ਜਾਣ-ਪਹਿਚਾਣ
10 ਮਾਰਚ, 1991
ਪਿੰਡ : ਬੁਤਾਲਾ
ਤਹਿਸੀਲ : ਬਾਬਾ ਬਕਾਲਾ
ਸੰਪਰਕ : 81465-36967
ਮੈਂ ਵੀਰ ਕੌਰ ਪਿੰਡ ਬੁਤਾਲਾ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਬਾਬਾ ਬਕਾਲਾ ਦੀ ਰਹਿਣ ਵਾਲੀ ਹਾਂ। ਵਧੇਰੇ ਸਾਹਿਤਕਾਰਾਂ ਵਾਂਗ ਮੇਰੀ ਸਿਰਜਣ ਪ੍ਰਕਿਰਿਆ ਵੀ ਕਵਿਤਾ ਲਿਖਣ ਤੋਂ ਸ਼ੁਰੂ ਹੋਈ। ਐਮ.ਫਿਲ. ਪੰਜਾਬੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕਰਨ ਤੋਂ ਬਾਅਦ ਮੈਂ ਅੱਜਕੱਲ੍ਹ ਪੀ.ਐੱਚ.ਡੀ ਕਰ ਰਹੀ ਹਾਂ। ਹੁਣ ਤੱਕ ਮੇਰੀਆਂ ਦੋ ਕਿਤਾਬਾਂ “ਪੰਜਾਬੀ ਗਲਪਕਾਰ: ਸੰਵਾਦ ਤੇ ਸਮੀਖਿਆ” ਅਤੇ ਹਰਜੀਤ ਕੌਰ ਵਿਰਕ ਦੀ ਨਾਵਲ ਦ੍ਰਿਸ਼ਟੀ ਛਪ ਚੁੱਕੀਆਂ ਹਨ।
ਤਬਸਰਾ…
ਪੰਜਾਬੀ ਨਕਸ਼ ਦੇ ਇਸ ਅੰਕ ਵਿਚ ਤਿੰਨ ਲੇਖ ਸ਼ਾਮਿਲ ਕੀਤੇ ਹਨ ਜਿਨ੍ਹਾਂ ’ਚੋਂ ਦੋ ਵਿਸ਼ੇ ਵਜੋਂ ਖੋਜ ਪ੍ਰਵਿਰਤੀ ਦੇ ਹਨ। ਤੀਸਰਾ ਲੇਖ ਪੰਜਾਬੀ ਦੀ ਮਹਾਨ ਕਵਿਤਰੀ ਅੰਮ੍ਰਿਤਾ ਪ੍ਰੀਤਮ ਜੀ ਦੇ ਜੀਵਨ ਅਤੇ ਸਾਹਿਤ ਯੋਗਦਾਨ ਬਾਰੇ ਹੈ। ਪਹਿਲਾ ਲੇਖ ਲੇਖਕ ਇਮਰਾਨ ਅਹਿਮਦ ਦਾ ਹੈ, ਜੋ ਪਾਕਿਸਤਾਨ ਦਾ ਵਸਨੀਕ ਹੈ। ਇਸ ਲੇਖ ਵਿਚ ਇਮਰਾਨ ਨੇ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਚੇਤਨਾ ਦੇ ਨਾਲ-ਨਾਲ ਜੀਵਨ ਬਿਰਤਾਂਤਾਂ ਅਤੇ ਵਿਚਾਰਧਾਰਕ ਦ੍ਰਿਸ਼ਟੀਕੋਣ ਨੂੰ ਪੇਸ਼ ਕੀਤਾ ਹੈ। ਇਸ ਲੇਖ ਵਿਚ ਇਨਕਲਾਬੀ ਲਹਿਰਾਂ ਦੀ ਸਮਾਜਿਕ ਸਾਰਥਿਕਤਾ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਉਨ੍ਹਾਂ ਨਾਲ ਸੰਬੰਧਾਂ ਦੀ ਚਰਚਾ ਬਹੁਤ ਹੀ ਤਫ਼ਸੀਲ ਵਿਚ ਕੀਤੀ ਗਈ ਹੈ। ਆਜ਼ਾਦੀ ਪ੍ਰਾਪਤੀ ਲਈ ਕੀਤੇ ਸੰਘਰਸ਼ ਦੀ ਗਾਥਾ ਨੂੰ ਅਕਰਮ ਨੇ ਇਸ ਲੇਖ ਰਾਹੀਂ ਤਰਤੀਬਬੱਧ ਢੰਗ ਸਹਿਤ ਪੇਸ਼ ਕੀਤਾ ਹੈ। ਇਸ ਲੇਖ ਵਿਚ ਅਜਿਹੀਆਂ ਘਟਨਾਵਾਂ ਵੀ ਦਰਜ ਹਨ ਜੋ ਸ਼ਹੀਦ ਭਗਤ ਸਿੰਘ ਬਾਰੇ ਆਮ ਲੋਕਾਈ ਤੱਕ ਨਹੀਂ ਪਹੁੰਚੀਆਂ ਅਕਰਮ ਅਹਿਮਦ ਨੇ ਇਨ੍ਹਾਂ ਘਟਨਾਵਾਂ ਦੇ ਯਥਾਰਥਕ ਦ੍ਰਿਸ਼ ਪਾਠਕਾਂ ਦੇ ਸਾਹਮਣੇ ਪੇਸ਼ ਕੀਤੇ ਹਨ। ਦੂਸਰਾ ਲੇਖ ਵਿਦਿਆਰਥਣ ਪ੍ਰਭਨੂਰ ਕੌਰ ਦਾ ਲਿਖਿਆ ਹੋਇਆ ਹੈ। ਪ੍ਰਭਨੂਰ ਨੇ ਇਸ ਲੇਖ ਰਾਹੀਂ ਅੰਮ੍ਰਿਤਾ ਪ੍ਰੀਤਮ ਦੇ ਜੀਵਨ, ਰਚਨਾਵਾਂ ਅਤੇ ਪੰਜਾਬੀ ਸਾਹਿਤ ਵਿਚ ਅੰਮ੍ਰਿਤਾ ਪ੍ਰੀਤਮ ਦੇ ਯੋਗਦਾਨ ਨੂੰ ਪਾਠਕਾਂ ਦੇ ਰੂ-ਬ-ਰੂ ਕੀਤਾ ਹੈ। ਖ਼ਾਸ ਤੌਰ ‘ਤੇ ਪ੍ਰਭਨੂਰ ਨੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਦੇ ਰੁਮਾਂਟਿਕ-ਪ੍ਰਗਤੀਵਾਦੀ ਦ੍ਰਿਸ਼ਟੀਕੋਣ ਬਾਰੇ ਵਿਚਾਰ ਪੇਸ਼ ਕਰਦਿਆਂ ਉਨ੍ਹਾਂ ਦੀਆਂ ਰਚਨਾਵਾਂ ਅਤੇ ਸਾਹਿਤਕ ਅਤੇ ਸਮਾਜਿਕ ਪ੍ਰਾਪਤੀਆਂ ਨਾਲ਼ ਪਾਠਕਾਂ ਦੀ ਜਾਣ-ਪਹਿਚਾਣ ਕਰਵਾਈ ਹੈ। ਤੀਸਰਾ ਲੇਖ ‘ਉਰਦੂ ਸ਼ਾਇਰੀ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਦਾ ਜ਼ਿਕਰ’ ਲੇਖ ਡਾ. ਸੱਯਦ ਹੁਸਨ ਅੱਬਾਸ ਜੀ ਦਾ ਲਿਖਿਆ ਹੋਇਆ ਹੈ ਜੋ ਵਿਸ਼ੇ ਪੱਖੋ ਖੋਜ ਪ੍ਰਵਿਰਤੀ ਦਾ ਹੈ। ਡਾ.ਅੱਬਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਰਦੂ ਸ਼ਾਇਰੀ ਵਿਚ ਸਥਾਨ ਨੂੰ ਨਿਸਚਿਤ ਕਰਦਿਆਂ ਉਨ੍ਹਾਂ ਸ਼ਾਇਰਾਂ ਅਤੇ ਉਰਦੂ ਸ਼ਾਇਰੀ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਾਇਰੀ ਦੇ ਸਮਾਜਵਾਦੀ/ ਮਾਨਵਵਾਦੀ ਦ੍ਰਿਸ਼ਟੀਕੋਣ ਨੂੰ ਉਭਾਰਦਿਆਂ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਸ਼ਾਇਰੀ ਦੇ ਮਹੱਤਵਪੂਰਨ ਪਹਿਲੂਆਂ ਨੂੰ ਪੇਸ਼ ਕਰਕੇ ਬਹੁਮੁੱਲਾ ਕਾਰਜ ਉਲੀਕਿਆ ਹੈ। ਇਸ ਦੇ ਨਾਲ਼ ਹੀ ਉਨ੍ਹਾਂ ਉਰਦੂ ਸ਼ਾਇਰੀ ਵਿਚ ਗੁਰੂ ਨਾਨਕ ਸਾਹਿਬ ਦੀ ਸ਼ਖ਼ਸੀਅਤ ਨੂੰ ਪੇਸ਼ ਕਰਨ ਵਾਲ਼ੇ ਸ਼ਾਇਰਾਂ ਅਤੇ ਉਨ੍ਹਾਂ ਦਾ ਕਲਾਮ ਇਸ ਲੇਖ ਵਿਚ ਦਰਜ ਕੀਤਾ ਹੈ। ਉਨ੍ਹਾਂ ਗੁਰੂ ਨਾਨਕ ਦੇਵ ਜੀ ਬਾਰੇ ਪਹਿਲੀ ਵਾਰ ਉਰਦੂ ਸ਼ਾਇਰੀ ‘ਚ ਜ਼ਿਕਰ ਕਰਨ ਵਾਲੇ ਸ਼ਾਇਰ ”ਨਜ਼ੀਰ ਅਕਬਰਾਬਾਦੀ” ਦੇ ਕਲਾਮ ਨੂੰ ਵੀ ਅੰਕਿਤ ਕੀਤਾ ਹੈ। ਇਸ ਦੇ ਨਾਲ਼ ਹੀ ਉਨ੍ਹਾਂ ਤਫ਼ਸੀਲ ਸਹਿਤ ਹੋਰ ਸ਼ਾਇਰ ਜਿਵੇਂ ਸ. ਗੰਢਾ ਸਿੰਘ ਮਸ਼ਕਰੀ, ਅੱਲਾ ਯਾਰ ਖਾਂ ਜੋਗੀ, ਡਾ.ਇਕਬਾਲ, ਖਵਾਜਾ ਦਿਲ ਮੁਹੰਮਦ, ਸੱਯਦ ਨਜ਼ੀਰ ਤਰਿੰਜਮੀ, ਮੈਹਦੀ ਨਜ਼ਮੀ, ਸੀਮਾ ਕਾਮਿਲ ਸਾਹਿਬਾਂ ਆਦਿ ਸ਼ਾਇਰਾਂ ਦੀ ਸ਼ਾਇਰੀ ਦੇ ਹਵਾਲੇ ਦੇ ਕੇ ਗੁਰੂ ਨਾਨਕ ਬਿੰਬ ਦੀ ਪੇਸ਼ਕਾਰੀ ਕੀਤੀ ਹੈ। ਇਸ ਆਹਲਾ ਕਰਜ ਲਈ ਡਾ.ਸੱਯਦ ਹੁਸਲ ਅੱਬਾਸ ਨੂੰ ਮੁਬਾਰਕਬਾਦ ਕਹਿੰਦੀ ਹਾਂ। ਇਸ ਅੰਕ ਵਿਚ ਦੋ ਕਹਾਣੀਆਂ ”ਝਾਂਜਰਾਂ ਦਾ ਜੋੜਾ” (ਸਿਮਰਨ ਧਾਲੀਵਾਲ), ”ਗੁਵਰਧਨ ਦਾਸ” (ਵਿਪਨ ਕੁਮਾਰ) ਦਰਜ ਹਨ। ਸਿਮਰਨ ਧਾਲੀਵਾਲ ਸਮਕਾਲੀ ਪੰਜਾਬੀ ਕਹਾਣੀ ਦਾ ਜਾਣਿਆ-ਪਛਾਣਿਆਂ ਨਾਮ ਹੈ। ਇਸ ਕਹਾਣੀ ਰਾਹੀਂ ਸਿਮਰਨ ਧਾਲੀਵਾਲ ਨੇ ਔਰਤ ਮਰਦ ਦੇ ਰਿਸ਼ਤਿਆਂ ਦੀ ਵਿਆਕਰਣ ਨੂੰ ਪੇਸ਼ ਕੀਤਾ ਹੈ ਇਸ ਵਿਆਰਕਣ ਵਿਚ ਔਰਤਾਂ ਮਾਨਸਿਕ ਪੀੜਾ ਹੰਢਾਉਂਦੀਆਂ ਔਰਤਾਂ ਦੀ ਇਸ ਸਥਿਤੀ ਦੇ ਜ਼ਿੰਮੇਵਾਰ ਮਰਦ ਹਨ। ਇਸ ਮਰਦਾਵੀਂ ਪੁਜ਼ੀਸ਼ਨ ਨੂੰ ਸੰਕੇਤਕ ਤੌਰ ‘ਤੇ ਬਿਆਨ ਕੀਤਾ ਗਿਆ ਹੈ। ਕਹਾਣੀ ਵਿਚ ਪੇਸ਼ ਦ੍ਰਿਸ਼ਟੀਕੋਣ ਪੱਖੋਂ ਕਹਾਣੀਕਾਰ ਕੁਝ ਉਲਾਰ ਜਾਪਦਾ ਹੈ। ਵਿਪਨ ਕੁਮਾਰ ਸਮਕਾਲੀ ਪੰਜਾਬੀ ਕਹਾਣੀ ਵਿਚ ਨਵਾਂ ਨਾਮ ਹੈ। ਪਿਛਲੇ ਸਮੇਂ ਮੈਂ ਉਸ ਦੀ ਕਹਾਣੀ ਘੇਰਾ ਕਹਾਣੀਧਾਰਾ ‘ਚ ਪੜ੍ਹੀ ਇਸ ਕਹਾਣੀ ਰਾਹੀਂ ਵਿਪਨ ਦੀ ਕਹਾਣੀ ਕਲਾ ਨੂੰ ਹੋਰ ਜਾਨਣ ਦਾ ਮੌਕਾ ਮਿਲਿਆ ਹੈ। ਇਸ ਕਹਾਣੀ ਵਿਚ ਪੇਸ਼ ਕਥਾ ਵਸਤੂ ਨੂੰ ਹੱਥ ਪਾਉਣਾ ਹੀ ਵੱਡੀ ਗੱਲ ਹੈ। ਇਹ ਕਹਾਣੀ ਸਮਕਾਲੀ ਰਾਜਨੀਤਕ ਪ੍ਰਵਚਨ ਜਿਸ ਖ਼ਾਸ ਪ੍ਰਕਾਰ ਦੀ ਧਾਰਮਿਕ ਪੁੱਠ ਕੇ ਪ੍ਰਚਾਰਿਆ ਜਾ ਰਿਹਾ, ਦੇ ਝੂਠ ਨੂੰ ਵਿਪਨ ਨੇ ਇਸ ਕਹਾਣੀ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਿਅੰਗ ਦੀ ਵਿਧੀ ਨੇ ਇਸ ਕਹਾਣੀ ਨੂੰ ਵਧੇਰੇ ਸਾਰਥਿਕ ਬਣਾਇਆ ਹੈ। ਕਹਾਣੀ ਦੇ ਵਸਤੂ ਪਥਾਰਦੀ ਦੀ ਪੇਸ਼ਾਰੀ ਦਾ ਪ੍ਰਵਾਹ ਕਿਤੇ-ਕਿਤੇ ਟੁੱਟਦਾ ਹੈ, ਜਿਸ ਲਈ ਵਿਪਨ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਪਰ ਵਿਸ਼ੇ ਦੀ ਚੋਣ ਪੱਖੋਂ ਕਹਾਣੀਕਾਰ ਵਧਾਈ ਦਾ ਹੱਕਦਾਰ ਹੈ। ਨਾਵਲਕਾਰ ਵਜੋਂ ਇਸ ਅੰਕ ਵਿਚ ਨਵਾਂ ਨਾਵਲਕਾਰ ‘ਲਵੀ ਸ਼ਹਿਜ਼ਾਦ’ ਹਾਜ਼ਿਰ ਹੈ। ਉਸ ਦੇ ਪਲੇਠੇ ਨਾਵਲ ‘ਚੁਰੱਸਤਾ’ ਦਾ ਪਹਿਲਾ ਕਾਂਡ ਛਪਿਆ ਹੈ। ਨਾਵਲ ਦਾ ਕਥਾ ਵਸਤੂ ਮਲਵਈ ਉਪਬੋਲੀ ਦੀ ਰੰਗਤ ਵਾਲਾ ਹੈ। ਪੇਂਡੂ ਸੰਸਕ੍ਰਿਤੀ ਦੇ ਜਾਤ-ਪਾਤੀ ਵਿਹਾਰ ਇਸ ਪਹਿਲੇ ਕਾਂਡ ‘ਚ ਹਾਜ਼ਰ ਹਨ ਨਾਲੋ-ਨਾਲ ਮਿੱਤਰਤਾ ਦੀ ਨੀਂਹ ਉੱਪਰ ਉੱਸਰੀਆਂ ਜੀਵਨ ਸਧਰਾਂ ਦਾ ਬਿਰਤਾਂਤ ਪੇਸ਼ ਹੋਇਆ ਹੈ। ਨਾਵਲਕਾਰ ਦੀ ਪੂਰਨ ਸਮਰੱਥਾ ਅਗਲੀਆਂ ਕਿਸ਼ਤਾਂ ਵਿਚ ਹੀ ਅੰਕਤ ਕੀਤੀ ਜਾ ਸਕਦੀ ਹੈ। ਮੈਂ ਇਸ ਨਿੱਗਰ ਉਪਰਾਲੇ ਲਈ ‘ਪੰਜਾਬੀ ਨਕਸ਼ ਅੰਤਰਰਾਸ਼ਟਰੀ ਮੈਗਜ਼ੀਨ, ਕੈਨੇਡਾ’ ਦੀ ਸਮੁੱਚੀ ਟੀਮ ਨੂੰ ਵਧਾਈ ਪੇਸ਼ ਕਰਦੀ ਹਾਂ।
Read more
T
T
T