ਮੁਲਾਕਾਤ : ਸੋਨੀਆ ਮਨਜਿੰਦਰ
ਇਹ ਸ਼ਾਇਦ ਕਿਸਮਤ ਦੀ ਗੱਲ ਹੈ ਕਿ ਪੰਜਾਬੀ ਗਾਇਕਾਂ ਲਈ ਬਹੁਤ ਸਾਰੇ ਹਿੱਟ ਗੀਤ ਲਿਖਣ ਵਾਲੇ ਗੀਤਕਾਰ ਲਾਲ ਅਠੌਲੀ ਵਾਲਾ (ਲਾਲ ਦੀਨ) ਨੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਆਟੋ ਚਲਾ ਕੇ ਕੀਤਾ ਹੈ। ਲਾਲ ਅਠੌਲੀ ਵਾਲਾ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਹਨ। ਪ੍ਰਸਿੱਧ ਗਾਇਕ ਸਾਬਰ ਕੋਟੀ ਨੇ ਲਾਲ ਦੀ ਰਚਨਾ ‘ਜੀ ਕਰਦਾ ਹੈ…’ ਨੂੰ ਆਪਣੀ ਆਵਾਜ਼ ਦਿੱਤੀ। ਸਤਵਿੰਦਰ ਬੁੱਗਾ ਦੁਆਰਾ ਉਸ ਦੇ ਗੀਤ ‘ਰਾਤਾਂ ਨੂੰ ਉਠ ਉਠ ਰੋਏਂਗਾ’ ਗਾਇਆ ਗਿਆ ਸੀ। ਉਸ ਦੇ ਗੀਤ ‘ਨਾ ਜਾਇਓ ਪਰਦੇਸ’ ਨੇ ਪ੍ਰਵਾਸੀ ਭਾਈਚਾਰੇ ਤੋਂ ਪ੍ਰਸੰਸਾ ਪ੍ਰਾਪਤ ਕੀਤੀ। ਲਾਲ ਦੇ ਗੀਤ ‘ਦੇਖ ਕੇ ਸੋਹਣਾ ਯਾਰ’ ਨੇ ਬੁੱਲੇ ਸ਼ਾਹ ਐ
ਵਾਰਡ ਜਿੱਤਿਆ। ਲਾਲ ਦੀਨ ਦੇ ਕਰੀਅਰ ‘ਚ ਪ੍ਰਸਿੱਧ ਪੰਜਾਬੀ ਸੰਗੀਤ ਨਿਰਦੇਸ਼ਕ ਚਰਨਜੀਤ ਆਹੂਜਾ ਦੀ ਬਹੁਤ ਵੱਡੀ ਭੂਮਿਕਾ ਹੈ। ਲਾਲ ਦੀਨ ਨਾਲ ਜਦੋਂ ਮੁਲਾਕਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ”ਮੈਂ ਆਪਣੇ ਵਿਹਲੇ ਸਮੇਂ ਵਿੱਚ ਕਦੇ ਵੀ ਲਿਖਣ ਦੇ ਯੋਗ ਨਹੀਂ ਰਿਹਾ। ਮੈਂ ਉਦੋਂ ਹੀ ਨਵੀਆਂ ਲਾਈਨਾਂ ਬਾਰੇ ਸੋਚ ਸਕਦਾ ਹਾਂ ਜਦੋਂ ਮੈਂ ਗੱਡੀ ਚਲਾ ਰਿਹਾ ਹੁੰਦਾ ਹਾਂ ਅਤੇ ਮੈਂ ਇਨ੍ਹਾਂ ਨੂੰ ਇੱਕ ਸਟਾਪ ‘ਤੇ ਲਿਖਦਾ ਹਾਂ। ਕਈ ਵਾਰ ਮੈਂ ਆਪਣੀ ਸੋਚਣ ਦੀ ਪ੍ਰਕਿਰਿਆ ਵਿਚ ਇੰਨਾ ਰੁੱਝ ਜਾਂਦਾ ਹਾਂ ਕਿ ਮੇਰੇ ਨਾਲ ਬੈਠੇ ਲੋਕ ਮੈਨੂੰ ਦੱਸਦੇ ਹਨ ਕਿ ਮੈਂ ਆਟੋ ਨੂੰ ਰੋਕਣ ਲਈ ਉਨ੍ਹਾਂ ਦੀ ਆਵਾਜ਼ ਸੁਣਨ ਤੋਂ ਅਸਮਰੱਥ ਸੀ। ਆਟੋ-ਰਿਕਸ਼ਾ ਡ੍ਰਾਈਵਿੰਗ ਨੇ ਸੱਚਮੁੱਚ ਮੈਨੂੰ ਵਧਣ ਵਿੱਚ ਮਦਦ ਕੀਤੀ ਹੈ, ਕਿਉਂਕਿ ਮੈਨੂੰ ਮੇਰੇ ਪਿੱਛੇ ਸਵਾਰ ਕਾਲਜੀਏਟਾਂ ਦੀਆਂ ਚਰਚਾਵਾਂ ਸੁਣ ਕੇ ਨਵੇਂ ਵਿਚਾਰ ਪ੍ਰਾਪਤ ਹੋਏ ਹਨ।” ਲਾਲ ਦੀਨ ਨਾਲ ਹੋਈ ਵਿਸਥਾਰਪੂਰਵਕ ਮੁਲਾਕਾਤ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਪੇਸ਼ ਹਨ ਮੁਲਾਕਾਤ ਦੇ ਕੁਝ ਅੰਸ਼—
ਸੋਨੀਆ : ਜਨਮ ਵਿੱਦਿਆ ਇਕ ਸਾਲ ਤੋਂ ਪੱਚੀ ਸਾਲ ਦੀ ਉਮਰ ਵਿਚ ਵਾਪਰੀਆਂ ਕੁਝ ਖ਼ਾਸ ਘਟਨਾਵਾਂ ਜਿਨ੍ਹਾਂ ਨੇ ਤੁਹਾਡੇ ਮਨ ‘ਤੇ ਬਹੁਤ ਅਸਰ ਪਾਇਆ ਹੋਵੇ?
ਲਾਲ ਦੀਨ :— ਸਭ ਤੋਂ ਪਹਿਲਾਂ ਮੈਂ ‘ਪੰਜਾਬੀ ਨਕਸ਼’ ਦੀ ਸਮੁੱਚੀ ਟੀਮ ਦਾ ਤਹਿ ਦਿੱਲੋਂ ਧੰਨਵਾਦੀ ਹਾਂ ਜੋ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ। ਮੇਰਾ ਪੂਰਾ ਨਾਮ ਲਾਲ ਦੀਨ ਹੈ। ਮੇਰਾ ਜਨਮ ਪਿੰਡ ਅਠੌਲੀ (ਜ਼ਿਲ੍ਹਾ ਕਪੂਰਥਲਾ) ਜੋ ਤਹਿਸੀਲ ਫਗਵਾੜਾ ਦੇ ਨਜ਼ਦੀਕ ਹੈ ਵਿਚ ਆਮ ਸਾਧਾਰਨ ਪਰਿਵਾਰ ਵਿਚ ਹੋਇਆ। ਮੇਰਾ ਪਾਲਣ-ਪੋਸ਼ਣ ਵੀ ਉਸੇ ਤਰ੍ਹਾਂ ਹੋਇਆ। ਜਿਸ ਤਰ੍ਹਾਂ ਦਾ ਸਾਧਾਰਨ ਗਰੀਬ ਪਰਿਵਾਰ ਦੇ ਬੱਚਿਆਂ ਦਾ ਹੁੰਦਾ ਹੈ। ਮੈਂ ਬਚਪਨ ਤੋਂ ਹੀ ਸ਼ਰਾਫ਼ਤ ਭਰੇ ਅਤੇ ਠੰਢੇ ਸੁਭਾਅ ਵਾਲਾ ਹਾਂ। ਮੈਂ ਦਸਵੀਂ ਜਮਾਤ ਤੱਕ ਸਿੱਖਿਆ ਪ੍ਰਾਪਤ ਕੀਤੀ। ਪੱਚੀ ਸਾਲ ਦੀ ਉਮਰ ਤੱਕ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਜੋ ਜ਼ਿਕਰਯੋਗ ਹੋਵੇ। ਬੇਸ਼ਕ ਮੈਂ ਦਸਵੀਂ ਫੇਲ੍ਹ ਹਾਂ ਪ੍ਰੰਤੂ ਸਾਹਿਤ ਪੜ੍ਹਨ ਅਤੇ ਸਾਹਿਤਕ ਲੋਕਾਂ ਦੀ ਸੰਗਤ ਕਰਨ ਦੀ ਚੇਟਕ ਅੱਲੜ੍ਹ ਉਮਰ ਵਿਚ ਹੀ ਲੱਗ ਗਈ ਸੀ। ਇਸ ਤੋਂ ਇਲਾਵਾ ਕੰਮਕਾਰ ਕਰਦਿਆਂ ਜੀਵਨ ਲੰਘਦਾ ਰਿਹਾ।
ਸੋਨੀਆ : ਪਰਿਵਾਰ ਅਤੇ ਕਾਰੋਬਾਰ ਬਾਰੇ ਕੁਝ ਦੱਸੋ?
ਲਾਲ ਦੀਨ :— ਮੇਰੇ ਪਰਿਵਾਰ ਵਿਚ ਮੇਰੀ ਪਤਨੀ ਦੋ ਲੜਕੇ ਅਤੇ ਦੋ ਲੜਕੀਆਂ ਹਨ। ਦੋਵੇਂ ਲੜਕੀਆਂ ਅਤੇ ਇਕ ਪੁੱਤਰ ਵਿਆਹਿਆ ਹੋਇਆ ਹੈ। ਸੁੱਖ ਨਾਲ ਪੋਤਾ-ਪੋਤੀ ਵੀ ਹੈ। ਮੇਰੀ ਪਤਨੀ ਬਲਕੀਸ਼ ਅਲੀ ਨੇ ਮੇਰਾ ਜੀਵਨ ਸਵਰਗ ਬਣਾਇਆ ਹੈ। ਉਹ ਮੇਰੀ ਹਰ ਖੁਸ਼ੀ ਦਾ ਖਿਆਲ ਰੱਖਦੀ ਹੈ ਤੇ ਮੇਰੇ ਸੁੱਖ-ਦੁੱਖ ’ਚ ਮੇਰਾ ਹਮੇਸ਼ਾ ਸਾਥ ਦਿੰਦੀ ਹੈ। ਮੇਰਾ ਬੇਟਾ ਪਰਵੇਜ਼ ਅਲੀ ਅਤੇ ਮੇਰੀ ਬਹੁ ਸ਼ਬਨਮ ਆਮੀਨ ਬਹੁਤ ਹੀ ਨੇਕ ਬੱਚੇ ਹਨ। ਮੇਰੇ ਘਰ ਦੀ ਸ਼ਾਨ ਮੇਰਾ ਪੋਤਰਾ ਇਸਮਾਇਲ ਅਲੀ ਬਹੁਤ ਹੀ ਪਿਆਰਾ ਹੈ ਤੇ ਉਸ ਨਾਲ ਗੱਲਾਂ ਕਰਕੇ ਮੇਰੇ ਸਾਰੇ ਦਿਨ ਦੀ ਥਕਾਨ ਉੱਤਰ ਜਾਂਦੀ ਹੈ। ਕਾਰੋਬਾਰ ਪੱਖੋਂ ਮੈਂ ਲੰਬੇ ਸਮੇਂ ਤੋਂ ਸਵਾਰੀਆਂ ਵਾਲਾ ਟੈਂਪੂ ਚਲਾ ਕੇ ਗੁਜ਼ਾਰਾ ਕਰ ਰਿਹਾ ਸਾਂ। ਮੇਰੇ ਲਈ ਇਹ ਕਿੱਤਾ ਇਬਾਦਤ ਬਰਾਬਰ ਹੈ। ਇਸੇ ਟੈਂਪੂ ਨੂੰ ਚਲਾਉਂਦਿਆਂ ਮੈਂ ਅਜਿਹੇ ਗੀਤ ਰਚੇ ਹਨ ਜੋ ਸੰਗੀਤਕ ਜਗਤ ਵਿਚ ਬਹੁਤ ਮਕਬੂਲ ਹੋਏ ਹਨ। ਉਦਾਹਰਣ ਦੇ ਤੌਰ ‘ਤੇ ਖ਼ਾਨ ਸਾਹਿਬ ਅਤੇ ਜੀ ਖ਼ਾਨ ਦੁਆਰਾ ਗਾਇਆ ਗੀਤ ‘ਸੱਜਣ ਮੇਰਾ ਜੀਅ ਨਹੀਂ ਲੱਗਦਾ।’ ਇਸ ਗੀਤ ਨੂੰ ਸਰੋਤਿਆਂ ਨੇ ਮਨਾਂ-ਮੂੰਹੀਂ ਪਿਆਰ ਦਿੱਤਾ ਹੈ। ਅੱਜ ਵੀ ਮੈਂ ਆਟੋ ਚਾਲਕ ਵਜੋਂ ਕੰਮ ਕਰਦਾ ਹਾਂ ਅਤੇ ਖੁਸ਼ ਹਾਂ।


ਸੋਨੀਆ : ਜੀਵਨ ਦੇ ਕੁਝ ਐਸੇ ਪਲਾਂ ਬਾਰੇ ਜੋ ਤੁਸੀਂ ਕਦੇ ਨਹੀਂ ਭੁੱਲ ਸਕਦੇ?
ਲਾਲ ਦੀਨ :— 25 ਤੋਂ 50 ਸਾਲ ਦੀ ਉਮਰ ਤੱਕ ਮੇਰੇ ਜੀਵਨ ਵਿਚ ਸਭ ਤੋਂ ਵੱਡੀ ਘਟਨਾ ਇਹੋ ਵਾਪਰੀ ਕਿ ਗੀਤਕਾਰੀ ਵਿਚ ਇਸ ਸਮੇਂ ਮੈਂ ਉੱਚ ਦਰਜੇ ਦਾ ਲਿਖਿਆ ਅਤੇ ਆਪਣੇ ਪਿੰਡ ਅਠੌਲੀ ਦਾ ਨਾਂਅ ਰੌਸ਼ਨ ਕੀਤਾ। ਇਸ ਸਮੇਂ ਵਿਚ ਮੇਰੇ ਗੀਤਾਂ ਨੂੰ ਦੁਰਗਾ ਰੰਗੀਲਾ, ਸਤਵਿੰਦਰ ਬੁੱਗਾ, ਸਰਦੂਲ ਸਿਕੰਦਰ ਮਾਸਟਰ ਸਲੀਮ, ਹਰਭਜਨ ਮਾਨ, ਕਮਲਜੀਤ ਨੀਰੂ, ਨਛੱਤਰ ਗਿੱਲ, ਸੁਖਸ਼ਿੰਦਰ ਸ਼ਿੰਦਾ, ਫਿਰੋਜ ਖ਼ਾਨ ਆਦਿ ਸਮਰੱਥ ਗਾਇਕਾਂ ਨੇ ਗਾਇਆ। ਇਸ ਸਮੇਂ ਦੀ ਜੇਕਰ ਸਭ ਤੋਂ ਵੱਡੀ ਉਪਲੱਬਧੀ ਦੀ ਗੱਲ ਕਰਾਂ ਤਾਂ ਉਹ ਸੀ ਜਨਾਬ ਚਰਨਜੀਤ ਆਹੂਜਾ ਜੀ ਨਾਲ ਮੇਰੀ ਮਿਲਣੀ। ਉਨ੍ਹਾਂ ਨਾਲ ਮਿਲ ਕੇ ਬਹੁਤ ਕੁਝ ਲਿਖਣ ਨੂੰ ਮਿਲਿਆ। ਖ਼ਾਸ ਤੌਰ ‘ਤੇ ਗੀਤਕਾਰੀ ਦੀ ਤਕਨੀਕ ਬਾਰੇ ਉਨ੍ਹਾਂ ਤੋਂ ਮੈਂ ਬਹੁਤ ਕੁਝ ਸਿੱਖਿਆ। ਮੈਂ ਆਪਣੇ ਇਕ-ਇਕ ਗੀਤ ਦਾ ਸੌ-ਸੌ ਅੰਤਰਾ ਵੀ ਲਿਖਿਆ। ਮੇਰਾ ਇਹ ਸਫ਼ਰ ਹੁਣ ਤੱਕ ਨਿਰੰਤਰ ਜਾਰੀ ਹੈ। ਆਉਣ ਵਾਲੇ ਦਿਨਾਂ ਵਿਚ ਗੀਤ ਕਰ ਰਹੇ ਹਾਂ ਮੈਂ ਚਾਹੁੰਦਾ ਹਾਂ ਇਹ ਗੀਤ ਫਿਰੋਜ਼ ਖ਼ਾਨ ਗਾਵੇ। ਇਸ ਗੀਤ ਦੇ ਬੋਲ ਹਨ—
ਸਭ ਦਾ ਮਾਲਕ ਏਕ
ਸਭ ਦਾ ਮਾਲਕ ਏਕ
ਗਲੀ-ਗਲੀ ਵਿਚ ਗਾਉਂਦਾ ਫਿਰਦਾ
ਡਫ਼ਲੀ ਨਾਲ ਦਰਵੇਸ਼….
ਮੇਰੀ ਦਿਲੀ ਖਾਹਿਸ਼ ਹੈ ਕਿ ਅੱਲਾ-ਮੌਲਾ ਇਸੇ ਤਰ੍ਹਾਂ ਮੇਰੇ ਤੋਂ ਚੰਗੀ ਸ਼ਾਇਰੀ ਕਰਵਾਉਂਦਾ ਰਹੇ। ਆ ਰਹੇ ਗੀਤ ਵਿਚ ਪੇਸ਼ ਵਿਚਾਰਾਂ ਵਰਗਾ ਹੋਣਾ ਮੇਰੀ ਵੀ ਦਿਲੀ ਖਾਹਿਸ਼ ਹੈ।
ਸੋਨੀਆ : ਤੁਹਾਨੂੰ ਕੀ ਪਸੰਦ ਹੈ ਤੇ ਕੀ ਨਹੀਂ ਪਸੰਦ ਹੈ?
ਲਾਲ ਦੀਨ :— ਮੈਨੂੰ ਉਹ ਹਰ ਚੀਜ਼ ਪਸੰਦ ਹੈ ਜਿਸ ਨੂੰ ਕੁਦਰਤ ਨੇ ਘੜਿਆ ਹੈ, ਨਾ ਪਸੰਦ, ਜਾਤਾਂ-ਪਾਤਾਂ ਦੇ ਝਗੜੇ-ਝੇੜੇ। ਰਚਨਾਕਾਰੀ ਅਜਿਹੀ ਹੋਣੀ ਚਾਹੀਦੀ ਹੈ ਜੋ ਹਰ ਪਾਠਕ, ਸਰੋਤੇ ਦੇ ਮਨ ਨੂੰ ਛੂਹ ਜਾਵੇ ਜਾਂ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਰਚਨਾ ਹਰ ਬੰਦੇ ਨੂੰ ਆਪਣੀ ਜਾਪੇ। ਅਜਿਹੀ ਰਚਨਾਕਾਰੀ ਲਈ ਮੈਂ ਹਰ ਵਕਤ ਯਤਨ ਕਰਦਾ ਰਹਿੰਦਾ ਹਾਂ। ਅੱਲ੍ਹਾ ਦਾ ਕਰਮ ਹੈ ਕਿ ਮੇਰੀ ਕਲਮ ‘ਚੋਂ ਅਜੇ ਤੱਕ ਕੋਈ ਗੰਦਾ ਗੀਤ ਨਹੀਂ ਲਿਖਿਆ ਗਿਆ। ਇਹ ਹਰ ਸਾਹਿਤਕਾਰ ਜਾਂ ਕਲਾਕਾਰ ਦਾ ਧਰਮ ਹੋਣਾ ਚਾਹੀਦਾ ਹੈ ਕਿ ਮਨੋਰੰਜਨ ਦੇ ਨਾਲ-ਨਾਲ ਸਾਨੂੰ ਆਪਣੇ ਸਮਾਜ ਦੀਆਂ ਚੰਗੀਆਂ ਕਦਰਾਂ-ਕੀਮਤਾਂ ਨੂੰ ਵੀ ਰਚਨਾਵਾਂ, ਗੀਤਾਂ ਵਿਚ ਪੇਸ਼ ਕਰਦੇ ਰਹਿਣਾ ਚਾਹੀਦਾ ਹੈ। ਬਾਕੀ ਹਰ ਲਿਖਣ ਵਾਲੇ ਨੂੰ ਚੰਗਾ ਪੜ੍ਹਨਾ ਜ਼ਰੂਰ ਚਾਹੀਦਾ ਹੈ।
ਸੋਨੀਆ : ਸਾਹਿਤ ਨਾਲ ਤੁਹਾਨੂੰ ਕਿਹੋ ਜਿਹਾ ਲਗਾਅ ਹੈ?
ਲਾਲ ਦੀਨ :— ਜੇਕਰ ਸਾਹਿਤਕ ਲਗਾਵ ਦੀ ਗੱਲ ਕੀਤੀ ਜਾਵੇ ਤਾਂ ਸਾਹਿਤ ਨਾਲ ਮੇਰਾ ਬਹੁਤ ਹੀ ਜ਼ਿਆਦਾ ਲਗਾਵ ਹੈ। ਚੰਗੀਆਂ ਰਚਨਾਵਾਂ ਪੜ੍ਹਦਾ ਹਾਂ, ਵਧੀਆ ਬੰਦਿਆਂ ਨਾਲ ਵਿਚਰਨਾ ਬੇਹੱਦ ਚੰਗਾ ਲੱਗਦਾ ਹੈ। ਸੰਗੀਤ ਸਮਰਾਟ ਚਰਨਜੀਤ ਆਹੂਜਾ ਜੀ ਅਜਿਹੀਆਂ ਸ਼ਖ਼ਸੀਅਤਾਂ ਵਿਚੋਂ ਹਨ, ਜਿਨ੍ਹਾਂ ਦਾ ਮੇਰੇ ਜੀਵਨ ‘ਤੇ ਬਹੁਤ ਗਹਿਰਾ ਪ੍ਰਭਾਵ ਪਿਆ, ਮੈਂ ਸਮਝਦਾ ਹਾਂ ਕਿ ਮੈਂ ਜਿਸ ਜਗ੍ਹਾ ‘ਤੇ ਜਾਂ ਗੀਤਕਾਰੀ ਵਿਚ ਜਿਸ ਮੁਕਾਮ ‘ਤੇ ਹਾਂ ਉੱਥੇ ਪਹੁੰਚਾਉਣ ਵਾਲੇ ਜਨਾਬ ਚਰਨਜੀਤ ਆਹੂਜਾ ਜੀ ਹੀ ਹਨ। ਇਸ ਤੋਂ ਇਲਾਵਾ ਮੇਰੇ ਮਾਂ-ਬਾਪ ਜਿਨ੍ਹਾਂ ਮੈਨੂੰ ਮੇਰੀ ਮਰਜ਼ੀ ਅਨੁਸਾਰ ਕੰਮ ਕਰਨ ਤੋਂ ਰੋਕਿਆ-ਟੋਕਿਆ ਨਹੀਂ ਸਗੋਂ ਮੇਰੀ ਹਰ ਬੁਰੇ ਵਕਤ ‘ਚ ਹੌਸਲਾ ਅਫ਼ਜ਼ਾਈ ਕੀਤੀ। ਅਜੋਕਾ ਸਮਾਂ ਬੇਸ਼ਕ ਕਈ ਤਰ੍ਹਾਂ ਦੇ ਹਮਲਿਆਂ ਭਰਿਆ ਹੈ ਪਰ ਮੈਂ ਸੋਚਦਾ ਹਾਂ ਹਰ ਮਨੁੱਖ ਨੂੰ ਆਪਣੇ ਆਪਣੇ ਹਿੱਸੇ ਦੀ ਚੰਗਿਆਈ ਵੰਡਦੇ ਰਹਿਣਾ ਚਾਹੀਦਾ ਹੈ। ਆਉਣ ਵਾਲਾ ਸਮਾਂ ਆਪੇ ਬਿਹਤਰ ਹੋ ਜਾਵੇਗਾ।

ਸੋਨੀਆ : ਜ਼ਿੰਦਗੀ ਵਿਚ ਕੋਈ ਤਲਬ?
ਲਾਲ ਦੀਨ :— ਤੁਸੀਂ ਪੁੱਛਿਐ ਕਿ ਕੋਈ ਤਲਬ? ਨਹੀਂ ਮੈਨੂੰ ਹੋਰ ਕਿਸੇ ਚੀਜ਼ ਦੀ ਵੀ ਤਲਬ ਨਹੀਂ ਹੋ ਅੱਲ੍ਹਾ ਨੇ ਬਖਸ਼ਿਆ ਹੈ ਮੈਂ ਆਪਣੇ ਪਰਿਵਾਰ ਸਮੇਤ ਉਸ ਵਿਚ ਰਾਜ਼ੀ-ਖੁਸ਼ੀ ਹਾਂ। ਮੇਰੇ ਰੁਤਬੇ ਸਮੇਤ ਮਾਲਕ ਨੇ ਜੋ ਵੀ ਬਖਸ਼ਿਆ ਹੈ ਉਸ ਲਈ ਉਸ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਾ ਹਾਂ। ਬਸ ਮੈਂ ਚਾਹੁੰਦਾ ਹਾਂ ਕਿ ਖੁਦਾ ਮੇਰੇ ਕੋਲੋਂ ਕੋਈ ਅਜਿਹਾ ਕੰਮ ਨਾ ਕਰਵਾਏ ਜਿਸ ਕਾਰਨ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸ਼ਰਮਿੰਦਾ ਹੋਣਾ ਪਏ। ਮੈਂ ਅੱਲ੍ਹਾ ਅੱਗੇ ਅਰਜ਼ ਕਰਦਾ ਹਾਂ ਕਿ ਉਹ ਕਰਮ ਕਰਨ ਕਿ ਮੈਂ ਇਕ ਦਿਨ ਪੰਜੇ-ਵਕਤ ਦਾ ਨਮਾਜ਼ੀ ਬਣ ਜਾਵਾਂ। ਆਮੀਨ!
ਸੋਨੀਆ : ਤੁਹਾਡੀ ਕੋਈ ਖ਼ਾਹਿਸ਼?
ਲਾਲ ਦੀਨ :— ਮੇਰੀ ਦਿਲੀ ਕੋਸ਼ਿਸ਼ ਹੈ ਕਿ ਮੈਂ ਇਸੇ ਤਰ੍ਹਾਂ ਮਿਆਰੀ ਗੀਤ ਲਿਖਦਾ ਰਹਾਂ ਤੇ ਆਪਣੇ ਲਿਖੇ ਗੀਤਾਂ ਰਾਹੀਂ ਸਮਾਜ ਨੂੰ ਕੋਈ ਸਹੀ ਸੇਧ ਦੇ ਸਕਾਂ। ਚੰਗੇ ਸਮਾਜ ਦੀ ਸਿਰਜਣਾ ਵਿਚ ਚੰਗੇ ਗੀਤ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ ਤੇ ਮੇਰੀ ਇਹੀ ਖੁਆਇਸ਼ ਹੈ ਕਿ ਮੈਂ ਭਾਈਚਾਰਕ ਸਾਂਝ ਅਤੇ ਸਮਾਜਿਕ ਨੂੰ ਚੰਗੇ ਪਾਸੇ ਤੌਰਨ ਲਈ ਵਧੀਆ ਲਿਖਦਾ ਰਹਾਂ। ਅੰਤ ਮੈਂ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ।


Read more
ਪੰਜਾਬੀ ਕਵਿਤਾ ਵਾਲ਼ੇ ਅਦਬ ਦੇ ਨਿਸ਼ਕਾਮ ਸੇਵਾਦਾਰ : ਕਰਮਜੀਤ ਸਿੰਘ ਗਠਵਾਲਾ
‘ਪੰਜਾਬੀ ਨਕਸ਼’ ਅੰਤਰਰਾਸ਼ਟਰੀ ਡਿਜ਼ੀਟਲ ਮੈਗਜ਼ੀਨ ਦਾ ਯੁਵਾ ਸਾਹਿਤ ਵਿਸ਼ੇਸ਼ ਅੰਕ ਹੋਇਆ ਦੇਸ-ਵਿਦੇਸ਼ ‘ਚ ਲੋਕ ਅਰਪਣ
ਮਹਿੰਦਰ ਸਾਥੀ ਯੁਵਾ ਕਾਵਿ ਪੁਰਸਕਾਰ ਜੇਤੂ ਤਲਵਿੰਦਰ