January 17, 2025

ਪੁਸਤਕ ਰੀਵਿਊ : ਪੁਸਤਕ : ‘ਰੂਟਸ’

ਅਨੁਵਾਦਕ : ਦਲਜੀਤ ਸਿੰਘ ਐਡਮਿੰਟਨ

ਰੀਵਿਊਕਾਰ : ਡਾ. ਸਰਦੂਲ ਸਿੰਘ ਔਜਲਾ

ਗੁਲਾਮੀ ਅਤੇ ਜ਼ੁਲਮ ਦੀ ਗਾਥਾ ਨੂੰ ਪੇਸ਼ ਕਰਦਿਆਂ ਆਪਣੀਆਂ ਜੜ੍ਹਾਂ ਦੀ ਤਲਾਸ਼ ਦੀ ਬਿਰਤਾਂਤਕਾਰੀ ਐਲੈਕਸ ਹੈਲੀ ਦਾ ਨਾਵਲ ‘ਰੂਟਸ’
(ਨਾਵਲ)

ਕੋਈ ਵੀ ਮਨੁੱਖ ਆਪਣੀ ਵਿਰਾਸਤ ਬਾਰੇ ਜਾਣਨ ਲਈ ਹਮੇਸ਼ਾ ਹੀ ਉਤਸੁਕ ਰਹਿੰਦਾ ਹੈ ਕਿ ਉਹ, ਉਸ ਦੇ ਵੱਡ-ਵਡੇਰੇ ਕੌਣ ਸਨ ਕਿੱਥੇ ਵਸਦੇ ਸਨ ਅਤੇ ਉਨ੍ਹਾਂ ਦਾ ਰਹਿਣ ਸਹਿਣ ਕਿਹੋ ਜਿਹਾ ਸੀ। ਕਿਸੇ ਦੀ ਵਿਰਾਸਤ ਜਿੰਨੀ ਮਹਾਨ ਹੋਵੇਗੀ ਓਨਾ ਹੀ ਮਨੁੱਖ ਸੰਜੀਦਾ, ਈਮਾਨਦਾਰ ਅਤੇ ਮਾਨਵੀ ਭਲਾਈ ਕਰਨ ਵਾਲਾ ਹੋਵੇਗਾ। ਇੱਥੇ ਮਹਾਨ ਤੋਂ ਭਾਵ ਕਿਸੇ ਵੀ ਵਿਰਾਸਤ ਦੀ ਅਮੀਰੀ ਵੀ ਹੈ ਅਤੇ ਸਮਾਜ ਅਤੇ ਮਾਨਵਤਾ ਨੂੰ ਦੇਣ ਵੀ ਹੈ ਨਹੀਂ ਤਾਂ ਵਿਰਾਸਤਾਂ ਤਾਂ ਜ਼ਾਲਮ ਵਿਅਕਤੀਆਂ ਦਾ ਜ਼ਿਕਰ ਵੀ ਇਤਿਹਾਸ ਵਿਚ ਆਉਂਦਾ ਹੈ। ਵਿਰਾਸਤੀ ਨਿਸ਼ਾਨੀਆਂ ਦੀ ਖੋਜ ਕਿਸੇ ਵੀ ਜਗਿਆਸੂ ਲਈ ਬਹੁਤ ਵਾਰੀ ਮਿਸ਼ਨ ਬਣ ਜਾਂਦੀ ਹੈ ਪਰ ਸ਼ਰਤ ਇੱਥੇ ਵੀ ਉਹੋ ਹੈ ਕਿ ਵਿਰਾਸਤ ਹਾਂਵਾਚੀ ਅਤੇ ਮਹਾਨ ਹੋਵੇ। ਐਲੈਕਸ ਹੈਲੀ ਦਾ ਜਨਮ ਨਿਊਯਾਰਕ ਇਥਾਕਾ ਵਿਚ 1921 ਈ. ਨੂੰ ਹੋਇਆ। ਇਹ ਨਾਵਲ ਪੈਲੈਕਸ ਹੈਲੀ ਦੀ 12 ਸਾਲ ਦੀ ਨਿਰੰਤਰ ਖੋਜ ਦਾ ਨਤੀਜਾ ਹੈ। ਇਹ ਨਾਵਲ ਏਨਾ ਮਹਾਨ ਹੋ ਨਿਬੜਿਆ ਕਿ ਇਸ ਨੂੰ ਐਪਿਕ ਦਾ ਦਰਜਾ ਵੀ ਦਿੱਤਾ ਗਿਆ। ’ਰੂਟਸ’ ਤੋਂ ਭਾਵ ਜੜ੍ਹਾਂ ਹੀ ਹਨ ਅਤੇ ਇਸ ਨਾਵਲ ਵਿਚ ਆਪਣੀਆਂ ਜੜ੍ਹਾਂ ਭਾਵ ਵਿਰਾਸਤ ਦੀ ਹੀ ਖੋਜ ਕੀਤੀ ਗਈ ਹੈ। ਇਸ ਨਾਵਲ ਵਿਚ ਅਫਰੀਕਨਾਂ ਤੇ ਹੁੰਦੇ ਜ਼ੁਲਮ ਅਤੇ ਉਹਨਾਂ ਨੂੰ ਗੁਲਾਮ ਬਣਾਏ ਜਾਣ ਦੀ ਗਾਥਾ ਦਾ ਬਿਰਤਾਂਤ ਇਸ ਵੱਡ ਅਕਾਰੀ ਨਾਵਲ ਦੇ 828 ਪੰਨਿਆਂ ਉੱਤੇ ਫੈਲਿਆ ਹੋਇਆ ਹੈ। ਇਹ ਅਮਰੀਕਨਾਂ ਦੇ ਜ਼ੁਲਮ ਦੀ ਕਹਾਣੀ ਹੈ, ਜੋ ਆਪਣਏ ਗੁਲਾਮਾਂ ‘ਤੇ ਕਰਦੇ ਸਨ। ਇਹ ਗੁਲਾਮ ਅਫ਼ਰੀਕੀ ਮੁਲਕਾਂ ਤੋਂ ਲਿਜਾਏ ਜਾਂਦੇ ਸਨ।
ਨਾਵਲ ਵਿਚ ਨਾਵਲਕਾਰ ਨੇ ਬਿਰਤਾਂਤਕਾਰ ਦੇ ਲੰਮੇਰੀ ਪੀੜ੍ਹੀ ਦੇ ਨਾਨਾ (ਜਿਸ ਨੂੰ ਅਸੀਂ ਨੱਕੜਨਾਨਾ ਜਾਂ ਉਸ ਤੋਂ ਵੀ ਪਿੱਛੇ ਕੋਈ ਰਿਸ਼ਤਾ ਦੇ ਸਕਦੇ ਹਾਂ) ‘ਕਿੰਤੇ’ ਨੂੰ ਅਫ਼ਰੀਕਾ ਦੇ ਗੈਂਬੀਆ ਇਲਾਕੇ ਵਿਚੋਂ ਗੁਲਾਮ ਬਣਾ ਕੇ ਅਮਰੀਕਾ ਦੀ ਧਰਤੀ ਉੱਤੇ ਲੈ ਜਾਣ ਦੀ ਕਰੁਣਾਮਈ ਦਾਸਤਾਨ ਪੇਸ਼ ਕੀਤੀ ਹੈ। ਨਾਵਲ ਦੇ ਮੁੱਢਲੇ ਹਿੱਸੇ ਵਿਚ ‘ਕਿੰਤੇ’ ਜਾਂ ਕਿੱਤਾ ਆਪਣੇ ਕਬੀਲੇ ਦੇ ਲੋਕਾਂ ਨਾਲ ਘਰੇਲੂ ਜ਼ਿੰਦਗੀ ਬਸਰ ਕਰਦਾ ਹੈ। ਇੱਥੇ ਲੇਖਕ ਨੇ ਇਨ੍ਹਾਂ ਕਬੀਲਾਈ ਲੋਕਾਂ ਦੇ ਰੀਤੀ ਰਿਵਾਜਾਂ ਅਤੇ ਰਹਿਣ-ਸਹਿਣ ਬਾਰੇ ਵੀ ਵਿਸਤ੍ਰਿਤ ਵੇਰਵੇ ਪ੍ਰਸਤੁਤ ਕੀਤੇ ਹਨ। ਇਨ੍ਹਾਂ ਕਬੀਲਾਈ ਲੋਕਾਂ ਦੇ ਕੰਮ-ਕਾਰਾਂ ਅਤੇ ਸਾਦਗੀ ਭਰੀ ਜ਼ਿੰਦਗੀ ਨੂੰ ਨਾਵਲਕਾਰ ਨੇ ਮੁਢਲੇ ਕਾਂਡਾਂ ਵਿਚ ਬਾਖੂਬੀ ਪੇਸ਼ ਕੀਤਾ ਹੈ। ਜਿਵੇਂ—
ਗਰਮ ਸੂਰਜ ਹਾਲੇ ਡੁੱਬਣ ਹੀ ਲੱਗਾ ਸੀ ਜਦੋਂ ਲੋਕ ਫਿਰ ਅਖਾੜੇ ਦੁਆਲੇ ਇਕੱਠੇ ਹੋ ਗਏ। ਸਾਰਿਆਂ ਨੇ ਵਧੀਆ ਪੁਸ਼ਾਕਾਂ ਪਾਈਆਂ ਹੋਈਆਂ ਸਨ। ਢੋਲਾਂ ਦੇ ਮੱਧਮ ਡੱਗੇ ਦੀ ਆਵਾਜ਼ ਵਿਚ ਘੁਲਣ ਵਾਲੀਆਂ ਦੋਨੋਂ ਟੀਮਾਂ ਮੈਦਾਨ ਵਿਚ ਆ ਗਈਆਂ। ਪਹਿਲਵਾਨ ਸਲਾਮਾਂ ਕਰਦੇ। ਆਪਣੇ ਪੱਠਿਆਂ ਨੂੰ ਮਟਕਾਉਂਦੇ ਨਿੱਕੇ-ਨਿੱਕੇ ਘੁੰਗਰੂਆਂ ਨੂੰ ਛਣਕਾਉਂਦੇ ਫਿਰਨ ਲੱਗੇ। ਦਰਸ਼ਕ ਉਹਨਾਂ ਦੀ ਤਾਕਤ ਅਤੇ ਸ਼ਾਨ ਦੀ ਵਡਿਆਈ ਕਰਦੇ ਸਨ। ਅਚਾਨਕ ਢੋਲ ਜ਼ੋਰ ਦੀ ਵੱਜਣ ਲੱਗੇ। ਕੁਆਰੀਆਂ ਕੁੜੀਆਂ ਭੱਜਕੇ ਅਖਾੜੇ ਵਿਚ ਦਾਖਲ ਹੋਈਆਂ। ਪਹਿਲਵਾਨਾਂ ਵਿਚ ਸੰਗਦੀਆਂ ਤਾਣਾ ਤਣਨ ਲੱਗੀਆਂ ਅਤੇ ਲੋਕਾਂ ਨੇ ਤਾਲੀਆਂ ਵਜਾਈਆਂ। ਢੋਲਚੀਆਂ ਨੇ ਜ਼ੋਰ ਦੀ ਅਤੇ ਤੇਜ਼ ਤਾਲ ਨਾਲ ਢੋਲ ਵਜਾਉਣੇ ਸ਼ੁਰੂ ਕਰ ਦਿੱਤੇ। ਕੁੜੀਆਂ ਵੀ ਉਸੇ ਤਾਲ ਨਾਲ ਪੱਬ ਮਾਰਨ ਲੱਗੀਆਂ। 1
ਇਸੇ ਤਰ੍ਹਾਂ ਨਾਵਲਕਾਰ ਨੇ ਇਸ ਇਲਾਕੇ ਵਿਚ ਵਪਾਰੀਆਂ ਦੇ ਆਉਣ ਅਤੇ ਉਨ੍ਹਾਂ ਲੋਕਾਂ ਦੇ ਖਾਣ-ਪੀਣ ਦੇ ਫੇਸਾਂ ਢੰਗਾਂ ਬਾਰੇ ਵੀ ਜ਼ਿਕਰ ਛੇੜਿਆ ਹੈ। ਬੱਕਰੀਆਂ ਚਾਰਨ ਜਾਣ, ਯੋਧਿਆਂ ਦੀ ਮੌਖਿਕ ਬੀਰ ਗਾਥਾਵਾਂ ਅਤੇ ਮੇਲਿਆਂ ਬਾਰੇ ਵੀ ਨਾਵਲ ਵਿਚ ਵੇਰਵੇ ਮਿਲ ਜਾਂਦੇ ਹਨ।
ਲੇਖਕ ਨੇ ਇਸ ਗੁਲਾਮੀ ਦੀ ਦਾਸਤਾਨ ਦੇ ਬੀਜ ਪਹਿਲਾਂ ਹੀ ਪਾਠਕਾਂ ਦੇ ਸਨਮੁੱਖ ਕਰ ਦਿੱਤੇ ਹਨ, ਭਾਵੇਂ ਕਿ ‘ਕਿੰਤੋ’ ਬਾਅਦ ਵਿਚ ਫੜ ਅਮਰੀਕਾ ਲਿਜਾਇਆ ਜਾਂਦਾ ਹੈ ਨਾਵਲ ਵਿਚਲੇ ਪਾਤਰ ਲਮੀਨ ਦੀ ਆਪਣੇ ਪਿਓ ਨਾਲ ਪੇਸ਼ ਹੋਈ ਸੰਵਾਦੀ ਗੱਲਬਾਤ ਇਸ ਨੂੰ ਪ੍ਰਮਾਣਿਕ ਕਰ ਦਿੱਤੀ ਹੈ। ਜਿਵੇਂ ਨਾਵਲ ਵਿਚਲਾ ਪਾਤਰ ਉਮਰੋ ਦੀ ਲਮੀਨ ਅਤੇ ਕਿੰਤੋ ਦੀ ਗੱਲਬਾਤ ਵਿਚੋਂ ਇਹ ਗੁਲਾਮੀ ਦੀ ਦਾਸਤਾਨ ਦੇ ਬੀਜ ਸਹਿਜ ਰੂਪ ਵਿਚ ਪਾਠਕ ਪ੍ਰਾਪਤ ਕਰ ਲੈਂਦਾ ਹੈ ਪਰ ਨਾਵਲ ਵਿਚਲੇ ਪਾਤਰ ਕਿੰਤੋ ਨੂੰ ਅਜੇ ਤੱਕ ਇਹ ਨਹੀਂ ਸੀ ਪਤਾ ਕਿ ਉਸ ਨਾਲ ਵੀ ਇਹ ਭਾਣਾ ਵਾਪਰ ਜਾਵੇਗਾ। ਭਾਵ ਉਹ ਵੀ ਗੁਲਾਮ ਬਣ ਜਾਵੇਗਾ। ਨਾਵਲ ਵਿਚ ਵੇਰਵਾ ਪੇਸ਼ ਹੈ। ਜਿੱਥੇ ਲਮੀਨ ਦਾ ਅੱਬਾ ਉਮਰੋ ਕਿੰਤੋ ਤੇ ਲਮੀਨ ਨੂੰ ਦੱਸਦਾ ਹੈ ਜਦੋਂ ਗੁਲਾਮਾਂ ਦੇ ਲੈ ਜਾਣ ਬਾਰੇ ਪੁੱਛਣਾ ਹੈ—
—ਅੱਬਾ ਲਮੀਨ ਦੀ ਆਵਾਜ਼ ਨੇ ਡਰ ਨਾਲ ਚੂੰ ਚੂੰ ਕੀਤੀ ਅਤੇ ਕੁੰਤਾ ਵਿਆਕੁਲ ਸੀ, ”ਵੱਡੀਆਂ ਕਿਸ਼ਤੀਆਂ ਇਨ੍ਹਾਂ ਚੁਰਾਵੇ ਲੋਕਾਂ ਨੂੰ ਕਿੱਥੇ ਲੈ ਜਾਂਦੀਆਂ ਹਨ। 2
ਅੱਬਾ ਦੱਸਦਾ ਹੈ—
”ਵੱਡੇ ਦਸਦੇ ਨੇ ਕਿ ਜੈਂਗ ਸੈਂਗ ਡੂ ਲੈ ਜਾਂਦੇ ਨੇ, ”ਉਮਰੇ ਨੇ ਉੱਤਰ ਦਿੱਤਾ। ਇਹ ਉਹ ਥਾਂ ਹੈ ਜਿੱਥੇ ਗੁਲਾਮਾਂ ਨੂੰ ਵੱਡੇ ਵੱਡੇ ਆਦਮਖੋਰਾਂ ਕੋਲ ਵੇਚ ਦਿੱਤਾ ਜਾਂਦਾ ਹੈ। ਇਨ੍ਹਾਂ ਟੂਬਾਬੋ ਭੂਮੀ ਕਹਿੰਦੇ ਹਨ ਜਿਹੜੇ ਸਾਊ ਖਾ ਜਾਂਦੇ ਹਨ। ਕੋਈ ਆਦਮੀ ਇਸ ਤੋਂ ਵੱਧ ਨਹੀਂ ਜਾਣਦਾ। 3
ਇਕ ਦਿਨ ਲੱਕੜਾਂ ਕੱਟਣ ਗਿਆ ਕਿੰਤੋ ਵੀ ਇਹਨਾਂ ‘ਟੂਬਾਬਾ’ ਵੱਲੋਂ ਗੁਲਾਮ ਬਣਾ ਲਿਆ ਜਾਂਦਾ ਹੈ। ਪਕੜ ਕੇ ਜਦੋਂ ਇਹ ਜ਼ੁਲਮੀ ਲੋਕ ਉਸ ਨੂੰ ਅਤੇ ਉਸ ਵਰਗੇ ਹੋਰ ਗੁਲਾਮਾਂ ਨੂੰ ਆਪਣੇ ਨਾਲ ਲੈ ਜਾਂਦੇ ਹਨ ਤਾਂ ਰਸਤੇ ਵਿਚ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਅਣਮਨੁੱਖੀ ਜਾਚਨਾਵਾਂ ਦਿੰਦੇ ਹਨ। ਕਈ ਵਾਰ ਤਾਂ ‘ਕਿੰਤੋ’ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਦੇ ਵੇਰਵੇ ਨਾਵਲ ਵਿਚ ਦਰਜ ਹਨ ਪਰ ਨਾਕਾਮ ਰਿਹਾ ਤੇ ਇਨ੍ਹਾਂ ਲੋਕਾਂ ਦੇ ਜ਼ੁਲਮ ਦੇ ਸ਼ਿਕਾਰ ਬਣਿਆ ਰਿਹਾ। ਜਿਵੇਂ—
ਸੰਗਲਾਂ ਨਾਲ ਬੰਨ੍ਹੇ ਆਦਮੀ ਸਹਿਮ ਕੇ ਠੰਢੇ ਸੀਤ ਬੈਠੇ ਸਨ। ਕੁੰਤਾ ਦੀਆਂ ਬਾਹਾਂ ਉਸ ਦੇ ਮੋਡਿਆਂ ਦੁਆਲੇ ਕੱਸੀਆਂ ਹੋਈਆਂ ਸਨ ਅਤੇ ਉਸ ਦੀਆਂ ਅੱਖਾਂ ਬੰਦ ਜਕੜੀਆਂ ਹੋਈਆਂ ਸਨ ਜਿਵੇਂ ਕਿ ਉਸ ਨੂੰ ਅਧਰੰਗ ਹੋ ਗਿਆ ਹੋਵੇ। 4
ਇਹ ਗੁਲਾਮ ਇਨ੍ਹਾਂ ਸੰਗਲਾਂ ਦੇ ਏਨੇ ਆਦੀ ਹੋ ਚੁੱਕੇ ਸਨ ਉਹ ਇਨ੍ਹਾਂ ਤੋਂ ਆਜ਼ਾਦ ਹੋ ਕੇ ਹੋਰ ਜ਼ੁਲਮ ਨਹੀਂ ਸਹਿਣਾ ਚਾਹੁੰਦੇ ਸਨ ਵੇਰਵੇ ਪੇਸ਼ ਹੈ—
ਉਹ ਨਹੀਂ ਚਾਹੁੰਦੇ ਸਨ ਕਿ ਉਹ ਸੰਗਲਾਂ ਨੂੰ ਛੱਡਣ ਕਿਉਂਕਿ ਉਹ ਉਹਨਾਂ ਦੇ ਸਰੀਰਾਂ ਦੇ ਸਾਥੀ ਬਣ ਚੁੱਕੇ ਸਨ-ਉਹਨਾਂ ਨੂੰ ਹੰਟਰ ਵੱਜਣ ਲੱਗੇ। ਪਹਿਲਾਂ ਹੰਟਰ ਉਹਨਾਂ ਦੇ ਸਿਰ ਉੱਤੇ ਵੱਜੇ, ਅਤੇ ਫਿਰ ਪਿੱਠਾਂ ਉੱਤੇ। ਕੁਝ ਹੀ ਪਲਾਂ ਵਿਚ ਚੀਕਾਂ ਦੇ ਦਰਮਿਆਨ ਉਹਨਾਂ ਨੇ ਸੰਗਲ ਛੱਡ ਦਿੱਤੇ। ਉਹ ਆਪਣੇ ਪੈਰਾਂ ਉੱਤੇ ਲੜਖੜਾ ਗਏ। 5
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਗੁਲਾਮੀ ਮਨੁੱਖ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਏਨਾ ਤੋੜ ਦਿੰਦੀ ਹੈ ਕਿ ਉਹ ਆਜ਼ਾਦੀ ਦਾ ਸੁਪਨਾ ਵੀ ਨਹੀਂ ਲੈ ਸਕਦਾ, ਕਿਉਂਕਿ ਉਹ ਇਸ ਗੁਲਾਮੀ ਭਰੀ ਜ਼ਿੰਦਗੀ ਦਾ ਆਦੀ ਹੋ ਚੁੱਕਾ ਹੁੰਦਾ ਹੈ। ਉਸ ਦੀ ਮਾਨਸਿਕ ਸਥਿਤੀ ਏਨੀ ਛੇਤੀ ਬਦਲ ਨਹੀਂ ਸਕਦੀ ਕਿ ਉਹ ਆਜ਼ਾਦੀ ਦਾ ਸੁਪਨਾ ਲੈ ਸਕੇ। ਇਨ੍ਹਾਂ ਗੁਲਾਮਾਂ ਦੀ ਮਾਨਸਿਕਤਾ ਵੀ ਅਜਿਹੀ ਹੀ ਬਣ ਚੁੱਕੀ ਸੀ। ਕਿੰਤੋ ਨੇ ਭਾਵੇਂ ਆਜ਼ਾਦੀ ਦਾ ਸੁਪਨਾ ਲਿਆ ਪਰ ਉਹ ਫੜਿਆ ਗਿਆ ਪਰ ਅਖੀਰ ਦਿਨ ਗੁਲਾਮੀ ਦੇ ਪਿੰਜਰੇ ਵਿਚ ਫਸਕੇ ਉਸ ਨੇ ‘ਮਾਲੀ’ ਅਤੇ ਕੋਚਵਾਨ ਬਣ ਕੇ ਹੀ ਆਪਣੀ ਜ਼ਿੰਦਗੀ ਬਸਰ ਕੀਤੀ। ਉਸ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਫਿਰ ਇਕ ਵਾਰ ਵੱਧਦਾ ਫੁੱਲਦਾ ਹੈ। ਇੱਥੇ ਨਾਵਲੀ ਬਿਰਤਾਂਤ ਵੀ ਨਵਾਂ ਮੋੜ ਲੈਂਦਾ ਹੈ, ਜਿੱਥੇ ਬਿਰਤਾਂਤਕਾਰ ‘ਮੈਂ’ ਪਾਤਰ ਦੇ ਰੂਪ ਵਿਚ ਖੁਦ ਆਪ ਨਾਵਲ ਵਿਚ ਹਾਜ਼ਰ ਹੋ ਜਾਂਦਾ ਹੈ, ਇਹੀ ਆਪਣੀਆਂ ਜੜ੍ਹਾਂ ਦੀ ਤਲਾਸ਼ ਵਿਚ ਗੈਂਬੀਆ ਵੱਲ ਜਾਂਦਾ ਹੈ। ਨਾਵਲ ਦੇ 117ਵੇਂ ਕਾਂਡ ਦੇ ਅਖੀਰ ਵਿਚ ਇਹ ਵੇਰਵਾ ਪੇਸ਼ ਹੋਇਆ ਹੈ, ਜਦੋਂ ਕਿੰਤੋ ਦੇ ਖਾਨਦਾਨ ਦੀ ਲੜਕੀ ‘ਬਰਖਾ’ ਜੋ ‘ਸਿੰਥੀਆ’ ਦੀ ਧੀ (ਇਹ ਬਰਖਾ ਵੀ ਕਿੰਤੋ ਦੀ ਪਰਿਵਾਰਕ ਮੈਂਬਰ ਹੈ) ਨੂੰ ਆਪਣਾ ਨਵਜੰਮਿਆ ਪੁੱਤਰ ਤੋਹਫ਼ੇ ਦੇ ਰੂਪ ਵਿਚ ਦਿੰਦੀ ਹੈ ਬਿਰਤਾਂਤਕਾਰ ਦੱਸਦਾ ਹੈ—
ਇਹ ਬੇਬੀ ਮੁੰਡਾ ਛੇ ਹਫ਼ਤੇ ਦਾ ਸੀ ਅਤੇ ਉਹ ਮੈਂ ਸੀ। ਇਹ ਸਾਰੀ ਘਟਨਾ ਭਾਵੇਂ ਪਾਠਕ ਨੂੰ ਪਤਾ ਹੁੰਦੀ ਹੈ ਪਰ ਇਸ ਬੇਬੀ ਬਾਰੇ ਲੇਖਕ ਨੇ ਰਹੱਸਮਈ ਜੁਗਤ ਨਾਲ ਭੇਦ ਕਾਇਮ ਰੱਖਿਆ ਹੈ। ਇਹੀ ‘ਮੈਂ’ ਪਾਤਰ ਹੀ ਬਾਅਦ ਵਿਚ ਅਫ਼ਰੀਕਾ ਪਹੁੰਚ ਕੇ ਆਪਣੀਆਂ ‘ਜੜ੍ਹਾਂ’ ਭਾਵ ‘ਰੂਟਸ’ ਦੀ ਤਲਾਸ਼ ਕਰਦਾ ਹੈ। ਬਿਰਤਾਂਤਕਾਰ ਦੱਸਦਾ ਹੈ ਕਿ ਉਸ ਨੇ ਇਸ ਰਾਜ਼ ਲਈ ਸਖ਼ਤ ਮਿਹਨਤ ਕੀਤੀ ਬਹੁਤ ਸਾਰੇ ਹੀਲੇ ਵਸੀਲੇ ਜੋ ਇਤਿਹਾਸਕ ਵੀ ਸਨ ਅਤੇ ਮੌਖਿਕ ਕਹਾਣੀਆਂ ਕਥਾਵਾਂ ਦੇ ਰੂਪ ਵਿਚ ਵੀ ਸਨ ਅਤੇ ਅਜਾਇਬ ਘਰਾਂ ਵਿਚ ਸੁਰੱਖਿਅਤ ਲਿਖਤਾਂ ਦੇ ਰੂਪ ਵਿਚ ਵੀ ਸਨ ਦਾ ਇਸਤੇਮਾਲ ਕੀਤਾ। ਲੇਖਕ ਫਰਾਂਸੀਸੀ ਲੇਖਕ ਦੀ ਅਗਿਆਤ ਭਾਸ਼ਾ ਨੂੰ ਪੜ੍ਹਨ ਦੀ ਜੁਗਤ ਵੀ ਆਪਣੀਆਂ ਜੜ੍ਹਾਂ ਤਲਾਸ਼ਣ ਲਈ ਵਰਤੀ ਅਤੇ ਭਾਸ਼ਾ ਦੀ ਉਨ੍ਹਾਂ ਧੁਨੀਆਂ ਦੀ ਤਲਾਸ਼ ਕੀਤੀ ਜੋ ਉਸਦੇ ਬਜ਼ੁਰਗ ਜ਼ਿਆਦਾ ਬੋਲਦੇ ਸਨ। ਕਜ਼ਨ ਜਾਰਜੀਆ ਨਾਂ ਦੀ ਔਰਤ ਇਸੇ ਤਲਾਸ਼ ਦੌਰਾਨ ਉਸ ਨੂੰ ਦੱਸਦੀ ਹੈ—
”ਹਾਂ ਬੇਟੇ ਉਹ ਅਫ਼ਰੀਕਨ ਆਪਣਾ ਨਾਮ ‘ਕਿੰਤੋ’ ਕਹਿੰਦਾ ਸੀ… ਉਹ ਗਿਟਾਰ ਨੂੰ ‘ਕੋ’ ਦਰਿਆ ਨੂੰ ‘ਕੈਂਬੀ ਬੋਲਾਂਗੋ’ ਕਹਿੰਦਾ ਸੀ। ਉਹ ਬਣਾਉਣ ਵਾਸਤੇ ਲੱਕੜ ਵੱਢ ਰਿਹਾ ਸੀ ਜਦੋਂ ਉਹਨਾਂ ਨੇ ਉਸ ਨੂੰ ਫੜ ਲਿਆ।” 7
ਇਸ ਨਾਵਲ ਨੂੰ ਪੜ੍ਹਦਿਆਂ ਪਾਠਕ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਹ ਕਿਸੇ ਇਤਿਹਾਸਕ ਪੁਸਤਕ ਨੂੰ ਪੜ੍ਹ ਰਿਹਾ ਹੋਵੇ। ਨਾਵਲਕਾਰ ਨੇ ਇਸ ਨਾਵਲ ਨੂੰ ਇਤਿਹਾਸਕ ਪੁੱਠ ਦੇਣ ਲਈ ਬਹੁਤ ਸਾਰੇ ਇਤਿਹਾਸਕ ਤੱਥ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਮਿਸਾਲ ਵਜੋਂ ਜਦੋਂ ਅਸੀਂ ਨਾਵਲ ਪੜ੍ਹਦੇ ਹਾਂ ਤਾਂ ਇਤਿਹਾਸਕ ਤਰੀਕਾਂ ਦੀ ਰੌਸ਼ਨੀ ਵਿਚ ਬਿਰਤਾਂਤ ਨੂੰ ਅੱਗੇ ਤੋਰਿਆ ਗਿਆ ਹੈ। ਮਿਸਾਲ ਵਜੋਂ—
—ਜਦੋਂ ਬੱਚਾ ਪੈਦਾ ਹੋਇਆ। 1806 ਸਰਦੀ ਦੇ ਦਿਨ ਸਨ। 8
—1836 ਦੀ ਕੁੱਕੜ ਲੜਾਈਆਂ ਦੀ ਰੁੱਤ ਖ਼ਤਮ ਹੋਈ ਨੂੰ ਥੋੜ੍ਹਾ ਚਿਰ ਹੀ ਹੋਇਆ ਸੀ। 10
—1862 ਦੀ ਬਸੰਤ ਰੁੱਤ ਸੀ ਅਤੇ ਲੋਢਾ ਵੇਲਾ ਸੀ। 11
ਇਸ ਤੋਂ ਇਲਾਵਾ ਬਹੁਤ ਸਾਰੀਆਂ ਥਾਵਾਂ ਦੇ ਨਾਲ-ਨਾਲ ਅਮਰੀਕੀ ਰਾਸ਼ਟਰਪਤੀ ਲਿੰਕਨ ਦਾ ਜ਼ਿਕਰ ਵੀ ਨਾਵਲ ਵਿਚ ਆਇਆ, ਜੋ ਇਤਿਹਾਸਕ ਵਿਅਕਤੀ ਅਤੇ ਘਟਨਾ ਵੱਲ ਇਸ਼ਾਰਾ ਕਰਦਾ ਹੈ।
ਮੂਲ ਰੂਪ ਵਿਚ ਨਾਵਲ ਬਹੁਤ ਸਾਰੇ ਵਿਸ਼ਾਗਤ ਪਹਿਲੂ ਆਪਣੇ ਆਕਾਰ ਮੁਤਾਬਿਕ ਬਿਰਤਾਂਤਕ ਕਲੇਵਰ ਵਿਚੋਂ ਸਮੇਟਦਾ ਅਫ਼ਰੀਕਨ ਲੋਕਾਂ ਨੂੰ ਗੁਲਾਮ ਬਣਾਉਣ ਅਤੇ ਵੱਖ-ਵੱਖ ਜਾਚਨਾਵਾਂ ਦਿੰਦਿਆਂ ਹੋਇਆਂ ਅਮਰੀਕਾ ਵਿਚ ਲਿਜਾ ਕੇ ਉਹਨਾਂ ਨੂੰ ਆਪਣੇ ਹਿੱਤਾਂ ਲਈ ਵਰਤਣ ਦੇ ਵਰਤਾਰੇ ਨੂੰ ਪੇਸ਼ ਕਰਦਾ ਹੈ। ਜਿਸ ਦੌਰਾਨ ਉਹ ਇਹਨਾਂ ਜ਼ੁਲਮਾਂ ਨੂੰ ਝੱਲਦੇ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਸਨ ਅਤੇ ਮੌਤ ਦੇ ਆਗੋਸ਼ ਵਿਚ ਵੀ ਚਲੇ ਜਾਂਦੇ ਸਨ ਪਰ ਜੇਕਰ ਕਿਸੇ ਵਿਅਕਤੀ ਨੂੰ ਆਪਣੀਆਂ ਜੜ੍ਹਾਂ ਤਲਾਸ਼ਣ ਦਾ ਜਨੂੰਨ ਹੋਵੇ ਤਾਂ ਉਹ ਆਪਣੀਆਂ ਜੜ੍ਹਾਂ ਵੀ ਤਲਾਸ਼ ਸਕਦਾ ਹੈ।
ਨਾਵਲ ਦਾ ਆਖਰੀ ਹਿੱਸਾ ਤਾਂ ਬਿਲਕੁਲ ਇਤਿਹਾਸਕ ਦਸਤਾਵੇਜ਼ ਹੀ ਹੈ, ਜਿੱਥੇ ਬਹੁਤ ਸਾਰੀ ਤੱਥਾਤਮਕ ਜਾਣਕਾਰੀ ਉਪਲਬੱਧ ਕਰਵਾਈ ਗਈ ਹੈ। ਨਾਵਲ ਦੇ ਅਖੀਰ ਵਿਚ ‘ਮੈਂ’ ਪਾਤਰ ਦੇ ਸੰਵਾਦੀ ਸ਼ਬਦ ਕਾਬਲੇ ਗੌਰ ਹਨ, ਜੋ ਧਿਆਨ ਦੀ ਮੰਗ ਕਰਦੇ ਹਨ—
ਆਖਰ ਮੈਂ ਆਪਣੀਆਂ ਸੱਤਾਂ ਪੁਸ਼ਤਾਂ ਦਾ ਤਾਣਾ ਪੇਟਾ ਇਸ ਕਿਤਾਬ ਵਿਚ ਬੁਣ ਦਿੱਤਾ ਹੈ। ਇਹ ਕਿਤਾਬ ਹੁਣ ਤੁਹਾਡੇ ਹੱਥਾਂ ਵਿਚ ਹੈ। ਜਿਹੜੇ ਸਾਲਾਂ ਦੌਰਾਨ ਮੈਂ ਇਹ ਕਿਤਾਬ ਲਿਖਦਾ ਰਿਹਾਂ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਰਿਹਾਂ ਇਹ ਕਿਤਾਬ ‘ਰੂਟਸ’ ਕਿਸ ਤਰ੍ਹਾਂ ਦੀ ਹੋਵੇਗੀ। ਕੁਦਰਤੀ ਤੌਰ ‘ਤੇ ਕੋਈ ਮੈਨੂੰ ਪੁੱਛਦਾ, ”ਰੂਟਸ ਵਿਚ ਕਿੰਨੀ ਕੁ ਅਸਲੀਅਤ ਹੈ ਕਿੰਨੀ ਕੁ ਗਲਪ ਹੈ?” ਮੈਂ ਆਪਣੀ ਸੂਝ ਅਤੇ ਯਤਨਾਂ ਅਨੁਸਾਰ ਕਹਿ ਸਕਦਾ ਹਾਂ ਕਿ ‘ਰੂਟਸ’ ਵਿਚ ਦਿੱਤਾ ਹਰੇਕ ਵੰਸ਼-ਬਿਆਨ ਮੇਰੇ ਅਫ਼ਰੀਕਰਨ ਜਾਂ ਅਮਰੀਕਨ ਪਰਿਵਾਰਾਂ ਵੱਲੋਂ ਸਾਂਭ ਕੇ ਰੱਖਿਆ ਗਿਆ ਮੌਖਿਕ ਇਤਿਹਾਸ ਹੈ। 12
ਇਸ ਵੱਡਅਕਾਰੀ ਨਾਵਲ ‘ਰੂਟਸ’ ਵਿਚ ਜਿੱਥੇ ਬਿਆਨੀਆ ਸ਼ੈਲੀ ਦਾ ਇਸਤੇਮਾਲ ਕੀਤਾ ਗਿਆ ਹੈ ਉੱਥੇ ਕਈ ਥਾਵਾਂ ‘ਤੇ ਨਾਟਕੀ ਬਿਰਤਾਂਤਕ ਸ਼ੈਲੀ ਵੀ ਬਾਖੂਬੀ ਪੇਸ਼ ਹੋਈ ਹੈ। ਮਿਸਾਲ ਵਜੋਂ ਨਾਵਲ ਦੇ 74ਵੇਂ ਕਾਂਡ ਅਤੇ 112ਵੇਂ ਕਾਂਡ ਵਿਚ ਇਹ ਪ੍ਰਭਾਵਸ਼ਾਲੀ ਰੂਪ ਵਿਚ ਵਰਤੀ ਗਈ ਹੈ। ਜਦੋਂ ਅਸੀਂ ਨਾਵਲੀ ਅਨੁਵਾਦ ਦੀ ਗੱਲ ਕਰਦੇ ਹਾਂ ਤਾਂ ਦਲਜੀਤ ਸਿੰਘ ਐਡਮਿੰਟਨ ਦੀ ਮਿਹਨਤ ਇਸ ਨਾਵਲ ਦੇ ਅਨੁਵਾਦ ਵਿਚੋਂ ਪ੍ਰਤੱਖ ਦਿਖਾਈ ਦਿੰਦੀ ਹੈ। ਨਾਵਲ ਅਨੁਵਾਦਿਤ ਨਾਲੋਂ ਮੌਲਿਕਤਾ ਦੇ ਨੇੜੇ ਜ਼ਿਆਦਾ ਪ੍ਰਤੀਤ ਹੁੰਦਾ ਹੈ। ਇਹ ਤਾਂ ਹੀ ਸੰਭਵ ਹੋ ਸਕਿਆ ਸੀ ਕਿ ਕਿਉਂਕਿ ਨਾਵਲ ਦੀ ਪੜ੍ਹਤ ਅਤੇ ਅਨੁਵਾਦ ਕਰਨ ਸਮੇਂ ਵਰਤੀ ਗਈ ਸੰਜੀਦਗੀ ਇਸ ਦਾ ਹਾਸਲ ਬਣਦੀ ਹੈ। ਨਾਵਲ ਇਕ ਆਸ ਦੀ ਕਿਰਨ ਜਮਾਉਂਦਾ ਹੈ ਕਿ ਭਾਵੇਂ ਜ਼ਿੰਦਗੀ ਵਿਚ ਜਿੰਨੀ ਮਰਜ਼ੀ ਉਥਲ-ਪੁਥਲ ਹੁੰਦੀ ਰਹੇ ਪਰ ਜ਼ਿੰਦਗੀ ਕਦੇ ਵੀ ਖ਼ਤਮ ਨਹੀਂ ਹੁੰਦੀ, ਸਗੋਂ ਕੋਈ ਨਾ ਕੋਈ ਕਰੂੰਬਲ ਫੁੱਟਦੀ ਰਹਿੰਦੀ ਹੈ ਅਤੇ ਜ਼ਿੰਦਗੀ ਦਾ ਬਾਗ ਹਰਾ-ਭਰਾ ਹੋ ਜਾਂਦਾ ਹੈ। ਨਾਵਲ ‘ਰੂਟਸ’ ਜ਼ਿੰਦਗੀ ਲਈ ਜੂਝਦੇ ਲੋਕਾਂ ਦੀ ਗਾਥਾ ਦਾ ਬਿਰਤਾਂਤ ਹੈ ਪਰ ਪਾਤਰਾਂ ਦੀ ਬਹੁਤਾਤ ਕਈ ਵਾਰੀ ਪਾਠਕ ਲਈ ਮੁਸ਼ਕਿਲ ਵੀ ਬਣਦੀ ਹੈ ਕਿਉਂਕਿ ਬਿਰਤਾਂਤ ਜ਼ਿਆਦਾ ਸੰਘਣਾ ਅਤੇ ਗੁੰਝਲਦਾਰ ਹੋ ਜਾਂਦਾ ਹੈ।