November 11, 2024

ਕਹਾਣੀ : ਸਿੰਗਲ ਮਦਰ

ਕੁਲਜੀਤ ਮਾਨ

ਦੋ ਧੀਆਂ ਰਹਿ ਗਈਆਂ ਸਨ ਬਿਲਕੁਲ ਸਿੰਗਲ ਹੋਣ ‘ਚ। ਹਰ ਕੋਈ ਤੁਰ ਗਿਆ ਸੀ ਆਪੋ ਆਪਣੀ ਮੰਜ਼ਿਲ ਵਲ। ਇੱਕ ਦਿਨ ਉਸ ਦੇ ਯਾਰਡ ਵਿੱਚ ਇੱਕ ਸੁਨਹਿਰੀ ਚਿੜੀ ਆਈ।  ਉਹ ਸ਼ੀਸ਼ੇ ਵਿਚੋਂ ਛਣਕੇ ਆ ਰਹੀ ਧੁੱਪ ਸੇਕ ਰਹੀ ਸੀ। ਸੁਨਿਹਰੀ ਚਿੜੀ ਨੇ ਸਿਧਾ  ਉਸ ਵਲ ਵੇਖਿਆ ਤੇ ਫੇਰ ਸਾਈਡ ਪੋਜ਼ ਬਣਾ ਕੇ ਯਾਰਡ ਵਿੱਚ ਪਏ ਬਾਰ ਬੀ ਕਿਉ ਤੇ ਬੈਠ ਗਈ। ਮੀਨਾ ਨੇ ਚਿੜੀ ਵੱਲ ਸਰਸਰੀ ਹੀ ਵੇਖਿਆ। ਉਹ ਉੱਠਣ ਹੀ ਵਾਲੀ ਸੀ ਕਿ ਸੁਨਹਿਰੀ ਨੇ ਆਪਣੇ ਪਰ੍ਹਾਂ ਨੂੰ ਛੰਡਿਆ ਤੇ ਸਨੋ ਦਾ ਖੁਰਿਆ ਹੋਇਆ ਪਾਣੀ ਪੀਣ ਲੱਗ ਪਈ।
ਮੀਨਾ ਝੱਟ ਦੇਣੀ ਉਠੀ, ਰਸੋਈ ਵਿੱਚੋਂ ਸਟੀਲ ਦਾ ਡੋਂਗਾ ਲਿਆ ਤੇ ਉਸ ਨੂੰ ਕੋਸੇ ਪਾਣੀ ਨਾਲ ਊਣਾ ਕਰ ਲਿਆ। ਸਲੀਪਰ ਪਾਏ,ਸਲਾਇਡਿੰਗ ਡੋਰ ਖੋਲ੍ਹਿਆ ਤੇ ਡੌਂਗਾ ਬਾਹਰ ਰੱਖ ਦਿੱਤਾ। ਜਿਉਂ ਹੀ ਉਹ ਬਾਹਰ ਨਿਕਲੀ, ਸੁਨਹਿਰੀ ਚਿੜੀ ਡਰ ਕੇ ਉੱਡ ਗਈ। ਹਵਾ ਵਿੱਚ ਚੱਕਰ ਲਾਇਆ ਤੇ ਫੈਂਸ ਤੇ ਬੈਠ ਗਈ। ਉਤਨੇ ਚਿਰ ਨੂੰ ਮੀਨਾ ਵਾਪਸ ਆ ਗਈ ਸੀ ਤੇ ਉਸ ਨੇ ਸਲਾਇਡਿੰਗ  ਡੋਰ ਵੀ ਬੰਦ ਕਰ ਲਿਆ ਸੀ।
ਉਹ ਪਿਆਸੀ ਚਿੜੀ ਦੀਆਂ ਹਰਕਤਾਂ ਵਿੱਚ ਰੁਝ ਗਈ। ਚਿੱੜੀ ਸ਼ਸ਼ੋਪੰਜ ਵਿੱਚ ਸੀ। ਪਾਣੀ ਪੀਵੇ ਕਿ ਨਾਂਹ ਪੀਵੇ। ਹੋ ਸਕਦਾ ਹੈ ਇਨਸਾਨ ਤੇ ਵਿਸ਼ਵਾਸ ਨਾਂਹ ਕਰਦੀ ਹੋਵੇ ਤੇ ਸਮਝਦੀ ਹੋਵੇ ਕਿ ਇਸ ਬੁੱਢੀ ਨੇ ਉਸਨੂੰ ਮਾਰਨ ਲਈ ਕੋਈ ਜਾਲ਼ ਬੁਣਿਆ ਹੈ।
ਮੀਨਾ ਦਾ ਵੀ ਦੁਨੀਆ ਨਾਲ  ਨਿੱਤ  ਵਾਹ ਪੈਂਦਾ ਸੀ। ਇਤਬਾਰ ‘ਤੇ ਉਹ ਵੀ ਨਹੀ ਕਰਦੀ ਸੀ।
ਚਿੜੀ ਨੂੰ ਸ਼ਾਇਦ ਇਤਨੇ ਧੋਖੇ ਨਾਂਹ ਮਿਲੇ ਹੋਣ ਜਿਤਨੇ ਮੀਨਾ ਨੂੰ ਮਿਲੇ, ਇਸ ਲਈ ਚਿੜੀ ਨੇ ਬਹੁਤ ਸੋਚ ਵਿਚਾਰ ਨਹੀ ਕੀਤੀ ਤੇ ਮੀਨਾ ਦੀ ਦੋਸਤੀ ਵਾਲਾ ਪਾਣੀ ਪੀਣ ਲੱਗ ਪਈ। ਚਿੜੀ ਨੂੰ ਪਾਣੀ ਪੀਂਦਿਆਂ ਵੇਖ ਕੇ ਮੀਨਾ ਦਾ ਉਦਾਸ ਮੰਨ ਖਿੜ ਉਠਿਆ।
ਇਤਨੀ ਖੁਸ਼ੀ ਤੇ ਕਦੇ ਕਦੇ ਹੀ ਮਿਲਦੀ ਹੈ, ਮੀਨਾ ਨੇ ਸੋਚਿਆ। ਉਸ ਨੇ ਇੱਕ ਬਰੈੱਡ ਪੀਸ ਲਿਆ ਤੇ ਉਸਦੇ ਛੋਟੇ-ਛੋਟੇ ਟੁਕੜੇ ਯਾਰਡ ਵਿੱਚ ਖਲਾਰ ਦਿੱਤੇ। ਨਵੀਂ ਨਵੀ ਦੋਸਤ ਬਣੀ ਸੀ ਤੇ ਸੁਨਹਿਰੀ ਚਿੱੜੀ ਨੇ ਐਤਕੀ ਛੋਟੀ ਉਡਾਰੀ ਮਾਰੀ ਤੇ ਜਲਦੀ ਹੀ ਬਰੈੱਡ ਦੇ ਪੀਸਾਂ ਨੂੰ ਚੁੰਝਾਂ ਮਾਰਨ ਲੱਗ ਪਈ। ਇਹ ਮੁਲਾਕਾਤ ਬਹੁਤੀ ਲੰਮੀ ਨਹੀ ਸੀ। ਜਲਦ ਹੀ ਸੁਨਹਿਰੀ ਚਿੜੀ ਉੱਡ ਕੇ ਪਤਾ ਨਹੀ ਕਿੱਥੇ ਚਲੇ ਗਈ।
ਮੀਨਾ ਵੀ ਇੰਡੀਆ ਤੋਂ ਉੱਡ ਕੇ ਹੀ ਕੈਨੇਡਾ ਆਈ ਸੀ। ਉਸ ਦੀ ਉਮਰ ਮਸੀਂ ਵੀਹ ਸਾਲ ਹੀ ਸੀ। ਰਸਮਾਂ ਰਿਵਾਜਾਂ ਨਾਲ ਰਜਿਆ ਹੋਇਆ ਉਸ ਦਾ ਵਿਆਹ, ਹਾਸੇ ਠਠਿਆਂ ਨਾਲ ਭਰਪੂਰ ਸੀ। ਉਸ ਦਾ ਪਤੀ ਨਰਿੰਜਨ ਸੋਹਣਾ ਸੁਨੱਖਾ ਸੀ ਤੇ ਮੀਨਾ ਨੂੰ ਪਸੰਦ ਵੀ ਬਹੁਤ ਸੀ। ਉਦੋਂ ਉਸ ਨੂੰ ਉਮਰਾਂ ਦਾ ਫਰਕ ਕਿੱਥੇ ਦਿਸਦਾ ਸੀ? ਉਸ ਨੂੰ ਤੇ ਨਰਿੰਜਨ ਦਾ ਨਰੋਆ ਸਰੀਰ ਹੀ ਦਿਸਦਾ ਸੀ। ਠੋਡੀ ਦੇ ਡੂੰਘ ਕਰਕੇ ਵਿਆਹ ਵਿੱਚ ਉਸ ਦੀ ਤੁਲਨਾ ਵਿਨੋਦ ਖੰਨਾ ਨਾਲ ਹੋਈ। ਡੀਲ ਡੌਲ ਦਾ ਵੀ ਸਡੌਲ ਤੇ ਨਸ਼ੀਲੀਆਂ ਅੱਖਾਂ,ਮੁਸਕਰਾਉਂਦਾ ਤਾਂ ਇੰਜ ਲਗਦਾ ਜਿਵੇਂ  ਚੇਹਰੇ ਤੇ ਹੀ ਨਹੀ ਆਸੇ ਪਾਸੇ ਵੀ ਖੇੜਾ ਉੱਘ ਪਿਆ ਹੋਵੇ।
ਉਹ ਮੀਨਾ ਨਾਲੋਂ ਪੰਦਰਾਂ ਸਾਲ ਵੱਡਾ ਸੀ ਪਰ ਵੇਖਣ ਪਾਖਣ ਨੂੰ ਬੜੀ ਹੁਸੀਨ ਜੋੜੀ ਲਗਦੀ ਸੀ। ਸਭ ਠੀਕ ਸੀ ਪਰ ਮੀਨਾ ਦੀ ਭੂਆ ਨੇ ਨੱਕ ਬੁੱਲ੍ਹ ਜ਼ਰੂਰ ਵਟਿਆ। ਉਸ ਨੂੰ ਉਮਰ ਦੇ ਫਰਕ ਦੇ ਪੰਦਰਾਂ ਸਾਲ ਅਖਰਦੇ ਸਨ। ਉਹ ਸੋਚਦੀ ਅਗਲੇ ਦਸ ਪੰਦਰਾਂ ਸਾਲ ਬਾਅਦ ਕੀ ਹੋਵੇਗਾ? ਭੂਆ ਨੂੰ ਕਿੱਥੇ ਪਤਾ ਸੀ ਕਿ ਦਸ ਪੰਦਰਾਂ ਸਾਲ ਲੰਘਣੇ ਵੀ ਕਿਹੜੇ ਸੌਖੇ ਸਨ?
ਆਪਣੀ ਜ਼ਿੰਦਗੀ ਦੇ ਸਭ ਤੋਂ ਹੁਸੀਨ ਪਲ ਮੀਨਾ ਨੇ ਨੰਜੀ ਨਾਲ ਉਸ ਵਕਤ ਹੀ ਗੁਜ਼ਾਰੇ। ਛੇ ਹਫਤੇ ਪਤਾ ਨਹੀ ਹੀ ਨਹੀ ਲੱਗਾ ਕਦੋਂ ਬੀਤ ਗਏ।
ਵੀਹ ਸਾਲ ਪਹਿਲਾਂ,ਵੀਜ਼ਾ ਬਹੁਤ ਜਲਦੀ ਆ ਜਾਂਦਾ ਸੀ। ਪੰਜ ਕੁ ਮਹੀਨਿਆਂ ਵਿੱਚ ਹੀ ਮੀਨਾ ਕੈਨੇਡਾ ਪਹੁੰਚ ਗਈ।
ਨੰਜੀ ਨੇ ਮੀਨਾ ਦਾ ਬਹੁਤ ਖਿਆਲ ਰੱਖਿਆ। ਦੋ ਕੁ ਹਫਤੇ ਤਾਂ ਘਰੋਂ ਹੀ ਨਹੀ ਨਿਕਲਿਆ। ਮੀਨਾ ਡਾਹਢੀ ਖੁਸ਼ ਸੀ ਪਰ ਉਹ ਖੁਸ਼ੀ ਹੀ ਕੀ ਹੋਈ ਜੋ ਥੋੜ੍ਹ ਚਿਰੀ ਨਾ ਹੋਵੇ।
ਸਤਰੰਗੀ ਜ਼ਿੰਦਗੀ ਦੇ ਰੰਗ ਖੁਰਨ ਲੱਗੇ। ਪਹਿਲੀ ਖੋਰ ਥੋੜ੍ਹਾ ਲੰਮੀ ਹੋ ਗਈ। ਦੋ ਸਾਲ ਲੱਗੇ ਪਹਿਲੀ ਖੋਰ ਨੂੰ  ਖੁਰਨ ਲਗਿਆਂ।
ਮੀਨਾ ਨੂੰ ਪਤਾ ਲੱਗ ਗਿਆ ਕਿ ਨਰਿੰਜ਼ਨ ਪਹਿਲਾਂ ਹੀ ਕਿਸੇ ਨਾਲ ਲਿਵ ਇੰਨ ਰਿਲੇਸ਼ਨ ਵਿੱਚ ਰਹਿੰਦਾ ਸੀ। ਉਸ ਦੇ ਦੋ ਬੱਚੇ ਵੀ ਸਨ। ਵਿਆਹ ਨਹੀ ਹੋਇਆ ਸੀ ਪਰ ਬੱਚਿਆਂ ਦਾ ਲੀਗਲ ਡੈਡ ਸੀ। ਮੀਨਾ ਨੂੰ  ਹੈਰਾਨੀ ਤੇ ਇਹ ਵੀ ਹੋਈ ਕਿ ਇੰਮੀਗਰੇਸ਼ਨ ਵੇਲੇ ਵੀ ਇਹ ਗੱਲ ਸਾਹਮਣੇ ਕਿਉਂ ਨਾਂ ਆਈ? ਉਦੋਂ ਕੀ ਪਤਾ ਸੀ ਮੀਨਾ ਨੂੰ ਲਿਵ ਇੰਨ ਰਿਲੇਸ਼ਨ ਵਿੱਚ ਮੈਰਿਡ ਲਿਖਣ ਦੀ ਲੋੜ ਨਹੀ ਪੈਂਦੀ। ਇਸ ਹਕੀਕਤ ਦਾ ਮੀਨਾ ਦੇ ਬਾਪ ਨੂੰ ਪਤਾ ਸੀ। ਉਹ ਚੁੱਪ ਰਿਹਾ ਤੇ ਮਾਂ ਨੂੰ ਵੀ ਘੂਰ ਕੇ ਰਖਿਆ। ਮਾਂ ਨੇ ਵੀ ਮੀਨਾ ਨੂੰ ਬਾਅਦ ਵਿੱਚ ਇਹੋ ਕਿਹਾ, ਮਰਦ ਸੌ ਗਲਤੀਆਂ ਕਰਦੇ ਹਨ,ਤਾਂ ਕੀ ਹੋਇਆ? ਹੁਣ ਤੂੰ ਆਪਣਾ ਘਰ ਵੇਖ।
ਇਸ ਲਿਵ ਇੰਨ ਰਿਲੇਸ਼ਨ ਵਾਲੀ ਗੱਲ ਨਾਲ  ਮੀਨਾ ਦਾ ਦਿਲ ਟੁੱਟ ਗਿਆ। ਉਸ ਨੂੰ ਲੱਗਾ ਕਿ ਉਸਦੀ ਪਵਿੱਤਰ ਦੇਹੀ ਨੂੰ ਜ਼ਲੀਲ ਕੀਤਾ ਗਿਆ ਹੈ। ਸੁਹਾਗ ਦੇ ਫੁੱਲਾਂ ਨੇ ਆਪਣਾ ਰੂਪ ਵਟਾ ਲਿਆ। ਫੁੱਲਾਂ ਦੀ ਖੁਸ਼ਬੋ ‘ਤੇ ਗੁੱਸਾ ਆਇਆ। ਪੀਡੀ ਜੱਫੀ ਵਿੱਚੋਂ ਹਵਾੜ ਆਈ ਪਰ ਉਦੋਂ ਤੱਕ ਤੇ ਮੀਨਾ ਦਾ ਪਹਿਲਾ ਬੱਚਾ ਹੋਣ ਵਾਲਾ ਸੀ।
ਕੀ ਕਰਦੀ, ਕਿਧਰ ਜਾਂਦੀ? ਉਹ ਸੋਚਦੀ,ਔਰਤ ਤੇ ਉਧਾਲੀ ਹੋਈ ਵੀ ਪਵਿੱਤਰ ਹੁੰਦੀ ਹੈ। ਅਬਲਾ ਦੀ ਰੂਹ ਦਾ ਬਲਾਤਕਾਰ ਤੇ ਹੋ ਹੀ ਨਹੀ ਸਕਦਾ।
ਬਚੇ-ਖੁਚੇ ਵਿਅਕਤੀ ਦਾ ਧਿਆਨ ਤਾਂ ਸਿਰਫ ਰੱਬ ਦੇ ਉਲਾਂਭੇ ਨਾਲ ਹੀ ਜੁੜਦਾ ਹੈ, ਮੀਨਾ ਨੇ ਵੀ ਇੰਜ ਹੀ ਕੀਤਾ।
ਨੰਜੀ ਨੇ ਦੱਸਿਆ ਉਹ ਅਪਰਾਧੀ  ਨਹੀ ਹੈ, ਇਹ ਇੰਜ ਹੀ ਹੋਣਾ ਸੀ। ਤੂੰ ਵੀ ਤੇ ਕੈਨੇਡਾ ਆ ਹੀ ਗਈ ਹੈਂ। ਮਾਸੀ ਤੇਰੀ ਨੂੰ ਸਭ ਪਤਾ ਸੀ। ਉਸ ਨੇ ਹੀ ਤੇ ਗੱਲ ਤੋਰੀ ਸੀ ਤੇਰੇ ਬਾਪ ਨਾਲ, ਕੋਈ ਗੱਲ ਛੁਪਾਈ ਨਹੀ ਗਈ। ਹੁਣ ਤੇਰਾ ਬਾਪ ਹੀ ਤੈਨੂੰ ਸੱਚ ਨਹੀ ਦਸ ਸਕਿਆ ਤਾਂ ਮੇਰਾ ਕੀ ਕਸੂਰ ਹੈ?
ਦੋ ਸਾਲ ਪਹਿਲਾਂ ਆਪਣੇ ਪਤੀ ਨਾਲ ਸ਼ੁਰੂ ਹੋਇਆ ਸੀ ਇੱਕ ਰਿਸ਼ਤਾ। ਉਹ ਇਸ ਨੂੰ ਰੂਹ ਦਾ ਰਿਸ਼ਤਾ ਕਹਿੰਦੀ ਸੀ। ਨੰਜੀ ਵੀ ਉਸ ਨੂੰ ਰਾਜਕੁਮਾਰੀ ਕਹਿ ਕੇ ਬੁਲਾਉਂਦਾ ਸੀ। ਉਸ ਨੇ ਤੇ ਇੱਕ ਦਿਨ ਇੱਕ ਮੁਕਟ ਲਿਆ ਕੇ ਉਸ ਦੇ ਸਿਰ ਤੇ ਸਜਾ ਦਿੱਤਾ। ਉਹ ਅਲਮਾਰੀ ਵਿੱਚੋਂ ਮੁੱਕਟ ਕੱਢ ਕੇ ਉਸਦੇ ਸਿਰ ਤੇ ਸਜਾ ਦਿੰਦਾ, ਜਦੋਂ ਉਹ ਇੱਕਲੇ ਹੁੰਦੇ। ਮੀਨਾ ਸੋਚਦੀ ਸੀ ਉਹ ਇਕੱਲੇ ਹਨ, ਇਤਨੇ ਇੱਕਲੇ ਕਿ ਇੱਕ ਦੂਜੇ ਦੇ ਦਿਲ ਦੀ ਧੜਕਣ ਸੁਣ ਸਕਦੇ ਸਨ। ਕਮਲ ਦੇ ਫੁੱਲ ਦੀ ਧੜਕਣ ਚਿੱਕੜ ਵਿੱਚ ਵੀ ਹੁਲਾਸੀ ਜਾਂਦੀ। ਮੀਨਾ ਹਮੇਸ਼ਾ ਰੂਹਾਨੀ ਹੁਲਾਸ ਨਾਲ ਹੀ ਟੁਟਦੀ। ਮੁੱਕਟ ਉਤਾਰਨ ਤੋਂ ਬਾਦ, ਨੰਜੀ ਉਸਨੂੰ ਫੇਰ ਅਲਮਾਰੀ ਵਿੱਚ ਰਖ ਦਿੰਦਾ। ਮਿੱਟੀ ਗੁਝ ਜਾਂਦੀ ਪਰ ਨੰਜੀ ਦੇ ਭੇਤ ਪਤਾ ਨਹੀ ਉਸਦੇ ਦਿਲ ਦੀ ਕਿਸ ਨੁੱਕਰ ਵਿਚ ਸਿਉਂਕੇ ਗਏ ਸਨ।
ਇੱਕ ਦਿਨ ਕੱਚੀ ਕੰਧ ਦਾ ਖਲੇਪੜ  ਲਹਿ ਗਿਆ। ਪਹਿਲੇ ਬੱਚੇ ਦੀ ਆਹਟ ਹੋਈ ਤੇ ਉਹ ਸ਼ੁਕਰਾਨੇ ਵਜੋਂ ਸੁੱਚੇ ਮੂੰਹ ਗੁਰਦੁਆਰੇ  ਆਏ। ਨੰਜੀ ਦੇ ਪਿੰਡੋਂ ਉਸ ਦੀ ਦੂਰ  ਦੀ ਭੈਣ ਵੀ ਨਾਲ ਹੀ ਸੀ। ਮੀਨਾ  ਨੇ ਦਰਸ਼ੀ ਨੂੰ ਕਿਹਾ, ‘ਦੀਦੀ ਅਰਦਾਸ ਕਰਵਾਉਣੀ ਹੈ ਮੇਰਾ ਤੇ ਨੰਜੀ ਦਾ ਪਹਿਲਾ ਬੱਚਾ ਆ ਰਿਹਾ ਹੈ। ਆਉਣ ਵਾਲੇ ਬੱਚੇ ਦੇ ਸੁੱਖ ਵਾਸਤੇ ਹੀ ਮੈਂ ਤੁਹਾਨੂੰ ਕਿਹਾ ਸੀ ਸਾਥ ਲਈ, ਤੁਹਾਨੂੰ ਤੇ ਗੁਰਦੁਆਰੇ ਸਾਰੇ ਜਾਣਦੇ  ਹਨ।
ਉਹ ਤੇ ਠੀਕ ਹੈ ਮੀਨਾ ਪਰ ਤੇਰਾ ਇਹ ਪਹਿਲਾ ਬੱਚਾ ਹੈ,ਨੰਜੀ ਦਾ ਨਹੀ। ਆਪਾਂ ਅਰਦਾਸ ਤੇਰੇ ਨਾਮ ਦੀ ਕਰਵਾਉਣੀ ਹੈ।
ਹੈਂ! ਦੀਦੀ ਕੀ ਕਹਿ ਰਹੇ ਹੋ?
ਤੈਨੂੰ ਨੰਜੀ ਨੇ ਦਸਿਆ ਨਹੀ?
ਕੀ?
ਦਰਸ਼ੀ ਭੈਣ ਮੈਂ ਦੱਸਣ ਦੱਸਣ ਹੀ ਕਰਦਾ ਸੀ ਪਰ ਹਰ ਵਾਰ ਡਰ ਜਾਂਦਾ, ਇਹ ਪਿਆਰ ਹੀ ਬਹੁਤ ਕਰਦੀ ਹੈ ਮੈਂਨੂੰ, ਬਸ ਹੌਂਸਲਾ ਹੀ ਨਹੀਂ ਪਿਆ। ਦਿਨ ਨਾਲ ਦਿਨ ਜੁੜਿਆ ਰਿਹਾ ਤੇ ਦੋ ਸਾਲ ਕਦੋਂ ਲੰਘ ਵੀ ਗਏ, ਪਤਾ ਹੀ ਨਹੀ ਲੱਗਾ, ਉਝ ਦਿਲ ਵਿੱਚ ਝੋਰਾ ਸੀ, ਨਾਂਹ ਦਸਣ ਦਾ। ਇਸ ਨੇ ਤੇ ਹੇਰਵਾ ਹੀ ਬਹੁਤ ਕਰਨਾ ਸੀ।
ਨੰਜੀ ਆਪਣੇ ਘਰ ਕਿਸੇ ਨੂੰ ਸੱਦਦਾ ਹੀ ਨਹੀ ਸੀ ਪਰ ਆਪ ਕਦੇ ਕਦੇ ਉਨ੍ਹਾਂ ਨੂੰ ਕਿਤੇ ਜਾਣਾ ਪੈਂਦਾ। ਰਿਸ਼ਤੇਦਾਰ ਤੇ ਪੇਂਡੂ ਕਾਫੀ ਸਨ। ਜਿਸ ਮਹਿਫਲ ਵਿੱਚ ਵੀ ਨੰਜੀ, ਮੀਨਾ ਨੂੰ ਲੈਕੇ ਜਾਂਦਾ। ਪੈਂਦੇ ਸੱਟੇ ਇੱਕ ਸਨਾਟਾ ਛਾ ਜਾਂਦਾ। ਵਕਤ ਲਗਦਾ, ਗੱਲਾਂ ਦੇ ਸਿਲਸਿਲੇ ਸ਼ੁਰੁ ਹੋਣ ਵਿੱਚ।
ਮੁੰਡਾ ਹੋਇਆ ਤਾਂ ਮੀਨਾ ਨੇ ਉਸ ਦਾ ਨਾਮ ਬੰਟੀ ਰੱਖਿਆ।
ਅੱਛਾ ਤੇ ਰਖਤਾ ਨਾਮ? ਨੰਜੀ ਨੇ ਪੁੱਛਿਆ।
‘ਹਾਂ’
ਚਲੋ ਕੱਚਾ ਨਾਮ ਹੈ, ਮਾਂ ਦੇ ਲਾਡਲੇ ਦਾ ਸੋਹਣਾ ਨਾਮ ਹੈ।
ਜੀ ਹਸਤਪਾਲ ਵਾਲਿਆਂ ਪੁੱਛਿਆ ਸੀ, ਮੈਂ ਰੱਖ ਦਿੱਤਾ। ਇਹ ਕੱਚਾ ਨਾਮ ਨਹੀ ਇਹੋ ਨਾਮ ਹੈਲਥ ਰਿਕਾਰਡ ‘ਤੇ ਦਰਜ ਹੋਵੇਗਾ।
ਪਰ ਮੀਨਾ ਬੰਟੀ ਵੀ ਕੋਈ ਨਾਮ ਹੈ? ਪਤਾ ਹੀ ਨਹੀ ਲਗਦਾ ਕਿ ਇਹ ਪੰਜਾਬੀ ਹੈ ਬੰਗਾਲੀ ਹੈ ਜਾਂ ਕਿਸੇ ਹੋਰ ਹੀ ਦੇਸ਼ ਦਾ?
ਨੰਜੀ ਮੈਨੂੰ ਤੇ ਆਪਣਾ ਨਹੀ ਪਤਾ, ਮੈਂ ਕੌਣ ਹਾਂ? ਮੇਰੀ ਪਛਾਣ ਤੇ ਹੁਣ ਬੰਟੀ ਨਾਲ ਹੀ ਹੋਵੇਗੀ।
ਕਿਦਾਂ ਦੀਆਂ ਗੱਲਾਂ ਕਰਦੀ ਹੈਂ? ਇਹ ਮੇਰਾ ਬੇਟਾ ਹੈ। ਬੁੱਟਰ ਖਾਨਦਾਨ ਦੀ ਔਲਾਦ। ਚਲ ਕੋਈ ਨਹੀ ਤੂੰ ਬੰਟੀ ਦੇ ਨਾਮ ਨਾਲ ਹੀ ਕੁਝ ਹੋਰ ਜੋੜ ਲੈ,ਜਿਵੇਂ ਬੰਟੀਜੋਤ ਬੁੱਟਰ।
‘ਕਦੇ ਸੁਣਿਆ ਹੈ ਇਹ ਨਾਮ?’
‘ਇੱਥੇ ਕੋਈ ਨਹੀ ਪੁੱਛਦਾ,ਕਿਸੇ ਕੋਲ ਸਮਾਂ ਹੀ ਕਿੱਥੇ ਹੈ?’
‘ਨਹੀ ਨੰਜੀ, ਇਹ ਸਿਰਫ ਮੇਰਾ ਬੰਟੀ ਹੈ। ਕੋਈ ਜੋਤ ਨਹੀ ਕੋਈ ਬੁੱਟਰ ਨਹੀ, ਸਿਰਫ ਬੰਟੀ..’
ਨੰਜੀ ਚੁੱਪ ਕਰ ਗਿਆ। ਉਹ ਗੱਲ ਵਧਾਉਣਾ ਨਹੀ ਚਾਹੁੰਦਾ ਸੀ। ਨਵਾਂ ਨਵਾਂ ਉਸ ਦਾ ਭੇਦ ਖੁੱਲ੍ਹਿਆ ਸੀ।
ਉਹ ਬੱਚੇ ਨੂੰ ਲੈ ਕੇ ਘਰ ਆ ਗਏ। ਦੋ ਘੰਟੇ ਬਾਅਦ ਹੀ ਬੈੱਲ ਹੋਈ। ਫੁੱਲਾਂ ਦਾ ਗੁਲਦਸਤਾ ਲਈ ਡਲਿਵਰੀ ਮੈਂਨ ਬਾਹਰ ਖੜਾ ਸੀ। ਨੰਜੀ ਨੇ ਬਿਨਾਂ ਕਾਰਡ ਪੜ੍ਹੇ ਗੁਲਦਸਤਾ, ਕਾਫੀ ਟੇਬਲ ‘ਤੇ ਰੱਖ ਦਿੱਤਾ। ਮੀਨਾ ਬੰਟੀ ਨੂੰ ਦੁੱਧ ਪਿਆ ਰਹੀ ਸੀ। ਕਾਰਡ ਵੇਖ ਕੇ ਉਸ ਦੇ ਹੋਸ਼ ਉੱਡ ਗਏ। ਗੁਲਦਸਤਾ ਉਸਦੀ ਪਹਿਲੀ ਔਰਤ ਵਲੋਂ ਭੇਜਿਆ ਗਿਆ ਸੀ ਤੇ ਸੰਬੋਧਨ ਵੀ ਮੀਨਾ ਨੂੰ ਸੀ।
‘ਕਿਸ ਦਾ ਕਾਰਡ ਹੈ? ਨੰਜੀ ਨੇ ਪੁੱਛਿਆ।
ਮੀਨਾ ਨੇ ਕੋਈ ਜੁਆਬ ਨਹੀਂ ਦਿੱਤਾ ਤੇ ਕਾਰਡ ਨੰਜੀ ਨੂੰ ਫੜਾ ਦਿੱਤਾ। ਕਾਰਡ ‘ਤੇ ਰਵਿੰਦਰ  ਦੇ ਦਸਖਤ ਸਨ ਤੇ ਦੋ ਨਿਆਣਿਆਂ ਦੇ ਵਿੰਗੇ ਟੇਢੇ ਨਾਮ ਵੀ ਸਨ। ਚੁੱਪ ਤਣ ਗਈ। ਦੋਵੇਂ ਸੋਚਦੇ ਸਨ ਕਿ ਦੂਜਾ ਬੋਲੇ ਪਰ ਕੋਈ ਵੀ ਨਹੀ ਬੋਲਿਆ। ਕਾਰਡ ਦੇ ਪਿੱਛੇ ਕੋਈ ਗੁੱਝਾ ਭੇਤ ਸੀ। ਕੀ ਨੰਜੀ ਅਜੇ ਵੀ ਉਨ੍ਹਾਂ ਦੇ ਸੰਪਰਕ ਵਿੱਚ ਹੈ? ਉਸ ਨੇ ਇਹ ਸ਼ਰਾਰਤ ਕਿਉਂ ਕੀਤੀ? ਦੋਵੇਂ ਸੁਆਲਾਂ ਦੇ ਮਾਲਕ ਵੱਖੋ ਵੱਖਰੇ ਸਨ।
ਨੰਜੀ ਇੱਕ ਚੰਗਾ ਮਰਦ ਪਤੀ ਸੀ। ਪਿਆਰ ਕਰਨ ਵਾਲਾ, ਮੀਨਾ ਦਾ ਖਿਆਲ ਰੱਖਣ ਵਾਲਾ ਪਰ ਸਭ ਖੁਰ ਕੇ ਤੁਪਕਾ ਤੁਪਕਾ ਹੋ ਰਿਹਾ ਸੀ। ਸਨੋਅ ਦੀ ਸਖ਼ਤ ਹੋਈ ਡੰਡੀ ਦਰਵਾਜ਼ੇ ਦੇ ਉਪਰ ਟੰਗੀ ਹੋਈ ਸੀ। ਤਿੱਪ ਤਿੱਪ ਉਸ ਦੀਆਂ ਬੂੰਦਾਂ ਜੇ ਸਿਰ ਵਿੱਚ ਪੈ ਜਾਣ ਤਾਂ ਸਿਰ ਦਾ ਉਹ ਹਿੱਸਾ ਸੁੰਨ ਹੋਣ ਨੂੰ ਕਰਦਾ। ਉਸ ਤੋਂ ਬਾਅਦ ਉਨ੍ਹਾਂ ਦੀ ਪੀਡੀ ਜੱਫੀ ਕਦੇ ਵੀ ਨਹੀ ਪਈ। ਮੀਨਾ ਨੂੰ ਠੰਢਾ ਠਾਰ ਡਿਗਦਾ ਤੁੱਪਕਾ ਚੇਤੇ ਆ ਜਾਂਦਾ। ਕੱਲ੍ਹ ਤੱਕ ਚੰਗਾ ਪਤੀ ਅੱਜ ਬੋਅ ਮਾਰਨ ਲੱਗ ਪਿਆ ਸੀ। ਪੰਦਰਾਂ ਸਾਲ ਦਾ ਫਰਕ ਵੀ ਰੜਕਣ ਲੱਗ ਪਿਆ। ਹਫੇ ਹੋਏ ਪੰਦਰਾਂ ਸਾਲ, ਮੀਨਾ ਨੂੰ ਭਾਰੇ ਲਗਦੇ।
ਜਲਦੀ ਹੀ, ਮੀਨਾ ਨੂੰ  ਉਸ ਦੇ ਪ੍ਰਤੀਤ ਹੋਣ ਵਾਲੇ ਸੰਪੂਰਨ ਚਿਹਰੇ ਵਿੱਚ ਪਹਿਲੀ ਦਰਾੜ ਮਿਲੀ।’
‘ਨੰਜੀ ਨੇ ਮੇਰੇ ਨਾਲ ਝੂਠ ਬੋਲਿਆ। ਹੁਣ ਦੱਸੀਆਂ ਜਾ ਰਹੀਆਂ ਕਹਾਣੀਆਂ ਦਾ ਕੋਈ ਅਰਥ ਨਹੀਂ ਸੀ। ਕਿਸੇ ਔਰਤ ਤੋਂ ਦੋ  ਬੱਚੇ ਹੋਏ,ਹਰ ਬੱਚੇ ਵੇਲੇ ਉਹ ਬਾਪ ਬਣਦਾ ਗਿਆ ਤੇ ਫੇਰ ਮੇਰੇ ਵੇਲੇ ਉਸ ਕੋਲ ਸਿਰਫ ਝੂਠ ਸੀ। ਜੇ ਪਹਿਲਾਂ ਹੀ ਦੱਸ ਦਿੰਦਾ ਤਾ ਦੁੱਖ ਨਹੀ ਹੋਣਾ ਸੀ। ਹੁਣ ਤੇ ਇੰਝ ਲਗਦਾ ਜਿਵੇਂ ਮੈਂਂ ਦੇਵਦਾਸੀ ਹੋਵਾਂ। ਇੰਮੀਗਰੇਸ਼ਨ ਦੀ ਇਤਨੀ ਕੀਮਤ ‘ਤੇ ਬਹੁਤ ਜ਼ਿਆਦਾ ਹੈ। ਇੱਕ ਧੁਖਧਖੀ ਬਲ਼ ਪਈ ਉਸ ਦੇ ਅੰਦਰ..’ ਮੀਨਾ ਕਿਤਨਾ ਹੀ ਕੁਝ ਸੋਚ ਜਾਂਦੀ। ਉਸ ਦੇ ਮਨ ਦੇ ਭਾਵੇਂ ਕਦੇ ਕੁਝ ਤੇ ਕਦੇ ਕੁਝ ਤਸਵੀਰ ਬਣਾ ਕੇ ਉਸਨੂੰ ਵਿਖਾਉਂਦੇ ਰਹਿੰਦੇ। ਕੀ ਪਤਾ ਉਹੋ ਕੁਝ ਕਰਦਾ ਹੋਵੇ ਜੋ ਪਹਿਲੀ ਨਾਲ ਕਰਦਾ ਸੀ। ਭੈੜੀਏ, ਕੀ ਪਤਾ ਉਸ ਦੇ ਦਿਮਾਗ ਵਿੱਚ ਕੀ ਰਿਝਦਾ ਹੋਵੇ ਜਦੋਂ ਤੂੰ ਕਿਸੇ ਸੁੰਨ ਸਮਾਧੀ ਵਿੱਚ ਅੱਖਾਂ ਬੰਦ ਕੀਤੀਆਂ ਹੋਣ!
ਮੀਨਾ ਦਾ ਜਿਊਣਾ ਦੂਭਰ ਹੋ ਗਿਆ। ਉਹ ਜਦੋਂ ਵੀ ਉਸਦੇ ਕੋਲ ਹੁੰਦਾ, ਹੁਣ ਉਹ ਕਦੇ ਵੀ ਇੱਕਲੇ ਨਾਂਹ ਹੁੰਦੇ। ਦੋ ਸਰੀਰ ਤੇ ਸੋਚਾਂ ਦੀ ਭੀੜ ਨਾਲ ਘਿਰੀ ਮੀਨਾ ਦੀ ਉਡਾਰੀ, ਪਰ-ਕਟੇ ਪੰਛੀ ਵਰਗੀ ਹੁੰਦੀ। ਥੋੜ੍ਹਾ ਫੜਫੜਾ ਲਿਆ ਤੇ ਫਿਰ ਅੰਤਾਂ ਦੀ ਥਕਾਵਟ।
ਕਿਤੇ ਨਾ ਕਿਤੇ ਦੋਵਾਂ ਨੂੰ ਪਤਾ ਸੀ, ਹੁਣ ਕੁਝ ਨਹੀ ਹੋ ਸਕਦਾ। ਮੀਨਾ ਕੁੜਿਕੀ ਵਿੱਚ ਫਸੀ ਹੋਈ ਸੀ। ਆਪਣੇ ਪਰਵਾਰ ਨੂੰ ਅੱਧਵਾਟੇ ਛੱਡ ਨਹੀ ਸਕਦੀ ਸੀ। ਪੰਜ ਜਣੇ ਕੈਨੇਡਾ ਦਾ ਵੀਜ਼ਾ ਉਡੀਕ ਰਹੇ ਸਨ। ਇਸ ਉਡੀਕ ਵਿੱਚ ਨੰਜੀ ਦਾ ਸ਼ੁਰੂ ਹੋਇਆ ਦੁਰਵਿਵਹਾਰ ਸਹਿਣਾ ਜ਼ਰੂਰੀ ਸੀ। ਪਰਵਾਰ ਵੀ ਆ ਗਿਆ ਤੇ ਮੀਨਾ ਲਈ ਫੈਸਲਾ ਲੈਣਾ ਹੁਣ ਅਸੰਭਵ ਹੋ ਗਿਆ ਸੀ। ਮੀਨਾ ਅੰਦਰ ਵਸੀ ਦੇਵਦਾਸੀ ਦੇ ਬੰਟੀ ਤੋਂ ਬਾਅਦ ਦੋ ਨਿਆਣੇ ਹੋਰ ਹੋ ਗਏ। ਦੋਵੇਂ ਧੀਆਂ ਤੋਤਲੀ ਬੋਲਦੀਆਂ ਪਲਣ ਲਗੀਆਂ। ਧੀਆਂ ਦਾ ਬੋਲਣਾ ਸਾਫ ਹੋ ਗਿਆ, ਉਹ ਸਕੂਲ ਵੀ ਜਾਣ ਲੱਗ ਪਈਆਂ।
ਪਰਵਾਰ ਵਿੱਚ ਵੀ ਖੁਸ਼ੀਆਂ ਆਉਣ ਲਗੀਆਂ ਤੇ ਉਹ ਗੁਰਦੁਆਰੇ ਬੈਠੀ ਕੀਰਤਨ ਸੁਣਦੀ ਤੇ ਸੋਚਦੀ ਕਿ ਇਸ ਕੀਰਤਨ ਦੇ ਸਭ ਲਈ ਆਪੋ ਆਪਣੇ ਮਾਇਨੇ ਹਨ। ਉਸ ਦਾ ਦਿਲ ਕਰਦਾ,ਉਹ ਸਭ ਕੁਝ ਛੱਡ ਛੁਡਾ ਕੇ ਇੰਡੀਆ ਚਲੀ ਜਾਵੇ ਤੇ ਲੋਕ ਸੇਵਾ ਵਿੱਚ ਜੁਟ ਜਾਵੇ। ਇਸ ਸੋਚ ਨਾਲ ਹੀ ਉਸ ਦੇ ਜ਼ਹਿਨ ਵਿੱਚ ਮਦਰ ਟੈਰੇਸਾ ਦਾ ਖਿਆਲ ਆਇਆ।
ਕਦੇ ਕਦੇ ਉਸ ਦੀ ਦੇਹੀ, ਦਲਜੀਤ ਬਾਰੇ ਵੀ ਸੋਚਦੀ। ਦਲਜੀਤ ਉਸ ਦੇ ਬਚਪਣ ਦਾ ਸਾਥੀ ਸੀ। ਸਕੂਲ ਤੋਂ ਲੈ ਕੇ ਕਾਲਜ ਤੱਕ, ਉਹ  ਇੱਕਠੇ ਪੜ੍ਹੇ। ਦਿਲ-ਜੀਤਾ ਭਾਵੇਂ ਸਟੂਡੈਂਟ ਯੂਨੀਅਨ ਦਾ ਸਰਗਰਮ ਮੈਂਬਰ ਸੀ ਤੇ ਬੜੀਆਂ ਆਦਰਸ਼ਕ ਗੱਲਾਂ ਕਰਦਾ ਪਰ ਕਦੇ ਕਦੇ ਚੰਚਲ ਹੋਕੇ ਉਸ ਨਾਲ ਚੰਚਲ ਗੱਲਾਂ ਵੀ ਕਰਦਾ। ਮੀਨਾ ਨੂੰ ਚੰਗਾ ਵੀ ਲਗਦਾ, ਮੀਨਾ ਦੇ ਵੀਰ ਦਾ ਵਿਚਾਰ ਵੀ ਸੀ, ਉਸ ਨੂੰ ਇਹ ਜੋੜੀ ਪਸੰਦ ਵੀ ਸੀ ਪਰ ਦਲਜੀਤ ਹੀ ਹੋਰ ਅਸਮਾਨੀ ਉੱਡਦਾ ਸੀ। ਵਿਆਹ ਬਾਰੇ ਉਹ ਸੋਚਦਾ ਨਹੀ ਸੀ। ਮੀਨਾ ਨੂੰ ਉਸ ਦੇ ਕੱਚੇ ਪਿੱਲੇ ਸੁਪਨੇ ਵੀ ਆਉਂਦੇ ਪਰ ਉਹ ਕਦੇ ਵੀ ਕੋਈ ਲਾਇਨ ਨਹੀ ਟੱਪ ਸਕੀ। ਉਧੇੜਬੁਣ ਵਿਚ ਹੀ ਉਸ ਦਾ ਨੰਜੀ ਨਾਲ ਵਿਆਹ ਹੋ ਗਿਆ।
ਉਸ ਦੀ ਸੋਚ ਮਦਰ ਟੈਰੇਸਾ ਨਾਲ ਜੁੜਦੀ ਗਈ ਤੇ ਉਹ ਦਿਨੋ ਦਿਨ ਮਰਦਾਨੀ ਬਣਦੀ ਗਈ। ਮਦਰ ਟੈਰੇਸਾ ਦੀ ਤਸਵੀਰ ਉਸ ਨੇ ਆਪਣੇ ਲਿਵਿੰਗ ਵਿੱਚ ਸ਼ਿੰਗਾਰ ਲਈ। ਜਿੱਥੇ ਵੀ ਕੁਝ ਮਦਰ ਟੈਰੇਸਾ ਬਾਰੇ ਜਾਣਕਾਰੀ ਮਿਲਦੀ ਉਹ ਪੜ੍ਹਦੀ ਰਹਿੰਦੀ। ਗੂਗਲ ਤੋਂ ਮਦਰ ਟੈਰੇਸਾ ਬਾਰੇ, ਉਸ ਨੇ ਸਭ ਕੁਝ ਜਾਣ ਲਿਆ।
ਮੀਨਾ ਦਿਨੋ-ਦਿਨ ਇਕੱਲੀ ਹੋ ਰਹੀ ਸੀ। ਭਰਾ ਆਪਣੇ ਪਰਵਾਰਾਂ ਵਿੱਚ ਰੁਝ ਗਏ। ਬਾਪੂ ਨੂੰ ਲਾਟਰੀ ਦੀ ਆਦਤ ਪੈ ਗਈ ਤੇ ਮਾਂ ਪਤਾ ਨਹੀ ਕਦੋਂ ਦਾ ਮਰਨ ਬਾਰੇ ਸੋਚਦੀ ਸੀ ਜਿਵੇਂ ਕੋਈ ਲੇਟ ਹੋਈ ਰੇਲਗੱਡੀ ਨੂੰ ਉਡੀਕਦਾ ਹੋਵੇ, ਰੱਬ ਨੇ ਉਹਦੀ ਸੁਣ ਲਈ। ਬੰਟੀ ਵੀ ਅਠਾਰਾਂ ਦਾ ਹੁੰਦਾ ਹੀ ਉਡਾਰੀ ਮਾਰ ਗਿਆ।
ਮੀਨਾ ਤੇ ਸਿਰਫ ਸਾਲ ਕੁ ਹੀ ਸੁਹਾਗਣ ਰਹੀ ਸੀ, ਉਸਤੋਂ ਬਾਦ ਤਾਂ ਉਸ ਦੀ ਦਿਨ ਕੱਟੀ ਹੀ ਚਲ ਰਹੀ ਸੀ। ਅੰਤਾਂ ਦੀ ਅੱਗ ਉਹ ਅੰਦਰ ਹੀ ਅੰਦਰ ਪੀ ਗਈ। ਚਾਲੀਵੇਂ ਵਿੱਚ ਪ੍ਰਵੇਸ ਕਰ ਚੁੱਕੀ ਮੀਨਾ, ਨੇਮ ਨਾਲ ਗੁਰਦੁਆਰੇ ਆਕੇ ਸੇਵਾ ਕਰਦੀ।
ਉਦੋਂ ਹੀ ਉਸਦੇ ਚੇਹਰੇ ‘ਤੇ ਇੱਕ ਮੁਸਕਰਾਹਟ ਆ ਗਈ। ਉਸ ਦੇ ਭਰਾ ਨੇ ਦਸਿਆ ਕਿ ਦਲਜੀਤ ਵੀ ਕੈਨੇਡਾ ਪਹੁੰਚ ਗਿਆ ਹੈ। ਦਲਜੀਤ ਨਾਲ ਸਾਂਝ ਇਤਨੀ ਕਿ ਸਬਜੈੱਕਟ ਵੀ ਇੱਕੋ ਲਏ। ਆਪਸ ਵਿੱਚ ਇੱਕ ਖਿੱਚ ਸੀ ਪਰ ਪਿਆਰ ਨਹੀ ਸੀ। ਆਨੇ-ਬਹਾਨੇ ਉਹ ਉਸ ਦੇ ਭਰਾ ਨੂੰ ਮਿਲਣ ਤੁਰਿਆ ਹੀ ਰਹਿੰਦਾ ਪਰ ਆਦਰਸ਼, ਸਿਰ ਨੂੰ ਚੜ੍ਹਿਆ ਹੋਇਆ ਸੀ। ਪਿਆਰ ਪਿਉਰ ਦੀ ਗੱਲ, ਉਨ੍ਹਾਂ ਦੀ ਥਿਉਰੀ ਨੂੰ ਫਿੱਟ ਨਹੀ ਬੈਠਦੀ ਸੀ। ਕਦੇ ਕਦੇ ਦਲਜੀਤ ਜ਼ਰੂਰ ਕਹਿ ਦਿੰਦਾ, ਬਸ ਮੀਨਾ ਵਿਹਲੇ ਹੋ ਕੇ ਤੇਰੇ ਨਾਲ ਵਿਆਹ ਕਰਵਾ ਲੈਣਾ ਹੈ।
ਮੀਨਾ ਵੀ ਝੱਟ ਜੁਆਬ ਦੇ ਦਿੰਦੀ, ‘ਵਾਹ ਉਏ ਝੁਡੂਆ, ਤੇਰੇ ਨਾਲ ਵਿਆਹ ਕੌਣ ਕਰਵਾਊ? ਨਾ ਤੇਰੇ ਜਾਗਣ ਦਾ ਸਮਾਂ ਨਾ ਤੇਰੇ ਸੌਣ ਦਾ, ਐਵੇਂ ਨਾ ਦਿਲ ਤੇ ਲਾ  ਲਵੀਂ ਮੈ ਨਹੀ ਤੇਰੇ ਹੱਥ ਆਉਣਾ।’
ਇਹੋ ਜਿਹੀਆਂ ਖਰਮਸਤੀਆਂ ਉਹ ਭਰਾ ਦੇ ਸਾਹਮਣੇ ਵੀ ਕਰ ਲੈਂਦੇ ਸਨ। ਇਕ ਦਿਨ ਪੁਲਿਸ ਦਲਜੀਤ ਤੇ ਮੀਨਾ ਦੇ ਭਰਾ ਨੂੰ ਫੜ ਕੇ ਵੀ ਲੈ ਗਈ। ਆਦਰਸ਼ ਧਰਿਆ ਧਰਾਇਆ ਰਹਿ ਗਿਆ ਜਦੋਂ ਦੋਵਾਂ ਪਰਿਵਾਰਾਂ ਨੇ ਆਪੋ ਆਪਣੇ ਮੁੰਡੇ ਛੁਡਵਾ ਲਏ।
ਦਲਜੀਤ ਕੈਨੇਡਾ ਕੀ ਆਇਆ, ਮੀਨਾ ਦੀ ਤਾਂ ਨੀਂਦ ਉੱਡ ਗਈ। ਭਰਾ ਨੇ ਘਰੇ ਅਖੰਡ ਪਾਠ ਕਰਵਾਉਣਾ ਸੀ ਤੇ ਮੀਨਾ ਨੂੰ ਪੂਰੀ ਆਸ ਸੀ, ਦਲਜੀਤ ਵੀ ਆਵੇਗਾ।
ਨੌਵੇਂ ਪਾਤਸ਼ਾਹ ਦੇ ਸਲੋਕ ਚਲ ਰਹੇ ਸਨ ਜਦੋਂ ਮੀਨਾ ਵੱਡੇ ਭਾਂਡੇ ਵਿੱਚ ਚਾਹ ਦੇ ਰਿੱਝਣ ਦਾ ਇੰਤਜ਼ਾਰ ਕਰ ਰਹੀ ਸੀ, ਮੇਨ ਫਲੋਰ ਤੇ ਖੜਕਾ ਹੋਇਆ। ਸ਼ਾਇਦ ਦਲਜੀਤ ਹੀ ਹੋਵੇ। ਬੈਠ ਲੈਣ ਦਿੰਦੀ ਹਾਂ, ਇਹ ਵੀ ਚਾਰ ਲਾਇਨਾਂ ਸੁਣ ਲਵੇ, ‘ਭਲਾ ਇਹ ਕੋਈ ਸਮਾਂ ਹੈ, ਆਉਣ ਦਾ, ਮੈ ਸਵੇਰ ਦਾ ਇੰਤਜਾਰ ਕਰੀ ਜਾਂਦੀ ਹਾਂ,ਖੌਰੇ ਕੋਈ ਹੋਰ ਹੀ ਹੋਵੇ ਜ਼ਰਾ ਵੇਖ ਕੇ ਤੇ ਆਵਾਂ’?
‘ਨੀ ਸਵਰਨੀਏ, ਆ ਜ਼ਰਾ ਚਾਹ ਵੇਖੀਂ ਉਬਾਲੇ ਆਈ ਪਈ ਹੈ, ਮੈ ਉਤੋਂ ਪੋਣੇ ਲੈ ਆਵਾਂ।’ ਸਵਰਨੀ ਦੇ ਕੋਲ ਆਉਣ ‘ਤੇ ਮੀਨਾ ਪੌੜੀਆਂ ਚੜ੍ਹ ਗਈ।
‘ਸੱਚੀਂ ਹੀ ਦਲਜੀਤ ਆਇਆ ਸੀ, ਇਹ ਤੇ ਇਕੱਲਾ ਸੀ, ਇਸ ਦੀ ਪਤਨੀ ਨਹੀ ਲਗਦੀ ਨਾਲ’ ਮੀਨਾ ਦੇ ਮੰਨ ਦੇ ਬਾਵੇ ਸਲਾਹੀਂ ਪਏ ਰਹੇ ਤੇ ਉਹ ਪੋਣੇ ਲੈਕੇ ਫੇਰ ਥੱਲੇ ਚਲੇ ਗਈ। ਚਾਹ ਨੂੰ ਵੱਡੀ ਕੇਤਲੀ ਵਿਚ ਪਾਕੇ, ਉਹ ਤੇ ਸਵਰਨੀ ਗੈਰਾਜ ਵਿੱਚ ਲੈ ਗਈਆਂ। ਵਿਹਲੀਆਂ ਹੋ ਕੇ ਉਹ ਵੀ ਔਰਤਾਂ ਵਿੱਚ ਬੈਠ ਗਈਆਂ। ਦਲਜੀਤ ਦੀਆਂ ਕੁਨੱਖੀਆਂ ਨੇ ਮੀਨਾ ਨੂੰ ਵੇਖ ਲਿਆ ਸੀ। ਵੇਖਣ ਤੋਂ ਬਾਅਦ ਉਹ ਅੱਖਾਂ ਬੰਦ ਕਰਕੇ ਹੋ ਰਹੀ ਅਰਦਾਸ ਸੁਣਨ ਲੱਗ ਪਿਆ।
ਨੰਜੀ ਵੀ ਗੱਲਾਂ ਵਿੱਚ ਰੁੱਝਾ ਹੋਇਆ ਸੀ ਉਸ ਦੇ ਭਰਾ ਨਾਲ, ਜਦੋਂ ਮੀਨਾ ਦਲਜੀਤ ਨਾਲ ਗੱਲੀਂ ਜੁਟ ਗਈ।
‘ਆਪਣੇ ਘਰਵਾਲੇ ਨਾਲ ਨਹੀ ਮਿਲਾਉਣਾ?’
‘ਨਹੀਂ, ਕੋਈ ਲੋੜ ਨਹੀਂ। ਮੈ ਇਸਨੂੰ ਤਲਾਕ ਦੇ ਰਹੀ ਹਾਂ।’
‘ਕੀ ਹੋਇਆ, ਇਤਨਾ ਹੱਟਾ ਕੱਟਾ ਤੇ ਹੈ, ਸੁਣਿਆ ਪੈਸੇ ਧੇਲੇ ਵਲੋਂ ਵੀ ਤੁਸੀਂ ਸੌਖੇ ਹੋ, ਤਿੰਨ ਨਿਆਣੇ?’
‘ਕੀ ਤੈਨੂੰ ਅਫਸੋਸ ਹੈ?’
‘ਹਾਂ, ਬਿਲਕੁਲ ਹੈ।’
‘ਪਰ ਕਿਉਂ?’

‘ਤੇਰੀ ਇਸ ਕਿਉਂ ਦਾ ਜੁਆਬ ਤਾਂ ਸਪੱਸ਼ਟ ਹੈ। ਤਲਾਕ ਕੋਈ ਚੰਗੀ ਗੱਲ ਤੇ ਹੈ ਨਹੀਂ।’ ‘ਓ ਕੰਮ ਔਨ ਦਲਜੀਤ, ਇਹ ਜ਼ਿੰਦਗੀ ਹੈ, ਅੱਧੀ ਪੌਣੀ ਹੀ ਸਹੀ, ਹੁਣ ਹੋਵੇਗੀ ਤੇ ਮੇਰੀ।’ ‘ਮੀਨਾ ਜ਼ਿੰਦਗੀ ਵਿੱਚ ਤੇ ਸਮਝੌਤੇ ਕਰਨੇ ਪੈਂਦੇ ਹਨ।’ ‘ਆਪਾਂ ਬਹੁਤ ਦਹਾਕਿਆਂ ਬਾਦ ਮਿਲੇ ਹਾਂ। ਬੜਾ ਬਾਂਕਾ ਜੁਆਨ ਸੀ ਤੂੰ। ਖੁਸ਼ਦਿਲ ਤੇ ਬੇਪਰਵਾਹ, ਤੂੰ ਜ਼ਿੰਦਗੀ ਬਾਰੇ ਕਿਸੇ ਭੁਲੇਖੇ ਵਿਚ ਲਗਦਾ ਹੀ ਨਹੀ  ਸੀ, ਹੁਣ ਕੀ ਹੋ ਗਿਆ ਤੈਨੂੰ?’
‘ਇਹ ਕੀ ਗੱਲ ਹੋਈ? ਇਸ ਦਾ ਤੇਰੇ ਤਲਾਕ ਨਾਲ ਕੀ ਸਬੰਧ ਹੈ?’
‘ਸਬੰਧ ਮੇਰੇ ਤਲਾਕ ਬਾਰੇ ਨਹੀ ਸਗੋਂ ਤਲਾਕ ਬਾਰੇ ਤੇਰੀ ਪਹੁੰਚ, ਮੇਰੀ ਸਮਝ ਵਿੱਚ ਨਹੀ ਆਈ।’
‘ਕੀ ਮਤਲਬ ਹੈ ਤੇਰਾ? ਸੱਚ ਤੇ ਸਿੱਧੀ ਗੱਲ ਕਰ, ਐਵੇਂ ਕਹਾਣੀਆਂ ਨਾ ਪਾਈ ਜਾ। ਉਹ ਸਾਹਮਣੇ ਤੇ ਖੜਾ ਹੈ ਤੇਰੇ ਭਰਾ ਨਾਲ, ਉਹੋ ਹੀ ਹੈ ਨਾਂਹ?’
‘ਉਹੋ ਹੈ ।’
‘ਚੰਗਾ ਭਲਾ ਤੇ ਹੈ, ਕੀ ਹੋਇਆ ਹੈ ਉਸ ਨੂੰ?’
ਮੀਨਾ ਹੱਸ ਪਈ ਤੇ ਬੋਲੀ, ‘ਬੁਧੂਆ, ਇਹ ਦਸ ਰੂਹ ਦੇ ਰਿਸ਼ਤੇ ਕੀ ਹਨ?’
‘ਇਸ ਬਾਰੇ ਸਾਡੇ ਗਰੰਥਾਂ ਵਿੱਚ ਬਹੁਤ ਕੁਝ ਕਿਹਾ ਗਿਆ ਹੈ। ਮੈਨੂੰ ਪੂਰੀ ਸਮਝ ਤੇ ਨਹੀ ਪਰ ਰੂਹ ਦੇ ਰਿਸ਼ਤੇ ਬੱਸ ਰੂਹ ਦੇ ਰਿਸ਼ਤੇ ਹੁੰਦੇ ਹਨ, ਜਿਵੇਂ ਪਤਨੀ ਦਾ ਪਤੀ ਨਾਲ।’ ਦਲਜੀਤ ਸਸ਼ੋਪੰਜ ਵਿੱਚ ਬੋਲਿਆ।
‘ਤੇ ਪਤੀ ਦਾ ਪਤਨੀ ਨਾਲ ਨਹੀ ਹੁੰਦਾ?’
‘ਇੱਕੋ ਗੱਲ ਹੈ।’
‘ਇੱਕੋ ਗੱਲ ਨਹੀ ਹੈ। ਤੇਰੇ ਮੂੰਹੋ ਜੋ ਨਿਕਲਿਆ ਉਹ ਹੀ ਤੇਰਾ ਸੱਚ ਹੈ।’
‘ਮੈ ਸਮਝਿਆ ਨਹੀ।’
‘ਕੀ ਤੂੰ ਆਪਣੀ ਪਤਨੀ ਨਾਲ ਰੂਹ ਤੋਂ ਪਿਆਰ ਕਰਦਾ ਹੈਂ?’
‘ਹਾਂ ਕਰਦਾ ਹਾਂ, ਇਸ ਵਿੱਚ ਕੀ ਸ਼ਕ ਹੈ?’
‘ਦਲਜੀਤ, ਸ਼ੱਕ ‘ਤੇ ਕੋਈ ਨਹੀਂ, ਉਂਜ ਹੀ ਮੇਰੀ ਆਦਤ ਬਦਲ ਗਈ ਹੈ। ਸਿੰਗਲ ਮਦਰ ਦੀਆਂ ਮੀਟਿੰਗਾਂ ਵਿਚ ਜਾ ਕੇ, ਸ਼ਾਇਦ ਮੇਰੀ ਸ਼ਬਦਾਵਲੀ ਦੇ ਅਰਥ ਡੂੰਘੇ ਹੋ ਗਏ ਹਨ। ਹਰ ਗੱਲ ਵਿੱਚੋਂ ਲੀਖਾਂ ਕਢਣੀਆਂ, ਮੈ ਸਿਖ ਲਈਆਂ ਹਨ। ਮੰਝਦਾਰ ਵਿੱਚ ਫਸਿਆ ਇਨਸਾਨ  ਇੰਜ ਹੀ ਸੋਚਣ ਲੱਗ ਪੈਂਦਾ ਹੈ। ਚਲ ਛੱਡ ਭਰਜਾਈ ਨਹੀ ਦਿਸਦੀ? ਇਕੱਲਾ ਆਇਆ ਹੈਂ?’
‘ਕੌਣ ਭਰਜਾਈ?’
‘ਤੇਰੀ ਪਤਨੀ, ਹੋਰ ਕੌਣ?’
‘ਉਹ ਤੇਰੀ ਭਰਜਾਈ ਕਿਵੇਂ ਬਣ ਗਈ? ਮੈ ਤੇਰਾ ਕੋਈ ਭਰਾ ਨਹੀਂ, ਤੇਰਾ ਦੋਸਤ ਹਾਂ।’
‘ਤੈਨੂੰ ਪਤਾ ਤੇ ਹੈ, ਸਾਡੇ ਦੋਸਤ ਨੂੰ ਹੀ ਭਰਾ ਕਹਿ ਦਿੰਦੇ ਹਨ। ਸਿਰਫ ਇਹ ਦੱਸਣ ਲਈ ਕਿ ਮੇਰੇ ਦਿਲ ਵਿੱਚ ਕੁਝ ਨਹੀ, ਉਂਝ ਦੋਸਤ ਤਾਂ ਬਹੁਤ ਵਿਸ਼ਾਲ ਸ਼ਬਦ ਹੈ। ਬਹੁਤ ਕੁਝ ਸਮਾਂ ਜਾਂਦਾ ਹੈ ਇਸ ਵਿੱਚ।’
‘ਲੋਕਾਂ ਸਾਹਮਣੇ ਤਾਂ ਭਾਵੇਂ ਭਰਾ ਹੀ ਕਹਿ ਲੈ ਪਰ ਅਸਲ ਵਿੱਚ ਅਸੀਂ ਦੋਸਤ ਹਾਂ।’
‘ਇਹ ਵੀ ਠੀਕ ਹੈ, ਮੈਨੂੰ ਕੋਈ ਇਤਰਾਜ਼ ਨਹੀਂ, ਤੇਰੀ ਪਤਨੀ ਨੂੰ ਨਾਂ ਹੋਵੇ। ਸਾਡੀਆਂ ਰਵਾਇਤਾਂ ਹਨ।’ ਉਸ ਨੂੰ ਮਿਲਾਉਣ ਲਗਿਆਂ ਹੁਣ ਮੈਨੂੰ ਦੋਸਤ ਹੀ ਕਹੀਂ।’
‘ਜਰੂਰ ਸਿਮਰਨ ਬਹੁਤ ਖੁੱਲ੍ਹੇ ਵਿਚਾਰਾਂ ਵਾਲੀ ਹੈ। ਉਸਦੇ ਵੀ ਮਰਦ ਦੋਸਤ ਹਨ।’
‘ਉਹ ਗਰੇਟ, ਇੰਜ ਹੀ ਹੋਣਾ ਚਾਹੀਦਾ ਹੈ। ਉਸਨੂੰ ਮਿਲਕੇ ਮੈਨੂੰ ਬਹੁਤ ਖੁਸ਼ੀ ਹੋਵੇਗੀ,ਕਦੋਂ ਮਿਲਾ ਰਿਹਾ ਹੈਂ?’
‘ਜਦੋਂ ਤੂੰ ਕਹੇਂ, ਅੱਜ ਹੀ ਚਲਦੇ ਹਾਂ।’
‘ਨਹੀ ਅੱਜ ਨਹੀ, ਅੱਜ ਮੇਰੀ ਬੇਟੀ ਦੀ ਅਸਾਇਨਮੈਂਟ ਹੈ ਤੇ ਮੇਰਾ ਘਰ ਰਹਿਣਾ ਜ਼ਰੂਰੀ ਹੈ। ਉਹ ਡਿਸਟਰਬ ਨਹੀ ਹੋਣੀ ਚਾਹੀਦੀ।’
‘ਮੀਨਾ, ਇੱਕ ਗੱਲ ਦੀ ਸਮਝ ਨਹੀ ਆਈ। ਆਪਣੇ ਜੁਆਨੀ ਦੇ ਸਮੇਂ ਵਿੱਚ ਤੇਰੀ ਖੂਬਸੂਰਤੀ ਦੀ ਪੂਰੀ ਧੁੰਮ ਸੀ ਫੇਰ ਤੂੰ ਦੋ ਬੱਚਿਆਂ ਦੇ ਬਾਪ ਨਾਲ ਵਿਆਹ ਕਿਵੇਂ ਕਰਵਾ ਲਿਆ?’
‘ਮੈਨੂੰ ਤੇ ਬਾਅਦ ਵਿੱਚ ਪਤਾ ਲਗਾ।’
‘ਝੂਠ ਨਾ ਬੋਲ, ਇਹ ਤੇ ਸਭ ਨੂੰ ਪਤਾ ਸੀ। ਤੇਰੇ ਭਰਾ, ਮਾਂ ਬਾਪ ਸਭ ਜਾਣਦੇ ਸਨ।’
‘ਚਲ ਠੀਕ, ਜੇ ਤੂੰ ਸਮਝਦਾ ਹੈਂ, ਮੈਂ ਝੂਠ ਬੋਲਦੀ ਹਾਂ ਤਾਂ ਇੰਜ ਹੀ ਸਹੀ।’
‘ਹੋ ਸਕਦਾ ਹੈ, ਤੈਨੂੰ ਦੱਸਿਆ ਹੀ ਨਾ ਹੋਵੇ।’
‘ਖਹਿੜਾ ਛੱਡ  ਦਲਜੀਤ, ਇਹ ਵੀ ਕੋਈ ਕਰਨ ਵਾਲੀ ਗੱਲ ਹੈ? ਆਤਮਾ ਬੰਧਨ ਦੇ ਅਰਥ ਵਿੱਚ ਇਹ ਸਭ ਨਹੀ ਚਲਦਾ। ਸਭ ਇਕੱਲੇ ਹਨ। ਕੋਈ ਮਿਲਾਪ ਨਹੀ ਕਿਸੇ ਦਾ ਕਿਸੇ ਨਾਲ, ਬਸ ਇਹ ਹੀ ਮੇਰਾ ਸੱਚ ਹੈ, ਹੋ ਸਕਦਾ ਹੈ ਤੇਰਾ ਸੱਚ ਕੋਈ ਹੋਰ ਹੋਵੇ। ਸ਼ਾਇਦ ਤੇਰਾ ਸੱਚ ਮੇਰੇ ਨਾਲੋਂ ਵੀ ਕੌੜਾ ਹੋਵੇ।’
‘ਮੀਨਾ, ਮੈਂ ਤੁਹਾਡੇ ਨਾਲ ਇਸ ਮਸਲੇ ਬਾਰੇ ਗੱਲ ਨਹੀਂ ਕਰ ਸਕਦਾ। ਮੈਨੂੰ ਵੱਖ-ਵੱਖ ਕਿਸਮਾਂ ਦੇ ਰੂਹ ਦੇ ਸਬੰਧਾਂ ਬਾਰੇ ਬਹੁਤ ਕੁਝ ਨਹੀਂ ਪਤਾ, ਮੈਂ ਤੇ ਆਪਣੇ ਦਿਲ ਦੀ ਆਵਾਜ਼ ਸੁਣ ਕੇ ਗੱਡੀ ਚਲਾਈ ਜਾਂਦਾ ਹਾਂ।’
‘ਦਲਜੀਤ, ਬਹੁਤ ਵੱਡੀ ਗੱਲ ਕਹਿ ਗਿਆ ਹੈਂ। ਦਿਲ ਦੀ ਆਵਾਜ਼ ਹੀ ਸਭ ਕੁਝ ਹੈ। ਇਸ ਆਵਾਜ਼ ਵਿੱਚ ਤੇ ਮਿਲਾਵਟ ਹੋ ਹੀ ਨਹੀ ਸਕਦੀ। ਰੱਬ ਤੇਰੇ ਤੇ ਮੇਹਰ ਕਰੇ, ਤੈਨੂੰ ਸਭ ਨੇਹਮਤਾਂ ਨਾਲ ਨਿਵਾਜੇ। ਚੰਗਾ ਹੁਣ ਮੈ ਬੇਸਮੈਂਟ ਵਿੱਚ ਚਲੀ ਹਾਂ। ਬਹੁਤ ਕੰਮ ਹਨ ਕਰਨ ਵਾਲੇ, ਕਲ ਫੋਨ ਕਰਾਂਗੀ।’
‘ਹਾਂ ਠੀਕ ਹੈ ਮੀਨਾ,ਹੁਣ ਤੂੰ ਇਹ ਸਮਝ, ਤੈਨੂੰ ਕਦੇ ਵੀ ਲੋੜ ਪਵੇ ਕਿਸੇ ਵੀ ਗੱਲ ਦੀ, ਮੈ ਤੇਰੇ ਮੁੱਢ ਹਾਜ਼ਰ ਹਾਂ। ਅੱਧੀ ਰਾਤ ਨੂੰ ਵੀ ਹਾਜ਼ਰ ਹੋ ਜਾਵਾਂਗਾ।’
‘ਜੀਓ ਮੇਰੇ ਸ਼ੇਰ, ਤੇਰੇ ਤੋਂ ਇਹੋ ਆਸ ਸੀ। ਲਗਦਾ ਤੇਰਾ ਗਰਮ ਖੂਨ ਅਜੇ ਗਰਮ ਹੀ ਹੈ। ਕਾਲਜ ਵੇਲੇ ਸਭ ਦਾ ਖਿਆਲ ਰੱਖਣ ਵਾਲਾ ਤੂੰ ਹੀ ਤੇ ਸੀ, ਸਾਡੇ ਆਲੇ ਦੁਆਲੇ।’
‘ਮੈਂ ਅੱਜ ਵੀ ਪਹਾੜ ਨਾਲ ਟਕਰਾ ਸਕਦਾ ਹਾਂ, ਅਜ਼ਮਾ ਲਵੀਂ ਕਦੇ ਵੀ।’
‘ਦਲਜੀਤ, ਦੋਸਤਾਂ ਨੂੰ ਅਜਮਾਈਦਾ ਨਹੀ ਹੁੰਦਾ। ਉਹ ਸਿਰਫ ਦੋਸਤ ਹੁੰਦੇ ਹਨ। ਚਲ ਠੀਕ ਹੈ,ਹੁਣ ਮੈ ਵੀ ਭਾਬੀ ਦਾ ਹੱਥ ਵਟਾਵਾਂ ਅੰਦਰ ਜਾਕੇ। ਰੋਟੀ ਛਕ ਲਈ ਹੈ?’
‘ਰੋਟੀ ਨਹੀ ਲੰਗਰ ਕਹੀਦਾ ਮਰ ਜਾਣੀਏ। ਇਹ ਕੰਮ ਤਾਂ ਮੈ ਚਿਰੋਕਣਾ ਮੁਕਾ ਚੁੱਕਾ ਹਾਂ।’
‘ਚਲ ਠੀਕ ਹੈ, ਲੈ ਇਹ ਹੈ ਮੇਰਾ ਫੋਨ, ਮਿਸ ਕਾਲ ਮਾਰ ਦੇਈਂ ਮੈ ਵੀ ਸੇਵ ਕਰ ਲਵਾਂਗੀ ਅੱਜ ਹੀ।’ ਇਤਨਾ ਕਹਿ ਕੇ ਮੀਨਾ ਅੰਦਰ ਚਲੇ ਗਈ ਤੇ ਦਲਜੀਤ ਆਪਣੀ ਕਾਰ ਵੱਲ ਤੁਰ ਪਿਆ।
ਆਵੇਸ਼ ਵਿੱਚ ਆਕੇ, ਮੀਨਾ ਸੋਚੀਂ ਪਈ ਰਹਿੰਦੀ। ਮੈਨੂੰ ਕਿਵੇਂ ਪਤਾ ਲੱਗੇਗਾ ਕਿ ਤਲਾਕ ਲੈਣ ਦਾ ਸਮਾਂ ਕਦੋਂ ਹੈ?
ਨੰਜੀ ਨੇ ਜਿਹੜੀ ਆਦਤ ਸ਼ੁਰੂ ਕਰ ਲਈ ਸੀ, ਉਹ ਵਧਦੀ ਗਈ। ਉਹ ਸੋਚ ਹੀ ਨਹੀ ਸਕਦਾ ਸੀ ਕਿ ਮੀਨਾ ਕੀ ਕਰ ਸਕਦੀ ਹੈ। ਦੇਵਦਾਸੀ ਬਣੀ ਮੀਨਾ ਨੂੰ ਹੁਣ ਨੰਜੀ ਦਾ ਕੋਈ ਫਾਇਦਾ ਨਹੀ ਸੀ। ਉਸਨੇ ਸੋਚਿਆ ਕੀ ਹੁਣ ਤਲਾਕ ਲੈਣ ਦਾ ਸਮਾਂ ਹੈ?
ਹੁਣ ਉਹ ਸੋਚਦੀ ਸੀ ਕਿ ਉਨ੍ਹਾਂ ਵਿੱਚ ਵਿਚਰਦੇ ਮੁੱਦੇ ਵਿਗੜਣ ਲੱਗ ਪੈਣ ਪਰ ਇੰਜ ਹੋ ਨਹੀ ਰਿਹਾ ਸੀ। ਮੀਨਾ ਨੇ ਹਰ ਹਰਬਾ ਵਰਤਿਆ,ਕਿਸੇ ਤਰ੍ਹਾਂ ਨੰਜੀ ਆਪਣੇ ਝੂਠ ਨੂੰ ਨੰਗਾ ਕਰ ਦੇਵੇ। ਗੱਲਬਾਤੀਂ ਉਸਦਾ ਸਾਹ ਸੌਖਾ ਹੋ ਜਾਵੇ। ਆਪਣੇ ਸਰੀਰ ਤੇ ਪਈਆ ਸਾਰੀਆ ਸਪਰਸ਼ਾਂ ਦਾ ਹਾਰ ਬਣਾਕੇ ਅਗਨ ਭੇਟ ਕਰ ਦੇਵੇ। ਨੰਜੀ ਨੇ ਦੂਜਾ ਹਥਿਆਰ ਫੜਿਆ ਹੋਇਆ ਸੀ ਉਸ ਨੂੰ ਮਰਦਾਨਗੀ ਹੈਂਕੜ ਨਾਲ ਡਰਾਉਣ ਦਾ।
ਮੀਨਾ ਘਰ ਵਿੱਚ ਰਹਿਣ ਵਾਲੀ ਮਾਂ ਸੀ। ਬੱਚੇ ਉਸ ਦਾ ਦੁੱਖ ਸਮਝ ਦੇ ਸਨ ਪਰ ਉਨ੍ਹਾਂ ਦੀ ਸਮਝ ਮੀਨਾ ਦੇ ਮੇਚ ਦੀ ਨਹੀ ਸੀ।
ਮੀਨਾ ਮੁੱਦਾ ਲੈ ਕੇ ਬੱਚਿਆਂ ਕੋਲ ਜਾਂਦੀ ਹੀ ਨਹੀ ਸੀ ਤੇ ਬੱਚੇ ਆਪਣੀ ਜ਼ਿੰਦਗੀ ਵਿੱਚ ਉਲਝ ਗਏ।
ਡਾਲਰਾਂ ਦੀ ਚਮਕ ਉਹਦੇ ਵਾਸਤੇ ਨਾਮੁਰਾਦ ਬਣਦੀ ਜਾ ਰਹੀ ਸੀ। ਹਰ ਚਮਕ ਉਸ ਦੀ ਮਾਸੂਮੀਅਤ ਨੂੰ ਨਿਗਲ ਰਹੀ ਸੀ।
ਪ੍ਰਦੇਸ ਵਿੱਚ ਵਸਿਆ ਪੰਜਾਬੀ ਬੰਦਾ ਜਿਹੜੀ ਬੰਦਸ਼ ਵਿੱਚ ਜਕੜਿਆ ਹੋਇਆ ਸੀ ਉਸ ਜਕੜ ਤੋਂ ਮੀਨਾ ਆਜ਼ਾਦ ਹੋਣਾ ਚਾਹੁੰਦੀ ਸੀ।
ਕਿਸੇ ਵੀ ਕਿਸਮ ਦੇ ਇਸ਼ਕ ਦੇ ਸੁਪਨੇ, ਉਸ ਦੇ ਸਿਰਹਾਣੇ-ਪੈਂਦੀ ਨਾਂ ਬੈਠਦੇ। ਜਿਸ  ਸਮਾਧੀ ਵਿੱਚ ਉਹ  ਸੁੰਨ ਹੋ ਜਾਂਦੀ ਸੀ, ਉਹ ਸਮਾਧੀ ਬੇਗਾਨੀ ਹੋ ਗਈ ਤੇ ਹੁਣ ਸ਼ਾਇਦ ਕੋਈ ਵੀ ਸਮਾਧੀ ਉਸਨੂੰ ਵਿਚਲਿਤ ਕਰ ਹੀ ਨਹੀ ਸੀ ਸਕਦੀ।
ਘਰ ਵਿੱਚ ਦੋ ਗੁਸੈਲ ਪੈਦਾ ਹੋ ਗਏ। ਇੱਕ ਜੋ ਨਿਚੋੜਣ ਤੋਂ ਖੁੰਝ ਜਾਂਦਾ ਤੇ ਹੁਣ ਨਸ਼ੇ ਕਰਕੇ, ਸਰੀਰ ਦਾ ਬਹੁਤਾ ਸਮਾਂ ਗੁਜ਼ਾਰਨ ਵਿੱਚ ਗਲਤਾਨ ਹੋ ਗਿਆ ਤੇ ਦੂਜੇ ਦਾ ਪਾਰਾ ਇਸ ਖਿੱਚੋਤਾਣ ਵਿੱਚ ਖਤਰਨਾਕ ਹੱਦ ਤੱਕ ਵਧ ਜਾਂਦਾ। ਕੁੜੱਤਣ ਨੇ ਇਹੋ ਜਿਹੀਆਂ ਘਟਨਾਵਾਂ ਨੂੰ ਘਟਾ ਦਿੱਤਾ। ਮੀਨਾ ਦੇ ਮਾਂ-ਰੂਪ ਦਾ ਨੂਰ ਵਧਣ ਲੱਗ ਪਿਆ ਤੇ ਉਸ ਦੀ ਹਰ ਸੋਚ ਇਸ ਨਾਲ ਜੁੜ ਗਈ ਕਿ ਇਹ ਕੁਝ, ਸਿਰਫ ਉਸ ਨਾਲ ਹੀ ਵਾਪਰੇ ਤੇ ਉਸਦੇ ਬੱਚੇ ਇਸ ਤੋਂ ਬਚੇ ਰਹਿੰਣ। ਮੁੰਡਾ ਤਾਂ ਇਸ ਖਿੱਚੋਤਾਣ ਵਿੱਚ ਕੁਝ ਹੋਰ ਹੀ ਸੋਚਣ ਲੱਗ ਪਿਆ ਤੇ ਪਹਿਲਾ ਮੌਕਾ ਆਉਣ ‘ਤੇ ਹੀ ਫੁਰਰ ਹੋ ਗਿਆ। ਧੀਆਂ ਮਾਂ ਨਾਲ ਪੀਡੀਆਂ ਹੁੰਦੀਆਂ ਗਈਆਂ। ਮੀਨਾ ਦੇ  ਹੱਥ ‘ਤੇ ਗਰਮ ਮੋਮਬੱਤੀ ਦੀ ਮੋਮ-ਕਣੀ ਵੀ ਡਿਗ ਪੈਂਦੀ ਤਾਂ ਧੀਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ। ਘਰ ਦੀ ਬਰਕਤ ਰੰਗ-ਰਹਿਤ ਹੁੰਦੀ ਗਈ। ਜ਼ਹਿਰੀਲਾ ਸੱਚ,  ਨੋਕੀਲੇ ਨਸ਼ੇ ਨਾਲ ਮੀਨਾ ਦੇ ਹੱਡਾਂ ਨੂੰ ਭੰਨਦਾ ਤਾਂ ਉਹ ਬਹੁਤ ਕੁਝ ਸੋਚ ਜਾਂਦੀ।
ਇਨਸਾਨ ਕਿਤਨਾ ਕੁ ਚਿਰ ਖਿਡੌਣਾ ਰਹਿ ਸਕਦਾ ਹੈ, ਮੀਨਾ ਵੀ ਹੁਣ ਮਲੰਗਣੀ ਬਣਦੀ ਜਾ ਰਹੀ ਸੀ। ਮੀਨਾ ਨੇ ਮਦਰ ਟੈਰੇਸਾ ਦੀ ਤਸਵੀਰ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹਮਦਰਦੀ ਦੇ ਮਾਇਨੇ ਹੀ ਬਦਲ ਗਏ। ਚਕਲਾ ਵੇਲਣਾ ਚੁੱਕ ਕੇ ਉਸਨੇ ਉਸ ਕਵਰਡ ਵਿੱਚ ਰੱਖ ਦਿੱਤੇ, ਜਿਸ ਵਿੱਚ ਪਹਿਲਾਂ ਹੀ ਵਿਹਲੀਆਂ ਵਸਤਾਂ ਪਈਆਂ ਸਨ।
ਸਮਿਆਂ ਦੇ ਅੰਗ ਸੰਗ ਤੁਰਨਾ, ਮੀਨਾ ਲਈ ਬੇਹਾਲ ਹੁੰਦਾ ਗਿਆ। ਮੀਨਾ, ਦੁਨੀਆ ਵਿੱਚ ਹੌਲੀ ਹੌਲੀ ਇੱਕਲੀ ਹੁੰਦੀ ਗਈ। ਮੀਨਾ ਦੀ ਬੌਂਦਲੀ ਮਾਂ, ਸਾਰਾ ਕੁਝ ਵੇਖਦੀ-ਵੇਖਦੀ ਹੀ ਤੁਰ ਗਈ। ਮੀਨਾ  ਜਦੋਂ ਬਿਲਕੁਲ ਹੀ ਇੱਕਲੀ ਹੋ ਗਈ ਤਾਂ ਉਹਦੇ ਲਈ  ਨੰਜੀ ਨਾਲ ਹੋਰ ਰਹਿੰਣਾ ਅਸੰਭਵ ਹੋ ਗਿਆ। ਇੱਕਲੀ ਹੋਕੇ ਵੀ ਉਹ ਦੋ ਧੀਆਂ ਦੀ ਮਾਂ ਸੀ।
ਆਸੇ ਪਾਸਿਓਂ ਪਤਾ ਕੀਤਾ। ਸਿੰਗਲ ਮਦਰ ਬਣ ਕੇ ਉਸ ਨੂੰ ਸਰਕਾਰੀ ਸਹੂਲਤਾਂ ਮਿਲ ਸਕਦੀਆਂ ਸਨ। ਸੋਸ਼ਲ ਵਰਕਰ ਨੇ ਕਿਹਾ ਵੀ ਉਸਦਾ ਘਰ ਉਜੜ ਜਾਵੇਗਾ।
ਕਿਹੜਾ ਘਰ?
ਮੇਰਾ ਘਰ ਤੇ ਵਸ ਸਕਦਾ ਸੀ ਜੇ ਨੰਜੀ ਚਾਹੁੰਦਾ। ਉਸ ਦੀ ਦੂਜੀ ਤੀਵੀਂ, ਬੱਚੇ ਸਭ ਬਰਦਾਸ਼ਤ ਕਰ ਸਕਦੀ ਸੀ, ਜੇ ਮੇਰੀ ਬਰਦਾਸ਼ਤੀ-ਸੁਰ ਦੀ ਕਦਰ ਕਰਦਾ। ਬੇਕਦਰੀ ਕਰਵਾ ਕੇ ਕੌਣ ਵੱਡੇ ਘਰ ਵਿੱਚ ਰਹਿੰਣਾ ਚਾਹੇਗਾ? ਤੁਸੀਂ ਸਮਝ ਦੇ ਹੋ ਮੇਰੀ ਗੱਲ?
‘ਹਾਂ ਮੀਨਾ, ਮੈ ਸਭ ਸਮਝਦੀ ਹਾਂ, ਸਾਡਾ ਫਰਜ਼ ਹੈ ਤੁਹਾਨੂੰ ਹਰ ਗੱਲ ਦਾ ਅਗਾਊਂ ਪੱਖ ਦੱਸਣਾ। ਆਖਰੀ ਫੈਸਲਾ ਤੇ ਤੁਹਾਡਾ ਹੈ ਤੇ ਅਸੀਂ ਤੁਹਡੇ ਆਖਰੀ ਫੈਸਲੇ ਦੀ ਕਦਰ ਕਰਾਂਗੇ।’
‘ਜੀ ਮੈਂ ਫੈਸਲਾ ਕਰਕੇ ਹੀ ਤੁਹਾਡੇ ਨਾਲ ਸੰਪਰਕ ਕੀਤਾ ਹੈ।’ ‘ਜਿਵੇ ਤੁਸੀਂ ਮੁਨਾਸਿਬ ਸਮਝੋ, ਮੈ ਹੁਣ ਚਲਦੀ ਹਾਂ।’
ਸਿਮਰਨ ਦੇ ਜਾਣ ਤੋਂ ਬਾਅਦ ਮੀਨਾ ਸੋਚਾਂ ਵਿੱਚ ਪੈ ਗਈ, ਅਸਲ  ਮੁੱਦਾ ‘ਤੇ ਮੁਕਤੀ ਹੈ। ਉਹ ਸਮਝ ਗਈ ਕਿ ਹੱਦੋਂ ਵਧ ਲਿਫਣਾ ਚੰਗਾ ਨਹੀ ਹੁੰਦਾ। ਲਿਫੇ ਵੀ ਕਿਉਂ ਜਦੋਂ ਪਿਆਰ ਹੀ ਕੋਈ ਨਹੀ ਪਰ ਨੰਜੀ ਨੂੰ ਇਸ ਦਾ ਕੋਈ ਇਲਮ ਨਹੀ ਸੀ, ਨਹੀ ਤਾ ਉਹ ਵੀ ਪਿਆਰ ਦਾ ਕੋਈ ਡਰਾਮਾ ਕਰ ਲੈਂਦਾ।
ਦੋ ਦਿਨ ਬਾਅਦ ਦਲਜੀਤ ਦਾ ਫੋਨ ਆਇਆ, ਉਹ ਮਿਲਣਾ ਚਾਹੁੰਦਾ ਸੀ।
ਮਿਲਣ ਨੂੰ ਕੀ ਸੀ? ਉਸ ਨੇ ਦਲਜੀਤ ਨੂੰ ਕਿਹਾ ਵੀ, ਉਹ ਘਰ ਹੀ ਆ ਜਾਵੇ ਪਰ ਦਲਜੀਤ ਕਿਤੇ ਬਾਹਰ ਮਿਲਣ ਦੀ ਜ਼ਿਦ ਕਰ ਰਿਹਾ ਸੀ। ਮੀਨਾ ਨੇ ਹੱਸ ਕੇ ਹਾਂ ਕਰ ਦਿੱਤੀ ਤੇ ਹਟਵੀਂ ਜਿਹੀ ਪਾਰਕ ਦਾ ਦਲਜੀਤ ਨੇ  ਸੁਝਾ ਦਿੱਤਾ।
ਕਾਰ ਚਲਾਉਂਦਿਆਂ ਮੀਨਾ ਸੋਚਣ ਲੱਗ ਪਈ ‘ਜੇ ਮੈ ਕੈਨੇਡਾ ਨਾਂਹ ਆਉਂਦੀ ਤਾਂ ਸ਼ਾਇਦ ਮੇਰਾ ਵਿਆਹ  ਦਲਜੀਤ ਨਾਲ ਹੀ ਹੋ ਜਾਣਾ ਸੀ। ਪਸੰਦ ਸੀ ਮੀਨਾ ਨੂੰ ਵੀ ਤੇ ਉਸ ਦੇ ਘਰਦਿਆਂ ਨੂੰ ਵੀ। ਕਿਤੇ ਕਮਲਾ ਦਲਜੀਤ ਵੀ, ਮਰਦਾਂ ਵਾਂਗ, ਕੁਝ ਹੋਰ ਹੀ ਤੇ ਨਹੀ ਸੋਚ ਬੈਠਾ ਹੁਣ?
ਅਚਾਨਕ ਮੀਨਾ ਦਾ ਬਰੇਕ ‘ਤੇ ਪੈਰ ਆ ਗਿਆ ਤੇ ਬਰੇਕ ਤੋਂ ਪੈਰ ਚੱਕ ਕੇ ਸੋਚਣ ਲੱਗ ਪਈ,
ਜਿਨਸੀ ਮੁਠਭੇੜ ਨਾਲ ਤੇ ਅਸੀਂ  ਜਿਨਸੀ ਰੂਹ ਦੇ ਸਬੰਧ ਬਣਾਉਂਦੇ ਹਾਂ. ਪਰ ਮੇਰਾ ਮੰਨਣਾ ਹੈ ਕਿ ਇਹ ਤੁਹਾਡੇ ਜਿਨਸੀ ਸੰਬੰਧਾਂ ਵਿੱਚ ਆਉਣ ਤੋਂ ਬਹੁਤ ਪਹਿਲਾਂ ਸ਼ੁਰੂ ਹੁੰਦਾ ਹੈ। ਮੇਰਾ ਮੰਨਣਾ ਹੈ ਕਿ ਇਹ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਤੁਹਾਡੇ ਦਿਮਾਗ, ਦਿਲ ਅਤੇ ਰੂਹਾਂ ਆਪਸ ਵਿੱਚ ਜੁੜਦੀਆਂ ਹਨ ਤੇ ਤੁਸੀਂ ਇਕ-ਦੂਜੇ ਨਾਲ ਇੱਕ ਮਜ਼ਬੂਤ ਸੰਬੰਧ ਬਣਾਉਂਦੇ ਹੋ ਪਰ ਦਲਜੀਤ ਕੋਈ ਹੋਰ ਨਹੀ, ਇਹ ਤੇ ਮੇਰਾ ਆਪਣਾ ਹੈ। ਇੰਝ ਸੋਚੇਗਾ ਵੀ ਤਾਂ ਮੈ ਸਮਝਾ ਦੇਵਾਂਗੀ।
‘ਹੈਲੋ ਮੀਨਾ, ਕਿਵੇਂ ਹੋ?’ ਪਾਰਕ ਵਿੱਚ ਦਲਜੀਤ ਪਹਿਲਾਂ ਹੀ ਪਹੁੰਚਿਆ ਹੋਇਆ ਸੀ।
‘ਮੈਂ ਠੀਕ ਹਾਂ ਦਲਜੀਤ, ਰਾਤ ਬੇਟੀ ਕਾਫੀ ਦੇਰ ਤੱਕ ਰੁਝੀ ਰਹੀ ਤੇ ਮੈ ਵੀ ਜਾਗਦੀ ਰਹੀ, ਪਤਾ ਨਹੀ ਕਦੋਂ ਕਾਫੀ ਦਾ ਹੁਕਮ ਆ ਜਾਣਾ ਸੀ, ਸਵੇਰੇ ਚਾਰ ਵਜੇ ਸੁੱਤੀਆਂ ਅਸੀਂ ਮਾਂ ਧੀ।’
‘ਫਿਰ ਤੇ ਗਲਤੀ ਹੋ ਗਈ ਜਲਦੀ ਫੋਨ ਕਰ ਲਿਆ, ਕਿਤੇ ਸੁੱਤੇ ਤੇ ਨਹੀ ਸੀ?’
‘ਨਹੀ ਮੈਨੂੰ ਦੇਰ ਤੱਕ ਸੌਣ  ਦੀ ਆਦਤ ਨਹੀ ਹੈ। ਹੁਣ ਤੇ ਦੋ ਘੰਟੇ ਹੋ ਗਏ ਹਨ ਜਾਗਦਿਆਂ। ਚਾਹ ਵੀ ਪੀ ਲਈ ਤੇ ਬਰੇਕ ਫਾਸਟ ਵੀ ਕਰ ਲਿਆ।’
‘ਤੈਨੂੰ ਮਿਲਣ ਤੋਂ ਬਾਅਦ ਮੈ ਤੇ ਰਾਤ ਚੰਗੀ ਤਰਾਂ ਸੌਂ ਹੀ ਨਹੀ ਸਕਿਆ। ਜਦੋਂ ਤੁਸੀਂ ਕਿਸੇ ਪਿਆਰੇ ਨੂੰ ਮਿਲਦੇ ਹੋ ਤਾਂ ਭਾਵਨਾਵਾਂ ਵਹਿ ਤੁਰਦੀਆਂ ਹਨ, ਇਸ ਕਿਸਮ ਦੇ ਕੁਨੈਕਸ਼ਨ ਦੀ ਤੁਸੀਂ ਵਿਆਖਿਆ ਨਹੀਂ ਕਰ ਸਕਦੇ, ਪਰ ਇਹ ਸਵੀਕਾਰ ਕਰਨਾ ਪਏਗਾ ਕਿ ਇਹ ਇੱਕ ਰੂਹ ਦਾ ਕੁਨੈਕਸ਼ਨ ਹੈ। ਤੁਸੀਂ ਸਿਰਫ  ਯਾਦ ਹੀ ਨਹੀ ਕਰਦੇ, ਬਲਕਿ ਤੁਸੀਂ ਇੱਕੋ ਜਿਹਾ ਸੋਚਦੇ, ਮਹਿਸੂਸ ਕਰਦੇ ਅਤੇ ਵਿਵਹਾਰ ਕਰਦੇ ਹੋ।’
‘ਬਲੇ ਉਏ ਜਵਾਨਾਂ, ਵੇਖੀਂ ਕਿਤੇ ਹੋਰ ਕੁਝ ਹੀ ਨਾਂ ਸੋਚ ਬੈਠੀਂ।  ਤੁਹਾਨੂੰ ਆਪਣੇ ਆਪ ਨੂੰ ਸਮਝਾਉਣ ਦੀ ਲੋੜ ਨਹੀਂ ਹੈ। ਮੇਰੇ ਸਾਹਮਣੇ ਨਕਾਬ ਦੇ ਪਿੱਛੇ ਲੁਕਣ ਦੀ ਲੋੜ ਨਹੀਂ ਹੈ।’
‘ਨਹੀ ਮੈਨੂੰ ਨਕਾਬ ਦੀ ਲੋੜ ਹੀ ਨਹੀ ਹੈ। ਮੈ ਸਭ ਕੁਝ ਵੇਖ ਸਕਦਾ ਹਾਂ। ਉਹ ਵੀ ਜੋ ਤੁਸੀਂ ਸੋਚਦੇ ਹੋ।’
‘ਦਲਜੀਤ, ਲਗਦੈ ਬਹੁਤਾ ਹੀ ਵਿਸ਼ਵਾਸ ਹੈ ਆਪਣੇ ਆਪ ਤੇ ਤੈਨੂੰ।
‘ਹਾਂ ਮੀਨਾ, ਤੁਹਾਨੂੰ ਵੀ ਬਦਲਣ ਦੀ ਲੋੜ ਨਹੀਂ ਹੈ, ਬਹੁਤ ਵੇਖ ਲਿਆ ਬਦਲ ਕੇ, ਕੀ ਮਿਲਿਆ?’
‘ਮਾਂ ਦਾ ਰੁਤਬਾ, ਇਹ ਕਿਤੇ ਛੋਟੀ ਗੱਲ ਹੈ ਦਲਜੀਤ?’
‘ਉਹ ਤੇ ਠੀਕ ਹੈ ਪਰ ਤੂੰ ਔਰਤ ਵੀ ਤੇ ਹੈਂ।’
ਮੀਨਾ ਹਸ ਪਈ ਤੇ ਬੋਲੀ, ‘ਮੈਨੂੰ ਬਦਲਣ ਦੀ ਕੀ ਲੋੜ ਹੈ। ਮੈ ਸਿੰਗਲ ਮਦਰ ਬਣਨ ਜਾ ਰਹੀ ਹਾਂ ਤੇ ਸਿੰਗਲ ਮਦਰ ਹੀ ਰਹਾਂਗੀ  ਹੁਣ ਸਾਰੀ ਉਮਰ, ਹੋਰ ਮੈ ਹੁਣ ਕੁਵੀਨ ਵਿਕਟੋਰੀਆ ਬਣ ਜਾਣਾ?’
‘ਮੀਨਾ ਮੈਨੂੰ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ  ਇੱਕ-ਦੂਜੇ ਨੂੰ ਸਾਰੀ ਉਮਰ ਤੋਂ  ਜਾਣਦੇ ਹਾਂ। ਜਿਵੇਂ  ਤੂੰ ਮੇਰੀ ਰੂਹ ਦਾ ਗੁੰਮ ਹੋਇਆ ਟੁਕੜਾ ਹੈਂ ਅਤੇ ਹੁਣ ਚੁੰਬਕੀ ਤਰੰਗ ਸਾਨੂੰ ਮੁੜ ਜੋੜ ਦੇਵੇਗੀ। ਅਸੀਂ ਇੱਕ ਦੂਜੇ ਨਾਲ ਬੱਝੇ ਹੋਏ ਹਾਂ। ਇੱਕ ਡੂੰਘੇ ਪੱਧਰ ‘ਤੇ ਇੱਕ ਕੁਨੈਕਸ਼ਨ ਹੈ ਜੋ ਸਾਰੇ ਮਨੁੱਖਾਂ ਨੂੰ ਅਨੁਭਵ ਨਹੀਂ ਹੁੰਦਾ। ਮੇਰਾ ਮਤਲਬ ਹੈ ਕਿ ਅਸੀਂ ਖੁਸ਼ਕਿਸਮਤ ਹਾਂ ਸਾਨੂੰ ਪਰਮਾਤਮਾ ਨੇ ਫੇਰ ਨਜ਼ਦੀਕੀਆਂ ਬਖ਼ਸ਼ ਦਿੱਤੀਆਂ ਹਨ। ਕੁਝ ਹੀ ਲੋਕ ਰੂਹ ਦੇ ਸਬੰਧਾਂ ਦਾ ਅਨੁਭਵ ਕਰਦੇ ਹਨ।’
ਮੀਨਾ ਠਹਾਕਾ ਮਾਰ ਕੇ ਹੱਸ ਪਈ ਤੇ ਬੋਲੀ, ‘ਮਾਂ ਦਿਆ ਲਾਡਲਿਆ, ਰੂਹ ਦੇ ਸਬੰਧਾਂ ਬਾਰੇ ਬਹੁਤ ਕੁਝ ਹੈ ਜੋ ਸ਼ਾਇਦ ਤੂੰ ਨਹੀਂ ਜਾਣਦਾ। ਲਗਦੈ ਤੇਰੀ ਸੂਈ ਕਿਤੇ ਅੜੀ ਕਰ ਬੈਠੀ ਹੈ। ਸੂਈ ਤਾਂ ਦਹਾਕਿਆਂ ਦਾ ਸਫ਼ਰ ਤੈਅ ਕਰ ਗਈ ਤੇ ਜਨਾਬ ਅਜੇ ਉੱਥੇ ਹੀ ਬੈਠੇ ਹਨ। ਮੈ ਚਾਹੁੰਦੀ ਸੀ ਆਪਾਂ ਫੋਨ ਤੇ ਗੱਲ ਨਾਂਹ ਕਰੀਏ, ਸਗੋਂ ਆਹਮੋ ਸਾਹਮਣੇ ਬੈਠ ਕੇ ਗੱਲ ਕਰੀਏ।’
‘ਅੱਖ ਵਿੱਚ ਅੱਖ ਪਾ ਕੇ। ਅੱਖਾਂ ਕਦੇ ਵੀ ਝੂਠ ਨਹੀ ਬੋਲਦੀਆਂ।’ ਦਲਜੀਤ ਨੇ ਆਪਣਾ ਪੱਖ ਰਖਿਆ।
‘ਇਸ ਵੇਲੇ ਤੇਰੇ ਅੰਦਰੋਂ ਇੱਕ ਦੋਸਤ ਨਹੀ ਬੋਲ ਰਿਹਾ, ਸਗੋਂ ਇੱਕ ਮਰਦ ਬੋਲ ਰਿਹਾ ਹੈ। ਮੈਨੂੰ ਰੂਹ ਦੇ ਇਸ ਸ਼ਕਤੀਸ਼ਾਲੀ ਬੰਧਨ ਨੂੰ ਸਮਝਣ ਲਈ, ਬਹੁਤ ਸਮਾਂ ਲੱਗਾ। ਖਾਸ ਕਰਕੇ, ਇੱਕ ਦਰਦਨਾਕ ਬ੍ਰੇਕਅੱਪ ਹੋਣ ਵਾਲਾ ਹੈ ਮੇਰਾ,  ਕੁਨੈਕਸ਼ਨ ਟੁਟਣ  ਤੋਂ ਬਾਅਦ, ਮੈਂ ਖਾਲੀ ਹੋ ਜਾਣਾ ਹੈ। ਮੇਰੇ ਸੁੰਨੇਪਨ ਨੇ ਬਹੁਤ ਕੁਝ ਦਸ ਦਿੱਤਾ ਹੈ।’
‘ਮੇਰੇ ਹੁੰਦਿਆਂ ਤੂੰ ਸੁੰਨਾਪਨ ਦਾ ਸ਼ਿਕਾਰ ਕਿਵੇਂ ਹੋ ਜਾਵੇਂਗੀ?’ ਦਲਜੀਤ ਬੋਲਿਆ।
‘ਮੈਂ ਰੂਹ ਦੇ ਸੰਕੇਤਾਂ ਦੀ ਪਛਾਣ ਕਰਨਾ ਸਿੱਖ ਲਿਆ ਹੈ ਦਲਜੀਤ। ਤੇਰਾ ਕਸੂਰ ਨਹੀ, ਮੈ ਕਰੂਰ ਹੋ ਜਾਵਾਂ ਤਾਂ ਕਰੂਪ ਹੋ ਜਾਵਾਂਗੀ ਤੇ ਮਾਂ ਕਦੇ ਵੀ ਕਰੂਪ ਨਹੀ ਹੁੰਦੀ।’
‘ਇਹ ਕੀ ਤੂੰ ਰੂਪ ਕਰੂਪ ਲਾਈ ਰੱਖਿਆ? ਜੋ ਵੀ ਹੈਂ ਬਸ ਹੁਣ ਮੇਰੀ ਹੈਂ। ਸਮਝੀ ਕਿ ਨਹੀ?’
‘ਸ਼ਾਇਦ ਮੈ ਵੀ ਇੰਜ ਦਾ ਸੋਚਦੀ, ਜੇ ਮੇਰੀ ਰੂਹ ਨੂੰ ਇਤਨੇ ਪੱਥਰ ਨਾਂਹ ਵੱਜਦੇ। ਮੈ ਸਿਖੇ ਨੂੰ ਭੁਲਾਉਣਾ ਸਿਖ ਲਿਆ ਹੈ। ਹੁਣ ਮੈਂ ਆਪਣੇ ਸਾਥੀਆਂ,ਦੋਸਤਾਂ ਤੇ ਨਜ਼ਦੀਕੀਆਂ ਨਾਲ ਸਿਹਤਮੰਦ ਰਿਸ਼ਤੇ ਬਣਾਉਣ ਦੇ ਨਾਲ-ਨਾਲ ਆਪਣੇ ਆਪ ਨੂੰ ਜ਼ਹਿਰੀਲੇ ਸਬੰਧਾਂ ਤੋਂ ਬਚਾਉਣ ਦੇ ਯੋਗ  ਵੀ ਹੋ ਗਈ ਹਾਂ।’
‘ਫੇਰ ਕਦੋਂ ਮਿਲੀਏ ਮੀਨਾ?’
‘ਬਹੁਤ ਰੁਝੀ ਹੋਈ ਹਾਂ ਘਰੇ ਹੀ, ਪਰਸੋਂ ਮਿਲ ਸਕਦੇ ਹਾਂ।’
‘ਚਲੋ ਇੰਤਜ਼ਾਰ ਕਰਦਾ ਹਾਂ, ਮੈ ਤੇ ਕਿਆਮਤ ਤੱਕ ਵੀ ਇੰਤਜਾਰ ਕਰ ਸਕਦਾ ਹਾਂ।’
‘ਹਾਂ ਹਾਂ ਕਿਉਂ ਨਹੀ, ਮੁਫਤ ਦਾ ਮਾਲ ਕਿਸਨੂੰ ਨਹੀ ਚਾਹੀਦਾ, ਸਭ ਮਰਦ ਮੁਫਤ ਦੇ ਮਾਲ ਦਾ ਇੰਤਜ਼ਾਰ ਕਰਦੇ ਹਨ ਤੂੰ ਵੀ ਕਰ।’ ਇਤਨਾ ਕਹਿ ਕੇ ਮੀਨਾ ਠਹਾਕਾ ਮਾਰ ਕੇ ਹੱਸ ਪਈ।
‘ਚੰਗਾ ਚਲਦੀ ਹਾਂ ਹੁਣ, ਫੋਨ ਕਰ ਕੇ ਦਸ ਦੇਈਂ। ਮੇਰੀ ਤਲਾਕ ਦੀ ਗੱਲ ਚਲ ਰਹੀ ਹੈ ਅਜੇ ਕਿਸੇ ਸਿਰੇ ਨਹੀ ਲੱਗੀ।’
ਦਲਜੀਤ ਕਾਰ ਵਿੱਚ ਬੈਠਦਿਆਂ ਹੀ ਸੋਚਣ ਲੱਗਾ ਕਿਵੇਂ ਭਾਰਾਂ ‘ਤੇ ਪੈਂਦੀ ਹੈ। ਕਲੀ ਕਾਰੀ ਹੋਣ ਵਾਲੀ ਹੈ, ਹੋਰ ਇਸ ਨੂੰ ਕੀ ਚਾਹੀਦਾ ਹੈ ਜੇ ਬਚਪਣ ਦਾ ਸਾਥੀ ਮਿਲ ਜਾਵੇ। ਇਸ ਦਾ ਵੀ ਕੀ  ਕਸੂਰ, ਇਹ ਤੇ ਸਾਰੀਆਂ ਜਨਾਨੀਆਂ ਦੇ ਚੋਚਲੇ ਹੁੰਦੇ ਹਨ, ਝਲਣੇ ਪੈਂਦੇ ਹਨ। ਪੱਕੇ ਪੈਰੀਂ ਹੋ ਕੇ ਉਸ ਨੇ ਨੰਜੀ ਨੂੰ ਹੈਰਾਨ ਕਰ ਦਿੱਤਾ। ਮੀਨਾ ਨੇ ਨੰਜੀ ਨੂੰ ਦੱਸ ਦਿੱਤਾ ਕਿ ਉਹ ਤਲਾਕ ਚਾਹੁੰਦੀ ਹੈ। ‘ਕਿਉਂ,ਹੁਣ ਕੀ ਹੋਇਆ?’
‘ਕਾਰਨ ਦੀ ਲੋੜ ਹੀ ਨਹੀਂ, ਬਸ ਤਲਾਕ ਚਾਹੀਦਾ ਹੈ। ਕਾਰਨ ਤਾਂ ਬਹੁਤ ਫੈਲਿਆ ਹੋਇਆ ਹੈ, ਸ਼ਬਦਾਂ ਵਿੱਚ ਸਮਾਉਣ ਵਾਲਾ ਨਹੀ।’ ‘ਕੁਝ ਤਾਂ ਦਸ, ਤਕਲੀਫ ਕੀ ਹੈ?’ ‘ਤੂੰ ਇਤਨਾ ਬੇਵਕੂਫ ਤੇ ਹੈ ਨਹੀਂ। ਬਸ ਤੇਰੀ ਸ਼ਕਲ ਚੰਗੀ ਨਹੀ ਲਗਦੀ।’
‘ਕਿਉਂ, ਕੋਈ ਹੋਰ ਲਭ ਗਿਆ ਹੈ?’ ‘ਹਾਂ, ਹੈ ਕੋਈ।’ ‘ਉਹੋ ਜਿਸ ਨਾਲ ਭੋਗ ਵਾਲੇ ਦਿਨ ਗਿੱਟਮਿੱਟ ਕਰਦੀ ਪਈ ਸੀ।’ ‘ਨਹੀ ਉਹ ਨਹੀ,ਕੋਈ ਹੋਰ ਹੈ।’
‘ਕੌਣ ਹੈ ਜੋ ਮੇਰਾ ਘਰ ਬਰਬਾਦ ਕਰਨਾ ਚਾਹੁੰਦਾ ਹੈ?’ ‘ਤੂੰ ਮੈਨੂੰ ਦੱਸਿਆ ਸੀ?’
‘ਮੇਰੀ ਗੱਲ ਹੋਰ ਹੈ। ਮੈ ਮਰਦ ਹਾਂ, ਮਰਦ ਸੌ ਗਲਤੀਆਂ ਕਰਦੇ ਹਨ।’
‘ਕੈਨੇਡਾ ਵਿੱਚ ਤੇ ਮਰਦ ਔਰਤ ਬਰਾਬਰ ਹਨ ਫੇਰ ਮੈ ਗਲਤੀ ਕਿਉਂ ਨਹੀ ਕਰ ਸਕਦੀ?’ ‘ਵੇਖ ਮੈਨੂੰ ਦਸ ਦੇ, ਮੈ ਤੈਨੂੰ ਮੁਆਫ ਕਰ ਦੇਵਾਂਗਾ।’
‘ਤੂੰ ਹੁੰਦਾ ਕੌਣ ਹੈਂ, ਮੈਨੂੰ ਮੁਆਫ ਕਰਨ ਵਾਲਾ?’
ਨੰਜੀ  ਨੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਫੇਰ ਸੰਭਲ ਗਿਆ ਤੇ ਬੋਲਿਆ, ‘ਕਰਦਾ ਹਾਂ ਤੇਰੇ ਭਰਾਵਾਂ ਤੇ ਪਿਉ ਨਾਲ ਗੱਲ।’
‘ਹਾਂ ਕਰ ਲੈ, ਮੈ ਕਦੋਂ ਰੋਕਦੀ ਹਾਂ?’ ‘ਐਸ ਉਮਰੇ ਝਾਟਾ ਖਰਾਬ ਕਰਦੀ ਨੂੰ ਸ਼ਰਮ ਨਹੀ ਆਵੇਗੀ ਤੈਨੂੰ?’
‘ਕਿਉਂ ਸ਼ਰਮ ਸਿਰਫ ਔਰਤ ਲਈ ਹੈ? ਤੈਨੂੰ ਕਿਉਂ ਨਹੀ ਆਉਂਦੀ?’ ‘ਬੱਚੇ ਕੀ ਕਹਿੰਣਗੇ?’
‘ਬੱਚਿਆਂ ਨੂੰ ਨਹੀ ਪਤਾ ਤਾਂ ਦਸ ਦੇਵਾਂਗੀ ਕਿ ਮੇਰੀ ਰੂਹ ਤਾਂ ਚਿਰੋਕਣੀ ਤਲਾਕਸ਼ੁਦਾ ਹੈ। ਹੁਣ ਤਾਂ ਮੈ ਰਸਮੀ ਤਲਾਕਸ਼ੁਦਾ ਹੋਣਾ ਹੈ। ਜਿਹੜੇ ਕਾਰਨ ਤੈਨੂੰ ਸਮਝ ਨਹੀ ਆਏ ਉਹ ਸਮਝ ਜਾਣਗੇ, ਆਖਰ ਕੈਨੇਡਾ ਦੇ ਪੜ੍ਹੇ ਲਿਖ਼ੇ ਉਹ ਜਾਣਦੇ ਹਨ ਕਿ ਮੈ ਸੱਚਮੁੱਚ ਬਹੁਤ ਸਖਤ ਕੋਸ਼ਿਸ਼ ਕੀਤੀ ਹੈ। ਉਹ ਤੇ ਟੈਸਟ ਟਿਉਬ ਵਰਗੇ ਬੱਚੇ ਹਨ। ਤੂੰ ਉਨ੍ਹਾਂ ਦੀ ਫਿਕਰ ਨਾ ਕਰ। ਇਹ ਦੱਸ ਕਿ ਪੁਲਿਸ ਨੂੰ ਸ਼ਾਮਿਲ ਕਰਾਂ ਕਿ ਉਂਜ ਹੀ ਸਰ ਜਾਵੇਗਾ।’
ਨੰਜੀ ਨੇ ਹਥਿਆਰ ਸੁਟ ਦਿੱਤੇ ਤੇ ਉਹ ਯਈਂ ਯਈਂ ਤੇ ਉਤਰ ਆਇਆ ਤੇ ਬੋਲਿਆ, ‘ਵੇਖ ਜਿਵੇਂ ਤੂੰ ਕਹੇਂਗੀ ਜਿਵੇਂ ਤੂੰ ਚਾਹੇਂਗੀ, ਮੈ ਉਵੇਂ ਹੀ ਕਰਾਂਗਾ। ਆਪਣਾ ਬੁਢਾਪਾ ਉਤਰ ਆਇਆ ਹੈ।’
‘ਤੇਰਾ ਉਤਰਿਆ ਹੋਵੇਗਾ, ਮੇਰਾ ਨਹੀ, ਤੈਨੂੰ ਤੇ ਇਹ ਵੀ ਨਹੀ ਪਤਾ ਵੱਖਰੇ ਢੰਗ ਨਾਲ ਗੱਲ ਕਿਵੇਂ ਕਰਨੀ ਹੈ। ਤੂੰ ਤੇ ਖੁਦ ਮਾੜੇ ਸਬੰਧਾਂ ਦਾ ਗਵਾਹ ਹੈਂ। ਹੁਣ ਮੇਰਾ ਖਹਿੜਾ ਛੱਡ ਤੇ ਮੇਰੇ ਭਰਾਵਾਂ ਤੇ ਬੱਚਿਆਂ ਨੂੰ ਦੱਸਣ ਦੀ ਧਮਕੀ ਨਾ ਦੇ। ਮੇਰੇ ਤੇ ਕੋਈ ਅਸਰ ਨਹੀ ਹੋਣ ਲੱਗਾ।’
ਮੁਕਤ ਹੋਈ ਮੀਨਾ ਨੂੰ ਕੋਈ ਵੀ ਮਨਾ ਨਹੀ ਸਕਿਆ। ਸਿਲਵਰ ਜੁਬਲੀ ਤੋਂ ਪਹਿਲਾਂ ਹੀ ਉਹ ਸਿੰਗਲ ਮਦਰ ਬਣ ਗਈ।

ਸਨਹਿਰੀ ਚਿੜੀ, ਹੁਣ ਪਾਣੀ ਪੀਣ ਆ ਜਾਂਦੀ ਸੀ। ਫੀਡਰ ਤੋਂ ਖਾਣਾ ਵੀ ਖਾਂਦੀ। ਮੀਨਾ ਉਸ ਨਾਲ ਗੱਲਾਂ ਕਰਦੀ।
‘ਸੁਨਹਿਰੀ ਚਿੜੀਏ ਹੁਣ ਮੈ ਵੀ ਤੇਰੇ ਵਾਂਗ ਆਜ਼ਾਦ ਹਾਂ। ਤੇਰੇ ਵਾਂਗ ਮੇਰੀ ਆਜ਼ਾਦੀ ਹੀ ਮੇਰੀ ਜ਼ਿੰਮੇਵਾਰੀ ਹੈ ਹੁਣ। ਤੂੰ ਸਮਝਦੀ ਹੈ ਨਾਂ ਇਹ ਕਿੰਝ ਦੀ ਹੁੰਦੀ ਹੈ?’
ਚਿੜੀ ਨੇ ਮੀਨਾ ਦੀ ਗੱਲ ਸੁਣ ਕੇ ਉਡਾਰੀ ਮਾਰੀ ਤੇ ਰੁੱਖ ਤੇ ਬੈਠ ਗਈ।
‘ਹਾਂ ਲਗਦੈ ਤੂੰ ਸਮਝ ਗਈ ਹੈਂ। ਇਹੀ ਗੱਲ ਮੈਨੂੰ ਸਮਝਣ ਲਗਿਆਂ ਦਹਾਕੇ ਲੱਗ ਗਏ।’
‘ਮੌਮ ਕੌਣ ਹੈ,ਕਿਸ ਨਾਲ ਗੱਲਾਂ ਕਰਦੇ ਪਏ ਹੋ।’
‘ਹੈ ਮੇਰੀ ਸਹੇਲੀ, ਉਹ ਵੇਖ ਟਰੀ ਤੇ ਬੈਠੀ ਹੈ।’ ਮੀਨਾ ਨੇ ਉਂਗਲ ਦੇ ਇਸ਼ਾਰੇ ਨਾਲ ਧੀ ਨੂੰ ਆਪਣੇ ਦੋਸਤ ਨਾਲ ਮਿਲਾਇਆ।
‘ਮੌਮ, ਤੇਰੇ ਦੋਸਤ ਦਾ ਫੋਨ ਹੈ।’ ਬੌਬੀ ਨੇ ਲੈਂਡ-ਲਾਇਨ ਫੋਨ ਮੀਨਾ ਨੂੰ ਫੜਾ ਦਿੱਤਾ।
‘ਹੋ ਗਈ ਵੇਹਲੀ?’
‘ਹਾਂ ਨਿਬੜ ਗਿਆ ਸਾਰਾ ਕੰਮ।’
‘ਨੰਜੀ ਨੇ ਬਹੁਤਾ ਰੌਲਾ ਤੇ ਨਹੀ ਪਾਇਆ?’
‘ਰੌਲਾ ਪਾਉਣ ਨੂੰ ਆਵਾਜ਼ ਵੀ ਤੇ ਚਾਹੀਦੀ ਹੈ,ਉਸਦੀ ਤੇ ਕੋਈ ਆਵਾਜ਼ ਹੀ ਨਹੀ ਹੈ। ਉਹ ਤੇ ਪਤਾ ਨਹੀ ਕਦੋਂ ਦਾ ਦਿਵਾਲੀਆ ਤੁਰਿਆ ਫਿਰਦਾ ਸੀ, ਉਹ ਤੇ ਮੈ ਹੀ ਮਰਦ-ਸੋਚ ਤੇ ਰਿਸਰਚ ਕਰ ਰਹੀ ਸੀ।’
‘ਫੇਰ ਕੀ ਨਿਕਲਿਆ, ਤੇਰੀ ਪ੍ਰਯੋਗਸ਼ਾਲਾ ‘ਚੋਂ?’
‘ਬਚ ਕੇ ਰਹੀਂ ਤੂੰ ਵੀ ਨਾਇਟਰੋਜ਼ਨ ਤੋਂ।’
‘ਮੈਨੂੰ ਬਚਣ ਦੀ ਕੀ ਲੋੜ ਹੈ? ਮੈ ਤੇ ਤੇਰੇ ਦਿਲ ਵਿੱਚ ਰਹਿੰਦਾ ਹਾਂ।’
‘ਹਾਂ ਹਾਂ, ਤੇਰੇ ਵਾਸਤੇ ਤੇ ਮੈ ਦਿਲ ਵਿੱਚ ਨਵਾਰੀ ਪਲੰਗ ਵਿਛਾਇਆ ਹੈ।’
‘ਚਲ ਠੀਕ, ਭੂਰੀ ਮੈ ਲੈ ਆਵਾਂਗਾ।’
‘ਸਿਮਰਨ ਨਾਲ ਕਦੋਂ ਮਿਲਾਵੇਂਗਾ?’
‘ਮਿਲ ਲਵੀਂ, ਤੇਰੇ ਸਾਹਮਣੇ ਤੇ ਉਹ ਫਿਕੀ ਹੈ।’ ਮੀਨਾ ਹੱਸ ਪਈ ਤੇ ਬੋਲੀ, ‘ਸ਼ੁਕਰਵਾਰ ਮੇਰਾ ਔਫ ਹੈ,ਮਿਲਦੇ ਹਾਂ ਉਸੇ ਪਾਰਕ ਵਿੱਚ।’
‘ਪਾਰਕ ਵਿੱਚ ਕਿਉਂ? ਚਲਦੇ ਹਾਂ ਕਿਤੇ ਲੌਂਗ ਡਰਾਈਵ ਤੇ।’
‘ਉਹ ਵੀ ਚਲਾਂਗੇ ਜਦੋਂ ਸਿਮਰਨ ਦਾ ਵੀ ਔਫ ਹੋਵੇਗਾ।’
ਸ਼ੁਕਰਵਾਰ ਬਾਰ੍ਹਾਂ ਵਜੇ ਦੋਵੇਂ  ਅਗੜ ਪਿੱਛੜ ਹੀ ਪਾਰਕ ਵਿੱਚ ਪਹੁੰਚ ਗਏ।
‘ਹਾਂ ਬਈ ਚੋਬਰਾ, ਹੁਣ ਸੁਣਾ ਉਦਣ ਕੀ ਰੂਹ ਆਤਮਾ ਦੀਆਂ ਗੱਲਾਂ ਕਰਦਾ ਸੀ? ਸ਼ਰਮ ਨਹੀ ਆਉਂਦੀ, ਬਿਗਾਨੀ ਨਾਰ ਤੇ ਅੱਖ ਰਖਦੇ ਨੂੰ?’
‘ਤੂੰ ਬੇਗਾਨੀ ਕਦੋਂ ਹੈਂ?’
‘ਮੈਂ ਦੋਸਤ ਲਈ ਬੇਗਾਨੀ ਨਹੀ ਪਰ ਤੇਰੇ ਲਈ ਬੇਗਾਨੀ ਨਾਰ ਜ਼ਰੂਰ ਹਾਂ। ਮੈ ਤੇ ਸਿੰਗਲ ਮਦਰ ਹਾਂ ਪਰ ਤੂੰ ਤੇ ਸਿੰਗਲ ਨਹੀ ਫੇਰ ਕੀ ਹੋ ਗਿਆ ਤੇਰੀ ਮੱਤ ਨੂੰ?’
‘ਪਹਿਲਾਂ ਇਹ ਦਸ ਪੀਣਾ ਕੀ ਹੈ? ਮੈ ਤੇ ਕਾਫੀ ਪੀਵਾਂਗਾ।’
‘ਮੈ ਵੀ ਕਾਫੀ ਪੀ ਲਵਾਂਗੀ, ਦੋਸਤ ਨੂੰ ਕਾਫੀ ਦੀ ਕੰਪਨੀ ਦੇਵਾਂਗੀ।’
‘ਫੇਰ ਇੱਕੋ ਹੀ ਐਕਸਟਰਾ ਲਾਰਜ ਲੈ ਆਵਾਂ? ਇੱਕੋ ਕੱਪ ਵਿੱਚ ਪੀ ਲਵਾਂਗੇ।’
‘ਨਹੀ ਜੀ, ਕੱਪ ‘ਤੇ ਦੋ ਹੀ ਲਿਆ, ਮੀਡੀਅਮ, ਉਹ ਇੱਕ ਬਟਾ ਦੋ ਵਾਲੇ ਜ਼ਮਾਨੇ ਗਏ ਹੁਣ।’
ਸੜਕੋਂ ਪਾਰ ਤੋਂ ਦਲਜੀਤ ਜਦੋਂ ਕਾਫੀ ਲੈਕੇ ਆਇਆ, ਉਦੋਂ ਤੱਕ ਮੀਨਾ ਸਿਰੀਅਸ ਹੋ ਚੁੱਕੀ ਸੀ।
ਮੈਂ ਇਸ ਸਵਾਲ ਦਾ ਜਵਾਬ ਚਾਹੁੰਦੀ ਹਾਂ ਤੇਰੇ ਕੋਲੋਂ,“ਆਤਮਾ ਦੇ ਸਬੰਧ ਕੀ ਹਨ?“
‘ ਮੀਨਾ, ਰੂਹਾਂ ਦੇ ਆਪਸੀ ਸਬੰਧ ਹੁੰਦੇ ਹਨ, ਜਿਵੇਂ ਤੇਰੇ ਤੇ ਮੇਰੇ ਵਿੱਚ ਹਨ।’
‘ਗਲਤ ਜੁਆਬ, ਤੇਰੇ ਕੋਲ ਚੋਣ ਹੈ, ਕਿਸੇ ਨੂੰ ਫੋਨ ਕਰਕੇ ਇਸਦਾ ਜੁਆਬ ਪੁੱਛ ਸਕਦਾ ਹੈਂ, , ਮੈਨੂੰ ਕੋਈ ਇਤਰਾਜ ਨਹੀ।
ਦਲਜੀਤ ਨੇ ਝੁੰਜਲਾ ਕੇ ਕਿਹਾ, ‘ਮੈਨੂੰ ਨਹੀ ਪਤਾ।’
ਮੀਨਾ ਬੋਲੀ, ‘ਮੇਰਾ ਦੂਜਾ ਸੁਆਲ ਹੈ, ਆਤਮਾ ਬੰਧਨ ਦੀ ਪਰਿਭਾਸ਼ਾ ਕੀ ਹੈ?’
‘ਮੈਨੂੰ ਨਹੀ ਪਤਾ’
‘ਮੈ ਜਾਣਦੀ ਹਾਂ, ਤੈਨੂੰ ਨਹੀ ਪਤਾ। ਰੱਬ ਜਿਸਨੂੰ ਅਕਲ ਦੇਣੀ ਚਾਹੁੰਦਾ ਹੈ ਉਸਨੂੰ ਆਪ ਜ਼ਹਿਰ ਪਿਆਉਂਦਾ ਹੈ। ਮੈ ਪੀਤਾ ਹੈ ਤੇ ਤੂੰ ਨਹੀ ਪੀਤਾ, ਬਸ ਇਹੋ ਫਰਕ ਹੈ ਤੇਰੇ ਤੇ ਮੇਰੇ ਵਿੱਚ ਪਰ ਤੂੰ ਮੇਰਾ ਦੋਸਤ ਹੈਂ। ਬੁਆਏ ਫਰੈਂਡ ਨਹੀ ਬਣ ਸਕਦਾ ਕਿਉਂਕਿ ਇਹ ਮੇਰੀ ਲੋੜ ਨਹੀ ਹੈ। ਮੈ ਆਪਣੇ ਬੱਚਿਆਂ ਦੀ ਮਾਂ ਹਾਂ ਸਿਰਫ ਮਾਂ, ਸਿੰਗਲ-ਮਦਰ।’
‘ਪਰ ਤੇਰੀਆਂ ਆਪਣੀਆ ਲੋੜਾਂ ਵੀ ਤੇ ਹਨ।’
‘ਨਹੀ ਮੇਰੀ ਇਹੋ ਜਿਹੀ ਕੋਈ ਲੋੜ ਨਹੀ। ਸਗੋਂ ਜਿਸ ਲੋੜ ਦੀ ਤੂੰ ਗੱਲ ਕਰ ਰਿਹਾ ਹੈਂ, ਉਸ ਨਾਲ ਤੇ ਉਂਜ ਹੀ ਨਫਰਤ ਹੈ। ਮੈ ਕਿਸੇ ਮਰਦ ਨੂੰ ਅੱਖਾਂ ਨਾਲ ਵੀ ਛੋਹ ਨਹੀ ਸਕਦੀ।’
‘ਫੇਰ…’
‘ਆਓ ਮੂਲ ਗੱਲਾਂ ਨੂੰ ਸਮਝਣ ਨਾਲ ਸ਼ੁਰੂਆਤ ਕਰੀਏ। ਜ਼ਾਹਰਾ ਤੌਰ ‘ਤੇ, ਇਸ ਵਕਤ ਤੂੰ ਮੈਨੂੰ ਨੰਜੀ ਲਗ ਰਿਹਾ ਹੈਂ, ਜੋ ਮੈਨੂੰ ਉੱਕਾ ਹੀ ਪਸੰਦ ਨਹੀ। ਮੈਨੂੰ ਨਹੀ ਪਤਾ ਤੇਰਾ ਆਪਣੀ ਪਤਨੀ ਨਾਲ ਕਿਹੋ ਜਿਹਾ ਰਿਸ਼ਤਾ ਹੈ ਪਰ ਇਸ ਵਕਤ ਤੇਰੇ ਦਿਮਾਗ ਵਿੱਚੋਂ ਉਹ ਬਿਲਕੁਲ ਗੈਰ-ਹਾਜ਼ਰ ਹੈ ਤੇ ਇਹੋ ਗੱਲ ਆਪਣੀ ਦੋਸਤੀ ਨੂੰ  ਲਾਹਨਤਾਂ ਪਾ ਰਹੀ ਹੈ।’
‘ਉਹ ਕਿਵੇਂ?’
‘ਮੈ ਆਪਣੀ ਗੜੂੰਦ ਗਵਾਈ ਹੈ, ਵੇਖਦੇ ਹੀ ਵੇਖਦੇ ਮੇਰਾ ਸਾਰਾ ਸਰੀਰ ਝੂਠਾ ਪੈ ਗਿਆ ਸੀ ਜਦੋਂ ਮੈਨੂੰ ਉਸਦੇ ਪਹਿਲੇ ਸਬੰਧ  ਦਾ ਪਤਾ ਲੱਗਾ। ਜੇ ਪਹਿਲੇ ਦਿਨ ਹੀ ਦਸ ਦਿੰਦਾ ਤਾਂ ਸ਼ਾਇਦ ਅੱਜ ਮੈ ਵੱਖ ਨਾਂ ਹੁੰਦੀ, ਸਬੰਧ ਬਣ ਜਾਣੇ,  ਕੋਈ ਅਲੋਕਾਰੀ ਗੱਲ ਨਹੀ, ਹੋ ਜਾਂਦਾ ਹੈ ਪਰ ਛੁਪਾਉਣਾ ਤੇ ਇਖਲਾਕੀ ਗੁਨਾਹ ਹੈ ਤੇ ਮੈ ਤੈਨੂੰ ਇਸ ਗੁਨਾਹ ਤੋਂ ਬਚਾਉਣਾ ਚਾਹੁੰਦੀ ਹਾਂ।’
‘ਉਹ ਕਿਵੇਂ?’
‘ਤੇਰੀ ਇਸ ‘ਕਿਵੇਂ’ ਦੀ ਕੋਈ ਸਹੀ ਪਰਿਭਾਸ਼ਾ ਨਹੀਂ ਹੈ, ਕਿਉਂਕਿ ਤੇਰੇ  ਸਿਖੇ ਹੋਏ ਮਰਦ ਲਈ  ਇਹ ਇੱਕ ਬਿਲਕੁਲ ਨਵਾਂ ਸ਼ਬਦ ਹੈ। ਚਲਿਆ ਆ ਰਿਹਾ ਹੈ ਮਰਦ ਦਾ ਇਹ ਕਮੀਨਾਪਨ ਪਰ ਹੁਣ ਵਕਤ ਬਦਲ ਗਿਆ ਹੈ। ਗੱਲ ਤੇ ਸਦੀਆਂ ਤੋਂ ਹੀ ਗਲਤ ਸੀ ਪਰ ਔਰਤ ਨੂੰ ਕੋਈ ਦਸਣ ਵਾਲਾ ਨਹੀ ਸੀ ਤੇ ਮਰਦ ਕਿਸੇ ਦਬਾਵ ਵਿੱਚ ਨਹੀ ਆਉਂਦਾ ਸੀ।’
‘ਮੈਨੂੰ ਨਹੀ ਸਮਝ ਆਉਂਦੀ ਤੇਰੀਆਂ ਗੱਲਾਂ ਦੀ। ਸਿਧੀ ਗੱਲ ਕਰ। ਆਪਾਂ ਇੱਕ ਦੂਜੇ ਨੂੰ ਜਾਣਦੇ ਹਾਂ ਤੇ ਬਚਪਣ ਤੋਂ ਜਾਣਦੇ ਹਾਂ। ਹੁਣ ਤੇਰੀ ਲੋੜ ਹੈ ਤੇ ਮੇਰੀ ਵੀ, ਇਸ ਵਿੱਚ ਹਰਜ ਕੀ ਹੈ?’
‘ਦੋ ਹਰਜ ਹਨ।’
‘ਕਿਹੜੇ ਦੋ’
‘ ਕੀ ਤੂੰ ਸਿਮਰਨ ਨੂੰ ਇਹ ਇਜਾਜ਼ਤ ਦੇ ਸਕਦਾ ਹੈਂ ਕਿ ਉਹ ਕਿਸੇ ਹੋਰ ਨਾਲ ਸਬੰਧ ਬਣਾ ਲਵੇ?’
‘ਨਹੀਂ, ਇਹ ਕਿਵੇਂ ਹੋ ਸਕਦਾ ਹੈ?’
‘ਫੇਰ ਤੈਨੂੰ ਇਹ ਹੱਕ ਕਿਵੇਂ ਦਿੱਤਾ ਜਾ ਸਕਦਾ ਹੈ?’ ‘ਮੈ ਮਰਦ ਹਾਂ।’
‘ਤੇਰੇ ਇਸ ਜੁਆਬ ਨੇ ਤੇ ਮੇਰਾ ਕੰਮ ਹੀ ਸੌਖਾ ਕਰ ਦਿੱਤਾ। ਇਸ ਗੱਲ ਤੇ ਹੀ ਮੈਂ ਤੈਨੂੰ ਲੈ ਕੇ ਆਉਣਾ ਸੀ। ਤੂੰ ਮਰਦ ਨਹੀਂ,  ਪਹਿਲਾਂ ਇਕ ਇਨਸਾਨ ਹੈਂ ਤੇ ਤੇਰਾ ਸਰੀਰਕ  ਸੰਪਰਕ ਤੇਰੀ ਪਤਨੀ ਨਾਲ ਹੀ ਹੈ, ਹੋਰ ਕਿਸੇ ਨਾਲ ਨਹੀਂ। ਜੋ ਇਹ ਕਰਦੇ ਹਨ ਉਹ ਆਪਣੀ ਪਤਨੀ ਨੂੰ ਵੀ ਨਿਰਵਸਤਰ ਕਰ ਦਿੰਦੇ ਹਨ ਜਿਵੇਂ ਮੈ ਹੋਈ ਹਾਂ,ਜਿਸ ਵਿੱਚ ਮੇਰਾ ਕੋਈ ਕਸੂਰ ਵੀ ਨਹੀ ਸੀ। ਹੁਣ ਤੂੰ ਕਿਵੇਂ ਮੈਨੂੰ ਮੇਰੇ ਔਰਤ ਪੁਣੇ ਤੋਂ ਬੇਦਖ਼ਲ ਕਰ ਸਕਦਾ ਹੈਂ? ਮੈ ਇੱਕ ਸੰਪੂਰਨ ਮਾਂ ਹਾਂ, ਇੱਕ ਸਿੰਗਲ ਮਦਰ, ਜਿਸ ਦੀ ਜ਼ਿੰਮੇਵਾਰੀ, ਦੋਹਰਾ ਮਾਪਾ ਹੋਣ ਕਰਕੇ,  ਹੋਰ ਵੀ ਵਧ ਹੈ। ਦਲਜੀਤ ਇਹ ਵਕਾਰ ਇਨਸਾਨ ਨੂੰ ਇਤਨਾ ਹੀਣਾ ਕਰ ਦਿੰਦੇ ਹਨ ਕਿ ਉਹ ਆਪਣੀ ਸ਼ਕਲ ਵੀ ਸ਼ੀਸ਼ੇ ਵਿਚ ਨਹੀ ਵੇਖ ਸਕਦਾ।’
‘ਪਰ ਪਿਆਰ ਵੀ ਕੋਈ ਸ਼ੈਅ ਹੈ ਕਿ ਨਹੀ?’
‘ਤੇਰੇ ਉਸ ਪਿਆਰ ਦਾ ਹੱਕ ਸਿਰਫ ਤੇਰੀ ਪਤਨੀ ਕੋਲ ਹੈ। ਮੈ ਸਿਰਫ ਤੇਰੀ ਦੋਸਤ ਹਾਂ, ਇੱਕ ਔਰਤ ਦੋਸਤ ਨਾ ਕਿ ਕੋਈ ਗਰਲ ਫਰੈਂਡ, ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ। ਜੇ ਕੋਸ਼ਿਸ਼ ਨਹੀ ਕਰੇਂਗਾ ਤਾਂ ਮੈ ਦੋਸਤ ਵੀ ਨਹੀ ਰਹਿੰਣਾ।’
ਸਿਮਰਨ ਦੇ ਵੀ ਮਰਦ ਦੋਸਤ ਹਨ।’
‘ਉਨ੍ਹਾਂ ਨਾਲ ਉਸ ਦੇ ਕਿਹੋ ਜਿਹੇ ਸਬੰਧ ਹਨ ਇਹ ਤੇ ਤੈਨੂੰ ਉਸ ਦੀਆਂ ਅੱਖਾਂ ਹੀ ਦੱਸ ਸਕਦੀਆਂ ਹਨ। ਜੇ ਅੱਖਾਂ ਵਿੱਚ ਨਿਰਛਲਤਾ ਵਸਦੀ ਹੈ ਤਾਂ ਨਿਸਚਿੰਤ ਹੋ ਜਾ। ਵਕਾਰ ਤਾਂ ਮੂੰਹ ਤੇ ਲਿਖੇ ਜਾਂਦੇ ਹਨ।’
‘ਇਹੋ ਜਿਹੀ ਗੱਲ ਲਗਦੀ ਤੇ ਨਹੀ ਪਰ ਔਰਤ ਦੇ ਤੇ ਕਈ ਰੂਪ ਹੁੰਦੇ ਹਨ।’
‘ਇਹ ਘਾੜਤ ਤਾਂ ਮਰਦ ਦੀ ਬਣਾਈ ਹੋਈ ਹੈ ਦਲਜੀਤ।’
‘ਕਿਵੇਂ ਸਮਝਾਵਾਂ ਆਪਣੇ ਆਪ ਨੂੰ ਮੀਨਾ?’
‘ ਜਿਨਸੀ ਸੰਬੰਧਾਂ ਵਿੱਚ ਅਧਿਆਤਮਿਕ ਰਿਸ਼ਤਾ ਹੁੰਦਾ ਹੈ। ਸਿਰਫ ਲੱਭਣ ਦੀ ਲੋੜ ਹੈ। ਜ਼ਿੰਦਗੀ ਇਤਨੀ ਵੀ ਰੁੱਝੀ ਹੋਈ ਨਹੀ ਹੈ।’
‘ਲਗਦੈ ਮੈ ਸਮਝ ਗਿਆ ਹਾਂ।’
‘ਕੀ ਸਮਝ ਗਿਆ ਹੈਂ ਕਿ ਮੇਰੇ ਨਾਲ ਗੱਲ ਨਹੀ ਬਣਨੀ?’
‘ਨਹੀਂ ਸਮਝ ਗਿਆ ਹਾਂ ਕਿ  ਇਹ ਗੱਲ ਹੀ ਗਲਤ ਹੈ।’
‘ਇਤਨਾ ਸੌਖਾ ਨਹੀ ਪਰ ਜੇ ਇੱਕ ਸੋਚ ਪਨਪ ਪਈ ਹੈ ਤਾਂ ਵਿਚਾਰ ਵੀ ਬਣੇਗੀ।’
‘ਤੇ ਤੇਰਾ ਦੂਜਾ ਹਰਜ?’
‘ਜੋ ਤੁਹਾਡਾ ਕਿਸੇ ਨਾਲ ਸਰੀਰਕ ਸਬੰਧ,  ਨਜ਼ਦੀਕੀ ਹੋਣ ਤੋਂ ਬਾਅਦ ਹੁੰਦਾ ਹੈ। ਇਹ ਹਰਜ,ਕਿਸੇ ਖਾਈ ਵਿੱਚ ਡਿਗਣ ਵਾਂਗ ਨਹੀ ਹੁੰਦਾ,ਸਗੋਂ ਪੈਰ ਪੈਰ ਤੇ ਵਿਛੇ ਖੱਡਿਆਂ ਵਿੱਚ ਡਿਗਣ ਵਿੱਚ ਹੁੰਦਾ ਹੈ। ਡਿਗਦੇ ਨਿਕਲਦੇ, ਤੁਹਾਡੀ ਜ਼ਮੀਰ ਮਰ ਜਾਂਦੀ ਹੈ। ਜਦੋਂ ਜ਼ਮੀਰ ਹੀ ਮਰ ਗਈ ਉਦੋਂ ਸਰੀਰ ਹੀ ਨਹੀ ਤੁਹਾਡਾ ਵਿਹਾਰਕ ਜੀਵਨ ਵੀ ਨਸ਼ਟ ਹੋ ਜਾਂਦਾ ਹੈ। ਗੱਲ ਗੱਲ ਤੇ ਸਬੂਤ ਮੰਗਦੇ ਹੋ, ਕਿਸੇ ਤੇ ਇਤਬਾਰ ਨਹੀਂ ਕਰਦੇ, ਸਿਰਫ  ਬਘਿਆੜ ਬਣ ਜਾਂਦੇ ਹੋ।’
‘ਫੇਰ ਰੂਹ ਦੇ ਸਬੰਧਾਂ ਦਾ ਕੀ ਅਰਥ ਹੈ ਮੀਨਾ? ਵਿਆਹ ਤਾਂ ਇੱਕ ਸਮਝੌਤੇ ਵਾਂਗ ਹੈ ਜਿਵੇਂ ਕੋਈ ਐਗਰੀਮੈਂਟ ਹੋਵੇ।’
‘ਇਹ ਐਗਰੀਮੈਂਟ ਹੀ ਹੈ ਪਰ ਇਸ ਦੀ ਪਾਲਣਾ ਕਾਨੂੰਨ ਨਹੀ ਕਰਦਾ, ਤੁਹਾਡੀ ਰੂਹ ਕਰਦੀ ਹੈ।’
‘ਇੱਕ ਗੱਲ ਦੱਸਾਂ ਤੈਨੂੰ ਮੀਨਾ?’
‘ ਹਾਂ ਦਸ, ਤੇਰੇ ਸਰੀਰ ਕੋਲ ਇੱਕ ਖੁਸ਼ਬੋ ਹੈ, ਜੋ ਸਿਰਫ ਮੈਂ ਹੀ ਮਹਿਸੂਸ ਕਰਦਾ ਸੀ। ਮੈ ਤੇਰੇ ਭਰਾ ਨਾਲ ਗੱਲ ਵੀ ਕਰ ਲਈ ਸੀ। ਫੇਰ ਤੇਰਾ ਵਿਆਹ ਹੋ ਗਿਆ ਤੇ ਹੁਣ ਉਹ ਖੁਸ਼ਬੋ ਫੇਰ ਮੇਰੇ ਆਲੇ-ਦੁਆਲੇ ਘੁੰਮਣ ਲੱਗ ਪਈ ਹੈ।’
‘ਗਰੋਪ ਅੱਪ ਮੈਨ, ਇਹ ਤੇਰੀ ਸ਼ਕਤੀ ਹੈ, ਸੰਭਾਲ ਕੇ ਰੱਖ। ਰੱਦੀ ਦੇ ਭਾਅ ਨਾ ਤੋਲ ਇਸਨੂੰ। ਨਹੀ ਤੇ ਤੂੰ ਵੀ ਨੰਜੀ ਬਣ ਜਾਵੇਂਗਾ।’
ਦਲਜੀਤ ਨੂੰ ਡੂੰਘੀਆਂ ਸੋਚਾਂ ਵਿੱਚ ਵੇਖ ਕੇ ਮੀਨਾ ਬੋਲੀ, ‘ਚਲ ਆ ਹੁਣ ਚਲੀਏ, ਕੱਲ੍ਹ ਮੇਰੀ ਇੱਕ ਮੀਟਿੰਗ ਹੈ ਸਿੰਗਲ ਮਦਰਜ਼ ਨਾਲ, ਮੈ ਗੂਗ਼ਲ ਸਰਚ ਕਰਨਾ ਹੈ ਅੱਜ, ਇਹਦੇ ਬਾਰੇ।’
ਦਲਜੀਤ ਚੁੱਪ ਕਰਕੇ ਉੱਠ ਪਿਆ, ਉਸ ਨੂੰ ਕੁਝ ਵੀ ਸਮਝ ਨਹੀ ਆ ਰਿਹਾ ਸੀ। ਅਚਾਨਕ ਉਹ ਬੋਲਿਆ, ‘ਮੀਨਾ ਇੱਕ ਗੱਲ ਕਹਾਂ?’
‘ਹਾਂ ਹਾਂ ਕਿਉਂ ਨਹੀ ਜ਼ਰੂਰ ਗੱਲ ਕਰ, ਇਹਦੇ ਵਿੱਚ ਝਿਜਕ ਕਾਹਦੀ?’
‘ਤੇਰੀਆਂ ਸਾਰੀਆਂ ਗੱਲਾਂ ਠੀਕ ਹਨ ਪਰ ਮੇਰੀ ਇੱਕ ਗੱਲ ਮੰਨ ਲੈ,ਨਹੀ ਤਾਂ ਮੇਰੀ ਭਟਕਣ ਮੁੱਕਣ ਵਾਲੀ ਨਹੀਂ।’
‘ਕੀ, ਦਲਜੀਤ ਤੂੰ ਹੁਕਮ ਕਰ।’
‘ਬਸ ਸਿਰਫ ਇੱਕ ਵਾਰ…ਵੇਖ ਇਨਕਾਰ ਨਾ ਕਰੀਂ ਤੈਨੂੰ ਮੇਰੇ ਸਿਰ ਦੀ ਸੌਂਹ…’
‘ਦਲਜੀਤ, ਤਰਸ ਆਉਂਦਾ ਹੈ ਤੇਰੇ ਤੇ, ਮੇਰੇ ਅੰਦਰ ਬੈਠੀ ਔਰਤ ਤੇ ਮਦਰ ਟੈਰੇਸਾ ਦਾ ਪਹਿਰਾ ਹੈ, ਮੈ ਤੇਰੀ ਕੋਈ ਮਦਦ ਨਹੀ ਕਰ ਸਕਦੀ। ਮੇਰਾ ਖਿਆਲ ਹੈ, ਆਪਾਂ ਹੁਣ ਮਹੀਨਾ ਖੰਡ ਨਾਂਹ ਹੀ ਮਿਲੀਏ। ਮੈ ਜਾਣਦੀ ਹਾਂ ਤੇਰੀ ਸੋਚ ਨੇ ਮੇਰੇ ਸਰੀਰ  ਦਾ ਪੱਲਾ ਫੜ ਲਿਆ ਹੈ। ਯਕੀਨ ਰੱਖ, ਆਪਣੇ ਆਪ ‘ਤੇ।’
ਮੀਨਾ ਜਦੋਂ ਘਰ ਪਹੁੰਚੀ ਤਾਂ ਕੋਰੀਅਰ ਦਾ ਲਿਫਾਫਾ ਉਸ ਨੂੰ ਧੀ ਨੇ ਫੜਾਇਆ। ਮੀਨਾ ਨੇ ਲਿਫਾਫਾ ਖੋਲਿਆ ਤਾਂ ਲੀਗਲ ਪੇਪਰਜ਼ ਸਨ। ਉਸ ਨੇ ਐਨਕਾਂ ਲਾਈਆਂ ਤੇ ਪੜ੍ਹਣ ਲੱਗ ਪਈ। ਨੰਜੀ ਦੇ ਵਕੀਲ ਨੇ ਭੇਜਿਆ ਸੀ। ਇਹ ਮਕਾਨ, ਨੰਜੀ ਨੇ ਉਸ ਦੇ ਨਾਮ ਤੇ  ਟਰਾਂਸਫਰ ਕਰ ਦਿੱਤਾ ਸੀ ਤੇ ਉਸ ਦੇ ਦਸਖਤਾਂ ਲਈ ਵਕੀਲ ਨੇ ਸਮਾ ਮੰਗਿਆ ਸੀ।
ਮੀਨਾ ਨੇ ਸਲੀਪਰ ਪਾਏ ਤੇ ਬਾਹਰ ਯਾਰਡ ਵਿੱਚ ਚਲੇ ਗਈ। ਸੁਨਹਿਰੀ ਚਿੜੀ ਸ਼ਾਇਦ ਉਸਦਾ ਹੀ ਇੰਤਜ਼ਾਰ ਕਰ ਰਹੀ ਸੀ। ਉਡਾਰੀ ਮਾਰ ਕੇ ਮੀਨਾ ਦੇ ਮੋਢੇ ਤੇ ਬੈਠ ਗਈ।
ਬੌਬੀ ਵੀ ਮਗਰ ਹੀ ਆ ਗਈ ਤੇ ਬੋਲੀ, ‘ਮੌਮ ਤੁਸੀਂ ਕਦੇ ਮਦਰ ਟੈਰੇਸਾ ਨੂੰ ਮਿਲੇ ਹੋ?’
‘ਕਿਉਂ?’
‘ਵੈਸੇ ਹੀ, ਹਰ ਵੇਲੇ ਤੁਸੀਂ ਮਦਰ ਟੈਰੇਸਾ ਦੀ ਗੱਲ ਜੋ ਕਰਦੇ ਰਹਿੰਦੇ ਹੋ, ਮੈ ਸੋਚਿਆ ਸ਼ਾਇਦ ਤੁਸੀਂ ਮਿਲੇ ਹੋਵੋ।’
‘ਨਹੀ ਬੌਬੀ ਜਦੋਂ ਮੈਂ ਇੰਡੀਆ ਸੀ, ਮੈ ਤੇ ਟੈਰੇਸਾ ਦਾ ਨਾਮ ਤੇ ਸੁਣਿਆ ਸੀ ਪਰ ਉਸਦੇ ਵਿਚਾਰਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਤੈਨੂੰ ਪਤਾ ਉਹ ਉਮਰ ਹੀ ਇਹੋ ਜਿਹੀ ਹੁੰਦੀ ਹੈ।’
‘ ਕੌਮ ਔਨ ਮੌਮ, ਤੁਹਾਡੀ ਉਮਰ ਨੂੰ ਹੁਣ ਕੀ ਹੋਇਆ, ਚੰਗੇ ਭਲੇ ਜਵਾਨ ਹੋ,ਸੋਹਣੇ ਹੋ, ਸੋਹਣੇ-ਸੋਹਣੇ ਕੱਪੜੇ ਪਾਇਆ ਕਰੋ,ਜ਼ਿੰਮ ਜਾਇਆ ਕਰੋ, ਤੁਹਾਨੂੰ ਜ਼ਰੂਰ ਕੋਈ ਬੁਆਏ ਫਰੈਂਡ ਮਿਲ ਜਾਵੇਗਾ।’
ਮੀਨਾ ਹੱਸ ਪਈ ਤੇ ਬੋਲੀ, ‘ਨਹੀਂ ਬੌਬੀ, ਮੇਰੇ ਅੰਦਰ ਬਹੁਤ ਕੁਝ ਮਰ ਗਿਆ ਹੈ। ਮੈ ਸਿਰਫ ਇੱਕ ਮਾਂ ਹਾਂ। ਜੇ ਮਦਰ ਟੈਰੇਸਾ ਸਲਮ ਵਿੱਚ ਰਹਿ ਕੇ ਲੋਕਾਂ ਦਾ ਸੋਚ ਸਕਦੀ ਹੈ ਤਾਂ ਕੀ ਮੈਂ ਆਪਣੇ ਬੱਚਿਆਂ ਦਾ ਨਹੀ ਸੋਚ ਸਕਦੀ? ਮੈਂ ਇੱਕ ਸ਼ਕਤੀਸ਼ਾਲੀ ਮਾਂ ਹੀ ਬਣਨਾ ਹੈ।’
‘ਉਹ  ਤੇ ਤੁਸੀਂ ਹੁਣ ਵੀ ਹੋ। ਡੈਡ ਨਾਲ ਨਹੀ ਨਿਭੀ, ਇਹ ਕੋਈ ਖਾਸ ਗੱਲ ਨਹੀ, ਬਹੁਤਿਆਂ ਨਾਲ ਹੋ ਜਾਂਦਾ ਹੈ ਪਰ ਕੋਈ ਜਿਊਣਾ ਤੇ ਨਹੀ ਛੱਡ ਦਿੰਦਾ।’
‘ਬੌਬੀ, ਤੂੰ ਨਹੀ ਸਮਝੇਂਗੀ, ਹਰ ਇੱਕ ਗੱਲ ਨੂੰ ਇੱਕੋ ਬਕਸੇ ਵਿੱਚ ਨਹੀਂ ਰੱਖਿਆ ਜਾ ਸਕਦਾ। ਤੂੰ ਆਪ ਹੀ ਤੇ ਕਹਿੰਦੀ ਹੁੰਦੀ ਹੈਂ ਕਦੇ ਵੀ ਸਾਰੇ ਆਂਡੇ ਇੱਕੋ ਟੋਕਰੀ ਵਿੱਚ ਨਹੀ ਰੱਖਣੇ ਚਾਹੀਦੇ?’
‘ ਮੇਰੇ ਕੋਲ ਕਿਹੜੇ ਆਂਡੇ ਹਨ?’
‘ਆਂਡੇ ਤੇ ਮੇਰੇ ਕੋਲ ਵੀ ਨਹੀਂ ਹਨ, ਮੈਂ ਤੇ ਗੱਲ ਕਰ ਰਹੀ ਹਾਂ ਕਿ ਸੋਚ ਦੇ ਕਈ ਦਾਇਰੇ ਹੁੰਦੇ ਹਨ। ਜੋ ਤੂੰ ਸੋਚਦੀ ਹੈਂ ਉਹ ਮੇਰੀ ਸੋਚ ਨਹੀਂ ਤੇ ਨਾਂਹ ਹੀ ਮੇਰੀ ਲੋੜ।’
‘ਫੇਰ ਤੁਹਾਡੀ ਕੀ ਲੋੜ ਹੈ?’
‘ਮੇਰੀ ਲੋੜ? ਸੋਚਣਾ ਪੈਣਾ।’
‘ਜਿਹੜੀ ਗੱਲ ਸੋਚ ਕਿ ਕੀਤੀ ਜਾਵੇ, ਉਹ ਲੋੜ ਨਹੀਂ ਹੁੰਦੀ ਮੌਮ?’
‘ਚੰਗਾ ਫੇਰ ਸੁਣ, ਮੈਂ ਚਾਹੁੰਦੀ ਹਾਂ ਜਦੋਂ ਵੀ ਮੈਂ ਮਰਾਂ, ਮੇਰੇ ਮਰਨ ਤੋਂ ਬਾਦ ਮੇਰੇ ਬੱਚੇ ਮੈਨੂੰ ਸਦਾ ਯਾਦ ਰੱਖਣ, ਉਨ੍ਹਾਂ ਨੂੰ ਮਾਣ ਮਹਿਸੂਸ ਹੋਵੇ, ਇਹ ਤਾਂ ਹੀ ਹੋਵੇਗਾ ਜੇ ਮੈਂ ਇੱਕ ਬਹੁਤ ਸਟਰੌਂਗ ਸਿੰਗਲ ਮਦਰ ਬਣਾ, ਇਹੋ ਜਹੀ ਸਟਰੌਂਗ ਕਿ ਤੁਹਾਨੂੰ ਲੱਗੇ ਕਿ ਮੈਂ ਵਾਕਿਆ ਹੀ ਮਦਰ ਟੈਰੇਸਾ ਦੀ ਸ਼ਰਧਾਲੂ ਸੀ।’
‘ਮੇਰੀ ਸਮਝ ਵਿੱਚ ਕੁਝ ਨਹੀ ਆ ਰਿਹਾ ਮੌਮ, ਬੱਸ ਇੱਕ ਗੱਲ ਹੀ ਸਮਝਦੀ ਹਾਂ ਕਿ ਮੇਰੀ ਮੌਮ ਬਹੁਤ ਚੰਗੀ ਹੈ ਤੇ ਮੈਂ ਆਪਣੀ ਮੌਮ ਨੂੰ ਬਹੁਤ ਪਿਆਰ ਕਰਦੀ ਹਾਂ।’
‘ਮੈਂ ਜਾਣਦੀ ਹਾਂ ਬੌਬੀ, ਮੇਰੀ ਅੱਖ ਵਿੱਚ ਕੋਈ ਕਿਣਕਾ ਪੈ ਜਾਵੇ,ਇਹ ਹੋ ਹੀ ਨਹੀਂ ਸਕਦਾ। ਮੈਂ ਤੇ ਆਪ ਹੀ ਸਟਰੌਂਗ ਨਹੀ ਹੋਣਾ, ਸਗੋਂ ਹੋਰ ਸਿੰਗਲ ਮਦਰਜ਼ ਨੂੰ ਸਟਰੌਂਗ ਕਰਨਾ ਹੈ, ਸਮਝੀ ਕਿ ਨਹੀ।’
‘ਸਾਰਾ ਨਹੀਂ ਮੌਮ ਬੱਸ ਥੋਰਾ ਥੋਰਾ…’
‘ਥੋਰੇ ਥੋਰੇ ਦੀ ਬੱਚੀਏ ਘੜੀ ਵੇਖ, ਤੇਰੇ ਜਾਣ ਦਾ ਸਮਾਂ ਹੋ ਗਿਆ ਹੈ।’
‘ਉਹ ਮਾਈ ਗੌਡ, ਮੈਂ ਤੇ ਲੇਟ ਹੋ ਗਈ, ਚੰਗਾ ਮੌਮ ਬਾਏ ਬਾਏ।’ ਬੌਬੀ ਨੇ ਚਾਬੀਆਂ ਚੁੱਕੀਆਂ ਤੇ ਚਲੇ ਗਈ।