ਲੜੀਵਾਰ ਕਾਲਮ : ਰਾਤਾਂ ਦੀਆਂ ਬਾਤਾਂ

ਲੜੀਵਾਰ ਕਾਲਮ : ਰਾਤਾਂ ਦੀਆਂ ਬਾਤਾਂ

ਡਾ. ਕਰਮਜੀਤ ਸਿੰਘ

ਪੈਸੇ ਦਾ ਪਿਆਰ

ਇਕ ਵਾਰ ਇਕ ਕੰਜੂਸ ਰੋਟੀ ਲੈਣ ਲਈ ਬਾਜ਼ਾਰ ਗਿਆ। ਮੌਸਮ ਗਰਮੀ ਦਾ ਸੀ। ਜਿਉਂ ਹੀ ਉਸ ਨੇ ਤੁਰਨਾ ਸ਼ੁਰੂ ਕੀਤਾ ਤਾਂ ਉਸ ਦਾ ਮੁੱਠੀ ਵਿਚ ਲਿਆ ਹੋਇਆ ਸਿੱਕਾ ਪਸੀਨੇ ਨਾਲ ਭਿੱਜ ਗਿਆ। ਉਸ ਦੇ ਪੈਰ ਉੱਥੇ ਹੀ ਜੰਮ ਗਏ, ਉਸ ਨੇ ਗਿੱਲੇ ਸਿੱਕੇ ਵਲ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਕਹਿਣ ਲੱਗਾ, ‘ਰੋ ਨਾ ਮੈਂ ਤੈਨੂੰ ਖਰਚਣ ਨਹੀਂ ਲੱਗਾ, ਮੈਂ ਤੈਨੂੰ ਆਪਣੇ ਨਾਲੋਂ ਵੱਖ ਨਹੀਂ ਕਰਾਂਗਾ, ਭਾਵੇਂ ਮੈਂ ਭੁੱਖ ਨਾਲ ਮਰ ਹੀ ਜਾਵਾਂ।’ ਉਸ ਨੇ ਸਿੱਕੇ ਨੂੰ ਆਪਣੇ ਝੋਲੇ ਵਿਚ ਸਾਂਭ ਲਿਆ ਅਤੇ ਰੋਟੀ ਦੇ ਟੁਕੜਿਆਂ ਲਈ ਦਰ ਦਰ ਭਟਕਣ ਲੱਗਾ।

ਮਹਾਤਮਾ ਅਤੇ ਸ਼ਰਧਾਲੂ (ਮੁਸਾਫ਼ਰ)

ਇਕ ਸਮੇਂ ਇਕ ਫ਼ਕੀਰ ਸੀ ਜਿਸ ਦਾ ਨਾਂ ਸੀ ਅਬੁਲ ਹਸਨ। ਉਸ ਦੀਆਂ ਕਰਾਮਾਤਾਂ ਦੀਆਂ ਸਾਰੇ ਦੇਸ਼ ਵਿਚ ਧੁੰਮਾਂ ਪਈਆਂ ਸਨ। ਇਕ ਵਾਰ ਦੂਰ ਦੇਸ਼ ਤੋਂ ਇਕ ਸ਼ਰਧਾਲੂ ਉਸ ਨੂੰ ਮਿਲਣ ਵਾਸਤੇ ਹੀ ਆਇਆ ਪਰ ਜਦੋਂ ਉਹ ਫ਼

ਕੀਰ ਦੇ ਘਰ ਪਹੁੰਚਾ ਤਾਂ ਪਤਾ ਲੱਗਾ ਕਿ ਉਹ ਘਰ ਨਹੀਂ ਸੀ। ਰਾਹੀ ਨੇ ਫ਼ਕੀਰ ਦੀ ਘਰਵਾਲੀ ਤੋਂ ਪੁੱਚਿਆ, ‘ਫ਼ਕੀਰ ਗਏ ਕਿੱਥੇ ਹਨ?’ ਫ਼ਕੀਰ ਦੀ ਘਰ ਵਾਲੀ ਬੜੀ ਤੇਜ਼ ਜ਼ਨਾਨੀ ਸੀ ਤੇ ਬੋਲਣ ਦੀ ਵੀ ਬੜੀ ਕੌੜੀ ਤੇ ਕੱਬੀ ਸੀ। ਫ਼ਕੀਰ ਬਾਰੇ ਦੱਸਣ ਦੀ ਬਜਾਇ ਉਸ ਨੇ

ਘਰ ਵਾਲੇ ਨੂੰ ਗਾਲਾਂ ਵਾਹੁਣੀਆਂ ਸ਼ੁਰੂ ਕਰ ਦਿੱਤੀਆਂ ਤੇ ਬੜੀ ਹਿੰਸਕ ਬਣ ਗਈ ਜਿਸ ਨੂੰ ਸੁਣਕੇ ਮੁਸਾਫ਼ਿਰ ਦਾ ਫ਼ਕੀਰ ਦੀਆਂ ਕਰਾਮਾਤਾਂ ਤੋਂ ਵਿਸ਼ਵਾਸ ਉੱਠ ਗਿਆ, ਜਿਸ ਦੇ ਦਰਸ਼ਨਾਂ ਲਈ ਉਹ ਏਨੀ ਦੂਰੋਂ ਆਇਆ ਸੀ। ਫ਼ਕੀਰ ਦੇ ਘਰੋਂ ਤੁਰਨ ਸਮੇਂ ਮੁਸਾਫ਼ਿਰ ਨੇ ਗੁਆਂਢੀ ਤੋਂ ਪੁੱਛਿਆ ‘ਤੁਹਾਡਾ ਇਹ ਫ਼ਕੀਰ ਹੈ ਕਿੱਥੇ?’ ਉਨ੍ਹਾਂ ਨੇ ਜਵਾਬ ਦਿੱਤਾ ਕਿ, ‘ਉਹ ਪਹਾੜ ਵੱਲ ਬਾਲਣ ਲੈਣ ਵਾਸਤੇ ਗਿਆ ਹੋਇਆ ਹੈ।’

‘ਭਾਵੇਂ ਮੇਰਾ ਉਸ ਤੋਂ ਵਿਸ਼ਵਾਸ ਉੱਠ ਗਿਆ ਹੈ’, ਮੁਸਾਫ਼ਿਰ ਨੇ ਮਨ ਵਿਚ ਕਿਹਾ, ‘ਪਰ ਜਾਣ ਤੋਂ ਪਹਿਲਾਂ ਉਸ ਨੂੰ ਦੇਖਦਾ ਤਾਂ ਜਾਵਾਂ।’
ਇਸ ਤਰ੍ਹਾਂ ਸੋਚਦਾ ਉਹ ਜੰਗਲ ਵੱਲ ਤੁਰ ਪਿਆ। ਅਜੇ ਉਹ ਕੁਝ ਦੂਰ ਹੀ ਗਿਆ ਸੀ ਕਿ ਉਸ ਦਾ ਸਾਹਮਣਾ ਅੱਗੋਂ ਆਉਂਦੇ ਫ਼ਕੀਰ ਨਾਲ ਹੋ ਗਿਆ। ਫ਼ਕੀਰ ਦੀਆਂ ਲੱਕੜਾਂ ਚੀਤਾ ਚੁੱਕੀ ਲਿਜਾ ਰਿਹਾ ਸੀ ਅਤੇ ਉਸ ਦੇ ਆਪਣੇ ਹੱਥ ਵਿਚ ਛਾਂਟੇ ਦੀ ਥਾਂ ਸੱਪ ਫੜਿਆ ਹੋਇਆ ਸੀ। ਮੁਸਾਫ਼ਿਰ ਫ਼ਕੀਰ ਦੇ ਪੈਰੀਂ ਪੈ ਗਿਆ ਅਤੇ ਕਹਿਣ ਲੱਗਾ, ‘ਤੁਹਾਡੀ ਘਰਵਾਲੀ ਦੇ ਭੈੜੇ ਸ਼ਬਦ ਸੁਣ ਕੇ ਮੇਰਾ ਵਿਸ਼ਵਾਸ ਡੋਲ ਗਿਆ ਸੀ ਪਰ ਮੈਂ ਹੁਣ ਮਹਿਸੂਸ ਕਰ ਰਿਹਾ ਹਾਂ ਕਿ ਤੁਸੀਂ ਸੱਚਮੁੱਚ ਪਹੁੰਚੇ ਹੋਏ ਫ਼ਕੀਰ ਹੋ। ਮਿਹਰਬਾਨੀ ਕਰਕੇ ਮੈਨੂੰ ਮੁਆਫ਼ ਕਰ ਦਿਓ।’ ‘ਜਿਹੜਾ ਅਜਿਹੀ ਸਹਿਣਸ਼ੀਲਤਾ ਧਾਰਨ ਕਰਦਾ ਹੈ’, ਫ਼ਕੀਰ ਨੇ ਜਵਾਬ ਦਿੱਤਾ, ‘ਖਾਸ ਤੌਰ ‘ਤੇ ਝਗੜਾਲੂ ਔਰਤ ਦੇ ਨਾਲ ਵੀ, ਉਹ ਚੀਤੇ ਉੱਪਰ ਵੀ ਜਿੱਤ ਪ੍ਰਾਪਤ ਕਰ ਲੈਂਦਾ ਹੈ ਤੇ ਉਹ ਵੀ ਤੁਹਾਡਾ ਹੁਕਮ ਮੰਨਣ ਲੱਗ ਪੈਂਦਾ ਹੈ। ਸਹਿਣਸ਼ੀਲਤਾ ਰੱਬੀ ਦਾਤ ਹੈ। ਮੂੰਹ ਫੱਟ ਔਰਤ ਨੂੰ ਕੋਈ ਵੀ ਡਰਾ ਨਹੀਂ ਸਕਦਾ ਕਿਉਂਕਿ ਉਹ ਆਪ ਸ਼ੈਤਾਨ ਦਾ ਰੂਪ ਹੁੰਦੀ ਹੈ।

ਬਨੇਰਵਾਲਾਂ ਦਾ ਚਮਤਕਾਰ (ਮਾਣ)

ਬਨੇਰ ਦਾ ਇਕ ਗਰੀਬ ਆਦਮੀ ਕਮਾਈ ਕਰਨ ਅਤੇ ਕਿਸਮਤ ਅਜਮਾਉਣ ਹਿੰਦੁਸਤਾਨ ਨੂੰ ਚੱਲ ਪਿਆ। ਉੱਥੇ ਜਾ ਕੇ ਉਹ ਨਵਾਬ ਬਣ ਗਿਆ। ਉਸ ਦੇ ਇਕ ਸਿਥਦੇਦਾਰ ਨੇ ਉਸ ਦੀ ਮਹਿਮਾ ਸੁਣ ਕੇ ਉਸ ਨੂੰ ਮਿਲਣ ਜਾਣ ਦਾ ਫ਼ੈਸਲਾ ਕੀਤਾ। ਉਸ ਨੇ ਬਾਜ਼ਾਰ ਜਾ ਕੇ ਇਕ ਆਨੇ ਦਾ ਸੇਰ ਗੁੜ ਖਰੀਦਿਆ ਜੋ ਉਸ ਨੇ ਆਪਣੇ ਜਾਣਕਾਰ ਨਵਾਬ ਨੂੰ ਦੇਣ ਲਈ ਲਿਆ। ਲੰਮੇ ਸਫ਼ਰ ਤੋਂ ਬਾਅਦ ਉਹ ਮਹਿਲ ਵਿਚ ਪਹੁੰਚਾ ਤਾਂ ਉਹ ਕੀ ਦੇਖਦਾ ਹੈ ਕਿ ਨਵਾਬ ਆਪਣੇ ਮਿੱਤਰਾਂ ਵਿਚਕਾਰ ਬੈਠਾ ਹੈ। ਉਸ ਨੇ ਜਾਣਕਾਰ ਨਵਾਬ ਨੂੰ ਲਾਂਭੇ ਹੋ ਕੇ ਮਿਲਣ ਲਈ ਇਸ਼ਾਰੇ ਕੀਤੇ, ਸਿਰ ਮਾਰਿਆ ਤੇ ਹੱਥ ਹਿਲਾਇਆ ਤਾਂ ਕਿ ਉਹ ਉਸ ਨੂੰ ਮਿਲ ਸਕੇ ਅਤੇ ਉਸ ਨੂੰ ਲਿਆ ਗੁੜ ਦੇ ਸਕੇ। ਪਰ ਉਹ ਵੱਡੇ ਬੰਦੇ ਦਾ ਧਿਆਨ ਆਪਣੇ ਵੱਲ ਨਾ ਖਿੱਚ ਸਕਿਆ। ਅਖੀਰ ਤੇ ਜਦੋਂ ਨਵਾਬ ਨੂੰ ਲੱਗਿਆ ਕਿ ਹੁਣ ਉਹ ਆਪਣਾ ਮੂੰਹ ਖੋਲ੍ਹੇਗਾ ਤਾਂ ਉਸ ਨੇ ਆਪਣੇ ਨੌਕਰ ਨੂੰ ਬੁਲਾ ਕੇ ਕਿਹਾ, ‘ਉਸ ਅਜਨਬੀ ਬੰਦੇ ਨੂੰ ਤਹਿਖਾਨੇ ਵਿਚ ਲੈ ਜਾ ਜਿੱਥੇ ਮੇਰੀਆਂ ਗੁੜ ਦੀਆਂ ਬੋਰੀਆਂ ਪਈਆਂ ਹੋਈਆਂ ਹਨ। ਉਸ ਨੂੰ ਰੱਜ ਕੇ ਖੁਆ ਪਿਆ ਦੇ।’ ਇਸ ਤੋਂ ਬਾਅਦ ਉਸ ਨੇ ਆਪਣੇ ਪਿੰਡ ਵਾਲਿਆਂ ਲਈ ਖ਼ਤ ਲਿਖਵਾਇਆ ਜਿਸ ਵਿਚ ਸਖ਼ਤ ਤਾੜਨਾ ਕੀਤੀ ਗਈ ਸੀ ਕਿ ਇਸ ਤੋਂ ਬਾਅਦ ਉਸ ਦਾ ਕੋਈ ਵੀ ਰਿਸ਼ਤੇਦਾਰ ਪਾਟੇ ਪੁਰਾਣੇ ਕਪੜਿਆਂ ਵਿਚ ਉਸ ਕੋਲ ਆ ਕੇ ਉਸ ਨੂੰ ਦੁਖੀ ਨਾ ਕਰੇ ਤੇ ਨਾ ਗੁੜ ਭਿਜਵਾਏ।

ਝੂਠਾ ਗਵਾਹ

ਵਪਾਰੀਆਂ ਦਾ ਇਕ ਕਾਫ਼ਲਾ ਹਿੰਦੁਸਤਾਨ ਨੂੰ ਜਾਂਦਾ ਹੋਇਆ ਕਿਸੇ ਥਾਂ ਰਾਤ ਬਿਤਾਉਣ ਲਈ ਠਹਿਰਿਆ। ਸਵੇਰੇ ਵਪਾਰੀਆਂ ਨੇ ਦੇਖਿਆ ਕਿ ਇਕ ਊਠ ਦੀ ਪਿੱਠ ਤੇ ਏਡਾ ਜ਼ਖ਼ਮ ਸੀ ਕਿ ਉਸ ਉੱਪਰ ਕੁੱਝ ਵੀ ਲੱਦਿਆ ਨਹੀਂ ਸੀ ਜਾ ਸਕਦਾ। ਇਸ ਲਈ ਉਨ੍ਹਾਂ ਨੇ ਊਠ ਨੂੰ ਜੰਗਲ ਵਿਚ ਖੁਲ੍ਹਿਆਂ ਛੱਡ ਦਿੱਤਾ। ਇਉਂ ਉਸ ਨੂੰ ਕਾਫ਼ਲੇ ਨੇ ਉਥੇ ਹੀ ਛੱਡ ਦਿੱਤਾ। ਸਾਰਾ ਦਿਨ ਚਰ ਕੇ ਹੁਣ ਊਠ ਨੂੰ ਤੇਹ ਲੱਗ ਗਈ। ਉਸ ਨੂੰ ਇਕ ਗਿੱਦੜ ਮਿਲਿਆ ਜਿਸ ਨੂੰ ਉਹ ਕਹਿਮ ਲੱਗਾ, ”ਮਾਮਾ, ਮਾਮਾ ਮੈਨੂੰ ਬਹੁਤ ਤੇਹ ਲੱਗੀ ਹੈ, ਮੈਨੂੰ ਦੱਸੇਂਗਾ ਕਿ ਪਾਣੀ ਕਿੱਥੇ ਮਿਲੇਗਾ?’
‘ਮੈਂ ਦੱਸ ਸਕਦਾ ਹਾਂ ਕਿ ਪਾਣੀ ਕਿੱਥੇ ਮਿਲੇਗਾ, ਗਿੱਦੜ ਨੇ ਕਿਹਾ, ‘ਪਰ ਇਕ ਸ਼ਰਤ ‘ਤੇ ਕਿ ਮੈਂ ਤੇਰੀ ਜ਼ਖ਼ਮੀ ਪਿੱਠ ਦਾ ਮਾਸ ਖਾਵਾਂਗਾ, ਉਹ ਵੀ ਰੱਜ ਕੇ।’
‘ਮਨਜ਼ੂਰ ਹੈ’ ਊਠ ਨੇ ਜਵਾਬ ਦਿੱਤਾ, ‘ਚੱਲ ਹੁਣ ਮੈਨੂੰ ਪਾਣੀ ਦਿਖਾ?’
ਊਠ ਗਿੱਦੜ ਦਾ ਪਿੱਛੇ ਪਿੱਛੇ ਤੁਰ ਪਿਆ। ਅਖੀਰ ਉਹ ਇਕ ਨਦੀ ਤੇ ਪਹੁੰਚੇ। ਊਠ ਨੇ ਏਨਾ ਪਾਣੀ ਪੀਤਾ ਕਿ ਗਿੱਦੜ ਨੂੰ ਲੱਗਾ ਕਿ ਉਹ ਪਾਣੀ ਪੀਣੋਂ ਹਟੇਗਾ ਹੀ ਨਹੀਂ। ਪਾਣੀ ਪੀ ਕੇ ਊਠ ਨੇ ਗਿੱਦੜ ਨੂੰ ਆਪਣੀ ਪਿੱਢ ਦਾ ਮਾਸ ਖਾਣ ਲਈ ਕਿਹਾ। ”ਮਾਮਾ ਚਲ ਆ’, ‘ਊਠ ਨੇ ਕਿਹਾ, ‘ਹੁਣ ਤੂੰ ਮੇਰੀ ਜ਼ਖ਼ਮੀ ਪਿੱਠ ਦਾ ਮਾਸ ਖਾ ਸਕਦਾ ਹੈਂ।’
‘ਨਹੀਂ, ਗਿੱਦੜ ਨੇ ਇਨਕਾਰ ਕੀਤਾ, ‘ਤੂੰ ਆਪਣਾ ਵਾਅਦਾ ਭੁੱਲ ਗਿਆ ਹੈਂ। ਭਾਣਜੇ ਵਾਅਦਾ ਇਹ ਸੀ ਕਿ ਮੈਂ ਤੇਰੀ ਜੀਭ ਦਾ ਮਾਸ ਖਾਵਾਂਗਾ। ’ਜ਼ਖ਼ਮੀ ਪਿੱਠ ਲਈ ਸ਼ਬਦ ਹੈ ਚੀਘ ਤੇ ਜ਼ੁਬਾਨ ਲਈ ਸ਼ਬਦ ਹੈ ਜੀਭ)। ਖੁੱਸੜ ਤੇ ਗਲੀ ਹੋਈ ਪਿੱਠ ਦਾ ਮੈਂ ਕੀ ਕਰਨਾ ਹੈ। ਤੂੰ ਚੀਘ ਦਾ ਨਹੀਂ ਜੀਭ ਖੁਆਉਣ ਦਾ ਵਾਅਦਾ ਕੀਤਾ ਸੀ ਜੇ ਮੈਂ ਤੈਨੂੰ ਪਾਣੀ ਤੱਕ ਲੈ ਕੇ ਆਵਾਂ।’
‘ਚੱਲ ਠੀਕ ਹੈ’, ਊਠ ਬੋਲਿਆ, ‘ਤੂੰ ਆਪਣੀ ਗੱਲ ਸਾਬਿਤ ਕਰਨ ਲਈ ਕੋਈ ਗੁਆਹ ਪੇਸ਼ ਕਰ। ਤੂੰ ਜੀਭ ਹੀ ਖਾ ਲਈ।’
ਗਿੱਦੜ ਬਘਿਆੜ ਕੋਲ ਗਿਆ। ਉਸ ਨੇ ਝੂਠੀ ਮੂਠੀ ਦੀ ਕਹਾਣੀ ਸੁਣਾ ਕੇ ਉਸ ਨੂੰ ਝੂਠੀ ਗਵਾਹੀ ਦੇਣ ਲਈ ਮਨਾ ਲਿਆ। ’ਦੇਖ ਬਘਿਆੜ ਭਾਈ, ‘ਗਿੱਦੜ ਨੇ ਲਾਲਚ ਦਿੱਤਾ, ‘ਜੇ ਮੈਂ ਉਸ ਦੀ ਜੀਭ ਖਾਵਾਂਗਾ ਤਾਂ ਤੈਅ ਹੈ ਕਿ ਊਠ ਮਰ ਜਾਵੇਗਾ। ਫਿਰ ਅਸੀਂ ਊਠ ਦੇ ਮਾਸ ਨਾਲ ਰੱਜ ਕੇ ਦਾਅਵਤ ਉੜਾਵਾਂਗੇ ਅਤੇ ਆਪਣੇ ਮਿੱਤਰਾਂ ਨੂੰ ਵੀ ਖੁਆਵਾਂਗੇ। ਪਰ ਉਸ ਦੀ ਜ਼ਖ਼ਮੀ ਪਿੱਠ ਨੂੰ ਤਾਂ ਕੋਈ ਛੋਹੇਗਾ ਵੀ ਨਹੀਂ। ਇਹ ਤੈਅ ਕਰਕੇ ਦੋਨੋਂ ਊਠ ਕੋਲ ਪਹੁੰਚੇ।’ ਗਿੱਦੜ ਨੇ ਬਘਿਆੜ ਮੁਹਰੇ ਫਰਿਆਦ ਕੀਤੀ, ‘ਸਾਡੇ ਵਿਚ ਸਮਝੌਤਾ ਕੀ ਹੋਇਆ ਸੀ? ਕੀ ਇਹ ਫ਼ੈਸਲਾ ਨਹੀਂ ਸੀ ਹੋਇਆ ਕਿ ਜੇ ਮੈਂ ਊਠ ਨੂੰ ਪਾਣੀ ਦੀ ਦੱਸ ਪਾਵਾਂ ਤਾਂ ਉਹ ਮੈਨੂੰ ਆਪਣੀ ਜੀਭ ਦਾ ਮਾਸ ਖੁਆਏਗਾ?’
‘ਅਸਲ ਵਿਚ ਇਹ ਹੀ ਸਮਝੌਤਾ ਸੀ, ਬਘਿਆੜ ਨੇ ਪੱਕਾ ਕੀਤਾ। ਊਠ ਤੂੰ ਉਸ ਦੀ ਗੱਲ ਮੰਨ ਗਿਆ ਸੀ। ਚੱਟਾਨ ਦੇ ਪਿੱਛੇ ਬੈਠ ਮੈਂ ਸਭ ਕੁੱਝ ਸੁਣਿਆ ਸੀ।
‘ਚਲੋ ਇਵੇਂ ਹੀ ਸਹੀ, ‘ਊਠ ਨੇ ਕਿਹਾ, ‘ਤੁਸੀਂ ਦੋਨੋਂ ਝੂਠ ਮਾਰ ਕੇ ਸੁਆਦ ਲੈਂਦੇ ਹੋ, ਤੁਹਾਡੇ ਕੋਈ ਜ਼ਮੀਰ ਨਹੀਂ, ਚਲ ਗਿੱਦੜ ਆ ਤੇ ਮੇਰੀ ਜੀਭ ਖਾ।’ ਊਠ ਨੇ ਆਪਣੀ ਧੌਣ ਧਰਤੀ ਨਾਲ ਲਾ ਦਿੱਤੀ ਤਾਂ ਕਿ ਮਧਰੇ ਦੁਸ਼ਮਣ ਗਿੱਦੜ ਦੇ ਬਰਾਬਰ ਪਹੁੰਚ ਸਕੇ। ਪਰ ਗਿੱਦੜ ਨੇ ਬਘਿਆੜ ਨੂੰ ਕਿਹਾ, ‘ਮਿੱਤਰ ਮੈਂ ਕਿੰਨਾ ਛੋਟਾ ਤੇ ਕਮਜ਼ੋਰ ਹਾਂ, ਮੈਂ ਊਠ ਦੀ ਲੰਮੀ ਜੀਭ ਕਿਵੇਂ ਬਾਹਰ ਖਿੱਚ ਸਕਾਂਗਾ? ਕੀ ਤੂੰ ਮੇਰੀ ਜਗ੍ਹਾ ਇਹ ਕੰਮ ਨਹੀਂ ਕਰ ਸਕਦਾ?’
ਇਸ ਤੇ ਬਘਿਆੜ ਨੇ ਆਪਣਾ ਸਿਰ ਊਠ ਦੇ ਮੂੰਹ ਵਿਚ ਪਾਉਣ ਦਾ ਜੋਖ਼ਮ ਲੈ ਲਿਆ। ਊਠ ਨੇ ਉਸੇ ਸਮੇਂ ਆਪਣੇ ਤਕੜੇ ਜਬਾੜੇ ਮੀਟ ਲਏ ਅਤੇ ਆਪਣੇ ਦੁਸ਼ਮਣ ਦੀ ਖੋਪੜੀ ਚੂਰ ਚੂਰ ਕਰ ਦਿੱਤੀ। ਬਘਿਆੜ ਜਾਨੋਂ ਗਿਆ। ਇਸ ਦੌਰਾਨ ਗਿੱਦੜ ਨੱਚਦਾ, ਖੁਸ਼ੀ ਮਨਾਉਂਦਾ, ਟੀਕਾਂ ਮਾਰਦਾ ਦੌੜ ਪਿਆ।
ਝੂਠੇ ਗਵਾਹ ਦਾ ਇਹ ਹਾਲ ਹੋਣਾ ਸੀ। ਹੋਣਾ ਹੀ ਸੀ ਝੂਠੇ ਗਵਾਹ ਦਾ ਇਹ ਹਾਲ।

ਤੋਤੀ ਤੇ ਰਾਜਾ

ਪੁਰਾਣੇ ਸਮਿਆਂ ਦੀ ਗੱਲ ਹੈ ਜਦੋਂ ਪੰਛੀ ਆਦਮੀਆਂ ਵਾਂਗ ਬੋਲਣ ਦੀ ਕਲਾ ਜਾਣਦੇ ਸਨ ਅਤੇ ਸਿਆਣਪ ਵੀ ਰੱਖਦੇ ਸਨ। ਇਕ ਰਾਜਾ ਆਪਣੀ ਪਾਲੀ ਤੋਤੀ ਨੂੰ ਬਹੁਤ ਪਿਆਰ ਕਰਦਾ ਸੀ। ਰਾਜੇ ਲਈ ਤੋਤੀ ਨੂੰ ਹਿੱਕ ਨਾਲ ਲਾਉਣ, ਉਸ ਨਾਲ ਗੱਲਾਂ ਕਰਨ ਅਤੇ ਜਦੋਂ ਉਹ ਉਸ ਦੇ ਗੋਡੇ ‘ਤੇ ਬੈਠੀ ਹੋਵੇ ਹੱਥੀਂ ਚੂਰੀ ਖਵਾਉਣ ਵਿਚ ਬੜਾ ਆਨੰਦ ਲੈਂਦਾ ਸੀ। ਤੋਤੀ ਦੇ ਖੰਭ ੂਬੜੇ ਖੂਬਸੂਰਤ ਸਨ। ਉਹ ਰਾਜੇ ਦੇ ਪਿਆਰ ਦਾ ਜਵਾਬ ਆਪਣੇ ਹੀ ਢੰਗ ਨਾਲ ਦਿੰਦੀ। ਉਹ ਹਜ਼ਾਰਾਂ ਨਖਰੇ ਕਰਦੀ ਅਤੇ ਭਾਂਤ-ਸੁਭਾਂਤੀ ਬੋਲੀ ਬੋਲਦੀ।
ਇਕ ਬਾਰ ਬਸੰਤ ਦੀ ਸਵੇਰ ਦੇ ਨਿੱਘ ਵਿਚ ਜਦੋਂ ਤੋਤੀ ਦੇ ਹਰੇ ਖੰਭ ਲਹਿਰਾ ਰਹੇ ਸਨ ਤਾਂ ਉਸ ਨੇ ਰਾਜੇ ਅੱਗੇ ਅਰਜ਼ ਕੀਤੀ, ‘ਬਹੁਤ ਦੇਰ ਹੋ ਗਈ ਹੈ ਮੈਨੂੰ ਆਪਣੇ ਘਰ ਤੋਂ ਆਇਆਂ। ਮੈਨੂੰ ਉੱਠਣ ਦੀ ਛੁੱਟੀ ਦਿਉ ਤਾਂ ਕਿ ਮੈਂ ਆਪਣੇ ਪਿਆਰੇ ਘਰ ਦੇ ਦਰਸ਼ਨ ਕਰ ਸਕਾਂ।’
ਪਰ ਰਾਜੇ ਨੇ ਉਸ ਨੂੰ ਛੁਵੱਟੀ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਵੀ ਉਸ ਨਾਲੋਂ ਵੱਖ ਨਹੀਂ ਸੀ ਹੋਣਾ ਚਾਹੁੰਦਾ। ਕਈ ਦਿਨ ਦੀਆਂ ਬਾਰ-ਬਾਰ ਬੇਨਤੀਆਂ ਤੋਂ ਬਾਅਦ ਰਾਜੇ ਨੇ ਬੜੀ ਅਣਮੰਨੇ ਦਿਲ ਨਾਲ ਉਸ ਨੂੰ ਛੁੱਟੀ ਦਿੱਤੀ।
‘ਪਿਆਰੇ ਪੰਛੀ। ਆਪਣੇ ਵਤਨ ਜਾਉ ਅਤੇ ਜਦੋਂ ਛੇ ਮਹੀਨੇ ਬਾਅਦ ਵਾਪਿਸ ਆਉ ਤਾਂ ਮੇਰੇ ਲਈ ਅਜਿਹੀ ਨਿਸ਼ਾਨੀ ਲੈ ਕੇ ਆਉਣਾ ਜੋ ਸਦਾ ਲਈ ਯਾਦ ਰੱਖਣ ਯੋਗ ਹੋਵੇ। ਜੋ ਅਮਰ ਹੋਵੇ ਤੇ ਜਿਸ ਤੋਂ ਤੇਰੀ ਯਾਦ ਹਮੇਸ਼ਾ ਆਵੇ।’
‘ਮੈਂ ਤੁਹਾਡੇ ਕੋਲ ਹੋਵਾਂ ਜਾਂ ਨਾ ਹੋਵਾਂ’, ‘ਤੋਤੀ ਨੇ ਜਵਾਬ ਦਿੱਤਾ, ‘ਤੁਹਾਡੇ ਲਈ ਮੇਰੇ ਪਿਆਰ ਵਿਚ ਕੋਈ ਕਮੀ ਨਹੀਂ ਆਵੇਗੀ।’
ਇਸ ਤਰ੍ਹਾਂ ਰਾਜੇ ਅਤੇ ਉਸ ਦੀ ਚਹੇਤੀ ਨੇ ਬੜੀ ਮਾਸੂਮ ਵਿਦਾਈ ਲਈ। ਦੋਨਾਂ ਨੇ ਇਕ ਦੂਜੇ ਨੂੰ ਛੋਟੇ ਛੋਟੇ ਚੁੰਮਣ ਦਿੱਤੇ। ਤੋਤੀ ਨੇ ਸੁਨਹਿਰੀ ਖੰਭ ਫੈਲਾਏ ਅਤੇ ਆਪਣੇ ਵਤਨ ਵਲ ਉੱਡ ਪਈ। ਉਹ ਇਕ ਦਰਖ਼ਤ ਤੋਂ ਦੂਜੇ ਦਰਖ਼ਤ ਤਕ ਜਾਂਦੀ, ਇਕ ਪਹਾੜੀ ਤੋਂ ਦੂਜੀ ਪਹਾੜੀ ਤਕ ਗਈ ਅਤੇ ਇਵੇਂ ਉਸ ਨੇ ਮੀਲਾਂ ਦਾ ਪੰਧ ਮੁਕਾਇਆ।
ਰਾਜਾ ਉਸ ਦੇ ਜਾਣ ਦੀ ਦਿਸ਼ਾ ਜਾਣਦਾ ਸੀ। ਉਸ ਨੇ ਆਪਣੇ ਕੁਝ ਦਰਬਾਰੀਆਂ ਨੂੰ ਉਸ ਤੋਤੀ ਦਾ ਪਿੱਛਾ ਕਰਨ ਲਈ ਕਿਹਾ ਅਤੇ ਉਸ ਦੀਆਂ ਰਕਤਾਂ ਉੱਪਰ ਨਜ਼ਰ ਰੱਖਣ ਲਈ ਕਿਹਾ। ਇਹ ਬੜਾ ਲੰਬਾ ਸਫ਼ਰ ਸੀ, ਤਕਰੀਬਨ ਸੌ ਮੀਲ ਦਾ ਸਫ਼ਰ ਉਹ ਵੀ ਜੰਗਲਾਂ ਵਿਚੋਂ ਜਾਣਾ ਪਿਆ। ਅਖ਼ੀਰ ਉਹ ਬੰਜਰ ਜ਼ਮੀਨ ਉੱਪਰ ਪਹੁੰਚੇ। ਇੱਥੇ ਹਰਿਆਲੀ ਦਾ ਇਕ ਤਿਨਕਾ ਤੱਕ ਨਜ਼ਰ ਨਹੀਂ ਸੀ ਆਉਂਦਾ। ਹਵਾ ਸਾਂ ਸਾਂ ਕਰ ਰਹੀ ਸੀ। ਇਸ ਉਜਾੜ ਤੋਂ ਬਾਅਦ ਦਰਬਾਰੀ ਇਕ ਵੱਡੇ ਦਰਿਆ ਤੱਕ ਪਹੁੰਚੇ। ਇਸ ਦਰਿਆ ਨੂੰ ਪਾਰ ਕਰਨ ਲਾ ਉਨ੍ਹਾਂ ਪਾਸ ਕੋਈ ਸਾਧਨ ਨਹੀਂ ਸੀ। ਉਹ ਰਸਤਾ ਲੱਭਣ ਦਾ ਯਤਨ ਕਰ ਹੀ ਰਹੇ ਸਨ ਕਿ ਉਨ੍ਹਾਂ ਦੀ ਨਿਗਾਹ ਦਰਿਆ ਕੰਢੇ ਦਰੱਖਤਾਂ ਦੇ ਝੁਰਮਟ ਉੱਪਰ ਪਈ। ਇਕ ਦਰੱਖਤ ਦੀ ਝੁਕੀ ਡਾਲ੍ਹੀ ਉੱਪਰ ਆਲ੍ਹਣਾ ਪਿਆ ਸੀ। ਦਰਬਾਰੀਆਂ ਨੂੰ ਹੈਰਾਨੀ ਹੋਈ ਜਦੋਂ ਰਾਜੇ ਦੀ ਚਹੇਤੀ ਤੋਤੀ ਇਸ ਆਲ੍ਹਣੇ ਵਿਚ ਜਾ ਬੈਠੀ। ਕਦੇ ਕਦਾਈਂ ਹਵਾ ਦਾ ਬੁਲ੍ਹਾ ਆਉਂਦਾ ਅਤੇ ਟਾਹਣੀ ਨੂੰ ਇਉਂ ਝੁਲਾਉਂਦਾ ਕਿ ਠੰਢੇ ਪਾਣੀ ਵਿਚ ਡੁੱਬਦੀ।
ਇਹ ਸਾਰਾ ਕੁਝ ਦੇਖ ਕੇ ਦਰਬਾਰੀ ਮਹਿਲ ਵਿਚ ਪਰਤ ਆਏ। ਉਨ੍ਹਾਂ ਜੋ ਦੇਖਿਆ ਸੀ ਉਹ ਸਾਰਾ ਕੁਝ ਕਹਿ ਸੁਣਾਇਆ। ਕੁਦਰਤੀ ਹੀ ਰਾਜਾ ਬਹੁਤ ਹੈਰਾਨ ਹੋਇਆ ਕਿ ਇਕ ਇਨਾਂ ਸਿਆਣਾ ਤੇ ਹਸਾਸ ਪ੍ਰਾਣੀ ਇਕ ਖੂਬਸੂਰਤ ਰਿਹਾਇਸ਼ ਅਤੇ ਸੁਆਦੀ ਭੋਜਨ ਦਾ ਤਿਆਗ ਕਰਕੇ ਉਜਾੜ ਬੀਆਬਾਨ ਵਿਚ ਅਜਿਹੀ ਥਾਂ ਨੂੰ ਪਹਿਲ ਦੇਵੇ ਪਰ ਰਾਜਾ ਬੁੱਧੀਮਾਨ ਅਤੇ ਦੂਰਦਰਸ਼ੀ ਸੀ। ਉਸ ਨੇ ਇਸ ਅਸਾਧਾਰਨ ਸਥਿਤੀ ਨੂੰ ਬਿਆਨ ਕਰਦਿਆਂ ਦਰਬਾਰੀਆਂ ਨੂੰ ਕਿਹਾ, ‘ਇਸ ਤੋਂ ਅਸਲ ਸੁਭਾਅ ਦਾ ਪਤਾ ਚੱਲਦਾ ਹੈ। ਕੋਈ ਕਿੰਨਾ ਵੀ ਗਰੀਬ ਤੇ ਨਿਤਾਣਾ ਕਿਉਂ ਨਾ ਹੋਵੇ ਉਸ ਨੂੰ ਆਪਣਾ ਘਰ ਹੀ ਸਭ ਤੋਂ ਵਧੀਆ ਤੇ ਆਰਾਮਦਾਇਕ ਲੱਗਦਾ ਹੈ। ਇਹੀ ਕਾਰਨ ਹੈ ਕਿ ਸਾਡੀ ਪਿਆਰੀ ਤੋਤੀ ਲਈ ਵੀ ਤੀਲਿਆਂ ਦਾ ਭਿੱਜਿਆ ਆਲ੍ਹਣਾ ਹੀ ਦੁਨੀਆਂ ਦਾ ਸਭ ਤੋਂ ਵੱਡਾ ਸਵਰਗ ਹੈ।’
ਛੇ ਮਹੀਨੇ ਹੋ ਚੁੱਕੇ ਸਨ। ਤੋਤੀ ਨੇ ਆਪਣੇ ਛੋਟਿਆਂ ਬੱਚਿਆਂ ਨੂੰ ਵੱਡਾ ਤੇ ਉਡਾਰੂ ਕੀਤਾ ਅਤੇ ਰਾਜੇ ਦੇ ਮਹਿਲ ਨੂੰ ਜਾਣ ਲਈ ਤਿਆਰ ਹੋ ਗਈ। ਪਰ ਉਸ ਨੇ ਆਪਣਾ ਕੀਤਾ ਵਾਅਦਾ ਵੀ ਪੂਰਾ ਕਰਨਾ ਸੀ। ਉਸ ਨੇ ਰਾਜੇ ਲਈ ਕੋਈ ਅਮਰ ਸੌਗਾਤ ਵੀ ਲੈ ਕੇ ਜਾਣੀ ਸੀ। ਇਸ ਲਈ ਤੋਤੀ ਪਰੀਆਂ ਦੇ ਬਾਗ ਵਿਚ ਗਈ ਅਤੇ ਬਾਗ ਦੇ ਵਿਚਕਾਰ ਖੜ੍ਹੇ ਇਕ ਜਾਦੂਈ ਦਰਖ਼ਤ ਤੋਂ ਉਸਨੇ ਦੋ ਛੋਟੇ-ਝੋਟੇ ਲਾਲ ਸੂਹੇ ਸੇਬ ਤੋੜੇ ਅਤੇ ਵਾਪਿਸੀ ਲਈ ਉੱਡ ਪਈ। ਜਿਉਂ ਹੀ ਉਹ ਦਰਬਾਰ ਵਿਚ ਪਹੁੰਚੀ ਸਾਰਿਆਂ ਨੂੰ ਇਸ ਦਾ ਪਤਾ ਲੱਗ ਗਿਆ। ਸਾਰਿਆਂ ਨੇ ਪੂਰੇ ਉਤਸ਼ਾਹ ਨਾਲ ਉਸ ਦਾ ਸਵਾਗਤ ਕੀਤਾ।
ਉਸ ਨੇ ਪਰੀਆਂ ਦੇ ਬਾਗ ਤੋਂ ਲਿਆਂਦੇ ਸੇਬ ਰਾਜੇ ਨੂੰ ਭੇਟ ਕੀਤੇ ਤਾਂ ਕਿ ਉਸ ਦੀ ਗੈਰ ਹਾਜ਼ਰੀ ਦੀ ਕੁਝ ਭਰਪਾਈ ਹੋ ਸਕੇ। ਪਰ ਰਾਜਾ ਤਾਂ ਸ਼ੱਕੀ ਸੀ ਜਿਵੇਂ ਕਿ ਸਾਰੇ ਰਾਜੇ ਹੁੰਦੇ ਹੀ ਹਨ। ਉਸ ਨੇ ਸੇਬਾਂ ਨੂੰ ਵੀ ਸ਼ੱਕੀ ਨਗਾਹ ਨਾਲ ਦੇਖਿਆ ਅਤੇ ਇਕ ਸੇਬ ਚੁੱਕ ਕੇ ਆਪਣੇ ਸ਼ਿਕਾਰੀ ਕੁੱਤੇ ਨੂੰ ਪਾ ਦਿੱਤਾ। ਕੁੱਤਾ ਸੇਬ ਨੂੰ ਭੁੱਖਿਆਂ ਵਾਂਗ ਪਿਆ। ਪਰ ਜਿਉਂ ਹੀ ਉਸ ਨੇ ਅਜਿਹਾ ਕੀਤਾ ਉਹ ਧਰਤੀ ‘ਤੇ ਲੇਟਣ ਲੱਗ ਪਿਆ ਅਤੇ ਤੜਪ-ਤੜਪ ਕੇ ਆਪਣੀ ਜਾਨ ਦੇ ਗਿਆ। ਇਕ ਛਿਣ ਲਈ ਵੀ ਸੋਚ ਵਿਚਾਰ ਕਰਨ ਦੀ ਬਜਾਇ ਰਾਜਾ ਉੱਠਿਆ। ਉਸ ਦੀਆਂ ਅੱਖੀਆਂ ਵਿਚ ਅੰਗਿਆਰ ਨਿਕਲ ਰਹੇ ਸਨ। ਉਸ ਨੇ ਤੋਤੀ ਨੂੰ ਫੜ ਕੇ ਉਸ ਦੀ ਧੋਣ ਮਰੋੜ ਦਿੱਤੀ। ਉਸ ਨੇ ਹੁਕਮ ਦਿੱਤਾ ਕਿ ਬਾਕੀ ਦੇ ਬਚਦੇ ਸੇਬ ਬਾਹਰ ਸੁੱਟ ਦਿੱਤੇ ਜਾਣ।
ਪਰ ਸੇਬਾਂ ਵਿਚ ਜਾਦੂਈ ਸ਼ਕਤੀ ਸੀ। ਜਿਉਂ ਹੀ ਸੇਬ ਝਰੋਖੇ ਵਿਚੋਂ ਬਾਹਰ ਸੁੱਟਿਆ ਗਿਆ, ਇਸ ਵਿਚੋਂ ਇਕ ਦਰੱਖਤ ਸੇਬਾਂ ਦਾ ਉੱਗ ਪਿਆ। ਦੇਖਦੇ-ਦੇਖਦੇ ਇਹ ਅਸਮਾਨ ਨੂੰ ਜਾ ਲੱਗਾ ਅਤੇ ਇਸ ਨੂੰ ਅਣਗਿਣਤ ਸੇਬ ਲੱਗ ਗਏ। ਇਹ ਦੱਸਣ ਦੀ ਲੋੜ ਨਹੀਂ ਕਿ ਕੋਈ ਵੀ ਇਸ ਦੇ ਨੇੜੇ ਜਾਣ ਦਾ ਸੁਪਨਾ ਵੀ ਨਹੀਂ ਸੀ ਲੈ ਸਕਦਾ। ਰਾਜੇ ਨੇ ਹੁਕਮ ਕੀਤਾ ਕਿ ਹਰ ਕੋਈ ਇਸ ਤੋਂ ਪੰਜਾਹ ਗਜ਼ ਦੂਰ ਰਹੇ। ਇਸ ਦਰੱਖਤ ਦਾ ਨਾਂ ਮੌਤ ਦਾ ਦਰਖਤ ਪੈ ਗਿਆ, ਕਿਉਂਕਿ ਇਸ ਨੇ ਸ਼ਿਕਾਰੀ ਕੁੱਤੇ ਨੂੰ ਮਾਰ ਦਿੱਤਾ ਸੀ।
ਰਾਜੇ ਦਾ ਬਾਗ ਬੜਾ ਲੰਮਾ ਚੌੜਾ ਸੀ। ਇਸ ਦੇ ਇਕ ਕੋਮੇ ਵਿਚ ਬੰਗੀ ਤੇ ਭੰਗਣ ਕੁੱਲੀ ਪਾ ਕੇ ਆਪਣਾ ਗੁਜ਼ਾਰਾ ਕਰਦੇ ਸਨ। ਕੁੱਲੀ ਤਬੇਲੇ ਦੇ ਪਿਛਲੇ ਪਾਸੇ ਸੀ ਤੇ ਉਨ੍ਹਾਂ ਦਾ ਕੰਮ ਤਬੇਲੇ ਦੀ ਸਾਫ਼ ਸਫਾਈ ਕਰਨਾ ਸੀ। ਦੋਨੋਂ ਬੜੇ ਦੁਖੀ ਸਨ, ਗਰੀਬ ਬੁੱਢੇ ਸਨ ਜਿਨ੍ਹਾਂ ਦੇ ਸਰੀਰ ਹਿਲਦੇ ਸਨ। ਇਕ ਰਾਤ ਜਦੋਂ ਦੋਨੋਂ ਆਪਣੀ ਕਿਸਮਤ ਨੂੰ ਕੋਸ ਰਹੇ ਸਨ ਤਾਂ ਭੰਗੀ ਨੇ ਭੰਗਣ ਨੂੰ ਕਿਹਾ, ‘ਦੇਖ ਅਸੀਂ ਕਿੰਨੇ ਗਏ ਗੁਜ਼ਰੇ ਹਾਂ। ਹੁਣ ਤਾਂ ਜ਼ਿੰਦਗੀ ਵੀ ਬੋਝ ਬਣ ਗਈ ਹੈ। ਬਥੇਰਾ ਜੀ ਲਿਆ। ਚਲ ਅਸੀਂ ਦੋਨੋਂ ਮੌਤ ਦੇ ਦਰਖ਼ਤ ਤੋਂ ਸੇਬ ਖਾ ਕੇ ਇਸ ਦੁਨੀਆਂ ਨੂੰ ਅਲਵਿਦਾ ਕਹੀਏ।’
ਸਲਾਹ ਕਰਕੇ ਦੋਨਾਂ ਨੇ ਮੌਤ ਦੇ ਦਰੱਖ਼ਤ ਤੋਂ ਇਕ ਸੇਬ ਤੋੜਿਆ ਅਤੇ ਆਪਣੀ ਵੱਲੋਂ ਜ਼ਿੰਦਗੀ ਦਾ ਆਖਰੀ ਫਲ ਖਾ ਲਿਆ। ਪਰ ਹੋਇਆ ਕੀ? ਇਕ ਚਮਤਕਾਰ। ਦੋਨੋਂ ਧਰ ਤੇ ਮੌਤ ਦੀ ਨੀਂਦ ਸੌਣ ਦੀ ਬਜਾਇ, ਜਵਾਨ ਹੋ ਗਏ ਤੇ ਬੇਹੱਦ ਖੂਬਸੂਰਤ ਵੀ। ਉਨ੍ਹਾਂ ਦੇ ਸਰੀਰ ਦਾ ਹਰੇਕ ਅੰਗ ਨਵੀਂ ਤਾਕਤ ਨਾਲ ਮਜ਼ਬੂਤ ਬਣ ਗਿਆ।
ਅਗਲੀ ਸਵੇਰ ਜਦੋਂ ਘੋੜਿਆਂ ਦਾ ਮਾਲਕ ਆਇਆ ਉਸ ਨੇ ਦੋ ਅਜਨਬੀ ਦੇਖੇ ਜੋ ਸ਼ਾਹੀ ਬਾਗ ਵਿਚ ਬਾਹਰੋਂ ਆਏ ਲੱਗਦੇ ਸਨ। ਉਸ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਕੌਣ ਹਨ ਅਤੇ ਸ਼ਾਹੀ ਬਾਗ ਵਿਚ ਉਹ ਕਿਵੇਂ ਅੰਦਰ ਆਏ ਹਨ?
‘ਅਸੀਂ ਬਾਹਰੋਂ ਨਹੀਂ ਆਏ’, ਉਨ੍ਹਾਂ ਨੇ ਜਵਾਬ ਦਿੱਤਾ, ‘ਅਸੀਂ ਦੋਨੋਂ ਬੁੱਢੇ ਭੰਗੀ, ਭੰਗਣ ਹਾਂ ਜਿਹੜੇ ਇਸੇ ਕੁੱਲ੍ਹੀ ਵਿਚ ਕਈ ਦਿਨਾਂ ਤੋਂ ਰਹਿ ਰਹੇ ਹਾਂ। ਜ਼ਿੰਦਗੀ ਤੋਂ ਤੰਗ ਆਇਆਂ ਨੇ ਅਸੀਂ ਮੌਤ ਦੇ ਦਰੱਖ਼ਤ ਤੋਂ ਸੇਬ ਖਾਧੇ ਸਨ ਪਰ ਰੱਬ ਦੀ ਕਿਰਪਾ ਨਾਲ ਮਰਨ ਦੀ ਬਜਾਇ ਅਸੀਂ ਸਗੋਂ ਜਵਾਨ ਹੋ ਗਏ ਹਾਂ।’
ਜਦੋਂ ਮਾਲਕ ਨੇ ਇਹ ਅਚੰਭੇ ਵਾਲਾ ਬਿਰਤਾਂਤ ਸੁਣਿਆ ਤਾਂ ਉਹ ਹੈਰਾਨ ਰਹਿ ਗਿਆ। ਉਨ੍ਹਾਂ ਨੂੰ ਰਾਜੇ ਅੱਗੇ ਪੇਸ਼ ਕੀਤਾ ਗਿਆ।
‘ਮਹਾਰਾਜ’ ਉਸ ਨੇ ਕਿਹਾ, ‘ਇਹ ਦੋਨੋਂ ਅਜੀਬ ਬਿਰਤਾਂਤ ਸੁਣਾਉਂਦੇ ਹਨ, ਤੁਸੀਂ ਵੀ ਸੁਣੋ।’
ਦੋਨਾਂ ਨੇ ਰਾਜੇ ਨੂੰ ਸਾਰੀ ਹੋਈ ਬੀਤੀ ਸੁਣਾ ਦਿੱਤੀ। ਉਨ੍ਹਾਂ ਗੋਡਿਆਂ ਭਾਰ ਹੋ ਕੇ ਮੁਆਫ਼ੀ ਮੰਗੀ ਕਿ ਉਨ੍ਹਾਂ ਨੇ ਮਹਾਰਾਜ ਦੇ ਹੁਕਮ ਦੀ ਉਲੰਘਣਾ ਕੀਤੀ ਹੈ।
ਰਾਜੇ ਨੂੰ ਇਸ ਉੱਪਰ ਬੇਹੱਦ ਸ਼ੰਕਾ ਹੋਈ ਅਤੇ ਉਹ ਉਨ੍ਹਾਂ ਨੂੰ ਸਜ਼ਾ ਦੇਣ ਦੀ ਸੋਚ ਰਿਹਾ ਸੀ ਪਰ ਘੋੜਿਆਂ ਦੇ ਮਾਲਕ ਦੇ ਕਹਿਣ ਤੇ ਉਨ੍ਹਾਂ ਨੂੰ ਇਸ ਲਈ ਬਖਸ਼ ਦਿੱਤਾ ਗਿਆ ਕਿ ਉਨ੍ਹਾਂ ਦੇ ਕਹੇ ਦੀ ਸੱਚਾਈ ਦਾ ਪਤਾ ਲਗਾਇਆ ਜਾ ਸਕੇ।
ਰਾਜੇ ਨੇ ਦਰਬਾਰ ਦੇ ਸਭ ਤੋਂ ਵੱਡੀ ਉਮਰ ਦੇ ਦਰਬਾਰੀ ਨੂੰ ਚਮਕਦਾਰ ਫਲ ਲਿਆਉਣ ਲਈ ਕਿਹਾ ਜਿਨ੍ਹਾਂ ਨੇ ਇਹ ਕੌਤਕ ਵਰਤਾਇਆ ਸੀ। ਬੁੱਢਾ ਦਰਬਾਰੀ ਤੁਰੰਤ ਗਿਆ ਅਤੇ ਜਦ ਮੁੜਿਆ ਤਾਂ ਉਸ ਦੇ ਹੱਥ ਵਿਚ ਛੋਟੇ ਲਾਲ-ਸੂਹੇ ਸੇਬਾਂ ਦੀ ਇਕ ਛੋਟੀ ਭਰੀ ਹੋਈ ਟੋਕਰੀ ਸੀ।
‘ਮਹਾਰਾਜ’, ਉਸ ਨੇ ਕਿਹਾ, ”ਮੈਂ ਤੁਹਾਡਾ ਹੁਕਮ ਬਜਾ ਦਿੱਤਾ ਹੈ।’
‘ਹੁਣ ਸੇਬ ਖਾਉ।’ ਰਾਜੇ ਨੇ ਹੋਰ ਹੁਕਮ ਕੀਤਾ। ਦਰਬਾਰੀ ਨੇ ਕਿਸੇ ਹੀਲ ਹੁੱਜਤ ਦੇ ਬਗੈਰ ਸੇਬ ਖਾਣ ਲਈ ਹੱਥ ਵਧਾਇਆ। ਉਸ ਨੇ ਇਕ ਚਮਕਦਾਰ ਸੇਬ ਨੂੰ ਇਕ ਦੰਦੀ ਵੱਢੀ। ਸਿਰੇ ਫਿਰੇ ਰਾਜੇ ਦਾ ਦਿਮਾਗ ਇਕਦਮ ਟਿਕਾਣੇ ਆ ਗਿਆ। ਉਸ ਦੀ ਤਸੱਲੀ ਹੋ ਗਈ। ਉਸ ਦੇ ਸਾਹਮਣੇ ਝੁਰੜੀਆਂ ਭਰੇ ਚਿਹਰੇ ਵਾਲਾ ਬੁੱਢਾ ਦਰਬਾਰੀ ਨੌਜਵਾਨ ਬਣ ਰਿਹਾ ਸੀ ਜੋ ਸਿੱਧਾ ਖੜਾ ਹੋ ਗਿਆ। ਇਹ ਹੈਰਾਨੀ ਦੀ ਗੱਲ ਸੀ ਕਿ ਸਖ਼ਤ ਹੁਕਮਰਾਨ ਆਪਣੀ ਉੱਚੀ ਹੈਸੀਅਤ ਭੁੱਲ ਗਿਆ। ਉਹ ਉੱਠਿਆ ਅਤੇ ਰਸੇ ਸੇਬ ਦਾ ਸੁਆਦ ਲੈਣ ਲੱਗਾ। ਸਾਰੇ ਦਰਬਾਰ ਨੂੰ ਮਹਾਰਾਜ ਵਾਂਗ ਹੀ ਸੇਬ ਖਾਣ ਲਈ ਕਿਹਾ ਗਿਆ। ਇਸ ਤਰ੍ਹਾਂ ਇਕ ਦਿਨ ਵਿਚ ਹੀ ਸਾਰੇ ਜਾਗੀਰਦਾਰ ਉਨ੍ਹਾਂ ਦੀਆਂ ਪਤਨੀਆਂ ਜਿਹੜੀਆਂ ਆਪਣੀ ਉਮਰ ਭੋਗ ਚੁੱਕੀਆਂ ਸਨ ਸੁੰਦਰ ਤੇ ਜਵਾਨ ਬਣ ਗਈਆਂ.
ਰਾਜੇ ਨੇ ਸਿਆਣਿਆਂ, ਜੋਤਸ਼ੀਆਂ ਅਤੇ ਨਜ਼ੁਮੀਆਂ ਨੂੰ ਸੱਦਿਆ ਉਹ ਇਸ ਚਮਤਕਾਰ ਦੀ ਵਿਆਖਿਆ ਕਰਨ। ਇਸੇ ਸੇਬ ਨੂੰ ਖਾਣ ਲਈ ਸ਼ਿਕਾਰੀ ਕੁੱਤੇ ਦੀ ਮੌਤ ਹੋ ਗਈ ਸੀ। ਆਪਣੇ ਮੰਤਰ ਪੜ੍ਹ ਕੇ ਅਤੇ ਫਲ ਪਾ ਕੇ ਇਸੇ ਨਤੀਜੇ ‘ਤੇ ਪਹੁੰਚੇ ਕਿ ਪਹਿਲੇ ਸੇਬ ਨੂੰ ਸੱਪ ਨੇ ਡੰਗਿਆ ਹੋਇਆ ਸੀ। ਇਹ ਸੱਪ ਪਰੀਆਂ ਦੇ ਬਾਗ ਦੇ ਉਸ ਦਰਖ਼ਤ ਉੱਪਰ ਲੁਕਿਆ ਹੋਇਆ ਸੀ। ਉਸ ਦਾ ਜ਼ਹਿਰ ਸੇਬ ‘ਤੇ ਪਿਆ ਜਿਸ ਨੇ ਸ਼ਿਕਾਰੀ ਕੁੱਤੇ ਦੀ ਜਾਨ ਲਈ। ਤੋਤੀ ਕਿਸੇ ਵੀ ਤਰ੍ਹਾਂ ਇਸ ਮੌਤ ਦੀ ਜ਼ਿੰਮੇਵਾਰ ਨਹੀਂ ਸੀ। ਰਾਜਾ ਬੜਾ ਇਮਾਨਦਾਰ ਅਤੇ ਖੁਲ੍ਹਦਿਲਾ ਸੀ। ਉਸ ਨੇ ਆਪਣੀ ਚਹੇਤੀ ਤੋਤੀ ਦੇ ਮਰਨ ਦਾ ਬੇਹੱਦ ਅਫ਼ਸੋਸ ਕੀਤਾ। ਉਹ ਹੁਣ ਜੋ ਕਰ ਸਕਦਾ ਸੀ ਉਸ ਨੇ ਕੀਤਾ। ਉਸ ਨੇ ਤੋਤੀ ਦੀ ਯਾਦ ਵਿਚ ਬਹੁਤ ਸੁੰਦਰ ਮਕਬਰਾ ਬਣਾਇਆ। ਇਸ ਤੋਂ ਬਾਅਦ ਤੋਤੀ ਨੂੰ ਇਕ ਫਕੀਰ ਵਾਂਗ ਪੂਜਿਆ ਜਾਣ ਲੱਗਾ। ਰਾਜੇ ਦੀ ਪਰਜਾ ਉਸ ਦੀ ਪੂਜਾ ਕਰਨ ਲੱਗੀ ਅਤੇ ਸਾਰੇ ਦੁਨੀਆ ਤੋਂ ਸ਼ਰਧਾਲੂ ਉੱਥੇ ਆਉਣ ਲੱਗੇ।