ਪੀ. ਸੱਤਿਆਵਤੀ
ਪੀ. ਸੱਤਿਆਵਤੀ ਇੱਕ ਮਸ਼ਹੂਰ ਤੇਲਗੂ ਲੇਖਕ ਹਨ, ਜੋ ਮੁੱਖ ਤੌਰ ‘ਤੇ ਆਪਣੀਆਂ ਛੋਟੀਆਂ ਕਹਾਣੀਆਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀਆਂ ਕਹਾਣੀਆਂ ਔਰਤਾਂ ਦੇ ਅੰਦਰੂਨੀ ਜੀਵਨ ਅਤੇ ਸਮਾਜਿਕ ਸਥਿਤੀਆਂ ‘ਤੇ ਕੇਂਦ੍ਰਿਤ ਹਨ। ਉਹ ਇੱਕ ਨਿਪੁੰਨ ਅਨੁਵਾਦਕ ਵੀ ਹੈ, ਜਿਸ ਨੂੰ ‘ਏਕ ਹਿਜੜਾ ਕੀ ਆਤਮਕਥਾ’ (ਇਕ ਹਿਜੜਾ ਦੀ ਆਤਮਕਥਾ) ‘ਤੇ ਆਪਣੇ ਕੰਮ ਲਈ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਮਿਲਿਆ ਹੈ। ਸੱਤਿਆਵਤੀ ਨੇ ਸੇਵਾਮੁਕਤ ਹੋਣ ਤੋਂ ਪਹਿਲਾਂ ਇੱਕ ਅੰਗਰੇਜ਼ੀ ਲੈਕਚਰਾਰ ਵਜੋਂ ਕੰਮ ਕੀਤਾ ਅਤੇ ਤੇਲਗੂ ਸਾਹਿਤ ‘ਚ ਲਿਖਣ ਦਾ ਇੱਕ ਸ਼ਾਨਦਾਰ ਮੁਕਾਮ ਹਾਸਲ ਕੀਤਾ। ਅਸੀਂ ਆਪਣੇ ਇਸ ਅੰਕ ਵਿਚ ਪੀ. ਸਤਿਆਵਤੀ ਦੀ ਡਾ. ਸਰਦੂਲ ਸਿੰਘ ਔਜਲਾ ਵੱਲੋਂ ਅਨੁਵਾਦ ਕੀਤੀ ਕਹਾਣੀ ‘ਮੈਂ ਕੌਣ ਹਾਂ’ ਪਾਠਕਾਂ ਅੱਗੇ ਪੇਸ਼ ਕਰਨ ਦੀ ਖ਼ੁਸ਼ੀ ਲੈ ਰਹੇ ਹਾਂ।
ਅਨੁਵਾਦ : ਡਾ. ਸਰਦੂਲ ਸਿੰਘ ਔਜਲਾ
98141-68611
ਡਾ. ਸਰਦੂਲ ਸਿੰਘ ਔਜਲਾ ਪੰਜਾਬੀ ਸਿਰਜਨਾਤਮਕਤਾ ਅਤੇ ਆਲੋਚਨਾ ਦੇ ਖੇਤਰ ਵਿਚ ਕਿਸੇ ਜਾਣ-ਪਹਿਚਾਣ ਦੇ ਮੁਥਾਜ ਨਹੀਂ ਹਨ। ਉਹ ਸਾਹਿਤ ਦੇ ਵਿਦਿਆਰਥੀ ਹਨ ਤੇ ਪੰਜਾਬੀ ਸਾਹਿਤ ਵਿਚ ਉਨ੍ਹਾਂ ਨੇ ਡਾਕਟਰੇਟ ਦੀ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹਾਸਲ ਕੀਤੀ ਹੈ। ਜਿੱਥੇ ਉਹ ਵੱਖ-ਵੱਖ ਪੰਜਾਬੀ ਸਾਹਿਤਕ ਤੇ ਸੱਭਿਆਚਾਰਕ ਸੰਸਥਾਵਾਂ ਵਿਚ ਜ਼ਿੰਮੇਵਾਰੀ ਨਿਭਾ ਰਹੇ ਹਨ, ਉੱਥੇ ਉਨ੍ਹਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ ਵੀ ਉਲੇਖ ਯੋਗ ਹਨ। ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ।
ਮੌਲਿਕ ਪੁਸਤਕਾਂ— (À) ਗੁਫ਼ਤਗੂ ਪੰਜਾਬ (ਕਾਵਿ-ਸੰਗ੍ਰਹਿ), (ਅ) ਪੰਜਾਬੀ ਸਾਹਿਤ ਸੰਵਾਦ ਅਤੀਤ ਤੇ ਵਰਤਮਾਨ (ਆਲੋਚਨਾ) (Â) ਸਮਕਾਲੀ ਪੰਜਾਬੀ ਸਾਹਿਤ ਜ਼ਿਕਰ ਤੇ ਫ਼ਿਕਰ (ਆਲੋਚਨਾ), (ਸ) ਕਿਸਾਨੀ ਸੰਘਰਸ਼, ਕੋਰੋਨਾ ਸੰਕਟ ਤੇ ਪੰਜਾਬੀ ਸਾਹਿਤ (ਸਮੀਖਿਆ), (ਹ) ਮਮੀਮ (ਕਾਵਿ-ਸੰਗ੍ਰਹਿ)।
ਸੰਪਾਦਿਤ ਪੁਸਤਕਾਂ—(À) ਅੱਖਰ ਵੇਲ (ਕਾਵਿ-ਸੰਗ੍ਰਹਿ), (ਅ) ਅੱਖਰ ਨੂਰ (ਕਾਵਿ-ਸੰਗ੍ਰਹਿ), (Â) ਸਿਰਜਣਾ ਦੀ ਲੋਅ (ਕਾਵਿ ਸੰਗ੍ਰਹਿ) ਸਾਂਝਾ, (ਸ) ਸਿਰਜਣਾ ਦੇ ਵਾਰਿਸ (ਕਾਵਿ ਸੰਗ੍ਰਹਿ) ਸਾਂਝਾ।
ਅਨੁਵਾਦ—(À) ਰੁੱਤਾਂ ਦੇ ਅੰਗ-ਸੰਗ (ਕਾਵਿ ਸੰਗ੍ਰਹਿ) ਹਿੰਦੀ ਤੋਂ ਪੰਜਾਬੀ (ਅ) 873 ਕਿੱਲੋ ਹਰਟਜ਼ ‘ਤੇ (ਵਾਰਤਕ) ਹਿੰਦੀ ਤੋਂ ਪੰਜਾਬੀ
J ਇੱਕ ਹਜ਼ਾਰ ਤੋਂ ਵਧੀਕ ਪੁਸਤਕ ਰੀਵੀਊ ਵੱਖ-ਵੱਖ ਅਖ਼ਬਾਰਾਂ ਅਤੇ ਸਾਹਿਤਕ ਮੈਗਜ਼ੀਨਾਂ ਵਿਚ ਪ੍ਰਕਾਸ਼ਿਤ।
J ਰੇਡੀਓ ਅਤੇ ਦੂਰਦਰਸ਼ਨ ਦੇ ਬਹੁਤ ਸਾਰੇ ਪ੍ਰੋਗਰਾਮਾਂ ਵਿਚ ਲਗਾਤਾਰ ਸ਼ਿਰਕਤ।
J ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਖੋਜ-ਪੱਤਰ ਪੇਸ਼ ਕੀਤੇ।
98141-68611
ਮੈਂ ਕੌਣ ਹਾਂ : (ਤੇਲਗੂ ਕਹਾਣੀ)
ਘਰੇਲੂ ਸੁਆਣੀ ਬਣਨ ਤੋਂ ਪਹਿਲਾਂ ਉਹ ਇੱਕ ਲੜਕੀ ਸੀ। ਪੜ੍ਹੀ ਲਿਖੀ, ਸਿਆਣੀ, ਤੇਜ਼ ਤਰਾਰ ਅਤੇ ਹਰ ਕੰਮ ਵਿਚ ਮਾਹਿਰ।
ਜਦੋਂ ਉਸ ਲੜਕੀ ਦੀ ਸੁੰਦਰਤਾ, ਸਿਆਣਪ ਅਤੇ ਉਸਦੇ ਪਿਤਾ ਦੁਆਰਾ ਦਿੱਤਾ ਗਿਆ ਦਹੇਜ ਇੱਕ ਲੜਕੇ ਨੂੰ ਪਸੰਦ ਆ ਗਿਆ ਤਾਂ ਉਸ ਦੇ ਗੱਲ਼ ਵਿਚ ਮੰਗਲਸੂਤਰ ਪਾ ਕੇ ਉਸ ਨੇ ਉਸ ਨੂੰ ਆਪਣੇ ਘਰ ਦੀ ਸੁਆਣੀ ਬਣਾਉਂਦਿਆਂ ਕਿਹਾ, ”ਦੇਖੋ ਪਿਆਰੀ ਇਹ ਤੁਹਾਡਾ ਘਰ ਹੈ। ਉਸ ਸੁਆਣੀ ਨੇ ਉਸੇ ਦਿਨ ਤੋਂ ਹੀ ਕਮਰ ਕੱਸ ਲਈ ਅਤੇ ਘਰ ਨੂੰ ਲਿੱਪਣ ਪੋਚਣ ਲੱਗੀ। ਉਸ ਨੇ ਘਰ ਨੂੰ ਖ਼ੂਬਸੂਰਤ ਬਣਾ ਕੇ ਰੰਗਾਂ ਨਾਲ ਰੰਗੋਲੀ ਬਣਾਉਂਦਿਆਂ ਫੁੱਲ ਬੂਟੇ ਪਾ ਕੇ ਉਸ ਦੀ ਸੁੰਦਰਤਾ ਵਿਚ ਹੋਰ ਵੀ ਵਾਧਾ ਕੀਤਾ। ਉਸ ਦੇ ਪਤੀ ਨੌਜਵਾਨ ਨੇ ਉਸ ਦੀ ਸਿਫ਼ਤ ਕਰਦਿਆਂ ਕਿਹਾ, ”ਘਰ ਨੂੰ ਲਿੱਪਣ ਪੋਚਣ ਵਿਚ ਤੂੰ ਬੜੀ ਮਾਹਿਰ ਏਂ। ਰੰਗੋਲੀ ਬਣਾਉਣ ਵਿਚ ਤਾਂ ਤੇਰਾ ਕੋਈ ਜਵਾਬ ਨਹੀਂ ਹੈ। ਸ਼ਾਬਾਸ਼! ਕੀਪ ਇਹ ਅੱਪ। ਫਿਰ ਅੰਗਰੇਜ਼ੀ ਵਿਚ ਬੋਲਦਿਆਂ ਉਸ ਦੇ ਮੋਢੇ ਨੂੰ ਥਾਪੀ ਦਿੱਤੀ।
ਉਹ ਸੁਆਣੀ ਫੁੱਲੀ ਨਾ ਸਮਾਈ ਅਤੇ ਘਰ ਨੂੰ ਲਿੱਪਣ ਪੋਚਣ ਨੂੰ ਹੀ ਉਸ ਨੇ ਆਪਣਾ ਮਿਸ਼ਨ ਮੰਨ ਲਿਆ। ਉਹ ਘਰ ਨੂੰ ਹਮੇਸ਼ਾ ਲਿੱਪਦੀ ਪੋਚਦੀ ਰਹਿੰਦੀ ਅਤੇ ਰੰਗੋਲੀ ਦੇ ਨਵੇਂ-ਨਵੇਂ ਡਿਜ਼ਾਇਨ ਅਤੇ ਫੁੱਲ ਬਣਾਉਂਦੀ ਰਹਿੰਦੀ। ਇਸ ਤਰ੍ਹਾਂ ਉਸ ਦਾ ਜੀਵਨ ਰੰਗੋਲੀ ਦੇ ਰੰਗਾਂ ਅਤੇ ਲਿੱਪਣ ਪੋਚਣ ਦੀ ਪਟਾਰੀ ਨਾਲ ਹੀ ਭਰਿਆ ਰਹਿਣ ਲੱਗਾ। ਪਰ ਇੱਕ ਦਿਨ ਘਰ ਨੂੰ ਲਿੱਪਣ ਪੋਚਦੇ ਹੋਏ ਉਹ ਸੋਚਣ ਲੱਗੀ ”ਭਲਾ ਮੇਰਾ ਨਾਮ ਕੀ ਏ।” ਉਹ ਇਕਦਮ ਚੌਂਕੀ। ਹੱਥ ਵਿਚ ਫੜਿਆ ਹੋਇਆ ਪੋਚਾ ਅਤੇ ਰੰਗਾਂ ਵਾਲੀ ਪਟਾਰੀ ਨੂੰ ਪਰਾਂ ਸੁੱਟ ਕੇ ਉਹ ਖਿੜਕੀ ਕੋਲ ਜਾ ਕੇ ਸਿਰ ਖੁਰਕਦੀ ਰਹੀ ਤੇ ਸੋਚਦੀ ਰਹੀ ਕਿ ਮੇਰਾ ਨਾਮ ਕੀ ਹੈ? ਮੇਰਾ ਨਾਮ ਕੀ ਹੈ? ਸਾਹਮਣੇ ਮਕਾਨ ‘ਤੇ ਟੰਗੀ ਨੇਮ ਪਲੇਟ ‘ਤੇ ਲਿਖਿਆ ਸੀ-ਸ੍ਰੀਮਤੀ ਐਮ. ਸੁਹਾਗਿਨੀ, ਐਮ. ਏ. ਪੀ. ਐੱਚ. ਡੀ. ਪਿੰ੍ਰਸੀਪਲ ‘ਐਕਸ’ ਕਾਲਜ। ਹਾਂ ਇਵੇਂ ਹੀ ਮੇਰਾ ਵੀ ਕੋਈ ਨਾਮ ਹੋਣਾ ਚਾਹੀਦਾ ਹੈ। ਇਹ ਸੋਚ ਕੇ ਉਹ ਪ੍ਰੇਸ਼ਾਨ ਹੋਣ ਲੱਗੀ। ਉਸ ਦਾ ਮਨ ਬੇਚੈਨ ਹੋ ਗਿਆ। ਉਸ ਨੇ ਬੜੀ ਮੁਸ਼ਕਿਲ ਨਾਲ ਉਸ ਦਿਨ ਦਾ ਲਿੱਪਣ ਪੋਚਣ ਦਾ ਕੰਮ ਖ਼ਤਮ ਕੀਤਾ। ਇੰਨੇ ਨੂੰ ਘਰ ਵਿਚ ਰੱਖੀ ਕੰਮ ਕਰਨ ਵਾਲੀ ਔਰਤ ਆ ਪਹੁੰਚੀ। ਉਸ ਨੇ ਸੋਚਿਆ ਸ਼ਾਇਦ ਇਸ ਨੂੰ ਯਾਦ ਹੋਵੇਗਾ ਮੇਰਾ ਨਾਮ। ਉਸ ਨੇ ਕੰਮ ਕਰਨ ਵਾਲੀ ਨੂੰ ਪੁੱਛਿਆ, ”ਕੀ ਤੂੰ ਮੇਰਾ ਨਾਮ ਜਾਣਦੀ ਏਂ?”
”ਇਹ ਤੁਸੀਂ ਕੀ ਪੁੱਛ ਰਹੇ ਹੋ ਬੀਬੀ ਜੀ, ਮਾਲਕਿਨਾਂ ਦੇ ਨਾਮ ਨਾਲ ਸਾਨੂੰ ਕੀ ਮਤਲਬ? ਤੁਸੀਂ ਸਾਡੇ ਲਈ ਮਾਲਕਿਨ ਹੋ—ਫਲਾਣੇ ਮਕਾਨ ਸਫੈਦ ਮਕਾਨ ਦੇ ਹੇਠਲੇ ਹਿੱਸੇ ਵਿਚ ਰਹਿਣ ਵਾਲੀ ਮਾਲਕਿਨ—ਤੁਸੀਂ। ਉਸ ਲੜਕੀ ਨੇ ਜੁਆਬ ਦਿੱਤਾ। ‘ਠੀਕ ਹੈ।’ ਉਸ ਵਿਚਾਰੀ ਨੂੰ ਕੀ ਪਤਾ। ਉਸ ਨੇ ਸੋਚਿਆ।
ਦੁਪਹਿਰ ਨੂੰ ਬੱਚੇ ਖਾਣਾ ਖਾਣ ਲਈ ਸਕੂਲੋਂ ਆਏ। ਸੁਆਣੀ ਨੇ ਸੋਚਿਆ-ਸ਼ਾਇਦ ਬੱਚਿਆਂ ਨੂੰ ਯਾਦ ਹੋਵੇ। ਉਸਨੇ ਪੁੱਛਿਆ, ”ਬੱਚਿਓ ਕੀ ਤੁਸੀਂ ਮੇਰਾ ਨਾਮ ਜਾਣਦੇ ਹੋ? ਬੱਚੇ ਹੈਰਾਨ ਹੁੰਦਿਆਂ ਬੋਲੇ, ”ਤੁਸੀਂ ਮਾਂ ਹੋ। ਤੁਹਾਡਾ ਨਾਮ ਮਾਂ ਹੀ ਹੈ। ਜਦੋਂ ਤੋਂ ਅਸੀਂ ਪੈਦਾ ਹੋਏ ਹਾਂ ਅਸੀਂ ਇਹੀ ਜਾਣਦੇ ਹਾਂ। ਪਿਤਾ ਜੀ ਦੇ ਨਾਮ ਨਾਲ ਚਿੱਠੀਆਂ ਆਉਂਦੀਆਂ ਹਨ। ਉਨ੍ਹਾਂ ਨੂੰ ਸਾਰੇ ਲੋਕ ਨਾਮ ਲੈ ਕੇ ਬੁਲਾਉਂਦੇ ਹਨ ਇਸ ਕਰਕੇ ਅਸੀਂ ਉਹਨਾਂ ਦਾ ਨਾਮ ਜਾਣਦੇ ਹਾਂ। ਤੁਸੀਂ ਆਪਣਾ ਨਾਮ ਸਾਨੂੰ ਕਦੋਂ ਦੱਸਿਆ ਹੈ। ਤੁਹਾਡੇ ਨਾਮ ਦੀ ਚਿੱਠੀ ਵੀ ਨਹੀਂ ਆਉਂਦੀ। ਉਹ ਫਿਰ ਸੋਚਣ ਲੱਗੀ, ”ਮੈਂਨੂੰ ਚਿੱਠੀ ਲਿਖਦਾ ਹੀ ਕੌਣ ਹੈ? ਮਾਂ ਤੇ ਪਿਤਾ ਜੀ ਹਨ ਉਹ ਵੀ ਇੱਕ ਦੋ ਮਹੀਨੇ ਵਿਚ ਫ਼ੋਨ ਹੀ ਕਰਦੇ ਹਨ। ਛੋਟੀ ਤੇ ਵੱਡੀ ਭੈਣ ਵੀ ਆਪਣੇ ਘਰਾਂ ਨੂੰ ਲਿੱਪਣ ਪੋਚਣ ਵਿਚ ਲੱਗੀਆਂ ਰਹਿੰਦੀਆਂ ਹਨ। ਕਦੇ ਕਦੇ ਕਿਸੇ ਵਿਆਹ-ਸ਼ਾਦੀ ਵਿਚ ਮਿਲਦੀਆਂ ਹਨ ਤਾਂ ਉਦੋਂ ਵੀ ਰੰਗੋਲੀ ਜਾਂ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਬਾਰੇ ਹੀ ਗੱਲਾਂ ਕਰਦੀਆਂ ਹਨ। ਚਿੱਠੀ ਪੱਤਰ ਕੁਝ ਵੀ ਨਹੀਂ। ਸੁਆਣੀ ਨਿਰਾਸ਼ ਹੋ ਗਈ। ਮਨ ਬੜਾ ਵਿਆਕੁਲ ਹੋਇਆ। ਇੰਨੇ ਨੂੰ ਗੁਆਂਢਣ ਕਿਸੇ ਪ੍ਰੋਗਰਾਮ ਦਾ ਸੱਦਾ ਦੇਣ ਲਈ ਆ ਗਈ ਉਸਨੂੰ ਪੁੱਛਿਆ ਤਾਂ ਉਹ ਖਿੜ ਖਿੜ ਕਰਕੇ ਹੱਸਦੀ ਬੋਲੀ।
”ਮੈਂ ਕਦੇ ਤੁਹਾਡਾ ਨਾਮ ਪੁੱਛਿਆ ਹੀ ਨਹੀਂ ਹੈ ਤੇ ਨਾ ਤੁਸੀਂ ਦੱਸਿਆ। ਖੱਬੇ ਪਾਸੇ ਦੇ ਚਿੱਟੇ ਮਕਾਨ ਵਾਲੀ ਜਾਂ ਦਵਾਈਆਂ ਦੀ ਕੰਪਨੀ ਦੇ ਮੈਨੇਜਰ ਦੀ ਪਤਨੀ ਜਾਂ ਫਿਰ ਲੰਮੀ ਪਤਲੀ ਗੋਰੀ ਔਰਤ। ਬੱਸ ਇਹੀ ਆਖ ਕੇ ਅਸੀਂ ਗੱਲ ਕਰਦੇ ਹਾਂ।
ਹੁਣ ਕੋਈ ਫਾਇਦਾ ਨਹੀਂ। ਬੱਚਿਆਂ ਦੇ ਦੋਸਤ ਵੀ ਕੀ ਦੱਸਣਗੇ। ਉਹ ਤਾਂ ਇਹੀ ਜਾਣਦੇ ਹਨ ਕਿ ਮੈਂ ਕਮਲਾ ਦੀ ਮਾਂ ਜਾਂ ਆਂਟੀ ਹਾਂ। ਹੁਣ ਪਤੀ ਦੀ ਸ਼ਰਨ ਵਿਚ ਜਾਣਾ ਚਾਹੀਦਾ ਹੈ। ਉਹਨਾਂ ਨੂੰ ਤਾਂ ਯਾਦ ਹੋ ਹੋਵੇਗਾ। ਰਾਤ ਨੂੰ ਖਾਣਾ ਖਾਣ ਸਮੇਂ ਉਸਨੇ ਆਪਣੇ ਪਤੀ ਨੂੰ ਪੁੱਛਿਆ, ”ਸੁਣਿਓ ਮੈਂ ਆਪਣਾ ਨਾਮ ਭੁੱਲ ਗਈ ਹਾਂ ਤੁਹਾਨੂੰ ਤਾਂ ਯਾਦ ਹੋਵੇਗਾ। ਮੈਨੂੰ ਦੱਸਣਾ ਜ਼ਰਾ।
ਪਤੀ ਨੇ ਠਹਾਕਾ ਮਾਰਦਿਆਂ ਕਿਹਾ, ”ਕੀ ਗੱਲ ਹੋ ਗਈ ਏ। ਜਿਹੜੀ ਗੱਲ ਅੱਗੇ ਕਦੇ ਪੁੱਛੀ ਨਹੀਂ ਅੱਜ ਕਿਉਂ ਪੁੱਛ ਰਹੀ ਹੋ? ਜਦੋਂ ਤੋਂ ਤੇਰੇ ਨਾਲ ਵਿਆਹ ਹੋਇਆ ਉਦੋਂ ਤੋਂ ਹੀ ”ਏ ਸੁਣੇ’ ਕਹਿਕੇ ਪੁਕਾਰਨ ਦੀ ਹੀ ਆਦਤ ਬਣ ਚੁੱਕੀ ਹੈ। ਤੂੰ ਵੀ ਕਦੇ ਇਸ ਤਰ੍ਹਾਂ ਬੋਲਣ ਜਾਂ ਕਹਿਣ ਤੋਂ ਰੋਕਿਆ ਟੋਕਿਆ ਨਹੀਂ। ਜਿਸ ਲਈ ਮੈਂ ਵੀ ਭੁੱਲ ਗਿਆ ਹਾਂ। ਪਰ ਹੁਣ ਕੀ ਹੋਇਆ। ਸਾਰੇ ਲੋਕ ਤੈਨੂੰ ਮਿਸਜ਼ ਮੂਰਤੀ ਕਹਿੰਦੇ ਹਨ? ਮਿਸਜ਼ ਮੂਰਤੀ ਨਹੀਂ ਮੈਨੂੰ ਆਪਣਾ ਨਾਮ ਚਾਹੀਦਾ ਹੈ। ਹੁਣ ਕੀ ਕਰਾਂ? ਉਹ ਪ੍ਰੇਸ਼ਾਨ ਹੋ ਗਈ।
”ਇਸ ਵਿਚ ਕੀ ਪਰੇਸ਼ਾਨੀ ਏ ਕੋਈ ਹੋਰ ਨਾਮ ਰੱਖ ਲਵੋ।” ਪਤੀ ਨੇ ਕਿਹਾ।
”ਤੁਸੀਂ ਵੀ ਹੱਦ ਕਰਦੇ ਓ। ਜਦੋਂ ਤੁਹਾਡਾ ਨਾਮ ਸਤਿਆ ਨਾਰਾਇਣ ਮੂਰਤੀ ਹੈ ਤਾਂ ਤੁਸੀਂ ਆਪਣਾ ਨਾਮ ਸ਼ਿਵ ਰਾਓ ਜਾਂ ਸੁੰਦਰ ਰਾਓ ਕਿਉਂ ਰੱਖੋਗੇ? ਮੈਨੂੰ ਆਪਣਾ ਹੀ ਨਾਮ ਚਾਹੀਦਾ ਹੈ। ਸੁਆਣੀ ਨੇ ਜ਼ਿੱਦ ਕਰਦਿਆਂ ਕਿਹਾ।
”ਤੂੰ ਬੜੀ ਅਜੀਬ ਏਂ। ਪੜ੍ਹੀ-ਲਿਖੀ ਏ ਨਾ? ਸਰਟੀਫਿਕੇਟ ਦੇਖ ਲੈ ਆਪਣੇ। ਉਨ੍ਹਾਂ ‘ਤੇ ਤੇਰਾ ਨਾਮ ਤਾਂ ਹੋਵੇਗਾ ਹੀ। ਇਹ ਤਾਂ ਕਾਮਨਸੈਂਸ ਦੀ ਗੱਲ ਹੈ। ਉਹਨਾਂ ਨੂੰ ਦੇਖ ਜਾ ਕੇ ਪਤੀ ਨੇ ਸਲਾਹ ਦਿੱਤੀ।
ਸੁਆਣੀ ਆਪਣੇ ਸਰਟੀਫਿਕੇਟ ਲੱਭਣ ਵਿਚ ਜੀ-ਜਾਨ ਨਾਲ ਜੁਟ ਗਈ। ਅਲਮਾਰੀ ਵਿਚ ਰੇਸ਼ਮੀ, ਸ਼ਿੰਫਾਨ, ਸੂਤੀ ਅਤੇ ਵਾਇਕ ਸਾੜ੍ਹੀਆਂ ਨਾਲ ਮੈਚਿੰਗ ਬਲਾਊਜ਼, ਪੇਟੀਕੋਟ, ਚੂੜੀਆਂ, ਮਣਕੇ, ਪਿਨ, ਮੋਤੀ, ਸੰਦੂਰ ਦੀਆਂ ਡੱਬੀਆਂ, ਚੰਦਨ ਦੀਆਂ ਕਟੋਰੀਆਂ, ਚਾਂਦੀ ਦੇ ਥਾਲ, ਸੋਨੇ ਦੇ ਗਹਿਣੇ ਬੜੇ ਕਰੀਨੇ ਨਾਲ ਰੱਖੇ ਹੋਏ ਮਿਲੇ ਪਰ ਸਰਟੀਫਿਕੇਟ ਨਹੀਂ ਸਨ। ਉਸ ਨੂੰ ਯਾਦ ਆਇਆ ਜਦੋਂ ਉਹ ਵਿਆਹ ਤੋਂ ਬਾਅਦ ਸਹੁਰੇ ਘਰ ਆਈ ਸੀ ਉਸ ਨੇ ਸਰਟੀਫੀਕੇਟ ਨਾਲ ਨਹੀਂ ਸਨ ਲਿਆਂਦੇ। ਹਾਂ ਬਿਲਕੁਲ ਨਹੀਂ ਸੀ ਲਿਆਂਦੇ। ਉਸਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਆਪਣੇ ਪਿੰਡ ਜਾ ਕੇ ਇੱਕ ਦੋ ਦਿਨਾਂ ਵਿਚ ਸਰਟੀਫਿਕੇਟ ਲੱਭ ਕੇ ਆਪਣੇ ਨਾਮ ਪਤਾ ਕਰਕੇ ਵਾਪਸ ਆਵੇਗੀ।
”ਬੜੀ ਅਜੀਬ ਗੱਲ ਹੈ। ਆਪਣਾ ਨਾਮ ਲੱਭਣ ਲਈ ਆਪਣੇ ਪਿੰਡ ਜਾਵੇਗੀ? ਜੇਕਰ ਤੂੰ ਪਿੰਡ ਜਾਵੇਂਗੀ ਤਾਂ ਘਰ ਦੀ ਸਾਫ਼ ਸਫ਼ਾਈ ਕੌਣ ਕਰੇਗਾ।” ਪਤੀ ਪਰਮੇਸ਼ਰ ਨੇ ਕਿਹਾ। ”ਹਾਂ ਗੱਲ ਤਾਂ ਬਿਲਕੁਲ ਸਹੀ ਹੈ ਮੈਂ ਹੀ ਚੰਗੀ ਤਰ੍ਹਾਂ ਘਰ ਲਿੱਪਦੀ ਪੋਚਦੀ ਹਾਂ। ਮੈਂ ਕਿਸੇ ਨੂੰ ਕੰਮ ਕਰਨ ਹੀ ਨਹੀਂ ਦਿੱਤਾ। ਪਤੀ ਦੀ ਨੌਕਰੀ ਹੈ ਬੱਚਿਆਂ ਦੀ ਪੜ੍ਹਾਈ ਹੈ। ਉਹ ਪਰੇਸ਼ਨ ਨਾ ਹੋਣ ਇਹ ਸੋਚਕੇ ਹੀ ਕੰਮ ਕਰਦੀ ਆਈ ਹਾਂ।”
ਫਿਰ ਵੀ ਨਾਮ ਪਤਾ ਕਰਨ ਤੋਂ ਬਿਨ ਕਿਵੇਂ ਜੀਵਿਆ ਜਾ ਸਕਦਾ ਹੈ। ਇੰਨਾ ਸਮਾਂ ਇਹ ਗੱਲ ਯਾਦ ਹੀ ਨਹੀਂ ਆਈ ਤਦੇ ਹੀ ਕੰਮ ਚਲਦਾ ਰਿਹਾ। ਹੁਣ ਯਾਦ ਆਉਣ ਤੋਂ ਬਾਅਦ ਅਣਜਾਣੀ ਹੋਣ ਲੱਗੀ। ਨਾਮ ਪਤਾ ਕਰਨ ਤੋਂ ਬਿਨਾਂ ਜਿਊਣਾ ਮੁਸ਼ਕਿਲ ਹੋ ਰਿਹਾ ਸੀ। ਫਿਰ ਸੋਚ ਕੇ ਸੁਆਣੀ ਬਾਹਰ ਨਿਕਲ ਆਈ।
”ਕਿਉਂ ਬੇਟੀ ਤੂੰ ਇਕਦਮ ਹੀ ਕਿਉਂ ਆਣ ਪਹੁੰਚੀ।” ਇਹ ਕਹਿੰਦਿਆਂ ਮਾਂ-ਪਿਓ ਨੇ ਹਾਲ ਪੁੱਛਿਆ। ਉਸਦੇ ਇਕਦਮ ਆਉਣ ‘ਤੇ ਉਹਨਾਂ ਨੂੰ ਸ਼ੱਕ ਹੋਇਆ। ਉਸਨੂੰ ਅਸਲੀ ਕੰਮ ਯਾਦ ਆਇਆ ਤਾਂ ਉਹ ਬੋਲੀ, ”ਮਾਂ ਮੇਰਾ ਨਾਮ ਕੀ ਹੈ, ਦੱਸਣਾ ਜ਼ਰਾ? ਸੁਆਣੀ ਨੇ ਕਿਹਾ।
”ਇਹ ਕੀ ਪੁੱਛ ਰਹੀ ਏਂ। ਤੂੰ ਸਾਡੀ ਵੱਡੀ ਬੇਟੀ ਏਂ। ਤੈਨੂੰ ਬੀ. ਏ. ਤੱਕ ਪੜ੍ਹਾਇਆ ਅਤੇ ਪੰਜਾਹ ਹਜ਼ਾਰ ਰੁਪਏ ਦੇ ਕੇ ਵਿਆਹ ਕੀਤਾ। ਦੋ ਜਣੇਪੇ ਕਰਵਾਏ। ਹਰ ਵਾਰ ਹਸਪਤਾਲ ਦੇ ਖਰਚੇ ਵੀ ਅਸੀਂ ਕੀਤੇ। ਤੇਰੇ ਦੋ ਬੱਚੇ ਨੇ। ਤੇਰੀ ਪਤੀ ਦੀ ਚੰਗੀ ਨੌਕਰੀ ਹੈ। ਤੇਰੇ ਬੱਚੇ ਸੋਹਣੇ ਤੇ ਹੁਸ਼ਿਆਰ ਹਨ।”
”ਮੈਨੂੰ ਆਪਣਾ ਇਤਿਹਾਸ ਪਤਾ ਨਹੀਂ। ਮਾਂ ਮੈਨੂੰ ਮੇਰਾ ਨਾਮ ਚਾਹੀਦਾ ਹੈ। ਘੱਟੋ-ਘੱਟ ਇਹ ਤਾਂ ਦੱਸੋ ਮੇਰੇ ਸਰਟੀਫਿਕੇਟ ਕਿੱਥੇ ਰੱਖੇ ਹਨ?
”ਪਤਾ ਨਹੀਂ ਬੇਟੀ ਕੁਝ ਦਿਨ ਪਹਿਲਾਂ ਅਲਮਾਰੀ ਵਿਚੋਂ ਪੁਰਾਣੇ ਕਾਗਜ਼, ਫਾਇਲਾਂ, ਵਗੈਰਾ ਕੱਢ ਕੇ ਉਸ ਵਿਚ ਕੱਚ ਦਾ ਸਾਮਾਨ ਰਖਵਾਇਆ ਹੈ। ਕੁਝ ਜ਼ਰੂਰੀ ਫਾਇਲਾਂ ਪੜਛੱਤੀ ‘ਤੇ ਰੱਖੀਆਂ ਹਨ। ਕੱਲ੍ਹ ਲੱਭ ਦੇਵਾਂਗੇ। ਹੁਣੇ ਕਿਹੜੀ ਏਨੀ ਕਾਹਲੀ ਹੈ? ਆਰਾਮ ਨਾਲ ਨਹਾ ਕੇ ਖਾਣਾ ਖਾ ਲੈ ਬੇਟੀ।” ਮਾਂ ਨੇ ਕਿਹਾ। ਸੁਆਣੀ ਨੇ ਨਹਾ ਕੇ ਖਾਣਾ ਤਾਂ ਖਾ ਲਿਆ ਪਰ ਉਸ ਨੂੰ ਠੀਕ ਤਰ੍ਹਾਂ ਨਹੀਂ ਆਈ। ਉਸ ਨੇ ਇਹ ਕਦੀ ਵੀ ਨਹੀਂ ਸੀ ਸੋਚਿਆ ਕਿ ਹੱਸਦੇ ਗਾਉਂਦੇ, ਘਰ ਨੂੰ ਲਿੱਪਦੇ ਪੋਚਦੇ ਅਤੇ ਰੰਗੋਲੀ ਬਣਾਉਂਦੇ-ਬਣਾਉਂਦੇ ਨਾਮ ਭੁੱਲ ਜਾਣ ਨਾਲ ਏਨੀਆਂ ਮੁਸੀਬਤਾਂ ਖੜ੍ਹੀਆਂ ਹੋ ਜਾਣਗੀਆਂ।
ਸਵੇਰ ਹੋਈ। ਪਰ ਪੜਛੱਤੀ ਤੋਂ ਸਰਟੀਫਿਕੇਟ ਲੱਭਣ ਦਾ ਕੰਮ ਪੂਰਾ ਨਾ ਹੋਇਆ। ਇਸ ਵੇਲੇ ਜਿਹੜਾ ਵੀ ਘਰ ਦਾ ਮੈਂਬਰ ਸਾਹਮਣੇ ਮਿਲਿਆ ਸੁਆਣੀ ਨੇ ਉਸ ਕੋਲੋਂ ਪੁੱਛਿਆ, ਦਰੱਖਤਾਂ ਪੱਤਿਆਂ ਕੋਲੋਂ, ਤਲਾਬ ਕੋਲੋਂ, ਆਪਣੇ ਸਕੂਲ ਅਤੇ ਕਾਲਜ ਕੋਲੋਂ। ਸਾਰਿਆਂ ਕੋਲੋਂ ਪੁੱਛ ਕੇ ਚੀਕਦਿਆਂ ਚਿਲਾਉਂਦਿਆਂ ਅੰਤ ਆਪਣੀ ਇੱਕ ਸਹੇਲੀ ਨੂੰ ਮਿਲ ਕੇ ਉਸ ਨੇ ਆਪਣਾ ਨਾਮ ਲੱਭ ਹੀ ਲਿਆ। ਉਸ ਸਹੇਲੀ ਨੇ ਉਸ ਦੀ ਹੀ ਤਰ੍ਹਾਂ, ਉਸ ਦੇ ਨਾਲ ਪੜ੍ਹ ਲਿਖ ਕੇ ਵਿਆਹ ਕੀਤਾ ਸੀ। ਪਰ ਉਹ ਆਪਣੀ ਜ਼ਿੰਦਗੀ ਨੂੰ ਘਰ ਲਿੱਪਣਾ ਪੋਚਣਾ ਹੀ ਨਾ ਸਮਝਕੇ ਇਸ ਨੂੰ ਇੱਕ ਹਿੱਸਾ ਮੰਨਦੀ ਸੀ ਅਤੇ ਉਹ ਆਪਣਾ ਅਤੇ ਆਪਣੀਆਂ ਸਹੇਲੀਆਂ ਦੇ ਨਾਮ ਯਾਦ ਰੱਖਦੀ ਸੀ। ਉਹ ਸਹੇਲੀ ਇਸ ਨੂੰ ਦੇਖਦਿਆਂ ਹੀ ਚਿਲਾ ਕੇ ਬੋਲੀ, ”ਓਹ ਸ਼ਾਰਦਾ, ਮੇਰੀ ਪਿਆਰੀ ਸ਼ਾਰਦਾ।” ਅਤੇ ਉਸ ਨੇ ਗਲਵੱਕੜੀ ਪਾ ਲਈ। ਜਿਵੇਂ ਲੂੰ ਨਾਲ ਝੁਲਸਦੇ, ਪਾਣੀ ਤੋਂ ਬਿਨਾਂ ਅਤੇ ਮੁਰਦੇਹਾਲ ਵਿਅਕਤੀ ਨੂੰ ਕਿਸੇ ਨੇ ਨਵੀਂ ਸੁਰਾਹੀ ਦਾ ਪਾਣੀ ਚਮਚੇ ਨਾਲ ਮੂੰਹ ਵਿਚ ਪਾ ਕੇ ਉਸ ਨੂੰ ਨਵਾਂ ਜੀਵਨ ਦਾਨ ਦੇ ਦਿੱਤਾ ਹੋਵੇ। ਇਵੇਂ ਹੀ ਉਸ ਸਹੇਲੀ ਨੇ ਇਸ ਨੂੰ ਜੀਵਨ ਦਾਨ ਦਿੱਤਾ।
”ਤੂੰ ਸ਼ਾਰਦਾ ਏਂ। ਤੂੰ ਆਪਣੇ ਸਕੂਲ ਵਿਚ ਦਸਵੀਂ ਜਮਾਤ ਵਿਚੋਂ ਪਹਿਲੇ ਨੰਬਰ ‘ਤੇ ਆਈ ਸੀ। ਕਾਲਜ ਦੀ ਸੰਗੀਤ ਪ੍ਰਤੀਯੋਗਤਾ ਵਿਚ ਵੀ ਪਹਿਲੇ ਨੰਬਰ ‘ਤੇ ਸੀ। ਵਿਚੋਂ ਵਿੱਚ ਚਿੱਤਰਕਾਰੀ ਵੀ ਕਰਦੀ ਸੀ। ਅਸੀਂ ਦਸ ਕੁੜੀਆਂ ਸਾਂ। ਮੈਂ ਉਹਨਾਂ ਸਾਰੀਆਂ ਨੂੰ ਮਿਲਦੀ ਹੀ ਰਹਿੰਦੀ ਹਾਂ। ਇਕ-ਦੂਜੀ ਨੂੰ ਚਿੱਠੀਆਂ ਵੀ ਲਿਖਦੀਆਂ ਹਾਂ। ਬੱਸ ਤੇਰੇ ਨਾਲੋਂ ਹੀ ਨਾਤਾ ਟੁੱਟ ਗਿਆ। ਤੂੰ ਦੱਸ ਇਹੋ ਜਿਹਾ ਅਗਿਆਤਵਾਸ ਕਿਉਂ ਭੋਗ ਰਹੀ ਏਂ।” ਸਹੇਲੀ ਨੇ ਜਵਾਬ ਤਲਬੀ ਕੀਤੀ।
”ਹਾਂ ਪ੍ਰਮਿਲਾ ਮੈਂ ਸ਼ਾਰਦਾ ਹੀ ਹਾਂ। ਤੇਰੀ ਗੱਲ ਠੀਕ ਹੈ। ਤੇਰੇ ਦੱਸਣ ਤੱਕ ਮੈਨੂੰ ਯਾਦ ਹੀ ਨਹੀਂ ਸੀ। ਮੇਰੇ ਦਿਮਾਗ ਦੇ ਸਾਰੇ ਖ਼ਾਨੇ ਤਾਂ ਲਿੱਪਣ ਪੋਚਣ ਨਾਲ ਹੀ ਭਰੇ ਹੋਏ ਹਨ। ਕਿਸੇ ਹੋਰ ਗੱਲ ਦੀ ਉੱਥੇ ਗੁੰਜਾਇਸ਼ ਹੀ ਨਹੀਂ ਹੈ। ਜੇਕਰ ਤੂੰ ਨਾ ਮਿਲਦੀ ਤਾਂ ਮੈਂ ਪਾਗਲ ਹੀ ਹੋ ਜਾਂਦੀ। ਸ਼ਾਰਦਾ ਨਾਮਧਾਰੀ ਉਸ ਸੁਆਣੀ ਨੇ ਕਿਹਾ। ਸ਼ਾਰਦਾ ਸਿੱਧੀ ਘਰ ਚਲੇ ਗਈ ਅਤੇ ਪੜਛੱਤੀ ਵਾਲੀਆਂ ਸਾਰੀਆਂ ਫਾਇਲਾਂ ਨੂੰ ਫਰੋਲਦਿਆਂ ਉਸ ਨੇ ਆਪਣੇ ਸਰਟੀਫਿਕੇਟ, ਆਪਣੀਆਂ ਬਣਾਈਆਂ ਤਸਵੀਰਾਂ, ਪੁਰਾਣੀ ਐਲਬਮ ਸਭ ਕੁਝ ਲੱਭ ਲਿਆ। ਸਕੂਲ ਅਤੇ ਕਾਲਜ ਵਿਚ ਜਿੱਤੇ ਹੋਏ ਇਨਾਮ ਵੀ ਉਸ ਨੇ ਲੱਭ ਲਏ। ਤੇ ਫਿਰ ਭੱਜੀ-ਭੱਜੀ ਆਪਣੇ ਘਰ ਵਾਪਸ ਆ ਗਈ।” ਤੂੰ ਘਰ ਨਹੀਂ ਸੀ ਤਾਂ ਘਰ ਘਰ ਨਹੀਂ ਸੀ ਲਗਦਾ ਇਹ ਤਾਂ ਸਰਾਂ ਹੀ ਬਣ ਗਿਆ ਸੀ। ਰੱਬ ਦਾ ਸ਼ੁਕਰ ਤੂੰ ਆ ਗਈ। ਸਾਡੇ ਲਈ ਤਾਂ ਹੁਣ ਤਿਉਹਾਰ ਹੀ ਹੈ।” ਪਤੀ ਨੇ ਕਿਹਾ। ਕੀ ਘਰ ਨੂੰ ਲਿੱਪਣ ਪੋਚਣ ਨਾਲ ਹੀ ਤਿਉਹਾਰ ਹੋ ਜਾਂਦੈ। ਇੱਕ ਗੱਲ ਹੋਰ ਹੁਣ ਤੁਸੀਂ ਮੈਨੂੰ ਏ, ਉਹ ਕਹਿ ਕੇ ਨਾ ਬੁਲਾਇਆ ਕਰੋ ਮੇਰਾ ਨਾਮ ਸ਼ਾਰਦਾ ਹੈ।” ਸ਼ਾਰਦਾ ਕਹਿ ਕੇ ਬੁਲਾਇਆ ਕਰੋ। ਠੀਕ ਹੈ ਨਾ।” ਕਹਿ ਕੇ ਉਹ ਗੁਣਗੁਣਾਉਂਦੀ ਹੋਈ ਅੰਦਰ ਚਲੇ ਗਈ। ਘਰ ਦੀ ਕਿਸੇ ਨੁੱਕਰ ਮਿੱਟੀ ਘੱਟਾ ਸੀ, ਕਿਥੇ ਖਿਲਰਿਆ ਹੋਇਆ ਸਾਮਾਨ ਪਿਆ ਸੀ। ਇਹ ਜਾਣਨ ਲਈ ਉਹ ਘਰ ਨੂੰ ਜਿਵੇਂ ਸੁੰਘਦੀ ਫਿਰਦੀ ਸੀ। ਸ਼ਾਰਦਾ ਦਿਨ ਭਰ ਘਰ ਦਾ ਘੱਟਾ ਮਿੱਟੀ ਝਾੜਨ ਤੋਂ ਬਾਅਦ ਸੋਫ਼ੇ ‘ਤੇ ਫੈਲ ਕੇ ਬੈਠੀ ਆਪਣੇ ਬੱਚਿਆਂ ਨੂੰ ਆਪਣੇ ਲਿਆਂਦੇ ਖਿਡਾਉਣੇ ਦਿਖਾ ਰਹੀ ਸੀ।



Read more
ਬੇਬਸ : (ਉੜੀਆ ਕਹਾਣੀ)
ਧੂੰਆਂ : (ਉਰਦੂ ਕਹਾਣੀ)
ਅਦਮ ਖ਼ਾਂ ਤੇ ਦੁਰਖ਼ਾਨੀ (ਪਸ਼ਤੂਨ ਪ੍ਰੇਮ ਕਹਾਣੀ)