January 19, 2026

ਸੰਪਾਦਕੀ : ਸੋਨੀਆ ਮਨਜਿੰਦਰ

ਪੰਜਾਬੀ ਕਿਤਾਬਾਂ ਦਾ ਵੀ ਹੋਰ ਭਾਸ਼ਾਵਾਂ ‘ਚ ‘ਅਨੁਵਾਦ’ ਹੋਣਾ ਬੇਹੱਦ ਜ਼ਰੂਰੀ

ਜਦੋਂ ਮੈਂ ਸੰਪਾਦਕੀ ਲਿਖਣ ਬੈਠੀ ਤਾਂ ਹਮੇਸ਼ਾ ਇਹੀ ਮੇਰੇ ਮਨ ‘ਚ ਆਇਆ ਕਿ ਕੁਝ ਖ਼ਾਸ ਲਿਖਿਆ ਜਾਵੇ। ਖ਼ਾਸ ਜੋ ਸਾਹਿਤਕ ਸੰਵਾਦ ਲਈ ਵੀ ਬਹੁਤ ਖ਼ਾਸ ਹੋਵੇ। ਅੱਜ ਇਸ ਸੰਪਾਦਕੀ ਰਾਹੀਂ ਸਾਹਿਤਕ ਸੰਵਾਦ ਸੰਬੰਧੀ ਕੁਝ ਗੱਲਾਂ ਕਰਨ ਦਾ ਵਿਚਾਰ ਬਣਿਆ ਹੈ। ਇਸ ਸੰਪਾਦਕੀ ‘ਚ ਮੈਂ ਉਪਰੋਕਤ ਨੁਕਤੇ ਬਾਰੇ ਸਿਰਫ਼ ਚਾਰ ਕੁ ਗੱਲਾਂ ਹੀ ਕਰਾਂਗੀ, ਜੋ ਕਿ ਸਾਹਿਤ ਨੂੰ ਪੜ੍ਹਨ ਤੇ ਸਮਝਣ, ਜਿਊਣ ਵਾਲ਼ਿਆਂ ਲਈ ਬਹੁਤ ਜ਼ਰੂਰੀ ਹਨ।
ਸਭ ਤੋਂ ਪਹਿਲੀ ਗੱਲ ਹੈ ਕਿ ਸਾਡੇ ‘ਚ ਪੜ੍ਹਨ ਦੀ ਰੁਚੀ ਘੱਟ ਹੈ ਤੇ ਉਸ ਤੋਂ ਵੀ ਤ੍ਰਾਸਦੀ ਦੀ ਗੱਲ ਇਹ ਕਿ ਅਸੀਂ ਮੁੱਲ ਦੀ ਕਿਤਾਬ ਖ਼ਰੀਦ ਕੇ ਪੜ੍ਹਨਾ ਨਹੀਂ ਚਾਹੁੰਦੇ। ਕਿਸੇ ਦੁਆਰਾ ਤੋਹਫ਼ੇ ਵਜੋਂ ਭੇਟ ਕਿਤਾਬ ਦਾ ਵੀ ਮੁੱਲ ਅਦਾ ਕਰਨਾ ਇੱਕ ਬਿਹਤਰ ਰਵਾਇਤ ਹੋਵੇਗੀ, ਜਿਸ ਦਿਨ ਮੁੱਲ ਤਾਰ ਕੇ ਕਿਤਾਬ ਪੜਨ ਦਾ ਸ਼ੌਕ ਸਾਡੇ ਮਨ ‘ਚ ਜਾਗ ਪਵੇਗਾ, ਤਾਂ ਮੈਨੂੰ ਪੱਕਾ ਯਕੀਨ ਹੈ ਕਿ ਉਸ ਦਿਨ ਜਿੱਥੇ ਅਸੀਂ ਆਪਣੇ ਤੋਂ ਪਹਿਲਾਂ ਰਚੇ ਮਿਆਰੀ ਸਾਹਿਤ ਨੂੰ ਵੱਡੇ ਪੱਧਰ ‘ਤੇ ਪੜ੍ਹਾਂਗੇ, ਉੱਥੇ ਆਪਣੇ ਸਮਕਾਲੀਆਂ ਦੀ ਸਿਰਜਣਾਤਮਕ ਊਰਜਾ ਤੋਂ ਜਾਣੂ ਹੋਵਾਂਗੇ।
ਹੁਣ ਅਗਲੀ ਤੇ ਦੂਜੀ ਗੱਲ ਇਹ ਕਿ ਅਸੀਂ ਦੂਸਰੀਆਂ ਭਾਸ਼ਾਵਾਂ ਦਾ ਅਨੁਵਾਦ ਕੀਤਾ ਸਾਹਿਤ ਤਾਂ ਬੜੇ ਸ਼ੌਕ ਨਾਲ ਪੜ੍ਹਦੇ ਹਾਂ ਤੇ ਮਾਣ ਨਾਲ ਉਸ ਬਾਰੇ ਚਰਚਾ ਕਰਦੇ ਹਾਂ ਕਿ ਅਸੀਂ ਕਿੰਨੀਆਂ ਕਿਤਾਬਾਂ ਹੋਰ ਭਾਸ਼ਾਵਾਂ ਦੀਆਂ ਪੜ੍ਹੀਆਂ ਨੇ, ਪਰ ਕਦੀ ਇਹ ਨਹੀਂ ਵਿਚਾਰਦੇ ਕਿ ਪੰਜਾਬੀ ਕਿਤਾਬਾਂ ਦਾ ਹੋਰ ਭਾਸ਼ਾ ‘ਚ ਅਨੁਵਾਦ ਹੋਣਾ ਵੀ ਬੇਹੱਦ ਜ਼ਰੂਰੀ ਹੈ, ਤਾਂ ਜੋ ਵਿਸ਼ਵ ਪੱਧਰ ‘ਤੇ ਪੰਜਾਬੀ ਸਾਹਿਤ ਪੜ੍ਹਿਆ ਜਾਵੇ ਤੇ ਜਾਣਿਆ ਜਾਵੇ। ਹੁਣ ਅਗਲੀ ਤੇ ਤੀਜੀ ਗੱਲ ਇਹ ਹੈ ਕਿ ਸਾਹਿਤ ਦੀ ਹਰ ਵਿਧਾ ਦਾ ਆਪਣਾ ਨਿਯਮ ਆਪਣਾ ਅਸੂਲ ਹੁੰਦਾ ਹੈ। ਦੋ-ਚਾਰ ਗੱਲਾਂ ਵਾਰਤਕ ‘ਚ ਲਿਖ ਕੇ ਉਨ੍ਹਾਂ ਨੂੰ ਕਵਿਤਾ ਦੀ ਬਣਤਰ ‘ਚ ਤੋੜ ਦੇਣਾ ਖੁੱਲ੍ਹੀ ਕਵਿਤਾ ਨਹੀਂ ਹੋ ਸਕਦੀ। ਖੁੱਲ੍ਹੀ ਕਵਿਤਾ ਦੇ ਵੀ ਜਿੱਥੇ ਆਪਣੇ ਨਿਯਮ ਹਨ, ਉੱਥੇ ਖੁੱਲ੍ਹੀ ਕਵਿਤਾ ‘ਚ ਵੀ ਰਸ, ਧੁਨੀ, ਲੈਅ ਅਲੰਕਾਰ, ਬਿੰਬ, ਪ੍ਰਤੀਕਾਂ ਦਾ ਖ਼ਾਸ ਮਹੱਤਵ ਹੁੰਦਾ ਹੈ, ਮਹਿਜ਼ ਵਿਚਾਰ ਦਾ ਪ੍ਰਗਟਾਵਾ ਹੀ ਖੁੱਲ੍ਹੀ ਕਵਿਤਾ ਨਹੀਂ। ਜਿੱਥੇ ਕਵਿਤਾ ਕਲਪਨਾ ਦੀ ਉਡਾਰੀ ਭਰਦੀ ਹੈ, ਉਥੇ ਯਥਾਰਥਕ ਤੌਰ ‘ਤੇ ਵੀ ਕਵਿਤਾ ਦਾ ਸਜੀਵ ਹੋਣਾ ਬਹੁਤ ਜ਼ਰੂਰੀ ਹੈ। ਇਵੇਂ ਹੀ ਕਹਾਣੀ ਵਿਚ ਪਲਾਟ, ਕਥਾ,  ਵਿਸ਼ਾ, ਤੇ  ਰੌਚਕਤਾ ਹੋਣਾ ਵੀ ਜ਼ਰੂਰੀ ਹੈ। ਕਹਿਣ ਤੋਂ ਭਾਵ ਕਵਿਤਾ ਸਿਰਫ਼ ਗੱਲਾਂ ਨਹੀਂ। ਕਹਾਣੀ ਸਿਰਫ਼ ਅੱਜ-ਕੱਲ੍ਹ ਦੇ ਕ੍ਰਾਈਮ ਸੀਰੀਅਲ ਦਾ ਸਾਹਿਤਕ ਨਾਂ ਨਹੀਂ ਤੇ ਅਨੁਵਾਦ ਗੂਗਲ ਟਰਾਂਸਲੇਟ ਨਹੀਂ। ਅਨੁਵਾਦ ਕਰਨ ਵਾਲ਼ੇ ਨੂੰ ਦੋਵਾਂ ਭਾਸ਼ਾਵਾਂ ਦਾ ਗੂੜ੍ਹ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਵਾਰਤਕਕਾਰ ਭਾਸ਼ਾ ਅਤੇ ਵਿਆਕਰਣ ‘ਤੇ ਪਕੜ ਬਹੁਤ ਜ਼ਰੂਰੀ ਹੈ, ਗ਼ਜ਼ਲ ਦੇ ਵੀ ਆਪਣੇ ਨਿਯਮ ਹੁੰਦੇ ਹਨ ਤੇ ਹੁਣ ਜਿਹੜੀ ਸਭ ਤੋਂ ਜ਼ਰੂਰੀ ਤੇ ਚੌਥੀ ਗੱਲ ਇਹ ਕਿ ਕਿਤਾਬਾਂ ਬਹੁਤ ਲਿਖੀਆਂ ਜਾ ਰਹੀਆਂ ਨੇ, ਪਰ ਸਾਰਥਕ ਕਿੰਨੀਆਂ ਹਨ, ਇਸ ਇਸ ਉੱਪਰ ਪੜਤਾਲ ਕਰਨੀ ਜ਼ਰੂਰ ਬਣਦੀ ਹੈ। ਜਿਵੇਂ ਕਿ ਮੈਂ ਅਕਸਰ ਇਹੀ ਕਹਿੰਦੀ ਹਾਂ ਕੋਈ ਵੀ ਅਧਿਆਪਕ ਜਾਂ ਪ੍ਰੋਫ਼ੈਸਰ ਓਨਾ ਚਿਰ ਪੜ੍ਹਾਉਣ ਦੇ ਕਾਬਲ ਨਹੀਂ ਬਣਦਾ ਜਦ ਤੱਕ ਉਹ ਤਕਰੀਬਨ ਦਹਾਕਿਆਂ ਬੱਧੀ ਪਹਿਲਾਂ ਆਪ ਨਾ ਪੜ੍ਹਿਆ ਹੋਵੇ ਤੇ ਫਿਰ ਕਿਤਾਬ ਜੋ ਅਸੀਂ ਆਉਣ ਵਾਲ਼ੀ ਪੀੜ੍ਹੀ ਨੂੰ ਦੇਣੀ ਹੁੰਦੀ ਹੈ, ਉਸ ਲਈ ਏਨੀ ਕਾਹਲ਼ੀ ਕਿਉਂ? ਜੇ ਲਿਖਣ ਵਾਲ਼ਾ ਕਾਹਲ਼ੀ ਕਰ ਰਿਹਾ ਹੈ ਤਾਂ ਜਦੋਂ ਕਿਤਾਬ ਮੁੱਖਬੰਦ ਲਿਖਣ ਲਈ ਜਾਂਦੀ ਹੈ ਉਸ ਵੇਲੇ ਮੁੱਖਬੰਦ ਲਿਖਣ ਵਾਲ਼ਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਪੜਚੋਲ ਕਰਕੇ ਲੇਖਕ ਨੂੰ ਦੱਸਣ ਕਿ ਇਸ ਵਿੱਚ ਕਿੰਨੀਆਂ ਕੁ ਗ਼ਲਤੀਆਂ ਹਨ ਜਾਂ ਕਿੰਨੀ ਕਚਿਆਈ-ਪਕਿਆਈ ਹੈ ਜਾਂ ਕਿੰਨੀ ਕੁ ਹੋਰ ਮਿਹਨਤ ਦੀ ਲੋੜ ਹੈ, ਤਾਂ ਜੋ ਇੱਕ ਸਾਰਥਕ ਕਿਤਾਬ ਪਾਠਕਾਂ ਦੇ ਹੱਥਾਂ ‘ਚ ਆ ਸਕੇ।
ਅਖ਼ੀਰ ਵਿੱਚ ਮੈਂ ਇਹ ਗੱਲ ਕਰਦਿਆਂ ਹੋਇਆਂ ਸੰਪਾਦਕੀ ਬੰਦ ਕਰਦੀ ਹਾਂ ਕਿ ਇੱਕ ਵਾਰ ਪ੍ਰੋਫ਼ੈਸਰ ਮੋਹਨ ਸਿੰਘ ਪ੍ਰਿੰਸੀਪਲ ਤੇਜਾ ਜੀ ਕੋਲ਼ ਕਿਤਾਬ ਦਾ ਖਰੜਾ ਨਾਲ਼ ਲੈ ਕੇ ਗਏ ਅਤੇ ਕਵਿਤਾਵਾਂ ‘ਤੇ ਵਿਵੇਚਨ ਲਈ ਪ੍ਰਿੰਸੀਪਲ ਤੇਜਾ ਸਿੰਘ ਨੇ ਉਹ ਖਰੜਾ ਲੈ ਲਿਆ ਤੇ ਰੱਖ ਲਿਆ ਕੁਝ ਸਮੇਂ ਬਾਅਦ ਜਦੋਂ ਪ੍ਰੋਫ਼ੈਸਰ ਮੋਹਨ ਸਿੰਘ ਪ੍ਰਿੰਸੀਪਲ ਤੇਜਾ ਜੀ ਕੋਲ਼ ਗਏ ਅਤੇ ਪੁੱਛਿਆ ਕਿ ਉਨ੍ਹਾਂ ਨੂੰ ਕਵਿਤਾਵਾਂ ਕਿਵੇਂ ਲੱਗੀਆਂ ਤਾਂ ਉਸ ਵਕਤ ਪ੍ਰਿਸੀਪਲ ਤੇਜਾ ਸਿੰਘ ਜੀ ਧੂਣੀ ਸੇਕ ਰਹੇ ਸੀ, ਉਨ੍ਹਾਂ ਖਰੜਾ ਚੁੱਕਿਆ ਤੇ ਚੁੱਕ ਕੇ ਧੂਣੀ ਦੀ ਅੱਗ ਭੇਟ ਕਰ ਦਿੱਤਾ ਤੇ ਕਿਹਾ ਕਿ ਇਸ ਉੱਤੇ ਬਹੁਤ ਮਿਹਨਤ ਦੀ ਜ਼ਰੂਰਤ ਏ ਜੇ ਮੁੱਖਬੰਦ ਲਿਖਣ ਵਾਲ਼ੇ ਪ੍ਰਿੰਸੀਪਲ ਤੇਜਾ ਸਿੰਘ ਵਰਗੇ ਹੋਣਗੇ ਤਾਂ ਤਾਂ ਹੀ ਪ੍ਰੋਫ਼ੈਸਰ ਮੋਹਨ ਸਿੰਘ ਵਰਗੇ ਕਵੀ ਜਾਂ ਹੋਰ ਸਾਹਿਤਕਾਰ ਪੈਦਾ ਹੋ ਸਕਦੇ ਹਨ।