November 11, 2024

ਬਲਵਿੰਦਰ ਸੰਧੂ

ਨਵੇਂ ਵਰ੍ਹੇ ਦਾ ਸਵੇਰਾ

ਅੱਜ ਵੀ ਕੂੜੇ ਵਾਲੇ ਬੂੜੇ
ਹਰ ਘਰ, ਹਰ ਦਰ ਫੇਰਾ ਪਾਉਣਾ ਹੈ
ਅੱਜ ਵੀ ਘਸੀਆਂ ਹੋਈਆਂ ਤਲੀਆਂ
ਮਰਮਰੀ ਮਹਿਲਾਂ ‘ਚ ਪੋਚਾ ਲਾਉਣਾ ਹੈ….
ਅੱਜ ਵੀ ਚੌਂਕੀਦਾਰ ਜਗਤਾਰ ਨੇ
ਗਲੀਆਂ ‘ਚ ਸਾਰੀ ਰਾਤ ਜਾਗਣਾ ਹੈ
ਅੱਜ ਵੀ ਆਂਦਰਾਂ-ਕੁੱਠੇ ਕੋਠੇ ਨੇ
ਸਵੇਰ ਹੋਣ ਤੀਕ ‘ਨਿਵਾਲਾ’ ਉਡੀਕਣਾ ਹੈ…
ਅੱਜ ਵੀ ਰਿਕਸ਼ੇ ਵਾਲੇ ਪੈਰਾਂ
ਸਾਰਾ ਦਿਨ ਪੈਡਲਾਂ ‘ਤੇ ਰਹਿਣਾ ਹੈ
ਅੱਜ ਵੀ ਦੁੱਧ ਵਾਲੇ ਭਾਂਡਿਆਂ
ਸ਼ਹਿਰ ‘ਚ ਆ ਸਾਹ ਲੈਣਾ ਹੈ….
ਅੱਜ ਵੀ ਸੱਜਰਾਂ, ਲਵੇਰੀਆਂ ਤੇ ਤੋਕੜਾਂ
ਕੱਖਾਂ ਵਾਲੇ ਹੱਥਾਂ ਵੱਲ ਤੱਕਣਾ ਹੈ
ਅੱਜ ਵੀ ਛਿੱਦਰੀਆਂ ਚੁੰਨੀਆਂ
ਸਿਰਾਂ ‘ਤੇ ਗੋਹਾ ਚੁੱਕਣਾ ਹੈ …..
ਅੱਜ ਵੀ ਸਿੱਲ੍ਹੇ ਚੁੱਲ੍ਹਿਆਂ
ਸਿਸਕ ਸਿਸਕ ਕੇ ਬਲਣਾ ਹੈ
ਅੱਜ ਵੀ ਬੇਰੁੱਤੇ ਬੇਮੌਸਮਾਂ
ਢੱਠੇ ਢਾਰਿਆਂ ‘ਤੇ ਆ ਵੱਸਣਾ ਹੈ….
ਅੱਜ ਵੀ ਮੋਚੀਆਂ, ਤੇਲੀਆਂ ਤੇ ਧੋਬੀਆਂ
ਖੁਦ ਨੂੰ ਗੰਢਣਾ, ਪੀੜਣਾ ਤੇ ਕੁੱਟਣਾ ਹੈ
ਅੱਜ ਵੀ ਭੱਠਿਆਂ ਦੇ ਵਿਹੜਿਆਂ ‘ਚ
ਦੇਹਾਂ ਨੇ ਗੁੱਝਣਾ, ਥੱਪਣਾ, ਪੱਕਣਾ ਹੈ….
ਅੱਜ ਵੀ ਸਮਿਆਂ ਦੀ ਸੱਤਾ ਨੇ
ਹੱਕਾਂ ਲਈ ਉੱਠੇ ਹੱਥਾਂ ਨੂੰ ਝਟਕਣਾ ਹੈ
ਅੱਜ ਵੀ ਡਾਇਨਾਸੁਰ ਦੇ ਪੰਜਿਆਂ
ਚੁਰਾਹੇ ਬੈਠੀ ਖਲਕਤ ਨੂੰ ਆ ਦਰੜਣਾ ਹੈ …
ਅੱਜ ਵੀ ਅਖਬਾਰਾਂ ‘ਚ ਕੁਝ ਖਬਰਾਂ
ਤਸਵੀਰਾਂ ਤੇ ਕਵਿਤਾਵਾਂ ਹੁੱਭ ਕੇ ਛਪਣਾ ਹੈ
ਅੱਜ ਵੀ ਸਰਾਪੇ ਸੂਰਜਾਂ
ਓਕਣਾ ਹੀ ਚੜ੍ਹਣਾ ਤੇ ਡੁੱਬਣਾ ਹੈ……!!

 

ਹਰ ਮਰਹਲੇ…

ਲੜਦਿਆਂ ਹੀ ਨਹੀਂ
ਮੈਂ ਹਰ ਮਰਹਲੇ ‘ਤੇ
ਹਿੰਸਕ ਹੋ ਜਾਨਾਂ…… !

ਬੋਲਦਿਆਂ
ਸ਼ਬਦਾਂ ਦੀ ਜੱਖਣਾ ਪੁੱਟ ਦੇਨਾਂ !

ਸੁਣਦਿਆਂ
ਸਵਰਾਂ ਦੀ ਪੱਟੀ ਮੇਸ ਦੇਨਾਂ!

ਹੱਸਦਿਆਂ
ਹਾਣਦਿਆਂ ਨਾਲ ਹਿਣਕਣ ਲੱਗਦਾਂ!

ਗਾਉਂਦਿਆਂ
ਟਕੂਵੇ ‘ਤੇ ਟਕੂਵਾ ਖੜਕਾਉਣ ਲੱਗਦਾਂ!

ਖਾਂਦਿਆਂ
ਦਾਤਾਰ ਦੀਆਂ ਦਾਤਾਂ ਭੁੱਲ ਜਾਨਾਂ!

ਪਹਿਨਦਿਆਂ
ਪਹਿਰਨ ਨੂੰ ਪਾੜਨ ਬਹਿ ਜਾਨਾਂ

ਤੁਰਦਿਆਂ
ਰਾਹਾਂ ਦੀਆਂ ਛਾਵਾਂ ਪੁੱਟ ਸੁੱਟਨਾਂ!

ਸੌਂਦਿਆਂ
ਧਰਤ ਨੂੰ ਸਿਲਵਟਾਂ ਪਾ ਛੱਡਨਾਂ!

ਮਿਲਦਿਆਂ
ਮੁਕਾਬਲੇ ਦੇ ਪਿੜ ਉਤਰ ਆਉਣਾਂ!

ਵਿਛੜਦਿਆਂ
ਵਸੂਲ ਨੂੰ ਓਥੇ ਹੀ ਸੁੱਟ ਆਉਣਾਂ!

ਲੜਦਿਆਂ ਹੀ ਨਹੀਂ
ਮੈਂ ਹਰ ਮਰਹਲੇ ..!!