February 6, 2025

ਕੈਨੇਡੀਅਨ ਫੌਜ ਦੇ ਪਹਿਲੇ ਸਿੱਖ ਸ਼ਹੀਦ ਬੁੱਕਮ ਸਿੰਘ

ਡਾ: ਕੁਲਜੀਤ ਸਿੰਘ ਜੰਜੂਆ
 (416) 473-7283


ਬੁੱਕਮ ਸਿੰਘ (ਅਸਲੀ ਨਾਮ ਬੁੱਕਣ ਸਿੰਘ) ਦਾ ਜਨਮ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਾਹਿਲਪੁਰ ਵਿਖੇ  5 ਦਸੰਬਰ, 1893 ਨੂੰ ਜੱਟ ਸਿੱਖ ਪਰਿਵਾਰ ‘ਚ ਮਾਤਾ ਸ੍ਰੀਮਤੀ ਚੰਦੀ ਕੌਰ ਅਤੇ ਪਿਤਾ ਸ: ਬੱਧਣ ਸਿੰਘ ਬੈਂਸ ਦੇ  ਘਰ ਹੋਇਆ। ਮਾਹਿਲਪੁਰ ਪਿੰਡ ਹੁਸ਼ਿਆਰਪੁਰ ਤੋਂ ਤਕਰੀਬਨ ਪੰਦਰਾਂ ਮੀਲ ਦੀ ਦੂਰੀ ਤੇ ਹੁਸ਼ਿਆਰਪੁਰ-ਗੜ੍ਹਸ਼ੰਕਰ ਸੜਕ ਉੱਤੇ ਵਾਕਿਆ ਹੈ। ਪੰਜਾਬ ਦੇ ਬਹੁਤੇ ਪਰਿਵਾਰਾਂ ਵਾਂਗ ਬੁੱਕਮ ਸਿੰਘ ਦੇ ਪਰਿਵਾਰ ਦਾ ਮੁੱਖ ਕਿੱਤਾ ਵੀ  ਖੇਤੀਬਾੜੀ ਹੀ ਸੀ। ਉਸ ਸਮੇਂ ਦੇ ਪ੍ਰਚਲਤ ਰਿਵਾਜ਼ਾਂ ਅਨੁਸਾਰ ਸਿੱਖ ਪਰਿਵਾਰਾਂ ਵਿੱਚ ਵੀ ਬੱਚੇ-ਬੱਚੀਆਂ ਦੇ ਵਿਆਹ  ਛੋਟੀ ਉਮਰੇ ਹੀ ਕਰ ਦਿੱਤੇ ਜਾਂਦੇ ਸਨ। ਬੁੱਕਮ ਸਿੰਘ ਦਾ ਵਿਆਹ ਵੀ, 10 ਸਾਲ ਦੀ ਉਮਰ ਵਿੱਚ, ਸੰਨ 1903 ਦੇ  ਮਾਰਚ ਮਹੀਨੇ ‘ਚ ਜਿਲ੍ਹਾ ਜਲੰਧਰ ਦੇ ਪਿੰਡ ਜਮਸ਼ੇਰ ਦੇ ਸ: ਨਿਹਾਲ ਸਿੰਘ ਗਿੱਲ ਦੀ ਪੋਤਰੀ ਅਤੇ ਸ: ਭਗਵਾਨ  ਸਿੰਘ ਗਿੱਲ ਦੀ ਲੜਕੀ, ਬੀਬੀ ਪ੍ਰੀਤਮ ਕੌਰ ਨਾਲ ਹੋ ਗਿਆ ਸੀ। ਉਨ੍ਹੀਂ ਦਿਨੀਂ ਮਾਪੇ ਇੰਨ੍ਹੀ ਛੋਟੀ ਉਮਰ ‘ਚ ਆਪਣੇ  ਬੱਚਿਆਂ ਦੇ ਵਿਆਹ ਕੇਵਲ ਉਨ੍ਹਾਂ ਨੂੰ ਰਿਸ਼ਤੇ ਦੇ ਬੰਧਨ ਵਿੱਚ ਬੰਨ੍ਹਣ ਲਈ ਹੀ ਕਰਦੇ ਸਨ। ਬੰਧਨ ਬੰਨ੍ਹਣ ਪਿੱਛੋਂ ਕੁੜੀ ਦਾ ਮੁਕਲਾਵਾ ਉਸ ਵੇਲੇ ਦਿੱਤਾ ਜਾਂਦਾ ਸੀ, ਜਦੋਂ ਮੁੰਡਾ ਤੇ ਕੁੜੀ ਦੋਵੇਂ ਗ੍ਰਹਿਸਤ ਆਸ਼ਰਮ ਵਿਚ ਪ੍ਰਵੇਸ਼ ਕਰਨ ਦੀ  ਉਮਰ ਦੇ ਹੋ ਜਾਂਦੇ ਸਨ।
ਜਦੋਂ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ‘ਚ ਅਮਰੀਕਾ ਅਤੇ ਕੈਨੇਡਾ ਦੀ ਅਮੀਰੀ ਅਤੇ ਉਥੇ ਦੇ ਰੁਜਗਾਰ ਦੀਆਂ ਗੱਲਾਂ ਚੱਲੀਆਂ ਤਾਂ ਗਰੀਬੀ ਦੀ ਦਲ-ਦਲ ਵਿਚ ਫਸੀ ਸਿੱਖ ਕਿਸਾਨੀ ‘ਚ ਵੀ ਉਥੇ ਜਾ ਕੇ ਚੰਗੀਆਂ ਕਮਾਈਆਂ ਕਰਨ  ਦੀ ਲਾਲਸਾ ਨੇ ਜ਼ੋਰ ਫੜਿਆ। ਇਸ ਰੁਝਾਨ ਦਾ ਅਸਰ ਬੁੱਕਮ ਸਿੰਘ ‘ਤੇ ਵੀ ਹੋਇਆ। ਉਹ ਵੀ ਪੈਸੇ ਦਾ ਬੰਦੋਬਸਤ  ਕਰਕੇ 1907 ਵਿਚ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਪਹੁੰਚ ਗਿਆ। ਉਦੋਂ ਉਸ ਦੀ ਉਮਰ ਕੇਵਲ 14 ਸਾਲ ਹੀ  ਸੀ। ਉਨ੍ਹਾਂ ਦਿਨਾਂ ਵਿੱਚ ਕੈਨੇਡਾ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਆਪਣੇ ਪਰਿਵਾਰ ਨਾਲ ਲਿਆਉਣ ਦੀ ਇਜਾਜਤ ਨਹੀਂ ਸੀ। ਇਸ ਕਰਕੇ ਉਸਦੀ ਪਤਨੀ ਪ੍ਰੀਤਮ ਕੌਰ ਉਸ ਕੋਲ ਕੈਨੇਡਾ ਵਿੱਚ ਨਹੀਂ ਆ ਸਕਦੀ ਸੀ। ਕੁਝ ਸਾਲ ਬ੍ਰਿਟਿਸ਼  ਕੋਲੰਬੀਆ ਵਿੱਚ ਰਹਿਣ ਤੋਂ ਬਾਅਦ, ਸੰਨ 1912 – 1913 ਸਾਲ ਦੇ ਆਸਪਾਸ ਬੁੱਕਮ ਸਿੰਘ ਕੰਮ ਦੀ ਭਾਲ ਵਿੱਚ  ਟੋਰਾਂਟੋ ਪਹੁੰਚ ਗਿਆ। ਇੱਥੇ ਆ ਕੇ ਬੁੱਕਮ ਸਿੰਘ ਨੇ ਰੋਜ਼ਬੈਂਕ ਉਂਨਟਾਰੀਉ ਵਿਖੇ ਇੱਕ ਜਿਮੀਂਦਾਰ ਦੇ ਫਾਰਮ ‘ਤੇ ਕੰਮ ਲੱਭ ਲਿਆ।
5 ਅਗਸਤ 1914 ਨੂੰ ਜਦੋਂ ਕੈਨੇਡਾ ਬ੍ਰਿਟਿਸ਼ ਬਾਦਸ਼ਾਹਤ ਦਾ ਹਿੱਸਾ ਬਣਿਆ ਤਾਂ ਕੈਨੇਡਾ ਨੇ ਪਹਿਲੇ ਸੰਸਾਰ ਯੁੱਧ ਵਿਚ ਬਰਤਾਨਵੀ ਸਰਕਾਰ ਦਾ ਸਾਥ ਦੇਣ ਦਾ ਫੈਸਲਾ ਲਿਆ। ਕੈਨੇਡਾ ਭਰ ‘ਚ ਪਹਿਲੀ ਸੰਸਾਰ ਯੁੱਧ ਲਈ ਫੌਜ ‘ਚ  ਭਰਤੀ ਖੋਲ੍ਹ ਦਿੱਤੀ ਗਈ। ਉਧਰ ਹਿੰਦੁਸਤਾਨ ਵਿੱਚ ਵੀ ਅੰਗਰੇਜ਼ ਸਰਕਾਰ ਉਨ੍ਹਾਂ ਦਿਨਾਂ ਵਿੱਚ ਮਾਰਸ਼ਲ ਕੌਮਾਂ ਨੂੰ  ਫੌਜ ਵਿੱਚ ਭਰਤੀ ਕਰ ਰਹੀ ਸੀ। ਮਾਹਿਲਪੁਰ ਇਲਾਕੇ ‘ਚ ਸਿੱਖ ਰਾਜਪੂਤਾਂ ਅਤੇ ਜੱਟਾਂ ਦੀ ਘਣੀ ਵਸੋਂ ਹੋਣ ਕਰਕੇ  ਬਹੁਤ ਸਾਰੇ ਪਰਿਵਾਰਾਂ ‘ਚੋਂ ਨੌਜਵਾਨ, ਬਰਤਾਨਵੀ ਫੌਜ ਵਿੱਚ ਭਰਤੀ ਹੋ ਰਹੇ ਸਨ। ਉਸ ਦਾ ਅਸਰ ਬੁੱਕਮ ਸਿੰਘ ਤੇ  ਵੀ ਹੋਇਆ ਅਤੇ ਉਸ ਨੇ ਵੀ ਕੈਨੇਡਾ ਦੀ ਫੌਜ ਵਿੱਚ ਭਰਤੀ ਹੋਣ ਦਾ ਮਨ ਬਣਾ ਲਿਆ ਅਤੇ ਉਹ ਕੈਨੇਡਾ ਦੀ  ਅਭਿਆਨ ਫੌਜ ਦੀ ‘ਇੱਕ ਉਂਨਟਾਰੀਉ ਬਟਾਲੀਅਨ’ ਵਿੱਚ ਭਰਤੀ ਹੋ ਗਿਆ। ਇਹ ਸਾਲ 1915 ਦੀ ਬਸੰਤ ਰੁੱਤ  ਦਾ ਸਮਾਂ ਸੀ। ਜਦੋਂ ਲੜਾਈ ਲਈ ਕੈਨੇਡਾ ਦੀ ਫੌਜ ਨੂੰ ਸੱਦਾ ਆਇਆ ਤਾਂ ਉਹ ਕਿੰਗਸਟਨ ਬਟਾਲੀਅਨ ਦੇ ਨਾਲ ਪਹਿਲੇ ਸੰਸਾਰ ਯੁੱਧ

ਵਿੱਚ ਲੜਨ ਲਈ ਚਲਾ ਗਿਆ। ਸਾਲ 1916 ਵਿੱਚ ਈਪਰ (ਬੈਲਜ਼ੀਅਮ) ਵਿੱਚ ਫਲੈਂਡਰਸ ਦੇ  ਮੈਦਾਨਾਂ ਦੀ ਲੜਾਈ ਵਿੱਚ ਉਹ 20 ਕੈਨੇਡੀਅਨ ਇਨਫੈ੬ਟਰੀ ਬਟਾਲੀਅਨ ਵਲੋਂ ਮੈਦਾਨੇ ਜੰਗ ਵਿੱਚ ਲੜਿਆ।  ਫਲੈਂਡਰਸ ਵਿਖੇ ਉਹ ਦੋ ਵਾਰ, ਦੋ ਵੱਖ-ਵੱਖ ਲੜਾਈਆਂ ਵਿੱਚ ਜਖ਼ਮੀ ਹੋ ਗਿਆ ਸੀ। ਉੱਥੇ ਉਸ ਦਾ ਇਲਾਜ, ਡਾਕਟਰ ਲੈਫਟੀਨੈਂਟ ਕਰਨਲ ਜਾਨ ਮੈਕਕਰੇ, ਜੋ ਫਲੈਂਡਰਸ ਦੇ ਮੈਦਾਨਾਂ ਵਿੱਚ ਅਮਰ ਕਵਿਤਾ ਲਿਖਣ ਕਰਕੇ ਮਸ਼ਹੂਰ  ਹੈ, ਦੁਆਰਾ ਚਲਾਏ ਜਾਂਦੇ ਹਸਪਤਾਲ ਵਿੱਚ ਕੀਤਾ ਗਿਆ। ਜ਼ਖ਼ਮ ਗਹਿਰੇ ਹੋਣ ਕਾਰਣ, ਬੁੱਕਮ ਸਿੰਘ ਨੂੰ 24 ਜੁਲਾਈ 1916 ਨੂੰ ਸੈਕਿੰਡ ਵੈਸਟਰਨ ਜਨਰਲ ਹਸਪਤਾਲ ਮਾਨਚੈਸਟਰ (ਇੰਗਲੈਂਡ) ਵਿੱਚ ਭਰਤੀ ਕਰਵਾ ਦਿੱਤਾ ਗਿਆ।  ਇਸ ਹਸਪਤਾਲ ਵਿੱਚ ਦੋ ਮਹੀਨੇ ਲੱਤ ਦੇ ਜ਼ਖ਼ਮਾਂ ਦਾ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਨੂੰ 26 ਸਤੰਬਰ 1916 ਨੂੰ ਕਿੰਗਜ਼ ਕੈਨੇਡੀਅਨ ਰੈੱਡ ਕਰਾਸ ਕਨਵੇਲਸੈਂਟ ਹਸਪਤਾਲ ਬੁਸ਼ੀ ਪਾਰਕ ਹੈਮਪਟਨ ਹਿਲਜ਼ ਅਤੇ 4 ਨਵੰਬਰ 1916 ਨੂੰ ਕੈਨੇਡੀਅਨ ਕਨਵੇਲਸੈਂਟ ਹਸਪਤਾਲ ਵੁੱਡਕੋਟ ਪਾਰਕ ਐਪਸਮ ਵਿਖੇ ਇਲਾਜ ਲਈ ਭੇਜਿਆ ਗਿਆ। ਬੁੱਕਮ ਸਿੰਘ  ਇਸ ਹਸਪਤਾਲ ਵਿੱਚੋਂ ਬਿਲਕੁਲ ਠੀਕ ਠਾਕ ਹੋ ਕੇ 11 ਮਾਰਚ 1917 ਨੂੰ ਡਿਸਚਾਰਜ ਹੋਇਆ ਅਤੇ ਸਿੱਧਾ ਵੈਸਟ  ਸਟੈਂਡਿੰਗ ਕੈਂਪ, ਕੈਂਟ ਵਿਖੇ ਪਹੁੰਚਾਇਆ ਗਿਆ। ਆਪਣੇ ਬਾਕੀ ਸਾਥੀਆਂ ਨਾਲ ਬੁੱਕਮ ਸਿੰਘ ਵੀ ਸੈਂਟਰਲ  ਉਨਟਾਰੀਉ ਰੈਜੀਮੈਂਟਲ ਕੈਂਪ ਵਿੱਚ ਵਾਪਿਸ ਜੰਗ ਦੇ ਮੈਦਾਨ ਵਿੱਚ ਜਾਣ ਦੀ ਉਡੀਕ ਕਰਨ ਲੱਗਾ। ਹੁਣ ਜਦੋਂ ਉਹ ਫਰਾਂਸ ਦੇ ਜੰਗੀ ਮੈਦਾਨ ‘ਚ ਜਾਣ ਦੀ ਤਿਆਰੀ ਵਿੱਚ ਸੀ, ਠੀਕ ਉਸੇ ਸਮੇਂ ਡਾਕਟਰਾਂ ਨੇ ਬੁੱਕਮ ਸਿੰਘ ਨੂੰ ਤਪਦਿਕ  ਦੀ ਨਾ ਮੁਰਾਦ ਬਿਮਾਰੀ ਨਾਲ ਪੀੜ੍ਹਤ ਹੋਣ ਕਰਕੇ ਮਈ ਮਹੀਨੇ ‘ਚ ਉਸ ਨੂੰ ਵਾਪਸ ਕੈਨੇਡਾ ਭੇਜ ਦਿੱਤਾ ਜਿੱਥੇ ਉਸ  ਨੂੰ ਕੈਨੇਡੀਅਨ ਮਿਲਟਰੀ ਹਸਪਤਾਲ ਹੇਸਟਿੰਗਜ਼ ਵਿੱਚ ਭਰਤੀ ਕਰਵਾ ਦਿੱਤਾ ਗਿਆ। ਫਿਰ 1 ਅਗਸਤ 1918 ਨੂੰ ਉਸ ਨੂੰ ਫੌਜ ਵਿੱਚੋਂ ਖਾਰਜ ਕਰਕੇ ਕਿਚਨਰ ਦੇ ਫਰੀਪੋਰਟ ਸੈਨਾਟੋਰੀਅਮ ਫੌਜੀ ਹਸਪਤਾਲ ਵਿੱਚ ਤਬਦੀਲ ਕਰ  ਦਿੱਤਾ ਗਿਆ। ਅੰਤ ਵਿੱਚ, ਬੁੱਕਮ ਸਿੰਘ 27 ਅਗਸਤ 1919 ਨੂੰ ਜਿੰਦਗੀ ਦੀ ਇਹ ਆਖ਼ਰੀ ਲੜਾਈ ਲੜਦਾ ਸੰਸਾਰ  ਨੂੰ ਅਲ-ਵਿਦਾ ਕਹਿ ਗਿਆ। ਇਸ ਇੱਕੋ-ਇੱਕ ਕੈਨੇਡੀਅਨ ਸਿੱਖ ਨੂੰ, ਸੰਸਾਰ ਯੁੱਧ ਦੇ ਬਾਕੀ ਸ਼ਹੀਦਾ ਦੇ ਨਾਲ, ਕਿਚਨਰ ਸ਼ਹਿਰ ਦੇ ਮਾਊਂਟ ਹੋਪ ਕਬਰਿਸਤਾਨ ਵਿੱਚ ਦਫ਼ਨ ਕਰ ਦਿੱਤਾ ਗਿਆ। 90 ਸਾਲਾਂ ਤੱਕ ਭੇਦ ਬਣੇ ਰਹੇ  ਬੁੱਕਮ ਸਿੰਘ ਦੀ ਸਮਾਧ, ਬਰੈਂਪਟਨ ਰਹਿੰਦੇ ਸੰਦੀਪ ਸਿੰਘ ਬਰਾੜ ਨੇ ਸਾਲ 2008 ਦੇ ਵਿੱਚ ਸਮੂਹ ਕੈਨੇਡੀਅਨ  ਲੋਕਾਂ ਸਾਹਮਣੇ ਲਿਆਂਦੀ। ਗੋਲਡਨ ਟਰਾਈਐਂਗਲ ਗੁਰਦੁਆਰਾ ਸੁਸਾਇਟੀ ਕਿਚਨਰ-ਵਾਟਰਲੂ ਅਤੇ ਸੰਦੀਪ ਸਿੰਘ  ਬਰਾੜ ਦੀ ਮਿਹਨਤ ਸਦਕਾ ਅਸੀਂ ਪਿੱਛਲੇ 13 ਸਾਲਾਂ ਤੋਂ ਹਰ ਸਾਲ ਨਵੰਬਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਬੁੱਕਮ  ਸਿੰਘ ਦੀ ਸਮਾਧ ਤੇ ਜਾ ਕੇ ਕੈਨੇਡਾ ਦੇ ਬਾਕੀ ਸ਼ਹੀਦਾਂ ਸਮੇਤ ਬੁੱਕਮ ਸਿੰਘ, ਜੋ ਕਿ ਇੱਕ ਅਸਲੀ ਕੈਨੇਡੀਅਨ ਸਿੱਖ  ਨਾਇਕ ਹੈ, ਨੂੰ ‘ਸਿੱਖ ਰਿਮੈਂਬਰੈਂਸ ਡੇਅ ਤਹਿਤ ਯਾਦ ਕਰਦੇ ਹਾਂ।