ਮਹਿੰਦਰ ਸਾਥੀ ਯੁਵਾ ਕਾਵਿ ਪੁਰਸਕਾਰ ਜੇਤੂ ਤਲਵਿੰਦਰ

ਮੁਲਾਕਾਤ : ਸੋਨੀਆ ਮਨਜਿੰਦਰ

‘ਪੰਜਾਬੀ ਨਕਸ਼’ ਦੇ ਯੁਵਾ ਸਾਹਿਤ ਵਿਸ਼ੇਸ਼ ਅੰਕ ਰਾਹੀਂ ਜਿੱਥੇ ਅਸੀਂ ਨਵੇਂ ਕਵੀਆਂ ਨੂੰ ਪਾਠਕਾਂ ਨਾਲ ਰੂ-ਬ-ਰੂ ਕਰਵਾ ਰਹੇ ਹਾਂ ਉੱਥੇ, ਜਿਨ੍ਹਾਂ ਯੁਵਾ ਕਵੀਆਂ ਨੇ ਮਾਣਮੱਤੇ ਮੁਕਾਮ ਹਾਸਿਲ ਕੀਤੇ ਹਨ ਉਨ੍ਹਾਂ ਨੂੰ ਵੀ ਪਾਠਕਾਂ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ। ਅਦਾਰਾ ‘ਪੰਜਾਬੀ ਨਕਸ਼’ ਵੱਲੋਂ ਮਹਿੰਦਰ ਸਾਥੀ ਯੁਵਾ ਕਾਵਿ ਪੁਰਸਕਾਰ (2023) ਜੇਤੂ ਕਵੀ ਤਲਵਿੰਦਰ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਜਿੱਥੇ ਅਸੀਂ ਤਲਵਿੰਦਰ ਦੇ ਬਚਪਨ, ਉਸ ਦੀ ਪੜ੍ਹਾਈ ਤੇ ਉਹ ਗ਼ਜ਼ਲ ਵੱਲ ਕਿਵੇਂ ਆਇਆ, ਬਾਰੇ ਜਾਣਿਆਂ, ਉੱਥੇ ਉਸ ਨੇ ਆਪਣੇ ਜੀਵਨ ਵਿਚ ਪੇਸ਼ ਆਈਆਂ ਦਰਪੇਸ਼ ਚੁਣੌਤੀਆਂ ਅਤੇ ਉਸ ਲਈ ਪ੍ਰੇਰਨਾਸ੍ਰੋਤ ਬਣੀਆਂ ਸ਼ਖ਼ਸੀਅਤਾਂ ‘ਤੇ ਵੀ ਚਾਨਣਾ ਪਾਇਆ। ਤਲਵਿੰਦਰ ਨਾਲ ਮੁਲਾਕਾਤ ਕਰਕੇ ਇੰਝ ਮਹਿਸੂਸ ਹੋਇਆ ਕਿ ਅੱਜ ਦਾ ਇਹ ਨੌਜਵਾਨ ਆਪਣੀਆਂ ਲਿਖਤਾਂ ਰਾਹੀਂ ਸਮਾਜ ਨੂੰ ਇਕ ਚੰਗੀ ਸੇਧ ਦੇਣ ਅਤੇ ਆਪਣੇ ਬਾਕੀ ਨੌਜਵਾਨ ਸਾਥੀਆਂ ਲਈ ਵਧੀਆ ਪ੍ਰੇਰਨਾਦਾਇਕ ਕਵੀ ਸਾਬਿਤ ਹੋਵੇਗਾ। ਪੇਸ਼ ਹੈ ਸੰਪਾਦਕ ਸੋਨੀਆ ਮਨਜਿੰਦਰ ਵੱਲੋਂ ਤਲਵਿੰਦਰ ਨਾਲ ਕੀਤੀ ਗਈ ਵਿਸਥਾਰਪੂਰਵਕ ਮੁਲਾਕਾਤ—

ਸੋਨੀਆ : ਤਲਵਿੰਦਰ ਆਪਣੇ ਜੀਵਨ ਦੇ ਮੁਢਲੇ ਪੜਾਅ ਤੇ ਪਰਿਵਾਰ ਬਾਰੇ ਦੱਸੋ?
ਤਲਵਿੰਦਰ : ਮੇਰਾ ਜਨਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸਿੱਧ ਪਿੰਡ ਗੁਣਾਚੌਰ ਵਿਖੇ ਪਿਤਾ ਸਵ: ਬਲਕਰਜੀਤ ਸਿੰਘ ਤੇ ਮਾਤਾ ਸੁਖਜਿੰਦਰ ਕੌਰ ਦੇ ਘਰ ਹੋਇਆ ਹੋਇਆ। ਗੁਣਾਚੌਰ ਖੇਡ ਤੇ ਕਲਾ ਦੇ ਖੇਤਰ ‘ਚ ਮਸ਼ਹੂਰ ਪਿੰਡ ਹੈ। ਮੈਂ ਮੁਢਲੀ ਸਿੱਖਿਆ ਵੀ ਪਿੰਡ ਦੇ ਸਕੂਲ ਤੋਂ ਹੀ ਹਾਸਿਲ ਕੀਤੀ। ਮੇਰੇ ਪਿਤਾ ਜੀ ਪੰਜਾਬ ਪੁਲਿਸ ਵਿਚ ਨੌਕਰੀ ਕਰਦੇ ਸਨ। ਉਹ ਬਚਪਨ ਤੋਂ ਹੀ ਮੈਨੂੰ ਅਨੁਸ਼ਾਸਿਤ ਕਰਨ ਦੀ ਕੋਸ਼ਿਸ਼ ਕਰਦੇ (ਜੋ ਕਿ ਵਧੇਰੇ  discipline forces ‘ਚ ਨੌਕਰੀ ਕਰਨ ਵਾਲੇ ਮਾਪੇ ਆਪਣੇ ਬੱਚਿਆਂ ਲਈ ਕਰਦੇ ਹੀ ਨੇ)। ਮੈਂ ਬਚਪਨ ਵਿਚ ਸ਼ਰਾਰਤੀ ਤੇ ਬੇਪਰਵਾਹ ਸੀ ਪਰ ਪਿਤਾ ਜੀ ਸਾਹਿਤ ਪ੍ਰੇਮੀ ਸਨ, ਘਰ ਰੋਜ਼ਾਨਾ ਅਖ਼ਬਾਰ ਆਉਂਦਾ, ਰਸਾਲੇ ਤੇ ਕਿਤਾਬਾਂ ਵੀ ਘਰ ਹੁੰਦੀਆਂ ਤੇ ਵੱਡੇ ਭਰਾ ਗੁਰਪਿੰਦਰ ਸ਼ੇਰਗਿੱਲ ਦੀਆਂ ਰੋਮਾਂਚਕ ਕੌਮੀਕਸ ਵੀ। ਇਸ ਸਾਰੀ ਸਮੱਗਰੀ ‘ਚੋਂ ਮੈਂ ਆਪਣੀ ਪਸੰਦ ਦੀਆਂ ਕਹਾਣੀਆਂ, ਕਿੱਸੇ ਆਦਿ ਪੜ੍ਹਦਾ ਰਹਿੰਦਾ। ਇਸ ਤੋਂ ਇਲਾਵਾ ਮੇਰੇ ਦਾਦਾ ਸ. ਪਿਆਰਾ ਸਿੰਘ ਜੀ ਜੋ ਵੰਡ ਵੇਲੇ ਜ਼ਿਲ੍ਹਾ ਲਾਇਲਪੁਰ ਦੇ ਪਿੰਡ 32 ਚੱਕ ਤੋਂ ਉੱਜੜ ਕੇ ਏਧਰ ਆਏ ਸਨ ਉਨ੍ਹਾਂ ਵੱਲੋਂ ਉਜਾੜੇ ਦੀਆਂ ਸੁਣਾਈਆਂ ਜਾਂਦੀਆਂ ਸੱਚੀਆਂ ਕਹਾਣੀਆਂ ਨੇ ਵੀ ਮੇਰੇ ਲਈ ਮੌਖਿਕ ਸਾਹਿਤ ਦਾ ਕੰਮ ਕੀਤਾ। ਏਸ ਸਾਰੀ ਸਮੱਗਰੀ ‘ਚੋਂ ਮੈਂ ਆਪਣੀ ਪਸੰਦ ਦੀਆਂ ਕਹਾਣੀਆਂ, ਕਿੱਸੇ ਆਦਿ ਪੜ੍ਹਦਾ ਰਹਿੰਦਾ। ਮੈਨੂੰ ਲਗਦੈ ਕਿ ਏਥੋਂ ਹੀ ਕਿਤੇ ਸਾਹਿਤ ਸਿਰਜਣਾ ਦੇ ਬੀਜ਼ ਮੇਰੇ ਅੰਦਰ ਪੁੰਗਰਣ ਲੱਗੇ।

ਸੋਨੀਆ : ਤਲਵਿੰਦਰ ਤੁਸੀਂ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ?
ਤਲਵਿੰਦਰ : ਬਚਪਨ ਤੋਂ ਕਿਸ਼ੋਰ ਅਵਸਥਾ ਵੱਲ ਜਾਂਦਿਆਂ ਮੇਰੇ ਘਰੇਲੂ ਹਾਲਾਤ ਕਸ਼ਟ ਭਰੇ ਬਣ ਗਏ। ਪਿਤਾ ਜੀ ਜਿਗਰ ਦੀ ਗੰਭੀਰ ਬਿਮਾਰੀ ਤੇ ਅਵਸਾਦ ਨਾਲ ਪੀੜਤ ਹੋ ਗਏ। ਬਿਮਾਰੀ ਦੇ ਚੱਲਦਿਆਂ ਉਨ੍ਹਾਂ ਨੇ 2005 ‘ਚ ਸੇਵਾਮੁਕਤੀ ਦੀ ਮਿਆਦ ਤੋਂ ਬਹੁਤ ਪਹਿਲਾਂ ਹੀ ਰਿਟਾਇਰਮੈਂਟ ਲੈ ਲਈ। ਉਨ੍ਹਾਂ ਦਿਨਾਂ ‘ਚ ਪੁਲਿਸ ਕਰਮਚਾਰੀ ਦੀ ਤਨਖ਼ਾਹ ਵੀ ਘੱਟ ਸੀ ਤੇ ਪੈਨਸ਼ਨ ਤਾਂ ਬਿਲਕੁਲ ਨਿਗੂਣੀ ਸੀ। ਪਰਿਵਾਰ ਦਾ ਪਾਲਣ ਪੋਸ਼ਣ ਤੇ ਉੱਤੋਂ ਦਵਾਈਆਂ ਉੱਤੇ ਰੋਜ਼ ਦਾ ਖਰਚਾ। ਮਹੀਨੇ ‘ਚ ਕਈ ਦਿਨ ਹਸਪਤਾਲ ਰਹਿੰਦੇ। ਹਾਲਾਤ ਬਦਤਰ ਸਨ। ਪੁਸ਼ਤੈਨੀ ਜ਼ਮੀਨ ਸੀ ਪਰ ਵੰਡ ਵੰਡਾਈ ਦੇ ਪਰਿਵਾਰਕ ਕਲੇਸ਼ ਕਾਰਨ (ਜੋ ਕਿ ਵਧੇਰੇ ਕਿਸਾਨੀ ਪਰਿਵਾਰਾਂ ਦਾ ਮਸਲਾ ਹੈ) ਉਸ ਤੋਂ ਆਮਦਨ ਤਾਂ ਕੀ ਆਉਣੀ ਸੀ, ਸਗੋਂ ਅਦਾਲਤੀ ਕੇਸਾਂ ਕਾਰਨ ਖ਼ਰਚੇ ਦਾ ਬੋਝ ਹੋਰ ਵੱਧ ਗਿਆ। ਕਹਿੰਦੇ ਨੇ ਕਿ ਕਿਸੇ ਦਾ ਕਾਲੇ ਤੇ ਚਿੱਟੇ ਕੋਟ ਨਾਲ ਵਾਹ ਪਿਆ ਮਾੜਾ, (ਵਕੀਲ ਤੇ ਡਾਕਟਰ) ਮੇਰਾ ਛੋਟੀ ਉਮਰੇ ਦੋਵਾਂ ਨਾਲ ਪਿਆ ਰਿਹਾ। ਮੈਂ ਭਲਵਾਨੀ ਕਰਦਾ ਸਾਂ, ਜ਼ਿੰਦਗੀ ਦੀ ਏਸੇ ਖਿੱਚੋਤਾਣ ‘ਚ ਉਹ ਵੀ ਛੁੱਟ ਗਈ ਤੇ ਪੜ੍ਹਾਈ ਵੀ ਵਿਚਾਲੇ ਹੀ। ਸੋ ਐਸੀ ਤੰਗੀ ਨੇ ਮੈਨੂੰ ਬਚਪਨ ਚ ਹੀ ਸਮਝਦਾਰ ਕਰ ਦਿੱਤਾ ਤੇ ਮੈਂ ਇਨ੍ਹਾਂ ਸਾਰੀਆਂ ਮੁਸੀਬਤਾਂ ਵਿਚ ਕਿਤਾਬਾਂ ਨੂੰ ਢਾਰਸ ਵਜੋਂ ਵਰਤਿਆ। ਕਿਤਾਬਾਂ ਨੇ ਮੈਨੂੰ ਜਿਊਣ ਦਾ ਹੌਸਲਾ ਦਿੱਤਾ।

ਸੋਨੀਆ : ਤਲਵਿੰਦਰ ਤੁਸੀਂ ਗ਼ਜ਼ਲ ਵੱਲ ਕਿਸ ਤਰ੍ਹਾਂ ਆਏ ਤੇ ਕਿਸ ਕਿੱਤੇ ਨੂੰ ਅਪਣਾਇਆ?
ਤਲਵਿੰਦਰ : ਪਹਿਲੀ ਗ਼ਜ਼ਲਨੁਮਾ ਕਵਿਤਾ ਮੈਂ ਕਾਲਜ ਪੜ੍ਹਦਿਆਂ ਲਿਖੀ। ਕਾਲਜ ਜਾਣ ਤੋਂ ਪਹਿਲਾਂ ਮੈਂ ਫ਼ਲਸਫ਼ਾ, ਦਰਸ਼ਨ, ਇਨਕਲਾਬੀ ਸਾਹਿਤ, ਨਾਵਲ ਆਦਿ ਤਾਂ ਪੜ੍ਹੇ ਸਨ ਪਰ ਗ਼ਜ਼ਲ ਨਾਲ ਮੇਰਾ ਵਾਹ ਐਸ. ਐਨ. ਕਾਲਜ ਬੰਗਾ ਦੀ ਲਾਇਬ੍ਰੇਰੀ ‘ਚ ਹੀ ਪਿਆ। ਮੈਂ ਪੜ੍ਹਾਈ ਪੱਖੋਂ ਤਾਂ ਠੀਕ-ਠਾਕ ਹੀ ਸਾਂ ਪਰ ਮੈਂ ਕਾਲਜ ਦੀ ਲਾਇਬਰੇਰੀ ‘ਚ ਘੰਟਿਆਂ-ਬੱਧੀ ਬੈਠਾ ਕਿਤਾਬਾਂ ਪੜ੍ਹਦਾ ਰਹਿੰਦਾ ਤੇ ਮੇਰੇ ਖਿਆਲ ਮੁਤਾਬਿਕ ਉਨ੍ਹਾਂ ਦਿਨਾਂ ਚ ਸਭ ਤੋਂ ਵੱਧ ਕਿਤਾਬਾਂ ਵੀ ਮੇਰੇ ਲਾਇਬ੍ਰੇਰੀ ਕਾਰਡ ‘ਤੇ ਜਾਰੀ ਹੁੰਦੀਆਂ ਸਨ। ਮੈਂ ਸ਼ਿਵ ਕੁਮਾਰ, ਅੰਮ੍ਰਿਤਾ ਪ੍ਰੀਤਮ, ਡਾ. ਜਗਤਾਰ, ਸੁਰਜੀਤ ਪਾਤਰ, ਮੀਸ਼ਾ ਤੇ ਹੋਰ ਵੱਡੇ ਕਵੀਆਂ, ਸ਼ਾਇਰਾਂ ਨੂੰ ਨਿੱਠ ਕੇ ਪੜ੍ਹਿਆ। ਏਥੇ ਹੀ ਮੇਰੇ ਅੰਦਰ ਗ਼ਜ਼ਲ ਢਲਦੀ ਰਹੀ। ਜਿਵੇਂ ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਦੋਂ ਨਾਲ-ਨਾਲ ਸਾਡੇ ਅੰਦਰ ਵੀ ਇੱਕ ਟੈਕਸਟ ਚਲਦੈ, ਪੜ੍ਹਨਾ ਵੀ ਲਿਖਣਾ ਹੀ ਹੁੰਦਾ ਜਾਂ ਕਹਿ ਲਓ ਕਿ ਪੜ੍ਹਨਾ ਲਿਖਣ ਦਾ ਹੀ ਅਭਿਆਸ ਹੈ। ਸੋ ਏਸੇ ਤਰਾਂ ਗ਼ਜ਼ਲ ਮੇਰੇ ਕੋਲ ਪੁੱਜੀ ਤੇ ਲਹੂ ‘ਚ ਰਚ ਗਈ ਤੇ ਹਾਲੇ ਤੱਕ ਮੇਰੇ ਬਿਆਨ ਦੀ ਇੱਕੋ-ਇੱਕ ਵਿਧਾ ਗ਼ਜ਼ਲ ਹੀ ਹੈ। ਕਾਲਜ ਪੜ੍ਹਦਿਆਂ ਦੀ ਇੱਕ ਗੱਲ ਯਾਦ ਆਉਂਦੀ ਹੈ ਕਿ ਮੇਰੇ ਅਰਥ ਸ਼ਾਸਤਰ ਦੇ ਇਮਤਿਹਾਨ ਤੋਂ ਇੱਕ ਦਿਨ ਪਹਿਲਾਂ ਮੈਂ ਲਾਇਬ੍ਰੇਰੀ ਬੈਠਾ ਡਾ. ਜਗਤਾਰ ਦੀ ਕਿਤਾਬ ਪੜ੍ਹ ਰਿਹਾਂ ਸਾਂ ਤਾਂ ਮੇਰੇ ਅਧਿਆਪਕ ਲਾਇਬ੍ਰੇਰੀ ਆਏ ਤੇ ਮੈਨੂੰ ਕਹਿਣ ਲੱਗੇ ਕਿ ਇਮਤਿਹਾਨ ਦਾ ਪੜ੍ਹ ਲੈ, ਕਵਿਤਾ ਨੇ ਕੁਝ ਨਹੀਂ ਦੇਣਾ। ਮੈਂ ਹੱਸਦਿਆਂ ਕਿਹਾ ਸੀ ਕਿ ਕੀ ਪਤਾ ਕਵਿਤਾ ਦੇ ਹੀ ਦੇਵੇ। ਹੁਣ ਮੈਨੂੰ ਲਗਦਾ ਹੈ ਕਿ ਕਵਿਤਾ ਨੇ ਦੇ ਵੀ ਦਿੱਤੇ। ਸ਼ੁਰੂਆਤੀ ਦੌਰ ‘ਚ ਮੇਰੇ ਪਰਮ ਮਿੱਤਰ ਅਰੁਣ ਤੇ ਕਾਲਜ ਲੈਕਚਰਾਰ ਰਹੇ ਭਾਵਨਾ ਸ਼ਰਮਾ ਨੇ ਮੈਨੂੰ ਲਿਖਦੇ ਰਹਿਣ ਲਈ ਪ੍ਰੇਰਿਆ।
ਰੁਜ਼ਗਾਰ ਦੀ ਗੱਲ ਕਰਦਿਆਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਤੰਗੀਆਂ ਕਾਰਨ ਮੇਰੀ ਖੇਡ ਤੇ ਪੜ੍ਹਾਈ ਦੋਵੇਂ ਛੁੱਟ ਗਈਆਂ ਤੇ ਰੁਜ਼ਗਾਰ ਜ਼ਰੂਰਤ ਬਣ ਗਿਆ। ਮੈਂ ਪਿੰਡ ‘ਚ ਹੀ ਇੱਕ ਨਿੱਕੀ ਜਿਹੀ ਕਰਿਆਨੇ ਦੀ ਦੁਕਾਨ ਕੀਤੀ ਤੇ ਫ਼ਿਰ ਮੈਂ ਸਹਾਰਾ ਇੰਡੀਆ ਕੰਪਨੀ ‘ਚ ਨੌਕਰੀ ਕਰ ਲਈ ਤੇ ਏਸੇ ਦੌਰਾਨ ਦਸੰਬਰ 2021 ‘ਚ ਮੈਂ ਵਿਆਹ ਕਰਵਾਇਆ। ਮੈਂ ਹਮੇਸ਼ਾ ਇਹ ਕੋਸ਼ਿਸ਼ ਕਰੀ ਹੈ ਕਿ ਜੋ ਲਿਖੀਏ, ਪੜ੍ਹੀਏ ਉਹ ਜ਼ਿੰਦਗੀ ‘ਚ ਲਾਗੂ ਵੀ ਕਰੀਏ। ਸੋ ਏਸੇ ਲਈ ਮੈਂ ਅੱਜ ਦੇ ਦੌਰ ‘ਚ ਵੀ ਵਿਆਹ ਬਿਲਕੁਲ ਸਾਦੇ ਢੰਗ ਨਾਲ ਕਰਵਾਇਆ। ਅਸੀਂ ਏਥੋਂ ਗਿਆਰਾਂ ਬੰਦੇ ਗਏ ਬਿਨ੍ਹਾਂ ਕਿਸੇ ਰੌਲੇ ਰੱਪੇ ਤੇ ਲੈਣ ਦੇਣ ਦੇ ਗੁਰਦੁਆਰਾ ਸਾਹਿਬ ਲਾਵਾਂ ਕੀਤੀਆਂ ਤੇ ਘਰ ਆ ਗਏ। ਉਸ ਤੋਂ ਬਾਅਦ ਘਰੇਲੂ ਜ਼ਿੰਦਗੀ ਸੁਹਾਣੀ ਚੱਲ ਰਹੀ ਹੈ। ਮੇਰੀ ਧਰਮਪਤਨੀ ਬਲਜੀਤ ਕੌਰ ਹਰ ਕਦਮ ‘ਤੇ ਮੇਰਾ ਸਾਥ ਦਿੰਦੀ ਮੇਰਾ ਹੌਸਲਾ ਬਣਦੀ ਹੈ। ਉਸ ਦੀ ਸਿਆਣਪ ਸਦਕਾ ਜ਼ਿੰਦਗੀ ਦਾ ਪੰਧ ਸੁਖਾਲਾ ਹੋਇਆ ਹੈ। ਸ਼ਾਲਾ! ਇਹ ਖੂਬਸੂਰਤ ਸਾਥ ਏਸੇ ਤਰ੍ਹਾਂ ਬਣਿਆ ਰਹੇ।

ਗ਼ਜ਼ਲ ਕਿਸੇ ਕੋਲੋਂ ਸਿੱਖੀ ਜਾਂ ਫਿਰ…?
ਜਿੱਥੋਂ ਤੱਕ ਗ਼ਜ਼ਲ ਸਿੱਖਣ ਸਿਖਾਉਣ ਦੇ ਅਮਲ ਦਾ ਸਵਾਲ ਹੈ। ਮੈਂ ਇਸ ਪੂਰੀ ਪ੍ਰਕਿਰਿਆ ਤੋਂ ਬਾਹਰ ਰਿਹਾਂ। ਮੈਂ ਕਿਸੇ ਗ਼ਜ਼ਲ ਸਕੂਲ ‘ਚ ਭਰਤੀ ਨਹੀਂ ਹੋਇਆ। ਕੋਈ ਉਸਤਾਦ ਨਹੀਂ ਧਾਰਿਆ। ਮੇਰਾ ਮੰਨਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਸਾਹਿਤ ਸਿਰਜਣਾ ਕੋਈ ਕਿਸੇ ਨੂੰ ਨਹੀਂ ਸਿਖਾ ਸਕਦਾ, ਇਹ ਉਹ ਫੁਰਨਾ ਜਾਂ ਇਲਹਾਮ ਹੈ, ਜੋ ਬੰਦੇ ਦੇ ਅੰਦਰ ਉਪਜਦੈ। ਸ਼ੁਰੂਆਤੀ ਦੌਰ ‘ਚ ਮੈਂ ਵੀ ਸਥਾਪਤ ਪਰੰਪਰਾ ਦੇ ਅਨੁਰੂਪ ਹੀ ਗ਼ਜ਼ਲ ਸਿੱਖਣ ਲਈ ਕੁਝ ਉਸਤਾਦਾਂ ਕੋਲ ਪਹੁੰਚ ਕੀਤੀ ਪਰ ਮੇਰੇ ਪੱਲੇ ਕੁਝ ਨਾ ਪਿਆ। ਫਿਰ ਮੈਂ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਨਵਾਂਸ਼ਹਿਰ ਨਾਲ ਅਤੇ ਪੰਜਾਬੀ ਸਾਹਿਤ ਸਭਾ ਖਟਕੜ ਕਲਾਂ (ਬੰਗਾ) ਨਾਲ ਜੁੜਿਆ, ਜਿੱਥੋਂ ਮੈਨੂੰ ਵਿਚਾਰਧਾਰਕ ਪਰਪੱਕਤਾ ਮਿਲੀ ਤੇ ਮੇਰੀ ਕਵਿਤਾ ਨੂੰ ਵਿਜ਼ਨ ਮਿਲਿਆ। ਸਾਹਿਤ ਸਭਾ ਨਾਲ ਜੁੜੇ ਹੋਏ ਸਾਹਿਤਕਾਰਾਂ ਹਰਬੰਸ ਹੀਓਂ, ਦੀਪ ਕਲੇਰ, ਪਰਮਜੀਤ ਚਾਹਲ, ਜਸਵੰਤ ਖਟਕੜ, ਗੁਰਦੀਪ ਸੈਣੀ ਨੇ ਮੈਨੂੰ ਚੰਗੀ ਕਵਿਤਾ ਲਿਖਣ ਲਈ ਉਤਸ਼ਾਹਿਤ ਕੀਤਾ। ਜੂਨ 2019 ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਗ਼ਜ਼ਲ ਵਰਕਸ਼ਾਪ ਪਿੰਡ ਗਹੂੰਣ ਵਿਖੇ ਲਾਈ ਗਈ, ਜਿੱਥੇ ਮੁੱਖ ਬੁਲਾਰੇ ਦੋ ਵੱਡੇ ਸ਼ਾਇਰ ਪ੍ਰੋ. ਸੁਰਜੀਤ ਜੱਜ ਤੇ ਡਾ. ਜਗਵਿੰਦਰ ਜੋਧਾ ਸਨ। ਉਸੇ ਵਰਕਸ਼ਾਪ ‘ਚ ਮੈਂ ਜਗਵਿੰਦਰ ਜੋਧਾ ਹੋਰਾਂ ਕੋਲੋਂ ਗ਼ਜ਼ਲ ਦੀ ਬਹਿਰ ਅਤੇ ਤਕਤੀਹ ਸੰਬੰਧੀ ਸਵਾਲ ਕਰਦਿਆਂ ਕਿਹਾ ਕਿ ਗ਼ਜ਼ਲ ਦੀ ਬਹਿਰ ਕੀ ਹੈ ਅਤੇ ਇਸ ਦੀ ਤਕਤੀਹ ਕਿਵੇਂ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਸੀ ਕਿ ਤਲਵਿੰਦਰ ਤੂੰ ਚਾਨਣ ਗੋਬਿੰਦਪੁਰੀ ਦੀ ਅਰੂਜ਼ ਕੀ ਹੈ ਕਿਤਾਬ ਪੜ੍ਹ ਲੈ ਐਵੇਂ ਨਿੱਕੀ ਜਿਹੀ ਕਿਤਾਬ ਹੈ ਤੀਹ ਕੁ ਰੁਪਏ ਦੀ ਜੇ ਤੇਰੇ ਅੰਦਰ ਗ਼ਜ਼ਲ ਹੈ ਤਾਂ ਤੈਨੂੰ ਇਹ ਕਿਤਾਬ ਪੜ੍ਹ ਕੇ ਬਹਿਰ ਦਾ ਗਿਆਨ ਹੋ ਜਾਏਗਾ ਤੇ ਤਕਤੀਹ ਕਰਨੀ ਆ ਜਏਗੀ ਜੇ ਇਹ ਪੜ੍ਹ ਕੇ ਵੀ ਨਾ ਸਮਝ ਲੱਗਿਆ ਤਾਂ ਫੇਰ ਐਵੇਂ ਮੱਥਾ ਨਾ ਮਾਰੀਂ। ਮੈਂ ਓਸੇ ਦਿਨ ਉਹ ਕਿਤਾਬ ਜਸਵੀਰ ਬੇਗਮਪੁਰੀ ਹੋਰਾਂ ਕੋਲੋਂ ਲੈ ਲਈ। ਕੁਝ ਦਿਨਾਂ ‘ਚ ਕਿਤਾਬ ਪੜ੍ਹ ਕੇ ਅਭਿਆਸ ਕਰਦਿਆਂ ਮੈਨੂੰ ਗ਼ਜ਼ਲ ਦੀ ਬਹਿਰ ਤੇ ਤਕਤੀਹ ਬਾਰੇ ਮੁਢਲਾ ਗਿਆਨ ਹੋ ਗਿਆ। ਫਿਰ ਉਸਤਾਦ ਧਾਰਨ ਦੀ ਜ਼ਰੂਰਤ ਨਹੀਂ ਮਹਿਸੂਸ ਹੋਈ। ਹਾਂ ਗ਼ਜ਼ਲ ਸੰਬੰਧੀ ਸਲਾਹ ਮਸ਼ਵਰਾ ਮੈਂ ਪਿਆਰੇ ਮਿੱਤਰ ਸ਼ਾਇਰ ਅਨੀ ਕਾਠਗੜ੍ਹ ਨਾਲ ਕਰ ਲੈਂਦਾ ਹਾਂ। ਵੈਸੇ ਕੋਈ ਨੁਕਤਾ ਅੜ ਜਾਵੇ ਤਾਂ ਕੋਈ ਸੀਏ ਸਾਹਿਤਕਾਰ ਦੱਸਣ ਤੋਂ ਮਨ੍ਹਾਂ ਤਾਂ ਨਹੀਂ ਕਰਦਾ।

ਸੋਨੀਆ : ਤਲਵਿੰਦਰ ਗ਼ਜ਼ਲ ਅਤੇ ਗ਼ਜ਼ਲ ਦੇ ਰਿਸ਼ਤੇ ਨੂੰ ਤੁਸੀਂ ਕਿਵੇਂ ਪ੍ਰਭਾਸ਼ਿਤ ਕਰਦੇ ਹੋ?
ਤਲਵਿੰਦਰ : ਜਿੱਥੋਂ ਤੱਕ ਮੇਰੇ ਸਮਕਾਲ ‘ਚ ਮੇਰੇ ਹਾਣੀ ਜਾਂ ਉਮਰ ‘ਚ ਮੇਰੇ ਤੋਂ ਛੋਟੇ ਸ਼ਾਇਰਾਂ ਵੱਲੋਂ ਲਿਖੀ ਜਾ ਰਹੀ ਗ਼ਜ਼ਲ ਦਾ ਸਵਾਲ ਹੈ ਤਾਂ ਮੇਰਾ ਮੰਨਣਾ ਹੈ ਕਿ ਇਹ ਸਮਾਂ ਗ਼ਜ਼ਲ ਲਈ ਸੁਨਹਿਰਾ ਹੈ। ਨਵੇਂ ਮੁੰਡੇ, ਕੁੜੀਆਂ ਗ਼ਜ਼ਲ ‘ਤੇ ਬਹੁਤ ਕਮਾਲ ਦਾ ਕੰਮ ਕਰ ਰਹੇ ਨੇ। ਨਵੀਂ ਭਾਸ਼ਾਂ, ਨਵੇਂ ਬਿੰਬ, ਸੱਜਰੇ ਖ਼ਿਆਲ ਸਿਰਜੀ ਜਾ ਰਹੀ ਗ਼ਜ਼ਲ ਦਾ ਮੁਹਾਵਰਾ ਨਵਾਂ ਹੈ। ਗ਼ਜ਼ਲ, ਕਵਿਤਾ ਨੂੰ ਸੁਣਨ ਦਾ ਰੁਝਾਨ ਵੀ ਵਧਿਆ ਹੈ। ਸੋਸ਼ਲ ਮੀਡੀਆ ਦਾ ਵੀ ਪ੍ਰਭਾਵ ਹੈ। ਸੋਸ਼ਲ ਮੀਡੀਆ ਨੇ ਨਵੀਂ ਕਵਿਤਾ ਨੂੰ ਮੰਚ ਦਿੱਤਾ ਹੈ, ਲੋਕਾਂ ਤੱਕ ਸੁਖਾਲੀ ਪੁੱਜਦਿਆਂ ਕੀਤਾ ਹੈ, ਨਵੇਂ ਪਾਠਕ ਜੋੜੇ ਨੇ। ਓਥੇ ਹੀ ਸੋਸ਼ਲ ਮੀਡੀਆ ਨੇ ਛੇਤੀ ਪ੍ਰਸਿੱਧ ਹੋਣ ਦੀ ਲਲਕ ਵੀ ਪੈਦਾ ਕੀਤੀ ਹੈ ਜਿਸ ਕਾਰਨ ਕਾਹਲ ਵਿਚ ਬਹੁਤ ਕੁਝ ਕੱਚਾ ਭੁੰਨਾ ਵੀ ਸਿਰਜਿਆ ਜਾ ਰਿਹਾ ਹੈ। ਨਕਲ ਦਾ ਰੁਝਾਨ ਵਧਿਆ ਹੈ। ਸੋਸ਼ਲ ਮੀਡੀਆ ਦੀ ਫੋਕੀ ਵਾਹ ਵਹਾਈ ਨੇ ਬਹੁਤੇ ਵਹਿਮ ਪੈਦਾ ਕੀਤੇ ਨੇ। ਪਾਕਿਸਤਾਨੀ ਗ਼ਜ਼ਲ ਦੀ ਸੋਸ਼ਲ ਮੀਡੀਆ ‘ਤੇ ਪਕੜ ਤੇ ਪ੍ਰਸਿੱਧੀ ਕਾਰਨ ਆਪਣੇ ਮੁੰਡੇ ਕੁੜੀਆਂ ਵੀ ਉਨ੍ਹਾਂ ਦੀ ਤਰਜ਼ ‘ਤੇ ਵਧੇਰੇ ਸਿੱਧੀਆਂ ਸਪਾਟ ਗ਼ਜ਼ਲਾਂ ਕਹਿੰਦੇ ਹਨ, ਜਦਕਿ ਵਿਚਾਰਕ ਪੱਖ ਤੋਂ ਸਾਡੀ ਗ਼ਜ਼ਲ ਉਨ੍ਹਾਂ ਦੀ ਗ਼ਜ਼ਲ ਤੋਂ ਕਿਤੇ ਅਗਾਂਹ ਹੈ । ਸੋ ਮੇਰਾ ਇਹੀ ਮੰਨਣਾ ਹੈ ਕਿ ਛੇਤੀ ਪ੍ਰਸਿੱਧ ਹੋਣ ਦੀ ਕਾਹਲ ਤੋਂ ਬਚਣਾ ਚਾ

ਹੀਦਾ ਹੈ, ਇਸ ਅਮਲ ‘ਚ ਸਿਰਜਣਾ ਮਾਰੀ ਜਾਂਦੀ ਹੈ ਤੇ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਸੁਚੇਤ ਹੋ ਕੇ ਕਰਨੀ ਚਾਹੀਦੀ ਹੈ, ਤਾਂ ਜੋ ਸਾਨੂੰ ਇਸ ਦੇ ਲਾਭ ਤਾਂ ਮਿਲਣ ਪਰ ਇਸ ਦੇ ਨੁਕਸਾਨਾਂ ਤੋਂ ਕਿਸੇ ਹੱਦ ਤੱਕ ਬਚਿਆ ਜਾ ਸਕੇ।
ਐਸਾ ਅਵਾਮੀ ਸ਼ਾਇਰ ਜਿਸ ਨੇ ਜੋ ਲਿਖਿਆ ਉਹ ਪਿੰਡੇ ਹੰਢਾਇਆ ਵੀ, ਜਿਸ ਦੀ ਪੂਰੀ ਜ਼ਿੰਦਗੀ ਇੱਕ ਮਿਸਾਲ ਹੈ। ਜਿਸਦੇ ਇਨਕਲਾਬੀ ਬੋਲ ਚਿਰਾਂ ਤੀਕ ਸਾਡੀ ਫ਼ਿਜ਼ਾ ‘ਚ ਗੂੰਜਦੇ ਰਹਿਣਗੇ। ਐਸੇ ਸਮਰੱਥ ਸ਼ਾਇਰ ਦੇ ਨਾਮ ਦਾ ਪੁਰਸਕਾਰ ਮੈਨੂੰ ਮਿਲਣਾ ਮੇਰੇ ਲਈ ਬਹੁਤ ਵੱਡੀ ਪ੍ਰਾਪਤੀ ਹੈ। ਇਸ ਗੱਲ ਦੀ ਵੀ ਖੁਸ਼ੀ ਹੈ ਕਿ ਪੁਰਸਕਾਰ ਦੀ ਚੋਣ ਵੇਲੇ ਪਾਰਦਰਸ਼ਤਾ ਵਰਤੀ ਗਈ। ਮੈਨੂੰ ਦੱਸਿਆ ਗਿਆ ਕਿ ਪੁਰਸਕਾਰ ਲਈ ਪੰਜਾਬ ਦੇ 10 ਵੱਡੇ ਸਥਾਪਤ ਸ਼ਾਇਰਾਂ ਕੋਲੋਂ ਤਿੰਨ ਤਿੰਨ ਨੌਜਵਾਨ ਸ਼ਾਇਰਾਂ ਦੇ ਨਾਮ ਲਏ ਗਏ ਸਨ, ਜਿਨ੍ਹਾਂ ਵਿੱਚੋਂ ਅੰਤ ਵਿੱਚ ਮੈਰਿਟ ਦੇ ਅਧਾਰ ਇੱਕ ਨਾ

ਮ ਚੁਣਿਆ ਗਿਆ। ਮੇਰੀ ਖ਼ੁਸ਼ਕਿਸਮਤੀ ਹੈ ਕਿ ਇਹ ਨਾਮ ਮੇਰਾ ਸੀ। ਮਹਿੰਦਰ ਸਾਥੀ ਯਾਦਗਾਰੀ ਯੁਵਾ ਕਾਵਿ ਪੁਰਸਕਾਰ ਨੇ ਜਿੱਥੇ ਮੈਨੂੰ ਅਥਾਹ ਊਰਜਾ ਤੇ ਖੁਸ਼ੀ ਦਿੱਤੀ ਹੈ ਓਥੇ ਮੇਰੀ ਜ਼ਿੰਮੇਵਾਰੀ ਵਿਚ ਵੀ ਵਾਧਾ ਹੋਇਆ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਪੰਜਾਬੀ ਗ਼ਜ਼ਲ ਨੂੰ ਜੋ ਮੇਰੇ ਤੋਂ ਆਸ ਹੈ ਉਸ ‘ਤੇ ਖ਼ਰਾ ਉੱਤਰ ਸਕਾਂ।

ਸੋਨੀਆ : ਕਿਤਾਬ ਤੇ ਕਵਿਤਾ ਬਾਰੇ ਤੁਹਾਡੇ ਵਿਚਾਰ….?
ਤਲਵਿੰਦਰ : ਕਿਤਾਬ ਬਾਰੇ ਗੱਲ ਕਰਾਂ ਤਾਂ ਮੈਂ ਇਸ ਮਾਮਲੇ ਚ ਕੁਝ ਸੰਕੋਚੀ ਹਾਂ । ਸਾਰਾ ਇਕੱਠਾ ਕਰਾਂ ਤਾਂ ਕਿਤਾਬ ਦਾ ਖਰੜਾ ਤਾਂ ਤਿਆਰ ਹੋ ਹੀ ਜਾਵੇਗਾ ਪਰ ਮੈਂ ਛਪਣ ਦੀ ਕਾਹਲੀ ਨਹੀਂ ਕਰਨਾ ਚਾਹੁੰਦਾ। ਸ਼ਾਇਦ ਅੰਦਰ ਇਕ ਡਰ ਵੀ ਹੈ ਕਿ ਮੈਂ ਅਜੇ ਕਿਤਾਬ ਦੇ ਪੱਧਰ ਤੱਕ ਨਹੀਂ ਪੁੱਜਿਆ। ਅਜੇ ਰੁਕ ਲੈਣਾ ਚਾਹੀਦੈ , ਉਹ ਕਹਿੰਦੇ ਆ ਨਾ ਸਹਿਜ ਪਕੇ ਸੋ ਮੀਠਾ ਹੋਏ । ਸੋ ਮੈਂ ਇਹ ਕੰਮ ਸਹਿਜੇ ਹੀ ਕਰਨਾ ਚਾਹੁੰਦਾ ਹਾਂ। ਅੱਜ ਦੀ ਸੋਚ ਇਹੀ ਹੈ ਕੱਲ੍ਹ ਬਦਲ ਵੀ ਸਕਦੀ ਹੈ। ਬਾਕੀ ਪੰਜਾਬੀ ਸਾਹਿਤ ਸਭਾ ਖਟਕੜ ਕਲਾਂ ਬੰਗਾ ਨਾਲ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਮਿਹਨਤਕਸ਼ ਸਾਥੀਆਂ ਨਾਲ ਜੁੜ ਕੇ ਲਗਾਤਾਰ ਸਾਹਿਤ ਦੇ ਪਾਸਾਰ ਲਈ ਕੰਮ ਕਰ ਰਹੇ ਹਾਂ। ਪਿੰਡਾਂ, ਸਕੂਲਾਂ, ਕਾਲਜਾਂ ‘ਚ ਜਾ ਕੇ ਲਗਾਤਾਰ ਸਾਹਿਤਕ ਗਤੀਵਿਧੀਆਂ ਕਰਦੇ ਰਹੀ ਦਾ ਤਾਂ ਜੋ ਸਾਡੇ ਬੱਚਿਆਂ ਦੇ ਅੰਦਰ ਸੰਵੇਦਨਾ,ਕਲਾ ਤੇ ਇਨਸਾਨੀਅਤ ਜ਼ਿੰਦਾ ਰਹੇ।
ਕਵਿਤਾ ਬਾਰੇ ਮੇਰਾ ਇਹੀ ਮੰਨਣਾ ਹੈ ਕਿ ਇਹ ਕਿਸੇ ਸੰਵੇਦਨਸ਼ੀਲ ਮਨ ਦੀਆਂ ਬਾਹਰੀ ਅਤੇ ਅੰਦਰੂਨੀ ਸਥਿਤੀਆਂ ਦਾ ਪ੍ਰਗਟਾਵਾ ਹੈ। ਕਦੇ ਇਹ ਕਿਸੇ ਘਟਨਾ ਬਾਰੇ ਫੌਰੀ ਪ੍ਰਤੀਕਿਰਿਆ ਹੈ ਅਤੇ ਕਦੇ ਅੰਦਰ ਚਿਰਾਂ ਤੋਂ ਧੁਖਦੇ ਦ੍ਰਿਸ਼ਾਂ ਤੇ ਯਾਦਾਂ ਦਾ ਪ੍ਰਗਟਾਵਾ ਹੈ । ਮੇਰਾ ਇਹ ਨਿੱਜੀ ਵਿਚਾਰ ਹੈ ਕਿ ਜੀਵਨ ਵਿਚ ਆਏ ਭਿਆਨਕ ਤੇ ਦੁਖਾਂਤਕ ਪਲ ਹੀ ਕਵਿਤਾ ਦਾ ਪ੍ਰਥਮ ਸੋਮਾ ਬਣਦੇ ਨੇ। ਬਾਕੀ ਕੋਈ ਵੀ ਕਲਾ ਕਦੋਂ, ਕਿੱਥੇ, ਕਿਸ ਤਰਾਂ ਦੇ ਬੰਦੇ ਅੰਦਰ ਉਪਜ ਪਵੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਕਵਿਤਾ ਕਵੀ ਅੰਦਰ ਚਿਰਾਂ ਤੋਂ ਮਚਲਦਾ ਮੈਗਮਾ ਹੈ ਜੋ ਲਾਵੇ ਦੇ ਰੂਪ ਚ ਫੁੱਟ ਕੇ ਬਾਹਰ ਆ ਜਾਂਦੈ। ਹਰ ਨਜ਼ਰ ਆਉਂਦੀ ਜਾਂ ਮਹਿਸੂਸ ਹੁੰਦੀ ਸ਼ੈਅ ਕਵਿਤਾ ਹੀ ਹੈ, ਜੋ ਪਹਿਲੀ ਨਜ਼ਰੇ ਕਵੀ ਨੂੰ ਨਜ਼ਰ ਆਉਂਦੀ ਹੈ ਕਿ ਕਵੀ ਆਪਣੀ ਹੀ ਨਜ਼ਰ ਪਾਠਕ ਨੂੰ ਦਿੰਦਾ ਹੈ । ਬਸ ਇਹ ਗੇੜ ਏਵੇਂ ਹੀ ਚਲਦੈ ਸ੍ਰਿਸ਼ਟੀ ਦਾ ਵੀ ਤੇ ਕਵਿਤਾ ਦਾ ਵੀ।