November 2, 2024

ਇਰਾਨੀ ਕਵਿਤਾਵਾਂ: ਸਬੀਰ ਹਕਾ

ਅਨੁਵਾਦਕ : ਡਾ. ਅਮਰਜੀਤ ਕੌਕੇ

ਸ਼ਹਿਤੂਤ

ਕੀ ਤੁਸੀਂ ਕਦੇ ਸ਼ਹਿਤੂਤ
ਦੇਖਿਆ ਹੈ
ਜਿੱਥੇ ਡਿੱਗਦਾ ਹੈ
ਓਨੀ ਜਮੀਨ ਤੇ
ਉਸਦੇ ਲਾਲ ਰੰਗ ਦਾ
ਧੱਬਾ ਪੈ ਜਾਂਦਾ ਹੈ

ਡਿੱਗਣ ਤੋਂ
ਪੀੜਾਦਾਇਕ ਕੁਝ ਨਹੀਂ ਹੁੰਦਾ

ਮੈਂ ਕਿੰਨੇ
ਮਜ਼ਦੂਰਾਂ ਨੂੰ ਦੇਖਿਆ ਹੈ
ਇਮਾਰਤਾਂ ਤੋਂ ਡਿੱਗਦੇ ਹੋਏ
ਡਿੱਗ ਕੇ
ਸ਼ਾਹਿਤੂਰ ਬਣਦੇ ਹੋਏ…..

ਈਸ਼ਵਰ

ਈਸ਼ਵਰ ਵੀ ਇੱਕ ਮਜ਼ਦੂਰ ਹੈ
ਜ਼ਰੂਰ ਉਹ
ਵੈਲਡਰਾਂ ਦਾ ਵੀ ਵੈਲਡਰ ਹੋਵੇਗਾ

ਸ਼ਾਮ ਦੀ ਰੌਸ਼ਨੀ ਵਿੱਚ
ਉਸਦੀਆਂ ਅੱਖਾਂ
ਅੰਗਾਰੇ ਵਾਂਗ ਲਾਲ
ਹੁੰਦੀਆਂ ਹਨ

ਰਾਤ ਉਸ ਦੀ ਕਮੀਜ਼ ਤੇ
ਛੇਕ ਹੀ ਛੇਕ ਹੁੰਦੇ ਹਨ

ਬੰਦੂਕ

ਜੇ ਉਨ੍ਹਾਂ ਨੇ
ਬੰਦੂਕ ਦੀ ਖੋਜ ਨਾ ਕੀਤੀ ਹੁੰਦੀ
ਤਾਂ ਕਿੰਨੇ ਹੀ ਲੋਕ
ਦੂਰ ਤੋਂ ਮਾਰੇ ਜਾਣ ਤੋਂ
ਬਚ ਗਏ ਹੁੰਦੇ

ਬਹੁਤ ਸਾਰੀਆਂ ਚੀਜ਼ਾਂ
ਸੌਖੀਆਂ ਹੋ ਜਾਂਦੀਆਂ
ਉਨ੍ਹਾਂ ਨੂੰ
ਮਜ਼ਦੂਰਾਂ ਦੀ ਤਾਕਤ ਦਾ
ਅਹਿਸਾਸ ਦਿਵਾਉਣਾ ਵੀ
ਕਿਤੇ ਜ਼ਿਆਦਾ ਆਸਾਨ ਹੁੰਦਾ

ਮੌਤ ਦਾ ਖੌਫ਼

ਸਾਰੀ ਉਮਰ
ਮੈਂ ਇਸ ਗੱਲ ਤੇ
ਭਰੋਸਾ ਕੀਤਾ
ਕਿ ਝੂਠ ਬੋਲਣਾ ਗ਼ਲਤ ਹੈ
ਗ਼ਲਤ ਹੁੰਦਾ ਹੈ ਕਿਸੇ ਨੂੰ
ਪਰੇਸ਼ਾਨ ਕਰਨਾ

ਸਾਰੀ ਉਮਰ
ਮੈਂ ਇਸ ਗੱਲ ਨੂੰ ਕਬੂਲ ਕੀਤਾ
ਕਿ ਮੌਤ ਵੀ
ਜ਼ਿੰਦਗੀ ਦਾ ਇੱਕ ਹਿੱਸਾ ਹੈ

ਇਸ ਦੇ ਬਾਅਦ ਵੀ ਮੈਨੂੰ
ਮੌਤ ਤੋਂ ਡਰ ਲੱਗਦਾ ਹੈ
ਡਰ ਲੱਗਦਾ ਹੈ
ਦੂਜੀ ਦੁਨੀਆ ਵਿੱਚ ਵੀ
ਮਜ਼ਦੂਰ ਬਣੇ ਰਹਿਣ ਤੋਂ

ਕਰੀਅਰ ਦੀ ਚੋਣ

ਮੈਂ ਕਦੇ
ਸਾਧਾਰਨ ਬੈਂਕ ਕਰਮਚਾਰੀ
ਨਹੀਂ ਬਣ ਸਕਦਾ ਸੀ
ਖਾਣ ਪੀਣ ਦੇ ਸਾਮਾਨ ਦਾ
ਸੇਲਜ਼ਮੈਨ ਵੀ ਨਹੀਂ
ਕਿਸੇ ਪਾਰਟੀ ਦਾ ਮੁਖੀ ਵੀ ਨਹੀਂ
ਨਾ ਹੀ ਟੈਕਸੀ ਡਰਾਈਵਰ
ਪ੍ਰਚਾਰ ਕਰਦਾ ਹੋਇਆ
ਮਾਰਕੀਟਿੰਗ ਵਾਲਾ ਵੀ ਨਹੀਂ

ਮੈਂ ਬਸ ਏਨਾ ਚਾਹੁੰਦਾ ਸਾਂ
ਕਿ ਸ਼ਹਿਰ ਦੀ ਸਭ ਤੋਂ
ਉੱਚੀ ਥਾਂ ‘ਤੇ ਖੜ੍ਹ ਕੇ
ਥੱਲੇ ਭੀੜੀਆਂ ਇਮਾਰਤਾਂ ਵਿੱਚ
ਉਸ ਔਰਤ ਦਾ ਘਰ ਵੇਖਾਂ
ਜਿਸ ਨੂੰ ਮੈਂ ਪਿਆਰ ਕਰਦਾ ਹਾਂ
ਇਸ ਲਈ ਮੈਂ ਮਜ਼ਦੂਰ ਬਣ ਗਿਆ

ਮੇਰੇ ਪਿਤਾ

ਜੇ ਆਪਣੇ ਪਿਤਾ ਬਾਰੇ
ਕੁਝ ਕਹਿਣ ਦੀ
ਹਿੰਮਤ ਕਰਾਂ
ਤਾਂ ਮੇਰੀ ਗੱਲ ਦਾ
ਭਰੋਸਾ ਨਾ ਕਰਨਾ
ਉਨ੍ਹਾਂ ਦੇ ਜੀਵਨ ਨੇ
ਉਨ੍ਹਾਂ ਨੂੰ ਬਹੁਤ ਘੱਟ
ਆਨੰਦ ਦਿੱਤਾ

ਉਹ ਸ਼ਕਸ
ਆਪਣੇ ਪਰਿਵਾਰ ਨੂੰ
ਸਮਰਪਿਤ ਸੀ
ਪਰਿਵਾਰ ਦੀਆਂ ਕਮੀਆਂ ਨੂੰ
ਲੁਕਾਉਣ ਦੇ ਲਈ
ਉਸ ਨੇ ਆਪਣਾ ਜੀਵਨ
ਕਠੋਰ ਤੇ ਖੁਰਦਰਾ ਬਣਾ ਲਿਆ

ਤੇ ਹੁਣ
ਆਪਣੀਆਂ ਕਵਿਤਾਵਾਂ ਛਪਵਾਉਂਦੇ ਹੋਏ
ਮੈਨੂੰ ਸਿਰਫ਼
ਇੱਕ ਗੱਲ ਦਾ ਸੰਕੋਚ ਹੁੰਦਾ ਹੈ
ਕਿ ਮੇਰੇ ਪਿਤਾ
ਮੇਰੀਆਂ ਕਵਿਤਾਵਾਂ
ਪੜ੍ਹ ਨਹੀਂ ਸਕਦੇ

ਆਸਥਾ

ਮੇਰੇ ਪਿਤਾ ਮਜ਼ਦੂਰ ਸਨ
ਆਸਥਾ ਨਾਲ ਭਰੇ ਹੋਏ

ਜਦੋਂ ਵੀ ਉਹ ਨਮਾਜ ਪੜ੍ਹਦੇ ਸਨ
ਅੱਲ੍ਹਾ ਉਨਾਂ ਦੇ ਹੱਥਾਂ ਨੂੰ ਦੇਖ ਕੇ
ਸ਼ਰਮਿੰਦਾ ਹੋ ਜਾਂਦਾ ਸੀ

ਮੌਤ

ਮੇਰੀ ਮਾਂ ਨੇ ਕਿਹਾ
ਉਸ ਨੇ ਮੌਤ ਨੂੰ
ਦੇਖਿਆ ਹੋਇਆ ਹੈ
ਉਸ ਦੀਆਂ ਵੱਡੀਆਂ ਵੱਡੀਆਂ ਮੁੱਛਾਂ ਨੇ
ਤੇ ਉਸ ਦੀ ਕੱਦ ਕਾਠੀ
ਜਿਵੇਂ ਕੋਈ
ਪਾਗਲ ਹੋਇਆ ਇਨਸਾਨ

ਉਸ ਰਾਤ ਤੋਂ ਮੈਂ
ਮਾਂ ਦੀ ਮਸੂਮੀਅਤ ਨੂੰ
ਸ਼ੱਕ ਦੀ ਨਜਰ ਨਾਲ
ਦੇਖਣ ਲੱਗਿਆ ਸੀ

ਰਾਜਨੀਤੀ

ਵੱਡੇ ਵੱਡੇ ਬਦਲਾਅ ਵੀ
ਕਿੰਨੀ ਆਸਾਨੀ ਨਾਲ
ਕਰ ਦਿੱਤੇ ਜਾਂਦੇ ਹਨ

ਹੱਥੀਂ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ
ਰਾਜਨੀਤਕ ਲੋਕਾਂ ਵਿੱਚ
ਬਦਲ ਦੇਣਾ ਵੀ
ਕਿੰਨਾ ਆਸਾਨ ਹੈ

ਕਰੇਨਾਂ ਇਸ ਬਦਲਾਅ ਨੂੰ
ਚੁੱਕਦੀਆਂ ਹਨ
ਤੇ ਸੂਲੀ ਤੱਕ
ਪਹੁੰਚਾਉਂਦੀਆਂ ਹਨ

ਦੋਸਤੀ

ਮੈਂ ਈਸ਼ਵਰ ਦਾ
ਦੋਸਤ ਨਹੀਂ ਹਾਂ
ਇਸ ਦਾ ਸਿਰਫ਼ ਇੱਕ ਕਾਰਨ ਹੈ
ਜਿਸ ਦੀਆਂ ਜੜ੍ਹਾਂ
ਬਹੁਤ ਅਤੀਤ ਵਿੱਚ ਹਨ
ਜਦੋਂ ਛੇ ਜਣਿਆਂ ਦਾ
ਸਾਡਾ ਪਰਿਵਾਰ
ਇੱਕ ਤੰਗ ਕਮਰੇ ਵਿੱਚ
ਰਹਿੰਦਾ ਸੀ
ਤੇ ਈਸ਼ਵਰ ਕੋਲ
ਇੱਕ ਵੱਡਾ ਮਕਾਨ ਸੀ
ਜਿਸਦੇ ਵਿੱਚ ਉਹ
‘ਕੱਲਾ ਹੀ ਰਹਿੰਦਾ ਸੀ

ਸਰਹੱਦਾਂ

ਜਿਵੇਂ ਕਫ਼ਨ
ਢਕ ਦਿੰਦਾ ਹੈ ਲਾਸ਼ ਨੂੰ
ਬਰਫ਼ ਵੀ ਬਹੁਤ ਸਾਰੀਆਂ ਚੀਜ਼ਾਂ
ਢਕ ਲੈਂਦੀ ਹੈ

ਢਕ ਲੈਂਦੀ ਹੈ
ਇਮਾਰਤਾਂ ਦੇ ਪਿੰਜਰਾਂ ਨੂੰ
ਦਰੱਖਤਾਂ ਕਬਰਾਂ ਨੂੰ
ਸਫੈਦ ਬਣਾ ਦਿੰਦੀ ਹੈ

ਤੇ ਸਿਰਫ਼ ਬਰਫ਼ ਹੀ ਹੈ
ਜੋ ਸਰਹੱਦਾਂ ਨੂੰ ਵੀ
ਸਫੈਦ ਕਰ ਸਕਦੀ ਹੈ

ਘਰ

ਮੈਂ ਪੂਰੀ ਦੁਨੀਆ ਦੇ ਲਈ
ਕਹਿ ਸਕਦਾ ਹਾਂ
ਇਹ ਸ਼ਬਦ
ਦੁਨੀਆ ਦੇ ਹਰ ਦੇਸ਼ ਦੇ ਲਈ
ਕਹਿ ਸਕਦਾ ਹਾਂ ਮੈਂ
ਆਕਾਸ਼ ਨੂੰ ਵੀ
ਕਹਿ ਸਕਦਾ ਹਾਂ
ਇਸ ਬ੍ਰਹਿਮੰਡ ਦੀ
ਹਰ ਇੱਕ ਚੀਜ਼ ਨੂੰ
ਕਹਿ ਸਕਦਾਂ

ਪਰ ਤੇਹਰਾਨ ਦੇ
ਇਸ ਬਿਨਾਂ ਖਿੜਕੀ ਵਾਲੇ
ਕਿਰਾਏ ਦੇ ਕਮਰੇ ਨੂੰ
ਨਹੀਂ ਕਹਿ ਸਕਦਾ
ਮੈਂ ਇਸ ਨੂੰ
ਘਰ ਨਹੀਂ ਕਹਿ ਸਕਦਾ

ਇਕਲੌਤਾ ਡਰ

ਜਦੋਂ ਮੈਂ ਮਰਾਂਗਾ
ਆਪਣੇ ਨਾਲ ਆਪਣੀਆਂ
ਸਾਰੀਆਂ ਕਿਤਾਬਾਂ ਲੈ ਜਾਵਾਂਗਾ
ਆਪਣੀ ਕਬਰ ਨੂੰ ਭਰ ਦਿਆਂਗਾ
ਉਨ੍ਹਾਂ ਲੋਕਾਂ ਦੀਆਂ
ਤਸਵੀਰਾਂ ਨਾਲ
ਜਿਨ੍ਹਾਂ ਨੂੰ ਮੈਂ ਪਿਆਰ ਕੀਤਾ
ਮੇਰੇ ਨਵੇਂ ਘਰ ਵਿੱਚ
ਕੋਈ ਜਗ੍ਹਾ ਨਹੀਂ ਹੋਵੇਗੀ
ਭਵਿੱਖ ਦੇ ਡਰ ਦੇ ਲਈ

ਮੈਂ ਪਿਆ ਰਹਾਂਗਾ
ਮੈਂ ਸਿਗਰਟ ਬਾਲਾਂਗਾ
ਤੇ ਰੋਵਾਂਗਾ
ਉਨ੍ਹਾਂ ਸਾਰੀਆਂ ਔਰਤਾਂ ਨੂੰ
ਯਾਦ ਕਰ ਕੇ
ਜਿਨ੍ਹਾਂ ਨੂੰ ਮੈਂ ਗਲੇ
ਲਾਉਣਾ ਚਾਹੁੰਦਾ ਸਾਂ

ਇਨ੍ਹਾਂ ਸਾਰੀਆਂ
ਖੁਸ਼ੀਆਂ ਦੇ ਵਿਚਾਲੇ ਵੀ
ਇੱਕ ਡਰ ਬਚਿਆ ਰਹਿੰਦਾ ਹੈ
ਕਿ ਇੱਕ ਦਿਨ ਤੜਕ ਸਾਰ
ਕੋਈ ਮੋਢਾ ਝਿੰਜੋੜ ਕੇ ਜਗਾਵੇਗਾ ਮੈਨੂੰ
ਤੇ ਕਹੇਗਾ
‘ ਉਏ ਉਠ ਜਾ ਸਬੀਰ
ਕੰਮ ਤੇ ਚੱਲਣਾ ਹੈ…..’