September 8, 2024

ਤਬਸਰਾ : ਡਾ. ਹਰਪ੍ਰੀਤ ਸਿੰਘ

ਡਾ. ਹਰਪ੍ਰੀਤ ਸਿੰਘ
ਸਹਾਇਕ ਪ੍ਰੋਫ਼ੈਸਰ,ਪੰਜਾਬੀ ਵਿਭਾਗ
ਐਸ.ਬੀ.ਬੀ.ਐਸ ਯੂਨੀਵਰਸਿਟੀ,ਜਲੰਧਰ
94643-15244

ਤਬਸਰਾ

ਕਵਿਤਾ ਅਚੇਤ, ਸੁਚੇਤ ਵਿਚਾਰਧਾਰਾਈ ਚੇਤਨਾ ਨੂੰ ਆਪਣੇ ਅੰਦਰ ਸਮੋਈ ਬੈਠੀ ਹੁੰਦੀ ਹੈ। ਉਸ ਦੀਆਂ ਅਸੀਮ ਪਰਤਾਂ ਹੋ ਸਕਦੀਆਂ ਹਨ। ਪ੍ਰਿਜ਼ਮ ਵਾਂਗ ਉਸ ਅੰਦਰ ਬਹੁ-ਰੰਗਤਾ ਹੁੰਦੀ ਹੈ। ਕਵਿਤਾ ਅਤੇ ਵਿਚਾਰਧਾਰਾ ਦੇ ਅੰਤਰ ਸੰਬੰਧ ਬਾਰੇ ਗੰਭੀਰ ਸੰਵਾਦ ਚੱਲਦਾ ਰਿਹਾ ਹੈ। ਵਿਚਾਰਧਾਰਕ ਚੌਖਟਿਆਂ ਦੀ ਕੈਦ ਹੰਢਾਅ ਰਹੀ ਕਵਿਤਾ ਅਤੇ ਉਸਦਾ ਮੁਲਾਂਕਣ ਨਾ ਸਿਰਫ਼ ਕਵਿਤਾ ਦੀ ਸੰਭਾਵਨਾ ‘ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ, ਸਗੋਂ ਉਸ ਭਾਸ਼ਾ ਦੀ ਆਲੋਚਨਾ ਲਈ ਵੀ ਸੰਕਟ ਖੜ੍ਹਾ ਕਰਦਾ ਹੈ। ਵੈਸੇ ਵੀ ਵਿਚਾਰਧਾਰਾ ਕੋਈ ਵਾਦ ਦਾ ਨਾਮ ਨਹੀਂ ਹੈ, ਸਗੋਂ ਵਿਚਾਰਧਾਰਾ ਕਵੀ ਅਤੇ ਕਵਿਤਾ ਦੇ ਬਾਹਰੀ-ਆਂਤਰਿਕ ਸੰਸਾਰ ਨਾਲ ਬਣ ਰਹੇ ਰਿਸ਼ਤਿਆਂ ਦੀ ਗਹਿਰਾਈ ਵਿਚ ਪਏ ਕੋਣਾਂ, ਵਿਰੋਧਾਂ, ਪੱਖਾਂ, ਵਿਪੱਖਾਂ ਦਾ ਸੂਖ਼ਮ ਅਧਿਐਨ ਹੈ। ਉਸਦੀ ਸਮਾਜਿਕ, ਜਮਾਤੀ, ਜਾਤੀਗਤ, ਸੱਭਿਆਚਾਰਕ, ਰੂਹਾਨੀ, ਆਤਮਿਕ ਪਛਾਣ ਨਾਲ ਸੰਵਾਦ ਹੈ, ਸੰਘਰਸ਼ ਹੈ, ਤੜਪ ਹੈ।
ਨਵ-ਪੂੰਜੀਵਾਦੀ ਪ੍ਰਵਚਨਾਂ ਨੇ ਆਪਣੇ ਵਿਸਥਾਰ ਲਈ ਨਵੀਆਂ ਮੰਡੀਆਂ ਦੀ ਭਾਲ ਵਿਚ ਵਿਕਾਸਸ਼ੀਲ ਮੁਲਕਾਂ ਨੂੰ ਆਪਣੇ ਵਿਚਾਰਧਾਰਕ ਸੰਦਾਂ ਦੇ ਮਾਧਿਅਮ ਨਾਲ ਗ਼ੁਲਾਮ ਕਰਨਾ ਸ਼ੁਰੂ ਕੀਤਾ। ਸੰਚਾਰ ਦੇ ਮਾਧਿਅਮ ਵੀ ਇਸੇ ਤਰਜ਼ ਉੱਪਰ ਕਾਰਜਸ਼ੀਲ ਹਨ। ਉਪਭੋਗਤਾਵਾਦ ਦੇ ਯੁੱਗ ਵਿਚ ਹਰ ਵਸਤੂ, ਹਰ ਚਿਹਨ, ਹਰ ਰਿਸ਼ਤਾ ਭੋਗਣਸ਼ੀਲ ਹੋਣ ਕਰਕੇ ਮਨੁੱਖ ਨੂੰ ਸਿਰਜਣਾ, ਸੰਵਾਦ ਅਤੇ ਚਿੰਤਨ ਤੋਂ ਤੋੜਿਆ ਜਾਣਾ, ਸਭ ਤੋਂ ਵੱਡੀ ਸਿਆਸਤ ਹੈ। ਮਨੁੱਖ ਦੇ ਮਾਨਵੀ ਸੰਕਲਪ ਖੁਰਨ ਲੱਗਦੇ ਹਨ, ਉਸ ਦੀ ਭਾਸ਼ਾ ਦੇ ਕੋਡ/ਚਿਹਨ ਮਾਧਿਅਮ ਉਸ ਦੇ ਜ਼ਿਹਨ ਵਿਚ ਸੱਤਾ ਆਪਣੇ ਬੀਅ ਧਰ ਦਿੰਦੀ ਹੈ, ਜੋ ਉਸ ਨੂੰ ਸੰਵਾਦ, ਸੰਵੇਦਨਾ, ਸ਼ਬਦ, ਸਿਰਜਣਾ ਤੋਂ ਤੋੜ ਕੇ ਮਸ਼ੀਨੀ-ਮਾਨਵ ਵਜੋਂ ਮਾਨਤਾ ਦਿੰਦੀ ਹੈ। ਸਮਕਾਲੀ ਪੰਜਾਬੀ ਕਵਿਤਾ ਅੰਦਰ ਸ਼ਾਇਰ ਸਿਰਜਣਾ ਦੇ ਛਿਣਾਂ, ਪਲਾਂ ਅਤੇ ਕਵਿਤਾ ਦੇ ਆਤਮ ਬਾਰੇ ਲਿਖ ਰਹੇ ਹਨ। ਪਰ ਨਾਲ ਹੀ ਸਿਰਜਣਾ ਅਤੇ ਕਵਿਤਾ ਦੀ ਸਮਕਾਲੀ ਪ੍ਰਸੰਗ ਵਿਚ ਭੂਮਿਕਾ ਤੇ ਸਿਰਜਣਾਤਮਕ ਸਰੋਕਾਰਾਂ ਦੀ ਬਾਤ ਵੀ ਪਾਉਂਦੇ ਹਨ। ਜਿਸ ਵਿਚ ਕਵੀ ਅਤੇ ਕਵਿਤਾ ਦਾ ਆਪਸੀ ਸੰਵਾਦ ਕਾਵਿ ਵਿਧੀ ਬਣ ਜਾਂਦਾ ਹੈ। ਕਵੀ, ਕਵਿਤਾ ਅਤੇ ਕਾਵਿ-ਸ਼ਾਸਤਰ ਦੇ ਆਪਸੀ ਸੰਵਾਦ ਵਿਚੋਂ ਸ਼ਾਇਰ ਕਵਿਤਾ ਦੀ ਅਸਲ ਭੂਮਿਕਾ ਅਤੇ ਉਸ ਦੇ ਸੰਵਾਦ ਦਾ ਰਾਹ ਮੋਕਲਾ ਕਰਦਾ ਹੈ। ਇਹ ਕਾਵਿ-ਸ਼ਾਸਤਰ ਮੂਰਛਿਤ ਹੋਏ ਸ਼ਬਦਾਂ ਦੇ ਮੂੰਹ ਵਿਚ ਸੰਜੀਵਨੀ ਬੂਟੀ ਦਾ ਅਰਕ ਲੱਭਦਾ ਹੈ।
ਪੰਜਾਬੀ ਨਕਸ਼ ਦੇ ਯੁਵਾ ਸਾਹਿਤ ਵਿਸ਼ੇਸ਼ ਅੰਕ ਵਿਚ ਸ਼ਾਮਿਲ ਕਵੀਆਂ ਦੀ ਕਵਿਤਾ ਦਾ ਅਧਿਐਨ ਕਰਦਿਆਂ ਪਾਬਲੋ ਨੈਰੁਦਾ ਦਾ ਕਥਨ ਯਾਦ ਆਇਆ ਕਿ ‘ਲਾਇਬਰੇਰੀਆਂ ਤੇ ਲੇਖਕਾਂ ਦੀ ਥਾਂ ਮੈਂ ਇਕ ਬੱਚੇ ਤੇ ਬਾਲਕ ਵਾਂਗ ਦਰਿਆਵਾਂ ਤੇ ਪੰਛੀਆਂ ਵੱਲ ਵਧੇਰੇ ਧਿਆਨ ਦਿੱਤਾ।’ ਇਹ ਕਥਨ ਦੱਸਦਾ ਹੈ ਕਿ ਲੇਖਕਾਂ ਤੇ ਲਾਇਬ੍ਰੇਰੀਆਂ ਦਾ ‘ਕਿਤਾਬੀ’ ਪ੍ਰਵਚਨ ਸੁਹਜਮਈ ਯਥਾਰਥਕ ਜ਼ਿੰਦਗੀ ਦੀ ਨਿਰੰਤਰਤਾ ਦੇ ਵਿਰੋਧ ਵਿਚ ਖੜ੍ਹਾ ਹੁੰਦਾ ਹੈ। ਇਹ ‘ਕਿਤਾਬੀ’ ਪ੍ਰਵਚਨ ਸੱਤਾ ਅਤੇ ਸੰਸਥਾ ਦਾ ਸੰਦ ਬਣ ਜਾਂਦਾ ਹੈ ਜੋ ਨਵ-ਪਾਸਾਰਾਂ ਤੇ ਕਲਪਨਾ ਦੇ ਬੀਜ ਚਿੱਥਣ ਲੱਗਦਾ ਹੈ। ਸਿਰਜਣਾ ਅਤੇ ਸੰਵੇਦਨਾ ਕੰਧਾਂ ਦੀ ਮਰਿਆਦਾ ‘ਚ ਵਿਲੀਨ ਹੋ ਜਾਂਦੀ ਹੈ ਅਤੇ ਕਵਿਤਾ ਸਿਸਕਦੀ-ਸਿਸਕਦੀ ਦਰਬਾਰੀ ਦਾਇਰਿਆਂ ਦੀ ਪਰਿਕਰਮਾ ਕਰਨ ਲੱਗਦੀ ਹੈ। ਇਹ ਪ੍ਰਵਚਨ ਜੜ੍ਹ ਅਤੇ ਰਵਾਇਤੀ ਹੁੰਦਾ ਹੈ। ਪਰ ਇਕ ਚੇਤਨ ਤੇ ਸੰਵੇਦਨਸ਼ੀਲ ਸ਼ਾਇਰ ਨੇ ਇਸ ਪ੍ਰਵਚਨਗਤ ਜੜ੍ਹਤਾ ਦਾ ਜਮੂਦ ਤੋੜਨਾ ਹੁੰਦਾ ਹੈ।ਇਸ ਖੜ੍ਹੋਤ ਦੀ ਭੰਨ-ਤੋੜ ਹੀ ਦਵੰਦਾਤਮਕਤਾ ਨੂੰ ਪੈਦਾ ਕਰਦੀ ਹੈ, ਜਿਸ ਨਾਲ ਇਤਿਹਾਸਕ ਗਤੀ ਅਤੇ ਛੁਪੇ ਅੰਤਰ-ਵਿਰੋਧ ਬਾਹਰ ਨਿਕਲਦੇ ਹਨ। ਇਸ ਤਰ੍ਹਾਂ ਆਂਤਰਿਕ ਤੇ ਬਾਹਰੀ, ਸੂਖ਼ਮ ਤੇ ਸਥੂਲ, ਜ਼ਾਹਰ ਤੇ ਬਾਤਨ ਪੱਧਰ ‘ਤੇ ਜੜ੍ਹਤਾ ਟੁੱਟਣ ਲੱਗਦੀ ਹੈ। ਸ਼ਾਇਰ ਕੋਲ ਭਾਸ਼ਾ ਤੇ ਥੀਮ ਦੀ ਨਵੀਨਤਾ ਉਸ ਦੇ ਨਿਵੇਕਲੇ ਪੈਂਡੇ ਨੂੰ ਪੈਦਾ ਕਰਦੀ ਹੈ, ਜੋ ਕਿ ਦਰਿਆਵਾਂ ਤੇ ਪੰਛੀਆਂ ਦੀ ਗਤੀਸ਼ੀਲਤਾ ਵਾਂਗ ਕਿਸੇ ਚੌਖਟੇ ‘ਚ ਨਹੀਂ ਬੱਝਦੀ। ਇਨ੍ਹਾਂ ਕਵਿਤਾਵਾਂ ਦੀ ਪੜ੍ਹਤ ਵਿਚੋਂ ਇਹ ਕੋਰੇ ਅਹਿਸਾਸ ਜਾਗਦੇ ਹਨ।
ਇਨ੍ਹਾਂ ਕਵਿਤਾਵਾਂ, ਨਜ਼ਮਾਂ ਅਤੇ ਗ਼ਜ਼ਲਾਂ ਵਿਚ ਨੌਜਵਾਨ ਸ਼ਾਇਰਾਂ ਦੀ ਕਾਵਿ-ਪੁਖ਼ਤਗੀ ਝਲਕਦੀ ਹੈ। ਇਹ ਰਚਨਾਵਾਂ ਇਕਹਿਰੇ ਵਿਚਾਰਧਾਰਕ ਚੌਖਟੇ ਜਾਂ ਸਾਂਚੇ ਦੀ ਕੈਦ ਵਿਚ ਨਹੀਂ ਜਾਪਦੀਆਂ, ਸਗੋਂ ਇਨ੍ਹਾਂ ਦਾ ਮੌਲਿਕ ਕਾਵਿ ਮੁਹਾਵਰਾ ਅਤੇ ਨਵੀਂ ਕਾਵਿ ਭਾਸ਼ਾ ਉੱਭਰਦੀ ਹੈ। ਨੌਜਵਾਨ ਕਵੀਆਂ ਦੀ ਕਵਿਤਾ ਦੀ ਵਿਚਾਰਧਾਰਾਈ ਚੇਤਨਾ ਦਾ ਸੰਬੰਧ ਸਮਕਾਲੀ ਸਮਾਜ ਅਤੇ ਰਾਜਨੀਤੀ ਦੇ ਸੱਚ, ਇਤਿਹਾਸ, ਪੰਜਾਬੀ ਸਾਹਿਤਕ ਪ੍ਰੰਪਰਾ, ਪੰਜਾਬੀਅਤ, ਲੋਕਧਾਰਾਈ ਚੇਤਨਾ ਅਤੇ ਸੱਭਿਆਚਾਰਕ ਬਿੰਬਾਵਲੀ ਨਾਲ ਜੁੜਦਾ ਹੈ। ਕੁਝ ਕਵਿਤਾਵਾਂ ਕਵਿਤਾ ਦੀ ਹੋਂਦ ਵਿਧੀ ਬਾਰੇ ਅਤੇ ਕਾਵਿ ਸ਼ਾਸਤਰੀ ਨੁਕਤਾ ਨਿਗਾਹ ਤੋਂ ਵੀ ਗੱਲ ਕਰਦੀਆਂ ਹਨ। ਖ਼ਾਸ ਕਰਕੇ ਮੌਲਿਕ ਅਨੁਭਵ ਅਤੇ ਗਿਆਨ ਦਰਸ਼ਨ ਵਿਚੋਂ ਭਾਸ਼ਾ, ਬਿੰਬ, ਪ੍ਰਤੀਕ, ਚਿਹਨ, ਰੂਪਕ ਅਤੇ ਪਾਤਰ ਉੱਭਰਦੇ ਨਜ਼ਰ ਆਉਂਦੇ ਹਨ। ਇਹ ਵਿਚਾਰਧਾਰਕ ਤੌਰ ‘ਤੇ ਸੰਵੇਦਨਾ, ਸਿਰਜਣਾ ਅਤੇ ਸੰਵਾਦ ਦੇ ਅਨੁਭਵ ਨਾਲ ਜੁੜਿਆ ਦਰਸ਼ਨ ਹੈ। ਇਸ ਅਨੁਭਵ ਦੇ ਕੇਂਦਰ ਵਿਚ ਸੂਖ਼ਮ ਮਾਨਵੀ ਹੋਂਦ ਦੀ ਚਾਹਤ ਹੈ। ਕਿਧਰੇ ਉਦਾਸੀ ਅਤੇ ਉਪਰਾਮਤਾ ਵੀ ਹੈ, ਬਗ਼ਾਵਤ ਅਤੇ ਰੋਸ ਵੀ ਹੈ। ਬਹੁਤ ਸਾਰੇ ਸ਼ਾਇਰ ਪਰਪੱਕ ਕਾਵਿ ਸਿਰਜਣਾ ਨਾਲ ਜੁੜੇ ਹੋਏ ਹਨ ਅਤੇ ਕੁਝ ਸ਼ਾਇਰ ਪਰ ਤੇ ਪਾਰ ਦੇ ਅਨੁਭਵ ਨੂੰ ਪਲੇਠੇ ਯਤਨਾਂ ਨਾਲ ਤਾਮੀਰ ਕਰ ਰਹੇ ਹਨ।
ਸੱਤਾ ਦਾ ਸੂਖ਼ਮ ਸਾਂਚਾ ਸੰਵੇਦਨਸ਼ੀਲ ਅਤੇ ਸਿਰਜਣਸ਼ੀਲ ਮਨ ਦੇ ਪਰਾਂ ਨੂੰ ਕੁਤਰਦਾ ਰਹਿੰਦਾ ਹੈ। ਇਹ ਹੈਜਮੋਨਿਕ ਪ੍ਰਵਚਨ ਹਰੇਕ ਕਿਸਮ ਦੀ ਮੌਲਿਕ ਸੰਭਾਵਨਾ ਨੂੰ ਕਾਬੂ ਵਿਚ ਰੱਖਣ ਦੀ ਸਿਆਸਤ ਕਰਦਾ ਹੈ। ਗ੍ਰਾਮਸ਼ੀ ਇਸ ਕੰਟਰੋਲ ਕਰਨ ਦੀ ਸਿਆਸਤ ਨੂੰ ਦੋ ਤਰੀਕੇ ਨਾਲ ਚੱਲਦਾ ਦੱਸਦਾ ਹੈ: ਇਕ ਸਹਿਮਤੀ ਨਾਲ ਅਤੇ ਦੂਸਰਾ ਦਾਬੇ ਨਾਲ। ਨੌਜਵਾਨ ਸ਼ਾਇਰ ਰਣਧੀਰ ਦੀ ਕਵਿਤਾ ਸਾਂਚਾ ਇਸ ਪ੍ਰਸੰਗ ਵਿਚ ਅਹਿਮ ਕਵਿਤਾ ਹੈ। ਇਨ੍ਹਾਂ ਨਵੀਨ ਤੇ ਤਾਜ਼ੀਆਂ ਨਜ਼ਮਾਂ ਵਿਚ ਰਾਜਨੀਤਿਕ ਚੇਤਨਾ ਦੀ ਕਵਿਤਾ ਵੀ ਦੇਖੀ ਜਾ ਸਕਦੀ ਹੈ । ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੇ ਦੁਖਾਂਤ ਬਾਰੇ, ਵਰਵਰਾ ਰਾਓ ਨੂੰ ਸੰਬੋਧਿਤ ਪ੍ਰਤੀਰੋਧੀ ਕਾਵਿ ਚੇਤਨਾ ਦੇ ਦੀਦਾਰ ਹੁੰਦੇ ਹਨ। ਇਸ ਸੰਦਰਭ ਵਿਚ ਸਤਨਾਮ ਸਾਦਿਕ ਦੀ ਕਵਿਤਾ ਦੇਖਣਯੋਗ ਹੈ।
ਨੌਜਵਾਨ ਸ਼ਾਇਰ ਆਪਣੇ ਜਾਵੀਏ ਤੋਂ ਕਵਿਤਾ ਦਾ ਅਰਥ ਉਸਾਰਦੇ ਹਨ। ਉਹਨਾਂ ਦੇ ਨਿੱਜ ਅਤੇ ਪਰ ਦੇ ਦਵੰਦ ਵਿਚੋਂ ਉਪਜਦਾ ਕਲਾਤਮਕ ਰੂਪਾਂਤਰਣ ਇਨ੍ਹਾਂ ਨਜ਼ਮਾਂ ਰਾਹੀਂ ਉਜਾਗਰ ਹੁੰਦਾ ਹੈ। ਕੁਝ ਕਵਿਤਾਵਾਂ ਕਵਿਤਾ ਦੀ ਹੋਂਦ ਵਿਧੀ ਅਤੇ ਕਾਵਿ ਸ਼ਾਸਤਰ ਦੀ ਬਾਤ ਪਾਉਂਦੀਆਂ ਹਨ। ਬਿਨਾਂ ਸ਼ੱਕ ਇਹ ਪਲੇਠੇ ਨਕਸ਼ ਹਨ ਪਰ ਭਵਿੱਖ ਦੀ ਜੂਹ ਵਿਚ ਇਨ੍ਹਾਂ ਕਲਮਾਂ ਦੀ ਪਰਵਾਜ਼ ਅਹਿਮ ਹੋ ਸਕਦੀ ਹੈ।ਇਸ ਗੱਲ ਦੀ ਸੰਭਾਵਨਾ ਸਮੁੱਚੀਆਂ ਕਵਿਤਾਵਾਂ ਵਿਚੋਂ ਨਜ਼ਰ ਆਉਂਦੀ ਹੈ।ਗੁਆਚੇ ਸੂਰਜਾਂ ਦੀ ਬਾਤ ਪਾਉਂਦੀ ਇਹ ਸ਼ਾਇਰੀ ਦਲਿਤ ਅਤੇ ਹਾਸ਼ੀਆਗਤ ਸਮਾਜ ਦੀ ਤਸਵੀਰ ਵੀ ਉਭਾਰਦੀ ਹੈ।ਸਦੀਆਂ ਦਾ ਸੰਤਾਪ ਭੋਗ ਰਹੀ ਇਸ ਲੋਕਾਈ ਦਾ ਕਾਵਿ ਬਿਰਤਾਂਤ ਬਹੁਤ ਹੀ ਸੂਖ਼ਮ ਚਿੱਤ ਵਿਚੋਂ ਕਾਵਿ ਉਚਾਰ ਪੈਦਾ ਕਰਦਾ ਹੈ।ਅਣਹੋਏ ਅਤੇ ਨਿਰਹੋਂਦ ਜੀਵ ਆਪਣੀ ਸਮਾਜਿਕ-ਸੱਭਿਆਚਾਰਕ ਪਛਾਣ ਦਾ ਭਾਰ ਢੋਹ ਰਹੇ ਹਨ ਅਤੇ ਅਤਿ ਸਾਧਾਰਣ ਇਹ ਲੋਕਾਈ ਵੱਡੇ ਕਹਾਉਣ ਵਾਲੇ ਪ੍ਰਬੰਧ ਦਾ ਖਾਜਾ ਬਣ ਜਾਂਦੀ ਹੈ। ਇਨ੍ਹਾਂ ਕਵਿਤਾਵਾਂ ਵਿਚ ਕਾਵਿ ਪਾਤਰ ਪਿੰਡਾਂ ਦੇ ਬੇਪਛਾਣੇ ਲੋਕ ਬਣਦੇ ਹਨ। ਜਿਨ੍ਹਾਂ ਦੇ ਹਿੱਸੇ ਬੇਇਨਸਾਫ਼ੀ, ਤਸ਼ੱਦਦ, ਹਿੰਸਾ ਅਤੇ ਸੰਘਰਸ਼ ਹੀ ਆਇਆ ਹੈ।ਜਿਨ੍ਹਾਂ ਦੀ ਜ਼ਿੰਦਗੀ ਬੇਗ਼ਾਨੇ ਬੰਨ੍ਹਿਆਂ ‘ਤੇ ਘਾਹ ਖੋਤਦਿਆਂ, ਨੱਕੇ ਮੋੜਦਿਆਂ ਗੁਜ਼ਰ ਜਾਣੀ ਹੈ। ਰਾਜਬੀਰ ਮੱਤਾ ਅਤੇ ਸੰਦੀਪ ਐਦਲ ਦੀ ਕਵਿਤਾ ਇਸ ਸੰਦਰਭ ਵਿਚ ਦੇਖਣ ਯੋਗ ਹੈ।
ਆਧੁਨਿਕਤਾ ਦੀ ਪੈੜ ਚਾਲ ਉਤਰ ਪੂੰਜੀਵਾਦੀ ਸਮਿਆਂ ਵਿਚੋਂ ਗੁਜ਼ਰਦੀ ਕਾਲ ਨੂੰ ਮਨਫੀ ਕਰ ਰਹੀ ਹੈ।ਵਿਕਾਸ ਅਤੇ ਦੌੜ ਮਸਨੂਈ ਕਿਸਮ ਦੇ ਸੱਭਿਆਚਾਰ ਨੂੰ ਸਿਰਜਦੀਆਂ ਹਨ। ਇਹ ਸੱਭਿਆਚਾਰ ਕੁਚਲਣ ਅਤੇ ਰੱਦਣ ਦਾ ਹੈ।ਇਸ ਸੱਭਿਆਚਾਰ ਦਾ ਮੁੱਲ ਪ੍ਰਬੰਧ ਸਮੂਹਿਕਤਾ ਨੂੰ ਮੈਂ ਦੀ ਸਭ ਤੋਂ ਹੇਠਲੀ ਪੱਧਰ ਤੱਕ ਲੈ ਜਾਂਦਾ ਹੈ। ਜਿੱਥੇ ਮਨੁੱਖ ਦੀ ਹੋਂਦ ਹੀ ਵਾਮਨ ਹੋ ਜਾਂਦੀ ਹੈ। ਬੌਣੇ ਅਤੇ ਸੁੰਗੜੇ ਕੱਦ-ਕਿਰਦਾਰ ਮਾਨਵੀ ਖ਼ਾਸੇ ਤੋਂ ਮੁਕਤ ਹੋ ਜਾਂਦੇ ਹਨ। ਉਹਨਾਂ ਲਈ ਜੀਵਨ ਇਕ ਰੇਸ, ਮਨੁੱਖ ਇਸ ਵਸਤੂ ਅਤੇ ਮਾਨਵੀ ਸਬੰਧ ਸਿਰਫ਼ ਤੇ ਸਿਰਫ਼ ਮੁਨਾਫ਼ਾ ਹੁੰਦਾ ਹੈ। ਇਹ ਤਹਿਜ਼ੀਬ ਗ਼ੈਰ ਕੁਦਰਤੀ ਅਤੇ ਗ਼ੈਰ ਸੱਭਿਅਕ ਹੈ। ਜਿਸ ਵਿਚ ਜਿਊਂਦਾ ਜਾਗਦਾ ਮਨੁੱਖ ਲਵਾਰਿਸ ਬਣ ਜਾਂਦਾ ਹੈ। ਇਸ ਪ੍ਰਸੰਗ ਵਿਚ ਲਵਪ੍ਰੀਤ ਸਿੰਘ ਦੀ ਹਾਦਸਾ ਕਵਿਤਾ ਦੇਖੀ ਜਾ ਸਕਦੀ ਹੈ।
ਇਨ੍ਹਾਂ ਕਵਿਤਾਵਾਂ ਦਾ ਪਾਠ ਕਰਦਿਆਂ ਮਹਿਸੂਸ ਹੁੰਦਾ ਹੈ ਕਿ ਮਾਨਵੀ ਰਿਸ਼ਤਿਆਂ ਦੀ ਪਾਕੀਜ਼ਗੀ ਅਤੇ ਅਹਿਮੀਅਤ ਨੂੰ ਨੌਜਵਾਨ ਸ਼ਾਇਰ ਬੇਹੱਦ ਸੋਹਣੇ ਤਰੀਕੇ ਨਾਲ ਸਮਝ ਰਹੇ ਹਨ।ਉਹ ਖ਼ੁਸ਼ੀਆਂ ਅਤੇ ਚਾਨਣ ਨੂੰ ਪਿਆਰ ਅਤੇ ਇਕਰਾਰ ਨੂੰ ਜੀਵਨ ਦਾ ਅਹਿਮ ਹਿੱਸਾ ਸਥਾਪਿਤ ਕਰਦੇ ਹਨ। ਇਨ੍ਹਾਂ ਕਵਿਤਾਵਾਂ ਵਿਚ ਮਨੁੱਖੀ ਰਿਸ਼ਤੇ ਕੋਮਲ ਅਹਿਸਾਸ ਜਗਾਉਣ ਵਾਲੇ, ਮੋਹ, ਮਮਤਾ ਅਤੇ ਮੁਹੱਬਤ ਦੀ ਤਾਕਤ ਨੂੰ ਜਿਊਂਣ ਯੋਗ ਵਾਲੇ ਦਿਖਾਈ ਦਿੰਦੇ ਹਨ। ਇਨ੍ਹਾਂ ਨਜ਼ਮਾਂ ਵਿਚ ਹੂਕ, ਵੇਦਨਾ, ਦਰਦ ਅਤੇ ਅਪਣੱਤ ਦੀ ਸੰਜੀਦਗੀ ਝਲਕਦੀ ਹੈ। ਇਸ ਸੰਦਰਭ ਵਿਚ  ਸ਼ੁਕਰਗੁਜ਼ਾਰ ਸਿੰਘ ਐਡਵੋਕੇਟ ਅਤੇ ਹਰਦੀਪ ਸਿੰਘ ਦੀ ਕਵਿਤਾ ਗੌਲਣਯੋਗ ਹੈ।ਮਾਂ ਨਾਲ ਸੰਬੰਧਿਤ ਹਰਦੀਪ ਦੀਆਂ ਕਵਿਤਾਵਾਂ ਬਹੁਤ ਸੂਖ਼ਮ ਅਹਿਸਾਸ ਪੈਦਾ ਕਰਦੀਆਂ ਹਨ।
ਪੰਜਾਬੀ ਨਕਸ਼ ਦੇ ਇਸ ਅੰਕ ਵਿਚ ਸ਼ਾਮਿਲ ਬਹੁਤ ਸਾਰੇ ਨੌਜਵਾਨ ਸ਼ਾਇਰਾਂ ਨੇ ਗ਼ਜ਼ਲ ਕਾਵਿ ਰੂਪਾਕਾਰ ਨੂੰ ਆਧਾਰ ਬਣਾਇਆ। ਅਨੀ ਕਾਠਗੜ੍ਹ, ਗੁਰਪਾਲ ਸਿੰਘ ਬਿਲਾਵਲ, ਮਨਦੀਪ ਲੁਧਿਆਣਾ, ਡਾ. ਕਮਲ, ਹਰਮਨ ਸਿੰਘ, ਰੂਹੀ ਸਿੰਘ, ਰਾਣੀ ਸ਼ਰਮਾ, ਜਗਮੀਤ ਮੀਤ, ਅਸ਼ੋਕ ਦਬੜੀਖ਼ਾਨਾ, ਜੋਬਨਰੂਪ ਛੀਨਾ, ਜਗਮੀਤ ਹਰਫ਼, ਗੁਰਵਿੰਦਰ, ਗੁਰਵਿੰਦਰ ਗੋਸਲ ਆਦਿ ਸ਼ਾਇਰਾਂ ਨੂੰ ਪੜ੍ਹਿਆ ਜਾ ਸਕਦਾ ਹੈ। ਇਨ੍ਹਾਂ ਰਚਨਾਵਾਂ ਦੀ ਕਾਵਿ ਸੰਵੇਦਨਾ ਚੌਗਿਰਦੇ ਪ੍ਰਤੀ ਸੁਹਿਰਦਤਾ ਵਿਚੋਂ ਪੈਦਾ ਹੁੰਦੀ ਹੈ।ਇਨ੍ਹਾਂ ਰਚਨਾਵਾਂ ਵਿਚ ਸਮਾਜਿਕ ਆਰਥਿਕ ਪਾੜੇ ਬਾਰੇ, ਅਮੀਰ-ਗਰੀਬ, ਗ਼ੈਰ-ਬਰਾਬਰੀ ਬਾਰੇ, ਸੱਤਾ ਦੇ ਦਮਨ-ਚੱਕਰ ਬਾਰੇ, ਮਨੁੱਖੀ ਦੋਮੁੱਖਤਾ ਅਤੇ ਅੰਤਰ ਦਵੰਦ ਬਾਰੇ, ਖ਼ੁਰ ਰਹੀ ਇਨਸਾਨੀਅਤ ਬਾਰੇ, ਸਵੈ ਦੀ ਯਾਤਰਾ ਅਤੇ ਗਿਆਨ ਬਾਰੇ, ਇਤਿਹਾਸ ਅਤੇ ਵਰਤਮਾਨ ਬਾਰੇ, ਸਮਕਾਲੀ ਭਾਰਤੀ ਰਾਜਨੀਤੀ ਦੀ ਤਰਬੀਅਤ, ਕਾਰਪੋਰੇਟ ਪੂੰਜੀਵਾਦੀ ਨਿਜ਼ਾਮ ਅਤੇ ਫ਼ਾਸੀਵਾਦੀ ਸਟੇਟ ਦੀ ਝਲਕ, ਭਾਰਤੀ ਲੋਕਤੰਤਰ ਦੇ ਅੰਤਰ ਵਿਰੋਧ, ਪਿਆਰ ਅਤੇ ਸੂਖ਼ਮ ਅਹਿਸਾਸ, ਮੰਡੀ ਅਤੇ ਬਾਜ਼ਾਰ ਦੇ ਖਪਤਕਾਰੀ ਪ੍ਰਵਚਨ ਖ਼ਿਲਾਫ਼ ਪ੍ਰਤੀਰੋਧ, ਆਦਿ ਸਰੋਕਾਰ ਪ੍ਰਮੁੱਖ ਰੂਪ ਵਿਚ ਉੱਭਰਦੇ ਹਨ। ਇਹ ਸਰੋਕਾਰ ਸਾਡੇ ਨੌਜਵਾਨ ਸ਼ਾਇਰਾਂ ਦੀ ਸੰਜੀਦਗੀ ਅਤੇ ਵਿਚਾਰਧਾਰਈ ਚੇਤਨਾ ਦੀ ਗਵਾਹੀ ਭਰਦੇ ਹਨ। ਇਹ ਸ਼ਾਇਰੀ ਚੇਤਨਾ ਅਤੇ ਸੰਵੇਦਨਾ ਦਾ ਮੁੱਜਸਮਾ ਹੈ।
ਇਨ੍ਹਾਂ ਸਾਰੀਆਂ ਰਚਨਾਵਾਂ ਵਿਚ ਜਿੱਥੇ ਵੀ ਪ੍ਰੇਮ/ਮੁੱਹਬਤ ਦੀ ਗੱਲ ਆਈ ਹੈ ਉੱਥੇ ਰੁਮਾਨੀ, ਅਰਸ਼ੀ ਤੇ ਖ਼ਿਆਲੀ ਕਿਸਮ ਦੇ ਪ੍ਰੇਮ ਦੀ ਥਾਂ ਗਹਿਰ ਗੰਭੀਰ ਕਿਸਮ ਦੇ ਮੁਹਬਤੀ ਪ੍ਰਵਚਨ/ਸੰਵਾਦ ਦਰਜ ਹੋਏ ਹਨ।ਮੁਹੱਬਤ ਦਾ ਕਾਵਿ ਸਮਾਜਿਕ ਸੱਚਾਈ ਅਤੇ ਸਮਾਜਿਕ ਸਥਿਤੀ ਨਾਲ ਖਹਿ ਕੇ ਲੰਘਦਾ ਹੈ।ਨਿੱਜੀ ਵੇਦਨਾ ਸਾਂਝੇ ਦਰਦ ਵਿਚ ਤਬਦੀਲ ਹੁੰਦੀ ਹੈ।ਇਨ੍ਹਾਂ ਸ਼ਾਇਰਾਂ ਦੀ ਸ਼ਾਇਰੀ ਆਪਮੁਹਾਰਾ ਤਥਾਕਥਿਤ ‘ਜ਼ਿੰਮੇਵਾਰਾਨਾ’ ਦਾਅਵਾ-ਵਾਅਦਾ ਵੀ ਨਹੀਂ ਕਰ ਰਹੀ।ਸਗੋਂ ਇਹ ਸ਼ਾਇਰ ਆਪਣੇ ਜਾਂਚੇ-ਪਰਖ਼ੇ ਅਨੁਭਵ ਨੂੰ ਆਧਾਰ ਬਣਾ ਕੇ ਕਵਿਤਾ ਦੇ ਸੱਚ ਨੂੰ ਆਤਮਸਾਤ ਕਰਦੇ ਹਨ, ਕਿਉਂਕਿ ਇਸ ਪੀੜ੍ਹੀ ਕੋਲ ਕਿਸੇ ਵਾਦ ਅਤੇ ਲਹਿਰ ਦਾ ਦਬਾਅ ਨਹੀਂ ਹੈ। ਇਨ੍ਹਾਂ ਸ਼ਾਇਰਾਂ ਦੇ ਤਨ ਮਨ ਦੀ ਜੋ ਤਰੰਗ ਹੈ ਉਹ ਸਿਰਜਣਾ ਦੀ ਸ਼ੁੱਧਤਾ ਵੱਲ ਵੀ ਇਸ਼ਾਰਾ ਕਰਦੀ ਹੈ। ਇਨ੍ਹਾਂ ਸ਼ਾਇਰਾਂ ਵਿਚੋਂ ਜ਼ਿਆਦਾਤਰ ਸ਼ਾਇਰਾਂ ਨੇ ਅਜੇ ਸਾਹਿਤਕ ਸਫ਼ਰ ਸ਼ੁਰੂ ਹੀ ਕੀਤਾ ਹੈ ਉਹਨਾਂ ਲਈ ਨਵੇਂ ਰਾਹ ਅਤੇ ਅੰਬਰ ਦੋਵੇਂ ਖੁੱਲ੍ਹੇ ਹਨ।
ਹਰਿੰਦਰ ਫ਼ਿਰਾਕ ਨੌਜਵਾਨ ਸ਼ਾਇਰ ਹੈ। ਉਸ ਦੀ ਪਹਿਲੀ ਕਾਵਿ-ਪੁਸਤਕ ‘ਅਜੇ ਨਾ ਆਉਂਣਾ’ ਪ੍ਰਕਾਸ਼ਿਤ ਹੋਈ ਹੈ। ਉਸਦੀ ਕਵਿਤਾ ਨਵੀਂ ਕਾਵਿ-ਭਾਸ਼ਾ ਦੀ ਸੰਭਾਵਨਾ ਤਲਾਸ਼ਦੀ ਹੈ। ਆਪਣੇ ਸਮਕਾਲ ਬਾਰੇ ਉਹ ਸੁਚੇਤ ਹੈ ਅਤੇ ਉਸ ਕੋਲ ਸਮਾਜ ਨੂੰ ਦੇਖਣ ਦੀ ਪਹੁੰਚ ਇਤਿਹਾਸ-ਚੇਤਨਾ ਦੀ ਹੈ। ਉਹ ਸੱਤਾ ਦੇ ਦਮਨ ਅਤੇ ਸੂਖ਼ਮ ਕੈਦ ਨੂੰ ਵਿਚਾਰਧਾਰਾਈ ਨੁਕਤੇ ਤੋਂ ਉਠਾਉਂਦਾ ਹੈ। ਆਧੁਨਿਕਤਾ ਅਤੇ ਸੱਭਿਅਤਾ ਸਾਹਮਣੇ ਕਈ ਸੰਕਟ ਹਨ। ਮਨੁੱਖ ਆਪਣੀ ਪਰਿਭਾਸ਼ਾ ਦੁਬਾਰਾ ਘੜ੍ਹਨ ਵੱਲ ਰੁਚਿਤ ਹੈ। ਵੱਡੇ ਬਿਰਤਾਂਤ ਟਕਰਾ ਰਹੇ ਹਨ ਅਤੇ ਸੰਵਾਦ ਦੀ ਥਾਂ ਸ਼ੋਰ ਉੱਭਰ ਰਿਹਾ ਹੈ। ਇਸ ਸ਼ੋਰ ਨੂੰ ਹਰਿੰਦਰ ਦੀ ਕਵਿਤਾ ਫੜਨ ਦੇ ਆਹਰ ਵਿਚ ਹੈ। ਉਸ ਦੀ ਕਾਵਿ ਸੰਵੇਦਨਾ ਮਾਨਵੀ ਪੀੜ ਅਤੇ ਦਰਦ ‘ਤੇ ਫੋਕਸ ਕਰਦੀ ਹੈ। ਤਕਲੀਫ਼ ਦੇਹ ਤੋਂ ਵੱਧ ਆਤਮ ਦੀ ਹੈ। ਉਸ ਦੀ ਕਵਿਤਾ ਸੰਬੋਧਨੀ ਕਵਿਤਾ ਹੈ। ਉਸ ਦੀ ਕਵਿਤਾ ਵਿਚ ਤਣਾਅ ਹੈ, ਜੋ ਪਾਠਕ ਦੇ ਦਿਲ-ਓ-ਦਿਮਾਗ਼ ‘ਤੇ ਭਾਰ ਪਾਉਂਦਾ ਹੈ। ਇਸ ਤਣਾਅ ‘ਚੋਂ ਚਿੰਤਨ ਦੀ ਮੰਗ ਉੱਠਦੀ ਹੈ। ਤਰਕ ਅਤੇ ਵਿਸ਼ਲੇਸ਼ਣ ਦੀ ਵਿਧੀ ਪ੍ਰਭਾਵ ਉਸਾਰਦੀ ਹੈ ।
ਇਸ ਅੰਕ ਵਿਚ ਮਸ਼ਹੂਰ ਇਰਾਨੀ ਕਵੀ ਸਬੀਰ ਹਕਾ ਦੀਆਂ ਅਨੁਵਾਦਿਤ ਕਵਿਤਾਵਾਂ ਵੀ ਦਰਜ ਹਨ।ਸਬੀਰ ਕਿਰਤ ਅਤੇ ਕਿਰਤੀ ਮਨੁੱਖ ਦੀ ਸੰਵੇਦਨਾ ਨਾਲ ਲਬਰੇਜ਼ ਸ਼ਾਇਰ ਹੈ।ਉਹ ਸਵੈ ਪ੍ਰਾਪਤ ਅਨੁਭਵ ਨੂੰ ਕਵਿਤਾ ਵਿਚ ਢਾਲ਼ਦਾ ਹੈ। ਉਹ ਰੱਬ ਨੂੰ ਸੰਬੋਧਨ ਹੁੰਦਾ ਉਸਦੀ ਦੋਸਤੀ ਤੋਂ ਆਕੀ ਹੋ ਜਾਂਦਾ ਹੈ।ਉਹ ਸੂਖ਼ਮ ਵਿਅੰਗ ਅਤੇ ਟਕੋਰ ਦੀ ਕਾਵਿ ਵਿਧੀ ਰਾਹੀਂ ਸਮਕਾਲੀ ਪੂੰਜੀਵਾਦੀ ਵਿਵਸਥਾ ਦੀ ਗ਼ੈਰ ਮਾਨਵੀ ਹੋਂਦ ਉੁੱਪਰ ਸਵਾਲ ਖੜ੍ਹੇ ਕਰਦਾ ਹੈ।ਉਹ ਕਿਤੇ ਵੀ ਨਾਅਰਾ ਜਾਂ ਪ੍ਰਚਾਰਾਤਮਕ ਕਾਵਿ ਨਹੀਂ ਉਸਾਰਦਾ। ਇੰਨੇ ਵੱਡੇ ਦੁੱਖ ਨੂੰ ਇੰਨੀ ਕੋਮਲਤਾ ਅਤੇ ਸਹਿਜਤਾ ਨਾਲ ਕਹਿ ਜਾਣਾ ਬਹੁਤ ਵੱਡੇ ਸ਼ਾਇਰ ਦੀ ਨਿਸ਼ਾਨੀ ਹੁੰਦੀ ਹੇ।
‘ਸ਼ਖ਼ਸੀਅਤ’ ਕਾਲਮ ਵਿਚ ਗੁਰਜੰਟ ਰਾਜੇਆਣਾ ਦਾ ਸਵੈ-ਕਥਨ ਅਤੇ ਕਵਿਤਾਵਾਂ ਦਰਜ ਹਨ। ਉਸ ਦੀ ਕਵਿਤਾ ਵਾਂਗ ਉਸ ਦੀ ਵਾਰਤਕ ਕਰੂਰ ਸਮਾਜਿਕ ਯਥਾਰਥ ਨੂੰ ਪੇਸ਼ ਕਰਦੀ ਹੈ, ਜਿਸ ਦੀ ਧੁਨੀ ਕਾਵਿਕ ਹੈ। ਇਹ ਨੌਜਵਾਨ ਸਿਰਜਕ ਨਿੱਕੀ ਜਿਹੀ ਉਮਰ ਵਿਚ ਸੈਆਂ ਦੁੱਖਾਂ, ਪੀੜਾਂ ਅਤੇ ਦਰਦ ਨੂੰ ਹੰਢਾਅ ਚੁੱਕਾ ਹੈ। ਉਸ ਦੇ ਮਾਸੂਮ ਜਿਹੇ ਬਚਪਨ ਕੋਲ ਬਚਪਨ ਠਹਿਰਿਆ ਹੀ ਨਹੀਂ। ਉਹ ਜਿਸ ਧਿਰ ਦੀ ਗੱਲ ਕਰਦਾ ਹੈ, ਉਸ ਦਲਿਤ ਤੇ ਦਮਿਤ ਸਮਾਜ ਦਾ ਬਚਪਨ ਹੁੰਦਾ ਵੀ ਕਿੱਥੇ ਹੈ? ਬਚਪਨ ਅਤੇ ਜ਼ਿੰਮੇਵਾਰੀ ਰਲਗੱਡ ਹੁੰਦੇ ਹਨ। ਜੀਵਨ ਦੀ ਤੋਰ ਨਿਰੰਤਰ ਚੱਲਦੀ ਰਹਿੰਦੀ ਹੈ। ਗੁਰਜੰਟ ਕੁਦਰਤ ਦੇ ਇਸ ਨੇਮ ਨੂੰ ਜਾਣਦੈ।ਉਹ ਲਗਾਤਾਰ ਤੁਰਨ ਅਤੇ ਨਾ ਥੱਕਣ ਵਾਲਾ ਮਨੁੱਖ ਹੈ। ਉਸ ਦੀ ਸ਼ਖ਼ਸੀਅਤ ਦਾ ਕੇਂਦਰੀ ਬਿੰਦੂ ਵੀ ਇਹੀ ਹੈ। ਇਸ ਨਿਰੰਤਰਤਾ ਅਤੇ ਗਤੀਸ਼ੀਲਤਾ ਵਿਚੋਂ ਉਸ ਦਾ ਸਫ਼ਰ ਅਤੇ ਸਾਹਿਤ ਉੁੱਭਰਦਾ ਹੈ, ਜੋ ਬਹੁਤ ਸਾਰੇ ਨੌਜਵਾਨਾਂ ਲਈ ਪ੍ਰੇਰਕ ਵੀ ਹੈ।
ਗੁਰਜੰਟ ਪੰਜਾਬ ਦੇ ਉਹਨਾਂ ਸਿਰਜਕ ਮਨਾਂ ਵਿਚੋਂ ਹੈ ਜੋ ਹਰ ਹਲਾਤ ਵਿਚ ਜਿਊਂਣਾ ਜਾਣਦੇ ਹਨ। ਉਹਨਾਂ ਸਾਹਮਣੇ ਸਮੱਸਿਆਵਾਂ ਦਾ ਅੰਬਾਰ ਹੈ, ਪ੍ਰਤੀਕੂਲ ਹਾਲਾਤ ਪੈਰ-ਪੈਰ ‘ਤੇ ਰਾਹ ਟੁੱਕਦੇ ਹਨ। ਕੋਈ ਮੁੱਲ੍ਹਮ ਸਮਾਜ ਕੋਲ ਹੈ ਨਹੀਂ। ਪਰ ਸ਼ਾਇਰ ਨੇ ਆਪਣੇ ਜਿਊਂਣ ਜੋਗੀ ਸਮੇਸ ਨੂੰ ਸਿਰਜਣਾ ਹੁੰਦੈ। ਉਹ ਨਾ ਸਿਰਫ਼ ਸਵੈ ਚੇਤਨਾ ਦਾ ਮਾਰਗ ਚੁਣਦਾ ਹੈ, ਸਗੋਂ ਸਮਾਜਿਕ ਸਰੋਕਾਰਾਂ ਨੂੰ ਵੀ ਧਿਆਨ ਵਿਚ ਰੱਖਦਾ ਹੈ। ਜਿਵੇਂ ਗੁਰਜੰਟ ਲਿਖਦੈ ਕਿ ਉਹ ਦੀਪ ਨਹੀਂ ਸੂਰਜ ਜਗਾਉਣਾ ਚਾਹੁੰਦਾ ਆਪਣੇ ਲੋਕਾਂ ਲਈ। ਇਸ ਭਾਵਨਾ ਦਾ ਕੱਦ ਛੋਟਾ ਨਹੀਂ ਹੋ ਸਕਦਾ। ਇਹ ਬਲਵਾਨ ਤੇ ਚਿਰਸਥਾਈ ਭਾਵ ਹੈ, ਜੋ ਕਿ ਉਸ ਦੀ ਕਵਿਤਾ ਵਿਚੋਂ ਝਲ਼ਕਦਾ ਹੈ। ਉਸ ਦੀ ਕਵਿਤਾ ਦਰੜੀ ਗਈ ਲੋਕਾਈ ਦੀ ਬਾਤ ਪਾਉਂਦੀ ਹੈ। ‘ਮੱਲੂ ਰੋੜੀਕੁੱਟ’ ਅਤੇ ‘ਮਿਲਖੀ ਮੋਚੀ ਦਾ ਮੰਗਲ’ ਕਵਿਤਾਵਾਂ ਅਣਗੋਲ਼ੇ ਅਤੇ ਬੇਦਖ਼ਲ ਕੀਤੇ ਗਏ ਲੋਕਾਂ ਦਾ ਕਾਵਿ ਬਿਰਤਾਂਤ ਹਨ। ਹਾਸ਼ੀਆਗਤ ਧਿਰਾਂ ਦੇ ਕਿਰਤੀ ਮਨੁੱਖ ਉਸਦੇ ਕਾਵਿ ਪਾਤਰ ਬਣਦੇ ਹਨ।ਜੋ ਜ਼ਿੰਦਗੀ ਨਾਲ ਖਹਿ ਕੇ ਲੰਘਦੇ ਹਨ। ਜ਼ਿੰਦਗੀ ਉਹਨਾਂ ਨੂੰ ਲਤਾੜਦੀ ਹੈ ਉਹ ਹੰਭਦੇ ਹਨ ਫੇਰ ਵੀ ਤੁਰਦੇ ਹਨ।ਜੂਝਦੇ ਹਨ ਤੇ ਉਹ ਮਰ ਜਾਂਦੇ ਹਨ। ਜ਼ਿੰਦਗੀ ਉਹਨਾਂ ਨੂੰ ਮੌਕਾ ਨਹੀਂ ਦਿੰਦੀ। ਉਹਨਾਂ ਲਈ ਰੋਟੀ ਅਤੇ ਭੁੱਖ ਦੀ ਵਿਆਕਰਣ ਇਕ ਉਲਝੀ ਤੰਦ ਹੈ। ਜਿਸਨੂੰ ਸੁਆਰਦੇ ਸੁਆਰਦੇ ਉਹ ਵੇਲ਼ਾ ਵਿਹਾ ਜਾਂਦੇ ਹਨ। ਇਤਿਹਾਸ ਦੇ ਪੰਨਿਆਂ ਵਿਚ ਉਹ ਅਣਹੋਏ ਹਨ। ਜਿਨ੍ਹਾਂ ਦੇ ਸੁਹਜ ਅਤੇ ਕਲਾ ਦੇ ਪੈਮਾਨੇ ਸਨਾਤਨੀ/ਪ੍ਰੰਪਰਕ ਸੁਹਜ ਵਿਚ ਨਹੀਂ ਸਮਾ ਸਕਦੇ। ਮੰਗਲ ਨੂੰ ਆਪਣੀ ਛਿੱਜ ਚੁੱਕੀ ਖ਼ਾਕੀ ਪੈਂਟ ਰੋਟੀ ਵਰਗੀ ਲੱਗਦੀ ਹੈ। ਗੁਰਜੰਟ ਦੀ ਕਵਿਤਾ ਵਿਚ ਮੰਗਲ ਕਾਵਿ ਪਾਤਰ ਆਪ ਬੋਲਦਾ ਹੈ ਅਤੇ ਰੰਗਾਂ ਦੀ ਪਛਾਣ ਦੱਸਦਾ ਹੈ। ਸਬਾਲਟਰਨ ਅਧਿਐਨ ਲਈ ਇਹ ਬਹੁਤ ਜ਼ਰੂਰੀ ਹੈ। ਗੁਰਜੰਟ ਆਉਣ ਵਾਲ਼ੇ ਸਮਿਆਂ ਵਿਚ ਵੱਡੇ ਕਾਰਜ ਸਿਰੇ ਲਗਾਏਗਾ।
ਸਾਰੇ ਨੌਜਵਾਨ ਸ਼ਾਇਰਾਂ ਦੇ ਰੌਸ਼ਨ ਸਿਰਜਣਾਤਮਕ ਭਵਿੱਖ ਲਈ ਸ਼ੁੱਭ ਕਾਮਨਾਵਾਂ। ਅੰਤ ਵਿਚ ਇਨ੍ਹਾਂ ਨੌਜਵਾਨ ਸ਼ਾਇਰਾਂ ਤੇ ਸਿਰਜਕਾਂ ਲਈ ਡਾ. ਹਰਿਭਜਨ ਸਿੰਘ ਦੇ ਸ਼ਬਦ ਪੇਸ਼ ਹਨ:
‘ਇਕ ਛਿਣ ਦੇ ਫ਼ੈਸਲੇ ਨਾਲ ਬੰਦਾ ਕ੍ਰਾਂਤੀਕਾਰੀ ਅਖਵਾ ਸਕਦਾ ਹੈ, ਪਰ ਆਪਣੇ ਫ਼ੈਸਲੇ ਨੂੰ ਵਕਫ਼ੇ ਥਾਣੀ ਲੰਘਾਏ ਬਿਨਾਂ ਸਾਹਿਤਕਾਰ ਨਹੀਂ ਬਣ ਸਕਦਾ। ਸਾਹਿਤਕਾਰੀ ਪ੍ਰੇਰਣਾ ਦਾ ਛਿਣ ਨਹੀਂ ਪ੍ਰਕ੍ਰਿਆ ਦੀ ਉਮਰ ਹੈ’।
ਇਸ ਅੰਕ ਨੂੰ ਤਿਆਰ ਕਰਨ ਲਈ ਅਤੇ ਦਸਤਾਵੇਜ਼ੀ ਰੂਪ ਦੇਣ ਲਈ ਅਦਾਰਾ ਪੰਜਾਬੀ ਨਕਸ਼, ਸੰਪਾਦਕ ਸੋਨੀਆ ਮਨਜਿੰਦਰ ਅਤੇ ਉਹਨਾਂ ਦੀ ਟੀਮ ਵਧਾਈ ਦੀ ਪਾਤਰ ਹੈ।