November 11, 2024

ਭਾਰਤੀਯ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਜੇਤੂ ਸ਼ਾਇਰ ਸੰਦੀਪ

ਮੁਲਾਕਾਤ : ਸੋਨੀਆ ਮਨਜਿੰਦਰ

ਸੰਦੀਪ ਜੋ ਕਿ ਪਿੰਡ ਝੋਣੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸੰਬੰਧਿਤ ਹੈ। ਤਿੰਨ ਭਰਾਵਾਂ ਵਿਚੋਂ ਸਭ ਤੋਂ ਨਿੱਕੇ ਵੀਰ ਸੰਦੀਪ ਨੂੰ ਉਸ ਦਾ ਵੱਡਾ ਭਰਾ ਸੰਜੀਵ ਹਮੇਸ਼ਾ ਪੜ੍ਹਾਈ ਲਈ ਪ੍ਰੇਰਦਾ ਰਹਿੰਦਾ। ਜੀਵਨ ਦੇ ਵੱਖ-ਵੱਖ ਦੌਰ ‘ਚੋਂ ਲੰਘਦਿਆਂ ਆਪਣੇ ਆਪ ਨੂੰ ਇਕ ਚੰਗੇ ਕਵੀ ਵਜੋਂ ਸਥਾਪਿਤ ਕਰਦਿਆਂ ਸਾਹਿਤ ਅਕਾਦਮੀ ਯੁਵਾ ਪੁਰਸਕਾਰ (2023) ਹਾਸਿਲ ਕੀਤਾ। ‘ਪੰਜਾਬੀ ਨਕਸ਼’ ਦੇ ਯੁਵਾ ਸਾਹਿਤ ਵਿਸ਼ੇਸ਼ ਅੰਕ ‘ਚ ਅਸੀਂ ਜਿੱਥੇ ਨਵੇਂ ਕਵੀਆਂ ਨੂੰ ਪਾਠਕਾਂ ਨਾਲ ਰੂ-ਬਰੂ ਕਰਵਾ ਰਹੇ ਹਾਂ, ਉੱਥੇ ਜ਼ਿੰਦਗੀ ਵਿਚ ਮਾਣਮੱਤਾ ਮੁਕਾਮ ਹਾਸਿਲ ਕਰਨ ਵਾਲੇ ਨੌਜਵਾਨ ਕਵੀਆਂ ਨਾਲ ਵੀ ਵਿਸ਼ੇਸ਼ ਮੁਲਾਕਾਤ ਕੀਤੀ ਜਾ ਰਹੀ ਹੈ। ਇ

ਸੇ ਤਹਿਤ ਸੰਦੀਪ ਨਾਲ ਅਦਾਰਾ ‘ਪੰਜਾਬੀ ਨਕਸ਼ ਦੀ ਸੰਪਾਦਕ ਸੋਨੀਆ ਮਨਜਿੰਦਰ ਵੱਲੋਂ ਵਿਸਥਾਰਪੂਰਵਕ ਮੁਲਾਕਾਤ ਕੀਤੀ ਗਈ। ਪੇਸ਼ ਹੈ ਸੰਦੀਪ ਨਾਲ ਹੋਈ ਮੁਲਾਕਾਤ ਦੇ ਅੰਸ਼—

ਸੋਨੀਆ : ਸੰਦੀਪ ਜੀਵਨ ਦੇ ਮੁਢਲੇ ਪੜਾਅ ਅਤੇ ਪਰਿਵਾਰ ਬਾਰੇ ਜਾਣਕਾਰੀ ਦਿਓ?

ਸੰਦੀਪ : ਮੇਰਾ ਜਨਮ ਨਾਨਕੇ ਪਿੰਡ ਅਜੋਲੀ ‘ਚ ਹੋਇਆ, ਜੋ ਕਿ ਹਿਮਾਚਲ ਪ੍ਰਦੇਸ਼ ਵਿਚ ਪੈਂਦਾ ਹੈ, ਪਰ ਮੇਰਾ ਦਾਦਕਾ ਪਿੰਡ ਝੋਣੋਵਾਲ ਹੈ, ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ‘ਚ ਪੈਂਦਾ ਹੈ, ਜਿੱਥੇ ਮੇਰਾ ਪੂਰਾ ਬਚਪ

ਨ ਬੀਤਿਆ। ਇਸ ਇਲਾਕੇ ਨੂੰ ‘ਬੀਤ’ ਇਲਾਕਾ ਕਿਹਾ ਜਾਂਦਾ ਹੈ, ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀ ਕੰਢੀ ਬੈਲਟ ‘ਚ ਪੈਂਦਾ ਹੈ। ਮੇਰੇ ਪਿੰਡ ਤੋਂ ਹਿਮਾਚਲ ਬਾਰਡਰ ਲਗਪਗ ਛੇ-ਸੱਤ ਕਿਲੋਮੀਟਰ ਹੀ ਹੈ। ਹਿਮਾਚਲ ਬਾਰਡਰ ਨੇੜੇ ਹੋਣ ਕਰਕੇ ਤੇ ਵੱਖਰੀ ਭੂਗੋਲਿਕ ਸਥਿਤੀ ਕਰਕੇ ਕਾਫੀ ਵਕਤ ਤੱਕ ਇਹ ਇਲਾਕਾ ਬਾਕੀ ਪੰਜਾਬ ਨਾਲੋਂ ਪੱਛੜਿਆ ਰਿਹਾ ਹੈ। ਉਦਾਹਰਣ ਵਜੋਂ ਬਾਕੀ ਪੰਜਾਬ ਦੇ ਮੁਕਾਬਲੇ ਇੱਥੇ ਧਰਤੀ ਹੇਠਲਾ ਪਾਣੀ ਬਹੁਤ ਡੂੰਘਾਈ ‘ਚ ਮਿਲਦਾ (ਲਗਪਗ 800 ਫੁੱਟ ‘ਤੇ) ਹੈ, ਜਿਸ ਕਰਕੇ ਬੋਰਿੰਗ ਬਹੁਤ ਹੀ ਮੁਸ਼ਕਿਲ ਸੀ ਤੇ 2005 ਤੱਕ ਇਸ ਇਲਾਕੇ ਦੀ ਬਹੁਤੀ ਖੇਤੀਬਾੜੀ ਬਰਸਾਤ ਦੇ ਪਾਣੀ ‘ਤੇ ਨਿਰਭਰ ਸੀ, ਪਰੰਤੂ ਹੁਣ ਕਈ ਸਰਕਾਰੀ ਬੋਰਿੰਗ ਪ੍ਰੋਜੈਕਟਾਂ ਕਰਕੇ ਸਥਿਤੀ ਬਿਹਤਰ ਹੈ, ਪਰੰਤੂ ਅੱਜ ਵੀ ਮੁੱਖ ਫ਼ਸਲਾਂ ਹਾਲੇ ਵੀ ਕਣਕ ਤੇ ਮੱਕੀ ਹੀ ਹਨ।

ਮੈਂ ਬਹੁਤ ਹੀ ਸਾਧਾਰਨ ਮੱਧਵਰਗੀ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ, ਸਾਡੇ ਪਰਿਵਾਰ ‘ਚ ਅਸੀਂ ਤਿੰਨ ਭਰਾ ਹਾਂ, ਮੈਂ ਸਭ ਤੋਂ ਨਿੱਕਾ ਹਾਂ। ਪਿਤਾ ਜੀ ਲੁਧਿਆਣੇ ਰੇਲਵੇ ਕੋਆਪ੍ਰੇਟਿਵ ਸੁਸਾਇਟੀ ‘ਚ ਨੌਕਰੀ ਕਰਦੇ ਸਨ ਜੋ ਕਿ ਰੇਲਵੇ ਵਲੋਂ ਸਹਾਇਤਾ ਪ੍ਰਾਪਤ ਇੱਕ ਗ਼ੈਰ-ਸਰਕਾਰੀ ਸੰਸਥਾ ਸੀ, ਜਿੱਥੇ ਮੇਰੇ ਨੌਕਰੀ ‘ਚ ਆਉਣ ਤੱਕ ਉਨ੍ਹਾਂ ਆਪਣੀਆਂ ਸੇਵਾਵਾਂ ਦਿੱਤੀਆਂ। ਪਿਤਾ ਜੀ ਸੰਨ ਵੀਹ ਸੌ ਇੱਕੀ ਦੀ ਪਹਿਲੀ ਸ਼ਾਮ ਨੂੰ ਸਾਨੂੰ ਸਭ ਨੂੰ ਅਚਾਨਕ ਵਿਛੋੜਾ ਦੇ ਗਏ। ਪਿਤਾ ਜੀ ਆਪਣੇ ਕੰਮ ਕਰਕੇ ਜ਼ਿਆਦਾ ਲੁਧਿਆਣੇ ਹੀ ਰਹੇ, ਉਨ੍ਹਾਂ ਦੀ ਗ਼ੈਰਹਾਜ਼ਰੀ ‘ਚ ਘਰ ਦੀ ਬਾਕੀ ਜ਼ਿੰਮੇਵਾਰੀ ਮਾਤਾ ਜੀ ਨੇ ਇੱਕਲਿਆਂ ਹੀ ਸੰਭਾਲੀ। ਘਰ ਦਾ ਮਹੌਲ ਹਮੇਸ਼ਾ ਤੋਂ ਪੂਰਨ ਸਹਿਯੋਗ ਤੇ ਪੜ੍ਹਾਈ ਵਾਲਾ ਹੀ ਰਿਹਾ, ਪਿਤਾ ਜੀ ਤੋਂ ਬਾਅਦ ਮੇਰੇ ਸਭ ਤੋਂ ਵੱਡੇ ਵੀਰ ਸੰਜੀਵ ਸ਼ਰਮਾ ਹਮੇਸ਼ਾ ਤੋਂ ਪੜ੍ਹਨ ਲਈ ਮੇਰੇ ਪ੍ਰੇਰਨਾ ਸ੍ਰੋਤ ਰਹੇ ਜਿਨ੍ਹਾਂ ਮੇਰੀ ਮੁਢਲੀ ਸਿੱਖਿਆ ਨੂੰ ਬਿਹਤਰ ਤੋਂ ਬਿਹਤਰ ਕਰਨ ਲਈ ਪੂਰੇ ਯਤਨ ਕੀਤੇ। ਵੀਹ ਸੌ ਤੇਰਾਂ ‘ਚ ਮੈਂ ਤੇ ਸ਼ਮਾਂ ਇਕੱਠੇ ਹੋਏ ਤੇ 2014 ਤੋਂ ਹੀ ਅਸੀਂ ਇਕੱਠੇ ਰਹਿ ਰਹੇ ਹਾਂ। ਵੀਹ ਸੌ ਸੋਲ੍ਹਾਂ ‘ਚ ਮੇਰੀ ਬੇਟੀ ਸ਼ਿਵਾਂਕੀ ਦਾ ਜਨਮ ਹੋਇਆ ਜੋ ਹੁਣ ਕਾਨਪੁਰ ‘ਚ ਹੀ ਤੀਸਰੀ ਜਮਾਤ ‘ਚ ਪੜ੍ਹਦੀ ਹੈ। ਇੱਥੇ ਸਕੂਲਾਂ ‘ਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਪਰੰਤੂ ਮੇਰੀ ਧਰਮ ਪਤਨੀ ਉਸਨੂੰ ਉਸ ਦੀ ਜਮਾਤ ਅਨੁਸਾਰ ਨਾਲ-ਨਾਲ ਪੰਜਾਬੀ ਵੀ ਪੜ੍ਹਾ ਰਹੀ ਹੈ।

ਸੋਨੀਆ : ਸੰਦੀਪ ਜੀ ਪ੍ਰਾਪਤ ਸਿੱਖਿਆ ਅਤੇ ਆਪਣੇ ਕਿੱਤੇ ਬਾਰੇ ਦੱਸੋ?
ਸੰਦੀਪ : ਸੱਤਵੀਂ ਜਮਾਤ ਤੱਕ ਮੇਰੀ ਮੁਢਲੀ ਸਿੱਖਿਆ ਬਿਨੇਵਾਲ ਪਿੰਡ ‘ਚ ਪੈਂਦੇ ਸ਼ੀਲਾ ਦੇਵੀ ਮੈਮੋਰੀਅਲ ਮਾਡਲ ਸਕੂਲ ਤੇ ਅੱਗੇ ਦਸਵੀਂ ਤੱਕ ਦੀ ਸਿੱਖਿਆ ਐਸ. ਬੀ. ਐਸ. ਸਕੂਲ, ਗੜ੍ਹਸ਼ੰਕਰ ਤੋਂ ਪ੍ਰਾਪਤ ਕੀਤੀ। ਦਸਵੀਂ ‘ਚ ਮੈਰਿਟ ‘ਚ ਹੋਣ ਕਰਕੇ ਸਰਕਾਰ ਵਲੋਂ ਵਜ਼ੀਫਾ ਵੀ ਮਿਲਿਆ। ਗਿਆਰਵੀਂ ਤੇ ਬਾਰ੍ਹਵੀਂ ਦੀ ਸਿੱਖਿਆ ਨਾਨ-ਮੈਡੀਕਲ ‘ਚ ਸਟਰੀਮ ‘ਚ ਮੈਂ ਬੇ. ਏ. ਐਮ. ਖ਼ਾਲਸਾ ਕਾਲਜ ਗੜ੍ਹਸ਼ੰਕਰ ਤੋਂ ਪ੍ਰਾਪਤ ਕੀਤੀ। ਐਸ. ਵੀ. ਐਸ. ਡੀ. ਕਾਲਜ, ਭਟੋਲੀ (ਨੰਗਲ ਡੈਮ ਨੇੜੇ) ਤੋਂ ਬੀ. ਐਸ. ਸੀ. ਕਰ ਰਿਹਾ ਸੀ ਕਿ ਮੇਰੀ ਚੋਣ ਭਾਰਤੀ ਵਾਯੂ ਸੈਨਾ ਦੀ ਤਕਨੀਕੀ ਬ੍ਰਾਂਚ ‘ਚ ਬਤੌਰ ਟੈਕਨੀਸ਼ੀਅਨ ਹੋ ਗਈ, ਉਦੋਂ ਮੇਰੀ ਉਮਰ ਕੇਵਲ ਸਤਾਰਾਂ ਵਰ੍ਹਿਆਂ ਦੀ ਸੀ। ਮੈਂ ਪਿਛਲੇ ਸਤਾਰਾਂ ਵਰ੍ਹਿਆਂ ਤੋਂ ਵਾਯੂ ਸੈਨਾ ਦੇ ਤਕਨੀਕੀ ਵਿਭਾਗ ‘ਚ ਸੇਵਾਵਾਂ ਨਿਭਾਅ ਰਿਹਾ ਹਾਂ।
ਮੈਂ ਟ੍ਰੇਨਿੰਗ ਲਈ ਕੁਝ ਮਹੀਨੇ ਬੇਲਗਾਂਵ, ਕਰਨਾਟਕ ਤੇ ਇੱਕ ਸਾਲ ਮਦਰਾਸ (ਚੇਨਈ) ਰਿਹਾ। ਟ੍ਰੇਨਿੰਗ ‘ਚ ਵਧੀਆ ਰਿਜ਼ਲਟ ਹੋਣ ਕਰਕੇ ਡੇਢ ਸੌ ‘ਚੋਂ ਕੇਵਲ ਸਾਨੂੰ ਬਾਰ੍ਹਾਂ ਟਰੇਨੀਸ ਨੂੰ ਸ਼ੁਰੂਆਤ ‘ਚ ਹੀ ਆਪਣੇ ਬੈਚ ਤੋਂ ਇੱਕ ਰੈਂਕ ਉੱਪਰ ਮਿਲਿਆ। ਘਰ ‘ਚ ਸਭ ਤੋਂ ਨਿੱਕਾ ਹੋਣ ਕਾਰਨ ਸਭ ਦਾ ਲਾਡਲਾ ਤੇ ਪੜ੍ਹਾਈ ਤੋਂ ਇਲਾਵਾ ਹੋਰ ਕੋਈ ਬਹੁਤਾ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਕਦੇ ਨਹੀਂ ਮਿਲਿਆ। ਮਾਂ-ਪਿਉ ਤੇ ਦੋ ਵੱਡੇ ਭਰਾਵਾਂ ਦੀ ਛਤਰੀ ਥੱਲੇ ਪਲ਼ੇ ਇੱਕ ਨਾਬਾਲਗ ਬੱਚੇ ਲਈ ਪਿੰਡ ਤੋਂ ਸਿੱਧੇ ਇੱਕੀ ਸੋ ਕਿਲੋਮੀਟਰ ਦੂਰ ਕਰਨਾਟਕ ‘ਚ ਇੱਕ ਅਣਜਾਣ ਥਾਂ ਤੇ ਅਣਜਾਣ ਲੋਕਾਂ ‘ਚ ਜਾ ਕੇ ਰਹਿਣਾ ਮੇਰੇ ਲਈ ਨਿੱਜੀ ਤੌਰ ਤੇ ਇੱਕ ਯੁੱਗ-ਪਲਟਾਊ ਬਦਲਾਅ ਤੋਂ ਘੱਟ ਨਹੀਂ ਸੀ। ਉਹ ਸ਼ਾਇਦ ਪਹਿਲੀ ਘਟਨਾ ਸੀ, ਜਿਸ ਨੇ ਮੈਨੂੰ ਆਪਣੀ ਮਾਂ ਬੋਲੀ, ਧਰਤੀ ਤੇ ਆਪਣੇ ਲੋਕਾਂ ਦੀ ਮਹੱਤਤਾ ਦਾ ਅਹਿਸਾਸ ਕਰਵਾਇਆ। ਉਸ ਅਣਹੋਂਦ ਨੇ ਮੈਨੂੰ ਆਪਣੇ ਅੰਦਰ ਸਮੋ ਲਿਆ ਤੇ ਮੈਨੂੰ ਇੱਕ ਨਿਆਰੀ ਯਾਤਰਾ ‘ਤੇ ਅੱਗੇ ਤੋਰਿਆ। ਟ੍ਰੇਨਿੰਗ ਪਿੱਛੋਂ ਪਹਿਲੀ ਪੋਸਟਿੰਗ ਹੈਦਰਾਬਾਦ ਮਿਲੀ, ਜਿੱਥੇ ਮੈਂ ਵੀਹ ਸੋ ਅੱਠ ਤੋਂ ਬਾਰ੍ਹਾਂ ਤੱਕ ਪੂਰੇ ਪੰਜ ਵਰ੍ਹੇ ਬਿਤਾਏ, ਇੱਥੇ ਨੌਕਰੀ ਦੇ ਨਾਲ ਪਹਿਲਾਂ ਬੀ. ਏ. ਤੇ ਬਾਅਦ ‘ਚ ਐਮ. ਏ. ਪੂਰੀ ਕੀਤੀ। ਨੌਕਰੀ ਦੇ ਸ਼ੁਰੁਆਤੀ ਦੋ ਵਰ੍ਹੇ ਨੌਕਰੀ ਨਾਲ ਭਾਰਤੀ ਸਿਵਲ-ਸੇਵਾਵਾਂ ਦੀ ਪ੍ਰੀਖਿਆ ਲਈ ਅਣਥੱਕ ਮਿਹਨਤ ਕੀਤੀ, ਜੋ ਪਿੱਛੋਂ ਪਿੱਠ ਦੀ ਸੱਟ ਕਾਰਨ ਵਿਚਕਾਰ ਹੀ ਛੱਡਣੀ ਪਈ। ਫ਼ੌਜ ‘ਚ ਅਫ਼ਸਰ ਬਣਨ ਲਈ ਵੀ ਦਸ ਵਾਰ ਐਸ. ਐਸ. ਬੀ. ਬੋਰਡ ਅੱਗੇ ਪੇਸ਼ ਹੋਇਆ, ਪਰੰਤੂ ਭਾਗਾਂ ‘ਚ ਸ਼ਾਇਦ ਕੁਝ ਹੋਰ ਹੀ ਲਿਖਿਆ ਸੀ।
ਅਗਲੀ ਪੋਸਟਿੰਗ ਲਈ ਪੰਜ ਵਰ੍ਹੇ (2013-2017) ਮਦਰਾਸ ‘ਚ ਬਤੀਤ ਕੀਤੇ, ਨਵੀਆਂ ਥਾਵਾਂ ‘ਤੇ ਘੁੰਮਣ ਦਾ ਮੌਕਾ ਮਿਲਿਆ, ਜਿਨ੍ਹਾਂ ‘ਚੋਂ ਕੇਰਲ, ਕੰਨਿਆਕੁਮਾਰੀ, ਕੌਡਾਇਕਨਲ, ਮਦੁਰਈ, ਮੈਸੂਰ, ਬੰਗਲੌਰ, ਰਾਮੇਸ਼ਵਵਰਮ

ਵਿਸ਼ੇਸ਼ ਹਨ। ਨਵੀਆਂ ਥਾਵਾਂ ਨਾਲ ਨਵੇਂ ਲੋਕਾਂ, ਸੱਭਿਆਚਾਰਾਂ ਨੂੰ ਜਾਣਿਆ। ਮੈਂ ਪਹਿਲੀਆਂ ਕਵਿਤਾਵਾਂ ਅੰਗਰੇਜ਼ੀ ‘ਚ ਲਿਖਣ ‘ਚ ਕੋਸ਼ਿਸ਼ ਕੀਤੀ ਪਰੰਤੂ ਮੈਨੂੰ ਤਸੱਲੀ ਨਹੀਂ ਹੋਈ। ਮੈਂ ਪੰਜਾਬੀ ‘ਚ ਲਿਖਿਆ ਤੇ ਅੱਗਿਓਂ ਮਾਂ-ਬੋਲੀ ‘ਚ ਹੀ ਲਿਖਣ ਦਾ ਫ਼ੈਸਲਾ ਕੀਤਾ। ਅੰਗਰੇਜ਼ੀ ਮਾਧਿਅਮ ਦੇ ਵਿਦਿਆਰਥੀ ਲਈ ਰਾਹ ਐਨੀ ਸੌਖੀ ਨਹੀਂ ਸੀ। ਇਨ੍ਹਾਂ ਪੰਜ ਵਰ੍ਹਿਆਂ ‘ਚ ਮੁੱਖ ਤੌਰ ‘ਤੇ ਮੈਂ ਆਪਣੀ ਪੰਜਾਬੀ ਭਾਸ਼ਾ ‘ਤੇ ਕੰਮ ਕੀਤਾ ਤੇ ਹਾਲੇ ਵੀ ਕਰ ਰਿਹਾ ਹਾਂ। ਇੰਟਰਨੈੱਟ ਤੇ ਪੰਜਾਬਿਜ਼ਮ ਨਾਂ ਦੀ ਇੱਕ ਵੈੱਬਸਾਈਟ ‘ਤੇ ਆਪਣੀਆਂ ਮੁਢਲੀਆਂ ਰਚਨਾਵਾਂ ਨੂੰ ਬਾਹਰ ਤੇ ਵੈੱਬਸਾਈਟ ਦੇ ਦੋਸਤਾਂ ਨਾਲ ਸਾਂਝਾ ਕਰਨਾ ਸ਼ੁਰੂ ਕੀਤਾ ਜਿੱਥੇ ਕਈ ਸਾਥੀਆਂ ‘ਤੇ ਮੁੱਖ ਤੌਰ ‘ਤੇ ਜਗਜੀਤ ਸਿੰਘ ਜੱਗੀ, ਜੋ ਕਿ ਹੁਣ ਇੱਕ ਸੇਵਾ ਨਿਵਰਤ ਆਈ। ਆਰ. ਐਸ ਅਫ਼ਸਰ ਹਨ, ਉਨ੍ਹਾਂ ਸਭ ਨੇ ਮੈਨੂੰ ਭਾਸ਼ਾ ਦੀ ਵਰਤੋਂ ਤੇ ਰਚਨਾਵਾਂ ਨੂੰ ਤਰਾਸ਼ਣ ‘ਚ ਮੇਰੀ ਸਹਾਇਤਾ ਕੀਤੀ। ਪਰੰਤੂ ਵੀਹ ਸੌ ਪੰਦਰਾਂ ਪਿੱਛੋਂ ਮੈਂ ਪੂਰਾ ਧਿਆਨ ਸਵੈ-ਅਧਿਐਨ ਵੱਲ ਹੀ ਕੇਂਦਰਿਤ ਰੱਖਿਆ। 2017 ਤੋਂ 2022 ਤੱਕ ਮੇਰੀ ਪੋਸਟਿੰਗ ਦਿੱਲੀ ਰਹੀ ਉੱਥੇ ਵੀ ਇਹ ਸਫ਼ਰ ਜਾਰੀ ਰਿਹਾ ਤੇ ਜਿੱਥੇ ਰਹਿ ਕੇ ਮੇਰੀ ਪਲੇਠੀ ਕਵਿਤਾ ਦੀ ਕਿਤਾਬ ‘ਚਿੱਤ ਦਾ ਜੁਗਰਾਫ਼ੀਆ’ ਵੀ ਛਪੀ ਤੇ ਹੁਣ ਪਿਛਲੇ ਵਰ੍ਹੇ ਤੋਂ ਮੈਂ ਕਾਨਪੁਰ ਵਿਖੇ ਪੋਸਟਡ ਹਾਂ। ਇਸ ਕਿੱਤੇ ‘ਚ ਭਾਵੇਂ ਸੋ ਕਾਲਡ ਸਟੇਬਿਲਿਟੀ ਨਹੀਂ, ਪਰੰਤੂ ਇਸਨੇ ਮੈਨੂੰ ਪੂਰੇ ਦੇਸ਼ ‘ਚ ਵੱਖ-ਵੱਖ ਥਾਵਾਂ ‘ਤੇ ਘੁੰਮਣ ਦਾ ਮੌਕਾ ਦਿੱਤਾ ਤੇ ਜਿਸ ਨੂੰ ਮੈਂ ਆਪਣੀ ਖੁਸ਼ਕਿਸਮਤੀ ਸਮਝਦਾ ਹਾਂ। ਇਸ ਨਾਲ ਮੇਰੀ ਸੋਚ ਦਾ ਦਾਇਰਾ ਹੋਰ ਵੀ ਵੱਡਾ ਹੋਇਆ, ਹਰ ਪ੍ਰਾਂਤ ਦੇ ਲੋਕਾਂ ‘ਚ ਰਹਿਣਾ, ਉਨ੍ਹਾਂ ਨੂੰ ਜਾਣਨਾ ਮੇਰੇ ਲਈ ਇੱਕ ਵੱਖਰਾ ਤੇ ਸਿੱਖਿਆਦਾਇਕ ਅਨੁਭਵ ਰਿਹਾ ਹੈ।

ਸੋਨੀਆ : ਸੰਦੀਪ ਜੀ ਹਾਲਾਤ ਕਿਸੇ ਕਵੀ ਦੀ ਜ਼ਿੰਦਗੀ ‘ਚ ਕੀ ਸਥਾਨ ਰੱਖਦੇ ਹਨ?
ਸੰਦੀਪ : ਮੈਨੂੰ ਲਗਦਾ ਹਾਲਾਤ ਹੀ ਸਭ ਕੁਝ ਨਿਰਧਾਰਿਤ ਕਰਦੇ ਨੇ, ਹਾਲਾਤ ਬੰਦੇ ਨੂੰ ਉਹ ਬਣਾਉਂਦੇ ਜਿਹਾ ਉਹ ਹੁੰਦੈ। ਹਾਲਾਤ ਬੰਦੇ ਦੀ ਜ਼ਿੰਦਗੀ ਦੀ ਸ਼ੁਰੁਆਤ ਤੋਂ ਲੈ ਕੇ ਅੰਤ ਤੱਕ ਚਲਾਉਂਦੇ, ਜਿਸ ‘ਚ ਕੇਵਲ ਕੁਝ ਪ੍ਰਤੀਸ਼ਤ ਨੂੰ ਛੱਡ ਬਾਕੀ ਸਭ ‘ਚ ਤੁਹਾਡੀ ਕੋਈ ਸ਼ਮੂਲੀਅਤ ਨਹੀਂ ਹੁੰਦੀ ਉਦਾਹਰਣ ਵਜੋਂ ਤੁਸੀਂ ਕਿੱਥੇ ਜੰਮਦੇ ਇਹ ਨਿਰਧਾਰਿਤ ਕਰਦਾ ਹੈ ਕਿ ਤੁਹਾਡੇ ਹਿੱਸੇ ਕਿਹੜੀ ਭਾਸ਼ਾ, ਕਿਹੜਾ ਸੱਭਿਆਚਾਰ ਤੇ ਤੁਸੀਂ ਕਿਸ ਪਰਿਵਾਰ ‘ਚ ਹੋਵੋਗੇ ਜਿਹੜਾ ਅੱਗੇ ਜਾ ਕੇ ਤੁਹਾਡਾ ਮੂਲ ਮਾਨਸਿਕ ਤੇ ਸਰੀਰਕ ਵਿਕਾਸ ਨਿਰਧਾਰਿਤ ਕਰਦਾ। ਬਾਕੀ ਸਭ ਇਸ ਤੋਂ ਅੱਗੇ ਇੱਕ ਲੜੀ ਵਾਂਗ ਹੀ ਚਲਦਾ ਹੈ।
ਇੱਕ ਕਵੀ ਦੇ ਨਜ਼ਰੀਏ ਤੋਂ ਕਿਹਾ ਜਾਵੇ ਤੇ ਤੁਹਾਡੇ ਅੰਦਰ ਨੂੰ ਇਹ ਹਾਲਤ ਹੀ ਆਕਾਰ ਦਿੰਦੇ ਨੇ। ਹਾਂ ਇਹ ਹੋ ਸਕਦੈ ਕਿ ਤੁਹਾਡੀ ਸਿੱਖਿਆ, ਸਾਧਨਾ, ਅਧਿਐਨ ਉਨ੍ਹਾਂ ਕੁਝ ਅੰਦਰਲੀਆਂ ਪਰਤਾਂ ਨੂੰ ਤੁਹਾਡੇ ਅੱਗੇ ਉਜਾਗਰ ਕਰ ਦੇਵੇ ਜਾਂ ਬੀਤੇ ਤੇ ਭਵਿੱਖ ਨੂੰ ਵੇਖਣ ਲਈ ਨਵੀਂ ਰੌਸ਼ਨੀ ਦੇਵੇ। ਪਰ ਉਨ੍ਹਾਂ ਮੁਢਲੇ ਹਾਲਾਤਾਂ ਦੇ ਤੁਹਾਨੂੰ ਦਿੱਤੇ ਤੁਹਾਡੇ ਕਵੀ ਹੋਣ ਦੇ ਮੂਲ ਗੁਣ ਤੁਹਾਡੀ ਸੰਵੇਦਨਾ, ਭਾਵਨਾਵਾਂ ਇਨ੍ਹਾਂ ਸਭ ‘ਚ ਬਾਅਦ ਵਿਚ ਬਹੁਤੀ ਸੋਧ ਸੰਭਵ ਨਹੀਂ ਹੈ। ਹਾਂ ਬਾਕੀ ਜ਼ਿੰਦਗੀ ਪ੍ਰਤੀ ਤੁਹਾਡਾ ਨਜ਼ਰੀਆ ਜ਼ਿੰਦਗੀ ਦੇ ਪੜਾਵਾਂ ਨਾਲ ਬਦਲਦਾ ਰਹਿੰਦਾ ਹੈ ਜਿਵੇਂਕਿ ਆਪਣੇ ਤੀਹਵੇਂ ਵਰ੍ਹੇ ‘ਚ ਜ਼ਿੰਦਗੀ ਨੂੰ ਤੁਸੀਂ ਓਵੇਂ ਨਹੀਂ ਵੇਖਦੇ ਜਿਵੇਂ ਤੁਸੀਂ ਓਦੋਂ ਵੇਖਦੇ ਜਦੋਂ ਵੀਹ ਦੇ ਹੁੰਦੇ, ਤੇ ਮੈਂ ਮੰਨਦਾ ਇਹ ਇੱਕ ਕੁਦਰਤੀ ਤੇ ਜ਼ਰੂਰੀ ਪ੍ਰਕਿਰਿਆ ਬੱਸ ਉਸ ਦੀ ਦਿਸ਼ਾ ਸਹੀ ਹੋਣੀ ਚਾਹੀਦੀ।

ਸੋਨੀਆ : ਸੰਦੀਪ ਜੀ ਹੁਣ ਤੱਕ ਦੇ ਕਾਵਿ ਸਫ਼ਰ ‘ਚ ਜੀਵਨ ਸਾਥੀ ਦਾ ਕਿਸ ਤਰ੍ਹਾਂ ਦਾ ਯੋਗਦਾਨ ਰਿਹਾ ਹੈ?
ਸੰਦੀਪ : ਹੁਣ ਤੱਕ ਦੇ ਇਸ ਸਫ਼ਰ ‘ਚ ਮੇਰੀ ਧਰਮ ਪਤਨੀ ਦਾ ਇੱਕ ਬਹੁਤ ਮਹੱਤਵਪੂਰਨ ਯੋਗਦਾਨ ਰਿਹਾ, ਹਾਲਾਤ ਕਿਵੇਂ ਵੀ ਰਹੇ ਹੋਣ ਉਹ ਹਮੇਸ਼ਾ ਨਾਲ ਖੜ੍ਹੀ ਰਹੀ ਹੈ। ਉਸ ਨੇ ਬਹੁਤ ਸਾਰੀਆਂ ਪਰਿਵਾਰਿਕ

ਜ਼ਿੰਮੇਵਾਰੀਆਂ ਨੂੰ ਆਪਣੇ ਉੱਤੇ ਲੈ ਕੇ ਮੈਨੂੰ ਪੜ੍ਹਨ-ਲਿਖਣ ਨੂੰ ਸਮਾਂ ਦੇਣ ‘ਚ ਮੇਰੀ ਸਹਾਇਤਾ ਕੀਤੀ ਹੈ। ਮੇਰੀਆਂ ਨਿੱਕੀਆਂ ਪ੍ਰਾਪਤੀਆਂ ਤੇ ਵੀ ਉਹ ਮੈਥੋਂ ਵੱਧ ਆਪ ਖੁਸ਼ ਹੁੰਦੀ ਹੈ। ਵੱਖ-ਵੱਖ ਥਾਵਾਂ ‘ਤੇ ਪੋਸਟਿੰਗ ਹਰ ਪੋਸਟਿੰਗ ‘ਚ ਘੱਟੋ-ਘੱਟ ਦੋ ਤਿੰਨ ਘਰ ਸ਼ਿਫਟ ਕਰਨੇ, ਇਹ ਉਸ ਲਈ ਵੀ ਐਨਾ ਆਸਾਨ ਨਹੀਂ, ਪਰੰਤੂ ਉਹ ਇਸ ਸਭ ਨੂੰ ਬਹੁਤ ਸਹਿਜਤਾ ਨਾਲ ਨਿਭਾਅ ਰਹੀ ਹੈ।

ਸੋਨੀਆ : ਸੰਦੀਪ ਜੀ ਤੁਹਾਡੀ ਪਲੇਠੀ ਕਾਵਿ ਪੁਸਤਕ ‘ਚਿੱਤ ਦਾ ਜੁਗਰਾਫ਼ੀਆ’ ਨੂੰ ਸਾਹਿਤ ਅਕਾਦਮੀ ਯੁਵਾ ਸਾਹਿਤ ਪੁਰਸਕਾਰ ਪ੍ਰਾਪਤ ਹੋਇਆ ਹੈ, ਕੀ ਮਹਿਸੂਸ ਕਰਦੇ ਹੋ?
ਸੰਦੀਪ : ‘ਚਿੱਤ ਦਾ ਜੁਗਰਾਫ਼ੀਆ’ ਨੂੰ ਸਾਹਿਤ ਅਕਾਦਮੀ ਯੁਵਾ ਸਾਹਿਤ ਪੁਰਸਕਾਰ ਪ੍ਰਾਪਤ ਹੋਣ ‘ਤੇ ਮੈਂ ਵਾਕਇ ਖੁਸ਼ੀ ਮਹਿਸੂਸ ਹੋਈ ਹੈ। ਮੈਨੂੰ ਲਗਦਾ ਸੀ ਕਿ ਇਸ ਕਿਤਾਬ ਦੀ ਬਹੁਤੀ ਗੱਲ ਨਹੀਂ ਹੋਈ, ਤੇ ਨਾਲ ਹੀ ਮੈਨੂੰ ਲੱਗਣ ਲੱਗਾ ਕਿ ਮੈਨੂੰ ਕਵਿਤਾ ਤੇ ਹੋਰ ਕੰਮ ਕਰਨ ਦੀ ਲੋੜ ਹੈ। ਇਸ ਕਿਤਾਬ ਤੋਂ ਪਿੱਛੋਂ ਮੈਂ ਕਵਿਤਾ ਪ੍ਰਤੀ ਪਹਿਲਾਂ ਨਾਲੋਂ ਵੱਧ ਜ਼ਿੰਮੇਵਾਰੀ ਮਹਿਸੂਸ ਕਰ ਰਿਹਾ ਸੀ, ਮੇਰਾ ਮੰਨਣਾ ਸੀ ਕਿ ਅੱਗੇ ਹੋਰ ਵੀ ਵੱਧ ਸ਼ਿੱਦਤ ਤੇ ਮਿਹਨਤ ਦੀ ਲੋੜ ਹੈ ਤੇ ਮੈਂ ਉਸ ਸੋਚ ਨਾਲ ਪਿਛਲੇ ਡੇਢ ਵਰ੍ਹੇ ਤੋਂ ਵੱਧ ਮਿਹਨਤ ਕਰਦਾ ਅੱਗੇ ਵਧ ਰਿਹਾ ਹਾਂ ਤੇ ਹੁਣ ਤੱਕ ਉਹ ਕੋਸ਼ਿਸ਼ ਜਾਰੀ ਸੀ। ਪਰੰਤੂ ਇਸ ਖੁਸ਼ੀ ਤੋਂ ਵੱਧ ਮੈਨੂੰ ਇਹ ਇੱਕ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਜ਼ਿਆਦਾ ਲੱਗ ਰਿਹਾ ਹੈ, ਅਜਿਹਾ ਅਹਿਸਾਸ ਮੈਨੂੰ ਪਹਿਲਾਂ ਉਸ ਵਕਤ ਵੀ ਹੋਇਆ ਸੀ ਜਦੋਂ ਮੈਂ ਇਸ ਕਿਤਾਬ ਨੂੰ ਛਪਵਾਉਣ ਦਾ ਫ਼ੈਸਲਾ ਕੀਤਾ ਸੀ।
ਸੋਨੀਆ : ਸੰਦੀਪ ਜੀ ਤੁਹਾਡੀ ਕਵਿਤਾ ‘ਚ ਬੌਧਿਕਤਾ ਦਾ ਝਲਕਾਰਾ ਹੈ, ਕਾਰਨ?
ਸੰਦੀਪ : ਮੇਰਾ ਮੰਨਣਾ ਹੈ ਕਿ ਕਵਿਤਾ ਤੇ ਵਿਚਾਰ, ਬੌਧਿਕਤਾ ਬੋਝ ਨਹੀਂ ਬਣਨੀ ਚਾਹੀਦੀ, ਤੇ ਮੈਂ ਵੀ ਇਸ ਬਾਰੇ ਪੂਰੀ ਸੁਚੇਤ ਕੋਸ਼ਿਸ਼ ਕੀਤੀ। ਪਰੰਤੂ ਕੋਈ ਵੀ ਕੰਮ ਸ਼ਤ ਪ੍ਰਤੀਸ਼ਤ ਸਹੀ ਨਹੀਂ ਹੁੰਦਾ ਤੇ ਸੁਧਾਰ ਦੀ ਗੁੰਜਾਇਸ਼ ਹਮੇਸ਼ਾ ਰਹਿੰਦੀ ਹੈ। ਇਸ ਕਿਤਾਬ ‘ਚ ਵੀ ਮੈਥੋਂ ਕੁਝ ਕਮੀਆਂ ਜ਼ਰੂਰ ਰਹੀਆਂ ਹਨ ਤੇ ਮੈਂ ਅੱਗੇ ਉਹਨਾਂ ਨੂੰ ਹਟਾਉਣ ਦੇ ਪੂਰੀ ਕੋਸ਼ਿਸ਼ ਕਰਾਂਗਾ। ਹੋ ਸਕਦੈ ਕੁਝ ਬੌਧਿਕਤਾ ਮੇਰੇ ਸ਼ੁਰੁਆਤੀ ਅਧਿਐਨ ਤੋਂ ਆਈ ਹੋਵੇ ਤੇ ਹਾਲੇ ਵੀ ਬਚੀ ਹੋਵੇ ਪਰੰਤੂ ਜਿੰਨਾ ਵੀ ਹੋ ਸਕੇ ਮੇਰੀ ਕੋਸ਼ਿਸ਼ ਸੇਲਵਫ਼ (ਈਗੋ) ਨੂੰ ਹੌਲੀ-ਹੌਲੀ ਘਟਾਉਣ ਜਾਂ ਮੁਕਾਉਣ ਦੀ ਹੁੰਦੀ ਹੈ, ਕਵਿਤਾ ਵੀ ਉਸ ਦਿਸ਼ਾ ‘ਚ ਮੇਰੀ ਮਦਦ ਕਰਦੀ ਹੈ। ਪਰੰਤੂ ਇਹ ਲੰਮੀ ਯਾਤਰਾ ਹੈ, ਤੇ ਮੈਂ ਕੋਸ਼ਿਸ਼ ਕਰਦਾ ਰਹਾਂਗਾ ਕਿਉਂਕਿ ਤੁਸੀਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦੇ।

ਸੋਨੀਆ : ਸੰਦੀਪ ਜੀ ਕਵਿਤਾ ਅਤੇ ਕਵੀ ਦੇ ਰਿਸ਼ਤੇ ਨੂੰ ਤੁਸੀਂ ਕਿਵੇਂ ਪ੍ਰਭਾਸ਼ਿਤ ਕਰਦੇ ਹੋ?
ਸੰਦੀਪ : ਕਵੀ ਤੇ ਕਵਿਤਾ ਦੇ ਰਿਸ਼ਤੇ ਬਾਰੇ ਇਹ ਕਹਾਂਗਾ ਕਿ ਕਵੀ ਇੱਕ ਸਾਧਨ ਮਾਤਰ ਹੈ। ਜੇਕਰ ਕਵਿਤਾ ਤੁਹਾਨੂੰ ਚੁਣਦੀ ਹੈ ਤਾਂ ਇਹ ਵੀ ਕਿਸੇ ਅਲੌਕਿਕ ਵਰਤਾਰੇ ਤੋਂ ਘੱਟ ਨਹੀਂ। ਸ਼ਬਦਾਂ ਲਈ ਸ਼ਬਦਕੋਸ਼ ਹਨ, ਪਰੰਤੂ ਹਰ ਕੋਈ ਉਨ੍ਹਾਂ ਸ਼ਬਦਾਂ ਨਾਲ ਕਵਿਤਾ ਨਹੀਂ ਕਹਿ ਸਕਦਾ ਤੇ ਵੈਸੇ ਵੀ ਇਕੱਲੀ ਕੋਸ਼ਿਸ਼ ਕਰਕੇ ਕਵਿਤਾ ਨਹੀਂ ਲਿਖੀ ਜਾ ਸਕਦੀ ਹਾਂ ਬਾਅਦ ‘ਚ ਤੁਸੀਂ ਉਸ ਦੇ ਰੂਪ, ਭਾਸ਼ਾ, ਸੁਹਜ ਤੇ ਜ਼ਰੂਰ ਕੰਮ ਕਰ ਸਕਦੇ ਹੋ। ਸਿਰਜਣਾ ਦੇ ਉਨ੍ਹਾਂ ਪਲਾਂ ‘ਚ ਕਵੀ ਆਪਣੀ ਆਮ ਹਸਤੀ ਤੋਂ ਵੱਡਾ ਹੁੰਦਾ ਹੈ ਤੇ ਇਸ ‘ਚ ਵੀ ਕਵਿਤਾ ਦਾ ਯੋਗਦਾਨ ਵੱਡਾ ਹੁੰਦਾ ਹੈ।

ਕਵਿਤਾ ਬਾਰੇ?
ਕਵਿਤਾ ਬਾਬਤ ਬਹੁਤ ਕੁਝ ਕਿਹਾ ਗਿਆ ਹੈ, ਪਰ ਮੇਰੇ ਮੁਤਾਬਿਕ ਕਵਿਤਾ ਦੀ ਕੋਈ ਇੱਕ ਪਰਿਭਾਸ਼ਾ ਨਹੀਂ ਹੋ ਸਕਦੀ। ਮਨੁੱਖ ਹੋਣਾ ਆਪਣੇ ਆਪ ਇੱਕ ਦਾਇਰਾ ਹੈ, ਉਹ ਦਾਇਰਾ ਸਾਨੂੰ ਕੁਦਰਤ ਨੇ ਦਿੱਤਾ ਹੈ, ਜਿਸ ਅੰਦਰ ਬਹੁਤ ਕੁਝ ਪ੍ਰਤੱਖ ਤੇ ਨਾਲ ਹੀ ਬਹੁਤ ਕੁਝ ਅਣਦਿਸਦਾ, ਅਬੁੱਝ ਹੈ। ਪਰੰਤੂ ਅਜਿਹਾ ਨਹੀਂ ਹੈ ਕਿ ਇਸ ਦਾਇਰੇ ਨੂੰ ਤੋੜਨਾ ਤੇ ਇਸ ਨੂੰ ਬੁੱਝਣਾ ਅਸੰਭਵ ਹੈ, ਤੇ ਇਸ ਨੂੰ ਸਾਧਿਆ ਨਹੀਂ ਜਾ ਸਕਦਾ। ਥੋੜ੍ਹੇ ਸ਼ਬਦਾਂ ‘ਚ ਕਹਾਂ ਤਾਂ ਕਵਿਤਾ ਮੇਰੇ ਲਈ ਇਸ ਅਬੁੱਝ ਨੂੰ ਬੁੱਝਣ ਦੀ ਸਾਧਨਾ ਹੈ, ਰਵਾਇਤੀ ਪ੍ਰਤੱਖ ਨੂੰ ਸ਼ਬਦਾਂ ਦੇ ਨਵੇਂ ਅਰਥਾਂ ਦੀ ਲੋਅ ‘ਚ ਨਵੇਂ ਢੰਗ ਨਾਲ ਵੇਖਣਾ ਹੈ। ਮੇਰੇ ਲਈ ਕਵਿਤਾ ਆਪਣੀ ਰੂਹ ਤੇ ਸਾਡੇ ਸਭ ਦੀ ਸਾਂਝੀ ਹੋਂਦ ਨੂੰ ਵਿਸਤਾਰ ਦੇਣ ਲਈ ਚੱਲ ਰਿਹਾ ਉਹ ਨਿਰੰਤਰ ਪ੍ਰਯਤਨ ਹੈ, ਜਿਸ ਵਿਚ ਤੁਸੀਂ ਮਿਟਦੇ ਵੀ ਹੋ, ਇਹ ਵਿਰੋਧਾਭਾਸ ਜਾਪੇਗਾ ਪਰੰਤੂ ਇਹੋ ਸੱਚ ਹੈ।