਿਗਦਰਸ਼ਨ’ ਕਿਤਾਬ ਦਾ ਪਹਿਲਾ ਹਿੱਸਾ ਹੈ ਉਹ ਬੁੱਧਇਜ਼ਮ ਫਲਸਫ਼ਾ ‘ਤੇ ਹੈ। ਇਸ ਵਿਚ ਉਪਨਿਸ਼ਦ, ਵੇਦਾਂ ਬਲਕਿ ਸਾਰਿਆਂ ਦੀ ਗੱਲ ਕੀਤੀ ਗਈ ਹੈ ਅਤੇ ਜਿੰਨੇ ਵਿਸਥਾਰ ਨਾਲ ਬੁੱਧਇਜ਼ਮ ਫ਼ਲਸਫ਼ੇ ਦੀ ਗੱਲ ਕੀਤੀ ਹੈ ਇਹ ਬਹੁਤ ਵਧੀਆ ਸੀ ਕਿਉਂਕਿ ਬੁੱਧਈਜ਼ਮ ਫ਼ਲਾਸਫ਼ੇ ਬਾਰੇ ਸਾਡੇ ਕੋਲ ਕੁਝ ਹੈ ਹੀ ਨਹੀਂ ਹੈ। ਨਾਗਾਅਰਜੁਨ, ਵਸੂਗੰਧੂ ਵਰਗੇ ਦਰਜਨਾਂ ਬੁੱਧਇਜ਼ਮ ਫਲਾਸਫ਼ਰਾਂ ਨੂੰ ਇਕ ਜਗ੍ਹਾ ‘ਤੇ ਇਕੱਠਾ ਕਰਨਾ ਬਹੁਤ ਵਧੀਆ ਹੈ। ਇਨ੍ਹਾਂ ਬਾਰੇ ਸਾਰੇ ਪੰਜਾਬੀ ਸਾਹਿਤ ਵਿਚ ਕੁੱਝ ਖਾਸ ਨਹੀਂ ਹੈ ਸਿਵਾਏ ਇਨ੍ਹਾਂ ਦੋਵਾਂ ਕਿਤਾਬਾਂ ਤੋਂ। ਬੁੱਧਈਜ਼ਮ ਤੇ ਜਿਹੜੇ ਵਿਦਾਂਤੀ ਜਾਂ ਫਿਰ ਵਿਦਾਂਤ ਦੇ ਚੰਗੇ ਸਕੂਲ ਨੇ ਖਾਸ ਕਰਕੇ ਮਿਮਾਨਸਾ ਵਰਗੇ ਉਨ੍ਹਾਂ ਦੀ ਹਜ਼ਾਰਾਂ ਸਾਲਾਂ ਦੀ ਜਿਹੜੀ ਸੰਵਾਦੀ ਪਰੰਪਰਾ ਹੈ। ਉਸ ਨੂੰ ਇਸ ਕਿਤਾਬ ਵਿਚ ਬਹੁਤ ਹੀ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਕਿਵੇਂ ਉਹ ਉਨ੍ਹਾਂ ਨੂੰ ਸਵਾਲ ਕਰਦੇ ਨੇ ਸਵਾਲਾਂ ਦੇ ਜਵਾਬ ਦਿੰਦੇ ਨੇ, ਚੁਣੌਤੀ ਦਿੰਦੇ ਨੇ ਇੱਥੋਂ ਤੱਕ ਕਿ ਸ਼ੰਕਰਾਚਾਰੀਆ ਨਾਲ।

‘ਦਰਸ਼ਨ-ਦਿਗਦਰਸ਼ਨ’ ਵਿਚ ਸਭ ਤੋਂ ਚੰਗੀ ਤੇ ਜ਼ਰੂਰੀ ਕੀ ਲੱਗਿਆ?
ਇਹ ਬੜਾ ਚੰਗਾ ਸਵਾਲ ਕੀਤਾ ਤੁਸੀਂ। ‘ਦਰਸ਼ਨ-ਦਿਗਦਰਸ਼ਨ’ ਵਿਚ ਜਿਹੜੀ ਸਭ ਤੋਂ ਜ਼ਰੂਰੀ ਗੱਲ ਮੇਰੇ ਲਈ ਹੈ  ਉਹ ਹੈ ‘ਅਰੈਬਿਕ ਫ਼ਲਸਫ਼ਾ’। ਜਦੋਂ ਕਿਤੇ ਅਰਬਾਂ ਦੀ ਗੱਲ ਆਉਂਦੀ ਹੈ ਤਾਂ ਸਾਡੇ ਦਿਮਾਗ ਵਿਚ ਇਹ ਹੀ ਆਉਂਦਾ ਹੈ ਕਿ ਅਰਬ ਦੀ ਫ਼ੌਜ ਆ ਰਹੀ ਹੈ ਜੰਗ ਲੜੀ ਜਾ ਰਹੀ ਹੈ ਮਾਰਿਆ ਜਾ ਰਿਹਾ ਹੈ, ਖ਼ੂਨ-ਖਰਾਬਾ ਹੋ ਰਿਹਾ। ਪਰ ਇਸ ਵਿਚ ਕਿਧਰੇ ਵੀ ਇਹ ਗੱਲ ਤਾਂ ਆਉਂਦੀ ਨਹੀਂ ਕਿ ਅਰਬ ਵਿਚ ਕੋਈ ਵਿਗਿਆਨੀ ਵੀ ਨੇ, ਆਰਟਿਸਟ ਵੀ ਨੇ, ਕੋਈ ਫਲਾਸਫ਼ਰ ਵੀ ਨੇ, ਕੋਈ ਕਵੀ ਵੀ ਨੇ।
‘ਦਰਸ਼ਨ-ਦਿਗਦਰਸ਼ਨ’ ਵਿਚ ਮੈਨੂੰ ਲੱਗਦੈ ਕਿ ਸਾਨੂੰ ਇਹ ਪਹਿਲੀ ਵਾਰ ਪਤਾ ਲੱਗਦਾ ਹੈ ਕਿ ਇਹ ਉਨ੍ਹਾਂ ਦੇ ਫਲਾਸਫ਼ਰ ਵੀ ਨੇ। ਉਨ੍ਹਾਂ ਦਾ ਬਕਾਇਦਾ ਨਾਮ ਲੈ ਕੇ ਦੱਸਿਆ ਗਿਆ ਹੈ। ਕਿਤਾਬ ਦਾ ਲਗਭਗ ਇਕ ਵੱਡਾ ਹਿੱਸਾ 200-300 ਪੇਜ਼ਾਂ ਦਾ ‘ਅਰੈਬਿਕ ਫ਼ਲਸਫ਼ੇ’ ‘ਤੇ ਹੀ ਲਿਖੇ ਗਏ ਨੇ। ਤੇ ਜਦੋਂ ਅਸੀਂ ਉਨ੍ਹਾਂ ਅਰਬੀ ਫ਼ਲਾਸਫ਼ਰਾਂ ਨੂੰ ਪੜ੍ਹਦੇ ਹਾਂ ਤਾਂ ਪਤਾ ਲਗਦਾ ਹੈ ਕਿ ਉਪਨਿਸ਼ਦਾਂ ਦੇ ਕਵੀਆਂ ਦੀਆਂ ਗੱਲਾਂ ਤੇ ਅਰਬੀ ਫਲਾਸਫਰਾਂ ਦੀਆਂ ਗੱਲਾਂ ਬਿਲਕੁਲ ਇਕੋ ਨੇ। ਇਨ ਬਿਨ ਇਕੋ ਜਿਹੀਆਂ। ਕਹਿਣ ਦਾ ਭਾਵ ਕਿ ਮਨੁੱਖੀ ਮਨ ਵੀ ਅੰਦਰੋਂ ਇਕ ਸਾਂਝ ਰੱਖਦਾ ਹੈ ਭਾਸ਼ਾ ਦੀ।
ਜੋ ਗੱਲ ਸ਼ੰਕਰਾਚਾਰਿਆ ਇੱਥੇ ਕਹਿ ਰਿਹਾ ਹੈ ਕਿ ”ਮੈਂ ਨਾ ਵੇਦ ਹਾਂ, ਨਾ ਤੀਰਥ, ਨਾ ਮੈਂ ਯੱਗ ਹਾਂ, ਨਾ ਮੈਂ ਜਾਤ ਹਾਂ ਨਾ ਮੈਂ ਮੁਕਤੀ ਹਾਂ ‘ਚੰਦਾਨਮਰੂਪੀ ਸ਼ਿਵੋਮ ਸ਼ਿਵੋ”। ਉਹੀ ਗੱਲ ਰੂਮੀ ਕਹਿ ਰਿਹਾ ਹੈ ਉੱਥੇ। ਰੂਮੀ 300 ਸਾਲ ਬਾਅਦ ਕਹਿ ਰਿਹਾ ਹੈ ਸ਼ੰਕਰਾਚਾਰਿਆ 400 ਸਾਲ ਪਹਿਲਾਂ। ਉਹ ਸੰਸਕ੍ਰਿਤ ‘ਚ ਕਹਿ ਰਿਹਾ ਹੈ ਰੂਮੀ ਅਰਬੀ ‘ਚ ਕਹਿ ਰਿਹਾ ਹੈ। ਲਗਭਗ ਸਾਢੇ 500 ਸਾਲ ਬਾਅਦ ਸਾਡੇ ਪੰਜਾਬ ਵਿਚ ਇੱਥੇ ਉਹੀ ਗੱਲਾਂ ਬੁੱਲ੍ਹਾ ਕਹਿ ਰਿਹਾ ਹੈ, ”ਨਾ ਮੈਂ ਹਿੰਦੂ ਨਾ ਮੈਂ ਮੁਹੰਮਦ, ਨਾ ਮੈਂ ਤੁਰਕ ਫਰਾਨ। ਬਿਲਕੁਲ ਇਕੋ ਜਿਹੀਆਂ ਗੱਲਾਂ। ਇਸੇ ਤਰੀਕੇ ਨਾਲ ਦਰਜਨਾਂ ਹੀ ਅਰਬੀ ਫਲਾਸਫ਼ਰ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਲੱਗਦਾ ਹੈ ਕਿ ਇਹ ਫਲਾਣੇ ਉਪਨਿਸ਼ਦ ਤੋਂ ਇਹ ਇਸ ਉਪਨਿਸ਼ਦ ਨਾਲ ਮੇਲ ਖਾਂਦਾ ਹੈ। ਇੰਨੀ ਜ਼ਬਰਦਸਤ ਸਾਂਝ ਹੈ ਇਨ੍ਹਾਂ ਵਿਚ।
ਮੈਂ ਕਹਿਣਾ ਚਾਹਾਂਗਾ ਕਿ ਹਿਸਟਰੀ ਨੂੰ ਪੁਲੀਟਿਕਲੀ ਹਿਸਟਰੀ ਤੱਕ ਰਡਿਊਸ ਕਰ ਦਿੱਤਾ ਗਿਆ ਹੈ। ਸਾਡੇ ਕੋਲ ਵਿਗਿਆਨ ਦਾ ਇਤਿਹਾਸ ਨਹੀਂ ਹੈ। ਇੱਥੋਂ ਤੱਕ ਕਿ ਸਾਡੇ ਕੋਲ ਸਾਡੇ ਧਰਮ ਦਾ ਇਤਿਹਾਸ ਵੀ ਨਹੀਂ ਹੈ। ਧਰਮ ਦੇ ਇਤਿਹਾਸ ਦੇ ਨਾਂਅ ‘ਤੇ ਵੀ ਅਸੀਂ ਪੁਲੀਟੀਕਲ ਹਿਸਟਰੀ ਹੀ ਪੜ੍ਹਾਉਂਦੇ ਹਾਂ। ਉਸ ਪੱਖੋਂ ਵੀ ਇਹ ਕਿਤਾਬ ‘ਦਰਸ਼ਨ-ਦਿਗਦਰਸ਼ਨ’ ਜਿਸ ਵਿਚ ਦਰਜਨਾਂ ਹੀ ਅਰੈਬਿਕ ਫਲਾਸਫ਼ਰ ਬਾਰੇ ਜਿਨ੍ਹਾਂ ਦੇ ਅਸੀਂ ਨਾਂਅ ਵੀ ਸੁਣਾਂਗੇ। ਤੇ ਅੱਜ ਵੀ ਜੇ ਅਸੀਂ ਇਨ੍ਹਾਂ ਦੇ ਨਾਂਅ ਹਟਾ ਕੇ ਪੰਜਾਬੀ ਵਿਚ ਜਾਂ ਹਿੰਦੀ ਵਿਚ ਛਾਪ ਦੇਈਏ ਤਾਂ ਕੋਈ ਨਹੀਂ ਪਛਾਣ ਸਕਦਾ ਕਿ ਇਹ ਇਕ ਉਪਨਿਸ਼ਦਾਂ ਦੀਆਂ ਗੱਲਾਂ ਨੇ ਕਿ ਅਰਬੀ ਫਲਾਸਫਰਾਂ ਦੀਆਂ। ਇਸ ਕਰਕੇ ਇਹ ‘ਦਰਸ਼ਨ ਦਿਗਦਰਸ਼ਨ’ ਕਿਤਾਬ ਨੂੰ ਮੈਂ ਅਨੁਵਾਦ ਕਰਨ ਲਈ ਚੁਣਿਆ।

ਮੌਜੂਦਾ ਸਮੇਂ ਵਿਚ ਤੁਸੀਂ ਕਿਹੜੇ ਪ੍ਰਾਜੈਕਟਾਂ ‘ਤੇ ਕੰਮ ਕਰ ਰਹੇ?
ਮੈਂ ਇਸ ਵੇਲੇ ਇਕ ਨਾਟਕ ‘ਤੇ ਕੰਮ ਕਰ ਰਿਹਾ ਹਾਂ, ਜਿਸ ਦਾ ਨਾਂਅ ਹੈ ‘ਇਕ ਤਜ਼ਰਬਾ ਹੋਰ’। ਇਹ ਨਾਟਕ ਆਉਣ ਵਾਲੇ ਇਕ ਦੋ ਮਹੀਨਿਆਂ ਵਿਚ ਆ ਜਾਵੇਗਾ। ਨਾਟਕ ਬਾਰੇ ਕੁਝ ਸੰਖੇਪ ‘ਚ ਦੱਸਣਾ ਚਾਹਾਂਗਾ। ਇਸ ਨਾਟਕ ਦੇ ਜੋ ਪਾਤਰ ਨੇ ਉਹ ਹਿਸਟੋਰੀਕਲ ਵੀ ਨੇ, ਕੁਝ ਫਿਕਸਨਲ ਸਟੋਰੀ ਵੀ ਹੈ। ਨਾਟਕ ‘ਚ ਗਾਂਧੀ ਹੈ, ਸੁਭਾਸ਼ ਹੈ, ਨਹਿਰੂ ਹੈ, ਭਗਤ ਸਿੰਘ ਵੀ ਹੈ, ਗੋਡਸੇ ਵੀ ਹੈ। ਨਾਟਕ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਹਿੰਦੂ ਮੁਸਲਮਾਨਾਂ ਦੇ ਦੰਗੇ ਹੋ ਰਹੇ ਨੇ। ਇਕ ਬੰਦਾ ਜਾਂਦਾ ਹੈ ਗਾਂਧੀ ਕੋਲ ਕਿ ਦੰਗੇ ਖ਼ਤਮ ਕਰੋ। ਉਹ ਕਹਿੰਦਾ ਹੈ ਕਿ ਮੇਰਾ ਮੁੰਡਾ ਮਾਰ ਦਿੱਤਾ ਹੈ ਮੁਸਲਮਾਨਾਂ ਨੇ ਤੇ ਮੈਂ ਮੁਸਲਮਾਨਾਂ ਦਾ ਮੁੰਡਾ ਮਾਰ ਦਿੱਤਾ ਹੈ। ਇਹ ਸੁਣ ਕੇ ਗਾਂਧੀ ਸੋਚੀਂ ਪੈ ਜਾਂਦਾ ਹੈ…। ਫਿਰ ਇੱਥੇ ਨਾਟਕ ਨਵਾਂ ਮੋੜ ਲੈਂਦਾ ਹੈ…। ਨਾਟਕ ਦੀ ਕਹਾਣੀ ਬਾਬਰੀ ਮਸਜਿਦ ਦੇ ਦੰਗਿਆਂ ਤੋਂ ਲੈ ਕੇ ਗੁਜਰਾਤ ਦੰਗਿਆਂ ਤੱਕ ਪਹੁੰਚਦੀ ਹੈ ਤੇ ਫਿਰ ਮੌਜੂਦਾ ਸਮੇਂ ਤੱਕ। ਖ਼ਾਸ ਗਕੱਲ ਇਸ ਨਾਟਕ ਵਿਚ ਗੋਡਸੇ ਦਾ ਪਾਤਰ ਵੀ ਹੈ ਤੇ ਇਸ ਨਾਟਕ ਵਿਚ ਉਹ ਨਫ਼ਰਤ ਦਾ ਪਾਤਰ ਨਹੀਂ ਹੈ। ਇਕ ਜਗ੍ਹਾ ‘ਤੇ ਗੋਡਸੇ ਜਦੋਂ ਦੇਖਦਾ ਹੈ ਕਿ ਮੈਂ ਜੋ ਗਾਂਧੀ ਮਾਰਿਆ ਸੀ ਉਹ ਗਾਂਧੀ ਤਾਂ ਇਹ ਹੈ ਹੀ ਨਹੀਂ ਜੋ ਮੇਰੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਸੋ, ਇਸ ਕਿਸਮ ਦੇ ਕਈ ਸਵਾਲ, ਕਈ ਪਾਤਰ ਇਸ ਨਾਟਕ ਨੂੰ ਇੰਟਰਸਟਿੰਗ ਬਣਾਉਂਦੇ ਨੇ। ਹਾਂ ਇਸ ਵਿਚ ਨਹਿਰੂ ਤੇ ਸੁਭਾਸ਼ ਦੇ ਕਿਰਦਾਰ ਵੀ ਪੇਸ਼ ਕੀਤੇ ਗਏ ਨੇ।

ਅਨੁਵਾਦ ਕੀ ਕਰ ਰਹੇ ਹੋ ਜੋ ਸਾਨੂੰ ਪੜ੍ਹਨ ਨੂੰ ਮਿਲੇਗਾ?
ਅਨੁਵਾਦ ਬਾਰੇ ਗੱਲ ਕਰਾਂ ਤਾਂ ਕ੍ਰਿਸ਼ਨਾਮੂਰਤੀ ਦਾ ਕੰਮ ਜਿੰਨੀ ਦੇਰ ਤੱਕ ਮੈਂ ਜਿਊਂਦਾ ਹਾਂ ਉਹ ਤਾਂ ਚੱਲਣਾ ਹੀ ਹੈ। ਹਾਂ ਪਿਛਲੇ ਦੋ ਸਾਲਾਂ ਤੋਂ ਮੈਂ ਇਸ਼ਤਿਆਕ ਅਹਿਮਦ ਸਾਹਿਬ ਨੇ ਸਾਡੇ ਜਿਨ੍ਹਾਂ ਦਾ ਪਾਕਿਸਤਾਨ ਵਿਚ ਜਨਮ ਹੋਇਆ। ਅੱਜਕੱਲ੍ਹ ਸ਼ਾਇਦ ਸਵੀਡਨ ਵਿਚ ਰਹਿ ਰਹੇ ਨੇ। ਉਨ੍ਹਾਂ ਦੀ ਕਿਤਾਬ ਹੈ ਜਿਨ੍ਹਾ ਦੇ ਉੱਤੇ। ‘ਜਿਨਹਾ : ਹਿਸ ਸਕਸੈਕਸ, ਫੈਲਰ ਐਂਡ ਰੋਲ ਇਨ ਹਿਸਟਰੀ’। ਇਸ ਕਿਤਾਬ ‘ਤੇ ਪਿਛਲੇ ਡੇਢ ਦੋ ਸਾਲ ਤੋਂ ਕੰਮ ਕਰ ਰਿਹਾ ਹਾਂ ਤੇ ਅਜੇ ਇਕ ਦੋ ਮਹੀਨੇ ਹੋਰ ਲੱਗ ਜਾਣੇ ਨੇ। ਇਹ ਕਿਤਾਬ ਖਾਸੀ ਮੋਟੀ ਲਗਭਗ 800-850 ਪੇਜ ਦੀ ਹੈ। ਅਨੁਵਾਦ ਲਗਭਗ ਪੂਰਾ ਹੋ ਚੁੱਕਾ ਹੈ ਬਸ ਫਾਈਨਲ ਟੱਚ ਦੇ ਰਿਹਾ ਹਾਂ। ਇਸ ਤੋਂ ਪਹਿਲਾਂ ਵੀ ਇਸ਼ਤਿਆਕ ਅਹਿਮਦ ਸਾਹਿਬ ਦੀ ਕਿਤਾਬ ਪੰਜਾਬੀ ਵਿਚ ਅਨੁਵਾਦ ਹੋ ਚੁੱਕੀ ਹੈ, ਜੋ ਕਿ ਪੰਜਾਬ ਦੀ ਵੰਡ ਅਤੇ ਉਸ ਵੇਲੇ ਹੋਏ ਖ਼ੂਨ ਖਰਾਬੇ ‘ਤੇ ਸੀ।
ਇਕ ਜੋ ਬਹੁਤ ਜ਼ਰੂਰੀ ਗੱਲ ਹੈ ਕਿ ‘ਟਿਕਨਿਆਥਨ ਸਾਹਿਬ ਦੀ ਕਿਤਾਬ ‘ਵਾਇਟ ਕਲੋਡਸ ਇਨ’ ਜੋ ਹਿੰਦੀ ਵਿਚ ਵੀ ਅਨੁਵਾਦ ਹੋਈ ਹੈ, ਜਿਸ ਦਾ ਨਾਂਅ ਹੈ ‘ਜਹਾਂ ਜਹਾਂ ਚਰਨ ਪੜ੍ਹੇ ਗੌਤਮ ਕੇ’ ਵੀ ਅਨੁਵਾਦ ਕਰ ਰਿਹਾ ਹਾਂ। ਮੈਂ ਬੇਸਿਕਲੀ ਇਸ ਕਿਤਾਬ ਨੂੰ ਅੰਗਰੇਜ਼ੀ ਤੋਂ ਹੀ ਅਨੁਵਾਦ ਕਰ ਰਿਹਾ ਹਾਂ, ਕਿਉਂਕਿ ਜਦੋਂ ਮੈਂ ਹਿੰਦੀ ਤੇ ਅੰਗਰੇਜ਼ੀ ਦੋਵਾਂ ਨੂੰ ਦੇਖਦਾਂ ਤਾਂ ਮੈਨੂੰ ਕਾਫ਼ੀ ਫਰਕ ਨਜ਼ਰ ਆਉਂਦਾ ਹੈ। ਮੈਂ ਸੋਚਦਾ ਹਾਂ ਕਿ ਕੁਝ ਗੱਲਾਂ ਰਹਿ ਗਈਆਂ ਨੇ ਹਿੰਦੀ ਵਿਚ ਅਨੁਵਾਦ ਕਰਨ ‘ਤੇ। ਇਸ ਕਿਤਾਬ ਨੂੰ ਵੀ ਜਲਦ ਹੀ ਪੂਰਾ ਕਰ ਲਿਆ ਜਾਵੇਗਾ।

ਕਵਿਤਾ ਬਾਰੇ ਵੀ ਕੁਝ ਅਨੁਵਾਦ ਕਰ ਰਹੇ ਹੋ?
ਕਵਿਤਾ ਅਨੁਵਾਦ ਕਰਨ ਬਾਰੇ ਮੇਰਾ ਜੋ ਮਨ ਹੈ ਉਹ ਇਸ ਤਰ੍ਹਾਂ ਹੈ ਕਿ ਮੈਂ ਕਰ ਰਿਹਾ ਹਾਂ ਕਿ ਜੋ ਪਿਛਲੇ ਹਜ਼ਾਰ ਦੋ ਹਜ਼ਾਰ ਸਾਲ ਤੋਂ ਪੂਰੇ ਵਿਸ਼ਵ ਅੰਦਰ ਅਲੱਗ-ਅਲੱਗ ਦੇਸ਼ਾਂ ਦੇ ਜੋ ਚੰਗੇ ਕਵੀ ਹੋਏ ਉਨ੍ਹਾਂ ਨੂੰ ਪੰਜਾਬੀ ਪਾਠਕਾਂ ਨੂੰ ਪੇਸ਼ ਕਰ ਸਕਾਂ। ਇਸ ਲਈ ਮੈਂ ਕਾਫ਼ੀ ਕਿਤਾਬਾਂ ਵੀ ਇਕੱਠੀਆਂ ਕੀਤੀਆਂ ਹਨ ਤੇ ਮੇਰੇ ਜੋ ਦੋਸਤ ਮਿੱਤਰ ਨੇ ਉਹ ਵੀ ਮੈਨੂੰ ਮੁਹੱਈਆ ਕਰਵਾ ਰਹੇ ਨੇ। ਮੈਨੂੰ ਲਗਦਾ ਹੈ ਕਿ ਮੈਂ ਉਨ੍ਹਾਂ ਵਿਚੋਂ ਕੋਈ 300-400 ਕਵਿਤਾਵਾਂ ਜਾਂ ਜਿੰਨੀਆਂ ਵੀ ਵੱਧ ਤੋਂ ਵੱਧ ਹੋ ਸਕਣ ਪੰਜਾਬੀ ਸਾਹਿਤ ਦੀ ਝੋਲੀ ਪਾ ਸਕਾਂ।

ਬਲਰਾਮ ਜੀ ਕੋਈ ਕੰਮ ਜੋ ਕਰਨੋ ਰਹਿ ਗਿਆ ਹੋਵੇ ਜਾਂ ਕੋਈ ਖੁਹਾਇਸ਼?
ਸੋਨੀਆ ਜੀ, ਮੇਰੇ ਮਨ ਦੀਆਂ ਤਮੰਨਾਵਾਂ ਤਾਂ ਬਹੁਤ ਨੇ ਪਰ ਮੈਂ ਇਹ ਸਭ ਕੁਝ ਇਕੱਲਾ ਪੂਰਾ ਨਹੀਂ ਕਰ ਸਕਦਾ। ਮੈਂ ਚਾਹੁੰਦਾ ਹਾਂ ਕਿ ਗਿਆਨ ਦਾ ਕੋਈ ਵੀ ਖੇਤਰ ਚਾਹੇ ਇਕਨਾਮਿਕਸ ਹੈ, ਸਾਇਕੋਲੋਜੀਕਲ ਹੈ, ਜਾਂ ਫਿਰ ਮਾਡਰਨ ਗਿਆਨ ਵਿਗਿਆਨ ਹੋਵੇ ਸਾਡੇ ਕੋਲ ਕੁਝ ਵੀ ਪੰਜਾਬੀ ਵਿਚ ਨਹੀਂ ਆ ਰਿਹਾ ਹੈ। ਇਸੇ ਤਰ੍ਹਾਂ ਆਰਿਆ ਭੱਟ, ਰਾਜ ਸ਼ੇਖਰ, ਅਭੀਨਵ ਗੁਪਤ ਵਰਗੇ, ਸੰਸਕ੍ਰਿਤੀ ਸ਼ਾਸਤਰ ਤੋਂ ਲੈ ਕੇ ਭਾਸ਼ਾ ਸ਼ਾਸਤਰ ਤੱਕ ਸਭ ਪੰਜਾਬੀ ਸਾਹਿਤ ਵਿਚ ਵੀ ਹੋਣਾ ਚਾਹੀਦਾ ਹੈ। ਸਾਡੇ ਕੋਲ ਐਡਮ ਸਿਮਥ ਵਰਗੇ ਲੇਖਕ ਪੰਜਾਬੀ ਵਿਚ ਪੜ੍ਹਨ ਨੂੰ ਨਹੀਂ ਹਨ ਪਰ ਮੈਂ ਕਹਿੰਦਾ ਹੈ ਕਿ ਇਹ ਸਾਰਾ ਕੁਝ ਮੈਂ ਇਕੱਲਾ ਤਾਂ ਨਹੀਂ ਕਰ ਸਕਦਾ ਪਰ ਇਸ ਲਈ ਜੇਕਰ ਅਸੀਂ ਇਕ ਟੀਮ ਬਣਾਈਏ ਤਾਂ ਸੰਭਵ ਹੋ ਸਕਦੈ। ਮੈਂ ਚਾਹਾਂਗਾ ਕਿ ਜੇਕਰ ਕੋਈ ਚੰਗੇ ਅਨੁਵਾਦਕ ਮੇਰੇ ਨਾਲ ਸੰਪਰਕ ਕਰਨ ਤਾਂ ਮੈਂ ਉਨ੍ਹਾਂ ਦਾ ਹਰ ਤਰ੍ਹਾਂ ਨਾਲ ਸਾਥ ਦੇਣ ਲਈ ਤਿਆਰ ਹਾਂ।

ਨੌਜਵਾਨ ਅਨੁਵਾਦਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
ਮੈਂ ਨੌਜਵਾਨ ਅਨੁਵਾਦਕਾਂ ਨੂੰ ਇਹੀ ਕਹਿਣੀ ਚਾਹਾਂਗਾ ਕਿ ਜਿਵੇਂ ਤੁਸੀਂ ਆਪਣਾ ਖਾਣਾ ਸਿਲੈਕਟ ਕਰਦੇ ਹੋ ਕਿ ਕੀ ਵਧੀਆ ਖਾਣਾ ਹੈ, ਤੁਹਾਡਾ ਟੈਸਟ ਕੀ ਹੈ, ਤੁਸੀਂ ਕੀ ਨਵਾਂ ਪਸੰਦ ਕਰਦੇ ਹੋ। ਉਸੇ ਤਰ੍ਹਾਂ ਤੁਸੀਂ ਅਨੁਵਾਦ ਕਰਨ ਲੱਗਿਆਂ ਸੋਚਣਾ ਹੈ। ਤੁਸੀਂ ਪਾਠਕਾਂ ਨੂੰ ਕਿਹੜੀ ਚੀਜ਼ ਦੇਣੀ ਜੋ ਉਨ੍ਹਾਂ ਦਾ ਖ਼ੂਨ ਵੀ ਸਾਫ਼ ਕਰੇ। ਉਨ੍ਹਾਂ ਦੀ ਚੇਤਨਾ ਨੂੰ ਕਲੈਰੀਫਾਈ ਕਰੇ। ਉਨ੍ਹਾਂ ਦਾ ਡਰ ਖ਼ਤਮ ਕਰੇ। ਸਭ ਤੋਂ ਵੱਡੀ ਗੱਲ ਇਹ ਕਿ ਉਨ੍ਹਾਂ ਵਿਚ ਇਨਸਾਨੀ ਦਰਦ ਪੈਦਾ ਕਰੇ। ਸਾਹਿਤ ਉਹ ਦੇਵੋ ਜੋ ਮਨੁੱਖ ਨੂੰ ਮਨੁੱਖ ਨਾਲ ਪਿਆਰ ਕਰਨਾ ਸਿਖਾਵੇ। ਪਿਆਰ ਦਾ ਪੈਗਾਮ ਦੇਵੇ। ਬੱਸ ਇਹੀ ਮੇਰੀ ਨੌਜਵਾਨਾਂ ਨੂੰ ਅਪੀਲ ਹੈ।