
ਲੜੀਵਾਰ ਕਾਲਮ : ਰਾਤਾਂ ਦੀਆਂ ਬਾਤਾਂ
ਡਾ. ਕਰਮਜੀਤ ਸਿੰਘ
ਲੱਲੂ ਕਰੇ ਵਲੱਲੀਆਂ…
ਇਕ ਵਾਰ ਇਕ ਮੂਰਖ ਰਹਿੰਦਾ
ਸੀ। ਸਾਰੇ ਉਸਨੂੰ ਲੱਲੂ ਕਹਿ ਕੇ ਬੁਲਾਉਂਦੇ ਸਨ। ਲੱਲੂ ਦਾ ਜੰਮਦਿਆਂ ਹੀ ਪਿਉ ਗੁਜ਼ਰ ਗਿਆ। ਪੁਰਾਣੀ ਕਹਾਵਤ ਹੈ ਕਿ ਪਿਉ-ਬਾਹਰਾ ਮੁੰਡਾ ਰਾਜੇ ਤੋਂ ਘੱਟ ਨਹੀਂ ਹੁੰਦਾ। ਲੱਲੂ ਬਾਰੇ ਤਾਂ ਇਹ ਹੋਰ ਵੀ ਸੱਚ ਸੀ ਕਿਉਂਕਿ ਉ
ਸਦੀ ਅਕਲ ਏਨੀਂ ਮੋਟੀ ਸੀ ਕਿ ਉਸਨੂੰ ਸੰਭਾਲਣਾ ਹੋਰ ਵੀ ਔਖਾ ਸੀ.
ਉਸੇ ਸ਼ਹਿਰ ਵਿਚ ਲੱਲੂ ਦੀ ਮਾਸੀ ਰਹਿੰਦੀ ਸੀ। ਉਹ ਵਿਧਵਾ ਸੀ ਤੇ ਉਸ ਦੀ ਇਕੋ ਇਕ ਬੇਟੀ ਸੀ। ਲੱਲੂ ਦੀ ਮਾਂ ਉਸ ਕੋਲ ਸਮੇਂ-ਸਮੇਂ ਜਾਂਦੀ ਰਹਿੰਦੀ ਸੀ। ਉਹ ਉਸਨੂੰ ਕਹਿੰਦੀ, ‘ਮੇਰਾ ਇਕ
ਮੁੰਡਾ
, ਤੇਰੀ ਇਕ ਕੁੜੀ, ਕੀ ਇਨ੍ਹਾਂ ਦਾ ਵਿਆਹ ਨਹੀਂ ਹੋ ਸਕਦਾ?’ ਭੈਣ ਭੜਕ ਪੈਂਦੀ, ‘ਵਿਆਹ ਉਹ ਵੀ ਮੂਰਖ ਲੱਲੂ ਨਾਲ।’ ਨਹੀਂ ਭੈਣ ਇਹ ਨਹੀਂ ਹੋ ਸਕਦਾ।’ ਇਸ ‘ਤੇ ਵਿਚਾਰੀ ਵਿਧਵਾ ਕਹਿੰਦੀ, ‘ਤੂੰ ਮੇਰੀ ਆਪਣੀ ਭੈਣ ਐਂ। ਜੇ ਤੂੰ ਆਪਣੀ ਕੁੜੀ ਦਾ ਰਿਸ਼ਤਾ ਲੱਲੂ ਨੂੰ ਨਹੀਂ ਕਰੇਂਗੀ ਤਾਂ ਹੋਰ ਕੌਣ ਕਰੇਗਾ?’ ਇਸ ‘ਤੇ ਲੱਲੂ ਦੀ ਮਾਸੀ ਪਛਤਾਵਾ ਕਰਦੀ, ‘ਚੰਗਾ ਫਿਰ ਮੈਂ ਵਿਚਾਰ ਕਰਾਂਗੀ, ਕਿਉਂਕਿ ਤੂੰ ਮੇਰੀ ਵੱਡੀ ਭੈਣ ਐਂ। ਅਗਲੀ ਵਾਰ ਆਵੇਂਗੀ ਤਾਂ ਵਿਚਾਰ ਕਰਾਂਗੇ।’ ਅੰਤ ਉੱਪਰ ਕੁੜਮਾਈ ਤੈਅ ਹੋ ਗਈ। ਰਿਵਾਜ ਅਨੁਸਾਰ ਲੱਲੂ ਦੀ ਮਾਂ ਨੇ ਹੋਣ ਵਾਲੀ ਲਾੜੀ ਲਈ ਕਪੜੇ ‘ਤੇ ਹੋਰ ਨਿੱ
ਕ-ਸੁੱਕ ਭੇਜਿਆ। ਲੱਲੂ ਸਹੁਰੇ ਘਰ ਆਉਣ ਜਾਣ ਲੱਗਾ। ਗਲੀ ਮੁਹੱਲੇ ਦੇ ਲੋਕਾਂ ਸੁਣਿਆ ਤਾਂ ਉਹ ਜੁਆਈ-ਭਾਈ ਇੱਜ਼ਤ ਦੇਣ ਲੱਗੇ। ਆਪਸ ਵਿਚ ਗੱਲਾਂ ਕਰਦੇ, ‘ਤੁਹਾਨੂੰ ਪਤਾ ਨਹੀਂ ਇਹ ਵਿਧਵਾ ਹੀਰਾ ਦਾ ਜਵਾਈ ਐ?’
ਕੁੜਮਾਈ ਹੋਣ ਤੋਂ ਬਾਅਦ ਮੁੰਡੇ ਦਾ ਸਹੁਰੀਂ ਗੇੜੇ ਮਾਰਨਾ ਚੰਗਾ ਨਹੀਂ ਸਮਝਿਆ ਜਾਂਦਾ। ਪਰ ਲੱਲੂ ਦਾ ਪਹਿਲੀ ਵਾਰ ਚੰਗਾ ਸਵਾਗਤ ਹੋਇਆ ਸੀ ਅਤੇ ਉਸ ਨੂੰ ਚੰਗਾ-ਚੋਖਾ ਖਾਣ ਨੂੰ ਮਿਲਿਆ ਸੀ ਇਸ ਲਈ ਉਹ ਹਫ਼ਤੇ ਵਿਚ ਇਕ ਵਾਰ ਜ਼ਰੂਰ ਸਹੁਰੇ ਘਰ ਜਾਂਦਾ।
ਇਕ ਦਿਨ ਉਹ ਖਾਲਾ ਦੇ ਘਰ ਜਾ ਰਿਹਾ ਸੀ ਕਿ ਖੂਹ ਉੱਪਰ ਪਾਣੀ ਭਰਦੀ ਕੁੜੀ ਨੇ ਉਸਨੂੰ ਆਵਾਜ਼ ਦਿੱਤੀ, ‘ਲੱਲੂ ਆਈਂ ਮੈਨੂੰ ਘੜਾ ਚੁਕਾਈਂ।’ ਕੁੜੀ ਲੱਲੂ ਦੇ ਪਾਸਕੂ ਵੀ ਨਹੀਂ ਸੀ। ਲੱਲੂ ਹੱਟਾ ਕੱਟਾ ਜਵਾਨ ਸੀ। ਜਦੋਂ ਉਹ ਕੋਲ ਆਇਆ ਤਾਂ ਕੁੜੀ ਖਚਰੀ ਹਾਸਾ ਹੱਸੀ ਅਤੇ ਆਪਣੇ ਪ੍ਰੇਮੀ ਦੀ ਤਰ੍ਹਾਂ ਉਸ ਨਾਲ ਮਖੌਲ ਕਰਨ ਲੱਗੀ। ਲੱਲੂ ਨੂੰ ਗੁੱਸਾ ਆ ਗਿਆ। ਉਸਨੇ ਕੁੜੀ ਨੂੰ ਪੂਰੇ ਜ਼ੋਰ ਨਾਲ ਧੱਕਾ ਦਿੱਤਾ। ਉਹ ਖੂਹ ਵਿਚ ਜਾ ਡਿੱਗੀ। ਨੇੜੇ ਤੇੜੇ ਉਸਨੂੰ ਬਚਾਉਣ ਵਾਲਾ ਵੀ ਕੋਈ ਨਹੀਂ ਸੀ। ਅਖੀਰ ਉਹ ਡੁੱਬ ਗਈ।
ਜਦੋਂ ਲੱਲੂ ਘਰ ਪਹੁੰਚਿਆ ਤਾਂ ਉਸਦੀ ਮਾਂ ਨੇ ਪੁੱਛਿਆ, ”ਓਇ ਲੱਲੂ ਤੂੰ ਅੱਜ ਕਿੱਥੇ ਸੀ?’ ਲੱਲੂ ਬੋਲਿਆ, ‘ਜਾਣਾ ਕਿੱਥੇ ਸੀ? ਪਹਿਲੇ ਵਾਲੀ ਥਾਂ ਹੀ। ਮੈਂ ਰੱਜ ਕੇ ਖਾਧਾ-ਪੀਤਾ।’ ਮਾਂ ਨੇ ਕਿਹਾ, ‘ਲੱਲੂ ਤੇਰੀ ਕੁੜਮਾਈ ਹੋ ਚੁੱਕੀ ਹੈ। ਹੁਣ ਤੈਨੂੰ ਉੱਥੇ ਬਹੁਤਾ ਨਹੀਂ ਜਾਣਾ ਚਾਹੀਦਾ। ਕੁੜੀਆਂ ਤੇਰਾ ਮਜ਼ਾਕ ਉਡਾਉਣਗੀਆਂ ਤੇ ਹੋਰ ਕੁਝ ਪੁੱਠਾ ਸਿੱਧਾ ਕਰ ਬੈਠੇਂਗਾ।’
‘ਕੁੜੀਆਂ ਮੇਰਾ ਕੀ ਮਜ਼ਾਕ ਉਡਾਉਣਗੀਆਂ?’ ਲੱਲੂ ਬੋਲਿਆ, ‘ਇਕ ਨੇ ਮੈਨੂੰ ਅੱਜ ਛੇੜਿਆ ਸੀ। ਮੈਂ ਧੌਣੋਂ ਫੜ ਕੇ ਖੂਹ ਵਿਚ ਧੱਕਾ ਦੇ ਦਿੱਤਾ ਤੇ ਉਹ ਮਰ ਗਈ।’ ਇਹ ਦੱਸ ਕੇ ਲੱਲੂ ਉੱਚੀ-ਉੱਚੀ ਹੱਸਣ ਲੱਗ ਪਿਆ। ‘ਓਹੋ! ਕਹੀ ਮਨਹੂਸ ਖ਼ਬਰ ਹੈ?’ ਮਾਂ ਕੁਰਲਾਈ, ‘ਹੁਣ ਇਹ ਲੱਲੂ ਦਾ ਪੁੱਤ ਫਾਂਸੀ ਚੜੂ।
ਬਿਨਾਂ ਦੇਰੀ ਕੀਤੇ ਮਾਂ ਦੌੜ ਪਈ। ਜਿਉਂ ਹੀ ਰਾਤ ਹੋਈ ਉਹ ਲੋਕਾਂ ਦੀਆਂ ਨਜ਼ਰਾਂ ਤੋਂ ਬਚਦੀ ਬਚਾਉਂਦੀ ਖੂਹ ‘ਤੇ ਪਹੁੰਚੀ। ਬੜੀ ਮੁਸ਼ੱਕਤ ਤੋਂ ਬਾਅਦ ਉਸਨੇ ਕੁੜੀ ਦੀ ਲਾਸ਼ ਖੂਹ ਵਿਚੋਂ ਕੱਢੀ ਅਤੇ ਦਰਿਆ ਕੰਢੇ ਲੈ ਆਈ। ਉਸਨੇ ਕੁੜੀ ਦੀ ਲਾਸ਼ ਰੇਤਾ ਦੀ ਬੋਰੀ ਬੰਨ੍ਹ ਕੇ ਦਰਿਆ ਵਿਚ ਡੋਬ ਦਿੱਤੀ।
ਵਾਪਿਸ ਆਉਂਦਿਆਂ ਉਸ ਨੇ ਰਾਹ ਵਿਚ ਇਕ ਮਰਿਆ ਬੱਕਰਾ ਪਿਆ ਦੇਖਿਆ। ਉਸਨੇ ਉਸਨੂੰ ਚੁੱਕ ਕੇ ਖੂਹ ਵਿਚ ਸੁੱਟ ਦਿੱਤਾ। ਸਭ ਕੁਝ ਨਿਪਟਾ ਕੇ ਉਹ ਘਰ ਪਹੁੰਚ ਗਈ।
ਉਸ ਨੂੰ ਪੱਕਾ ਹੋ ਗਿਆ ਕਿ ਉਸਦਾ ਮੂਰਖ ਮੁੰਡਾ ਕੁੜੀ ਨੂੰ ਮਾਰਨ ਵਾਲੀ ਘਟਨਾ ਨਾ ਬਖਾਨ ਹਰ ਥਾਂ ਕਰੇਗਾ ਇਸ ਲਈ ਉਸਨੇ ਖ਼ਬਰਦਾਰੀ ਵਧਾ ਦਿੱਤੀ। ਉਸ ਨੇ ਮਠਾਈ ਦਾ ਡੱਬਾ ਲਿਆ ਅਤੇ ਮਠਿਆਈ ਘਰ ਦੇ ਸਾਰੇ ਵਿਹੜੇ ਵਿਚ ਖਿੰਡਾ ਦਿੱਤੀ। ਲੱਲੂ ਸੌਣ ਚਲਾ ਗਿਆ ਸੀ। ਉਸ ਨੇ ਉੱਚੀ ਆਵਾਜ਼ ਮਾਰੀ, ‘ਲੱਲੂ ਉੱਠ। ਦੇਖ ਅਸਮਾਨ ਤੋਂ ਮਠਿਆਈ ਦਾ ਮੀਂਹ ਪੈ ਰਿਹਾ।’ ਲੱਲੂ ਨੂੰ ਦੁਬਾਰਾ ਨਹੀਂ ਕਹਿਣਾ ਪਿਆ। ਮਠਿਆਈ ਤਾਂ ਉਸਨੂੰ ਰੱਬ ਦੇਵੇ। ਉਹ ਬਿਸਤਰੇ ‘ਚੋਂ ਦੌੜ੍ਹਿਆ। ਇਕ ਇਕ ਮਠਿਆਈ ਦੀ ਟੁਕੜੀ ਕੱਠੀ ਕਰ ਕੇ ਉਸਨੇ ਮੂੰਹ ਭਰ ਲਿਆ।’
ਉੱਧਰ ਗੁਆਚੀ ਕੁੜੀ ਦੇ ਘਰ ਚਿੰਤਾ ਹੋ ਗਈ। ਚਾਰੇ ਪਾਸੇ ਬੰਦੇ ਦੁੜ੍ਹਾਏ ਗਏ, ਪਰ ਕਿਤੇ ਵੀ ਕੁੜੀ ਦਾ ਥਹੁ ਪਤਾ ਨਹੀਂ ਮਿਲਿਆ। ਸਾਰੀ ਰਾਤ ਭਾਲ ਜਾਰੀ ਰਹੀ। ਸਵੇਰੇ ਕਿਸਨੇ ਕਿਹਾ, ‘ਲਗਦਾ ਕਿਸੇ ਨੇ ਕੁੜੀ ਸੋਨੇ ਦੀਆਂ ਚੂੜੀਆਂ ਤੇ ਗਹਿਣੇ ਲਾ ਕੇ ਉਸਲ ਦੀ ਲਾਸ਼ ਕਿਤੇ ਲੁਕਾ ਦਿੱਤੀ ਹੈ।’
ਲੱਲੂ ਸਵੇਰੇ ਹੀ ਮਾਸੀ ਦੇ ਘਰ ਜਾਣ ਲਈ ਉੱਠ ਕੇ ਤਿਆਰ ਹੋ ਲੱਗਾ। ਗਲੀ ਵਿਚ ਉਸਨੂੰ ਲੋਕੀਂ ਦੌੜਦੇ ਭੱਜਦੇ ਦਿਖਾਈ ਦਿੱਤੇ। ਉਸ ਨੇ ਇਕ ਨੂੰ ਪੁੱਛਿਆ, ‘ਇਹ ਸਾਰਾ ਰੌਲਾ ਕੀ ਆ?’
‘ਉਹ ਲੱਲੂ’ ਇਕ ਨੇ ਜਵਾਬ ਦਿੱਤਾ, ‘ਇਕ ਛੋਟੀ ਕੁੜੀ ਖੂਹ ਤੇ ਪਾਣੀ ਲੈਣ ਗਈ ਸੀ, ਉਹ ਮੁੜ ਘਰ ਨਹੀਂ ਪਰਤੀ।’
‘ਬੱਸ ਇਹ ਰੌਲਾ?’ ਲੱਲੂ ਨੇ ਕਿਹਾ, ‘ਮੈਂ ਕੁੜੀ ਨੂੰ ਧੌਣੋਂ ਫੜ ਕੇ ਖੂਹ ਵਿਚ ਸੁੱਟਿਆ। ਤੁਸੀਂ ਖੂਹ ‘ਚ ਨਹੀਂ ਦੇਖਿਆ?’
ਕੁੜੀ ਦੇ ਪਿਉ ਤੇ ਨਾਲ ਖੜ੍ਹੇ ਕੁਝ ਬੰਦਿਆਂ ਨੇ ਇਹ ਸੁਣ ਕੇ ਉਸ ਨੂੰ ਕਾਬੂ ਕਰਕੇ ਨਾਲ ਤੋਰ ਲਿਆ। ‘ਚੱਲ ਸਾਡੇ ਨਾਲ ਦੱਸ ਕਿੱਥੇ ਮਾਰਿਆ ਸੀ ਤੂੰ ਉਸਨੂੰ?’
ਰਸਤੇ ਵਿਚ ਇਕ ਨੇ ਚੀਕ ਕੇ ਪੁੱਛਿਆ, ‘ਓਇ ਖਸਮਾ ਤੂੰ ਉਸਨੂੰ ਕਦੋਂ ਮਾਰਿਆ? ਦੱਸ ਕਦੋਂ?+
‘ਓਇ ਮੂਰਖੋ, ਮੈਂ ਕੱਲ੍ਹ ਰਾਤ ਉਸਨੂੰ ਉਸ ਸਮੇਂ ਖੂਹ ਵਿਚ ਧੱਕਾ ਦਿੱਤਾ ਜਦੋਂ ਅਸਮਾਨ ਤੋਂ ਮਠਿਆਈ ਦਾ ਮੀਂਹ ਵਰ੍ਹਿਆ ਸੀ।
ਵਿਚੋਂ ਚੀਕਵੀਂ ਆਵਾਜ਼ ਆਈ, ‘ਕਿੰਨਾ ਮੂਰਖ ਹੈ ਇਹ। ਇਸ ਉੱਪਰ ਸਮਾਂ ਬਰਬਾਦ ਕਰ ਰਹੇ ਹੋ?’ ਕਿਸੇ ਹੋਰ ਨੇ ਕਿਹਾ, ‘ਨਹੀਂ ਚਲੋ ਦੇਖਦੇ ਹਾਂ। ਸ਼ਾਇਦ ਇਸ ਵਿਚ ਵੀ ਕੋਈ ਸੱਚਾਈ ਹੋਵੇ।+
‘ਠੀਕ ਹੈ, ਰੱਸਾ ਬੰਨ੍ਹ ਕੇ ਮੈਨੂੰ ਖੂਹ ਵਿਚ ਉਤਾਰੋ। ਮੈਂ ਕੁੜੀ ਨੂੰ ਲਿਆਂਵਾਂਗਾ।’
ਲੋਕ ਪੱਕਾ ਜਿਹਾ ਰੱਸਾ ਲੈ ਆਏ ਤੇ ਲੱਲੂ ਦੇ ਲੱਕ ਦੁਆਲੇ ਬੰਨ੍ਹ ਕੇ ਉਸਨੂੰ ਖੂਹ ਵਿਚ ਉਤਾਰ ਦਿੱਤਾ। ਖੂਹ ਬੜਾ ਲੰਮਾ ਚੌੜਾ ਸੀ ਭਾਵੇਂ ਬਹੁਤਾ ਡੂੰਘਾ ਨਹੀਂ ਸੀ। ਲੱਲੂ ਮੱਛੀ ਵਾਂਗ ਤਰ ਰਿਹਾ ਸੀ ਪਰ ਉਸਨੂੰ ਪਾਣੀ ਵਿਚ ਕੁੜੀ ਦੇ ਕੋਈ ਨਿਸ਼ਾਨ ਨਾ ਲੱਭੇ। ਫਿਰ ਉਸਨੇ ਚੁੱਭੀ ਮਾਰੀ, ਉਸਨੇ ਖੂਹ ਦੇ ਥੱਲੇ ਕੁਝ ਮਹਿਸੂਸ ਕੀਤਾ, ਉਸਦਾ ਜਾਇਜ਼ਾ ਲਿਆ ਅਤੇ ਪਾਣੀ ਦੇ ਉੱਪਰ ਆ ਗਿਆ।
ਉਪਰ ਵੱਲ ਨੂੰ ਮੂੰਹ ਕਰਕੇ ਉਸਨੇ ਕੁੜੀ ਦੇ ਡੌਰ ਭੌਰ ਹੋਏ ਪਿਉ ਨੂੰ ਪੁੱਛਿਆ, ‘ਕਿਉਂ ਤੇਰੀ ਕੁੜੀ ਦੇ ਦੋ ਸਿੰਙ ਵੀ ਨੇ?’
‘ਉਸਨੂੰ ਬਾਹਰ ਲਿਆ, ਫਿਰ ਦੇਖਦੇ ਹਾਂ।’ ਵਿਚਾਰਾ ਪਿਉ ਚੀਕਿਆ।
ਲੱਲੂ ਨੇ ਦੁਬਾਰਾ ਪਾਣੀ ਵਿਚ ਟੁੱਬੀ ਮਾਰੀ। ਕੁਝ ਦੇਰ ਬਾਅਦ ਉਹ ਫਿਰ ਪ੍ਰਗਟ ਹੋਇਆ। ਉਸ ਪੁੱਛਿਆ, ‘ਤੇਰੀ ਕੁੜੀ ਦੀਆਂ ਚਾਰ ਲੱਤਾਂ ਵੀ ਨੇ?’
ਇਹ ਸੁਣ ਕੇ ਕੁਝ ਕਹਿਣ ਲੱਗੇ, ‘ਇੱਥੇ ਇਸ ਮੂਰਖ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਹੈ?’ ਪਰ ਕੁਝ ਨੇ ਕਿਹਾ, ‘ਲੱਲੂ ਤੂੰ ਲਾਸ਼ ਉੱਪਰ ਲਿਆ। ਬੜਾ ਚੰਗਾ ਮੁੰਡਾ ਤੂੰ ਤਾਂ। ਫਿਰ ਦੇਖਦੇ ਹਾਂ।’
ਲੱਲੂ ਨੇ ਤੀਜੀ ਵਾਰ ਡੁੱਬਕੀ ਲਾਈ। ਇਸ ਵਾਰ ਕੁਝ ਦੇਰੀ ਲੱਗੀ। ਅਖੀਰ ਉਹ ਬਾਹਰ ਦਿਖਾਈ ਦਿੱਤਾ। ਉਸ ਮੂੰਹ ਉੱਪਰ ਚੁੱਕ ਕੇ ਆਵਾਜ਼ ਦਿੱਤੀ, ‘ਚਾਚਾ, ਉਸਦੀ ਪੂਛ ਵੀ ਹੈ?’
ਇਸ ‘ਤੇ ਲੋਕ ਭੜ ਪਏ। ‘ਤੂੰ ਇਸਨੂੰ ਉੱਪਰ ਕਿਉਂ ਨਹੀਂ ਲਿਆਉਂਦਾ? ਮੂਰਖ ਪ੍ਰਾਣੀ’। ਉਨ੍ਹਾਂ ਨੇ ਲੱਲੂ ਨੂੰ ਪੱਥ੍ਰਾਂ ਨਾਲ ਮਾਰਨ ਦੀ ਧਮਕੀ ਵੀ ਦੇ ਦਿੱਤੀ। ਲੱਲੂ ਆਖਰੀ ਬਾਰ ਪਾਣੀ ‘ਚ ਉਤਰਿਆ। ਉਸਨੇ ਪਿਉ ਦਾ ਅਥਰੂ ਖੂਹ ਵਿਚ ਪੱਤਰਾਂ ਵਾਂਗ ਡਿੱਗਦੇ ਮਹਿਸੂਸ ਕੀਤੇ। ਇਸ ਬਾਰ ਉਸਨੂੰ ਉੱਪਰ ਆਉਣ ਨੂੰ ਕਾਫੀ ਦੇਰ ਲੱਗ ਗਈ। ਲੋਕਾਂ ਨੇ ਕਿਆਸ ਲਾਉਣੇ ਸ਼ੁਰੂ ਕੀਤੇ ਕਿ ਲੱਲੂ ਡੁੱਬ ਗਿਆ ਹੈ। ਪਰ ਅਖੀਰ ਉਹ ਫਿਰ ਦਿਖਾਈ ਦਿੱਤਾ। ਇਸ ਬਾਰ ਉਸਨੇ ਪਾਣੀ ਦੇ ਉੱਪਰ ਬੁੱਕਰੇ ਦਾ ਸਿਰ ਫੜਿਆ ਹੋਇਾ ਸੀ। ਬਦਕਿਸਮਤ ਪਿਉ ਨੂੰ ਕਹਿਣ ਲੱਗਾ ‘ਦੇਖ ਇਹ ਹੈ ਤੇਰੀ ਬੇਟੀ?’
ਇਸ ਤੇ ਭੀੜ ਵਿਚ ਭਗਦੜ ਮਚ ਗਈ। ਲੋਕ ਭੰਬਲਭੂਸੇ ਵਿਚ ਪੈ ਗਏ। ਕੁਝ ਗੁੱਸੇ ਵਿਚ ਉਬਲ ਰਹੇ ਸਨ ਤੇ ਕੁਝ ਦੀਆਂ ਹੱਸ ਹੱਸ ਕੇ ਵੱਖੀਆਂ ਦੋਹਰੀਆਂ ਹੋ ਰਹੀਆਂ ਸਨ। ਕਿਸੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਆਖੇ ਤੇ ਕੀ ਨਾ।
‘ਉਹੋ! ਕਿਹੋ ਜਿਹੀ ਮਿੱਟੀ ਦਾ ਬਣਾ ਹੈ ਇਹ, ‘ਇਕ ਨੇ ਗੰਭੀਰਤਾ ਨਾਲ ਕਿਹਾ, ‘ਅਸੀਂ ਕਿਨਾ ਕੀਮਤੀ ਵਕਤ ਇਸ ਮਹਾਂਮੂਰਖ ਦੇ ਪਿੱਛੇ ਲੱਗ ਕੇ ਬਰਬਾਦ ਕਰ ਦਿੱਤਾ।’ ਕੁਝ ਲੱਲੂ ਨੂੰ ਅੰਦਰ ਹੀ ਛੱਡ ਕੇ ਜਾਣਾ ਚਾਹੁੰਦੇ ਸਨ ਪਰ ਕੁੜੀ ਦੇ ਪਿਉ ਨੇ ਕਿਹਾ, ‘ਨਹੀਂ ਉਹ ਤਾਂ ਅਕਲੋਂ ਖਾਲੀ ਹੈ। ਉਸਨੂੰ ਕੱਢੋ ਤੇ ਜਾਣ ਦਿਓ।’ ਲੋਕਾਂ ਨੇ ਉਸ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਤੇ ਘਰ ਵੱਲ ਤੋਰ ਦਿੱਤਾ।
ਜਦੋਂ ਇਹ ਸਭ ਕੁਝ ਵਾਪਰ ਰਿਹਾ ਸੀ ਤਾਂ ਡਰ ਨਾਲ ਅਤੇ ਕੁਝ ਅਣਹੋਣੀ ਵਾਪਰਨ ਤੋਂ ਪਰੇਸ਼ਾਨ ਮਾਂ ਲੋਕਾਂ ਨੂੰ ਦਾਨ ਦੇ ਰਹੀ ਸੀ ਅਤੇ ਅੱਲਾ ਅੱਗੇ ਦੁਆਵਾਂ ਕਰ ਰਹੀ ਸੀ। ਉਹ ਪੀਰਾਂ, ਫ਼ਕੀਰਾਂ ਦੀਆਂ ਥਾਵਾਂ ‘ਤੇ ਜਾ ਰਹੀ ਸੀ। ਜਦੋਂ ਉਸਨੇ ਲੱਲੂ ਨੂੰ ਠੀਕ ਠਾਕ ਆਉਂਦੇ ਦੇਖਿਆ ਤਾਂ ਉਹ ਤਾਂ ਖੁਸ਼ੀ ਵਿਚ ਪਾਗਲ ਹੋ ਗਈ। ਉਹ ਭਾਵੇਂ ਮੂਰਖ ਸੀ, ਪਰ ਉਹ ਇਕੱਲਾ-ਕਾਰਾ ਹੀ ਉਸ ਦੀਆਂ ਅੱਖਾਂ ਦਾ ਤਾਰਾ ਸੀ। ਪਰ ਜਦੋਂ ਉਸਨੇ ਲੱਲੂ ਨੂੰ ਬਾਹੋਂ ਫੜਿਆ ਤਾਂ ਉਸਨੇ ਉਸਦੇ ਜੜੀਆਂ ਵੀ ਅਤੇ ਉਸਨੂੰ ਝਿੜਕਿਆ ਵੀ। ‘ਓ ਮੂਰਖ! ਤੇਰੀ ਕੁੜਮਾਈ ਤਾਂ ਹੁਣੇ ਹੀ ਟੁੱਟੀ।’ ਹੁਣ ਤੇਰੇ ਨਾਲ ਵਿਆਹ ਕੌਣ ਕਰਵਾਏਗਾ। ਉਸ ਦੀ ਭੈਣ ਨੇ ਇਕ ਪਲ ਨਹੀਂ ਗੁਆਇਆ ਤੇ ਲੱਲੂ ਦੇ ਘਰ ਪਹੁੰਚ ਗਈ ਤੇ ਕਹਿਣ ਲੱਗੀ, ‘ਤੇਰੇ ਪੁੱਤ ਕਰਕੇ ਸਾਰੇ ਸ਼ਹਿਰ ਵਿਚ ਸਾਡਾ ਨੱਕ ਵੱਢਿਆ ਗਿਆ। ਹੁਣ ਲੱਲੂ ਲਈ ਮੇਰੀ ਕੁੜੀ ਵੱਲੋਂ ਜਵਾਬ ਹੈ। ਹੁਣ ਤੇਰੀ ਨਹੀਂ। ਮੇਰੀ ਬੇਟੀ ਕਿਸੇ ਹੋਰ ਨਾਲ ਮੰਗੀ ਗਈ ਹੈ।’ ਲੱਲੂ ਦਾ ਰਿਸ਼ਤਾ ਟੁੱਟ ਗਿਆ ਤੇ ਉਸਦੇ ਪਿਆਰ ਦਾ ਅੰਤ ਹੋ ਗਿਆ।
ਕੁਝ ਅਰਸੇ ਬਾਅਦ ਲੱਲੂ ਗਲੀ ਵਿਚ ਮਟਰਗਸ਼ਤੀ ਕਰ ਰਿਹਾ ਸੀ ਜਦੋਂ ਕੋਲੋਂ ਲੰਘਦੇ ਸਿਪਾਈ ਨੇ ਉਸਨੂੰ ਬਾਹੋਂ ਫੜ ਕੇ ਕਿਹਾ, ‘ਕਾਕੇ ਮੇਰਾ ਘਿਉ ਦਾ ਘੜਾ ਲੈ ਕੇ ਚਲਣਾ ਹੈ। ਮੈਂ ਤੈਨੂੰ ਤਿੰਨ ਪੈਸੇ ਦੇਵਾਂਗਾ। ਘੋੜੇ ਵਰਗੇ ਤਕੜੇ ਲੱਲੂ ਨੇ ਖੁਸ਼ੀ ਨਾਲ ਘੜਾ ਚੁੱਕਿਆ ਤੇ ਮੋਢਿਆਂ ‘ਤੇ ਧਰ ਲਿਆ। ‘ਹਾਂ ਮੈਂ ਲੈ ਕੇ ਚਲਾਂਗਾ’ ਉਸਨੇ ਕਿਹਾ। ਘੜੇ ਵਿਚ ਘਿਉ ਪਿਘਲਿਆ ਹੋਇਆ ਸੀ।
ਲੱਲੂ ਸਿਪਾਹੀ ਦੇ ਪਿੱਛੇ-ਪਿੱਛੇ ਤੁਰਿਆ ਜਾ ਰਿਹਾ ਸੀ। ਨਾਲ ਹੀ ਉਸ ਨੇ ਮਨ ਵਿਚ ਹਵਾਈ ਕਿਲ੍ਹੇ ਬਣਾਉਣੇ ਸ਼ੁਰੂ ਕਰ ਦਿੱਤੇ। ਮੈਂ ਕਿੰਨਾ ਖੁਸ਼ਕਿਸਮਤ ਹਾਂ? ਇਹ ਸਿਪਾਈ ਮੈਨੂੰ ਤਿੰਨ ਪੈਸੇ ਦੇਵੇਗਾ। ਇਨ੍ਹਾਂ ਪੈਸਿਆਂ ਦਾ ਮੈਂ ਕੀ ਕਰਾਂਗਾਂ? ਮੈਨੂੰ ਪਤਾ। ਮੈਂ ਬਾਜ਼ਾਰ ਜਾਵਾਂਗਾ ਤੇ ਇਕ ਕੁਕੜੀ ਖਰੀਦ ਲਿਆਵਾਂਗਾ। ਉਸਦੀ ਸੇਵਾ ਕਰਾਂਗਾ। ਕੁੱਕੜੀ ਅੰਡੇ ਦੇਵੇਗੀ। ਇਨ੍ਹਾਂ ਅੰਡਿਆਂ ਵਿਚੋਂ ਚੂਚੇ ਨਿਕਲਣਗੇ। ਚੂਚੇ ਬੇਚਣ ਬਾਅਦ ਜੋ ਪੈਸੇ ਮਿਲਣਗੇ ਉਨ੍ਹਾਂ ਦੀ ਮੈਂ ਭੇਡ ਖਰੀਦਾਂਗਾ। ਭੇਡ ਦੇ ਭੇਡੂ ਹੋਣਗੇ ਜਿਨ੍ਹਾਂ ਨੂੰ ਬੇਚ ਕੇ ਗਾਂ ਲਿਆਵਾਂਗਾ। ਗਾਂ ਦਾ ਦੁੱਧ ਵੇਚ ਕੇ ਮੱਝ ਖਰੀਦਾਂਗਾ। ਮੱਝ ਦੀਆਂ ਕੱਟੀਆਂ ਵੇਚ ਕੇ ਸਵਾਰੀ ਕਰਨ ਲਈ ਘੋੜੀ ਖਰੀਦਾਂਗਾ। ਜਦੋਂ ਘੋੜੀ ਚੜ੍ਹਿਆ ਤਾਂ ਲੋਕ ਸੜਨਗੇ ਤੇ ਕਹਿਣਗੇ, ‘ਉਹ ਜਾਂਦਾ ਲੱਲੂ।’ ਕੁੜੀਆਂ ਉਸ ਤੇ ਮਰਨਗੀਆਂ। ਇਸ਼ਾਰੇ ਕਰਨਗੀਆਂ, ‘ਉਹ ਘੋੜੀ ਤੇ ਚੜ੍ਹਿਆ ਜਾਂਦਾ ਲੱਲੂ, ਕਮਾਈ ਨਾਲ ਮੈਂ ਸੋਹਣੀ ਕੁੜੀ ਨਾਲ ਵਿਆਹ ਰਚਾਵਾਂਗਾ। ਮੇਰੇ ਚਾਰ-ਪੰਜ ਸੁਹਣੇ ਤੇ ਛੋਟੇ-ਛੋਟੇ ਬੱਚੇ ਹੋਣਗੇ। ਉਹ ਮੈਨੂੰ ਬਾਪੂ, ਬਾਪੂ’ ਕਹਿ ਕੇ ਬੁਲਾਉਣਗੇ। ਮੈਂ ਕਿਸੇ ਨੂੰ ਛੋਟੂ ਕਹਿ ਕੇ ਬੁਲਾਵਾਂਗਾ ਅਤੇ ਕਿਸੇ ਨੂੰ ਹੋਰ ਪਿਆਰੇ ਨਾਂ ਨਾਲ ਸੱਦਾਂਗਾ। ਮੈਂ ਉਨ੍ਹਾਂ ਦੇ ਸਿਰਾਂ ਦਾ ਅਭਿਨੈ ਕਰਦਿਆਂ ਹਵਾ ਵਿਚ ਹੱਥ ਲਹਿਰਾਏ, ਉਹ ਘੜੇ ਨੂੰ ਸੰਭਾਲਣਾ ਭੁੱਲ ਗਿਆ। ਘੜਾ ਧਰਤੀ ‘ਤੇ ਜਾ ਵੱਡਾ ਤੇ ਖੱਪੜੀਆਂ ਹੋ ਗਿਆ। ਘਿਉ ਗਲੀ ਵਿਚ ਰੁੜ੍ਹ ਗਿਆ।
ਸਿਪਾਹੀ ਪੂਰੇ ਜੋਸ਼ ਵਿਚ ਦੌੜਿਆ, ‘ਓ! ਬਦਮਾਸ਼ ਇਹ ਘਿਉ ਤਾਂ ਰਾਜੇ ਤੱਕ ਪਹੁੰਚਾਉਣਾ ਸੀ। ਮੇਰੇ ਨਾਲ ਰਾਜੇ ਕੋਲ ਚੱਲ। ਉਹ ਤੈਨੂੰ ਦੰਡ ਦੇਵੇਗਾ। ਪੰਜ ਰੁਪਏ, ਗਲੀ ਵਿਚ ਰੁੜ ਗਏ।’ ਸਿਪਾਹੀ ਨੇ ਉਸਨੂੰ ਫੜ ਕੇ ਆਪਣਏ ਨਾਲ ਤੌਰ ਲਿਆ।
ਉਹ ਕੁਝ ਗਜ਼ ਹੀ ਅਗਾਂਹ ਗਏ ਹੋਣਗੇ ਕਿ ਉਨ੍ਹਾਂ ਨੇ ਇਕ ਖੱਚਰ ਨੂੰ ਆਪਣੀ ਵੱਲ ਆਉਂਦੇ ਵੇਖਿਆ। ਉਹਦੇ ਪਿੱਛੇ ਬਾਣੀਆਂ ਦੌੜਿਆ ਆ ਰਿਹਾ ਸੀ ਤੇ ਉੱਚੀ-ਉੱਚੀ ਟਾਹਰਾਂ ਮਾਰ ਰਿਹਾ ਸੀ, ‘ਖੱਚਰ ਛੁੱਟ ਗਈ ਹੈ। ਮੇਰੇ ਕੋਲੋਂ ਦੌੜ ਗਈ ਹੈ। ਕੋਈ ਉਸਦੇ ਦੋ ਡੰਡੇ ਮਾਰ ਕੇ ਉਸਨੂੰ ਰੋਕੋ।’ ਇਹ ਸੁਣ ਕੇ ਲੱਲੂ ਨੇ ਆ ਦੇਖਿਆ ਨਾ ਤਾਅ ਲਾਠੀ ਲੈ ਕੇ ਖੱਚਰ ਦੇ ਸਿਰ ਤੇ ਏਨੀ ਜ਼ੋਰ ਦੀ ਮਾਰੀ ਕਿ ਉਹ ਫੁੜਕ ਕੇ ਡਿੱਗ ਪਈ। ਮਰ ਗਈ। ਜਦੋਂ ਬਾਣੀਆਂ ਪਹੁੰਚਾ ਉਸ ਨੇ ਹਾਸਲ ਦੁਹਾਈ ਪਾਈ, ‘ਓ ਹੋਂ ਬਦਮਾਸ਼ ਤੂੰ ਮੇਰੀ ਖੱਚਰ ਮਾਰ ਦਿੱਤੀ। ਚਲ ਤੈਨੂੰ ਰਾਜੇ ਦੇ ਪੇਸ਼ ਕਰਾਂ।’ ਇਉਂ ਖਫ਼ਾ ਹੋਇਆ ਬਾਣੀਆਂ ਵੀ ਸਿਪਾਹੀ ਤੇ ਲੱਲੂ ਨਾਲ ਤੁਰ ਪਿਆ। ਉਹ ਤਿੰਨੋਂ ਰਾਜੇ ਦੇ ਦਰਬਾਰ ਵਲ ਜਾ ਰਹੇ ਸਨ।
ਤੁਰਿਆ ਜਾਂਦਿਆਂ ਉਹ ਇਕ ਛੰਨ ਕੋਲੋਂ ਦੀ ਲੰਘੇ। ਇਸ ਛੰਨ ਵਿਚ ਬੁੱਢੀ ਤੇ ਬੁੱਢਾ ਰਹਿੰਦੇ ਸਨ। ਇਥੇ ਤਿੰਨੋਂ ਆਰਾਮ ਕਰਨ ਲਈ ਬੈਠ ਗਏ। ਲੱਲੂ ਨੇ ਤਿਹਾਏ ਹੋਣ ਕਾਰਨ ਪਾਣੀ ਪੀਤਾ। ਸਿਪਾਹੀ ਤੇ ਬਾਣੀਏ ਨੇ ਬਜ਼ੁਰਗ ਜੋੜੇ ਨੂੰ ਪੁੱਛਿਆ, ‘ਤੁਹਾਨੂੰ ਪਤਾ ਹੈ ਇਹ ਕੌਣ?’ ਇਹ ਲੱਲੂ ਹੈ।’ ਔਰਤ ਨੇ ਬੜੇ ਮਜ਼ਾਕੀਆ ਢੰਗ ਨਾਲ ਲੱਲੂ ਨੂੰ ਕਿਹਾ, ‘ਓ ਲੱਲੂ, ਸਾਨੂੰ ਲੰਕਾ ਦੀ ਕਥਾ ਸੁਣਾ ਕਿ ਕੇਵੰ ਲੰਗਾ ਜਿੱਤੀ ਗਈ ਅਤੇ ਕਿਵੇਂ ਰਾਵਣ ਨੂੰ ਮਾਰਿਆ ਗਿਆ।’
ਲੱਲੂ ਨੇ ਕਿਹਾ, ‘ਬੇਬੇ ਮੈਨੂੰ ਤੰਗ ਨਾ ਕਰ। ਤੈਨੂੰ ਨਹੀਂ ਪਤਾ ਕਿ ਮੇਰੇ ਅੰਦਰ ਕੀ ਰਿੱਝ ਰਿਹਾ ਹੈ। ਪਰ ਬੁੱਢੀ ਨਹੀਂ ਟਲੀ। ਉਹ ਬੋਲੀ, ‘ਨਹੀਂ ਤੂੰ ਸਾਨੂੰ ਜ਼ਰੂਰ ਦੱਸ।’ ਲੱਲੂ ਸਿਪਾਹੀ ਨੂੰ ਸੁਣਾਉਣ ਲੱਗਾ, ‘ਓ ਸਿਪਾਹੀ ਤੇ ਓਹ ਬਾਣੀਆ, ਬੁੱਢੀ ਇਹ ਜਾਨਣਾ ਚਾਹੁੰਦੀ ਹੈ ਕਿ ਲੰਕਾ ਕਿਵੇਂ ਜਿੱਤੀ ਗਈ ਅਤੇ ਰਾਵਣ ਕਿਵੇਂ ਮਾਰਿਆ ਗਿਆ? ਮੈਂ ਉਸਨੂੰ ਦੱਸਣ ਨਾਲੋਂ ਚੰਗੀ ਤਰ੍ਹਾਂ ਕਰ ਕੇ ਦਿਖਾਵਾਂਗਾ ਨਹੀਂ ਤਾਂ ਉਹ ਮੰਨੇਗੀ ਨਹੀਂ।’ ਇਹ ਕਹਿੰਦਿਆਂ ਉਸ ਮੂਰਖ ਨੇ ਨੇੜੇ ਪਈ ਗੰਡਾਸੀ ਚੁੱਕੀ ਤੇ ਉਸਨੇ ਇਕੋ ਵਾਰ ਨਾਲ ਬੁੱਢੇ ਦਾ ਸਿਰ ਵੱਢ ਦਿੱਤਾ ਤੇ ਚੀਕਿਆ, ਇਵੇਂ, ਇਵੇਂ ਰਾਵਣ ਮਾਰਿਆ ਗਿਆ।
ਫੇਰ ਉਸ ਨੇ ਸੁੱਕਾ ਖਾਹ ਲਿਆ ਉਸਨੂੰ ਅੱਗ ਲਾਈ ਅਤੇ ਛੰਨ ਨੂੰ ਜਲਾ ਕੇ ਰਾਖ ਕਰ ਦਿੱਤਾ। ਬੁੱਢੀ ਨੇ ਵੀ ਜਲ ਮਰਨਾ ਸੀ ਜੇ ਲੱਲੂ ਉਸਨੂੰ ਧੂਹ ਕੇ ਬਾਹਰ ਨਾ ਕੱਢਦਾ ‘ਤੇ ਇਸ ਤਰ੍ਹਾਂ ਲੰਕਾ ਦਾ ਦਹਿਨ ਕਰਕੇ ਉਸਨੂੰ ਜਿੱਤਿਆ ਗਿਆ।’
ਬੁੱਢੀ ਦੁਖੀ ਤਾਂ ਸੀ ਪਰ ਉਸ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਸੀ। ਉਸਨੇ ਬੜੇ ਡਰਾਉਣੇ ਢੰਗ ਨਾਲ ਸਹੁੰ ਖਾਧੀ, ‘ਓ, ਬਦਮਾਸ਼ ਮੈਂ ਰਾਜੇ ਨੂੰ ਕਹਾਂਗੀ ਕਿ ਤੈਨੂੰ ਫਾਂਸੀ ਦਿੱਤੀ ਜਾਵੇ।’ ਉਹ ਵੀ ਸਿਪਾਹੀ ਅਤੇ ਬਾਣੀਏ ਦੇ ਨਾਲ ਹੀ ਸ਼ਿਕਾਇਤ ਕਰਨ ਤੁਰ ਪਈ।
ਚਾਰੋਂ ਰਾਜੇ ਵੱਲ ਤੁਰ ਪਏ। ਰਾਜੇ ਦੀ ਕਚਹਿਰੀ ਪਹੁੰਚਣ ਤੋਂ ਪਹਿਲਾਂ ਉਹ ਤੇਲੀ ਦੀ ਦੁਕਾਨ ਕੋਲੋਂ ਲੰਘੇ। ਲੱਲੂ ਇਥੇ ਰੁੱਕ ਗਿਆ ਅਤੇ ਸਿਪਾਹੀ ਨੂੰ ਕਹਿਣ ਲੱਗਾ, ‘ਦੇਖੋ ਮੇਰੇ ਬਾਲ ਆਲ੍ਹਣਾ ਬਣੇ ਪਏ ਹਨ। ਇਸ ਤਰ੍ਹਾਂ ਮੈਂ ਰਾਜੇ ਦੇ ਸਾਹਮਣੇ ਨਹੀਂ ਜਾ ਸਕਦਾ। ਮੈਂ ਅੰਦਰ ਜਾ ਕੇ ਵਾਲਾਂ ਨੂੰ ਥੋੜ੍ਹਾ ਜਿਹਾ ਤੇਲ ਲਾ ਆਵਾਂ।’ ਸਿਪਾਹੀ ਨੇ ਇਜਾਜ਼ਤ ਦੇ ਦਿੱਤੀ। ਲੱਲੂ ਦੁਕਾਨ ਵਿਚ ਗਿਆ। ਇਸਨੂੰ ਇਕ ਬੁੱਢੀ ਔਰਤ ਚਲਾਉਂਦੀ ਸੀ। ਚਾਰੇ ਪਾਸੇ ਪੜਛੱਤੀਆਂ ਸਨ ਤੇ ਉਨ੍ਹਾਂ ਉਪਰ ਤੇਲ ਭਰੇ ਮੱਟ ਪਏ ਸਨ। ਲੱਲੂ ਨੇ ਬੁੱਢੀ ਨੂੰ ਕਿਹਾ, ‘ਮਾਈ, ਦੋ ਕੌਡੀਆਂ ਦਾ ਤੇਲ ਦੇ ਮੈਂ ਵਾਲਾਂ ਨੂੰ ਲਾਉਣਾ ਹੈ।’ ਉਸਨੇ ਦੇ ਕੌਡੀਆਂ ਉਸਦੇ ਹੱਥ ‘ਤੇ ਰੱਖ ਦਿੱਤੀਆਂ। ਬੁੱਢੀ ਨੇ ਹੱਥ ਅਗਾਂਹ ਕੀਤਾ, ਬੁੱਢੀ ਨੇ ਹਥੇਲੀ ‘ਤੇ ਤੇਲ ਪਾਇਆ। ਲੱਲੂ ਨੇ ਧਿਆਨ ਨਾ ਦਿੱਤਾ ਤੇ ਸਾਰਾ ਤੇਲ ਉਸ ਦੀਆਂ ਉਂਗਲੀਆਂ ਥਾਣੀ ਵਗ ਗਿਆ ਤੇ ਕੱਚੇ ਵਿਹੜੇ ਵਿਚ ਖਿੰਡ ਗਿਆ। ਲੱਲੂ ਨੇ ਕਿਹਾ, ”ਮੇਰੇ ਕੋਲ ਇਹੀ ਕੌਡੀਆਂ ਸਨ। ਉਨ੍ਹਾਂ ਦਾ ਤੇਲ ਲਿਆ ਪਰ ਉਹ ਵੀ ਧਰਤੀ ‘ਤੇ ਖਿੰਡ ਗਿਆ। ਤੇਲ ਦਾ ਧਰਤੀ ਤੇ ਗਿਰਨਾ ਸ਼ੁੱਭ ਸ਼ਗਨ ਮੰਨਿਆ ਜਾਂਦਾ ਹੈ। ਇਹ ਕਹਿ ਕੇ ਬੁੱਢੀ ਨੇ ਲੱਲੂ ਨੂੰ ਰਿਝਾਣਾ ਚਾਹਿਆ। ‘ਮੁੰਡਿਆ ਤੇਰੀ ਤਾਂ ਅੱਜ ਕਿਸਮਤ ਬੜੀ ਚੰਗੀ ਹੈ, ਤੇਰੇ ਸਿਰ ਤੋਂ ਤਾਂ ਗ੍ਰਹਿ ਟਲ ਗਿਆ।’ ਬੁੱਢੀ ਤੋਂ ਇਹ ਸੁਣ ਕੇ ਲੱਲੂ ਸੋਚਣ ਲੱਗਾ, ‘ਮੈਂ ਕੁਝ ਤੁਪਕੇ ਤੇਲ ਦੇ ਗਿਰਾਏ, ਇਸ ਲਈ ਮੇਰੀ ਕਿਸਮਤ ਚਮਕੇਗੀ ਅਤੇ ਮੇਰੇ ਸਿਰੋਂ ਗ੍ਰਹਿ ਟਲੇਗਾ। ਪਰ ਜੇ ਮੈਂ ਦੁਕਾਨ ਦਾ ਸਾਰਾ ਤੇਲ ਧਰਤੀ ‘ਤੇ ਸੁੱਟ ਦੇਵਾਂ ਤਾਂ ਤੇ ਹੋਰ ਵੀ ਵੱਡਾ ਗ੍ਰਹਿ ਟੱਲਣ ਦੀ ਆਸ ਹੋਵੇਗੀ। ਮੇਰੇ ਲਈ ਹੀ ਨਹੀਂ ਸਾਰਿਆਂ ਲਈ ਹੀ। ਸੋ ਉਸ ਨੇ ਆਪਣੀ ਡਾਂਗ ਚੁੱਕੀ ਅਤੇ ਸਾਰੇ ਘੜੇ ਤੇ ਚਾਟੀਆਂ ਭੰਨ ਸੁੱਟੀਆਂ, ਚੀਣਾ-ਚੀਣਾ ਕਰ ਦਿੱਤੀਆਂ। ਉਨ੍ਹਾਂ ਵਿਚਾਲ ਤੇਲ ਸਾਰੇ ਵਿਹੜੇ ਵਿਚ ਦੀ ਦਰਵਾਜ਼ੇ ਤੋਂ ਬਾਹਰ ਤੱਕ ਵਗ ਗਿਆ।
‘ਓਇ ਕੰਜਰੋ!ਂ ਅੰਦਰ ਕੀ ਹੋ ਗਿਆ?’ ਬਾਹਰ ਬੈਠਾ ਸਿਪਾਹੀ ਹੜਬੜਾਇਆ। ਬੁੱਢੀ ਦੁਕਾਨਦਾਰ ਗੁੱਸੇ ਨਾਲ ਉਬਲਦੀ ਗਲੀ ਵਿਚ ਆ ਗਈ, ‘ਓ, ਤੂੰ ਬਦਮਾਸ਼, ਚੋਰ ਨੇ ਇਹ ਕੀ ਕੀਤਾ। ਹੁਣ ਤਾਂ ਰਾਜਾ ਹੀ ਤੇਰਾ ਕਲਿਆਣ ਕਰੇਗਾ।’ ਉਹ ਵੀ ਪਹਿਲਿਆਂ ਨਾਲ ਰਲ ਗਈ ਤੇ ਸਾਰੇ ਰਾਜੇ ਦੀ ਕਚਹਿਰੀ ਪਹੁੰਚੇ।
ਉਸ ਸਮੇਂ ਰਾਜਾ ਸ਼ਿਕਾਇਤਾਂ ਸੁਣ ਕੇ ਇਨਸਾਫ਼ ਕਰ ਰਿਹਾ ਸੀ। ਜਦੋਂ ਉਸਨੇ ਲੱਲੂ ਅਤੇ ਚਾਰ ਸ਼ਿਕਾਇਤੀਆਂ ਨੂੰ ਦਰਵਾਜ਼ੇ ਵਿਚ ਦੇਖਿਆ ਉਸ ਨੇ ਉਨ੍ਹਾਂ ਸਾਰਿਆਂ ਨੂੰ ਆਪਣੇ ਕੋਲ ਬੁਲਾ ਕੇ ਆਪਣੀਆਂ ਸ਼ਿਕਾਇਤਾਂ ਸੁਣਾਉਣ ਲਈ ਕਿਹਾ। ਸਭ ਤੋਂ ਪਹਿਲਾਂ ਸਿਪਾਹੀ ਬੋਲਿਆ, ‘ਬਾਦਸ਼ਾਹ ਸਲਾਮਤ, ਮੈਂ ਇਸ ਬੰਦੇ ਨੂੰ, ਪੰਜ ਰੁਪਏ ਦਾ ਘਿਉ ਤੁਹਾਡੀ ਰਸੋਈ ਲਈ ਲਿਆਉਣ ਵਾਸਤੇ ਪੈਸੇ ਦੇ ਕੇ ਲਿਆਂਦਾ। ਪਰ ਇਸ ਨੇ ਗਲੀ ਵਿਚ ਸਾਰਾ ਘਿਉ ਸੁੱਟ ਦਿੱਤਾ। ਸਾਰਾ ਘਿਉ ਬਰਬਾਦ ਹੋ ਗਿਆ।’
ਰਾਜੇ ਨੇ ਲੱਲੂ ਵਲ ਧਿਆਨ ਦਿੱਤਾ ‘ਤੇ ਪੁੱਛਿਆ, ‘ਤੇਰਾ ਨਾਮ ਕੀ ਹੈ।’ ‘ਮੇਰਾ ਨਾਂ ਲੱਲੂ ਹੈ’ ਮੁੰਡੇ ਨੇ ਕਹਿਣਾ ਸ਼ੁਰੂ ਕੀਤਾ, ‘ਸਿਪਾਹੀ ਨੇ ਮੇਰੀ ਸ਼ਿਕਾਇਤ ਕੀਤੀ ਹੈ ਕਿ ਮੈਂ ਉਸਦਾ ਪੰਜ ਰੁਪਏ ਦਾ ਘਿਉ ਬਰਬਾਦ ਕੀਤਾ ਹੈ ਪਰ ਜੇ ਬਾਦਸ਼ਾਹ ਮੇਰੀ ਪੂਰੀ ਗੱਲ ਸੁਣਨ ਤਾਂ ਮੈਂ ਸੱਚ ਬਿਆਨ ਕਰ ਸਕਦਾ ਹਾਂ।’
ਰਾਜੇ ਦੇ ਹਾਂ ਕਹਿਣ ਤੇ ਲੱਲੂ ਨੇ ਕਹਿਣਾ ਜਾਰੀ ਰੱਖਿਆ, ‘ਮੈਂ ਸਿਪਾਹੀ ਦਾ ਘਿਉ ਲਿਜਾਣ ਲਈ ਤਿੰਨ ਪੈਸੇ ਕੀਤੇ ਸਨ। ਜਦੋਂ ਮੈਂ ਜਾ ਰਿਹਾ ਸੀ ਤਾਂ ਮੈਂ ਸੋਚਿਆ ਮੈਂ ਬਹੁਤ ਸਾਰੇ ਪੈਸੇ ਕਮਾਵਾਂਗਾ। ਮੈਂ ਕੁੱਕੜੀ ਖਰੀਦ ਕੇ ਉਸ ਦੇ ਚੂਚੇ ਵੇਚਾਂਗਾ। ਫਿਰ ਵੱਟੇ ਪੈਸਿਆਂ ਦੀ ਭੇਡ ਲਵਾਂਗਾ ਅਤੇ ਉਸ ਦੇ ਭੇਡੂ ਬੇਚ ਕੇ ਆਮਦਨ ਵਧਾਵਾਂਗਾ। ਇਸ ਨਾਲ ਗਾਂ ਖਰੀਦਾਂਗਾ ਤੇ ਉਸਦੇ ਬਛੜੇ ਬੇਚਾਂਗਾ। ਫਿਰ ਮੈਂ ਮੱਝ ਖਰੀਦ ਕੇ ਉਸ ਦੀਆਂ ਕੱਟੀਆਂ ਬੇਚ ਕੇ ਵਾਧੂ ਕਮਾਈ ਕਰਾਂਗਾ। ਅਖੀਰ ਮੈਂ ਸੁਹਣੀ ਜਿਹੀ ਘੋੜੀ ਖਰੀਦ ਕੇ ਕੁੜੀਆਂ ਵਿਚ ਘੁੰਮਾਂਗਾ ਤੇ ਉਨ੍ਹਾਂ ਵਿਚੋਂ ਇਕ ਕੁੜੀ ਨਾਲ ਵਿਆਹ ਰਚਾਵਾਂਗਾ। ਵਿਆਹ ਬਾਅਦ ਮੇਰੇ ਚਾਰ-ਪੰਜ ਬੱਚੇ ਹੋਣਗੇ। ਬੱਚਿਅੰ ਵਿਚ ਘਿਰਿਆ ਮੈਂ ਉਨ੍ਹਾਂ ਨੂੰ ਪਿਆਰ ਕਰਾਂਗਾ ਤੇ ਹਵਾ ਵਿਚ ਉਛਾਲਾਂਗਾ। ਜਿਉਂ ਹੀ ਪਿਆਰ ਕਰਨ ਲਈ ਮੈਂ ਹੱਥ ਉੱਪਰ ਕੀਤੇ ਘਿਉ ਦਾ ਘੜਾ ਹੱਥੋਂ ਛੁੱਟ ਗਿਆ ਅਤੇ ਸਾਰਾ ਘਿਉ ਰੁੜ੍ਹ ਗਿਆ। ਮੇਰੇ ਸਿਰ ਇਲਜ਼ਾਮ ਧਰਿਆ ਗਿਆ। ਪਰ ਸੋਚੋ ਮੈਨੂੰ ਕਿੰਨਾ ਘਾਟਾ ਪਿਆ ਹੈ?’ ਰਾਜੇ ਨੇ ਸੁਣਿਆ ਤਾਂ ਉਸ ਨੇ ਲੋਕਾਂ ਨੂੰ ਰਿਝਾਉਣ ਵਾਲਾ ਮੂਰਖ ਪਛਾਣ ਲਿਆ। ਉਹ ਆਪ ਵੀ ਹੱਸਣ ਲੱਗ ਪਿਆ। ਰਾਜਾ ਉਸ ਵਲ ਵਧੇਰੇ ਧਿਆਨ ਦੇਣ ਲੱਗਾ। ਸਿਪਾਹੀ ਵੱਲ ਦੇਖ ਕੇ ਉਸ ਨੇ ਫ਼ੈਸਲਾ ਸੁਣਾਇਆ, ‘ਦੇਖੋ ਤਿੰਨ ਪੈਸਿਆਂ ਲਈ ਉਸ ਨੇ ਆਪਣਾ ਸਭ ਕੁਝ ਗੁਆ ਲਿਆ। ਉਹ ਤਾਂ ਤਬਾਹ ਹੋ ਗਿਆ। ਉਸਨੇ ਆਪਣੇ ਚੂਚੇ, ਭੇਡ, ਗਾਂ, ਮੱਝ ਅਤੇ ਘੋੜੀ ਵੀ ਗੁਆ ਲਈ। ਉਸ ਵਿਚਾਰੇ ਦੇ ਬੱਚੇ ਵੀ ਜਾਂਦੇ ਰਹੇ। ਤੇ ਤੇਰਾ ਕੀ ਗਿਆ ਸਿਰਫ਼ ਪੰਜ ਰੁਪਏ? ਉਸ ਨੂੰ ਮਾਫ ਕੀਤਾ ਜਾਂਦਾ ਹੈ ਤੇ ਮੁਕੱਦਮਾ ਖਾਰਜ ਕੀਤਾ ਜਾਂਦਾ ਹੈ। ਤੂੰ ਇਕ ਪਾਸੇ ਹੋ ਜਾ।’
ਰਾਜੇ ਨੇ ਬਾਣੀਏ ਨੂੰ ਸੱਦਿਆ। ਅਗਾਂਹ ਹੋ ਕੇ ਬਾਣੀਏਂ ਨੇ ਗਵਾਹੀ ਦੇਣੀ ਸ਼ੁਰੂ ਕੀਤੀ, ‘ਇਸ ਭੈੜੇ ਬੰਦੇ ਨੂੰ ਮੈਂ ਕਦੇ ਵੀ ਕੁਝ ਨਹੀਂ ਕਿਹਾ ਪਰ ਇਸ ਨੇ ਆਪਣੀ ਲਾਠੀ ਨਾਲ ਮੇਰੀ ਖੱਚਰ ਨੂੰ ਮਾਰ ਦਿੱਤਾ।’
‘ਕਿਉਂ ਲੱਲੂ ਤੂੰ ਬਾਣੀਏਂ ਦੀ ਖੱਚਰ ਮਾਰੀ?’ ਰਾਜੇ ਨੇ ਸਵਾਲ ਕੀਤਾ।
‘ਹਾਂ ਮਹਾਰਾਜ ਮੈਂ ਇਹੀ ਕੀਤਾ। ਪਰ ਬਾਣੀਆਂ ਮੈਨੂੰ ਦੱਸੇ ਕਿ ਕੀ ਉਸਨੇ ਮੈਨੂੰ ਖੱਚਰ ਨੂੰ ਮਾਰਨ ਲਈ ਨਹੀਂ ਕਿਹਾ, ਉਹ ਵੀ ਉੱਚੀ-ਉੱਚੀ?’ ”ਓ ਰਾਹੀਓ ਮੇਰੀ ਖੱਚਰ ਦੇ ਦੋ ਮਾਰੋ।” ਮੈਂ ਤਾਂ ਖੱਚਰ ਦੇ ਇਕ ਹੀ ਲਾਠੀ ਮਾਰੀ।’ ਲੱਲੂ ਨੇ ਅਸਲੀਅਤ ਬਿਆਨ ਕੀਤੀ।
ਰਾਜੇ ਨੇ ਸਿਪਾਹੀ ਨੂੰ ਪੁੱਛਿਆ, ‘ਸਿਪਾਹੀ ਤੂੰ ਇਸ ਬਾਰੇ ਕੀ ਕਹੇਂਗਾ? ਲੱਲੂ ਸੱਚ ਬੋਲ ਰਿਹਾ ਹੈ ਕਿ ਝੂਠ?’
‘ਮੇਰੇ ਆਕਾ, ਇਹ ਸੱਚ ਹੈ? ਸਿਪਾਹੀ ਨੇ ਕਿਹਾ।
ਤਾਂ ਰਾਜੇ ਨੇ ਬਾਣੀਏਂ ਨੂੰ ਕਿਹਾ, ‘ਇਹ ਮੁਸੀਬਤ ਤਾਂ ਹੋਰ ਕਿਸੇ ਦੀ ਨਹੀਂ ਤੇਰੀ ਆਪਣੀ ਸਹੇੜੀ ਹੈ। ”ਓ ਸਿਪਾਹੀਓ ਇਸ ਝੂਠੇ ਗਵਾਹ ਨੂੰ ਬਾਰਾਂ ਕੋੜੇ ਮਾਰੇ ਜਾਣ ਅਤੇ ਬਾਹਰ ਭੇਜ ਦਿੱਤਾ ਜਾਵੇ।” ਇਸ ਤਰ੍ਹਾਂ ਬਾਣੀਏ ਨੂੰ ਬੇਇੱਜ਼ਤ ਕਰਕੇ ਬਾਹਰ ਕੱਢਿਆ ਗਿਆ।
ਇਸ ਤੋਂ ਬਾਅਦ ਵਿਚਾਰੀ ਬੁੱਢੀ ਪੇਸ਼ ਹੋਈ ਜਿਸਦਾ ਘਰ ਜਲਾ ਕੇ ਰਾਖ ਕਰ ਦਿੱਤਾ ਗਿਆ ਸੀ। ਉਸਨੇ ਬੜੀ ਦਰਦ ਭਰੀ ਦਾਸਤਾਨ ਦੱਸਣੀ ਸ਼ੁਰੂ ਕੀਤੀ, ‘ਇਸ ਆਦਮੀ ਨੇ, ਮਹਾਰਾਜ ਮੇਰੇ ਪਤੀ ਦਾ ਸਿਰ ਕਲਮ ਕੀਤਾ ਹੈ ਅਤੇ ਮੇਰਾ ਘਰ ਜਲਾ ਕੇ ਤਬਾਹ ਕੀਤਾ ਹੈ।’ ਮੈਨੂੰ ਇਨਸਾਫ਼ ਦੁਆਇਆ ਜਾਵੇ।’
‘ਲੱਲੂ ਕੀ ਤੂੰ ਅਜਿਹਾ ਕੀਤਾ ਹੈ?’ ਰਾਜੇ ਨੇ ਸਵਾਲ ਕੀਤਾ। ‘ਹਾਂ ਜਨਾਬ ‘ਲੱਲੂ ਬੋਲਿਆ, ‘ਇਹ ਬਿਲਕੁਲ ਸੱਚ ਹੈ ਪਰ ਉਸ ਨੇ ਮੈਨੂੰ ਵਾਰ-ਵਾਰ ਕਿਹਾ ਕਿ ਮੈਂ ਕਥਾ ਸੁਣਾਵਾਂ ਕਿ ਲੰਕਾ ਕਿਵੇਂ ਜਿੱਤੀ ਗਈ ਅਤੇ ਰਾਵਣ ਨੂੰ ਕਿਵੇਂ ਮਾਰਿਆ ਗਿਆ। ਮੈਂ ਤਾਂ ਇਸਦਾ ਹੁਕਮ ਹੀ ਮੰਨਿਆ ਹੈ ਮਹਾਰਾਜ।’
ਕਿਉਂਕਿ ਬੁੱਢੀ ਇਸ ਤੋਂ ਇਨਕਾਰ ਨਹੀਂ ਸੀ ਕਰ ਸਕਦੀ, ਇਸ ਲਈ ਲੱਲੂ ਨੇ ਕਹਿਣਾ ਜਾਰੀ ਰੱਖਿਆ, ‘ਇਹ ਸ਼ਾਇਦ ਸਭ ਤੋਂ ਸਹੀ ਤਰੀਕਾ ਸੀ ਇਹ ਦੱਸਣ ਦਾ ਕਿ ਕੀ ਕਿਵੇਂ ਵਾਪਰਿਆ ਸੀ। ਕਹਿਣੀ ਨਾਲੋਂ ਕਰਨੀ ਹਮੇਸ਼ਾ ਹੀ ਵਧੀਆ ਹੁੰਦੀ ਹੈ। ਇਸ ਲਈ ਮੈਂ ਉਸ ਨੂੰ ਅਮਲੀ ਤੌਰ ‘ਤੇ ਕਰਕੇ ਜਵਾਬ ਦਿੱਤਾ ਤਾਂ ਕਿ ਕੋਈ ਗਲਤੀ ਨਾ ਹੋਵੇ।’
ਔਰਤ ਨੂੰ ਰਾਜੇ ਨੇ ਕਿਹਾ, ‘ਤਾਂ ਇਹ ਹੈ ਮੁਕੱਦਮਾ। ਕੈਦੀ ਨੂੰ ਰਿਹਾਅ ਕਰ ਦਿੱਤਾ ਜਾਵੇ। ਅੱਗੇ ਤੋਂ ਬੋਲਣ ਸਮੇਂ ਵਧੇਰੇ ਧਿਆਨ ਰੱਖਿਆ ਜਾਵੇ। ਹਾਂ ਬੁਢੀਆ ਸਿਪਾਹੀ ਤੈਨੂੰ ਤੇਰਾ ਘਰ ਬਣਵਾ ਦੇਣਗੇ।’ ਇਹ ਮੁਕੱਦਮਾ ਵੀ ਖਾਰਜ ਕਰ ਦਿੱਤਾ ਗਿਆ।
ਅਖ਼ੀਰ ‘ਤੇ ਤੇਲੀ ਦਾ ਮੁਕੱਦਮਾ ਸੁਣਿਆ ਗਿਆ। ਲੱਲੂ ਉੱਪਰ ਦੋਸ਼ ਸੀ ਕਿ ਉਸ ਨੇ ਜਾਣਬੁਝ ਕੇ ਬਦਨੀਤੀ ਨਾਲ ਤੇਲੀ ਦੇ ਸਾਰੇ ਤੇਲ ਦੇ ਘੜੇ ਭੰਨ ਦਿੱਤੇ ਸਨ ਤੇ ਤੇਲ ਬਰਬਾਦ ਕੀਤਾ ਸੀ ਅਤੇ ਇਵੇਂ ਤੇਲੀ ਨੂੰ ਤਬਾਹ ਕਰ ਦਿੱਤਾ ਸੀ। ਰਾਜੇ ਨੇ ਪੁੱਛਿਆ, ‘ਕਿਉਂ ਲੱਲੂ ਤੂੰ ਇਹ ਸਭ ਕੁੱਝ ਕੀਤਾ?’
‘ਹਾਂ ਮਹਾਰਾਜ, ਮੈਂ ਇਹ ਸਭ ਕੁੱਝ ਹੀ ਕੀਤਾ।’
‘ਪਰ ਤੂੰ ਕੀਤਾ ਕਿਉਂ?’ ਰਾਜਾ ਜਾਨਣਾ ਚਾਹੁੰਦਾ ਸੀ।
‘ਮੈਂ ਦੁਕਾਨ ਤੇ ਚਾਰ ਕੌਡੀਆਂ ਦਾ ਤੇਲ ਲੈਣ ਗਿਆ। ਮੈਂ ਤੁਹਾਡੇ ਕੋਲ ਆਉਣ ਤੋਂ ਪਹਿਲੇ ਆਪਣੇ ਵਾਲ ਸੰਵਾਰਨਾ ਚਾਹੁੰਦਾ ਸੀ। ਪਰ ਤੇਲ ਮੇਰੀਆਂ ਉਂਗਲਾਂ ਵਿਚੋਂ ਗਿਆ। ਇਹ ਔਰਤ ਨੇ ਕਿਹਾ ਕਿ ਤੇਲ ਡੁੱਲਣਾ ਚੰਗੇ ਸ਼ਗਨ ਦੀ ਨਿਸ਼ਾਨੀ ਹੁੰਦੀ ਹੈ। ਤੇਲ ਡੁੱਲ੍ਹਣਾ ਮੇਰੀ ਚੰਗੀ ਕਿਸਮਤ ਦੀ ਨਿਸ਼ਾਨੀ ਹੈ। ਮੈਂ ਸੋਚਿਆ, ”ਜੇ ਥੋੜ੍ਹਾ ਜਿਹਾ ਤੇਲ ਡੁੱਲ੍ਹਣਾ ਚੰਗੀ ਕਿਸਮਤ ਦੀ ਨਿਸ਼ਾਨੀ ਹੈ ਤਾਂ ਜੇ ਸਾਰਾ ਤੇਲ ਰੋੜ੍ਹ ਦਿੱਤਾ ਜਾਵੇ ਤਾਂ ਮੇਰੇ ਲਈ ਔਰਤ ਲਈ ਅਤੇ ਸਾਰਿਆਂ ਲਈ ਚੰਗਾ ਸ਼ਗਨ ਹੋਵੇਗਾ।” ਇਸ ਲਈ ਆਪਣੇ ਵਾਸਤੇ ਅਤੇ ਇਸ ਔਰਤ ਵਾਸਤੇ ਮੈਂ ਸਾਰਾ ਤੇਲ ਜ਼ਮੀਨ ‘ਤੇ ਰੋੜ੍ਹ ਦਿੱਤਾ।’
ਰਾਜਾ ਔਰਤ ਨੂੰ ਕਹਿਣ ਲੱਗਾ, ‘ਤੈਨੂੰ ਤਾਂ ਪਤਾ ਹੋਣਾ ਚਾਹੀਦਾ ਸੀ ਕਿ ਇਹ ਆਦਮੀ ਗਧਾ ਹੈ ਤੇ ਤੈਨੂੰ ਆਪਣੀ ਭਾਸ਼ਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਸੀ। ਉਸ ਨੇ ਤੇਰੇ ਤੇਲ ਦੇ ਘੜੇ ਇਸ ਲਈ ਤੋੜੇ ਕਿ ਤੇਰੇ ਤੋਂ ਇਹ ਕੁਝ ਨਹੀਂ ਸੀ ਹੋ ਸਕਦਾ। ਉਹ ਸਾਰੀ ਦੁਨੀਆਂ ਦੀ ਖੁਸ਼ਕਿਸਮਤੀ ਤੈਨੂੰ ਦੇਣਾ ਚਾਹੁੰਦਾ ਸੀ ਪਰ ਅਸਲੀ ਗਲਤੀ ਤਾਂ ਤੇਰੀ ਹੀ ਹੈ। ਰਾਜੇ ਨੇ ਹੱਸ ਕੇ ਇਹ ਮੁਕੱਦਮਾ ਵੀ ਖ਼ਤਮ ਕਰ ਦਿੱਤਾ ਅਤੇ ਕੈਦੀ ਲਾਲੂ ਨੂੰ ਰਿਹਾਅ ਕਰ ਦਿੱਤਾ।
ਲੱਲੂ ਖੁਸ਼ੀ-ਖੁਸ਼ੀ ਆਪਣੇ ਘਰ ਪਹੁੰਚਿਆ। ਮਾਂ ਕਹਿਣ ਲੱਗੀ, ‘ਲੱਲੂ ਬੇਟੇ ਮੈਂ ਚਿੰਤਾ ਨਾਲ ਤੇ ਦੁੱਖ ਨਾਲ ਮਰੀ ਜਾ ਰਹੀ ਸਾਂ, ਕਿ ਤੇਰੇ ਨਾਲ ਕੁਝ ਭੈੜਾ ਨਾ ਹੋ ਜਾਵੇ।’ ਲੱਲੂ ਨੇ ਆਦਿ ਤੋਂ ਅੰਤ ਤੱਕ ਆਪਣੀ ਸਾਰੀ ਰਾਮ ਕਹਾਣੀ ਸੁਣਾ ਦਿੱਤੀ। ਸਾਰੀ ਕਹਾਣੀ ਸੁਣ ਕੇ ਮਾਂ ਨੇ ਕਿਹਾ,
‘ਲੱਲੂ ਕਰੇ ਵਲੱਲੀਆਂ
ਰੱਬ ਸਿੱਧੀਆਂ ਪਾਵੇ।
(ਗਾਜ਼ੀ ਪਿੰਡ ਵਿਚ ਇਕ ਪੇਂਡੂ ਤੋਂ ਸੁਣੀ)
Read more
ਜਦੋਂ ਟੇਪ ਇਰੇਜ਼ ਹੋ ਗਈ
ਲੜੀਵਾਰ ਕਾਲਮ : ਮਾਂ ਬੋਲੀ ਦੇ ਵਿਸਰ ਰਹੇ ਸ਼ਬਦਾਂ ਦਾ ਕੋਸ਼ ‘ਸ਼ਬਦਾਂਗ’
ਇਕ ਕਵਿਤਾ ਇਕ ਕਹਾਣੀ