ਨੱਕਾਸ਼ ਚਿੱਤੇਵਾਣੀ
ਨਿੱਕੇ ਹੁੰਦਿਆਂ ਜਦੋਂ ਕਿਤੇ ਮੇਲੇ ਜਾਣਾ ਤਾਂ ਓਥੇ ਕਈ ਤਰ੍ਹਾਂ ਦੀਆਂ ਖੇਡਾਂ, ਝੂਲੇ ਤੇ ਹੋਰ ਖਾਣ-ਪੀਣ ਦੀਆਂ ਵਸਤਾਂ ਮਨ ਲਲਚਾਉਂਦੀਆਂ ਹੁੰਦੀਆਂ ਸੀ। ਹਰੇਕ ਉਮਰ ਦੇ ਲੋਕਾਂ ਦਾ ਆਪੋ-ਆਪਣਾ ਤਰੀਕਾ ਮੇਲਾ ਵੇਖਣ ਦਾ। ਉਥੇ ਹੀ ਮੇਲੇ ਵਿੱਚ ਕਿਤੇ ਕਿਸੇ ਕੋਨੇ ਵਿੱਚ ਇੱਕ ਸੰਦੂਕੜੀ ਜਿਹੀ ਵਿੱਚ ਛੋਟਾ ਸਿਨੇਮਾ ਵਿਖਾਇਆ ਜਾਂਦਾ। ਬਾਅਦ ਵਿੱਚ ਰੰਗ-ਮੰਚ ਦੀ ਬਣਤਰ ਵੇਖੀ ਤਾਂ ਉਹ ਵੀ ਸੰਦੂਕ ਜਿਹਾ ਜਾਪਿਆ, ਜਿਸ ਦਾ ਪਰਦਾ ਉੱਠਦਿਆਂ ਹੀ ਉਸ ਵਿੱਚੋਂ ਬਹੁਤ ਸਾਰੇ ਭਾਂਤ-ਭਾਂਤ ਦੇ ਪਾਤਰ ਨਿਕਲਦੇ। ਉਹ ਪਾਤਰ ਜੋ ਸਾਨੂੰ ਰੋਜ਼ਾਨਾ ਜੀਵਨ ਵਿੱਚ ਮਿਲਦੇ, ਸਾਡੇ ਨਾਲ ਵਾਰਤਾਲਾਪ ਕਰਦੇ, ਸਾਨੂੰ ਪ੍ਰਭਾਵਿਤ ਵੀ ਕਰਦੇ, ਪਰ ਅਸੀਂ ਉਨ੍ਹਾਂ ਦੀਆਂ ਕਈ ਗੱਲਾਂ ਨਜ਼ਰ-ਅੰਦਾਜ਼ ਕਰਦੇ ਆਪਣੇ ਜੀਵਨ ਵਿੱਚ ਮਸਤ ਰਹਿੰਦੇ।
ਡਾ. ਸਾਹਿਬ ਸਿੰਘ ਦਾ ਨਾਟਕ ‘ਸੰਦੂਕੜੀ ਖੋਲ੍ਹ ਨਰੈਣਿਆ’ ਇਨ੍ਹਾਂ ਸਾਰੇ ਪਾਤਰਾਂ ਤੇ ਉਨ੍ਹਾਂ ਦੇ ਭਾਵਾਂ ਨੂੰ ਦ੍ਰਿਸ਼ਮਾਨ ਕਰਦਾ ਹੈ, ਸਾਹਿਬ ਮੰਚ ਦੇ ਸਾਹਮਣਿਉਂ ਸੰਦੂਕੜੀ ਚੁੱਕੀ ਮੰਚ ‘ਤੇ ਆਉਂਦਾ ਹੈ। ਮੈਨੂੰ ਜਾਪਿਆ ਕਿ ਉਹ ਲੋਕਾਂ ਵਿੱਚੋਂ, ਲੋਕਾਂ ਦੇ ਭਾਵ ਸੰਦੂਕੜੀ ਵਿੱਚ ਪਾਕੇ ਲਿਆਇਆ ਹੋਣੈ। ਜਦੋਂ ਉਸ ਨੇ ਖੋਲ੍ਹੀ ਤਾਂ ਮੈਂ ਖ਼ੁਦ ਨੂੰ ਸੱਚਾ ਮਹਿਸੂਸ ਕੀਤਾ।
ਪਾਤਰ ਆਪਣੀ ਗੱਲ ਕਹਿੰਦੇ ਨੇ, ਪਾਤਰਾਂ ਰਾਹੀਂ ਸਾਹਿਬ ਸਿੰਘ ਗੱਲ ਕਰਦਾ, ਸਿਰਫ਼ ਗੱਲ ਹੀ ਨਹੀਂ ਕਰਦਾ, ਹਲੂਣਦਾ ਵੀ ਹੈ। ਮੈਂ ਉਦੋਂ ਢਹਿ ਪੈਨਾਂ ਜਦੋਂ ਸਾਹਿਬ ਦਾ ਪਾਤਰ ਨੇਕਾ ਕਹਿੰਦਾ ਕਿ ਸਾਨੂੰ ਅਕਲ ਹੈ ਨਹੀਂ, ਤੇ ਇਸ ਸੰਵਾਦ ‘ਤੇ ਲੋਕਾਂ ਵੱਲੋਂ ਤਾੜੀਆਂ ਵੱਜਦੀਆਂ ਨੇ। ਮੈਨੂੰ ਜਾਪਿਆ ਸਾਨੂੰ ਸੱਚੀਂ ਹੈ ਨਹੀਂ, ਅਕਲ। ਬਹੁਤੇ ਸੰਵਾਦ ਏਦਾਂ ਦੇ ਹੀ ਨੇ ਜੋ ਭਾਵੁਕਤਾ ਦੀ ਸਿਖ਼ਰ ‘ਤੇ ਲੈ ਜਾਂਦੇ ਨੇ, ਲੋਕਾਂ ਨੂੰ ਪਾਤਰ ਦੀ ਵੇਦਨਾ ਨਾਲ ਜੋੜਦੇ ਨੇ, ਲੋਕਾਂ ਨੂੰ ਪਾਤਰ ਆਪਣਾ ਹਿੱਸਾ ਲੱਗਣ ਲੱਗ ਪੈਂਦਾ, ਪਰ ਲੋਕ ਉਸ ਦੇ ਸੰਵਾਦਾਂ ‘ਤੇ ਤਾੜੀਆਂ ਵਜਾਕੇ ਸਿੱਧ ਕਰਦੇ ਨੇ ਕਿ ਸੱਚੀਉਂ ਸਾਨੂੰ ਅਕਲ ਨਹੀਂ।
‘ਭਲਾ ਮਾਸਟਰ ਨੇ ਗੰਨ ਕੀ ਕਰਨੀ’
‘ਪਿੱਪਲ ਮਤਲਬ ਬਾਹਮਣ’
‘ਮੋਰੀਆਂ ਵਾਲਾ ਜਹਾਜ਼’
‘ਲਵ ਯੂ ਡੈਡੀ, ਉਏ ਡੈਡੀ’
ਮਤਲਬ ਕਿੰਨੇ ਕੁ ਸੰਵਾਦ ਉਦਾਹਰਣ ਲਈ ਲਿਖਾਂ ਕਿ ਜਿਸ ਨਾਲ ਸਾਹਿਬ ਸਿੰਘ ਦੀ ਸੰਵਾਦ ਕਲਾ ਦਾ ਮੁਜਾਹਿਰਾ ਕੀਤਾ ਜਾ ਸਕੇ, ਨਾਟਕ ਵੇਖਕੇ ਤੁਸੀਂ ਖ਼ੁਦ ਮਹਿਸੂਸ ਕਰ ਸਕਦੇ ਹੋ। ਸੰਵਾਦਾਂ ਦਾ ਸਹਿਜ ਹੋਣਾ ਆਪਣੇ ਆਪ ਵਿੱਚ ਇੱਕ ਵੱਖਰਾ ਅਨੰਦ ਸਿਰਜਣਾ ਹੈ। ਬੇਸ਼ੱਕ ਮੇਰੇ ਦ੍ਰਿਸ਼ਟੀਕੋਣ ਮੁਤਾਬਕ ਉਨ੍ਹਾਂ ਦਾ ਬਹੁਤਾ ਹਿਰਦਾਵੇਧਕ ਹੋਣਾ ਵੀ ਪਾਤਰ ਪ੍ਰਤੀ ਨਰਮਾਈ ਦੀ ਜਾਂ ਤਰਸ ਦੀ ਭਾਵਨਾ ਦਾ ਪੈਦਾ ਨਾ ਹੋਣ ਦੇਵੇ। ਵੈਸੇ ਵਪਾਰਕ ਪੱਖ ਤੋਂ ਇਹ ਲੋੜੀਂਦਾ ਵੀ ਹੈ। ਪਰ ਜੋ ਪੱਖ ਸਾਹਿਬ ਨੇ ਛੋਹਿਆ ..
“ਸਾਡੇ ਕੋਲ ਮੁੱਛਾਂ ਨੇ ਖੜ੍ਹੀਆਂ ਕਰਨ ਲਈ, ਅੱਖਾਂ ਨੇ ਕੱਢਣ ਲਈ ਤੇ ਡਾਂਗ ਹੈ ਵਾਹੁਣ ਲਈ, ਪਰ ਅਕਲ ਨਹੀਂ“ ਇਹ ਵੱਡੀ ਗੱਲ ਹੈ।ਅਸਲੀ ਗੱਲ ਤਾਂ ਏਥੇ ਹੀ ਮੁੱਕਦੀ ਹੈ, ਸਾਹਿਬ ਸਿੰਘ ਦਾ ਮੰਚ ‘ਤੇ ਫੁੰਮਣੀਆਂ ਪਾਉਣ ਅਤੇ ਕਦੇ ਕਦੇ ਨਾਚ ਕਰਨ ਦਾ ਮਕਸਦ ਸਿਰਫ਼ ਮਨੋਰੰਜਨ ਹੀ ਨਾ ਸਮਝੋ। ਜਿਸ ‘ਤੇ ਜਦੋਂ ਤੁਸੀ ਭਾਵੁਕ ਹੋਏ ਤਾਂ ਤਾੜੀ ਵਜਾ ਦਿੱਤੀ, ਜੇ ਇੰਝ ਕਰਦੇ ਹੋ ਤਾਂ ਸਿੱਧ ਕਰਦੇ ਹੋ ਕਿ ਤੁਸੀਂ ਸੱਚੀਉਂ ਅਕਲ ਦੇ ਕਾਬਿਲ ਨਹੀਂ, ਤਾਂ ਹੀ ਉਹ ਆਈ ਨਹੀਂ। ਨੇਕਾ ਕਹਿੰਦਾ ਹੈ ਕਿ ਅਸੀਂ ਫੁੱਕਰਬਾਜ਼ੀ ਵਿੱਚ ਜ਼ਿੰਦਗੀ ਕੱਢੀ ਜਾਂਦੇ ਹਾਂ, ਲੋਕ ਤਾੜੀ ਵਜਾਉਂਦੇ ਨੇ। ਹੈ ਨਾ ਕਮਾਲ, ਕਈ ਤਾਂ ਦੇਖਾ-ਦੇਖੀ ਵਜਾਉਂਦੇ ਹੋਣੇ।
ਸਾਹਿਬ ਦੀ ਮੰਸ਼ਾ ਕੁਝ ਹੋਰ ਹੈ, ਨਾਟਕ ਦੇ ਅੰਤ ਵਿੱਚ ਸਾਹਿਬ ਉੱਚੀ ਦੇਣਾ ਕਹਿੰਦਾ ਹੈ ”ਸੰਦੂਕੜੀ ਖ੍ਹੋਲ ਨਰੈਣਿਆ”। ਤੁਹਾਨੂੰ ਨਹੀਂ ਲੱਗਦਾ ਕਿ ਉਹ ਨਰੈਣੇ ਤੁਸੀਂ ਹੋ, ਤੇ ਸੰਦੂਕੜੀ ਹੈ ਤੁਹਾਡਾ ਦਿਲ, ਜਿਸ ਵਿੱਚ ਕਰੋੜਾਂ ਸਵਾਲ ਨੇ, ਬੇਰੁਜ਼ਗਾਰੀ ਦੇ, ਜਿਸ ਕਰਕੇ ਬੱਚੇ ਵਿਦੇਸ਼ ਜਾਂਦੇ ਨੇ। ਲੱਖਾਂ ਡਰ ਨੇ ਨਸ਼ੇ ਨਾਲ ਹੁੰਦੀਆਂ ਮੌਤਾਂ ਦੇ, ਲੱਖਾਂ ਸਵਾਲ ਨੇ ਭੁੱਖ ਦੇ ਮਸਲੇ ਹੱਲ ਕਰਨ ਦੇ। ਉਹ ਫੇਰ ਕਹਿੰਦਾ ਹੈ ਕਿ ਮੈਂ ਹੁਣ ਨਰੈਣਾ ਹਾਂ ਤੇ ਤੇਰਾ ਜਾਗਦੇ ਰਹੋ ਦਾ ਹੋਕਾ ਮੈਂ ਦੇਵਾਂਗਾ।
ਅਸੀਂ ਉਦੋਂ ਆਪਣੇ ਅੰਦਰਲਾ ਨਰੈਣਾ ਕਿਉਂ ਨਹੀਂ ਜਗਾਉਂਦੇ, ‘ਕੱਲਾ ਸਾਹਿਬ ਹੀ ਕਿਉਂ ਹੋਕਾ ਲਾਵੇ ਬਈ। ਨਰ ਤੇ ਨਰੈਣ ਵਿਚਲੇ ਅੰਤਰ ਦਵੰਧ ਨੂੰ ਪਛਾਣੋ, ਤੇ ਆਪਣੇ ਦਿਲ ਦੀ ਸੰਦੂਕੜੀ ਖੋਲ੍ਹੇ। ਜਦੋਂ ਖ਼ੁਦ ਨੂੰ ਨਰੈਣਾ ਬਣਾ ਲਉਗੇ ਤਾਂ ਤੁਹਾਡੀ ਸੰਦੂਕੜੀ ਵੀ ਖੁੱਲ੍ਹੇਗੀ ਤੇ ਹੋਰਨਾਂ ਨਾਲ ਸਹਿਜ ਸੰਵਾਦ ਕਰੇਗੀ। ਅੱਛਾ ਉਦੋਂ ਸਾਹਿਬ ਦੀ ਆਖੀ ਅਕਲ ਵਾਲੀ ਗੱਲ ਯਾਦ ਰੱਖਿਉ ਸੱਚੀਉਂ ਬਹੁਤ ਕੰਮ ਆਊਗੀ।
ਸਾਹਿਬ ਸਦਾ ਜਿਊਂਦਾ ਰਹੇਗਾ
ਤੇ ਮੈਂ ਇਸ ਗੱਲ ਦਾ ਗਵਾਹ ਬਣਨਾ ਲੋਚਾਂਗਾ ਕਿ ਮੇਰੇ ਅੰਦਰਲਾ ਨਰੈਣਾ ਸਾਹਿਬ ਦੇ ਨਾਲ ਹੋਕਾ ਦੇਵੇ, ਤੇ ਉੱਚੀ-ਉੱਚੀ ਆਖੇ …
ਸੰਦੂਕੜੀ ਖੋਲ੍ਹ ਨਰੈਣਿਆ

Read more
ਅਨੁਵਾਦ ਇੱਕ ਖੋਜ ਕਾਰਜ
ਬਾਰਾਂ ਦਾ ਨਹਿਰੀ ਨਿਜ਼ਾਮ : ਆਧੁਨਿਕਤਾ ਦੀ ਬਸਤੀਵਾਦੀ ਘਾੜਤ
ਅੰਮ੍ਰਿਤਾ ਪ੍ਰੀਤਮ ਦਾ ਜੀਵਨ ਤੇ ਉਸ ਦੀ ਸਾਹਿਤ ਨੂੰ ਦੇਣ