January 19, 2026

ਬਾਰਾਂ ਦਾ ਨਹਿਰੀ ਨਿਜ਼ਾਮ : ਆਧੁਨਿਕਤਾ ਦੀ ਬਸਤੀਵਾਦੀ ਘਾੜਤ

ਮਨਮੋਹਨ ਸਿੰਘ

ਬਸਤੀਵਾਦੀ ਏਜੰਡੇ ਅਨੁਸਾਰ ਚਰਾਂਦਾਂ, ਚਰਾਗਾਹਾਂ ਅਤੇ ਜੰਗਲ ਬੇਲੇ ਗ਼ੈਰ-ਉਤਪਾਦਨੀ ਮਲਬਾ ਹਨ। ਇਸ ਲਈ ਇਸ ਖ਼ਾਲੀ ਥਾਂ ਨੂੰ ਖੇਤੀ ਲਈ ਵਾਹੀਯੋਗ ਬਣਾਉਣਾ ਚਾਹੀਦਾ ਹੈ। ਅੰਗਰੇਜ਼ਾਂ ਨੇ ਇਸ ਵੱਡੇ ਪ੍ਰੋਜੈਕਟ ਲਈ ਪੰਜਾਬ ਦੀਆਂ ਬਾਰਾਂ ਦੇ ਪੂਰੇ ਇਲਾਕੇ ਦੀ ਪੜਤਾਲ, ਪੈਮਾਇਸ਼ ਤੇ ਨਕਸ਼ਾਨਿਗਾਰੀ ਕਰ ਘੇਰਾਬੰਦੀ ਕੀਤੀ। ਆਮ ਆਦਮੀ ਦੇ ਹੱਕਾਂ ਨੂੰ ਹੱਦਬੰਦੀ ‘ਚ ਬੰਨ੍ਹਿਆ। ਖ਼ਾਨਾਬਦੋਸ਼ ਜਾਂਗਲੀਆਂ ਦੀ ਹਰ ਹਰਕਤ ਨੂੰ ਨੇਮਬੱਧ ਕਰ ਪਸ਼ੂ ਪਾਲਕ ਜੀਵਨ ਵਿਧੀ ਨੂੰ ਜ਼ਰਾਇਤ ਵੱਲ ਸੇਧਿਆ। ਵੱਡੇ ਪੱਧਰ ‘ਤੇ ਖੇਤੀਬਾੜੀ ਦੀ ਨਵੀਂ ਤਕਨੀਕ ਸਥਾਪਿਤ ਕੀਤੀ। ਦਰਿਆਈ ਪਾਣੀਆਂ ਨੂੰ ਨਹਿਰੀ ਕਰਕੇ ਯੋਜਨਾਬੱਧ ਸਿੰਚਾਈ ਵਿਵਸਥਾ ਕਾਇਮ ਕੀਤੀ। ਵਿਗਿਆਨਕ ਤੇ ਉੱਨਤ ਖੇਤੀ ਨੂੰ ਉਤਸ਼ਾਹਿਤ ਕੀਤਾ। ਇਸ ਨਾਲ ਸਤਲੁੱਜ, ਬਿਆਸ, ਰਾਵੀ, ਚਨਾਬ ਅਤੇ ਜਿਹਲਮ ਦਰਿਆਵਾਂ ਦੇ ਉੱਤਰ-ਪੱਛਮ ਵੱਲ ਉੱਚੀਆਂ ਜ਼ਮੀਨਾਂ ‘ਤੇ ਖੇਤੀਬਾੜੀ ਦੇ ਨਵੇਂ ਢੰਗ ਤੇ ਪ੍ਰਯੋਗ ਰਾਜ ਪ੍ਰਬੰਧ ਦੀ ਕਾਰੀਗਰੀ ਅਧੀਨ ਹੁੰਦੇ ਦਿਖਾਈ ਦੇਣ ਲੱਗੇ। ਕਹਿਣ ਤੋਂ ਭਾਵ ਨਵੀਨ, ਵਿਲੱਖਣ ਅਤੇ ਤੀਬਰ ਰੂਪ ‘ਚ ਖੇਤੀ ਬਸਤੀਕਾਰੀ-ਆਬਾਦਕਾਰੀ ਉਭਰਣ ਲੱਗੀ। ਪੱਛਮੀ ਪੰਜਾਬ ਦੀਆਂ ਬਾਰਾਂ ਦੇ ਮਾਰੂ, ਬੰਜਰ ਅਤੇ ਵੀਰਾਨ ਇਲਾਕਿਆਂ ਦਾ ਮੂਲੋਂ ਹੀ ਨਵੇਂ ਰੂਪ ‘ਚ ਬਦਲਾਓ ਵਿੱਢਿਆ ਗਿਆ। ਅੰਗਰੇਜ਼ ਹਕੂਮਤ ਦੇ ਇਸ ਬਸਤੀਵਾਦੀ ਪ੍ਰੋਜੈਕਟ ਨੂੰ ਕਲਪਨਾ, ਵਿਓਂਤਣਾ ਅਤੇ ਲਾਗੂ ਕਰਨਾ ਆਪਣੇ ਆਪ ‘ਚ ਆਧੁਨਿਕਤਾ ਦਾ ਏਜੰਡਾ ਤਾਂ ਕਿਹਾ ਹੀ ਜਾ ਸਕਦਾ ਨਾਲ-ਨਾਲ ਇਹ ਪਸ਼ੂ ਪਾਲਕਾਂ ਦੇ ਕਿਰਸਾਨੀ ‘ਚ ਪਰਵਰਤਿਤ ਹੋਣ ਦੀ ਪ੍ਰਕਿਰਿਆ ਦਾ ਵੀ ਇਕ ਅਨੋਖਾ ਤਜੁਰਬਾ ਕਹਿਣਾ ਸਹੀ ਹੋਵੇਗਾ।
ਨੀਲਾਦਰੀ ਭੱਟਾਚਾਰਿਆ ਦੀ ਕਿਤਾਬ ‘“he 7reat 1grarian 3onquest : the colonial reshaping of the rural world’ (ਵੱਡੀ ਜ਼ਰਾਇਤੀ ਜਿੱਤ : ਦਿਹਾਤੀ ਦੁਨੀਆ ਦੀ ਬਸਤੀਵਾਦੀ ਘਾੜਤ) ਇਹ ਘੋਖ ਕਰਦੀ ਹੈ ਕਿ ਕਿਵੇਂ ਬਸਤੀਵਾਦੀ ਸਮਿਆਂ ਵਿਚ ਪੰਜਾਬ ਦੀ ਦਿਹਾਤੀ ਦੁਨੀਆ ਵਿਚ ਰੋਜ਼ੀ ਰੋਜ਼ਗਾਰ ਦੇ ਵੱਖ-ਵੱਖ ਰਿਵਾਜਾਂ, ਰੀਤਾਂ ਅਤੇ ਅਮਲਾਂ ਨੂੰ ਮੁੜ ਸਰੂਪਿਆ ਤੇ ਘੜਿਆ ਗਿਆ, ਜਿਸ ਨਾਲ ਖੇਤੀ ਸਮਾਜ ‘ਚ ਪਸ਼ੂ ਪਾਲਣ ਤੋਂ ਕਿਰਸਾਨੀ ਵੱਲ ਔਹਲਣ ਕਾਰਨ ਨਵੇਂ ਜ਼ਰਾਇਤੀ ਜਗਤ ਦਾ ਸਿਰਜਣ ਹੋਇਆ ਅਤੇ ਨਵੇਂ ਆਰਥਿਕ, ਸਮਾਜਿਕ ਅਤੇ ਰਾਜਨੀਤਕ ਨਿਜ਼ਾਮ ਨੇ ਜਨਮ ਲਿਆ। ਨੀਲਾਦਰੀ ਜਵਾਹਰ ਲਾਲ ਯੂਨੀਵਰਸਿਟੀ ਵਿਚ ਇਤਿਹਾਸ ਦੇ ਪ੍ਰੋਫ਼ੈਸਰ ਵਜੋਂ ਇਕਤਾਲੀ ਸਾਲ ਪੜ੍ਹਾਉਣ ਬਾਅਦ 2017 ‘ਚ ਸੇਵਾਮੁਕਤ ਹੋਇਆ। ਹੁਣ ਉਹ ਸੇਂਟ ਐਨਤੋਨੀ ਕਾਲਜ, ਔਕਸਫੋਰਡ ਦਾ ਫੈਲੋ ਹੈ ਅਤੇ ਯੂਰਪ, ਦੱਖਣੀ ਅਫਰੀਕਾ ਅਤੇ ਅਮਰੀਕਾ ‘ਚ ਕਈ ਵਿਦਿਅਕ ਅਦਾਰਿਆਂ ‘ਚ ਪਰ੍ਹੌਣਾ ਪ੍ਰੋਫੈਸਰ ਹੈ।
ਬ੍ਰਿਟਿਸ਼ ਹਕੂਮਤ ਦਾ ਪੰਜਾਬ ‘ਤੇ ਰਾਜ ਦਾ ਦੌਰ ਵੱਡੇ ਪਰਿਵਰਤਨਾਂ ਦਾ ਸਮਾਂ ਸੀ। ਸੁਭਾਸ਼ ਪਰਿਹਾਰ ਆਪਣੀ ਕਿਤਾਬ ‘0 facebook’ ‘ਚ ਲਿਖਦਾ ਹੈ ਕਿ ਇਨ੍ਹਾਂ ਪਰਿਵਰਤਨਾਂ ਨੇ ਪੰਜਾਬ ਦੇ ਸਦੀਆਂ ਤੋਂ ਚੱਲੇ ਆ ਰਹੇ ਪੇਂਡੂ ਜਨ-ਜੀਵਨ ਨੂੰ ਇਕ ਨਵੇਂ ਰੂਪਾਕਾਰ ਵਿਚ ਘੜਿਆ। ਡਾ. ਨੀਲਾਦਰੀ ਦੇ ਆਪਣੇ ਕਥਨ ਮੁਤਾਬਿਕ ਇਸ ਕਿਤਾਬ ਦਾ ਕੇਂਦਰੀ ਮੰਤਵ ਇਹ ਸਮਝਣਾ ਹੈ ਕਿ ਬਸਤੀਵਾਦ ਅਧੀਨ ਕਿਵੇਂ ਪੁਰਾਤਨ ਅਵਸਥਾ ਨੂੰ ਬਦਲ ਕੇ ਬਸਤੀਵਾਦੀ ਆਧੁਨਿਕਤਾ ਨੂੰ ਸਮਾਨਯ ਅਵਸਥਾ ਦੇ ਰੂਪ ਵਿਚਸਥਾਪਿਤ ਕਰ ਦਿੱਤਾ। ਇਹ ਹਕੂਮਤ ਦੀ ਇੱਕ ਬਹੁਤ ਵੱਡੀ ਜਿੱਤ ਹੈ। ਨੀਲਾਦਰੀ ਦਾ ਇਹ ਅਧਿਐਨ ਇਸ ਨਵੀਂ ਸ਼ਕਲ ਦੇਣ ਦੀ ਪ੍ਰਕਿਰਿਆ ਦੀ ਗਾਥਾ ਹੈ। ਸਾਰਕਾਰ-ਏ-ਖ਼ਾਲਸਾ ਦੇ ਸਮਿਆਂ ‘ਚ ਬਾਰਾਂ ਵਿਚ ਦੀਵਾਨ ਸਾਵਨ ਮੱਲ (ਆਖ਼ਰੀ ਐਂਗਲੋ-ਸਿੱਖ/ਚੇਲਿਆਂ ਵਾਲੀ ਜੰਗ ਲੜਨ ਵਾਲੇ ਦੀਵਾਨ ਮੂਲ ਰਾਜ ਦਾ ਪਿਤਾ) ਵਿਰਾਸਤ, ਮਾਲਕੀ ਅਤੇ ਕਬਜ਼ਾ ਦੀਵਾਨੀ ਦਫ਼ਤਰ ‘ਚ ਚਾੜ੍ਹ ਗਿਆ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ‘ਚ ਮਾਲਗੁਜ਼ਾਰੀ ‘ਚ ਕੋਈ ਬਦਲਾਓ ਨਹੀਂ ਆਇਆ। ਜਿਹੜੀ ਮਾਲੀਆ ਪ੍ਰਣਾਲੀ ਮੁਗ਼ਲਾਂ ਵੇਲੇ ਸੀ ਲਗਪਗ ਉਸੇ ਗਾਡੀਰਾਹ ਨੂੰ ਹੀ ਅਪਣਾਅ ਲਿਆ ਗਿਆ। ਜਿਹੜੇ ਛੱਪੜੀਆਂ ਉੱਤੇ ਪੁਰਾਣੇ ਵਸਨੀਕ ਉਹੀ ਗਰਦਾਵਰੀ ਰਾਹੀਂ ਮੌਜ਼ੇ ਦੇ ਖ਼ਾਤੇਦਾਰ ਬਣੇ। ਹਕੂਮਤ ਦਾ ਸਬੰਧ ਰਿਆਇਆ ਨਾਲ ਜ਼ਿਮੀਦਾਰਾਂ ਜਾਂ ਜਾਗੀਰਦਾਰਾਂ ਅਤੇ ਹਾਕਮੀ ਕਰਿੰਦਿਆਂ ਤੱਕ ਸੀਮਤ ਸੀ। ਇਹ ਸਾਰਾ ਬੰਦੋਬਸਤ ਅਕਬਰ ਦੀ ਮਨਸਬਦਾਰੀ ਮਨਸੂਬਾਬੰਦੀ ਦਾ ਰਹਿੰਦ ਖੂੰਹਦ ਸੀ।
ਹੈਨਰੀ ਲਾਰੈਂਸ ਨੇ 1829 ‘ਚ ਕਰਨਾਲ ‘ਚ ਘੋੜਿਆਂ ਦਾ ਅਸਤਬਲ ਵੀ ਖੋਲ੍ਹਿਆ ਸੀ। ਘੋੜ ਸਵਾਰੀ ਦਾ ਉਸ ਨੂੰ ਸ਼ੌਕ ਸੀ। ਉਸ ਨੇ ਸਾਰਾ ਪੰਜਾਬ ਘੋੜੇ ਦੀ ਸਵਾਰੀ ਕਰਦਿਆਂ ਹੀ ਗਾਹ ਮਾਰਿਆ। ਉਹ ਦਰਬਾਰ-ਏ-ਖ਼ਾਲਸਾ ਵਿਚ 1846 ‘ਚ ਰੈਜ਼ੀਡੈਂਟ ਕਮੀਸ਼ਨਰ ਬਣਿਆ। ਉਹ ਪਹਿਲਾ ਅੰਗਰੇਜ਼ ਅਫ਼ਸਰ ਸੀ ਜਿਸ ਨੇ ਪੰਜਾਬ ਨੂੰ ਸਮਝਣ ਲਈ ਰੋਜ਼ਾਨਾ ਚਾਲੀ ਪੰਜਾਹ ਮੀਲ ਦਾ ਪੈਂਡਾ ਘੋੜੇ ਦੀ ਸਵਾਰੀ ਕਰਦਿਆਂ ਕੀਤਾ। ਉਸ ਨੇ ਪੰਜਾਬ ਦੀ ਜ਼ਮੀਨੀ ਹਕੀਕਤ ਨੂੰ ਸਮਝਣ ਲਈ ਬੜਾ ਵਸੀਹ ਮੁਤਾਲਾ ਕੀਤੀ। 1841 ਵਿਚ ਉਸ ਨੇ ਫ਼ਿਰੋਜ਼ਪੁਰ ਤੋਂ ਪਿਸ਼ਾਵਰ ਤੱਕ ਦਾ ਪੈਂਡਾ ਕੀਤਾ। ਉਸ ਦੇਖਿਆ ਕਿ ਸਤਲੁਜ ਤੋਂ ਪਾਰ ਦੀ ਸਾਰੀ ਜ਼ਮੀਨ ਬੇਅਬਾਦ ਪਈ ਹੈ। ਕਸੂਰ ਤੋਂ ਰੰਗਪੁਰ ਤੱਕ ਦੂਰ ਦੂਰ ਤੱਕ ਕੋਈ ਵੱਸੋਂ ਨਹੀਂ। ਇਸ ਅਨੁਭਵ ‘ਚੋਂ ਉਸਨੇ 1845-46 ‘ਚ ਕਿਤਾਬ ਲਿਖੀ; ‘1dventures of an Officer in the service of Runjeet Singh’.
ਫਰਵਰੀ 1849 ‘ਚ ਜਨਰਲ ਹੱਗ ਗੋਹ ਦੀ ਕਮਾਂਡ ਹੇਠ ਚੇਲਿਆਂ ਵਾਲੀ ਜੰਗ ‘ਚ ਸਿੱਖਾਂ ਨੂੰ ਹਰਾਉਣ ਤੋਂ ਬਾਅਦ ਅੰਗਰੇਜ਼ ਨੇ ਖ਼ਾਲਸਾ ਦਰਬਾਰ ‘ਤੇ ਕਬਜ਼ਾ ਕਰ ਲਿਆ। ਹੈਨਰੀ ਲਾਰੈਂਸ ਪੰਜਾਬ ਬੋਰਡ ਆਫ ਐਡਮਿਨਿਸਟਰੇਸ਼ਨ ਦਾ ਮੁਖੀ ਬਣਿਆ। ਬ੍ਰਿਟਿਸ਼ ਹਕੂਮਤ ਨੇ ਜਦ ਪੰਜਾਬ ਦੀ ਵਾਗਡੋਰ ਸੰਭਾਲੀ ਤਾਂ ਪੰਜਾਬੀ ਵਿਚ ਹਰ ਦੀ ਨਮੋਸ਼ੀ ਅਤੇ ਨਵੀਂ ਹਕੂਮਤ ਪ੍ਰਤੀ ਨਫ਼ਰਤ ਸੀ। ਖ਼ਾਲਸਾ ਫ਼ੌਜ ਤੋੜ ਦਿੱਤੇ ਜਾਣ ਕਾਰਨ ਹਜ਼ਾਰਾਂ ਨੌਜਵਾਨ ਬੇਰੁਜ਼ਗਾਰ ਹੋ ਗਏ ਸਨ। ਹੈਨਰੀ ਲਾਰੈਂਸ ਦੀ ਕਮਾਨ ਹੇਠ ਪੰਜਾਬ ਦੀ ਧਰਤੀ ‘ਤੇ ‘ਕੈਨਾਲ ਕਾਲੋਨੀਜ਼’ ਨਾਲ ਦਾ ਵੱਡਾ ਨਹਿਰੀਕਰਨ ਦਾ ਪ੍ਰੋਜੈਕਟ ਸ਼ੁਰੂ ਹੋਇਆ। ਉਸ ਨੇ ਇਸ ਕਾਰਜ ਲਈ ਆਪਣੇ ਨਾਲ ਕਈ ਹੋਰ ਫ਼ੌਜੀ ਅਫ਼ਸਰ ਜਿਵੇਂ ਹਰਬਰਟ ਐਡਵਰਡ, ਜੌਹਨ ਨਿਕਲਸਨ, ਐਡਵਰਡ ਲੇਕ, ਹੈਰੀ ਲੰਮਸਡਨ, ਰੇਨਲ ਟਲੇਰ, ਜੇਮਜ਼ ਐਬਟ ਆਦਿ ਨੂੰ ਜੋੜ ਲਿਆ। ਇਸ ਪ੍ਰੋਜੈਕਟ ਹੇਠ ਪੰਜਾਬ ਅੰਦਰ ਨੌਂ ਕਾਲੋਨੀਆਂ ਬਣੀਆਂ ਜਿਨ੍ਹਾਂ ਵਿਚ ਲੱਖਾਂ ਲੋਕ ਪੂਰਬੀ ਪੰਜਾਬ ਤੋਂ ਲਿਜਾਅ ਕੇ ਵਸਾਏ ਗਏ। ਬ੍ਰਿਟਿਸ਼ ਹਕੂਮਤ ਨੇ ਸੰਨ 1850 ‘ਚ ਪੰਜਾਬ ਦਾ ਜ਼ਮੀਨੀ ਸਰਵੇ ਕਰਵਾਉਣਾ ਸ਼ੁਰੂ ਕੀਤਾ। ਕਾਂਗੜਾ ਦੇ ਡਿਪਟੀ ਕਮੀਸ਼ਨਰ ਨੇ ਮਾਪੀ ਦਾ ਨਵਾਂ ਢੰਗ ਘੜਿਆ। ਪਿੰਸਪ ਅਤੇ ਦੇਵੀਜ਼ ਨੇ ਇਸ ਨੂੰ ਰਚਨਾ (ਰਾਵੀ-ਚਨਾਬ) ਦੁਆਬ ‘ਚ ਲਾਗੂ ਕੀਤਾ।
1853 ’ਚ ਲਾਰਡ ਡਲਹੌਜ਼ੀ ਹੈਨਰੀ ਲਾਰੈਂਸ ਤੋਂ ਨਾਰਾਜ਼ ਹੋ ਗਿਆ ਤੇ ਉਸ ਨੇ ਹੈਨਰੀ ਨੂੰ ਹਟਾਅ ਕੇ ਉਸ ਦੇ ਭਰਾ ਜੋਹਨ ਲਾਰੰਸ ਨੂੰ ਉਸ ਦੀ ਥਾਂ ਨਿਯੁਕਤ ਕਰ ਦਿੱਤਾ। 1854 ਤੱਕ ਜੌਹਨ ਲਾਰੈਂਸ ਚੀਫ਼ ਕਮੀਸ਼ਨਰ ਨੇ 14000 ਵਰਗ ਮੀਲ ਦੇ ਇਲਾਕੇ ਦਾ ਸਰਵੇ ਮੁਕੰਮਲ ਕਰ ਲਿਆ। ਹਰ ਵਰ੍ਹੇ ਇਸ ਵਿਚ 2000 ਵਰਗ ਮੀਲ ਦਾ ਵਾਧਾ ਹੁੰਦਾ ਰਿਹਾ। ਸੰਨ 1870 ਤੱਕ ਪੰਜਾਬ ‘ਚ ਸਭ ਤੋਂ ਵੱਧ ਟਿਕਵੀਂ ਜ਼ਰਾਇਤ ਬਿਆਸ ਤੇ ਸਤਲੁਜ ਵਿਚਲੇ ਬਿਸਤ ਦੁਆਬ ਜਾਂ ਜਲੰਧਰ ਦੇ ਇਲਾਕੇ ਦੀ ਸੱਭ ਤੋਂ ਵੱਧ ਉਪਜਾਊ ਤੇ ਪੱਧਰੀ ਜ਼ਮੀਨ ‘ਤੇ ਸੀ। ਰਾਵੀ ਤੇ ਬਿਆਸ ਦੁਆਬ ਦੇ ਮਾਝਾ ਇਲਾਕੇ ਦੇ ਅੰਮ੍ਰਿਤਸਰ ਅਤੇ ਲਾਹੌਰ ਦੇ ਆਸ-ਪਾਸ ਦੇ ਇਲਾਕਿਆਂ ‘ਚ ਵੀ ਟਿਕਵੀਂ ਜ਼ਰਾਇਤ ਸਭ ਤੋਂ ਵੱਧ ਸੀ। ਕੇਂਦਰੀ ਪੰਜਾਬ ਦਾ ਇਹ ਇਲਾਕਾ ਸਿਆਸੀ ਸੱਤਾ ਦਾ ਵੀ ਹਮੇਸ਼ਾ ਗੜ੍ਹ ਰਿਹਾ। ਇਸ ਤੋਂ ਦੱਖਣ ਪੂਰਬ ਵੱਲ ਦੇ ਸਾਰੇ ਇਲਾਕੇ ‘ਚ ਵਸੋਂ ਘੱਟ, ਅਰਧ ਸਿੰਚਤ ਜ਼ਮੀਨ ਹੋਣ ਕਾਰਨ ਸੁੱਕੀ ਖੇਤੀ ਦੇ ਨਾਲ ਨਾਲ ਪਸ਼ੂ ਪਾਲਣ ਵੱਧ ਹੁੰਦਾ। ਰਾਵੀ ਤੋਂ ਪੱਛਮ ਵੱਲ ਦਾ ਚਨਾਬ ਅਤੇ ਜਿਹਲਮ ਦਰਿਆਵਾਂ ਦਾ ਇਲਾਕਾ ਜਾਂਗਲੀ ਕਬੀਲਿਆਂ ਵਸੋਂ ਕੋਲ ਸੀ, ਜੋ ਬੱਝਵੀਂ ਤੇ ਟਿਕਾਓ ਜ਼ਰਾਇਤ ਬਜਾਏ ਪਸ਼ੂ ਪਾਲਣ ਕਰਦੇ ਸਨ। ਉਨ੍ਹਾਂ ਦੀ ਰੋਜ਼ੀ ਰੋਟੀ ਦਾ ਬਸਰ ਚਰਾਂਦਾਂ, ਘਾਹਗਾਹਾਂ ਅਤੇ ਜੰਗਲ ਬੇਲਿਆਂ ਦੀ ਬਨਸਪਤੀ ‘ਤੇ ਮੁਨੱਸਰ ਸੀ। ਇਨ੍ਹਾਂ ਕਬੀਲਿਆਂ ਦੀਆਂ ਆਪਸੀ ਖਹਿਬੜਾਂ ਨਿੱਤ ਦਿਨ ਹੁੰਦੀਆਂ। ਬਾਹਰਲੇ ਦੁਸ਼ਮਣ ਵਿਰੁੱਧ ਇਹ ਕਬੀਲੇ ਆਪਸੀ ਤਫ਼ਰਕੇ ਮਿਟਾਅ ਕੇ ਲੱਕ ਬੰਨ੍ਹ ਕੇ ਲੜਦੇ। ਜ਼ਿੰਮੀਦਾਰਾਂ ਦੀ ਜ਼ਿੰਮੇਵਾਰੀ ਮਾਲੀਆ ਇਕੱਠਾ ਕਰਨ ਅਤੇ ਤਾਰਨ ਤੱਕ ਦੀ ਹੁੰਦੀ।
ਅੰਗਰੇਜ਼ ਹਕੂਮਤ ਨੇ ਉਨ੍ਹੀਵੀਂ ਸਦੀ ਦੇ ਆਖ਼ਰੀ ਅਤੇ ਵੀਹਵੀਂ ਸਦੀ ਦੇ ਆਰੰਭਲੇ ਦਹਾਕਿਆਂ ਵਿਚ ਪੰਜਾਬ ਦੇ ਦਰਿਆਵਾਂ ਵਿਚਲੇ ਦੋਆਬਿਆਂ ਅੰਦਰਲੇ ਜੰਗਲੀ ਇਲਾਕੇ ‘ਚ ਜਿਨ੍ਹਾਂ ਨੂੰ ਆਮ ਲੋਕਾਂ ਦੀ ਜ਼ੁਬਾਨ ‘ਚ ਬਾਰਾਂ ਕਿਹਾ ਜਾਂਦਾ ਸੀ, ਨੂੰ ਪੰਜਾਬ ਲੈਂਡ ਕੋਲੋਨਾਈਜ਼ੇਸ਼ਨ ਐਕਟ 1893 ਅਧੀਨ ਕੈਨਾਲ ਕਾਲੋਨੀਆਂ ਬਣਾ ਕੇ ਆਬਾਦ ਕੀਤਾ। ਪੰਜਾਬ ਦੇ ਦਰਿਆਈ ਦੁਆਬਿਆਂ ਦੀ ਜ਼ਮੀਨ ਦੇ ਸਰਵੇਖਣ ਹੋਏ। ਨਕਸ਼ੇ ਬਣਾਏ ਗਏ। ਮਿੱਟੀਆਂ ਦੀ ਜਾਂਚ ਪੜਤਾਲ ਹੋਈ। ਮਾਹਰਾਜਾ ਰਣਜੀਤ ਸਿੰਘ ਦੇ ਮਾਲੀਆ ਬੰਦੋਬਸਤ ਨੂੰ ਨਵੇਂ ਸਿਰਿਓਂ ਉਲੀਕਿਆ ਗਿਆ। ਦਰਿਆ ਬੰਨ੍ਹ ਕੇ ਨਹਿਰਾਂ ਕੱਢੀਆਂ ਗਈਆਂ ਤੇ ਨਵੀਆਂ ਨਹਿਰੀ ਕਾਲੋਨੀਆਂ ਤਾਮੀਰ ਕੀਤੀਆਂ। ਕਿਰਸਾਨਾਂ ਨੂੰ 28 ਤੋਂ 56 ਏਕੜ ਤੱਕ ਦੀਆਂ ਜ਼ਮੀਨਾਂ ਅਲਾਟ ਕੀਤੀਆਂ ਗਈਆਂ। ਸੈਂਕੜੇ-ਹਜ਼ਾਰਾਂ ਰੁਪਏ ਇਨ੍ਹਾਂ ਜ਼ਮੀਨਾਂ ਦੇ ਵਿਕਾਸ-ਵਿਤਰਣ ਲਈ ਖ਼ਰਚ ਕੀਤੇ ਅਤੇ ਲੱਖਾਂ ਰੁਪਏ ਆਉਣ ਵਾਲੇ ਸਮਿਆਂ ‘ਚ ਮਾਲੀਏ ਦੇ ਰੂਪ ‘ਚ ਉਗਰਾਹੇ। ਪੰਜਾਬ ਦੀਆਂ ਇਨ੍ਹਾਂ ਕਾਲੋਨੀਆਂ ਦਾ ਵੇਰਵਾ ਨੈਨ ਸੁੱਖ ਆਪਣੀ ਕਿਤਾਬ ‘ਧਰਤੀ ਪੰਜ ਦਰਿਆਈ’ ‘ਚ ਦਿੰਦਾ ਹੈ। ਇਹ ਮੁੱਖ ਨਹਿਰੀ ਬਸਤੀਆਂ ਸਨ; ਸੰਨ 1886 ‘ਚ ਮੁਲਤਾਨ ਜ਼ਿਲ੍ਹੇ ‘ਚ ਸਧਨਾਈ ਕੈਨਾਲ ਕਾਲੋਨੀ, ਸੰਨ 1888 ਮਿੰਟਗੁਮਰੀ ਜ਼ਿਲ੍ਹੇ ‘ਚ ਸੁਹਾਗਪਾਰਾ ਕਾਲੋਨੀ, ਸੰਨ 1896-1906 ਤੱਕ ਲਾਹੌਰ ਜ਼ਿਲ੍ਹੇ ‘ਚ ਚੂਨੀਆਂ ਕਾਲੋਨੀ, ਸੰਨ 1892-1930 ‘ਚ ਲਾਹੌਰ, ਗੁਜਰਾਂਵਾਲਾ ਅਤੇ ਝੰਗ ਵਿਚ ਸਭ ਤੋਂ ਵੱਡੀ ਚਨਾਬ ਕਾਲੋਨੀ, ਸੰਨ 1902-06 ਵਿਚ ਸ਼ਾਹਪੁਰ ਵਿਚ ਲੋਅਰ ਜਿਹਲਮ ਕਾਲੋਨੀ, ਸੰਨ 1910-25 ਵਿਚ ਜ਼ਿਲ੍ਹਾ ਮਿੰਟਗੁਮਰੀ ਵਿਚ ਲੋਅਰ ਬਾਰੀ ਦੋਆਬ ਕੈਨਾਲ ਕਾਲੋਨੀ ਅਤੇ ਸੰਨ 1925 ‘ਚ ਜ਼ਿਲ੍ਹੇ ਮਿੰਟਗੁਮਰੀ ਅਤੇ ਮੁਲਤਾਨ ਵਿਚ ਨੀਲੀ ਬਾਰ ਕਾਲੋਨੀ ਆਬਾਦ ਕੀਤੀ ਗਈ।
ਸਧਨਾਈ ਕਾਲੌਨੀ ‘ਚ 57 ਹਜ਼ਾਰ ਵਿਘਾ ਜ਼ਮੀਨ ਅਲਾਟ ਕੀਤੀ ਗਈ। ਔਸਤ ਮਲਕੀਅਤੀ ਹੱਦ ਪੰਜਾਹ ਏਕੜ ਦੀ ਸੀ। ਖੇਤੀ ਮੌਸਮੀ ਅਤੇ ਕਾਸ਼ਤ ਖ਼ੁਦ। ਇਸ ਕਾਲੋਨੀ ਦੇ ਕੁੱਲ ਅਲਾਟੀਜ਼ 300 ਜਿਨ੍ਹਾਂ ਦਾ ਪਿਛਲਾ ਇਲਾਕਾ ਮੁਲਤਾਨ, ਲਾਹੌਰ ਅਤੇ ਅੰਮ੍ਰਿਤਸਰ। ਅੱਸੀ ਫ਼ੀਸਦ ਮੁਸਲਮਾਨ ਅਤੇ ਵੀਹ ਫ਼ੀਸਦ ਹਿੰਦੂ ਸਿੱਖ। ਸੁਹਾਗਪਾਰਾ ਕਾਲੋਨੀ ਵਿਚ ਨੱਬੇ ਹਜ਼ਾਰ ਏਕੜ ਜ਼ਮੀਨ ਅਲਾਟ ਹੋਈ। ਇਸ ਨੂੰ ਸੈਲਾਬੀ (ਸ਼ਸ਼ਮਾਹੀ) ਨਹਿਰ ਦਾ ਪਾਣੀ ਲੱਗਦਾ। ਇਥੇ ਔਸਤ ਮਲਕੀਤੀ ਹੱਦ ਸੱਠ ਏਕੜ ਸੀ। ਕਾਸ਼ਤਕਾਰੀ ਪਹਿਲਾਂ ਖ਼ੁਦ ਸੀ ਬਾਅਦ ‘ਚ ਮਜ਼ਾਰੇ ਅਤੇ ਸੀਰੀ ਰਲਾਣ ਦੀ ਇਜਾਜ਼ਤ ਮਿਲ ਗਈ। ਇਸ ਕਾਲੋਨੀ ਦੇ ਕੁੱਲ ਅਲਾਟੀਜ਼ ਸਨ 484। ਇਨ੍ਹਾਂ ‘ਚੋਂ 38 ਫ਼ੀਸਦ ਜੱਟ ਸਿੱਖ, 45 ਫ਼ੀਸਦ ਅਤੇ 17 ਫ਼ੀਸਦ ਹਿੰਦੂ ਤੇ ਮੁਸਲਮਾਨ। 37 ਅਲਾਟੀਜ਼ ਰਾਵਲਪਿੰਡੀ ਦੇ ਜਿਨ੍ਹਾਂ ਨੂੰ ਪੈਂਤੀ ਹਜ਼ਾਰ ਏਕੜ ਜ਼ਮੀਨ ਅਲਾਟ ਹੋਈ। ਇਨ੍ਹਾਂ ਵਿਚੋਂ ਖੇਮ ਸਿੰਘ ਬੇਦੀ ਪੰਜਾਬ ਦਾ ਪਹਿਲਾ ਜਾਗੀਰਦਾਰ ਜਿਸ ਨੂੰ 7800 ਏਕੜ ਦੀ ਜਾਗੀਰ ਮਿਲੀ। ਇਸ ਨੇ ਗੋਗੇਰੇ ਅੰਗਰੇਜ਼ੀ ਫ਼ੌਜ ਨੂੰ 1847 ਵਿਚ ਜੰਗ ਜਿਤਾਉਣ ਵਿਚ ਚੋਖੀ ਮਦਦ ਕੀਤੀ।
ਚੂਨੀਆਂ ਕਾਲੋਨੀ ਨੂੰ ਅੱਪਰਬਾਰੀ ਦੋਆਬ (ਦਾਇਮੀ) ਨਹਿਰ ਦਾ ਪਾਣੀ ਲਗਦਾ। ਇਥੇ ਇਕ ਲੱਖ ਤਿੰਨ ਹਜ਼ਾਰ ਏਕੜ ਜ਼ਮੀਨ ਅਲਾਟ ਕੀਤੀ ਗਈ। ਕਾਸ਼ਤਕਾਰ ਗਰਾਂਟ ਵਿਚ 50 ਏਕੜ ਹੱਦ ਤਕ ਅੱਸੀ ਫ਼ੀਸਦ ਜ਼ਮੀਨ ਵੰਡੀ ਗਈ। ਪੰਜ ਹਜ਼ਾਰ ਏਕੜ ਜ਼ਮੀਨ ਰਿਟਾਇਰਡ ਸਿਵਲ ਮੁਲਾਜ਼ਮਾਂ ਨੂੰ ਤਕਸੀਮ ਹੋਈ। ਬਾਰ੍ਹਾਂ ਹਜ਼ਾਰ ਏਕੜ ਜ਼ਮੀਨ ਦੀ ਨੀਲਾਮੀ ਹੋਈ। ਸਾਰੇ ਅਲਾਟੀਜ਼ ਪਿਛਿਓਂ ਲਾਹੌਰ ਤੋਂ ਸਨ ਤੇ ਇਨ੍ਹਾਂ ਵਿਚੋਂ ਬਹੁਤੇ ਜੱਟ ਸਿੱਖ ਸਨ।
ਸਭ ਤੋਂ ਵੱਡੀ ਚਨਾਬ ਕਾਲੋਨੀ ਨੂੰ ਲੋਅਰ ਚਨਾਬ ਨਹਿਰ ਅਤੇ ਰੱਖ, ਝੰਗ ਅਤੇ ਗੋਗੇਰਾ ਬਰਾਂਚ ਨਹਿਰਾਂ ਦਾ ਪਾਣੀ ਲੱਗਦਾ। ਇਥੇ ਜ਼ਿਆਦਾ ਅਲਾਟੀਜ਼ ਅੰਬਾਲਾ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਜਲੰਧਰ ਤੋਂ ਸਨ। 6 ਲੱਖ 75 ਹਜ਼ਾਰ ਏਕੜ ਸਿੱਖ ਜੱਟਾਂ ਨੂੰ ਅਤੇ 2 ਲੱਖ 30 ਹਜ਼ਾਰ ਏਕੜ ਜ਼ਮੀਨ ਮੁਸਲਮਾਨ ਜੱਟਾਂ ਨੂੰ ਅਲਾਟ ਹੋਈ। ਇਸ ਸਕੀਮ ਵਿਚ ਬ੍ਰਿਟਿਸ਼ ਇੰਡੀਅਨ ਆਰਮੀ ਸਕੀਮ, ਸਫ਼ੇਦਪੋਸ਼ ਅਤੇ ਰਈਸ ਸਕੀਮਾਂ ਤਹਿਤ ਵਿਚ ਹਰ ਅਲਾਟੀ ਨੂੰ 50 ਤੋਂ 600 ਏਕੜ ਤੱਕ ਜ਼ਮੀਨ ਮਿਲੀ। ਸਿਰਫ਼ ਚਨਾਬ ਕਾਲੋਨੀ ‘ਚ ਅਠਾਰਾਂ ਲੱਖ ਵਿਘਾ ਜ਼ਮੀਨ ਨੂੰ ਵਾਹੀ ਬੀਜੀ ਲਈ ਤਿਆਰ ਕੀਤਾ ਗਿਆ।
ਲੋਅਰ ਜੇਹਲਮ ਕਾਲੋਨੀ ਸ਼ਾਹਪੁਰ ਜੋ ਬਾਅਦ ਵਿਚ ਸਰਗੋਧਾ ਅਖਵਾਇਆ ਵਿਚ ਘੋੜੀ ਪਾਲ ਸਕੀਮ ਹੇਠ 4 ਲੱਖ 85 ਹਜ਼ਾਰ ਏਕੜ ਰਕਬਾ ਅਲਾਟ ਹੋਇਆ। ਔਸਤ ਮਲਕੀਤੀ ਹੱਦ 40 ਏਕੜ ਫ਼ੀ ਘੋੜੀ ਮੁਕੱਰਰ ਕੀਤੀ ਗਈ। ਰਿਟਾਇਰ ਫ਼ੌਜੀਆਂ ਨੂੰ 75 ਹਜ਼ਾਰ ਏਕੜ ਅਤੇ ਮੁਕਾਮੀ ਜਾਂਗਲੀਆਂ ਨੂੰ 6 ਹਜ਼ਾਰ ਏਕੜ ਅਲਾਟ ਹੋਏ। ਆਲਟੀਜ਼ ਜ਼ਿਆਦਾ ਗੁਜਰਾਤ, ਸਿਆਲਕੋਟ ਅਤੇ ਗੁਜਰਾਂਵਾਲਾ ਤੋਂ ਸਨ। 1901 ਵਿਚ ਹਾਰਸ ਬਰੀਡਿੰਗ ਕਮਿਸ਼ਨ ਬਣਿਆ ਜਿਸ ਦੀ ਸਿਫ਼ਾਰਸ਼ ਹੇਠ ਇਕ ਕਾਲੋਨੀ ਬਣੀ। ਹਰ ਅਲਾਟੀ ਨੂੰ ਪਾਬੰਦ ਕੀਤਾ ਗਿਆ ਕਿ ਫ਼ੌਜ ਵਾਸਤੇ ਘੋੜੇ ਘੋੜੀਆਂ ਅਤੇ ਖੱਚਰ ਪਾਲਣ। ਸਾਰੀ ਹਾਰਸ ਬਰੀਡਿੰਗ ਗਰਾਂਟ ਸ਼ਾਹਪੁਰ ਦੇ ਟਿਵਾਣੇ ਲੈ ਗਏ।
ਲੋਅਰ ਬਾਰੀ ਦੋਆਬ ਕਾਲੋਨੀ ਵਿਚ ਪੰਜ ਲੱਖ ਜ਼ਮੀਨ ਅਲਾਟ ਹੋਈ। ਇਸ ਵਿਚ ਘੋੜੇ ਪਾਲ ਸਕੀਮ ‘ਚ ਹਰ ਦਸ ਸਾਲ ਬਾਅਦ ਲੀਜ਼ ਨਵੀਂ ਹੁੰਦੀ। 1 ਲੱਖ 80 ਹਜ਼ਾਰ ਏਕੜ ਫ਼ੌਜੀ ਪੈਨਸ਼ਨਰਾਂ ਨੂੰ ਅਤੇ ਵੀਹ ਹਜ਼ਾਰ ਏਕੜ ਕ੍ਰਿਸਚਨ ਦੱਬੇ ਕੁਚਲੇ ਲੋਕਾਂ ਅਤੇ ਕ੍ਰਿਸਚਨ ਮਿਸ਼ਨ ਨੂੰ ਮਿਲੀ। ਇਨਾਮੀ ਸਕੀਮ ਤਹਿਤ ਸਰਦਾਰ ਜੋਗਿੰਦਰ ਸਿੰਘ ਨੂੰ ਦੋ ਹਜ਼ਾਰ ਏਕੜ ਅਤੇ ਸਰਦਾਰ ਦਲੀਪ ਸਿੰਘ ਨੂੰ ਢਾਈ ਹਜ਼ਾਰ ਏਕੜ ਜ਼ਮੀਨ ਮਿਲੀ। ਇਹ ਦੋਵੇਂ ਈਸਟ ਇੰਡੀਆ ਕੰਪਨੀ ਦੇ ਮੁਖ਼ਬਰ ਟੱਬਰਾਂ ‘ਚੋਂ ਸਨ।
ਨੀਲੀ ਬਾਰ ਕਾਲੋਨੀ ‘ਚ ਅਲਾਟਸ਼ੁਦਾ ਰਕਬਾ 8 ਹਜ਼ਾਰ ਏਕੜ ਸੀ, ਜਿਸ ਨੂੰ ਦਾਇਮੀ ਨਹਿਰੀ ਪਾਣੀ ਲੱਗਦਾ। ਜ਼ਿਆਦਾ ਅਲਾਟੀਜ਼ ਅੰਮ੍ਰਿਤਸਰ, ਫ਼ਿਰੋਜ਼ਪੁਰ ਅਤੇ ਲੁਧਿਆਣਾ ਦੇ ਸਨ। ਦੂਜਾ ਰਕਬਾ 2 ਲੱਖ 60 ਹਜ਼ਾਰ ਏਕੜ ਜਾਂਗਲੀ ਜ਼ਮੀਨਦਾਰਾਂ ਨੂੰ ਅਤੇ 75 ਹਜ਼ਾਰ ਏਕੜ ਫ਼ੌਜੀ ਪੈਨਸ਼ਨਰਾਂ ਨੂੰ ਅਲਾਟ ਹੋਇਆ, ਜਿਸ ਨੂੰ ਸੈਲਾਬੀ ਪਾਣੀ ਲੱਗਦਾ। ਸਤਲੁਜ ਵੈਲੀ ਪ੍ਰਾਜੈਕਟ ਉੱਤੇ ਲੱਗਾ ਪੈਸਾ ਪੂਰਾ ਕਰਨ ਲਈ 3 ਲੱਖ 60 ਹਜ਼ਾਰ ਏਕੜ ਜ਼ਮੀਨ ਅਲਾਟ ਹੋਈ। ਇਹਦੇ ਵਿਚੋਂ 35 ਹਜ਼ਾਰ ਏਕੜ ਸਿੱਖਾਂ, 33 ਹਜ਼ਾਰ ਏਕੜ ਮੁਸਲਮਾਨਾਂ ਅਤੇ 49 ਹਜ਼ਾਰ ਏਕੜ ਹਿੰਦੂ ਸ਼ਹੂਕਾਰਾਂ ਨੂੰ ਮਿਲੀ, ਜਿਹੜੇ ਗ਼ੈਰ ਜ਼ਰਾਇਤ ਪੇਸ਼ਾ ਸਨ ਪਰ ਉਨ੍ਹਾਂ ਦੀ ਖ਼ਾਤਰ ਕਾਨੂੰਨ ਬਦਲਿਆ ਗਿਆ ਜਿਹਦੀ ਵਜ੍ਹੋਂ ਗ਼ੈਰ ਜ਼ਰਾਇਤ ਪੇਸ਼ਾ ਨੂੰ ਵੀ ਜ਼ਮੀਨਦਾਰ ਬਣਨ ਦਾ ਅਹਿਲ ਹੋਇਆ।
ਸਰਕਾਰੀ ਚੱਕ ਦਾ ਨੰਬਰ ਨਹਿਰ ਦੇ ਹਿਸਾਬ ਨਾਲ ਲੱਗਦਾ, ਜੀਹਦੇ ਨਾਲ ਦੋ ਵੱਡੇ ਬਾਜ਼ਾਰ 60 ਫੁੱਟ ਚੌੜੇ ਜੋ ਚੌਕ ਤੋਂ ਆਰ ਪਾਰ ਹੁੰਦੇ। ਬਾਕੀ ਦਾ ਬਾਜ਼ਾਰ 40 ਫੁੱਟ ਦਾ ਹੁੰਦਾ। ਅਹਾਤੇ ਦਾ ਰਕਬਾ ਦੋ ਕਨਾਲ। ਸਾਰੇ ਅਹਾਤੇ ਜ਼ਮੀਨਦਾਰਾਂ ਦੇ ਹੁੰਦੇ। ਇਨ੍ਹਾਂ ਨੂੰ ਜ਼ਮੀਨ ਅਹਾਤੇ ਕਿਹਾ ਜਾਂਦਾ। ਹਰ ਚੱਕ ‘ਚ ਦੋ ਕਮੀਨ ਅਹਾਤੇ ਹਿੜੇ ਲੋਹਾਰਾਂ ਤਰਖਾਣਾਂ ਲਈ ਹੁੰਦੇ। ਜ਼ਮੀਨ ਅਹਾਤੇ ਦੀ ਪੱਕੀ ਮਾਲਕੀ ਪਰ ਕਮੀਨ ਅਹਾਤੇ ਦਾ ਪੱਕਾ ਮਾਲਕ ਕੋਈ ਨਾ ਹੁੰਦਾ। ਜਿਹੜਾ ਲੋਹਾਰ ਤਰਖਾਣ ਚੱਕ ਦਾ ਜਿੰਨਾ ਚਿਰ ਕੰਮੀ ਉਦੋਂ ਤਾਈਂ ਅਹਾਤਾ ਉਹਦੇ ਕੋਲ ਰਹਿੰਦਾ। ਬਾਰਾਂ ਦੇ ਸ਼ਾਹਪੁਰ, ਝੰਗ, ਚਨਿਓਟ, ਦੀਪਾਲਪੁਰ ਅਤੇ ਗੋਗੇਰਾ ਮੁੱਖ ਸ਼ਹਿਰ ਕਸਬੇ ਸਨ ਪਰ ਕੈਨਾਲ ਕਾਲੋਨੀਆਂ ਕਾਰਨ ਨਵੇਂ ਡਿਜ਼ਾਇਨੇ ਸ਼ਹਿਰ ਮਿੰਟਗੁਮਰੀ, ਲਾਇਲਪੁਰ ਅਤੇ ਸਰਗੋਧਾ ਆਦਿ ਮਸ਼ਹੂਰ ਹੋਏ।
ਪੰਜਾਬ ਟਨੈਂਸੀ ਐਕਟ 1868, ਪੰਜਾਬ ਲੈਂਡ ਰੈਵੀਨਿਊ ਐਕਟ 1887 ਅਧੀਨ ਦੀ ਮੁਕੰਮਲ ਜ਼ਰਾਇਤੀ ਜ਼ਮੀਨ ਦੇ ਰਕਬੇ ਦਾ ਮੁਆਇਨਾ, ਸ਼ਜਰਾ ਏ ਨਸਬ, ਖਤੌਨੀ, ਜਮ੍ਹਾਂਬੰਦੀ ਨੂੰ ਪਹਿਲਾਂ ਪਟਵਾਰੀ ਘੌਖਦਾ ਫਿਰ ਕਾਨੂੰਨਗੋ, ਨਾਇਬ ਤਹਿਸੀਲਦਾਰ ਤੇ ਅੰਤ ਤਹਿਸੀਲਦਾਰ ਤਸਦੀਕ ਕਰਦਾ। ਸਾਰੀ ਜ਼ਮੀਨ ਨੂੰ ਮਾਲੀਏ ਦੀ ਉਗਰਾਹੀ ਲਈ ਪੰਜ ਕਿਸਮਾਂ ‘ਚ ਵੰਡਿਆ ਗਿਆ; ਬੰਜਰ, ਚਾਹੀ (ਖੂਹ ਦਾ ਪਾਣੀ ਲੱਗਣ ਵਾਲੀ), ਨਹਿਰੀ, ਆਬੀ (ਛੱਪੜ ਜਾਂ ਤਲਾਅ ਦੇ ਪਾਣੀ ਵਾਲੀ) ਸੈਲਾਬੀ (ਦਰਿਆਈ ਹੜ੍ਹਾਂ ਵਾਲੀ), ਬਰਾਨੀ (ਮੀਂਹ/ਬਾਰਿਸ਼ ਨੂੰ ਫ਼ਾਰਸੀ ‘ਚ ਬਰਾਨ ਕਿਹਾ ਜਾਂਦਾ)। ਅੰਗਰੇਜ਼ ਹਕੂਮਤ ਨੇ ਮੁਜ਼ਾਰੇਦਾਰੀ, ਹੱਕ ਮਾਲਕੀ, ਜਾਇਦਾਦੀ, ਵਸੇਬੀ ਸਬੰਧੀ ਨਵੇਂ ਕਾਨੂੰਨ ਬਾਣਾਏ। ਅੰਗਰੇਜ਼ ਦੇ ਕਾਨੂੰਨ ਵਿਚ ਜਿਹਦਾ ਜਿੱਥੇ ਕਬਜ਼ਾ ਉਹੀ ਮਾਲਕ। ਰਕਬੇ ਮੌਰੂਸੀ ਗ਼ੈਰ ਮੌਰੂਸੀ। ਜਿਹੜਾ ਹੱਕ ਮਾਲਿਕਾਨਾ ਤਾਰੇ ਉਹਨੂੰ ਜ਼ਮੀਨ ਚੱਕ ਵਿੱਚ ਅਹਾਤਾ ਅਲਾਟ ਕੀਤਾ ਜਾਂਦਾ। ਆਮ ਲੋਕਾਂ ਵਿਚ ਲੋਕ ਗੀਤਾਂ/ਬੰਦਾਂ ਦੇ ਰੂਪ ਵਿਚ ਬਹੁਤ ਪ੍ਰਸਿੱਧ ਸਨ; “ਇਸ ਇਲਾਕੇ ਵਿਚ ਇਹ ਰਿਵਾਜ ਪਛਾਣ ਜੋ ਕੋਈ ਵਾਹੇ ਜ਼ਮੀਨ ਕਬਜ਼ਾ ਉਸ ਦਾ ਜਾਣ”। ਪਰ ਇਨ੍ਹਾਂ ਜ਼ਮੀਨਾਂ ਦਾ ਜਾਇਦਾਦੀ-ਜੱਦੀ ਹੱਕ ਕੀ ਹੋਵੇਗਾ, ਵਾਰਿਸ ਦੀ ਕੀ ਹੈਸੀਅਤ ਹੋਵੇਗੀ, ਗੋਦ ਲੈਣ ਜਾਂ ਤੋਹਫ਼ਾ ਦੇਣ ਦੇ ਕੀ ਨੇਮ ਹੋਣਗੇ, ਵਿਰਾਸਤੀ ਜਾਇਦਾਦੀ ਮਾਲਕਾਨਾਂ ਹੱਕਾਂ, ਪਿਓ, ਪੁੱਤ ਧੀ ਦੇ ਰਿਸ਼ਤਿਆਂ ਨੂੰ ਮੁੜ ਪ੍ਰਭਾਸ਼ਿਤ ਕੀਤਾ ਗਿਆ। ਲੋੜ ਮੁਤਾਬਿਕ ਪੁਰਾਣੇ ਕਾਨੂੰਨਾਂ ‘ਚ ਤਰਮੀਮਾਂ ਕੀਤੀਆਂ ਗਈਆਂ ਅਤੇ ਨਵੇਂ ਕਾਨੂੰਨ ਲਾਗੂ ਵੀ ਕੀਤੇ ਗਏ। ਅੰਗਰੇਜ਼ ਹਕੂਮਤ ਦਾ ਇਹ ਧਿਆਨ ਵੀ ਸੀ ਕਿ ਲੋਕਾਂ ਵਿਚ ਇਹ ਬਦਲਾਓ ਸਹਿਜ ਭਾਅ ਲੱਗੇ, ਕਿਉਂਕਿ ਫ਼ੌਜੀ ਕਬਜ਼ੇ ਨਾਲੋਂ ਜ਼ਰਾਇਤੀ ਫ਼ਤਹਿ ਦਾ ਅਸਰ ਦੂਰ ਦਰਾਜ਼ੀ ਅਤੇ ਵੱਧ ਤਾਕਤਵਰ ਹੋਵੇਗਾ।
ਬਾਰਾਂ ‘ਚ ਨਵੇਂ ਕਾਨੂੰਨਾਂ, ਨਵੀਆਂ ਜ਼ਮੀਨੀ ਅਲਾਟਮੈਂਟਾਂ ਅਤੇ ਨਵੀਆਂ ਨਹਿਰੀ ਕਾਲੋਨੀਆਂ ਵੱਸਣ ਨਾਲ ਪੰਜਾਬੀ ਸਮਾਜ ਅਤੇ ਲੋਕ ਮਨ ਵੀ ਪ੍ਰਭਾਵਿਤ ਹੋਇਆ। ਇਸ ਕਾਰਨ ਲੋਕ ਮਨ ਨੇ ਗੀਤਾਂ, ਛੰਦਾਂ ਅਤੇ ਬੰਦਾਂ ਰਾਹੀਂ ਆਪਣੇ ਆਪ ਨੂੰ ਪ੍ਰਗਟ ਕੀਤਾ। 1870 ਵਿਚ ਸਿਰਸਾ ਜ਼ਿਲ੍ਹੇ ‘ਚ ਜਦੋਂ ਜੇਮਜ਼ ਵਿਲਸਨ ਬੰਦੋਬਸਤ ‘ਚ ਰੁੱਝਿਆ ਹੋਇਆ ਸੀ ਤਾਂ ਉਸ ਨੇ ਡਬਵਾਲੀ ਢਾਬ ਦੇ ਲੋਕ ਕਵੀ ਲਾਲੂ ਦੇ ਬੰਦ ਸੁਣੇ, ਜੋ ਉਸ ਵੇਲੇ ਦੀ ਕਿਰਸਾਨੀ ਦੇ ਬੀਤੇ ਸਮਿਆਂ ਅਤੇ ਹੁਣ ਦੇ ਵੇਲਿਆਂ ਦੇ ਅਨੁਭਵਾਂ ‘ਚੋਂ ਪੈਦਾ ਹੋਈ ਮਨੋ ਵਿਥਿਆ ਸੁਣਾਉਂਦੇ ਹਨ;
ਅਲੱਾਹ ਮੇਰੇ ਬਾਰ ਵਸਾਈ
ਚਾਰ ਖੂੰਟਾਂ ਤੋਂ ਖ਼ਲਕਤ ਆਈ
ਲੰਬਰਦਾਰਾਂ ਕੋਲ਼ ਬਹਾਈ
ਨਾਲ ਪਿਆਰ ਦੇ ਭੌਇੰ ਕਢਾਈ
ਹੁਣ ਜਾਣ ਦੇ ਦੀਨ ਈਮਾਨ ਖੁਹਾਈ
ਸਾਮੀਦਾਰ ‘ਤੇ ਅਰਜ਼ੀ ਲਾਈ
ਹਾਕਿਮ ਉਸਦੀ ਭੌਇੰ ਖੁਹਾਈ
ਇਸ ਕਾਨੂੰਨ ਦੀ ਖ਼ਬਰ ਨਾ ਕਾਈ
ਜਿਹੜਾ ਕੀਤਾ ਹੁਣ ਸਰਕਾਰ
ਬੇਦਖ਼ਲੀ ਕਰਨੀ ਨਹੀਂ ਦਰਕਾਰ
ਜਿਹੜੀਆਂ ਸਾਮੀਆਂ ਰਲਦੀ ਆਈਆਂ
ਉਹਨਾਂ ਕੀਤੀਆਂ ਬਹੁਤ ਕਮਾਈਆਂ
ਬੂਟੇ ਮਾਰੇ ਤੇ ਭੋਇੰ ਬਣਾਈਆਂ
ਮੁੱਢ ਕੱਢੇ ਤੇ ਵੱਟਾਂ ਪਾਈਆਂ
ਰਲ਼ ਕੇ ਆਏ ਸਭੇ ਭਾਈ
ਸੁੰਨੀ ਉਹਨਾਂ ਬਾਰ ਬਸਾਈ
ਇਕ ਦੇ ਸਿਰ ‘ਤੇ ਪੱਗ ਬਨ੍ਹਾਈ
ਉਹ ਬਣ ਗਿਆ ਲੰਬਰਦਾਰ
ਨਵੇਂ ਵਸੇਬੇ ਦੇ ਨਾਲ ਨਾਲ ਪੁਰਾਣੀ ਵੱਸੋਂ ਨੂੰ ਕਈ ਥਾਈਂ ਉਜੜਨਾ ਵੀ ਪਿਆ। ਇਨ੍ਹਾਂ ਉਜਾੜਿਆਂ ਦੀ ਪੀੜ ਅਤੇ ਵੇਦਨ ਨੂੰ ਵੀ ਲੋਕ ਮਨ ਨੇ ਆਪਣੇ ਸ਼ਬਦਾਂ ਵਿਚ ਪ੍ਰਗਟਾਇਆ;
ਅੰਗਰੇਜ਼ਾਂ ਤੇ ਨਹੀਂ ਸੀ ਏਹ ਭਾਰਾ
ਸਾਨੂੰ ਹੁਕਮ ‘ਚ ਦੇਂਦੇ ਮਾਰਾ
“ਲੰਬਰਦਾਰੋ ਮਾਰ ਲੋ ਧਾਰਾ“
ਬੇਈਮਾਨ ‘ਚ ਕਰਨਾ ਮਾਰਾ
ਵੱਸਦੀਆਂ ਨੂੰ ਘਟ ਦੇਣ ਉਜਾੜਾ
ਉਹਨਾਂ ਫੜ ਲਿਆ ਕਹੀ ਕੁਹਾੜਾ
ਪੱਟਣ ਲੱਗੇ ਉਸਦੀ ਬਾਰ
ਬੇਦਖ਼ਲੀ ਕਰਨੀ ਨਹੀਂ ਦਰਕਾਰ…
ਅੰਗਰੇਜ਼ ਹਕੂਮਤ ਨੇ ਜੇ ਰਿਆਇਆ ਨੂੰ ਸਾਫ਼ਗੋ ਢੰਗ ਨਾਲ ਮੁੜ ਵਸੇਬੇ ਲਈ ਜ਼ਮਨੀ ਸਹੂਲਤਾਂ ਦਿੱਤੀਆਂ ਪਰ ਲੋਕਾਂ ਅਤੇ ਵਿਚੋਲੀਆਂ ਨੇ ਬੇਈਮਾਨੀਆਂ ਵੀ ਬਹੁਤ ਕੀਤੀਆਂ। ਨੈਨ ਸੁੱਖ ਇਸ ਬਾਬਤ ਲਿਖਦਾ ਹੈ; ‘ਜਿੱਦਣ ਅਲਾਟਮੈਂਟ ਲਈ ਸਾਹਬ ਤੇ ਸਰਕਾਰੀ ਅਮਲੇ ਨੇ ਆਉਣਾ ਹੁੰਦਾ ਉਸ ਤੋਂ ਪਿਛਲੀ ਰਾਤੀਂ ਪੁਰਾਣੇ ਪ੍ਰਭ ਰਿਆਇਆ ਨੂੰ ਸਮਝਾ ਜਾਂਦੇ ਕਿ ਇਹ ਨਵਾਂ ਯੱਬ ਆ। ਜਿਹਨੇ ਜ਼ਮੀਨ ਅਲਾਟ ਕਰਵਾਈ, ਉਹਨੂੰ ਮਾਮਲਾ ਦੇਣ ਪਓਸੀ। ਯਰਕੀ ਗ਼ਰੀਬ ਰਿਆਇਆ ਸਰਕਾਰ ਸਾਹਮਣੇ ਵਿਰਾਸਤੀ ਕਬਜ਼ੇ ਤੋਂ ਮੁਕਰ ਜਾਏ। ਜੇਹੜੇ ਜ਼ਰਵਾਲ, ਓਹ ਜ਼ਮੀਨਦਾਰ। ਏਹ ਜਾਂਗਲੀ ਵਸੇਬ ਜਿੱਧਰ ਆਸੇ ਪਾਸੇ ਅਬਾਦਕਾਰਾਂ ਦਾ ਹੜ੍ਹ ਆਇਆ’।

ਲੋਕਾਂ ਚਾਏ ਬਹੁਤ ਕੁਰਾਨ
ਚਾਈਆਂ ਕਸਮਾਂ-ਕਰ ਲੀਆ ਜਾਨ
ਸਾਬਿਤ ਰਿਹਾ ਨਾ ਕੋਈ ਈਮਾਨ
ਰੋਜ਼ ਕਿਆਮਤ ਹੋਣ ਹੈਰਾਨ
ਜੀਨਹਾਂ ਬਾਧੇ ਕਰ ਏਹ ਭਾਰ
ਬੇਦਖ਼ਲੀ ਕਰਨੀ ਨਹੀਂ ਦਰਕਾਰ…
1899 ਵਿਚ ਲਾਇਲਪੁਰ ਦੀ ਚਨਾਬ ਕਾਲੋਨੀ ‘ਚ ਜਦੋਂ ਕੈਪਟਨ ਪੋਪਹਮ ਯੰਗ ਬਾਰੇ ਕਵੀ ਕਾਣਾ ਆਪਣੇ ਕਾਵਿ ਬੰਦ ਅੰਗਰੇਜ਼ ਹਕੂਮਤ ਵੱਲੋਂ ਵਿੱਢੀ ਇਸ ਮੁਹਿੰਮ ਦਾ ਜ਼ਿਕਰ ਕਰਦਾ ਹੈ;
ਅਵਲ ਸਾਈਂ ਸੱਚੇ ਨੂੰ ਸ਼ਰਨ ਇਕ ਕਿੱਸਾ ਨਵਾਂ ਅੱਜ ਜੋੜਾਂ,
ਬਾਰ ਅੱਗੇ ਲੁੱਟ ਕਾਹਦੀ ਚੋਰਾਂ ਹਰਨਾਂ ਗਿੱਦੜ ਚੂਹਿਆਂ ਦੀ ਗੋਰਾਂ
ਸੁੰਝਾਂ ਜੰਗਲ ਕੋਈ ਨਹੀਂ ਰਹਿਆ ਯੰਗ ਸਾਹਿਬ ਦੀਆ ਮੁਲਕ ਵਸਾਅ
ਲਾਇਲਪੁਰ ਦਾ ਸੁਣ ਤੂੰ ਹਾਲ ਅਨੰ ਜਲ ਦਾ ਜਿੱਥੇ ਸੋਕਾਲ
ਨਹਿਰ ਵਹਿੰਦੀ ਦਰਵਾਜ਼ੇ ਨਾਲ ਦਰੱਖ਼ਤ ਲਵਾਏ ਪਾਲੋ ਪਾਲ
ਹੋਰ ਪਏ ਜੰਮਦੇ ਸਾਵੇ ਘਾਹ ਯੰਗ ਸਾਹਿਬ ਦੀਆ ਮੁਲਕ ਵਸਾ।
ਅੰਗਰੇਜ਼ ਹਕੂਮਤ ਦੀ ਦਰਿਆਵਾਂ ਨੂੰ ਬੰਨ੍ਹ ਕੇ ਨਹਿਰਾਂ ਨਿਰਮਾਣ ਕਰਨ ਦੀ ਦੂਰ ਦ੍ਰਿਸ਼ਟੀ ਬਾਰੇ ਵੀ ਆਮ ਲੋਕਾਂ ‘ਚ ਕਈ ਜੁਮਲੇ ਪ੍ਰਚਲਿੱਤ ਸਨ;
ਜਿਨ ਦਿੱਤਾ ਦਰਿਆ ਨੂੰ ਚੀਰ ਆ
ਨਹਿਰ ਕਢਾਈ ਸਿੱਧੀ ਤੀਰ ਆ
ਅੰਗਰੇਜ਼ ਬਹਾਦੁਰ ਭਾਰਾ ਬੀਰ ਆ
ਅੰਗਰੇਜ਼ ਔਲੀਆ ਜ਼ਰੂਰ, ਸਚ ਮਨ ਉਜਾੜਾ ਨਾ ਕੂਰ
ਪਲ ਵਿਚ ਕੀਤਾ ਜੰਗਲ ਦੂਰ ਇਕੋ    ਵਧੀਆ ਸੱਚੀ ਬਾਤ
ਕਿਰਸਾਨੀ ਆਬਾਦਕਾਰਾਂ ਨੇ ਆਪਣੇ ਸਾਂਝੀਆਂ, ਪਾਹੀਆਂ ਜਾਂ ਸੀਰੀਆਂ ਤੇ ਸੇਪੀਆਂ ਨਾਲ ਮੁਰੱਵਤੀ ਵਾਲਾ ਸਲੂਕ ਅਤੇ ਰਵਾਦਾਰੀ ਵਾਲਾ ਅਮਲ ਕਰਨ ਅਤੇ ਵਾਹੀ ਖੇਤੀ ਕਰਕੇ ਚੰਗੀ ਕਮਾਈ ਕਰਨ ਦੇ ਲੋਕ ਭਾਖਾ ਵਿਚ ਕਈ ਟੋਟਕੇ ਅਤੇ ਮੁਹਾਵਰੇ ਪ੍ਰਚਲਿਤ ਸਨ, ਜੋ ਪੰਜਾਬ ਦੀ ਖ਼ੁਸ਼ਹਾਲੀ ਦੀ ਬਾਤ ਪਾਉਂਦੇ ਸੁਣਾਈ ਦਿੰਦੇ ਹਨ ਜਿਵੇਂ “ਜੋ ਆਵੇ ਪਾਹ ਕੇ ਬੁਵਾ, ਉਸ ਨੂੰ ਦੇ ਦੇ ਚਲਤਾ ਕੂੰਆ”। “ਸਾਂਝੀ ਦਾ ਤੂੰ ਹੱਲ ਪਛਾਣ, ਆਪਣੇ ਨਾਲੋਂ ਚੰਗਾ ਜਾਣ। ਭਾਈ ਕੇਸਾ ਫਰਜ਼ੰਦ ਥੀਂ ਉਸ ਦਾ ਵੱਡਾ ਮਾਨ”। “ਪਾਹੀ ਬੋਲੀਦਾਰ ਸੁਨ ਮਨ ਮੇਂ ਰੱਖੇ ਪ੍ਰੀਤ, ਉਨਕੀ ਆਸਾ ਪੂਰੀ ਦੇ ਖੇਤੀ ਪੂਰੀ ਜੀਤ”। “ਮਾਲਿਕ ਜੇ ਕਰੇ ਰਿਆਇਤ ਪਾਹੀ। ਉਹ ਕਰਦਾ ਚੰਗੀ ਵਾਹੀ”। “ਜੋ ਪਾਹੀ ਨੂੰ ਸਤਾਵੇ, ਘਰ ਆਉਂਦਾ ਰਿਜ਼ਕ ਗਵਾਵੇ”। “ਜਿਹੜਾ ਸ਼ਰੀਕਾਂ ਨਾਲ ਖਰੀਂਦੇ, ਓੜਕ ਫ਼ਤਹਿ ਕਦੇ ਨਾ ਪੈਂਦੇ”।
ਪੰਜਾਬ ਵਿਚ ਇਸ ਵੱਡੀ ਜ਼ਰਾਇਤੀ ਫ਼ਤਹਿ ‘ਚ ਇਕ ਲੁਕਵੀਂ ਹਾਰ ਵੀ ਦਿਸੀ। ਭਾਰਾ ਮਾਲੀਆ ਤਾਰਨ ਲਈ ਕਿਰਸਾਨ ਦਿਨ ਰਾਤ ਮਿਹਨਤ ਕਰਦਾ ਪਰ ਫਿਰ ਵੀ ਸ਼ਾਹੂਕਾਰਾਂ ਦੇ ਕਰਜ਼ੇ ਦੀ ਮਾਰ ਸਹਿੰਦਾ। ਸ਼ਾਹੂਕਾਰ ਉਸਦੀ ਜ਼ਮੀਨ ਲਿਖਵਾ ਲੈਂਦਾ। ਨੈਨ ਸੁੱਖ ਇਸ ਬਾਰੇ ਲਿਖਦਾ ਹੈ ਕਿ ਚਨਾਬ ਕਾਲੋਨੀ ਵਿਚ ਅੰਗਰੇਜ਼ ਰਾਜ਼ ਦੇ ਖ਼ਿਲਾਫ਼ ਲਹਿਰਾਂ ਜਿਵੇਂ ਪਗੜੀ ਸੰਭਾਲ ਜੱਟਾ, ਕਿਰਤੀ ਕਿਸਾਨ ਚੱਲੀਆਂ। ਇਨ੍ਹਾਂ ਦੇ ਸਾਰੇ ਆਗੂ ਸਿੱਖ ਜੱਟ ਅਤੇ ਸਿੱਖ ਹਿੰਦੂ ਖ਼ਤਰੀ। ਜਿਨ੍ਹਾਂ ਨੂੰ ਅੰਗਰੇਜ਼ ਨੇ ਯਰਕਾਇਆ ਵੀ ਤੇ ਲਾਲਚ ਵੀ ਦਿੱਤੇ। ਯਰਕਾਇਆ ਇੰਝ ਕਿ ਮਜਹਬੀ ਸਿੱਖ ਜਿਹੜੇ ਕਿਰਸ਼ਚਨ ਹੋ ਕੇ ਫ਼ੌਜ ਵਿਚ ਭਰਤੀ ਹੋਏ, ਉਨ੍ਹਾਂ ਨੂੰ ਕਾਸ਼ਤਕਾਰ ਦਾ ਦਰਜਾ ਦੇ ਕੇ ਪੂਰੇ ਤਿੰਨ ਚੱਲ ਅਲਾਟ ਕਰ ਦਿੱਤੇ। ਇਹ ਅਲਾਟੀਜ਼ 23ਵੀਂ, 32ਵੀਂ ਅਤੇ 34ਵੀਂ ਰੈਜਮੈਂਟ ਦੇ ਸਨੈਟਰੀ ਵਰਕਰਜ਼ ਸਨ। ਸਿੱਖ ਜੱਟਾਂ ਅਤੇ ਖੱਤਰੀਆਂ ਅਛੂਤ ਮਜਹਬੀ ਸਿੱਖ ਕਾਸ਼ਤਕਾਰ ਬਣੇ ਬੜੇ ਚੁਭੇ। ਏਸ ਪਰੇਸ਼ਾਨੀ ਨਾਲ ਇਕ ਖ਼ੁਸ਼ਖ਼ਬਰੀ ਵੀ ਮਿਲੀ ਕਿ ਕਾਬਜ਼ ਮਜ਼ਾਰਿਆਂ ਨੂੰ ਮਾਲਕਾਨਾਂ ਹੱਕ ਮਿਲ ਗਿਆ। ਆਬਾਦਕਾਰਾਂ ਦੀ ਕਰਜ਼ੇ ਦੇ ਮਸਲੇ ਦਾ ਤੋੜ ਹਕੂਮਤ ਨੇ ਪੰਜਾਬ ਲਾਅਜ਼ ਐਕਟ 1872 ਦੀਆਂ ਕੁਝ ਮਦਾਂ ‘ਚ ਤਰਮੀਮ ਕਰ ‘ਦਾ ਲੈਂਡ ਏਲੀਏਸ਼ਨ ਐਕਟ-1901’ ਬਣਾਇਆ। ਇਸ ਅਨੁਸਾਰ ਗ਼ੈਰ ਕਾਸ਼ਤਕਾਰ ਜਾਤਾਂ ਨੂੰ ਜ਼ਮੀਨ ਦੇ ਮਾਲਿਕਾਨਾ ਹੱਕ ਨਹੀਂ ਹੋਣਗੇ। ਅੰਦੋਲਨਕਾਰੀ ਕਿਰਸਾਨਾਂ ਦੀਆਂ ਮੁਸ਼ਕਿਲਾਂ ਦਾ ਆਰਜ਼ੀ ਹੱਲ ਤਾਂ ਨਿਕਲ ਗਿਆ ਪਰ ਇਸਦੇ ਦੂਰਭਾਵੀ ਦੁਰਪ੍ਰਭਾਵ ਇਹ ਨਿਕਲਿਆ ਕਿ ਗ਼ੈਰਕਾਸ਼ਤਕਾਰ ਜਾਤਾਂ ਦਾ ਘਰ ਬਣਾਉਣ ਤੱਕ ਲਈ ਜ਼ਮੀਨ ਦਾ ਮਾਲਿਕਾਨਾ ਹੱਕ ਖੋਹ ਹੋ ਗਿਆ।
ਹੌਲ਼ੀ-ਹੌਲ਼ੀ ਇਨ੍ਹਾਂ ਨਹਿਰੀ ਬਸਤੀਆਂ ਵਿਚ ਕਣਕ ਅਤੇ ਕਪਾਹ ਦੀ ਖੇਤੀ ਨੇ ਫ਼ਸਲੀ ਝਾੜ ‘ਚ ਖੜੋਤ ਆਉਣੀ ਸ਼ੁਰੂ ਹੋ ਗਈ। ਜ਼ਮੀਨ ਦੀ ਉਤਪਾਦਕਤਾ ਨਾਈਟਰੋਜਨ, ਕਾਰਬਨ ਡਾਇਕਸਾਈਡ ਅਤੇ ਪੱਤਿਆਂ ਅਤੇ ਮੱਲ਼੍ਹੇ ਝਾੜੀਆਂ ਤੋਂ ਪੈਦਾ ਹੋਣ ਵਾਲੀ ਕੁਦਰਤੀ ਖਾਦ ਦੀ ਕਮੀ ਕਾਰਨ ਘਟਣ ਲੱਗੀ। ਰੂੜੀ ਵਾਲੀ ਖਾਦ ਦੀ ਕਮੀ ਕਾਰਨ ਜ਼ਮੀਨ ਦਾ ਸਿਹਤ ਸੰਕਟ ਹੋਰ ਗਹਿਰਾ ਹੁੰਦਾ ਗਿਆ। ਕਈ ਵਾਰ ਨਹਿਰਾਂ ‘ਚ ਪਾਣੀ ਦੀ ਪੂਰਤੀ ਪੂਰੀ ਨਾ ਹੁੰਦੀ। ਖੇਤੀ ਮਜ਼ਦੂਰ ਨਾ ਮਿਲਣ ਕਾਰਨ ਅਤੇ ਕਿਰਸਾਨੀ ਟੱਬਰਾਂ ‘ਚ ਬੰਦਿਆਂ ਦੀ ਕਮੀ ਵੀ ਵੱਡੀ ਸਮੱਸਿਆ ਸੀ। ਉਪਰੋਂ ਹਕੂਮਤ ਵੱਲੋਂ ਮਾਲੀਆ ਉਗਰਾਹੀ ਸਖ਼ਤ ਹੋਣ ਕਾਰਨ ਕਿਰਸਾਨਾਂ ਵਿਚ ਰੋਸ ਵਿਆਪਤ ਹੋਣ ਲੱਗਾ। ਇਸ ਜਨਤਕ ਰੋਸ ਨਾਲ ਨਜਿੱਠਣ ਲਈ ਹਕੂਮਤ ਵੱਲੋਂ 1906 ਵਿਚ ਪੰਜਾਬ ਲੈਂਡ ਕੋਲੋਨਾਈਜ਼ੇਸ਼ਨ ਐਕਟ 1893 ਵਿਚ ਤਰਮੀਮਾਂ ਕਰਕੇ ਇਸਨੂੰ ਹੋਰ ਸਖ਼ਤ ਬਣਾਇਆ ਗਿਆ ਤਾਂ ਕਿ ਸਰਕਾਰੀ ਹੁਕਮਾਂ ਦਾ ਉਲੰਘਣ ਕਰਨ ਵਾਲਿਆਂ ਵਿਰੁਧ ਕਾਰਵਾਈ ਕਰ ਜੁਰਮਾਨੇ, ਜ਼ਬਤੀ ਅਤੇ ਸਜ਼ਾ ਦੀਆਂ ਮਦਾਂ ਜੋੜੀਆਂ ਗਈਆਂ ਤਾਂ ਕਿ ਕਿਰਸਾਨ ਖ਼ਾਸ ਤਰ੍ਹਾਂ ਦੀਆਂ ਹੀ ਫ਼ਸਲਾਂ ਬੀਜਣ ਜਾਂ ਦਰੱਖ਼ਤ ਲਾਉਣ, ਫ਼ੌਜ ਦੀ ਸਪਲਾਈ ਲਈ ਘੋੜ ਪਾਲਣ ਅਤੇ ਪਲੇਠਾ ਪੁੱਤ ਨਾ ਹੋਣ ਤੇ ਜ਼ਮੀਨ ਦਾ ਮਾਲਕਾਨਾਂ ਹੱਕ ਨੂੰ ਜ਼ਬਤ ਕੀਤਾ ਜਾ ਸਕੇ। ਰਾਵਲਪਿੰਡੀ ਅਤੇ ਅਤੇ ਲਾਹੌਰ ਡਵੀਜ਼ਨਾਂ ਵਿਚ ਇਸੇ ਹੀ ਪੰਜਾਬੀ ਸਮਾਜ ਵਿਚੋਂ ਪਹਿਲੀ ਅਤੇ ਦੂਜੀ ਆਲਮੀ ਜੰਗ ਵਿਚ 10-15 ਲੱਖ ਨੌਜਵਾਨ ਭਰਤੀ ਕੀਤਾ ਗਿਆ।
ਪੰਜਾਬ ਨੂੰ ਬਰਤਾਨਵੀ ਸਾਮਰਾਜ ਦੇ ਇਕ ਵਫ਼ਾਦਾਰ ਸੂਬੇ ਵਜੋਂ ਜਾਣਿਆਂ ਜਾਂਦਾ ਸੀ। ਇਸ਼ਤਿਆਕ ਅਹਿਮਦ ਆਪਣੀ ਕਿਤਾਬ ‘“he Punjab : 2loodied, Partitioned and 3leansed’ ਵਿਚ ਲਿਖਦਾ ਹੈ ਕਿ ਬਰਤਾਨਵੀ ਹਕੂਮਤ ਨੇ ਗਵਰਨਰ ਨੂੰ ਧੁਰੇ ਵਿਚ ਰੱਖਦੇ ਹੋਏ ਧਰਮਾਂ ਜਾਤਾਂ ਦੀਆਂ ਹੱਦਾਂ ਨੂੰ ਲੰਘਦਿਆਂ ਸਰਪ੍ਰਸਤੀ ਦਾ ਇਕ ਵਿਆਪਕ ਨਿਜ਼ਾਮ ਸਥਾਪਿਤ ਕੀਤਾ ਹੋਇਆ ਸੀ। ਇਹ ਪ੍ਰਬੰਧ ਸਾਫ਼ ਤੌਰ ‘ਤੇ ਦਿਹਾਤੀ ਬਰਗਾਂ ਦੇ ਪੱਖ ਵਿਚ ਸੀ। ਇਸ ਤਰ੍ਹਾਂ 1901 ਦੇ ‘ਪੰਜਾਬ ਲੈਂਡ ਏਲੀਏਨੇਸ਼ਨ ਐਕਟ ਨੇ ਪੰਜਾਬ ਦੀਆ ਜਾਤਾਂ ਨੂੰ ਦੋ ਸ਼੍ਰੇਣੀਆਂ ਵਿਚ ਵੰਡ ਦਿੱਤਾ-ਖੇਤੀਬਾੜੀ ਕਰਨ ਵਾਲੀ ਅਤੇ ਖੇਤੀਬਾੜੀ ਨਾ ਕਰਨ ਵਾਲੀ। ਇਸ ਕਾਨੂੰਨ ਦੀਆਂ ਸ਼ਰਤਾਂ ਅਧੀਨ ਖੇਤੀਬਾੜੀ ਨਾ ਕਰਨ ਵਾਲੀਆਂ ਜਾਤਾਂ ਨੂੰ ਖੇਤੀਬਾੜੀ ਵਾਲੀ ਜ਼ਮੀਨ ਲੈਣ ਦੀ ਮਨਾਹੀ ਸੀ। ਇਸ ਕਾਰਨ, ਦਿਹਾਤੀ ਖੇਤੀਬਾੜੀ ਕਰਨ ਵਾਲੀਆਂ ਜਾਤਾਂ ਅਤੇ ਜਮਾਤਾਂ ਦੀ ਤਾਕਤ ਅਤੇ ਰਸੂਖ਼ਸਮੁੱਚੇ ਪੰਜਾਬ ਉਪਰ ਹਾਵੀ ਹੋ ਗਿਆ। ਇਸ ਦੇ ਬਦਲੇ ਵਿਚ ਉਨ੍ਹਾਂ ਨੇ ਆਪਣੇ ਰਸੂਖ਼ ਵਾਲੇ ਇਲਾਕਿਆਂ ਵਿਚੋਂ ਬਰਤਾਨਵੀ ਫ਼ੌਜ ਲਈ ਸਿਪਾਹੀ ਮੁਹੱਈਆ ਕਰਵਾਏ। ਪੰਜਾਬ ਹਿੰਦੋਸਤਾਨ ਦੀ ਫ਼ੌਜ ਲਈ ਅੱਧੇ ਤੋਂ ਵੱਧ ਸਿਪਾਹੀ ਭੇਜਦਾ ਸੀ। ਇਸ ਨੇ ਦੋਵੇਂ ਜੰਗਾਂ ਦੌਰਾਨ ਜੰਗ ਦੀ ਮਦਦ ਲਈ ਵੱਡੀ ਆਰਥਿਕ ਮਦਦ ਵੀ ਕੀਤੀ।
ਨੀਲਾਦਰੀ ਭੱਟਾਚਾਰੀਆ ਨੇ ਆਪਣੀ ਖੋਜ ਦਾ ਨਿਸ਼ਕਰਸ਼ ਇਕ ਹੋਰ ਕਿਤਾਬ ‘1t 6eedom’s 4oor’ ਨਾਲ ਕੀਤਾ, ਜੋ ਮੈਲਕਮ ਡਾਰਲਿੰਗ ਨੇ ਹੈਨਰੀ ਲਾਰੈਂਸ ਵਾਂਗ ਆਪਣੀ 1946-47 ‘ਚ ਘੋੜ ਸਵਾਰੀ ਰਾਹੀਂ ਉੱਤਰੀ ਭਾਰਤ ਦੀ ਯਾਤਰਾ ਕਰਦਿਆਂ ਆਮ ਲੋਕਾਂ ਨਾਲ ਹੋਏ ਸੰਵਾਦ ਤੋਂ ਬਾਅਦ ਲਿਖੀ। ਇਸ ਸੰਵਾਦ ਵਿਚ ਉਸ ਨੇ ਪਾਇਆ ਕਿ ਲੋਕਾਂ ‘ਚ ਅੰਗਰੇਜ਼ ਹਕੂਮਤ ਵੱਲੋਂ ਵਿੱਢੇ ਗਏ ਕੈਨਾਲ ਕਾਲੋਨੀਜ਼ ਪ੍ਰੋਜੈਕਟ ਕਾਰਨ ਕਾਫ਼ੀ ਰੋਸ ਹੈ। ਉਹ ਬਾਹਰੋਂ ਤਾਂ ਸਮ੍ਿਰਧ ਦਿਖਾਈ ਦਿੰਦੇ ਹਨ ਪਰ ਆਪਣੇ ਹਾਵ ਭਾਵ ਤੋਂ ਅੰਗਰੇਜ਼ ਹਕੂਮਤ ਤੋਂ ਆਜ਼ਾਦ ਹੋਣਾ ਚਾਹੁੰਦੇ ਹਨ। ਮੈਲਕਮ ਡਾਰਲਿੰਗ ਅਨੁਸਾਰ ਇਸ ਦਾ ਪਹਿਲਾ ਕਾਰਨ ਸ਼ਾਇਦ ਇਹ ਹੈ ਕਿ ਬਾਰਾਂ ਦੀ ਕੁਦਰਤੀ ਬਨਸਪਤੀ ਇਨ੍ਹਾਂ ਕਾਰਨ ਬਰਬਾਦ ਹੋਈ। ਦੂਜਾ ਜ਼ਮੀਨ ‘ਚ ਵਾਧੂ ਪਾਣੀ ਕਾਰਨ ਕੱਲਰ ਅਤੇ ਲੂਣ ਦੀ ਮਾਤਰਾ ਬਹੁਤ ਗਈ। ਬਹੁਤ ਸਾਰੇ ਇਲਾਕੇ ਸੇਮ ਦੀ ਮਾਰ ਹੇਠ ਆ ਗਏ। ਕਈ ਥਾਂ ਸਲ੍ਹਾਬ ਕਾਰਨ ਦਲਦਲੀ ਹੋ ਗਏ। ਕਈ ਇਲਾਕਿਆਂ ‘ਚ ਨਹਿਰਾਂ ‘ਚ ਪਾਣੀ ਦਾ ਲਗਾਤਾਰ ਵਹਿਣ ਨਾ ਹੋਣ ਕਾਰਨ ਫ਼ਸਲਾਂ ਮਾਰੀਆਂ ਜਾਂਦੀਆਂ। ਪਾਣੀ ਦੀ ਵਾਰੀ ਤੋਂ ਆਪਸੀ ਝਗੜੇ ਵੱਧ ਜਾਣ ‘ਤੇ ਕਤਲ ਵੀ ਹੋ ਜਾਂਦੇ। ਫ਼ਸਲੀ ਚੱਕਰ ਦੇ ਦੁਹਰਾਓ ਕਾਰਨ ਫ਼ਸਲੀ ਝਾੜ ਵਿਚ ਲਗਾਤਾਰ ਖੜੋਤ ਆ ਗਈ। ਅੰਤ ਜਦੋਂ ਪੰਜਾਬ ਦੇ ਮੁੱਖ ਜ਼ਿਲ੍ਹਿਆਂ ਜਿਵੇਂ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਦੇ ਇਲਾਕਿਆਂ ਦੇ ਫ਼ਸਲੀ ਝਾੜ ਅਤੇ ਮੁਨਾਫ਼ੇ ਦੀ ਤੁਲਨਾ ਨਵੀਆਂ ਨਹਿਰੀ ਕਾਲੋਨੀਆਂ ਨਾਲ ਕੀਤੀ ਗਈ ਤਾਂ ਦੇਖਿਆ ਗਿਆ ਕਿ ਪੁਰਾਣੇ ਇਲਾਕੇ ਹਰ ਮਦ ਵਿਚ ਅੱਗੇ ਸਨ। ਦੂਜਾ ਅੰਗਰੇਜ਼ ਹਕੂਮਤ ਵੱਲੋਂ ਲਾਗੂ ਕੀਤੇ ਸਖ਼ਤ ਨੇਮਾਂ, ਪਾਬੰਦੀਆਂ, ਸਜ਼ਾਵਾਂ ਅਤੇ ਜ਼ਬਤੀਆਂ ਦੇ ਪਿਤਰਕੀ ਰਵੱਈਏ ਕਾਰਨ ਵੀ ਲੋਕ ਹਕੂਮਤ ਤੋਂ ਅਸੰਤੁਸ਼ਟ ਸਨ।
ਪੰਜਾਬ ਦੀਆਂ ਬਾਰਾਂ ਨੂੰ ਨਹਿਰੀ ਕਾਲੋਨੀਆਂ ‘ਚ ਬਦਲਣਾ ਆਧੁਨਿਕਤਾ ਦਾ ਸਿਰਫ਼ ਹਕੂਮਤੀ ਬਦਲਾਓ ਨਹੀਂ ਸੀ। ਇਸ ਨੇ ਪੰਜਾਬੀ ਸਮਾਜ, ਧਰਮ, ਅਰਥਚਾਰੇ, ਨਿਆਂ, ਕਾਨੂੰਨ, ਭਾਸ਼ਾ, ਰਹਿਣ ਸਹਿਣ ਅਤੇ ਸੱਭਿਆਚਾਰ ‘ਤੇ ਵੀ ਪ੍ਰਭਾਵ ਪਾਇਆ। ਇਸੇ ਵਿਚੋਂ ਅੱਗੇ ਚੱਲ ਕੇ ਕਈ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਲਹਿਰਾਂ ਉੱਠੀਆਂ। ਇਨ੍ਹਾਂ ਨੇ ਪੰਜਾਬ ਦੇ ਭਵਿੱਖ ‘ਤੇ ਡੂੰਘੀ ਛਾਪ ਛੱਡੀ। ਇਹ ਤਬਦੀਲੀ ਸਹਿਜ ਭਾਅ ਹੇਠੋਂ ਹੋਲ਼ੀ ਹੋਲ਼ੀ ਨਹੀਂ ਸ਼ੁਰੂ ਹੋਈ, ਬਲਕਿ ਆਧੁਨਿਕਤਾ ਦੇ ਮਹਾਨ ਪ੍ਰੋਜੈਕਟ ਹੇਠ ਉਪਰੋਂ ਠੋਸੀ ਗਈ ਤਾਂ ਕਿ ਬਸਤੀਵਾਦ ਦੇ ਸਾਮਰਾਜੀ ਹਿੱਤਾਂ ਦੀ ਪੁਸ਼ਤਪਨਾਹੀ ਕੀਤੀ ਜਾ ਸਕੇ। ਸ਼ਾਇਦ ਪੰਜਾਬ ਨੇ ਇਸ ਤਰ੍ਹਾਂ ਦਾ ਪਰਿਵਰਤਨ ਪਹਿਲਾਂ ਨਹੀਂ ਸੀ ਤੱਕਿਆ। ਅੱਜ ਵੀ ਇੱਕਵੀਂ ਸਦੀ ਦਾ ਪੰਜਾਬ ਏਸੇ ਤਰ੍ਹਾਂ ਦੇ ਨਵਬਸਤੀਵਾਦੀ ਹਿੱਤਾਂ ਦੀ ਪੂਰਤੀ ਹਿੱਤ ਦਿੱਖ-ਅਦਿੱਖ ਤਾਕਤਾਂ ਦੇ ਨਿਸ਼ਾਨੇ ‘ਤੇ ਹੈ।
ਨੀਲਾਦਰੀ ਭੱਟਾਚਾਰੀਆ ਦੀ ਇਸ ਖੋਜ ਅਤੇ ਵਿਸ਼ਲੇਸ਼ਣ ਰਾਹੀਂ ਇਹ ਸਿੱਟਾ ਨਿਕਲਦਾ ਹੈ। ਕਿਸੇ ਵੀ ਖੇਤਰ ਵਿਚ ਦੋ ਢੰਗ ਨਾਲ ਬਦਲਾਓ ਲਿਆਂਦਾ ਜਾ ਸਕਦਾ ਹੈ। ਇਕ ਬਦਲਾਓ ਜ਼ਮੀਨੀ ਸਤੱਹ ਤੋਂ ਉਪਰ ਵੱਲ ਹੌਲ਼ੀ-ਹੌਲ਼ੀ ਜਾ ਕੇ ਪੂਰੀ ਬਣਤਰ ਨੂੰ ਬਦਲਣ ‘ਚ ਸਹਾਈ ਹੁੰਦਾ ਹੈ। ਦੂਜਾ ਬਦਲਾਓ ਉਪਰੋਂ ਠੋਸਿਆ ਜਾਂਦਾ ਹੈ ਜੋ ਕਿ ਅੰਤ ਨੂੰ ਵਿਰੋਧ ਉਤਪਾਦਨੀ ਹੋ ਨਿਬੜਦਾ ਹੈ। ਅੰਗਰੇਜ਼ ਹਕੂਮਤ ਦੀ ਪੰਜਾਬ ਦੇ ਦਿਹਾਤ ਦੀ ਦੁਨੀਆ ਦੀ ਬਸਤੀਕਾਰੀ ਘਾੜਤ ਹਿੱਤ ਕੀਤੀ ਵੱਡੀ ਜ਼ਰਾਇਤੀ ਜਿੱਤ ਨਾਲ ਸ਼ਾਇਦ ਅਜਿਹਾ ਹੀ ਕੁਝ ਵਾਪਰਿਆ। ਆਧੁਨਿਕਤਾ ਦੇ ਵਿਕਾਸ ਦੇ ਵਾਅਦਿਆਂ ਵਿਚ ਕੁਝ ਅੰਤਰ ਨਿਹਿਤ ਵਿਧੀ-ਵਿਰੋਧ ਪਏ ਹੁੰਦੇ ਹਨ, ਜੋ ਓਪਰੀ ਨਜ਼ਰੇ ਦਿੱਸੇ ਨਹੀਂ ਪਰ ਉਨ੍ਹਾਂ ਦੇ ਦੁਰਪ੍ਰਭਾਵ ਅਤੇ ਦੁਸ਼ਪਰਿਣਾਮ ਬੜੇ ਦੂਰਗਾਮੀ ਹੁੰਦੇ ਹਨ ਅਤੇ ਉਨ੍ਹਾਂ ਦਾ ਪਤਾ ਆਉਣ ਵਾਲੇ ਸਮਿਆਂ ਨੂੰ ਝੱਲਣਾ ਪੈਂਦਾ ਹੈ।