ਆਸ
ਆਸ
ਇਹ ਡਾਂਗਾਂ
ਸਿਰਫ਼ ਡਿਗਰੀਆਂ
ਕਰ ਰਹੇ
ਜਾਂ ਡਿਗਰੀਆਂ ਕਰਕੇ
ਰੁਜ਼ਗਾਰ ਮੰਗ ਰਹੇ
ਮੇਰੇ ਭਰਾਵਾਂ ਦੇ
ਹੀ ਨਹੀਂ ਵੱਜਦੀਆਂ!
ਇਨ੍ਹਾਂ ਦੀ ਟੀਸ
ਸ਼ਹਿਰ ਦੇ ਅੱਤ ਮਹਿੰਗੇ
ਸਕੂਲ ਦੀ
ਪ੍ਰੀ ਨਰਸਰੀ ਵਿੱਚ
ਦਾਖ਼ਲ ਕਰਵਾਏ
ਮੇਰੇ ਪੁੱਤਰ ਤੱਕ ਵੀ
ਪਹੁੰਚੀ ਹੈ।
ਜਿਸਤੋਂ ਮੈਂ
ਆਪਣਾ ਢਿੱਡ ਬੰਨ੍ਹ
ਸੁਨਹਿਰੀ
ਭਵਿੱਖ ਦੀ
ਆਸ ਲਗਾਈ
ਬੈਠਾ ਹਾਂ ।
ਦੰਦੀ
ਦੰਦੀ
ਉਹ
ਜਦ ਵੀ
ਗੁੱਸੇ ਵਿੱਚ
ਉੱਚਾ-ਨੀਵਾਂ
ਬੋਲ ਜਾਂਦੀ ਹੈ,
ਤਾਂ……
ਸ਼ਾਂਤ ਹੋ
ਪੁੱਛਦੀ ਹੈ
ਤੁਸੀਂ ਮੇਰਾ
ਗੁੱਸਾ ਤਾਂ ‘ਨੀ ਕੀਤਾ?
ਮੈਂ ਅੱਗੋਂ
ਹੱਸ ਕੇ
ਆਖਦਾ ਹਾਂ
ਕਮਲੀਏ!
ਆਪਣੇ ਦੰਦਾਂ ਦੁਆਰਾ
ਜੀਭ ਤੇ
ਵੱਢੀ ਦੰਦੀ ਦਾ
ਭਲਾਂ,
ਕੌਣ ਗੁੱਸਾ
ਕਰਦਾ ਹੁੰਦਾ ?
ਸ਼ਕਤੀ ਦਾ ਸੰਤੁਲਨ
ਅਸੀਂ,
ਇਹ ਜਾਣਦੇ ਹੋਏ
ਕਿ
ਕਿਸੇ ਵੀ ਰਿਸ਼ਤੇ ਵਿੱਚ
ਸੰਤੁਲਨ ਬਣਾਉਣ ਦੀ
ਮੂਲ ਤਾਕਤ ਹੈ
ਸੰਵਾਦ!
ਹਿੰਸਾ ਨੂੰ ਕਰ ਖਾਰਿਜ
ਹਉੰ ਨੂੰ ਕਰਾ ਚੁੱਪ
ਸਾਂਝੇ ਟੀਚਿਆਂ ਨੂੰ ਕਰ ਪੂਰਾ
ਸ਼ਕਤੀ ਨੂੰ ਕਰ ਸੰਤੁਲਿਤ
ਸੰਘਰਸ਼ ਨੂੰ ਮਘਾ
ਆ ਇੱਕ ਦੂਜੇ ਤੋਂ ਸਿੱਖੀਏ
ਮਾਮਲੇ ਗੁੰਝਲਦਾਰ ਵੀ ਹੋਣਗੇ
ਪਰ ਮੁਹੱਬਤ ਜਨੂੰਨ
ਹੋਵੇ ਜਿਸ ਕੋਲ
ਉਹ ਕਰ ਹੀ ਲੈੰਦੇ ਨੇ
ਹਰ ਅਸਾਵੇਂ ਪਲ ‘ਚ
ਜ਼ਿੰਦਗੀ ਨੂੰ ਸਾਵੀੰ
ਵੱਖ-ਵੱਖ
ਦ੍ਰਿਸ਼ਟੀਕੋਣਾਂ ਦਾ ਦਖ਼ਲ
ਹੋਰ ਕਿਤੇ ਵੀ ਹੋ ਸਕਦੈ
ਪਰ!
ਮੁਹੱਬਤ ਹੈ ਸਦਾ ਜਿਉੰ ਬ੍ਰਹਿਮੰਡ
ਨਿਰ-ਉਚੇਚ
ਨਿਰ-ਸਵਾਰਥ
ਨਿਰ-ਵਿਰੋਧ
ਆ ਮਹਿਰਮ
ਮੁਹੱਬਤੀ ਧੁਨ ਨੂੰ
ਗਾਈਏ ਵਾਰ-ਵਾਰ
ਤੇ ਲੰਘ ਜਾਈਏ
ਇਸ ਧਰਤ ਤੋਂ ਪਾਰ
ਜਿਸ ਧਰਤ ਹੋਵੇ
ਪਿਆਰ!
ਬਸ ਪਿਆਰ !!
ਮੇਰੇ ਹਵਾਲੇ
ਤੇਰੇ ਮੁੱਖ ਦਾ
ਪਿਆ ਝਲਕਾਰਾ
ਚੰਨਾ ਵੇ ਸਾਡੀ
ਹਉਂ ਟੁੱਟ ਗਈ…
ਮੱਥੇ ਲੱਗਿਐਂ
ਬੰਦੇ ਦੀ ਜੂਨੀ
ਤੂੰ ਅਸਲੋਂ
ਫ਼ਕੀਰ ਮਹਿਰਮਾ…
ਮਾਹੀ ਸਾਡਿਆਂ ਰਾਹਾਂ ‘ਚੋਂ
ਜਦ ਲੰਘਿਆ
ਬਹਿਸ਼ਤਾਂ ਦੇ
ਰਾਹ ਖੁੱਲ੍ਹ ਗਏ…
ਦੇਵੇ ਵੰਝਲੀ ਦੀ
ਹੂਕ ਸੁਣਾਈ
ਦਰਾਂ ਲੈ ਆ
ਖ਼ੈਰ ਅੰਮੀਏਂ…
ਤੇਰੇ ਹਾਸਿਆਂ ਦੀ
ਸੁਣ ਛਣਕਾਰ
ਵੇ ਝਾਂਜਰਾਂ ਦੀ ਲੋੜ ਨਾ ਰਹੀ…
ਤੇਰੇ ਹਾਸਿਆਂ ਦੇ
ਮਹਿਕਦੇ ਗੁਲਾਬ
ਚੰਨਾਂ ਵੇ ਸਾਡੇ ਨਾਂ ਕਰਦੇ…
ਤੇਰੇ ਹਾਸਿਆਂ ਦੀ
ਹੋਈ ਹਾਂ ਮੁਰੀਦ
ਤੱਕਣੇ ਨੂੰ ਰਹਾਂ ਮਰਦੀ…
ਤੇਰੇ ਹਾਸਿਆਂ ਦੀ
ਮੰਗਾਂ ਮੈਂ ਸਲਾਮਤੀ
ਪੀਰਾਂ ਦੇ ਦਰ ਖੜ੍ਹ-ਖੜ੍ਹ ਕੇ…
ਤੇਰੇ ਹਾਸਿਆਂ ਦੀ
ਪੱਟੀ ਹੋਈ ਮਿੱਤਰਾ
ਮੈਂ ਹੋ ਕੇ ਰਹਿਗੀ ਤੇਰੇ ਪਿੰਡ ਦੀ…
Read more
ਫ਼ੈਜ਼ ਅਹਿਮਦ ਫ਼ੈਜ਼
ਸਾਹਿਰ ਲੁਧਿਆਣਵੀ
ਫ਼ਹਮੀਦਾ ਰਿਆਜ਼