February 6, 2025

ਜਦੋਂ ਟੇਪ ਇਰੇਜ਼ ਹੋ ਗਈ

ਮੂਲ ਲੇਖਕ : ਡਾ. ਰਸ਼ਮੀ ਖੁਰਾਣਾ

ਅਨੁਵਾਦਕ : ਡਾ. ਸਰਦੂਲ ਸਿੰਘ ਔਜਲਾ
98141-68611

ਹੁਣ ਜਦੋਂ ਵੀ ਕਦੇ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਬੜੀ ਹੈਰਾਨਗੀ ਹੁੰਦੀ ਹੈ। ਅੱਜ ਵੀ ਉਹ ਸਮਾਂ ਯਾਦ ਕਰਕੇ ਕਦੀ ਹਾਸਾ ਆਉਂਦਾ ਹੈ ਅਤੇ ਕਦੀ ਮਨ ਭਰ ਆਉਂਦਾ ਏ। ਸੈਂਤੀਆਂ ਸਾਲਾਂ ਦੀ ਨੌਕਰੀ ਦੌਰਾਨ ਸੈਂਤੀ ਘਟਨਾਵਾਂ ਤਾਂ ਘੱਟ ਹੀ ਸਕਦੀਆਂ ਹਨ।
—ਇਕ ਗੱਲ
—ਯੂ. ਪੀ. ਐੱਸ. ਸੀ. ਰਾਹੀਂ ਨਵੀਂ-ਨਵੀਂ ਪ੍ਰੋਗਰਾਮ ਅਫ਼ਸਰ ਬਣੀ ਸੀ। ਸਟੇਸ਼ਨ ਡਾਇਰੈਕਟਰ ਸਾਹਿਬ ਨੇ ਕਿਸੇ ਵਿਸ਼ਵਾਸ ਤਹਿਤ ਸੱਤ ਅੱਠ ਭਾਰੀ ਭਰਕਮ ਜ਼ਿੰਮੇਵਾਰੀ ਵਾਲੇ ਪ੍ਰੋਗਰਾਮ ਸੈਕਸ਼ਨ ਝੋਲੀ ਪਾ ਦਿੱਤੇ। ਮੇਰੀ ਇਹ ਖੁਸ਼ਕਿਸਮਤੀ ਰਹੀ ਹੈ ਕਿ ਮੇਰੇ ਵਾਰਤਾਕਾਰਾਂ ‘ਤੇ ਕਦੇ ਵੀ ਕੋਈ ਪ੍ਰਸ਼ਨ ਚਿੰਨ੍ਹ ਨਹੀਂ ਲੱਗਾ। ਇਸੇ ਕਰਕੇ ਹੀ ਅੱਜ ਵੀ ਮਾਣ ਨਾਲ ਸਿਰ ਉੱਚਾ ਕਰਕੇ ਜੀਅ ਰਹੀ ਹਾਂ।
ਉਨ੍ਹਾਂ ਦਿਨਾਂ ਵਿਚ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਤਤਕਾਲੀ ਵਾਈਸ ਚਾਂਸਲਰ ਡਾ. ਸ. ਸ. ਜੌਹਲ ਨੂੰ ਰਿਕਾਰਡਿੰਗ ਲਈ ਬੁਲਾਇਆ ਸੀ। ਉਨ੍ਹਾਂ ਆਪਣੇ ਰੁਝੇਵਿਆਂ ਕਰਕੇ ਰਿਕਾਰਡਿੰਗ ਲਈ ਐਤਵਾਰ ਦਾ ਦਿਨ ਤੈਅ ਕੀਤਾ ਸੀ। ਅਸੀਂ ਪਹਿਲਾਂ ਗੈਸਟ ਰੂਮ ਵਿਚ ਚਾਹ ਬਿਸਕੁਟ ਵਗੈਰਾ ਲਏ ਅਤੇ ਫਿਰ ਸਟੂਡੀਓ ਵਿਚ ਜਾ ਕੇ ਰਿਕਾਰਡਿੰਗ ਕੀਤੀ। ਦਫ਼ਤਰ ਬੰਦ ਹੋਣ ਕਰਕੇ ਟੈਪ ਐਂਟਰੀ ਵਗੈਰਾ ਨਹੀਂ ਸੀ ਕੀਤੀ ਜਾ ਸਕਦੀ, ਇਸ ਲਈ ਛੇਤੀ-ਛੇਤੀ ਟੇਪ ਆਪਣੇ ਕਮਰੇ ਦੀ ਅਲਮਾਰੀ ਵਿਚ ਰੱਖ ਦਿੱਤੀ ਇਹ ਸੋਚ ਕੇ ਕਿ ਕੱਲ੍ਹ ਆ ਕੇ ਪ੍ਰੋਗਰਾਮ ਦਾ ਟਾਈਟਲ, ਵਾਰਤਾਕਾਰ ਦਾ ਨਾਮ, ਸਮਾਂ ਅਤੇ ਹੋਰ ਇੰਦਰਾਜ ਭਰ ਦੇਵਾਂਗੀ। ਘਰ ਪਹੁੰਚਣ ਦੀ ਕਾਹਲੀ ਸੀ। ਐਤਵਾਰ ਨੂੰ ਦਫ਼ਤਰ ਆਉਣ ਦਾ ਮਤਲਬ ਸੀ ਘਰ ਦਾ ਦਫ਼ਤਰ ਡਿਸਟਰਬ ਕਰਨਾ।
ਸੋਮਵਾਰ ਨੂੰ ਦਫ਼ਤਰ ਆਈ। ਆਪਣੇ ਰੋਜ਼ਾਨਾ ਕੰਮਕਾਰਾਂ ਵਿਚ ਰੁਝ ਗਈ ਤੇ ਰਿਕਾਰਡਿੰਗ ਵਾਲੀ ਟੇਪ ਬਾਰੇ ਜੋ ਕੁਝ ਵਿਵਰਣ ਲਿਖਣਾ ਸੀ ਉਸ ਪਾਸੇ ਧਿਆਨ ਹੀ ਨਾ ਗਿਆ।
ਇੰਨੇ ਵਿਚ ਕੋਈ ਕੁਲੀਗ ਆਇਆ ਤੇ ਕਹਿਣ ਲੱਗਾ, ”ਮੈਡਮ ਕੋਈ ਖਾਲੀ ਟੇਪ ਹੈ। ਲਾਇਬਰੇਰੀ ਬੰਦ ਹੈ ਪਰ ਮੈਂ ਕੋਈ ਰਿਕਾਰਡਿੰਗ ਕਰਨੀ ਹੈ।” ਮੈਂ ਉੱਠੀ ਅਲਮਾਰੀ ਵਿਚ ਇਕ ਟੇਪ ਪਈ ਸੀ, ਕਿਉਂਕਿ ਉਸ ਉੱਪਰ ਕੁਝ ਵੀ ਨਹੀਂ ਸੀ ਲਿਖਿਆ ਜ਼ਾਹਿਰ ਸੀ ਕਿ ਟੇਪ ਖਾਲੀ ਸੀ। ਮੈਂ ਉਹ ਟੇਪ ਆਪਣੇ ਕੁਲੀਗ ਨੂੰ ਦੇ ਦਿੱਤੀ ਉਹ ਚਲੇ ਗਏ। ਮੈਂ ਆਪਣੇ ਕੰਮ ਵਿਚ ਰੁਝ ਗਈ ਫਿਰ ਅਚਾਨਕ ਕੱਲ੍ਹ ਵਾਲੀ ਰਿਕਾਰਡਿੰਗ ਦਾ ਖ਼ਿਆਲ ਆਇਆ। ਸਟੂਡੀਓ, ਰਿਕਾਰਡਿੰਗ, ਟੇਪ, ਅਲਮਾਰੀ ਵਿਚ ਲਿਆ ਕੇ ਰੱਖਣਾ ਆਦਿ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਬਿਜਲੀ ਦਾ ਝਟਕਾ ਲੱਗਾ ਹੋਵੇ। ਕਾਹਲੇ ਕਦਮੀਂ ਮੈਂ ਸਟੂਡੀਓ ਵਾਲੇ ਪਾਸੇ ਗਈ। ਧੱਕਾ ਮਾਰ ਕੇ ਸਟੂਡੀਓ ਦਾ ਦਰਵਾਜ਼ਾ ਖੋਲ੍ਹਿਆ। ਸਾਹਮਣੇ ਮੇਰੇ ਸਾਥੀ ਖੜ੍ਹੇ ਸੀ, ਟੇਪ ਚੱਲ ਰਹੀ ਸੀ ਰਿਕਾਰਡਿੰਗ ਹੋ ਰਹੀ ਸੀ। ਮੈਂ ਸਿੱਧੀ ਜਾ ਕੇ ਸਟਾਪ (Stop) ਦਾ ਬਟਨ ਦਬਾ ਦਿੱਤਾ ਦੇਖਿਆ ਕਿ ਪੂਰੇ ਚਾਰ ਮਿੰਟ ਦੀ ਰਿਕਾਰਡਿੰਗ ਹੋ ਚੁੱਕੀ ਸੀ। ਹਫ਼ੀ ਤੇ ਘਬਰਾਈ ਹੋਈ ਨੇ ਆਪਣੇ ਕੁਲੀਗ ਨੂੰ ਪੁੱਛਿਆ, ”ਕੀ ਸਾਰੀ ਟੇਪ ਹੀ ਇਰੇਜ਼ ਕਰ ਦਿੱਤੀ ਹੈ? ਕਿਉਂਕਿ ਰੁਟੀਨ ਇਹੀ ਸੀ, ਕਿਉਂਕਿ ਰਿਕਾਰਡਿੰਗ ਤੋਂ ਪਹਿਲਾਂ ਟੇਪ ਇਰੇਜ਼ ਕਰ ਦਿੰਦੀ ਸੀ।
”ਨਹੀਂ ਮੈਂ ਪੂਰੀ ਟੇਪ ਇਰੇਜ਼ ਨਹੀਂ ਕੀਤੀ” ਸਾਥੀ ਨੇ ਕਿਹਾ। ਪਰ ਸਮਝ ਨਹੀਂ ਆ ਰਿਹਾ ਸੀ ਕਿ ਬਾਕੀ ਛੇ ਮਿੰਟ ਦੀ ਰਿਕਾਰਡਿੰਗ ਦਾ ਕੀ ਕੀਤਾ ਜਾਵੇ?
ਸਟੇਸ਼ਨ ਡਾਇਰੈਕਟਰ ਦਾ ਚਿਹਰਾ ਯਾਦ ਆਉਣ ਲੱਗਾ। ਕੀ ਕਹਾਂਗੀ ਕਿਵੇਂ ਹੋਈ ਲਾਪਰਵਾਹੀ। ਹੁਣ ਪ੍ਰੋਗਰਾਮ ਕਿਵੇਂ ਬਰਾਡਕਾਸਟ ਹੋਵੇਗਾ? ਸਾਰਾ ਪ੍ਰਭਾਵ ਹੀ ਖ਼ਤਮ ਹੋ ਕੇ ਖੂਹ ਖ਼ਾਤੇ ਪੈ ਜਾਵੇਗਾ। ਅੱਖਾਂ ਅੱਗੇ ਹਨ੍ਹੇਰਾ ਆਉਣ ਲੱਗਾ। ਉਸ, ਟੇਪ ਨੂੰ ਮੈਂ ਉਥੇ ਹੀ ਛੱਡ ਦਿੱਤਾ ਤੇ ਕਮਰੇ ਵੱਲ ਆਉਂਦੀ ਸੋਚ ਰਹੀ ਸੀ ਕਿ ਹੁਣ ਕੀ ਕਾਰਵਾਈ ਹੋਵੇਗੀ। ਉਨ੍ਹਾਂ ਦਿਨਾਂ ਵਿਚ ਕਿਸੇ ਛਪੇ ਹੋਏ ਪ੍ਰੋਗਰਾਮ ਦੀ ਥਾਂ ‘ਤੇ ਕੋਈ ਹੋਰ ਪ੍ਰੋਗਰਾਮ ਪ੍ਰਸ਼ਾਰਿਤ ਹੋਣਾ ਕਿਸੇ ਘੋਰ ਅਪਰਾਧ ਤੋਂ ਘੱਟ ਨਹੀਂ ਸੀ। ਪ੍ਰੋਗਰਾਮ ਵੀ ਉਸੇ ਹੀ ਦਿਨ ਸੀ ਰਾਤ ਨੂੰ ਅੱਠ ਵਜੇ। ਦਿਲ ਨੇ ਕਿਹਾ, ”ਛੱਡ ਸ਼ਰਮ ਤੇ ਫਿਰ ਵਾਈਸ ਚਾਂਸਲਰ ਸਾਹਿਬ ਨੂੰ ਬੁਲਾ ਕੇ ਰਿਕਾਰਡਿੰਗ ਕਰ ਲਈ ਜਾਵੇ। ਨਿਮਰਤਾ ਪੂਰਵਕ ਬੇਨਤੀ ਕੀਤੀ ਜਾਵੇ ਤਾਂ ਸੰਭਵ ਹੋ ਹੀ ਸਕਦਾ ਹੈ। ਟੈਲੀਫ਼ੋਨ ਦੀਆਂ ਕਈ ਘੰਟੀਆਂ ਤੋਂ ਬਾਅਦ ਉਨ੍ਹਾਂ ਨੇ ਫ਼ੋਨ ਚੁੱਕਿਆ ਤਾਂ ਮੈਂ ਆਪਣਾ ਮਕਸਦ ਦੱਸਿਆ।
”ਕੀ ਗੱਲ ਹੋਈ।” ਉਹ ਹੈਰਾਨ ਸਨ।
”ਰਿਕਾਡਿੰਗ ਵਿਚ ਕੋਈ ਗੜਬੜ ਹੋ ਗਈ ਸਰ। ਕੀ ਤੁਸੀਂ ਦੁਬਾਰਾ ਲੁਧਿਆਣੇ ਤੋਂ ਆ ਸਕਦੇ ਹੋ?” ਡੁੱਬਦਾ ਬੰਦਾ ਤਿਨਕੇ ਦਾ ਸਹਾਰਾ ਲੈਣ ਲਈ ਤਰਲੇ ਕਰ ਰਿਹਾ ਸੀ।
”ਪਰ ਮੈਂ ਤਾਂ ਅੱਜ ਦਿੱਲੀ ਜਾ ਰਿਹਾ ਹਾਂ। ਚਾਰ ਦਿਨਾਂ ਵਾਸਤੇ। ਹੁਣ ਸਾਢੇ ਬਾਰ੍ਹਾਂ ਵੱਜੇ ਨੇ ਮੈਂ ਸਾਢੇ ਤਿੰਨ ਵਜੇ ਦੀ ਟਰੇਨ ਫੜਨੀ ਹੈ। ਮੇਰਾ ਆਉਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ।”
ਵਾਈਸ ਚਾਂਸਲਰ ਸਾਹਿਬ ਦੀ ਆਵਾਜ਼ ਵਿਚ ਸੰਜੀਦਗੀ ਸੀ ਕੋਈ ਨਖਰਾ ਨਹੀਂ ਸੀ। ”ਠੀਕ ਹੈ ਸਰ ਮੈਂ ਰਿਕਾਰਡਿੰਗ ਲਈ ਤੁਹਾਡੇ ਕੋਲ ਆ ਜਾਂਦੀ ਹਾਂ।” ਪਤਾ ਨਹੀਂ ਕਿਵੇਂ ਦਿਮਾਗ ਨੇ ਕੰਮ ਕੀਤਾ ਬਿਨਾਂ ਕਿਸੇ ਨਾਲ ਸਲਾਹ ਕੀਤਿਆਂ ਟੈਕਨੀਕਲ ਸਟੋਰ ਵਿਚ ਗਈ। ਟੇਪ ਰਿਕਾਰਡਰ ਤੇ ਮਾਈਕ ਇਸ਼ੂ ਕਰਵਾਏ, ਟੈਸਟ ਕੀਤਾ ਤੇ ਆਪਣੀ ਸਾਥਣ ਨੂੰ ”ਕੁਝ ਕੰਮ ਹੈ” ਆਖ ਕੇ ਸਿੱਧੀ ਬੱਸ ਸਟੈਂਡ ਜਾ ਪਹੁੰਚੀ। ਲੁਧਿਆਣੇ ਵਾਲੀ ਬੱਸ ਤਿਆਰ ਖੜ੍ਹੀ ਸੀ। ਭੱਜ ਕੇ ਉਸ ਵਿਚ ਚੜ੍ਹੀ। ਮੀਂਹ ਪੈਣ ਦੀ ਤਿਆਰੀ ਕਰ ਰਿਹਾ ਸੀ ਜਿਵੇਂ ਕਾਲੇ ਬੱਦਲ ਵੀ ਮੇਰੀ ਤਕਦੀਰ ਤੇ ਰੋਣ ਲਈ ਤਿਆਰ ਖੜ੍ਹੇ ਹੋਣ। ਬੱਦਲਾਂ ਦੀ ਗੜਗੜਾਹਟ ਨਾਲ ਮੀਂਹ ਸ਼ੁਰੂ ਹੋ ਗਿਆ।
ਜਿਸ ਸੀਟ ‘ਤੇ ਮੈਂ ਬੈਠੀ ਸੀ ਉਸ ਦਾ ਸ਼ੀਸ਼ਾ ਵੀ ਗਾਇਬ ਸੀ। ਸਾਰੀ ਬੱਸ ਵਿਚ ਹਵਾ ਤੇ ਪਾਣੀ ਅੰਦਰ ਆ ਰਿਹਾ ਸੀ। ਮੈਂ ਸੀਟ ਤੋਂ ਖਿਸਕਦੀ ਖਿਸਕਦੀ ਆਖ਼ਰ ਖੜੀ ਹੋ ਗਈ। ਕੱਪੜੇ ਭਿੱਜ ਰਹੇ ਸਨ। ਟੇਪ ਨੂੰ ਬੁੱਕਲ ਵਿਚ ਲੁਕੋਇਆ ਹੋਇਆ ਸੀ। ਬਸ ਇਹ ਠੀਕ ਰਹੇ ਨਹੀਂ ਰਿਕਾਰਡਰ ਤਾਂ ਮੇਰੀ ਖ਼ੈਰ ਨਹੀਂ।
ਲੁਧਿਆਣਾ ਬਾਈਪਾਸ ਤੇ ਉਤਰ ਕੇ ਆਟੋ ਕੀਤਾ। ਅੱਧੇ ਘੰਟੇ ਵਿਚ ਉਨ੍ਹਾਂ ਦੇ ਘਰ ਪਹੁੰਚੀ ਤੇ ਸਾਹ ਵਿਚ ਸਾਹ ਆਇਆ।
”ਕੀ ਗੱਲ ਹੋਈ ਕਿ ਦੁਬਾਰਾ ਰਿਕਾਰਡਿੰਗ ਕਰਨੀ ਪੈ ਰਹੀ ਹੈ।” ਵਾਈਸ ਚਾਂਸਲਰ ਸ਼ਾਂਤ ਬੈਠੇ ਮੁਸਕਰਾ ਰਹੇ ਸਨ। ਚਲੋ ਪਹਿਲਾਂ ਚਾਹ ਪੀਓ।
ਮੈਨੂੰ ਚਾਹ ਕਿਥੇ ਸੁਝਦੀ ਸੀ। ਸਟੂਡੀਓ ਵਰਗਾ ਪ੍ਰਭਾਵ ਲਾਉਣ ਲਈ ਘਰ ਦੇ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰਵਾ ਦਿੱਤੀਆਂ। ਪੈੱਨ ਡਰਾਪ ਸਾਈਲੈਂਸ ਵਾਲਾ ਸੀਨ ਤੇ ਰਿਕਾਰਡਿੰਗ ਹੋ ਗਈ। ਪੰਜ ਵਜੇ ਵਾਪਸ ਮੈਂ ਦਫ਼ਤਰ ਵਿਚ ਸੀ। ਪਤੀ ਦੇਵ ਘਰ ਲਿਜਾਣ ਲਈ ਆਏ ਖੜ੍ਹੇ ਸਨ। ਰਾਤ ਅੱਠ ਵਜੇ ਪ੍ਰਸਾਰਣ ਵੀ ਹੋ ਗਿਆ।
ਅੱਜ ਜਦੋਂ ਸੋਚਦੀ ਹਾਂ ਤਾਂ ਕਈ ਵਿਕਲਪ ਯਾਦ ਆਉਂਦੇ ਹਨ—6 ਮਿੰਟ ਦੀ ਰਿਕਾਰਡਿੰਗ ਦੇ ਅੱਗੇ ਪਿੱਛੇ ਦੋ ਦੋ ਮਿੰਟ ਦੀ ਭੂਮਿਕਾ ਤੇ ਜਾਣ-ਪਹਿਚਾਣ ਵੀ ਜੋੜੀ ਜਾ ਸਕਦੀ ਸੀ।
ਉਸ ਨੂੰ ਲਘੂ ਵਾਰਤਾ ਦਾ ਰੂਪ ਦਿੱਤਾ ਜਾ ਸਕਦਾ ਸੀ ਜਾਂ ਗਲਤੀ ਨਾਲ ਇਰੇਜ਼ ਹੋ ਗਈ। ਇਹ ਸੱਚ ਸਟੇਸ਼ਨ ਡਾਇਰੈਕਟਰ ਨੂੰ ਦੱਸਣਾ ਕਿੰਨਾ ਔਖਾ ਸੀ। ਇਸੇ ਨੂੰ ਹੀ ਸ਼ਾਇਦ ਅਨੁਭਵ ਕਹਿੰਦੇ ਹਨ।