
ਮੁਲਾਕਾਤੀ : ਸੋਨੀਆ ਮਨਜਿੰਦਰ
ਕਰਮਜੀਤ ਸਿੰਘ ਗਠਵਾਲਾ
23 ਮਾਰਚ, 1951 ਨੂੰ ਪਿੰਡ ਨਰੈਣਗੜ੍ਹ ਵਿਚ ਜਨਮੇ ਕਰਮਜੀਤ ਸਿੰਘ ਗਠਵਾਲ਼ਾ ਨੇ ਪੰਜਾਬੀ ਸਾਹਿਤ ਜਗਤ ਵਿਚ ਬਹੁਤ ਹੀ ਉੱਚਾ ਮੁਕਾਮ ਹਾਸਲ ਕੀਤਾ ਹੈ। ਮੁਢਲੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ 1974 ਵਿੱਚ ਐਮ ਏ ਅੰਗਰੇਜ਼ੀ ਵਿਚ ਕੀਤੀ । ਉਸ ਤੋਂ ਪਿੱਛੋਂ ਕਰਮਜੀਤ ਵਿਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇਣ ਦਾ ਭੂਤ ਸਵਾਰ ਹੋ ਗਿਆ। ਇੱਕ ਵਾਰ ਆਈ. ਏ. ਐਸ. ਅਤੇ ਤਿੰਨ ਵਾਰ ਪੀ. ਸੀ. ਐਸ. ਦੀ ਇੰਟਰਵਿਊ ਤੱਕ ਪੁੱਜੇ, ਪਰ ਨੌਕਰੀ ਪ
ਹੁੰਚ ਤੋਂ ਦੂਰ ਰਹੀ। ਫਿ
ਰ 1978 ਤੋਂ 1993 ਤੱਕ ਪਿੰਡ ਦੀ ਸਰਪੰਚੀ ਕੀਤੀ। ਘਰ ਵਿਚ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਹੋਣ ਕਰਾਨ ਬਚਪਨ ਤੋਂ ਹੀ ਸਾਹਿਤ ਵੱਲ ਰੂਚੀ ਰਹੀ ਪਰ ਕਰਮਜੀਤ ਸਿੰਘ ਗਠਵਾਲ਼ਾ ਨੇ ਪੰਜਾਬੀ ਕਵਿਤਾ ਦੀ ਵੈੱਬਸਾਈਟ punjabi-kavita.com ਆਪਣੇ ਸਪੁੱਤਰ ਦੇ ਸਹਿਯੋਗ ਨਾਲ ਬਣਾ ਕੇ ਪੰਜਾਬੀ ਸਾਹਿਤ ਜਗਤ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ। ਕਰਮਜੀਤ ਗਠਵਾਲ਼ਾ ਵੱਲੋਂ ਜਨਵਰੀ, 2011 ਵਿਚ ‘ਵੈੱਬਸਾਈਟ’ ‘ਤੇ ਕੰਮ ਸ਼ੁਰੂ ਕੀਤਾ ਗਿਆ ਜੋ ਕਿ ਕੁਝ ਹੀ ਮਹੀਨਿਆਂ ਵਿਚ ਪੰਜਾਬੀ ਦੀਆਂ ਸਿਰਕੱਢ ਵੈੱਬਸਾਈਟਾਂ ਵਿੱਚ ਹੀ ਨਹੀਂ ਆਈ, ਸਗੋਂ ਸਰਚ ਵਿੱਚ ਉਨ੍ਹਾਂ ਨੂੰ ਪਿੱਛੇ ਛੱਡ ਗਈ। ਇੱਥੇ ਦੱਸਣਯੋਗ ਹੈ ਕਿ ਕਰਮਜੀਤ ਸਿੰਘ ਨੂੰ ‘ਪੰਜਾਬੀ ਮਾਂ ਬੋਲੀ ਸੇਵਾ ਸਨਮਾਨ’ ਜੋ ਕਿ 21 ਫਰਵਰੀ 2021 ਨੂੰ ਪੰਜਾਬ ਕਲਾ ਪ੍ਰੀਸ਼ਦ ਵੱਲੋਂ, ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਯੋਗਦਾਨ ਲਈ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬੀ ਵਿਕਾਸ ਮੰਚ, ਯੂ. ਕੇ. ਵੱਲੋਂ ਪੰਜਾਬੀ ਅੰਕੀਕ੍ਰਿਤ ਸੇਵਾਵਾਂ ਹਿੱਤ ਵਿਸ਼ੇਸ਼ ਸਨਮਾਨ ਵੀ ਮਿਲ ਚੁੱਕਾ ਹੈ। ਮੇਰੇ ਵੱਲੋਂ (ਸੋਨੀਆ ਮਨਜਿੰਦਰ ਮੁੱਖ ਸੰਪਾਦਕ) ਕਰਮਜੀਤ ਸਿੰਘ ਗਠਵਾਲ਼ਾ ਨਾਲ ਵਿਸਥਾਰਪੂਰਵਕ ਮੁਲਾਕਾਤ ਕੀਤੀ ਗਈ। ‘ਪੰਜਾਬੀ ਨਕਸ਼’ ਦੇ ਇਨ੍ਹਾਂ ਕਾਲਮਾਂ ਵਿਚ ਇਸ ਮੁਲਾਕਾਤ ਨੂੰ ਪੇਸ਼ ਕਰਨ ਦੀ ਖ਼ੁਸ਼ੀ ਲੈ ਰਹੇ ਹਾਂ।
—ਸੋਨੀਆ ਮਨਜਿੰਦਰ
? ਜਨਮ ਅਤੇ ਬਚਪਨ ਬਾਰੇ ਕੁਝ ਗੱਲਾਂ ਸਾਂਝੀਆਂ ਕਰੋ।
—ਸੋਨੀਆ ਜੀ, ਮੇਰਾ ਜਨਮ 23 ਮਾਰਚ, 1951 ਨੂੰ ਹੋਲੀ ਵਾਲ਼ੇ ਦਿਨ ਪਿੰਡ ਨਰੈਣਗੜ੍ਹ ਵਿਖੇ ਹੋਇਆ। ਆਪਣੇ ਬਾਰੇ ਦੱਸਣਾ ਬੜਾ ਔਖਾ ਕੰਮ ਹੈ।ਬਚਪਨ ਦੀਆਂ ਯਾਦਾਂ ਪਹਿਲਾਂ ਸਮੇਂ ਨਾਲ ਧੁੰਦ ਹੋਈਆਂ ਤੇ ਫਿਰ ਥੋੜ੍ਹਾ ਚਿਰ ਹੋਰ ਲੰਘਣ ਤੇ ਸੂਰਜ ਦੀ ਗਰਮੀ ਨਾਲ ਅਲੋਪ ਹੋ ਗਈਆਂ । ਮੈਂ ਜਿਹੜੇ ਪਰਿ

ਭੇ ਰਹਿਣਾ ਪਿਆ ।
ਉਮਰ ਛੋਟੀ ਹੋਣ ਕਰਕੇ ਬਹੁਤਾ ਕੁਝ ਤਾਂ ਯਾਦ ਨਹੀਂ, ਬੱਸ ਐਨਾ ਕੁ ਯਾਦ ਹੈ ਕਿ ਘਰ ਵਿੱਚ ਕਾਮਰੇਡ ਸਟਾਲਿਨ ਦੀ ਤਸਵੀਰ ਕੰਧ ਤੇ ਟੰਗੀ ਹੋਈ ਹੁੰਦੀ ਸੀ। ਸਾਡੇ ਲਾਗ ਹੀ ਘੁਮਿਆਰਾਂ ਦਾ ਘਰ ਸੀ। ਮੈਂ ਉੱਥੇ ਮਿੱਟੀ ਦੇ ਭਾਂਡੇ, ਚੱਕ ਉੱਤੇ ਬਣਦੇ ਵੇਖਣ ਲਈ ਚਲਿਆ ਜਾਂਦਾ, ਉਹ ਮੈਨੂੰ ਬੈਠਣ ਲਈ ਨਿੱਕੀ ਜੇਹੀ ਪੀੜ੍ਹੀ ਦੇ ਦਿੰਦੇ ਤੇ ਮੈਂ ਕਿੰਨਾ-ਕਿੰਨਾ ਚਿਰ ਨੀਝ ਲਾਈ, ਘੁੰਮਦੇ ਚੱਕ ਉੱਤੇ ਭਾਂਡੇ ਬਣਦੇ ਵੇਖਦਾ ਰਹਿੰਦਾ । ਘਰ ਆਏ ਨੂੰ ਬੀਬੀ ਜੀ (ਅਸੀਂ ਮਾਂ ਨੂੰ ਬੀਬੀ ਜੀ ਕਹਿੰਦੇ ਸਾਂ, ਇਹ ਇਸ ਲਈ ਸੀ ਕਿ ਮਾਮਾ ਜੀ ਤੇ ਮਾਸੀ ਜੀ ਵੀ ਉਨ੍ਹਾਂ ਨੂੰ ਬੀਬੀ ਹੀ ਆਖਦੇ ਸਨ, ਮਾਸੀ ਜੀ ਤਾਂ ਕਈ-ਕਈ ਦਿਨ ਸਾਡੇ ਕੋਲ ਰਹਿ ਜਾਂਦੇ ਸਨ।) ਪੁੱਛਦੇ, ”ਅੱਜ ਕੀ ਸਿੱਖ ਕੇ ਆਇਐਂ ?” ਮੈਂ ਅੱਗੋਂ ਕਦੇ ਕੁੱਜਾ, ਕੁੱਜੀ, ਕਦੇ ਘੜਾ ਆਖ ਦਿੰਦਾ ।
ਬੀਬੀ ਜੀ ਦੱਸਦੇ ਹੁੰਦੇ ਸਨ, ”ਮੈਂ ਬਾਜ਼ਾਰ ਵਿੱਚ ਇੱਕ ਦਰਜੀ ਤੋਂ ਕੱਪੜੇ ਸਿਉਣ ਸਿਖਣ ਜਾਂਦੀ ਹੁੰਦੀ ਸੀ, ਇੱਕ ਦਿਨ ਮੈਂ ਤੈਨੂੰ ਵੀ ਨਾਲ ਲੈ ਗਈ । ਜਿੰਨਾਂ ਚਿਰ ਮੈਂ ਕੰਮ ਕਰਦੀ ਰਹੀ ਤੂੰ ਆਰਾਮ ਨਾਲ ਉੱਥੇ ਖੇਡਦਾ ਰਿਹਾ । ਕੁਝ ਦਿਨਾਂ ਬਾਅਦ ਮੈਂ ਤੈਨੂੰ ਅੰਬੋ (ਦਾਦੀ ਜੀ) ਕੋਲ ਛੱਡ ਕੇ ਕੰਮ ਤੇ ਆ ਗਈ । ਕੁਝ ਸਮੇਂ ਬਾਅਦ ਤੂੰ ਉੱਥੇ ਆ ਗਿਆ । ਦਰਜ਼ੀ ਕਹਿਣ ਲੱਗਾ ”ਗੁਰਦੇਵ ! ਕਾਕਾ ਇਕੱਲਾ ਹੀ ਆਇਆ ਹੈ, ਤੂੰ ਘਰ ਚਲੀ ਜਾ, ਘਰ ਵਾਲ਼ੇ ਫ਼ਿਕਰ ਕਰ ਰਹੇ ਹੋਣਗੇ।” ਮੈਂ ਕਿਹਾ, ”ਇਹ ਇਕੱਲਾ ਕਿਵੇਂ ਆ ਸਕਦਾ ਹੈ, ਕੋਈ ਪੌੜ੍ਹੀਆਂ ਚੜ੍ਹਾ ਕੇ ਛੱਡ ਗਿਆ ਹੋਵੇਗਾ।” ਜਦ ਬੀਬੀ ਜੀ ਘਰ ਆਏ ਤਾਂ ਪਤਾ ਲੱਗਿਆ ਕਿ ਸਾਰੇ ਮੇਰੀ ਤਲਾਸ਼ ਵਿੱਚ ਸਨ ਕਿ ਮੈਨੂੰ ਕੋਈ ਚੁੱਕ ਕੇ ਲੈ ਗਿਆ ਹੈ ।ਮੈਨੂੰ ਵੇਖ ਕੇ ਸਭ ਨੂੰ ਸੁਖ ਦਾ ਸਾਹ ਆਇਆ ।
ਵਾਰ ਵਿੱਚ ਜੰਮਿਆਂ ਉੱਥੇ ਸਿੱਖੀ ਅਤੇ ਮੌਜੂਦਾ ਇਨਕਲਾਬੀ ਵਿਚਾਰਧਾਰਾ ਦਾ ਬੜਾ ਅਸਰ ਸੀ । ਸਾਡਾ ਪਿੰਡ ਨਰੈਣਗੜ੍ਹ, ਜ਼ਿਲ੍ਹਾ ਸੰਗਰੂਰ ਵਿੱਚ ਹੈ । ਪਹਿਲਾਂ ਇਹ ਪਟਿਆਲਾ ਰਿਆਸਤ ਦਾ ਹਿੱਸਾ ਸੀ । ਰਿਆਸਤਾਂ ਦੇ ਪਿੰਡ ਚੌਹਰੀ ਗ਼ੁਲਾਮੀ ਭੋਗ ਰਹੇ ਸਨ; ਸਭ ਤੋਂ ਉਪਰ ਅੰਗਰੇਜੀ ਸਰਕਾਰ, ਫਿਰ ਰਿਆਸਤੀ ਰਾਜਾ, ਤੀਜੇ ਥਾਂ ਤੇ ਪਿੰਡ ਦਾ ਸਰਦਾਰ ਤੇ ਅੰਤ ਵਿੱਚ ਸਰਦਾਰ ਦਾ ਮੁਖਤਿਆਰ ।ਬਿਸਵੇਦਾਰਾਂ ਦੇ ਖਿਲਾਫ਼ ਕਾਮਰੇਡ ਤੇਜਾ ਸਿੰਘ ਸੁਤੰਤਰ ਅਤੇ ਹੋਰ ਨੇਤਾਵਾਂ ਦੇ ਪ੍ਰਭਾਵ ਕਰ ਕੇ ਬਿਸਵੇਦਾਰੀ ਨੂੰ ਖ਼ਤਮ ਕਰਨ ਲਈ ‘ਲਾਲ ਪਾਰਟੀ’ ਬਣੀ । ਪਿੰ
ਡ ਦੇ ਜੋ ਤਿੰਨ ਬੰਦੇ ਲਾਲ ਪਾਰਟੀ ਵਿੱਚ ਸ਼ਾਮਿਲ ਹੋਏ ਉਨ੍ਹਾਂ ਵਿੱਚ ਸਾਡੇ ਬਾਪੂ ਸ. ਸੁਰਜੀਤ ਸਿੰਘ ਵੀ ਸਨ ।ਇਸ ਸੰਘਰਸ਼ ਵਿੱਚ ਕਈ ਲੋਕਾਂ ਨੂੰ ਕੈਦ ਹੋਈ ਤੇ ਕਈਆਂ ਨੂੰ ਕਿੰਨਾ-ਕਿੰਨਾ ਚਿਰ ਰੂਪੋਸ਼ ਵੀ ਰਹਿਣਾ ਪਿਆ । ਸਾਨੂੰ ਵੀ ਆਪਣਾ ਪਿੰਡ ਛੱਡ ਕੇ ਚਾਰ-ਪੰਜ ਸਾਲ ਨਾ
? ਤੁਸੀਂ ਪੜ੍ਹਾਈ ਕਿੱਥੋਂ ਤੇ ਕਿਵੇਂ ਕੀਤੀ ਬਾਰੇ ਦੱਸਿਓ।
—ਸੋਨੀਆ ਪੜ੍ਹਾਈ ਬਾਰੇ ਕੀ ਦੱਸੀਏ, ਮੈਂ ਨੌਵੇਂ ਸਾਲ ਵਿੱਚ ਸਾਂ ਜਦੋਂ ਪਹਿਲੀ ਵਿੱਚ ਪੜ੍ਹਨ ਲੱਗਿਆ । ਸਾਡੇ ਪਿੰਡ ਕੋਈ ਸਕੂਲ ਨਹੀਂ ਸੀ, ਨੇੜੇ ਦਾ ਸਕੂਲ ਤਲਵੰਡੀ ਮਲਿਕ ਸੀ, ਜਿੱਥੇ ਛੋਟੇ ਬੱਚਿਆਂ ਨੂੰ ਪੜ੍ਹਨ ਲਈ ਪੈਦਲ ਜਾਣਾ ਤੇ ਉਹ ਵੀ ਟਿੱਬੇ ਪਾਰ ਕਰਕੇ, ਔਖਾ ਸੀ । ਪਰ ਸਾਡੀ ਕਿਸਮਤ ਨੂੰ ਵੜਿੰਗ ਖੇੜਾ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲ਼ੇ ਮਾਸਟਰ ਬਸੰਤ ਲਾਲ ਜੀ ਸਾਡੇ ਪਿੰਡ ਆ ਗਏ । ਉਨ੍ਹਾਂ ਨੇ ਸਾਨੂੰ ਗੁਰਦੁਆਰਾ ਸਾਹਿਬ ਦੇ ਇੱਕ ਕਮਰੇ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ । ਸਾਡਾ ਸਕੂਲ ਐਤਵਾਰ ਨੂੰ ਵੀ ਲਗਦਾ ਸੀ । ਮਾਸਟਰ ਜੀ ਦਾ ਖਾਣਾ ਹਰ ਘਰੋਂ ਵਾਰੀ ਸਿਰ ਆਉਂਦਾ ਸੀ । ਉਸ ਵੇਲੇ ਦੀ ਇੱਕ ਘਟਨਾ ਮੇਰੇ ਅੱਜ ਵੀ ਯਾਦ ਹੈ-
ਇੱਕ ਦਿਨ ਸਾਡੇ ਸਕੂਲ ਵਿੱਚ ਤਾਇਆ ਜੀ ਸ. ਰਲਾ ਸਿੰਘ ਨੰਬਰਦਾਰ ਆਏ। ਮੈਂ ਫੱਟੀ’ਤੇ ਲਿਖ ਰਿਹਾ ਸਾਂ, ਉਨ੍ਹਾਂ ਮੈਨੂੰ ਮੇਰੇ ਹੱਥ ਕਾਲੀ ਸਿਆਹੀ ਨਾਲ ਲਿਬੜੇ ਵੇਖ ਕੇ ਕਿਹਾ, ”ਇਹ ਪੜ੍ਹੇਗਾ ਸਰਦਾਰਾਂ ਦਾ ਕਾਕਾ!” ਉਨ੍ਹਾਂ ਇਹ ਕਿਉਂ ਕਿਹਾ, ਮੈਨੂੰ ਨਹੀਂ ਪਤਾ, ਪਰ ਅੱਜ ਐਨੇ ਵਰ੍ਹੇ ਬੀਤ ਜਾਣ ਤੇ ਵੀ ਇਹ ਗੱਲ ਯਾਦ ਹੈ ।
ਮਾਸਟਰ ਬਸੰਤ ਲਾਲ ਜੀ ਸਾਡੇ ਪਿੰਡ ਇੱਕ ਸਾਲ ਹੀ ਰਹੇ ਤੇ ਮੈਂ ਤੀਜੀ ਜਮਾਤ ਪਾਸ ਕਰ ਗਿਆ । ਸਾਡੇ ਸਰਟੀਫਿਕੇਟ ਉਹ ਵਿਦਿਆ ਵਿਭਾਗ ਵੱਲੋਂ ਮਨਜ਼ੂਰ ਕਰਵਾ ਕੇ ਸਾਨੂੰ ਦੇ ਗਏ । ਮੈਂ ਚੌਥੀ ਜਮਾਤ ਵਿੱਚ ਤਲਵੰਡੀ ਮਲਿਕ ਪੜ੍ਹਨ ਜਾ ਲੱਗਿਆ ।ਚੌਥੀ ਵਿੱਚ ਸ਼੍ਰੀ ਦੇਵਿੰਦਰ ਦਾਸ ਜੀ ਸਾਡੇ ਅਧਿਆਪਕ ਸਨ । ਉਹ ਆਪ ਪੁਰਾਣੇ ਵੇਲਿਆਂ ਦੀ ਚੌਥੀ ਪਾਸ ਸਨ । ਉਨ੍ਹਾਂ ਸਾਨੂੰ ਹਰ ਵਿਸ਼ਾ ਐਨੇ ਵਧੀਆ ਢੰਗ ਨਾਲ ਪੜ੍ਹਾਇਆ ਕਿ ਪੜ੍ਹਾਈ ਤੋਂ ਮੁੜ ਕਦੇ ਡਰ ਨਹੀਂ ਲੱਗਿਆ ।
ਚੌਥੀ ਪਾਸ ਕਰਨ ਤੋਂ ਬਾਦ ਕੁਝ ਘਰੇਲੂ ਹਾਲਾਤਾਂ ਕਾਰਨ ਅਤੇ ਰਤੀਏ ਨੇੜੇ ਪਿੰਡ ਕੌਲਗੜ੍ਹ ਵਿਖੇ ਜ਼ਮੀਨ ਲੈਣ ਕਰਕੇ ਮੈਨੂੰ ਵੀ ਰਤੀਏ ਪੜ੍ਹਨ ਲਾ ਦਿੱਤਾ ਗਿਆ । ਬਾਪੂ ਜੀ ਹੋਰੀਂ ਘੱਗਰ ਦਰਿਆ ਦੇ ਉੱਤੇ ਆਪ ਖੇਤ ਹੀ ਰਹਿੰਦੇ ਸਨ ਤੇ ਉਥੋਂ ਮੈਨੂੰ ਹਰ ਰੋਜ਼ ਸਕੂਲ ਛੱਡ ਕੇ ਆਉਣਾ ਔਖਾ ਸੀ । ਰਾਹ ਵਿੱਚ ਸੁੰਨਮਸਾਨ ਹੁੰਦੀ ਸੀ ਕੋਈ ਪੱਕਾ ਰਾਹ ਨਹੀਂ ਸੀ ਤੇ ਝਾੜ ਵੀ ਕਾਫ਼ੀ ਸਨ । ਮੈਨੂੰ ਰਤੀਏ ਜ਼ੈਲਦਾਰ ਸ. ਬਲਵੰਤ ਸਿੰਘ ਹੋਰਾਂ ਦੇ ਘਰ ਰਹਿਣ ਲਈ ਛੱਡ ਦਿੱਤਾ ਗਿਆ । ਜ਼ੈਲਦਾਰ ਸਾਹਿਬ ਦੀ ਨੂੰਹ ਬੀਬਾ ਪਵਿੱਤਰ ਕੌਰ ਰਿਸ਼ਤੇ ਵਿੱਚ ਮੇਰੇ ਭੈਣ ਜੀ ਲੱਗਦੇ ਸਨ । ਮੈਨੂੰ ਉਨ੍ਹਾਂ ਆਪਣੇ ਸਕੇ ਭਰਾਵਾਂ ਨਾਲੋਂ ਵੀ ਵੱਧ ਪਿਆਰ ਦਿੱਤਾ, ਪਰ ਮੈਨੂੰ ਆਪਣੇ ਮਾਂ-ਬਾਪ ਤੋਂ ਪਰ੍ਹਾਂ ਰਹਿਣਾ ਬੜਾ ਔਖਾ ਲੱਗਦਾ ਸੀ, ਤੇ ਬਹੁਤ ਵਾਰੀ ਮੈਂ ਇਕੱਲਾ ਬੈਠਾ ਕਿੰਨਾ-ਕਿੰਨਾ ਚਿਰ ਰੋਂਦਾ ਰਹਿੰਦਾ । ਮੇਰਾ ਜੀਅ ਨਾ ਲੱਗਣ ਦਾ ਇੱਕ ਕਾਰਨ ਇਹ ਵੀ ਸੀ ਕਿ ਭਾਵੇਂ ਰਤੀਆ ਪੰਜਾਬ ਵਿੱਚ ਸੀ ਪਰ ਉੱਥੇ ਪੜ੍ਹਾਈ ਦਾ ਮਾਧਿਅਮ ਹਿੰਦੀ ਸੀ । ਕੁਝ ਚਿਰ ਬਾਅਦ ਸਾਰਾ ਕੁਝ ਠੀਕ ਠਾਕ ਹੋ ਗਿਆ ਤੇ ਮੈਂ ਜਮਾਤ ਦਾ ਸਭ ਤੋਂ ਹੁਸ਼ਿਆਰ ਬੱਚਾ ਮੰਨਿਆ ਜਾਣ ਲੱਗਿਆ । ਮੈਨੂੰ ਹਿੰਦੀ ਵੀ ਵਧੀਆ ਆਉਣ ਲੱਗ ਪਈ । ਮੈਂ ਅੱਠਵੀਂ ਉੱਥੋਂ ਜਮਾਤ ਵਿੱਚ ਪਹਿਲੇ ਨੰਬਰ ਤੇ ਰਹਿਕੇ ਪਹਿਲੇ ਦਰਜੇ ਵਿੱਚ ਪਾਸ ਕੀਤੀ । ਇਹ 1966 ਦੀ ਗੱਲ ਹੈ ।
ਉਨ੍ਹਾਂ ਦਿਨਾਂ ਵਿੱਚ ਹੀ ਪੰਜਾਬੀ ਸੂਬਾ ਬਣਨ ਬਾਰੇ ਐਲਾਨ ਹੋ ਗਿਆ । ਬਾਪੂ ਜੀ ਨੇ ਸੋਚਿਆ ਕਿ ਹੁਣ ਮੈਨੂੰ ਪੰਜਾਬ ਵਿੱਚ ਹੀ ਪੜ੍ਹਨ ਲਾਉਣਾ ਠੀਕ ਰਹੇਗਾ । ਮੇਰੇ ਨਾਨਕੇ ਪਿੰਡ ਰੋਹਟੀ ਮੌੜਾਂ, ਨਾਭੇ ਤੋਂ ਕੋਈ ਤਿੰਨ-ਚਾਰ ਕਿਲੋਮੀਟਰ ਹੀ ਹਨ । ਮੈਨੂੰ ਗੌਰਮਿੰਟ ਹਾਇਰ ਸੈਕੰਡਰੀ ਸਕੂਲ ਨਾਭਾ ਵਿਖੇ ਪੜ੍ਹਨ ਲਾ ਦਿੱਤਾ ਗਿਆ । ਮੈਂ ਆਪਣੇ ਨਾਨਕੇ ਘਰ ਰਹਿਣ ਲੱਗਾ । ਮੇਰੇ ਨਾਨਾ ਜੀ ਸ. ਹਰਮੀਲ ਸਿੰਘ ਨੂੰ ਸਾਰੇ ਇਲਾਕੇ ਵਿੱਚ ਭਗਤ ਜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ । ਉਹ ਪਿੰਡ ਦੇ ਸਰਬਸੰਮਤੀ ਨਾਲ ਬਣੇ ਸਰਪੰਚ ਵੀ ਸਨ ।
ਨੌਵੀਂ ਜਮਾਤ ਵਿੱਚ ਮੈਂ ਨਾਨ-ਮੈਡੀ

ਕਲ ਸਟ੍ਰੀਮ ਚੁਣੀ। ਇਹ ਮੇਰੀ ਬਦਕਿਸਮਤੀ ਸਮਝੋ ਜਾਂ ਖੁਸ਼ਕਿਸਮਤੀ ਕਿ ਮੈਂ ਹਿਸਾਬ ਦੀ ਥਾਂ ਭੂਗੋਲ (7eography) ਵਿਸ਼ਾ ਚੁਣਿਆ । ਜਦੋਂ ਹਾਇਰ ਸੈਕੰਡਰੀ ਤੋਂ ਬਾਅਦ ਕਾਲਜ ਵਿੱਚ ਦਾਖਲਾ ਲੈਣ ਗਏ ਤਾਂ ਉਨ੍ਹਾਂ ਭੂਗੋਲ ਨਾਲ ਨਾਨ-ਮੈਡੀਕਲ ਸਟ੍ਰੀਮ ਦੇਣ ਤੋਂ ਨਾਂਹ ਕਰ ਦਿੱਤੀ । ਫਿਰ ਮੈਂ ਆਰਟਸ ਸਟ੍ਰੀਮ ਨਾਲ ਗ੍ਰੈਜੂਏਸ਼ਨ ਕੀਤੀ ।
ਐਮ ਏ ਅੰਗਰੇਜ਼ੀ 1974 ਵਿੱਚ ਕੀਤੀ । ਉਸ ਤੋਂ ਪਿੱਛੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇਣ ਦਾ ਭੂਤ ਸਵਾਰ ਹੋ ਗਿਆ । ਇੱਕ ਵਾਰ ਆਈ. ਏ. ਐਸ. ਅਤੇ ਤਿੰਨ ਵਾਰ ਪੀ. ਸੀ. ਐਸ. ਦੀ ਇੰਟਰਵਿਊ ਤੱਕ ਪੁੱਜਿਆ, ਪਰ ਨੌਕਰੀ ਪਹੁੰਚ ਤੋਂ ਦੂਰ ਰਹੀ । ਐਨੇ ਨੂੰ ਹੋਰ ਨੌਕਰੀਆਂ ਲਈ ਉਮਰ ਲੰਘ ਗਈ ।
ਫਿਰ 1978 ਤੋਂ 1993 ਤੱਕ ਪਿੰਡ ਦੀ ਸਰਪੰਚੀ ਕੀਤੀ । ਇਸੇ ਦੌਰਾਨ ਤੰਜਾਊਰ ਯੂਨੀਵਰਸਿਟੀ ਵਿੱਚ ਤਮਿਲ ਸਿੱਖਿਆ ਲਈ ਬਤੌਰ ਜੇ ਆਰ ਐਫ ਵੀ ਕੁਝ ਸਮਾਂ ਲੰਘਾਇਆ ਅਤੇ ਐਮ ਏ ਪੰਜਾਬੀ ਅਤੇ ਹਿੰਦੀ ਵੀ ਕਰ ਲਈ । ਫਿਰ 1987 ਵਿੱਚ ਸੰਗਰੂਰ ਵਿਖੇ ਇੱਕ ਸਿੱਖਿਆ ਸੰਸਥਾਨ ਦੀ ਸਥਾਪਨਾ ਕੀਤੀ । ਇਹ ਵੀ ਕਈ ਕਾਰਨਾਂ ਕਰਕੇ 2009 ਵਿੱਚ ਬੰਦ ਕਰਨਾ ਪਿਆ । ਪਿੰਡ ਬਡਰੁੱਖਾਂ ਵਿੱਚ ਆਪਣੀ ਕੁਝ ਜ਼ਮੀਨ ਹੈ, ਇੱਥੇ ਖੇਤ ਵਿੱਚ ਹੀ ਘਰ ਬਣਾਕੇ ਰਹਿਣ ਲੱਗੇ ।
? ਸਾਹਿਤ ਵੱਲ ਲਗਨ ਕਿਵੇਂ ਲੱਗੀ।
—ਮਨਜਿੰਦਰ ਜੀ, ਸਾਡੇ ਬਾਪੂ ਜੀ ਸ. ਸੁਰਜੀਤ ਸਿੰਘ ਅੰਮ੍ਰਿਤਧਾਰੀ ਸਿੰਘ ਸਨ, ਤੇ ਸ. ਤੇਜਾ ਸਿੰਘ ਸੁਤੰਤਰ ਦੀ ਅਗਵਾਈ ਵਿੱਚ ਲੜੇ ਗਏ ਮੁਜਾਰਾ-ਘੋਲ ਦੇ ਸਰਗਰਮ ਮੈਂਬਰ ਵੀ ਸਨ । ਘਰ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਅਤੇ ਇਨਕਲਾਬੀ ਸਾਹਿਤ ਸੰਬੰਧੀ ਕਿਤਾਬਾਂ ਤੇ ਰਸਾਲੇ ਹੁੰਦੇ ਸਨ । ਜਦੋਂ ਮੈਂ ਪੰਜਾਬੀ ਥੋੜ੍ਹੀ ਬਹੁਤ ਪੜ੍ਹਨੀ ਸਿੱਖ ਗਿਆ ਤਾਂ ਬਾਪੂ ਜੀ ਤੋਂ ਚੋਰੀ ਉਨ੍ਹਾਂ ਨੂੰ ਪੜ੍ਹਨ ਦੀ ਚੇਟਕ ਲੱਗ ਗਈ । ਜੋ ਅਜੇ ਵੀ ਜਾਰੀ ਹੈ । ਅਕਤੂਬਰ 1962 ਵਿੱਚ ਚੀਨ ਦੇ ਹਮਲੇ ਤੋਂ ਬਾਅਦ ਆਮ ਲੋਕਾਂ ਅਤੇ ਸਕੂਲ ਵਿੱਚ ਵੀ ਦੇਸ਼ ਪਿਆਰ ਦਾ ਮਾਹੌਲ ਸੀ, ਮੈਂ ਵੀ 1963 ਵਿੱਚ ਆਪਣਾ ਪਹਿਲਾ ਗੀਤ ‘ਮਿਲੀ ਆਜ਼ਾਦੀ ਨਾਲ ਮੁਸ਼ਕਿਲਾਂ ਰੱਖਣ ਦੀ ਸਾਡੀ ਵਾਰੀ’ ਲਿਖਿਆ ਜਿਸ ਨੂੰ ਅਧਿਆਪਕਾਂ ਨੇ ਸਲਾਹਿਆ ਤੇ ਮੇਰਾ ਹੌਸਲਾ ਵਧਿਆ । ਕਾਲਜ ਵਿੱਚ ਮੇਰੇ ਪਰਮ ਦੋਸਤ ਜੋਗਿੰਦਰ ਸਿੰਘ ਰੈਣਾ ਦੀ ਸੰਗਤ ਅਤੇ ਆਵਾਰਗੀ ਨੇ ਕੁਝ ਲਿਖਵਾ
ਇਆ । ਕੁਝ ਰਚਨਾਵਾਂ ਅਕਾਲੀ ਪਤ੍ਰਿਕਾ, ਅਜੀਤ ਅਤੇ ਕਾਲਜ ਦੇ ਮੈਗਜ਼ੀਨ ਵਿੱਚ ਵੀ ਛਪੀਆਂ । ਉਨ੍ਹੀਂ ਦਿਨੀਂ ਹੀ ਮੈਨੂੰ ਦੋ ਵਾਰ ਜਲੰਧਰ ਰੇਡੀਓ ਸਟੇਸ਼ਨ ਤੇ ਕਹਾਣੀ ਪੜ੍ਹਨ ਦਾ ਵੀ ਮੌਕਾ ਮਿਲਿਆ । ਲਿਖਣ ਦਾ ਸ਼ੌਕ ਤਾਂ ਰਿਹਾ ਪਰ ਜ਼ਿੰਦਗੀ ਦੇ ਹਾਲਾਤਾਂ ਨੇ ਇਸਨੂੰ ਬਹੁਤਾ ਉਭਰਨ ਨਹੀਂ ਦਿੱਤਾ।
ਪੰਜਾਬੀ ਕਵਿਤਾ ਵੈੱਬਸਾਈਟ (punjabi-kavita.com) :
ਸਾਡੇ ਪੁੱਤਰ ਅੰਤਰਪ੍ਰੀਤ ਸਿੰਘ ਨੇ ਬੀ ਟੈਕ (ਕੰਪਿਊਟਰ ਸਾਇੰਸ) ਕਰ ਲਈ । ਉਸਨੇ ਦਿਸੰਬਰ 2010 ਵਿੱਚ ਵੈੱਬਸਾਈਟ ਬਣਾਉਣ ਦੀ ਸਲਾਹ ਦਿੱਤੀ। ਮੈਂ ਉਸਨੂੰ ਕਿਹਾ ਕਿ ਮੈਨੂੰ ਤਾਂ ਨਾ ਟਾਈਪ ਆਉਂਦੀ ਹੈ ਅਤੇ ਨਾ ਹੀ ਕੰਪਿਊਟਰ ਦਾ ਐਨਾ ਗਿਆਨ ਹੈ । ਪਰ ਉਸਨੇ ਕਿਹਾ –
”ਤੁਹਾਨੂੰ ਐਨਾ ਸਾਹਿਤ ਦਾ ਗਿਆਨ ਹੈ, ਬਾਕੀ ਤਾਂ ਸਾਰਾ ਕੁਝ ਹੌਲੀ-ਹੌਲੀ ਆਪੇ ਆ ਜਾਵੇਗਾ।” ਸੋ ਕੰਮ ਸ਼ੁਰੂ ਕਰ ਦਿੱਤਾ।
ਤਿੰਨ ਜਨਵਰੀ 2011 ਨੂੰ ‘ਪੰਜਾਬੀ ਕਵਿਤਾ ਵੈੱਬਸਾਈਟ’ ਤੇ ਕੰਮ ਸ਼ੁਰੂ ਕੀਤਾ ਗਿਆ । ਸਭ ਤੋਂ ਪਹਿਲਾਂ ਖ਼ਵਾਜ਼ਾ ਗ਼ੁਲਾਮ ਫ਼ਰੀਦ ਜੀ ਦੀਆਂ ਕਾਫ਼ੀਆਂ ਵੈੱਬਸਾਈਟ ਤੇ ਚੜ੍ਹਾਈਆਂ ।
ਪਹਿਲਾਂ-ਪਹਿਲਾਂ ਤਾਂ ਅਸੀਂ ਆਪਣੀ ਮਨਪਸੰਦ ਦੇ ਕਵੀ ਹੀ ਵੈੱਬਸਾਈਟ ਉੱਤੇ ਲਿਆਂਦੇ ਪਰ ਹੌਲੀ ਹੌਲੀ ਪਾਠਕਾਂ ਦੀ ਲੋੜ ਅਤੇ ਉਨ੍ਹਾਂ ਦੇ ਕਹਿਣ ਮੁਤਾਬਿਕ ਹੋਰ ਕਵੀਆਂ ਦੀਆਂ ਰਚਨਾਵਾਂ ਵੀ ਵੈੱਬਸਾਈਟ ਉੱਤੇ ਪਾਈਆਂ ਜਾਣ ਲੱਗੀਆਂ । ਕੁਝ ਮਹੀਨਿਆਂ ਵਿੱਚ ਹੀ ਵੈੱਬਸਾਈਟ ਪੰਜਾਬੀ ਦੀਆਂ ਸਿਰਕੱਢ ਵੈੱਬਸਾਈਟਾਂ ਵਿੱਚ ਹੀ ਨਹੀਂ ਆਈ, ਸਗੋਂ ਸਰਚ ਵਿੱਚ ਉਨ੍ਹਾਂ ਨੂੰ ਪਿੱਛੇ ਛੱਡ ਗਈ ।
ਪਹਿਲੇ ਕੁਝ ਸਾਲ ਤਾਂ ਕੇਵਲ ਕਵੀਆਂ ਦੀਆਂ ਰਚਨਾਵਾਂ ਹੀ ਸਾਈਟ ਉੱਤੇ ਪਾਈਆਂ ਜਾਂਦੀਆਂ ਰਹੀਆਂ । ਇੱਕ ਦਿਨ ਮੈਂ ਕਿਸੇ ਪੰਜਾਬੀ ਕਹਾਣੀ ਦੀ ਭਾਲ ਕਰ ਰਿਹਾ ਸਾਂ । ਤਾਂ ਮੈਂ ਵੇਖਿਆ ਕਿ ਗੂਗਲ ਵੇਲੇ ਸਰਚ ਵੇਲੇ ਹੇਠਾਂ ਜੋ ਸੁਝਾਅ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ ਵਿੱਚੋਂ 80% ਕੇਵਲ ਲੱਚਰ ਸੁਝਾਅ ਸਨ । ਮੈਨੂੰ ਬੜਾ ਦੁੱਖ ਹੋਇਆ । ਫਿਰ ਮੈਂ ਛੇ ਮਹੀਨੇ ਲਗਾਤਾਰ ਪੰਜਾਬੀ ਕਹਾਣੀਆਂ ਤੇ ਕੰਮ ਕੀਤਾ ਤੇ ਮੈਨੂੰ
ਬੜੀ ਖ਼ੁਸ਼ੀ ਹੋਈ ਜਦੋਂ ਉਨ੍ਹਾਂ ਸਾਰੇ ਸੁਝਾਵਾਂ ਵਿੱਚੋਂ ਲੱਚਰਤਾ ਖ਼ਤਮ ਹੋ ਗਈ । ਉਸਤੋਂ ਬਾਅਦ ਪੰਜਾਬੀ ਨਾਵਲ, ਨਾਟਕ, ਲੇਖ ਅਤੇ ਹੋਰ ਸਾਹਿਤਕ ਵੰਨਗੀਆਂ ਤੇ ਵੀ ਕੰਮ ਕੀਤਾ ਜਾਣ ਲੱਗਿਆ ।
ਉਰਦੂ, ਹਿੰਦੀ ਕਵਿਤਾ ਦਾ ਲਿਪੀਆਂਤਰਣ :
ਅਸੀਂ ਸੋਚਿਆ ਕਿ ਪੰਜਾਬੀ ਪਾਠਕ ਉਰਦੂ ਅਤੇ ਹਿੰਦੀ ਨੂੰ ਸਹਿਜੇ ਸਮਝ ਲੈਂਦੇ ਹਨ, ਇਸ ਲਈ ਅਸੀਂ ਇਨ੍ਹਾਂ ਦੋਵਾਂ ਭਾਸ਼ਾਵਾਂ ਦੇ ਮੁੱਖ ਕਵੀਆਂ ਦੀਆਂ ਰਚਨਾਵਾਂ ਦਾ ਲਿਪੀਆਂਤਰਣ ਕੀਤਾ ਅਤੇ ਉਨ੍ਹਾਂ ਨੂੰ ਵੈੱਬਸਾਈਟ ਉੱਤੇ ਯੋਗ ਥਾਂ ਦਿੱਤੀ ।
ਅਨੁਵਾਦ :
ਪੰਜਾਬੀ ਪਾਠਕਾਂ ਨੂੰ ਵਿਸ਼ਵ ਸਾਹਿਤ ਦੇ ਹਾਣੀ ਬਣਾਉਣ ਲਈ ਅਸੀਂ ਵਿਸ਼ਵ ਦੀਆਂ ਹੋਰ ਭਾਸ਼ਾਵਾਂ ਅਤੇ ਹੋਰ ਭਾਰਤੀ ਭਾਸ਼ਾਵਾਂ ਦੀਆਂ ਰਚਨਾਵਾਂ ਦੇ ਅਨੁਵਾਦ ਵੀ ਪੰਜਾਬੀ ਪਾਠਕਾਂ ਨੂੰ ਪੜ੍ਹਨ ਲਈ ਵੈੱਬਸਾਈਟ ਉੱਤੇ ਲਿਆਂਦੇ।
ਮੈਂ ਖ਼ੁਦ ਵੀ ਕੁਝ ਰਚਨਾਵਾਂ ਦੇ ਅਨੁਵਾਦ ਕੀਤੇ ਹਨ। ਇਨ੍ਹਾਂ ਨਾਲ ਵੀ ਇੱਕ ਛੋਟੀ ਜਿਹੀ ਘਟਨਾ ਜੁੜੀ ਹੈ । ਮੈਂ ਛੇਵੀਂ-ਸੱਤਵੀਂ ਵਿੱਚ ਸਾਂ ਜਦੋਂ ਹਿੰਦੀ ਦੇ ਮਸ਼ਹੂਰ ਕਹਾਣੀਕਾਰ ਸੁਦਰਸ਼ਨ ਹੋਰਾਂ ਦੀ ਕਹਾਣੀ ‘ਹਾਰ ਕੀ ਜੀਤ’ ਪੜ੍ਹੀ ਸੀ । ਇਸ ਕਹਾਣੀ ਨੇ ਮੇਰੇ ਮਨ ਤੇ ਬਹੁਤ ਅਸਰ ਕੀਤਾ ਅਤੇ ਹਮੇਸ਼ਾ ਲਈ ਮੇਰੇ ਵਾਸਤੇ ਪ੍ਰੇਰਨਾਦਾਇਕ ਬਣੀ ਰਹੀ । ਮੈਂ ਇੱਕ ਦਿਨ ਘਰ ਬੈਠਿਆਂ-ਬੈਠਿਆਂ ਗੱਲ ਕੀਤੀ ਕਿ ਮੈਂ ਇਸਨੂੰ ਵੈੱਬਸਾਈਟ ਉੱਤੇ ਚੜ੍ਹਾਉਣਾ ਚਾਹੁੰਦਾ ਹਾਂ ਪਰ ਉਨ੍ਹੀਂ ਦਿਨੀਂ ਅਸੀਂ ਕੇਵਲ ਕਾਵਿ ਰਚਨਾਵਾਂ ਤੇ ਹੀ ਕੰਮ ਕਰਦੇ ਸਾਂ । ਸਾਡੇ ਬੇਟੇ ਅੰਤਰਪ੍ਰੀਤ ਨੇ ਸੁਝਾਅ ਦਿੱਤਾ ਕਿ ਤੁਸੀਂ ਇਸ ਕਹਾਣੀ ਨੂੰ ਕਾਵਿ-ਰੂਪ ਦੇ ਦਿਓ, ਮੈਂ ਉਸਦੇ ਕਹਿਣ ਤੇ ਇੰਜ ਕੀਤਾ, ਇਹ ਕਾਵਿ-ਰੂਪ ਸਭਨਾਂ ਨੇ ਪਸੰਦ ਕੀਤਾ । ਇਸ ਨਾਲ ਮੇਰਾ ਹੌਸਲਾ ਵਧਿਆ ਤੇ ਮੈਂ ਵਿਸ਼ਵ ਪ੍ਰਸਿੱਧ ਨੌਂ ਹੋਰ ਕਹਾਣੀਆਂ ਨੂੰ ਵੀ ਕਾਵਿ-ਰੂਪ ਦਿੱਤਾ ।
ਪੰਜਾਬੀ-ਕਵਿਤਾ ਡਾਟ ਕਾਮ ਦੀ ਵਿਲੱਖਣਤਾ :
ਅਸੀਂ ਵੈੱਬਸਾਈਟ ਤੇ ਹਰ ਲੇਖਕ ਦਾ ਇੱਕ ਮੁੱਖ ਪੰਨਾਂ ਬਣਾਉਂਦੇ ਹਾਂ ਤੇ ਉਸ ਉੱਤੇ ਉਸ ਲੇਖਕ ਦੀਆਂ ਸਾਰੀਆਂ ਰਚਨਾਵਾਂ ਦੇ ਲਿੰਕ ਰੱਖੇ ਜਾਂਦੇ ਹਨ । ਜੇ ਕੋਈ ਪੂਰੀ ਕਿਤਾਬ ਹੋਵੇ ਤਾਂ ਉਸਦੀ ਹਰ ਰਚਨਾ ਦਾ ਲਿੰਕ ਰੱਖਿਆ ਜਾਂਦਾ ਹੈ, ਜੋ ਪਾਠਕ ਨੂੰ ਕਿਤਾਬ ਵਿੱਚ ਜਿੱਥੇ ਉਹ ਰਚਨਾ ਹੈ, ਲੈ ਜਾਂਦਾ ਹੈ । ਅਸੀਂ ਵੈੱਬਸਾਈਟ ਤੇ ਕਾਪੀ ਕਰਨ ਤੇ ਕੋਈ ਪਾਬੰਦੀ ਨਹੀਂ ਲਾਈ, ਤਾਂ ਜੋ ਖੋਜੀ ਅਤੇ ਵਿਦਿਆਰਥੀ ਇਸ ਦਾ ਪੂਰਾ ਲਾਹਾ ਲੈ ਸਕਣ । ਕਈਆਂ ਨੇ ਤਾਂ ਪੂਰੀ ਦੀ ਪੂਰੀ ਵੈੱਬਸਾਈਟ ਹੀ ਕਾਪੀ ਕਰਕੇ ਆਪਣੀਆਂ ਵੈੱਬਸਾਈਟਾਂ ਬਣਾ ਲਈਆਂ ਹਨ । ਇਹ ਨੈਤਿਕ ਤੌਰ ਤੇ ਤਾਂ ਭਾਵੇਂ ਗਲਤ ਹੈ ਪਰ ਸਾਡੀ ਨਜ਼ਰ ਵਿੱਚ ਇਸ ਨਾਲ ਵੀ ਸਾਹਿਤ ਦਾ ਪ੍ਰਚਾਰ ਤੇ ਪ੍ਰਸਾਰ ਤਾਂ ਹੁੰਦਾ ਹੀ ਹੈ ।
ਅਸੀਂ ਵੈੱਬਸਾਈਟ ਉੱਤੇ ਬੇਲੋੜੀਆਂ ਤਸਵੀਰਾਂ ਤੋਂ ਪਰਹੇਜ਼ ਕਰਦੇ ਹਾਂ ਤਾਂ ਕਿ ਵੈੱਬਸਾਈਟ ਖੁਲ੍ਹਣ ਵਿੱਚ ਸੌਖ ਰਹੇ । ਨਵੇਂ ਲੇਖਕਾਂ ਦੀਆਂ ਰਚਨਾਵਾਂ ਰੱਖਣ ਵੇਲੇ ਇਸ ਗੱਲ ਦਾ ਖ਼ਿਆਲ ਰੱਖਿਆ ਜਾਂਦਾ ਹੈ ਕਿ ਤਕਨੀਕੀ ਤੌਰ ਤੇ ਰਚਨਾ ਭਾਵੇਂ ਥੋੜ੍ਹੀ ਕਮਜ਼ੋਰ ਵੀ ਹੋਵੇ ਪਰ ਵਿਚਾਰ ਸਾਫ਼ ਸੁਥਰੇ ਹੋਣ । ਕੋਈ ਵੀ ਰਚਨਾ ਜੋ ਧਰਮ, ਬੋਲੀ ਜਾਂ ਵਾਦ ਦੇ ਨਾਂ ਤੇ ਲੋਕਾਂ ਵਿੱਚ ਵਖਰੇਵਾਂ ਪਾਵੇ, ਉਸ ਤੋਂ ਗੁਰੇਜ਼ ਹੀ ਕੀਤਾ ਜਾਂਦਾ ਹੈ ।

ਪੰਜਾਬੀ ਕਵਿਤਾ ਯੂਟਿਊਬ ਚੈਨਲ (youtube.com/@PunjabiKavita) :
2014-15 ਵਿੱਚ ਅਸੀਂ ਆਪਣੇ ਮਿੱਤਰਾਂ, ਸਨੇਹੀਆਂ ਅਤੇ ਸਾਕ-ਸਬੰਧੀਆਂ ਦੇ ਕਹਿਣ ਤੇ ਜੋ ਵਿਦੇਸ਼ ਵਿੱਚ ਰਹਿੰਦੇ ਹਨ, ਜਿਨ੍ਹਾਂ ਦੀ ਅਗਲੀ ਪੀੜ੍ਹੀ ਪੰਜਾਬੀ ਸਮਝ ਤਾਂ ਲੈਂਦੀ ਹੈ, ਪਰ ਲਿਖ-ਪੜ੍ਹ ਨਹੀਂ ਸਕਦੀ, ਯੂਟਿਊਬ ਚੈਨਲ ਸ਼ੁਰੂ ਕੀਤਾ ਅਤੇ ਇਸ ਉਪਰ ੬00 ਦੇ ਲਗਭਗ ਰਚਾਨਾਵਾਂ ਬੋਲ ਕੇ ਰੱਖੀਆਂ । ਕੁਝ ਸਰੋਤਿਆਂ ਦੇ ਫੂਹੜ ਕੁਮੈਂਟਾਂ ਕਰਕੇ ਅਸੀਂ ਇਸ ਤੇ ਅੱਗੋਂ ਰਚਨਾਵਾਂ ਪਾਉਣੀਆਂ ਬੰਦ ਕਰ ਦਿੱਤੀਆਂ । ਅੱਜ ਅਸੀਂ ਸਮਝਦੇ ਹਾਂ ਕਿ ਸਾਨੂੰ ਇੰਞ ਨਹੀਂ ਸੀ ਕਰਨਾ ਚਾਹੀਦਾ । ਹਾਥੀ ਨੂੰ ਆਪਣੀ ਤੋਰ ਤੁਰਦੇ ਰਹਿਣਾ ਚਾਹੀਦਾ ਹੈ । ਹੁਣ ਇਹ ਕੰਮ ਕਰਨ ਦੀ ਸਾਨੂੰ ਲੋੜ ਵੀ ਨਹੀਂ ਰਹੀ । ਕਿਉਂਕਿ ਹੁਣ ਇਸ ਪਾਸੇ ਬੀਬਾ ਦੇਵਿੰਦਰ ਕੌਰ ਸੈਣੀ ਤੇ ਹੋਰ ਕਈ ਸੁਘੜ ਵਕਤਾ ਇਸ ਪਾਸੇ ਵੱਲ ਬਹੁਤ ਵਧੀਆ ਕੰਮ ਕਰ ਰਹੇ ਹਨ ।
ਸਹਿਯੋਗ :
ਪੰਜਾਬੀ ਕਵਿਤਾ ਵੈੱਬਸਾਈਟ ਦੇ ਸਫ਼ਰ ਵਿੱਚ ਸਾਡੇ ਪੁੱਤਰ ਅੰਤਰਪ੍ਰੀਤ ਸਿੰਘ ਅਤੇ ਉਸ ਦੀ ਮਾਂ ਮਹਿੰਦਰਜੀਤ ਕੌਰ ਦਾ ਜੇਕਰ ਦਿਲੀ ਸਹਿਯੋਗ ਨਾ ਹੁੰਦਾ ਤਾਂ ਕੁਝ ਵੀ ਨਾ ਹੁੰਦਾ । ਇਨ੍ਹਾਂ ਨੇ ਹਰ ਔਖੇ ਤੋਂ ਔਖੇ ਵੇਲੇ ਮੇਰਾ ਹੌਸਲਾ ਬਣਾਈ ਰੱਖਿਆ ਤੇ ਜੇ ਕਦੇ ਮੇਰਾ ਮਨ ਇਧਰੋਂ ਉਚਾਟ ਵੀ ਹੋਇਆ ਤਾਂ ਇਨ੍ਹਾਂ ਮੈਨੂੰ ਹਮੇਸ਼ਾ ਚੜ੍ਹਦੀ ਕਲਾ ਵਾਲੀ ਸਲਾਹ ਦਿੱਤੀ। ਤਕਨੀਕੀ ਤੌਰ ਤੇ ਵੈੱਬਸਾਈਟ ਨੂੰ ਗੁਰਬਾਣੀ ਅੱਖਰ ਤੋਂ ਯੂਨੀਕੋਡ ਵਿੱਚ ਬਦਲਣ ਲਈ ਸਿਧਾਰਥ ਘਈ ਨੇ ਸਾਡੀ ਮੱਦਦ ਕੀਤੀ । ਸਾਡੇ ਅਜ਼ੀਜ਼ ਇੰਜ. ਆਕਾਸ਼ਦੀਪ ਸਿੰਘ ਅਤੇ ਅਮਿਤਪਾਲ ਸਿੰਘ (ਲਾਲੀ) ਹਮੇਸ਼ਾ ਹੀ ਤਕਨੀਕੀ ਸਹਿਯੋਗ ਲਈ ਤਤਪਰ ਰਹਿੰਦੇ ਹਨ ।
ਸ. ਅਮਰਜੀਤ ਸਿੰਘ ਚੰਦਨ ਹੋਰਾਂ ਦੀ ਪ੍ਰੇਰਨਾ ਨਾਲ ਪਹਿਲੀ ਵਾਰ ਸ. ਹਰਪ੍ਰੀਤ ਸਿੰਘ ਕਾਹਲੋਂ ਨੇ ਵੈੱਬਸਾਈਟ ਬਾਰੇ ‘ਜੱਗਬਾਣੀ’ ਵਿਚ ਲੇਖ ਲਿਖ ਕੇ ਇਸਨੂੰ ਮੀਡੀਆ ਵਿੱਚ ਲਿਆਂਦਾ । ਇਸ ਲੇਖ ਰਾਹੀਂ ਹੀ ਸ. ਗੁਰਭਜਨ ਸਿੰਘ ਗਿੱਲ ਹੋਰਾਂ ਦੀ ਸਾਡੇ ਨਾਲ ਪੀਡੀ ਸਾਂਝ ਪਈ ।ਫਿਰ ਸ. ਮਨਜੀਤ ਸਿੰਘ ਰਾਜਪੁਰਾ ਨੇ ਬੀ ਸੋਸ਼ਲ ਚੈਨਲ ਤੇ ਇੰਟਰਵਿਯੂ ਰਾਹੀਂ ਵੈੱਬਸਾਈਟ ਅਤੇ ਸਾਡੇ ਬਾਰੇ ਵਿਸਥਾਰਿਤ ਜਾਣਕਾਰੀ ਦਿੱਤੀ । ਬੀਬਾ ਅਰਪਣ ਕੌਰ ਨੇ ‘ਰੋਜ਼ਾਨਾ ਸਪੋਕਸਮੈਨ’ ਅਤੇ ਸ. ਸੁਰਜੀਤ ਸਿੰਘ ‘ਦਿਲਾਰਾਮ’ ਨੇ ‘ਇਬਾਦਤੀ ਅੱਖਰ’ ਚੈਨਲਾਂ ਰਾਹੀਂ ਸਾਡੀਆਂ ਇੰਟਰਵਿਯੂਜ ਲੈ ਕੇ ਵੈੱਬਸਾਈਟ ਬਾਰੇ ਪਾਠਕਾਂ ਨੂੰ ਜਾਣਕਾਰੀ ਦਿੱਤੀ । ਸਾਡੀ ਛੋਟੀ ਭੈਣ ਅੰਮ੍ਰਿਤ ਕੌਰ ਬਡਰੁੱਖਾਂ ਤੇ ਸ. ਉਜਾਗਰ ਸਿੰਘ ਹੋਰਾਂ ਨੇ ਅਖ਼ਬਾਰਾਂ ਵਿੱਚ ਵੈੱਬਸਾਈਟ ਅਤੇ ਸਾਡੇ ਬਾਰੇ ਲੇਖ ਲਿਖੇ ।
ਸ. ਅਰਵਿੰਦਰ ਸਿੰਘ ਸਿਰ੍ਹਾ (ਯੂਕੇ) ਪੰਜਾਬੀ ਬੋਲੀ ਦੀ ਤਰੱਕੀ ਲਈ ਅਤੇ ਵੈੱਬਸਾਈਟ ਦੀ ਜਾਣਕਾਰੀ ਹੋਰਨਾਂ ਅਦੀਬਾਂ ਅਤੇ ਸੰਸਥਾਵਾਂ ਤੱਕ ਪੁਚਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹ। ਉਨ੍ਹਾਂ ਰਾਹੀਂ ਹੀ ਸੁਰਜੀਤ ‘ਪਾਤਰ’ ਹੋਰਾਂ ਨੂੰ ਵੈੱਬਸਾਈਟ ਦੀ ਜਾਣਕਾਰੀ ਮਿਲੀ ਸੀ ।
ਵੈੱਬਸਾਈਟ ‘ਤੇ ਰਚਨਾਵਾਂ ਸਾਂਭਣ ਵਿੱਚ ਨੂਰ ਮਹੰਮਦ ਨੂਰ, ਪੰਜਾਬੀ ਬੋਲੀ ਰੀਸਰਚ ਸੈਂਟਰ ਲਾਹੌਰ, ਸ. ਗੁਰਭਜਨ ਸਿੰਘ ਗਿੱਲ, ਕਹਾਣੀਕਾਰ ਬਲੀਜੀਤ, ਸ. ਸੁਰਜੀਤ ਸਿੰਘ ‘ਦਿਲਾਰਾਮ’, ਸ. ਲਖਿੰਦਰ ਸਿੰਘ (ਜਰਮਨੀ), ਬੀਬਾ ਸਿਮਬਰਨ ਕੌਰ ਸਾਬਰੀ, ਤੌਕੀਰ ਰਜ਼ਾ ਅਤੇ ਅਨੂਪਿੰਦਰ ਸਿੰਘ ਅਨੂਪ ਨੇ ਸਾਡੀ ਮੱਦਦ ਕੀਤੀ।
ਹਿੰਦੀ ਕਵਿਤਾ ਡਾਟ ਕਾਮ (hindi-kavita.com) :
ਅਸੀਂ ਪੰਜਾਬੀ ਕਵਿਤਾ ਵੈੱਬਸਾਈਟ ਤੇ ਹਿੰਦੀ ਅਤੇ ਉਰਦੂ ਦੇ ਸਾਹਿਤਕਾਰਾਂ ਨੂੰ ਲਿਪੀਆਂਤਰਣ ਕਰਕੇ ਪੰਜਾਬੀ ਪਾਠਕਾਂ ਲਈ ਰੱਖਿਆ ਸੀ, ਜਦੋਂ ਅਸੀਂ ਵੇਖਿਆ ਕਿ ਉਨ੍ਹਾਂ ਲਿੰਕਸ ਤੋਂ ਲੋਕ ਬਿਨਾਂ ਪੜ੍ਹਿਆਂ ਹੀ ਮੁੜ ਜਾਂਦੇ ਹਨ ਤਾਂ ਅਸੀਂ ਹਿੰਦੀ ਵਾਲੀ ਵੈੱਬਸਾਈਟ ਤੇ ਕੰਮ ਕੀਤਾ । ਇਸ ਸਾਈਟ ਤੇ ਹਰ ਭਾਰਤੀ ਭਾਸ਼ਾ ਅਤੇ ਬਹੁਤੀਆਂ ਵਿਦੇਸ਼ੀ ਭਾਸ਼ਾਵਾਂ ਬਾਰੇ ਹਿੰਦੀ ਵਿੱਚ ਸਾਹਿਤਕ ਰਚਨਾਵਾਂ ਸੰਭਾਲੀਆਂ । ਇਸ ਉਪਰਾਲੇ ਦਾ ਕਈ ਭਾਰਤੀ ਲੇਖਕਾਂ ਨੇ ਬਹੁਤ ਸਵਾਗਤ ਕੀਤਾ ਅਤੇ ਇਸਨੂੰ ਇੱਕ ਵਿਲੱਖਣ ਕਾਰਜ ਕਿਹਾ ।
ਮਾਣ-ਸਨਮਾਨ :
1. ‘ਪੰਜਾਬੀ ਮਾਂ ਬੋਲੀ ਸੇਵਾ ਸਨਮਾਨ’ – 21 ਫਰਵਰੀ 2021 ਨੂੰ, ਪੰ
ਜਾਬ ਕਲਾ ਪ੍ਰੀਸ਼ਦ ਵੱਲੋਂ, ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਯੋਗਦਾਨ ਲਈ ।
2. ਪੰਜਾਬੀ ਵਿਕਾਸ ਮੰਚ, ਯੂ. ਕੇ. ਦੁਆਰਾ ਪੰਜਾਬੀ ਅੰਕੀਕ੍ਰਿਤ ਸੇਵਾਵਾਂ ਹਿੱਤ ਵਿਸ਼ੇਸ਼ ਸਨਮਾਨ ।
3. ਸਾਡੇ ਲਈ ਪੰਜਾਬੀ ਦੇ ਮਹਾਨ ਸਾਹਿਤਕਾਰਾਂ ਦੇ ਪਰਿਵਾਰਾਂ ਵੱਲੋਂ ਧੰਨਵਾਦੀ ਅਤੇ ਸਨੇਹਮਈ ਸ਼ਲਾਘਾਯੋਗ ਸੁਨੇਹੇ ਵੀ ਸਾਡੇ ਲਈ ਕਿਸੇ ਮਾਨ ਸਨਮਾਨ ਤੋਂ ਘੱਟ ਨਹੀਂ । ਇਨ੍ਹਾਂ ਪਰਿਵਾਰਾਂ ਵਿੱਚ ਬਾਬੂ ਰਜਬ ਅਲੀ, ਬਾਬੂ ਫ਼ਿਰੋਜ਼ਦੀਨ ਸ਼ਰਫ਼, ਮੌਲਵੀ ਗ਼ੁਲਾਮ ਰਸੂਲ ਜੀ, ਸ. ਮਾਨ ਸਿੰਘ ਜੀ, ਵਿਧਾਤਾ ਸਿੰਘ ਤੀਰ, ਵੀਰ ਸਿੰਘ ਵੀਰ, ਅਵਤਾਰ ਸਿੰਘ ਅਜ਼ਾਦ ਆਦਿ ਸ਼ਾਮਿਲ ਹਨ ।
ਏ ਆਈ : ਮੇਰੇ ਵਿਚਾਰ ਅਨੁਸਾਰ ਏ ਆਈ ਨਾਲ ਇੰਟਰਨੈੱਟ ਦੀ ਦੁਨੀਆਂ ਵਿੱਚ ਇੱਕ ਭੁਚਾਲ ਜਿਹਾ ਆ ਗਿਆ ਹੈ । ਇਸ ਨਾਲ ਅਸੀਂ ਬੋਲੀ ਜਾਂ ਵਿਚਾਰਾਂ ਦਾ ਪ੍ਰਸਾਰ ਕਰ ਸਕਦੇ ਹਾਂ । ਏ ਆਈ ਨੇ ਜਾਣਕਾਰੀ ਇੰਟਰਨੈਟ ਤੋਂ ਹੀ ਲੈਣੀ ਹੁੰਦੀ ਹੈ, ਇਹ ਜਾਣਕਾਰੀ ਇਹ ਉਨ੍ਹਾਂ ਵਸੀਲਿਆਂ ਤੋਂ ਹੀ ਲੈਂਦੀ ਹੈ, ਜਿਸਨੂੰ ਇਹ ਆਸਾਨੀ ਨਾਲ ਪੜ੍ਹ ਜਾਂ ਸਮਝ ਸਕਦੀ ਹੈ । ਇਸ ਲਈ ਸਭਦਾ ਫ਼ਰਜ਼ ਬਣਦਾ ਹੈ ਕਿ ਅਸੀਂ ਇੰਟਰਨੈਟ ਤੇ ਸਹੀ ਜਾਣਕਾਰੀ ਲਿਖਤੀ ਰੂਪ ਵਿੱਚ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਰੱਖ ਸਕਦੇ ਹਾਂ, ਰੱਖੀਏ । ਇਸ ਲਈ ਪੰਜਾਬੀ ਬੋਲੀ, ਪੰਜਾਬ ਦੇ ਇਤਿਹਾਸ ਬਾਰੇ ਜਿੰਨੇ ਵਧੀਆ ਢੰਗ ਨਾਲ ਜਾਣਕਾਰੀ ਦੇ ਸਕਦੇ ਹਾਂ, ਇਹ ਪਾਠਕਾਂ ਤੱਕ ਪੁਚਾਈਏ ।
ਅਨੁਵਾਦ : ਅਨੁਵਾਦ ਰਾਹੀਂ ਅਸੀਂ ਹੋਰਨਾਂ ਭਾਸ਼ਾਵਾਂ ਦੇ ਸਾਹਿਤ ਤੋਂ ਜਾਣੂੰ ਹੋ ਸਕਦੇ ਹਾਂ, ਇਸ ਨਾਲ ਸਾਡੀ ਦ੍ਰਿਸ਼ਟੀ ਅਤੇ ਸੋਚਣ ਸ਼ਕਤੀ ਹੋਰ ਵਿਸ਼ਾਲ ਹੁੰਦੀ ਹੈ । ਅਨੁਵਾਦ ਉਹੀ ਚੰਗੇਰੇ ਢੰਗ ਨਾਲ ਕਰ ਸਕਦਾ ਹੈ, ਜਿਸਨੂੰ ਦੋਹਾਂ ਭਾਸ਼ਾਵਾਂ ਦਾ ਵੱਧ ਤੋਂ ਵੱਧ ਗਿਆਨ ਹੋਵੇ ਤੇ ਉਹ ਉਨ੍ਹਾਂ ਦੇ ਮੁਹਾਵਰੇ ਨੂੰ ਚੰਗੀ ਤਰ੍ਹਾਂ ਸਮਝਦਾ ਹੋਵੇ ।


Read more
ਮਿਆਰੀ ਗੀਤਾਂ ਰਾਹੀਂ ਸਮਾਜ ਨੂੰ ਚੰਗੀ ਸੇਧ ਦੇਣ ਵਾਲ਼ਾ ਗੀਤਕਾਰ ਲਾਲ ਅਠੌਲੀ ਵਾਲ਼ਾ (ਲਾਲ ਦੀਨ)
‘ਪੰਜਾਬੀ ਨਕਸ਼’ ਅੰਤਰਰਾਸ਼ਟਰੀ ਡਿਜ਼ੀਟਲ ਮੈਗਜ਼ੀਨ ਦਾ ਯੁਵਾ ਸਾਹਿਤ ਵਿਸ਼ੇਸ਼ ਅੰਕ ਹੋਇਆ ਦੇਸ-ਵਿਦੇਸ਼ ‘ਚ ਲੋਕ ਅਰਪਣ
ਮਹਿੰਦਰ ਸਾਥੀ ਯੁਵਾ ਕਾਵਿ ਪੁਰਸਕਾਰ ਜੇਤੂ ਤਲਵਿੰਦਰ