February 6, 2025

ਫ਼ੈਜ਼ ਅਹਿਮਦ ਫ਼ੈਜ਼

ਅਨੁਵਾਦਕ : ਜਸਪਾਲ ਘਈ
99150-99926

ਵੇਖਾਂਗੇ ਅਸੀਂ

ਵੇਖਾਂਗੇ ਅਸੀਂ!
ਹੈ ਪੱਕੀ ਗੱਲ ਵੇਖਾਂਗੇ ਅਸੀਂ!
ਉਹ ਦਿਨ ਕਿ ਕੌਲ ਏ ਜਿਸ ਦਿਨ ਦਾ
ਜੋ ਦਿਨ ਹੋਣੀ ਲਿਖ ਚੁੱਕੀ ਏ

ਜਦ ਜ਼ੁਲਮ ਦੇ ਇਹ ਦਿਓ ਕੱਦ ਪਰਬਤ
ਅੱਕ-ਖੰਭੜੀ ਬਣ ਕੇ ਉੱਡਣਗੇ
ਜਦ ਪਰਜਾ ਦੇ ਪੈਰਾਂ ਥੱਲੇ
ਸਾਹ ਧਰਤ ਦੇ ਧਕ ਧਕ ਧੜਕਣਗੇ
ਤੇ ਹੁਕਮ ਚਲਾਵਣ ਵਾਲਿਆਂ ਸਿਰ
ਜਦ ਰੋਹ ਦੇ ਬੱਦਲ ਕੜਕਣਗੇ

ਰੱਬ ਦੇ ਸੱਚੇ ਦਰਬਾਰੋਂ ਫਿਰ
ਸਾਰੇ ਬੁੱਤ ਕੂੜ ਦੇ ਉੱਡਣਗੇ
ਤੇ ਸੱਚ ਦੀ ਸੱਚੀ ਗੱਦੀ ‘ਤੇ
ਚਿਰ ਦੇ ਦੁਰਕਾਰੇ  ਬੈਠਣਗੇ
ਸਭ ਤਾਜ਼ੀ ਹਵਾ ਵਿਚ ਉਛਲਣਗੇ
ਸਭ ਤਖ਼ਤ ਜ਼ਮੀਨ ‘ਤੇ ਡਿੱਗਣਗੇ

ਬਸ ਨਾਂ ਰਹਿਣੈਂ ਰੱਬ ਸੱਚੇ ਦਾ
ਜੋ ਏ ਰੂਪ ਵੀ, ਰੂਪੋਂ ਬਾਹਰਾ ਵੀ
ਜੋ ਨਜ਼ਰ ਵੀ ਹੈ ਤੇ ਨਜ਼ਾਰਾ ਵੀ

ਗੂੰਜੇਗਾ ‘ਅਨੱਲ ਹੱਕ’ ਦਾ ਨਾਅਰਾ
ਜੋ ਮੈਂ ਵੀ ਆਂ, ਜੋ ਤੂੰ ਵੀ ਏਂ
ਤੇ ਰਾਜ ਕਰੂ ਰੱਬ ਦੀ ਪਰਜਾ
ਜੋ ਮੈਂ ਵੀ ਆਂ, ਜੋ ਤੂੰ ਵੀ ਏਂ