
ਪ੍ਰੋ: ਗੋਪਾਲ ਸਿੰਘ ਬੁੱਟਰ
ਲਾਇਲਪੁਰ ਖਾਲਸਾ ਕਾਲਜ, ਜਲੰਧਰ
ਗ਼ਦਰ ਲਹਿਰ ਦੇ ਆਖ਼ਰੀ ਜਰਨੈਲ ਅਤੇ ਉੱਘੇ ਚਿੰਤਕ ਬਾਬਾ ਭਗਤ ਸਿੰਘ ਬਿਲਗਾ ਦੁਆਬੇ ਦੇ ਪ੍ਰਸਿੱਧ ਪਿੰਡ ਬਿਲਗਾ, ਜ਼ਿਲ੍ਹਾ ਜਲੰਧਰ ਦੇ ਜੰਮਪਲ ਹਨ। ਇਸੇ ਪਿੰਡ ਵਿੱਚ ਉਹਨਾਂ ਦਾ ਜਨਮ 2 ਅਪ੍ਰੈਲ 1907 ਨੂੰ ਨੰਬਰਦਾਰ ਹੀਰਾ ਸਿੰਘ ਸੰਘੇੜਾਂ ਪੱਤੀ ਭਲਾਈ ਦੇ ਘਰ ਮਾਤਾ ਮਾਲਣ ਦੀ ਕੁੱਖੋਂ ਹੋਇਆ। ਆਪ ਆਪਣੇ ਭੈਣਾਂ ਭਰਾਵਾਂ ‘ਚੋ ਸਭ ਤੋਂ ਛੋਟੇ ਸਨ। ਇਹਨਾਂ ਤੋਂ ਵੱਡੇ ਇਹਨਾਂ ਦੇ ਇੱਕ ਭਰਾ ਚੌਧਰੀ ਰਾਮ ਬਖਸ਼ ਤੇ ਇਹਨਾਂ ਦੇ ਬਾਪ ਦੇ ਪਹਿਲੇ ਵਿਆਹ ਤੋਂ ਦੋ ਭੈਣਾਂ ਸਨ। ਇਹ ਅਜੇ ਦੋ ਸਾਲਾ ਦੇ ਵੀ ਨਹੀਂ ਹੋਏ ਸਨ ਕਿ ਇਹਨਾਂ ਦੇ ਬਾਪ ਦੀ ਅਕਾਲ ਮ੍ਰਿਤੂ ਦਾ ਕਹਿਰ ਪਰਿਵਾਰ ‘ਤੇ ਟੁੱਟ ਪਿਆ। ਘਰ ਦਾ ਕਮਾਊ ਅੱਧਵਾਟੇ ਛੱਡ ਕੇ ਤੁਰ ਗਿਆ ਤਾਂ ਇਹਨਾਂ ਦੀ ਮਾਤਾ ਨੂੰ ਪਰਿਵਾਰ ਦੀ ਪਰਵਰਿਸ਼ ਲਈ ਸਖ਼ਤ ਮਿਹਨਤ ਕਰਨੀ ਪਈ, ਪਰ ਫਿਰ ਵੀ ਪੂਰੀ ਨਾ ਪਈ, ਅਖੀਰ ਘਰ ਘਾਟ ਗਿਰਵੀ ਰੱਖਣਾ ਪਿਆ। ਇਹ ਮਾਲਵੇ ਦੇ ਪਿੰਡ ਅਜੀਤ ਵਾਲ ਆਪਣੀ ਮਾਸੀ ਕੋਲ ਰਹਿ ਕੇ ਨੇੜਲੇ ਪਿੰਡ ਚੂਹੜ ਚੱਕ ਪੜ੍ਹਦੇ ਰਹੇ। ਉੱਥੋਂ ਮਿਡਲ ਕਰਕੇ ਫਿਰ ਲੁਧਿਆਣੇ ਦੇ ਮਾਲਵਾ ਖਾਲਸਾ ਹਾਈ ਸਕੂਲ ਤੋਂ ਮੈਟ੍ਰਿਕ ਕੀਤੀ। ਘਰ ਦੀ ਗ਼ਰੀਬੀ ਕੱਟਣ ਖਾਤਿਰ ਵਿਦੇਸ਼ ਕਮਾਈ ਕਰਨ ਲਈ ਉਹ ਪਹਿਲਾਂ ਜਪਾਨ ਤੇ ਫਿਰ ਅਰਜਨਟਾਈਨਾ ਪਹੁੰਚੇ ਪਰ ਉਥੇ ਵੱਸਦੇ ਪੰਜਾਬੀ ਦੇਸ ਭਗਤਾਂ ਦੇ ਅਸਰ ਨੇ ਘਰ ਦੀ ਗ਼ਰੀਬੀ ਦੀ ਥਾਂ ਦੇਸ ਦੀ ਗੁਲਾਮੀ ਦੀਆਂ ਜੰਜੀਰਾਂ ਕੱਟਣ ਵਾਲੇ ਪਾਸੇ ਤੋਰ ਲਿਆ।
ਉਹਨਾਂ ਦੇ ਮਨ ਵਿੱਚ ਖੁਦਗਰਜ਼ੀਆਂ ਵਿੱਚੋਂ ਉਪਜੀਆਂ ਕਮਨੀਗੀਆਂ ਦੇ ਖਿਲਾਫ਼ ਸ਼ਦੀਦ ਰੋਹ ਸੀ। ਉਹਨਾਂ ਦੀ ਜ਼ਿੰਦਗੀ, ਗ਼ੁਲਾਮੀ, ਨਾ ਬਰਬਾਰੀ, ਬੇਗਾਨਗੀ ਤੇ ਸੋਸ਼ਣ ਦੇ ਖਿਲਾਫ਼ ਵਿਦਰੋਹ ਦਾ ਝੰਡਾ ਬੁਲੰਦ ਰੱਖਦਿਆਂ ਹੀ ਗੁਜ਼ਰੀ ਹੈ। ਉਹਨਾਂ ਦੇ ਮਨ ਵਿੱਚ ਨਿਮਾਣਿਆਂ, ਨਿਤਾਣਿਆਂ, ਹਰ ਲਿਹਾਜ਼ ਨਾਲ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਮਾਸੂਮ ਕਿਰਤੀਆਂ, ਨੇਕ ਇਨਸਾਨਾਂ ਅਤੇ ਅਗਾਂਹ ਵਧੂ ਜੁਝਾਰੂਆਂ ਤੇ ਉਹਨਾਂ ਦੇ ਪਰਿਵਾਰਾਂ ਲਈ ਅਥਾਹ ਮੋਹ ਸੀ। ਮੈਂ ਇੱਥੇ ਬਾਬਾ ਜੀ ਦੀ ਸ਼ਖ਼ਸੀਅਤ ਦੇ ਇਹਨਾਂ ਤਿੰਨਾਂ ਪਹਿਲੂਆਂ ਬਾਰੇ ਹੀ ਚਰਚਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।
ਭਾਰਤ ਵਿੱਚ ਸੂਰਤ ਵਾਲੇ ਪਾਸੇ ਪਲੇਗ ਫੈਲਣ ਦੇ ਚਰਚੇ ਕਾਰਨ ਅੰਤਰਰਾਸ਼ਟਰੀ ਉਡਾਨਾਂ ਗੜਬੜਾ ਗਈਆਂ ਸਨ। ਬਾਬਾ ਬਿਲਗਾ ਜੀ ਨੇ ਇੰਗਲੈਂਡ ਤੋਂ ਆਪਣੇ ਦੇਸ਼ ਆਉਣਾ ਸੀ। ਉਹ ਪਰੇਸ਼ਾਨ ਸਨ। ਉਡਾਨਾਂ ਦਾ ਕੁਝ ਪਤਾ ਨਹੀਂ ਸੀ ਲੱਗ ਰਿਹਾ। ਉਹ ਏਅਰਪੋਰਟ ਦੇ ਇੱਕ ਉੱਚ ਅਧਿਕਾਰੀ ਨੂੰ ਮਿਲੇ। ਵਰਨਣਯੋਗ ਹੈ ਕਿ ਚੜ੍ਹਦੀ ਜਵਾਨੀ ਵਿੱਚ ਹੀ ਸਾਰਾ ਸ਼ਾਂਤ ਮਹਾਂ ਸਾਗਰ ਘੁੰਮ ਕੇ ਦੇਸ ਭਗਤੀ ਦਾ ਪ੍ਰਚਾਰ ਕਰਨ ਵਾਲੇ ਬਾਬਾ ਜੀ, ਜਿਹੜੇ ਕਿ ਮਾਸਕੋ ਤੋਂ ਗਰੈਜੁਏਸ਼ਨ ਤੱਕ ਪੜ੍ਹੇ ਵੀ ਸਨ, ਨੂੰ ਪੰਜਾਬੀ, ਹਿੰਦੀ, ਉਰਦੂ ਤੋਂ ਇਲਾਵਾ ਅੰਗਰੇਜ਼ੀ ਅਤੇ ਸਪੈਨਿਸ਼ ਭਾਸ਼ਾਵਾਂ ‘ਤੇ ਵੀ ਪੂਰਾ ਅਧਿਕਾਰ ਸੀ। ਉਹਨਾਂ ਨੂੰ ਅਕਸਰ ਇਹਨਾਂ ਭਾਸ਼ਾਵਾਂ ਵਿੱਚ ਗੱਲਬਾਤ ਕਰਨ ਅਤੇ ਭਾਸ਼ਣ ਦੇਣ ਦੀ ਜ਼ਰੂਰਤ ਪੈਂਦੀ ਰਹਿੰਦੀ ਸੀ। ਸੋ ਬਾਬਾ ਬਿਲਗਾ ਜੀ ਨੇ ਅੰਗਰੇਜ਼ ਅਧਿਕਾਰੀ ਨੂੰ ਉਸ ਦੀ ਜ਼ੁਬਾਨ ਵਿੱਚ ਗੁੱਸੇ ਨਾਲ ਪੁੱਛਿਆ,
2aba Ji: Why do the flights for 9ndia stand cancelled?
Officer: “here is plague in 9ndia.
2aba Ji: When will the flights resume?
Officer: When the plague will come under control?
2aba Ji: You are ruining my country@s business worth crores by making hue and cry about plague without any rhyme or reason.
ਬਾਬਾ ਬਿਲਗਾ ਜੀ ਨੇ ਗੁੱਸੇ ਨਾਲ ਉੱਬਲਦਿਆਂ ਅਫ਼ਸਰ ਨੂੰ ਕਿਹਾ ਤੇ ਹਰਖ਼ੇ ਹੋਏ ਉੱਠਕੇ ਬਾਹਰ ਆ ਗਏ। ਬਾਬਾ ਬਿਲਗਾ ਜੀ ਦੇ ਦੱਬੇ ਕੁਚਲੇ ਲੋਕਾਂ ਪ੍ਰਤੀ ਸਨੇਹ ਤੇ ਸਾਰੇ ਉਹਨਾਂ ਦੇ ਵਾਖਫ ਜਾਣੂੰ ਹੀ ਹਨ। ਇੱਕ ਵੇਰ ਕੁਝ ਵਿਦਵਾਨ ਦੇਸ ਭਗਤ ਯਾਦਗਾਰ ਹਾਲ ਦੇ ਦਫ਼ਤਰ ਵਿੱਚ ਵਿਚਾਰ ਚਰਚਾ ਕਰ ਰਹੇ ਸਨ ਤਾਂ ਬਾਬਾ ਜੀ ਨੇ ਮਹਿਸੂਸ ਕੀਤਾ ਕਿ ਉਹਨਾਂ ਦੀ ਗੱਲਬਾਤ ਵਿੱਚੋਂ ਦਲਿਤਾਂ ਬਾਰੇ ਨਾ ਪਸੰਦਗੀ ਦੀ ਸੁਰ ਉਭਰ ਰਹੀ ਹੈ। ਬਾਬਾ ਜੀ ਨੇ ਗੁੱਸੇ ਵਿੱਚ ਆ ਕੇ ਕਿਹਾ, “ਜੇ ਹਿੰਦੂ ਮੁਸਲਮਾਨਾਂ ਪ੍ਰਤੀ ਨਫਰਤ ਅਤੇ ਛੂਤ ਛਾਤ ਦੀ ਭਾਵਨਾ ਨਾ ਰੱਖਦੇ ਤਾਂ ਪਾਕਿਸਤਾਨ ਕਦੇ ਨਾ ਬਣਦਾ ਜੇ ਹੁਣ ਅਸੀਂ ਦਲਿਤਾਂ ਪ੍ਰਤੀ ਆਪਣੇ ਰਵੱਈਏ ਨੂੰ ਨਾ ਬਦਲਿਆ ਤਾਂ ਦੇਸ ਦੇ ਹੋਰ ਟੋਟੇ ਹੋਣਗੇ”।
ਬਾਬਾ ਬਿਲਗਾ ਜੀ ਦੱਸਦੇ ਸਨ, ਕਿ ਕਿਸੇ ਦੀ ਵਧੀਕੀ ਮੈਥੋਂ ਬਰਦਾਸ਼ਤ ਨਹੀਂ ਹੁੰਦੀ ਤੇ ਮੈਂ ਆਪ ਕਿਸੇ ਨਾਲ ਵਧੀਕੀ ਕਰਦਾ ਨਹੀਂ। ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਵਿੱਚ ਪੜ੍ਹਦਿਆਂ ਬਾਬਾ ਜੀ ਦਾ ਇੱਕ ਜਮਾਤੀ ਜੋ ਸ਼ਹਿਰੀ ਅਮੀਰ ਵਕੀਲ ਦਾ ਪੁੱਤਰ ਹੋਣ ਕਰਕੇ ਆਕੜਿਆ ਫਿਰਦਾ ਸੀ ਅਤੇ ਉਹਨਾਂ ਦੇ ਮੱਧਰੇ ਕੱਦ ਮੁਕਾਬਲੇ ਆਪਣੀ ਡੀਲ ਡੌਲ ‘ਤੇ ਮਾਣ ਕਰਦਿਆਂ ਉਹਨਾਂ ਨੂੰ ਦੁਆਬੀਆ ਕਹਿ ਕੇ ਗਾਲ ਕੱਢ ਦਿੰਦਾ ਸੀ। ਇੱਕ ਵੇਰ ਬਾਬਾ ਬਿਲਗਾ ਜੀ ਨੂੰ ਉਸਦੇ ਰਵੱਈਏ ਤੇ ਐਸਾ ਗੁੱਸਾ ਆਇਆ ਕਿ ਇਹਨਾਂ ਉਹਨੂੰ ਏਨਾ ਕੁੱਟਿਆ ਕਿ ਉਹ ਮੁੜ ਬਾਬਾ ਜੀ ਤੋਂ ਡਰਦਾ ਉਹਨਾਂ ਦਾ ਰਾਹ ਛੱਡ ਕੇ ਪਾਸੇ ਹੋਣ ਲੱਗ ਪਿਆ।
ਹਿੰਦ ਸਮਾਚਾਰ ਦੇ ਸ਼ਹੀਦ ਪਰਿਵਾਰ ਸਹਾਇਤਾ ਸਮਾਗਮ ਵਿੱਚ ਇੱਕ ਵੇਰ ਬਾਬਾ ਜੀ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ। ਇਹਨਾਂ ਨੋਟ ਕੀਤਾ ਕਿ ਦਹਿਸ਼ਤ ਗਰਦਾਂ ਵੱਲੋਂ ਨਿਰਦੋਸ਼ ਲੋਕਾਂ ਦੇ ਕਤਲਾਂ ਦੀ ਨਿਖੇਧੀ ਕਰਦਿਆਂ-ਕਰਦਿਆਂ ਕੁਝ ਬੁਲਾਰੇ ਅਕਾਲੀ ਦੇਸ਼ ਭਗਤਾਂ ਵੱਲੋਂ ਦੇਸ ਦੀ ਆਜ਼ਾਦੀ ਦੀ ਲੜਾਈ ਵਿੱਚ ਪਾਏ ਵਡੇਰੇ ਯੋਗਦਾਨ ਉੱਤੇ ਵੀ ਕਾਟਾ ਫੇਰ ਰਹੇ ਹਨ। ਇਹਨਾਂ ਗੁੱਸੇ ਵਿੱਚ ਆ ਕੇ ਬੁਲੰਦ ਆਵਾਜ਼ ਵਿੱਚ ਕਿਹਾ ‘ਮੈਂ ਬੇਦੋਸ਼ਿਆਂ ਦੇ ਕਾਤਲਾਂ ਦੇ ਸਖ਼ਤ ਖਿਲਾਫ਼ ਹਾਂ ਤੇ ਮਰਦੇ ਦਮ ਤੀਕ ਮੈਂ ਇਹਨਾਂ ਦੀ ਖਿਲ਼ਾਫ, ਬੋਲਦਾ, ਲਿਖਦਾ ਅਤੇ ਲੜਦਾ ਰਹਾਂਗਾ, ਪਰ ਮੈਂ ਇਹ ਵੀ ਬਰਦਾਸ਼ਤ ਨਹੀਂ ਕਰ ਸਕਦਾ ਕਿ ਅਕਾਲੀ ਦੇਸ਼ ਭਗਤਾਂ ਦੀ ਕੁਰਬਾਨੀ ਨੂੰ ਨਕਾਰਿਆ ਜਾਵੇ।
ਬਾਬਾ ਜੀ ਨੇ ਦੇਸ ਦੀ ਆਜ਼ਾਦੀ ਦੇ ਸੰਘਰਸ਼ ਵਿਚਲੇ ਆਪਣੇ ਯੋਗਦਾਨ ਬਦਲੇ ਕੋਈ ਸਰਕਾਰੀ ਸਹਾਇਤਾ ਜਾਂ ਪੈਨਸ਼ਨ ਸਵੀਕਾਰ ਨਹੀਂ ਕੀਤੀ। ਇੱਕ ਵੇਰ ਬਾਬਾ ਜੀ ਨੂੰ ਤਾਮਰ ਪੱਤਰ ਲੈਣ ਲਈ ਬੁਲਾਇਆ ਗਿਆ, ਪਰ ਉਹਨਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ, “ਇਹ ਸਾਲੇ ਕੌਣ ਹੁੰਦੇ ਆ ਮੈਨੂੰ ਦੇਸ ਭਗਤ ਹੋਣ ਦਾ ਸਰਟੀਫਿਕੇਟ ਦੇਣ ਵਾਲੇ।“ ਉਹ ਤਾਮਰ ਪੱਤਰ ਜਲੰਧਰ ਦੇ ਡੀ.ਸੀ. ਕੋਲ ਪਹੁੰਚਾ ਪਰ ਡੀ.ਸੀ. ਸਾਹਿਬ ਬਾਬਾ ਜੀ ਦੇ ਸੁਭਾਅ ਤੋਂ ਵਾਕਿਫ ਸਨ, ਉਹਨਾ ਨੇ ਐਸ.ਡੀ.ਐਮ. ਫਿਲੌਰ ਦੀ ਡਿਊਟੀ ਲਗਾ ਦਿੱਤੀ। ਐਸ.ਡੀ.ਐਮ. ਨੇ ਤਹਿਸੀਲਦਾਰ ਦੀ ਤੇ ਤਹਿਸੀਲਦਾਰ ਨੇ ਬਿਲਗੇ ਪਿੰਡ ਦੇ ਪਟਵਾਰੀ ਦੀ ਤਾਮਰ ਪੱਤਰ ਬਾਬਾ ਜੀ ਤਕ ਪਹੁੰਚਾਉਣ ਦੀ ਡਿਊਟੀ ਲਗਾ ਦਿੱਤੀ। ਪਟਵਾਰੀ ਨੇ ਤਾਮਰ ਪੱਤਰ ਚੌਂਕੀਦਾਰ ਨੂੰ ਸੌਂਪ ਦਿੱਤਾ, ਜਿਸ ਨੇ ਵੇਲੇ ਕੁਵੇਲੇ ਗਲ਼ੀ ਵਿੱਚੋਂ ਰੌਸ਼ਨਦਾਨ ਰਾਹੀਂ ਤਾਮਰ ਪੱਤਰ ਬਾਬਾ ਜੀ ਦੇ ਘਰ ਸੁੱਟ ਦਿੱਤਾ।
ਅੱਤਵਾਦ ਦੇ ਦਿਨਾਂ ‘ਚ ਇੱਕ ਵੇਰ ਬਾਬਾ ਬਿਲਗਾ ਜੀ ਪਿੰਡ ਸਨ ਅਤੇ ਵਾਲ ਕਟਾ ਕੇ, ਨਹਾ ਕੇ ਘਰ ਦੇ ਬਾਹਰ ਚੌਤਰੇ ‘ਤੇ ਕੁਰਸੀ ਡਾਹ ਕੇ ਬੈਠੇ ਸਨ। ਏਨੇ ਨੂੰ ਨੂਰਮਹਿਲ ਇਲਾਕੇ ਦਾ ਇੱਕ ਸੱਜਣ ਜੋ ਕਿਸੇ ਖਾੜਕੂ ਦਾ ਰਿਸ਼ਤੇਦਾਰ ਹੋਣ ਕਰੇ ਚੌਧਰੀ ਬਣਿਆ ਫਿਰਦਾ ਸੀ, ਉਹ ਬਾਬਾ ਜੀ ਕੋਲ ਆ ਕੇ ਕਹਿਣ ਲੱਗਾ ‘ਕਾਮਰੇਡ ਜੀ ਇੱਕ ਬਚਨ ਕਰਨਾ ਸੀ, ਗੁੱਸਾ ਤਾਂ ਨਹੀਂ ਕਰੋਗੇ? ਬਾਬਾ ਜੀ ਨੇ ਕਿਹਾ, “ਮੈਨੂੰ ਨਹੀਂ ਲਗਦਾ ਤੂੰ ਕੋਈ ਗੁੱਸੇ ਵਾਲੀ ਗੱਲ ਕਰੇਂਗਾ”? ਉਹਨਾਂ ਕਿਹਾ ‘ਵੇਖੋ ਤੁਸੀਂ ਕਿੱਡੇ ਵੱਡੇ ਦੇਸ ਭਗਤ ਹੋ, ਲੋਕ ਤੁਹਾਡਾ ਕਿੰਨਾ ਆਦਰ ਮਾਣ ਕਰਦੇ ਆ, ਪਰ ਤੁਸੀਂ ਰੋਮਾਂ ਦੀ ਬੇਅਦਬੀ ਕਿਉਂ ਕਰਦੇ ਹੋ, ਤੁਹਾਨੂੰ ਪਤਾ ਆਪਣੇ ਗੁਰੂ ਦਾ ਕੀ ਹੁਕਮ ਹੈ? ਬਾਬਾ ਬਿਲਗਾ ਜੀ ਉਸ ਸੱਜਣ ਤੋਂ ਪਹਿਲਾਂ ਹੀ ਦੁਖੀ ਸਨ ਕਿ ਉਹ ਭੋਲੇ ਭਾਲੇ ਲੋਕਾਂ ਨੂੰ ਧਮਕਾਉਂਦਾ ਰਹਿੰਦਾ ਹੈ। ਗੁੱਸੇ ਵਿੱਚ ਆ ਕੇ ਕਹਿਣ ਲੱਗੇ, ‘ਤੂੰ ਗੁਰੂ ਦਾ ਬਾਹਲਾ ਸਕਾ ਆ, ਤੈਨੂੰ ਏਨਾ ਫਿਕਰ ਆਂ ਉਹਨਾਂ ਦੇ ਹੁਕਮ ਦਾ, ਉਹਨਾਂ ਨੇ ਤਾਂ ਲੋਕਾਂ ਦੇ ਖਾਤਿਰ ਆਪਣੇ ਚਾਰੇ ਪੁੱਤਰ ਸ਼ਹੀਦ ਕਰਵਾ ਲਏ ਸੀ ਤੇ ਤੂੰ ਝੁਠੇ ਕੇਸਾਂ ਦੇ ਜਾਹਲੀ ਕਾਗਜ਼ ਬਣਾ ਕੇ ਆਪਣੇ ਅਮਰੀਕਾ ਵਾੜ ਦਿੱਤੇ ਆ, ਅਸੀਂ ਤੇ ਫਿਰ ਵੀ ਉੇਹਨਾਂ ਦੇ ਰਾਹ ‘ਤੇ ਚੱਲ ਕੇ ਜ਼ੁਲਮ ਦੇ ਖਿਲਾਫ਼ ਲੜਦੇ ਹੀ ਰਹੇ ਹਾਂ। ਉਹਨਾਂ ਦੀ ਜ਼ਿੰਦਗੀ ਵਿੱਚ ਅਨੇਕ ਐਸੇ ਪੜਾਅ ਆਏ ਜਦ ਦੰਭੀ ਦੇ ਘਟੀਆ ਲੋਕਾਂ ਨੂੰ ਉਹਨਾਂ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ।
ਬਾਬਾ ਜੀ ਦੇ ਅੰਗਰੇਜ਼ ਸਰਕਾਰ ਖਿਲਾਫ਼ ਵਿਦਰੋਹੀ ਜੀਵਨ ਦਾ ਆਗਾਜ਼ ਉਹਨਾਂ ਦੇ ਵਿਦਿਆਰਥੀ ਜੀਵਨ ਵਿੱਚ ਭਾਵ ਲੁਧਿਆਣੇ ਪੜ੍ਹਦੇ ਸਮੇਂ ਹੀ ਹੋ ਗਿਆ ਸੀ ਜਦ ਵਾਇਸਰਾਏ ਦੀ ਸਕੂਲ ਫੇਰੀ ‘ਤੇ ਇਹਨਾਂ ਨੇ ਹਿਪ-ਹਿਪ ਹੁਰੇ ਕਹਿਣ ਦੀ ਥਾਂ ਵਾਇਸਰਾਏ ਹਾਏ ਹਾਏ ਕਹਿ ਕੇ ਸਕੂਲ ਹੈੱਡਮਾਸਟਰ ਦੀ ਬੈਂਤਾਂ ਦੀ ਸਜ਼ਾ ਕਬੂਲ ਕੀਤੀ। ਘਰ ਦੀ ਗ਼ਰੀਬੀ ਧੋਣ ਲਈ ਕਮਾਈ ਕਰਨ ਵੇਦਸ਼ ਗਏ ਤੇ 21 ਸਾਲ ਦੀ ਉਮਰ ਵਿੱਚ 1928 ਨੂੰ ਸ. ਅਜੀਤ ਸਿੰਘ (ਚਾਚਾ ਸ਼ਹੀਦ ਭਗਤ ਸਿੰਘ) ਦੀ ਪ੍ਰਧਾਨਗੀ ਵਾਲੀ ਅਰਜਨਟਾਈਨਾ ਦੀ ਗ਼ਦਰ ਪਾਰਟੀ ਦੇ ਜਨਰਲ ਸਕੱਤਰ ਬਣ ਕੇ ਭਾਰਤੀਆਂ ਨੂੰ ਦੇਸ਼ ਦੀ ਗ਼ੁਲਾਮੀ ਦਾ ਜੂਲਾ ਗਲੋਂ ਲਾਹੁਣ ਲਈ ਜੱਥੇਬੰਦ ਕਰਨ ਲੱਗ ਪਏ। ਅਰਜਨਟਾਈਨਾ ਤੋਂ ਪਾਰਟੀ ਦੇ ਆਦੇਸ਼ ਮੁਤਾਬਕ ਮਾਰਕਸਵਾਦ ਅਤੇ ਫੌਜੀ ਵਿਦਿਆ ਦੀ ਉਚੇਰੀ ਟਰੇਨਿੰਗ ਲੈਣ ਲਈ ਰੂਸ ਦੀ ਟੋਆਇਲਰ ਯੂਨੀਵਰਸਿਟੀ ਮਾਸਕੋ ਗਏ। ਉਥੋਂ 60 ਕ੍ਰਾਂਤੀਕਾਰੀਆਂ ਦਾ ਗੁਰੱਪ ਤਿਆਰ ਕਰਕੇ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਿਲ ਹੋਣ ਲਈ ਭਾਰਤ ਪਰਤੇ। 1934 ਤੋਂ 1936 ਤੱਕ ਕਲੱਕਤੇ, ਕਾਨਪੁਰ ਅਤੇ ਪੰਜਾਬ ਦੀਆਂ ਕ੍ਰਾਂਤੀਕਾਰੀ ਸੰਸਥਾਵਾਂ ਵਿੱਚ ਕੰਮ ਕੀਤਾ। ਬਾਬਾ ਜੀ ਨੂੰ ਗ੍ਰਿਫਤਾਰੀ ਤੋਂ ਬਾਅਦ ਲਾਹੌਰ ਦੇ ਕਿਲੇ ਵਿੱਚ ਦੋ ਮਹੀਨੇ ਅਣ ਮਨੁੱਖੀ ਤਸੀਹੇ ਦਿੱਤੇ ਗਏ। ਰਿਹਾਈ ਉਪਰੰਤ ਇੱਕ ਸਾਲ ਲਈ ਪਿੰਡ ਬਿਲਗਾ ਵਿੱਚ ਨਜ਼ਰਬੰਦ ਕੀਤਾ ਗਿਆ। ਬਾਬਾ ਬਿਲਗਾ ਜੀ ਨੂੰ 1938 ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲਾਹੌਰ ਦਾ ਮੈਂਬਰ, ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਚੁਣਿਆ ਗਿਆ ਅਤੇ ਉਹਨਾਂ ਨੇ ਕਾਂਗਰਸ ਦੇ ਗੁਜਰਾਤ ਸੈਸ਼ਨ ਵਿੱਚ ਸ਼ਮੂਲੀਅਤ ਕੀਤੀ। ਉਹਨਾਂ ਨੂੰ 1939 ਵਿੱਚ ਕੈਂਬਲਪੁਰ ਜੇਲ੍ਹ ਵਿੱਚ ਤਿੰਨ ਸਾਲ ਬਤੌਰ ਜੰਗੀ ਕੈਦੀ ਰੱਖਿਆ ਗਿਆ। 1942 ਵਿੱਚ ਰਿਹਾ ਹੋਣ ‘ਤੇ ਲੁਧਿਆਣੇ ਸਰਕਾਰ ਵਿਰੁੱਧ ਭੜਕਾਊ ਭਾਸ਼ਣ ਦੇਣ ਦੇ ਦੋਸ਼ ਵਿੱਚ ਇੱਕ ਸਾਲ ਲਈ ਮੁੜ ਜੇਲ੍ਹ ਵਿੱਚ ਬੰਦ ਕਰ ਦਿੱਤਾ। 1947-48 ਵਿੱਚ ਫਿਰਕੂ ਵੰਡ ਦਾ ਵਿਰੋਧ ਕਰਨ ‘ਤੇ ਆਜ਼ਾਦ ਭਾਰਤ ਦੀ ਸਰਕਾਰ ਨੇ ਇੱਕ ਸਾਲ ਲਈ ਧਰਮਸ਼ਾਲਾ ਦੀ ਯੋਲ ਕੈਂਪ ਜੇਲ੍ਹ ਵਿੱਚ ਡੱਕ ਦਿੱਤਾ। 1959 ਵਿਚ ਖੁਸ਼ ਹੈਸੀਅਤੀ ਟੈਕਸ ਦੇ ਵਿਰੋਧ ਵਿੱਚ ਸੰਘਰਸ਼ ਕਰਨ ‘ਤੇ ਪੰਜਾਬ ਦੀ ਕੈਰੋਂ ਸਰਕਾਰ ਨੇ ਫਿਰ ਬਾਬਾ ਬਿਲਗਾ ਜੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਅੰਦਰ ਬੰਦ ਕਰ ਦਿੱਤਾ। ਉਹਨਾਂ ਨੂੰ 1971 ਵਿੱਚ ਨਕਸਲੀ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦਾ ਵਿਰੋਧ ਕਰਨ ‘ਤੇ 4 ਮਹੀਨੇ ਪਟਿਆਲੇ ਜੇਲ਼੍ਹ ਵਿੱਚ ਕੈਦ ਰੱਖਿਆ। ਉਹਨਾਂ ਦੇ ਆਖਰੀ ਵਾਰੰਟ ਐਮਰਜੈਂਸੀ ਦਾ ਵਿਰੋਧ ਕਰਨ ‘ਤੇ ਨਿਕਲੇ ਅਤੇ 6 ਅਕਤੂਬਰ 2008 ਵਿੱਚ ਜਲ੍ਹਿਆਂ ਵਾਲੇ ਬਾਗ ਦੇ ਅਸਲੀ ਸਰੂਪ ਨੂੰ ਬਚਾਉਣ, ਕਾਮਾਗਾਟਾਮਾਰੂ ਦੇ ਮੁਸਾਫਰਾਂ ਤੇ ਨਾਮਧਾਰੀ ਦੇਸ਼ ਭਗਤਾਂ ਨੂੰ ਮਾਨਤਾ ਦਿਵਾਉਣ ਸੰਬੰਧੀ ਕੀਤੇ ਰੋਸ ਮਾਰਚ ਨੂੰ ਉਹਨਾਂ ਦੇ ਵਿਦਰੋਹੀ ਜੀਵਨ ਦਾ ਆਖਰੀ ਅੰਦੋਲਨ ਮੰਨਿਆ ਜਾ ਸਕਦਾ ਹੈ, ਜੋ ਉਹਨਾਂ ਦੀ ਅਗਵਾਈ ਵਿੱਚ ਕੱਢਿਆ ਗਿਆ। ਉਸ ਮਾਰਚ ਦੀ ਅਗਵਾਈ ਇਸ 101 ਸਾਲਾ ਬਜ਼ੁਰਗ ਇਨਕਲਾਬੀ ਨੇ ਵੀਲ੍ਹ ਚੇਅਰ ‘ਤੇ ਬੈਠ ਕੇ ਕੀਤੀ।
ਬਾਬਾ ਭਗਤ ਸਿੰਘ ਬਿਲਗਾ ਜੀ ਨੇ ਆਜ਼ਾਦੀ ਉਪਰੰਤ ਆਜ਼ਾਦੀ ਸੰਗਰਾਮੀਏ ਗ਼ਦਰੀ ਯੋਧਿਆਂ ਦੀ ਯਾਦਗਾਰ ‘ਦੇਸ਼ ਭਗਤ ਯਾਦਗਾਰ ਹਾਲ ਜਲੰਧਰ’ ਦੀ ਉਸਾਰੀ ਲਈ ਦਿਨ-ਰਾਤ ਇੱਕ ਕੀਤਾ। ਦੇਸ਼ਾਂ-ਵਿਦੇਸ਼ਾਂ ਤੋਂ ਉਗਰਾਹੀਆਂ ਕੀਤੀਆਂ ਤੇ ਕੋਲ ਖੜੇ ਕੇ ਇਸ ਯਾਦਗਾਰ ਦਾ ਨਿਰਮਾਣ ਕਰਵਾਇਆ, ਫਿਰ ਇਸ ਨੂੰ ਅਗਾਂਹਵਧੂ ਤੇ ਧਰਮ ਨਿਰਪੱਖ ਲੋਕਾਂ ਦੇ ਮੰਚ ਵਜੋਂ ਸਥਾਪਿਤ ਕੀਤਾ। ਉਨ੍ਹਾਂ ਨੇ ਆਪ ਸੈਮੀਨਾਰ ਕਰਵਾ ਕੇ, ਕਾਨਫਰੰਸਾਂ ਕਰਵਾ ਕੇ, ਨਾਟਕ ਮੇਲੇ ਕਰਵਾ ਕੇ ਤੇ ਚੇਤਨਾ ਰੈਲੀਆਂ ਕੱਢ ਕੇ ਦੇਸ਼ ਵਾਸੀਆਂ ਨੂੰ ਜਾਗਰੂਕ ਕੀਤਾ। ਬਾਬਾ ਜੀ ਨੇ ਜਿਥੇ ਸਮੁੱਚੇ ਦੇਸ ਅਤੇ ਸਮੁੱਚੀ ਅਗਾਂਹਵਧੂ ਲਹਿਰ ਬਾਰੇ ਸੁਹਿਰਦਤਾ ਨਾਲ ਕੰਮ ਕੀਤਾ, ਉੱਥੇ ਉਨ੍ਹਾਂ ਨੇ ਸਮੱਰਥਾ ਅਨੁਸਾਰ ਆਪਣੀ ਜਨਮ-ਭੂਮੀ ਦੇ ਵਿਕਾਸ ਵਾਸਤੇ ਵੀ ਕੰਮ ਕੀਤਾ। ਭਾਵੇਂ ਪਹਿਲਾਂ ਪੜ੍ਹਾਈ ਫਿਰ ਵਿਦੇਸ਼ ਯਾਤਰਾ ਤੇ ਫਿਰ ਦੇਸ਼ ਭਗਤੀ ਕਾਰਨ ਮਿਲੀਆਂ ਜੇਲ੍ਹਾ, ਨਜ਼ਰਬੰਦੀਆਂ ਤੇ ਰੂ-ਪੋਸ਼ੀਆਂ ਦੇ ਸਿਲਸਿਲੇ ਨੇ ਬਾਬਾ ਜੀ ਨੂੰ ਕਦੇ ਵੀ ਰੱਜ ਕੇ ਬਿਲਗੇ ਵਿੱਚ ਰਹਿਣ ਨਹੀਂ ਦਿੱਤਾ, ਪਰ ਇਹ ਵੀ ਸੱਚ ਹੈ ਕਿ ਬਾਬਾ ਬਿਲਗਾ ਜੀ ਜਿਥੇ ਵੀ ਰਹੇ ਪਿੰਡ ਬਿਲਗਾ ਉਨ੍ਹਾਂ ਦੇ ਮਨ ‘ਚ ਹਮੇਸ਼ਾ ਵੱਸਦਾ ਰਿਹਾ। ਉਹਨਾਂ ਨੇ ਆਪਣੀ ਜਵਾਨੀ ਵਿੱਚ ਬਿਲਗੇ ਦੇ ਬੱਚਿਆਂ ਲਈ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਲੜਕੀਆਂ ਦਾ ਸਕੂਲ 1935-36 ਵਿੱਚ ਖੁਲਵਾਇਆ ਅਤੇ ਖੁਦ ਉਸਦੀ ਨਿਗਰਾਨੀ ਕੀਤੀ। ਉਹਨਾਂ ਨੇ 1953 ਵਿੱਚ ਬਿਲਗੇ ਵਿਖੇ ਲੜਕਿਆਂ ਦਾ ਹਾਈ ਸਕੂਲ ਖੁਲਵਾਇਆ। ਉਹ ਲੜਕੀਆਂ ਦੇ ਕਾਲਜ ਦੀ ਲੋੜ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੇ ਰਹੇ। ਉਹਨਾਂ ਨੇ ਇਲਾਕੇ ਵਿੱਚ 1969 ਈ. ਵਿੱਚ ‘ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਦੇ ਅਵਸਰ ‘ਤੇ ਖੁੱਲ੍ਹੇ ਗੁਰੂ ਨਾਨਕ ਗਰਲਜ਼ ਕਾਲਜ ਬਾਬਾ ਸੰਗ ਢੇਸੀਆਂ’ ਦੇ ਸੰਚਾਲਨ ਵਿੱਚ ਯੋਗਦਾਨ ਪਾਇਆ। ਉਹਨਾਂ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਕਾਮਰੇਡ ਕਰਤਾਰ ਸਿੰਘ ਦੀ ਬਹੁ ਕੀਮਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾ ਕੇ ਵਿਦੇਸੀ ਵੀਰਾਂ ਦੀ ਸਹਾਇਤਾ ਨਾਲ ਵੱਡ ਆਕਾਰੀ ‘ਜਨਰਲ ਹਸਪਤਾਲ ਬਿਲਗਾ’ ਬਿਲਗਾ ਨੂਰਮਹਿਲ ਰੋਡ ‘ਤੇ ਬਾਬਾ ਰਹਿਮਤ ਸ਼ਾਹ ਦੀ ਦਰਗਾਹ ਦੇ ਨਜ਼ਦੀਕ ਬਣਵਾਉਣ ਵਿੱਚ ਯੋਗਦਾਨ ਪਾਇਆ, ਜਿਸਦਾ ਨੀਂਹ ਪੱਥਰ 13 ਅਪ੍ਰੈਲ 2000 ਈ. ਨੂੰ ਵਿਸਾਖੀ ਵਾਲੇ ਦਿਨ ਰੱਖਿਆ ਗਿਆ। ਉਹਨਾਂ ਦੀ ਵਸੀਅਤ, ਜਿਸ ਵਿੱਚ ਉਹਨਾਂ ਨੇ ਬਿਲਗੇ ਦੇ ਸ਼ਮਸ਼ਾਨਘਾਟ ਵਿਖੇ ਆਪਣੀ ਮ੍ਰਿਤਕ ਦੇਹ ਦਾ ਸੰਸਕਾਰ ਕਰਨ ਤੇ ਅਸਥੀਆਂ ਨਜ਼ਦੀਕ ਵਗਦੇ ਦਰਿਆ ਸਤਲੁਜ ਵਿੱਚ ਪ੍ਰਵਾਹ ਕਰਨ ਲਈ ਲਿਖਿਆ ਸੀ, ਬਿਲਗੇ ਪਿੰਡ ਨਾਲ ਉਹਨਾ ਦੇ ਜਜ਼ਬਾਤੀ ਸੰਬੰਧਾਂ ਦਾ ਪ੍ਰਮਾਣ ਹੈ।
ਸਾਡੇ ਕਹਿਣ ਦਾ ਭਾਵ ਇਹ ਨਹੀਂ ਕਿ ਬਾਬਾ ਜੀ ਨੂੰ ਪਿੰਡ ਦੇ ਲੋਕਾਂ ਨਾਲ ਜ਼ਿਆਦਾ ਪਿਆਰ ਸੀ, ਬਲਕਿ ਉਨ੍ਹਾਂ ਦੇ ਪਿਆਰ ਦੀ ਦੁਨੀਆ ਅਸੀਮ ਸੀ। ਜਿੱਥੇ ਬਾਬਾ ਜੀ ਨੇ ਮਨ ਵਿੱਚ ਘਟੀਆਂ, ਪਾਖੰਡੀ ਦੇ ਖੁਦਗਰਜ ਲੋਕਾਂ ਲਈ ਉਬਲਦੇ ਰੋਹ ਅਤੇ ਗ਼ੁਲਾਮੀ, ਨਾਬਰਾਬਰੀ, ਸ਼ੋਸ਼ਣ ਤੇ ਬੇਗਾਨਗੀ ਭਰੇ ਨਿਜ਼ਾਮ ਵਿਰੁੱਧ ਵਿਦਰੋਹ ਕਰਨ ਦੀ ਪ੍ਰਬਲ ਇੱਛਾ ਨੂੰ ਦਰਸਾਉਣ ਵਾਲੀਆਂ ਅਣਗਿਣਤ ਘਟਨਾਵਾਂ ਦੀ ਚਰਚਾ ਕੀਤੀ ਜਾ ਸਕਦੀ ਹੈ ਉੱਥੇ ਉਹਨਾਂ ਦੇ ਮਨ ਵਿਚਲੇ ਆਪਣੇ ਲੋਕਾਂ ਪ੍ਰਤੀ ਡੁੱਲ੍ਹ-ਡੁੱਲ੍ਹ ਪੈਂਦੇ ਮੋਹ ‘ਤੇ ਵੀ ਕਿਤਾਬਾਂ ਲਿਖਣ ਜਿੰਨੇ ਵਿਸਤ੍ਰਿਤ ਪ੍ਰਸੰਗ ਮਿਲ ਸਕਦੇ ਹਨ। ਦਰਅਸਲ ਬਾਬਾ ਭਗਤ ਸਿੰਘ ਬਿਲਗਾ ਜੀ ਇੱਕ ਬਹੁ ਪੱਖੀ ਸ਼ਖਸੀਅਤ ਸਨ, ਜੇ ਉਹਨਾਂ ਨੂੰ ਇੱਕ ਵਿਅਕਤੀ ਦੀ ਥਾਂ ਇੱਕ ਸੰਸਥਾ ਕਹਿ ਲਈਏ ਤਾਂ ਇਹ ਤਸ਼ਬੀਹ ਬਹੁਤ ਰਵਾਇਤੀ ਲੱਗੇਗੀ ਕਿਉਂਕਿ ਅਸੀਂ ਰਸਮੀ ਸਤਿਕਾਰ ਪ੍ਰਗਟਾਉਂਦੇ ਸਮੇਂ ਝੀਲਾਂ ਵਰਗੀਆਂ ਹਸਤੀਆਂ ਨੂੰ ਵੇਗ ਵਿੱਚ ਸਮੁੰਦਰ ਕਹਿ ਜਾਨੇ ਹਾਂ, ਦਿੱਕਤ ਉੱਥੇ ਆਉਂਦੀ ਹੈ ਜਦ ਅਸਲੀ ਸਮੁੰਦਰ ਜਿੱਡੀ ਹਸਤੀ ਬਾਰੇ ਗੱਲ ਕਰਨੀ ਪੈਂਦੀ ਹੈ। ਬਾਬਾ ਜੀ ਦੀ ਸ਼ਖਸੀਅਤ ਬਾਰੇ ਗੱਲ ਕਰਦਿਆਂ ਵੀ ਇਹੀ ਪਰੇਸ਼ਾਨੀ ਮਹਿਸੂਸ ਹੁੰਦੀ ਹੈ। ਉਂਝ ਇਹ ਵੀ ਸੱਚ ਕਿ ਬਾਬਾ ਜੀ ਇੱਕ ਮਿੱਥ ਜਾਂ ਦੰਤ ਕਥਾ ਜਿੰਨੀ ਅਦਭੁਤ, ਕ੍ਰਿਸ਼ਮਈ ਤੇ ਮਿਕਨਾਤੀਸੀ ਸ਼ਖਸੀਅਤ ਸਨ। ਬਾਬਾ ਬਿਲਗਾ ਜੀ ਦੀ ਸ਼ਖਸੀਅਤ ਦੀਆਂ ਹੋਰ ਵਡਿਆਈਆਂ ਦੇ ਨਾਲ-ਨਾਲ ਉਹਨਾਂ ਦਾ ਵਿਸ਼ੇਸ਼ ਗੁਣ ਇਨਸਾਨੀ ਗੁਣਾਂ ਦਾ ਮੁਜੱਸਮਾ ਹੋਣਾ ਹੈ। ਉਹ ਦੇਸ਼ ਭਗਤ ਤੇ ਲੋਕ ਹਿਤੈਸ਼ੀ ਲੋਕਾਂ ਪ੍ਰਤੀ ਅਤੇ ਉਹਨਾਂ ਦੇ ਸਨੇਹੀਆਂ ਪ੍ਰਤੀ ਆਪਣੇ ਮਨ ਵਿੱਚ ਬੇਪਨਾਹ ਮੁਹੱਬਤ ਅਤੇ ਅਪਣੱਤ ਰੱਖਦੇ ਸਨ। ਉਹਨਾਂ ਦੀ ਅਪਣੱਤ ਦਾ ਕਰਾਮਾਤੀ ਪ੍ਰਭਾਵ ਕਿਸੇ ਦੀ ਵੀ, ਕਿਸੇ ਤਰ੍ਹਾਂ ਦੀ ਵੀ ਬੇਗਾਨਗੀ ਨੂੰ ਵਿਸ਼ਵਾਸ ਤੇ ਉਤਸ਼ਾਹ ਵਿੱਚ ਬਦਲ ਦੇਣ ਦੇ ਸਮਰੱਥ ਸੀ। ਉਹਨਾਂ ਦੇ ਸਭ ਸਨੇਹੀਆਂ ਕੋਲ ਉਹਨਾਂ ਦੀ ਮੁਹੱਬਤ ਅਤੇ ਅਪਣੱਤ ਨਾਲ ਸੰਬੰਧਤ ਅਨੇਕ ਮਿੱਠੇ ਤੇ ਵਿਸਮਾਦੀ ਅਨੁਭਵ ਹੋਣਗੇ। ਬਾਬਾ ਬਿਲਗਾ ਜੀ ਦੇ ਵਿਸ਼ਾਲ ਪਰਿਵਾਰ ਦੇ ਬਹੁਤ ਸਾਰੇ ਐਸੇ ਬੱਚੇ ਹਨ ਜੋ ਉਹਨਾਂ ਦੀ ਤਲਿਸਮੀ ਮੁਹੱਬਤ ਦੇ ਸਰੂਰ ਵਿੱਚ ਗੜ੍ਹੱਚ ਹੋ ਕੇ ਸਦੀਵੀਂ ਤੌਰ ਤੇ ਉਹਨਾਂ ਦੇ ਹੋ ਗਏ। ਬਾਬਾ ਜੀ ਦੀ ਜਾਦੂਈ ਮੁਹੱਬਤ ਦੀ ਕੀਲਣ ਸ਼ਕਤੀ ਦਾ ਅਸਰ ਹੈ ਕਿ ਅੱਜ ਉਹਨਾਂ ਨਾਲ ਅਤੇ ਉਹਨਾਂ ਦੀ ਲੋਕ ਹਿਤੈਸ਼ੀ ਸੋਚ ਨਾਲ ਜੁੜੇ ਵਿਸ਼ਾਲ ਜਨ ਸਮੂਹ ਲਈ ‘ਬਾਬਾ ਜੀ’ ਸ਼ਬਦ ਦਾ ਅਰਥ ‘ਬਾਬਾ ਭਗਤ ਸਿੰਘ ਬਿਲਗਾ’ ਹੀ ਹੈ।
ਬਾਬਾ ਜੀ ਆਪਣੇ ਲੋਕਾਂ ਦੇ ਮੋਹ ਵਿੱਚ ਬੱਝੇ ਹੋਏ ਕਈ ਵੇਰ ਆਪਣਿਆਂ ਦੀਆਂ ਲੋਕ ਵਿਰੋਧੀ ਹਰਕਤਾਂ ਨੂੰ ਵੀ ਬੇਬਾਕੀ ਨਾਲ ਤੇ ਕਰੜੇ ਸ਼ਬਦਾਂ ਨਾਲ ਰੱਦ ਕਰਦੇ ਰਹਿੰਦੇ ਸਨ। ਦੇਸ਼ ਦੀ ਵੰਡ ਸਮੇਂ ਉਹਨਾਂ ਦੀ ਪਾਰਟੀ ਦੇ ਬਹੁ-ਗਿਣਤੀ ਆਗੂ ਪਾਕਿਸਤਾਨ ਦੀ ਮੰਗ ਦੇ ਹੱਕ ਵਿੱਚ ਸਨ। ਪਰ ਬਾਬਾ ਜੀ ਜੀ ਨੇ ਫਿਰਕੂ ਆਧਾਰ ‘ਤੇ ਦੇਸ਼ ਦੀ ਵੰਡ ਦਾ ਡੱਟ ਕੇ ਵਿਰੋਧ ਕੀਤਾ। ਪਾਰਟੀ ਵਾਲੇ ਉਹਨਾਂ ਨੂੰ ਪਾਰਟੀ ਵਿੱਚੋਂ ਕੱਢਣ ਲਈ ਤਿਆਰ ਹੋ ਗਏ। ਪਰ ਐਨ ਮੌਕੇ ‘ਤੇ ਹੋਈ ਉਹਨਾਂ ਦੀ ਗ੍ਰਿਫਤਾਰੀ ਕਾਰਨ ਨੇਤਾਵਾਂ ਨੇ ਆਪਣਾ ਫੈਸਲਾ ਬਦਲ ਲਿਆ। ਬਾਬਾ ਜੀ ਹੱਸਦਿਆਂ ਦੱਸਿਆਂ ਕਰਦੇ ਸਨ ਕਿ ਸਾਡੇ ਕਮਲੇ ਕਾਮਰੇਡ ਇਹ ਸੋਚਦੇ ਸੀ ਕਿ ਅਸੀਂ ਪਾਕਿਸਤਾਨ ਵਿੱਚ ਵੀ ਕਮਿਊਨਿਸਟ ਪਾਰਟੀ ਬਣਾਵਾਂਗੇ। ਇਹਨਾਂ ਨੂੰ ਬੰਦਾ ਪੁੱਛੇ ਕਿ ਉਥੋਂ ਦੇ ਜਗੀਰਦਾਰਾਂ ਤੇ ਮੁਲਾਣਿਆਂ ਨੇ ਤੁਹਾਨੂੰ ਕਦ ਟਿਕਣ ਦੇਣਾ ਸੀ। ਜਦ ਮੈਂ ਕਹਿੰਦਾ ਸਾਂ ਕਿ ਤੁਸੀਂ ਪਾਕਿਸਤਾਨ ਬਣਵਾ ਕੇ ਉਥੋਂ ਦੇ ਲੋਕ ਹਿਤੈਸ਼ੀ ਲੋਕਾਂ ਨੂੰ ਜਗੀਰਦਾਰ ਤੇ ਕਠਮੁੱਲਿਆਂ ਰੂਪੀ ਬਘਿਆੜਾਂ ਅੱਗੇ ਸੁੱਟ ਦੇਣਾ ਹੈ ਤਾਂ ਇਹਨਾਂ ਨੂੰ ਮੇਰੀਆਂ ਗੱਲਾਂ ਚੰਗੀਆਂ ਨਹੀਂ ਸਨ ਲੱਗਦੀਆਂ, ਹੁਣ ਦੁਨੀਆਂ ਇਸ ਸੱਚ ਨੂੰ ਦੇਖ ਰਹੀ ਹੈ।
ਉਹ ਅਕਸਰ ਹੀ ਪਟਵਾਰ ਯੂਨੀਅਨ ਅਤੇ ਬਿਜਲੀ ਬੋਰਡ ਦੇ ਕਾਮਿਆਂ ਦੀ ਯੂਨੀਅਨ ਤੇ ਹੋਰ ਲੋਕਾਂ ਨਾਲ ਸਿੱਧੇ ਤੌਰ ‘ਤੇ ਸੰਬੰਧਤ ਮਹਿਕਮਿਆਂ ਦੀਆਂ ਯੂਨੀਅਨਾਂ ਦੇ ਆਗੂਆਂ ਨੂੰ ਤਾੜਨਾ ਕਰਿਆ ਕਰਦੇ ਸਨ ਕਿ “ਆਪਣੇ ਬੰਦਿਆਂ ਨੂੰ ਸਮਝਾਇਆ ਕਰੋ ਕਿ ਲੋਕਾਂ ਤੋਂ ਸ਼ਰਾਬ ਘੱਟ ਪੀਆ ਕਰਨ। ਉਹਨਾਂ ਨੇ ਇਹਨਾਂ ਨੂੰ ਪਿਲਾਉਂਦੇ-ਪਿਲਾਉਂਦੇ ਕਰਜ਼ਾਈ ਹੋ ਜਾਣਾ ਹੈ ਅਤੇ ਇੇਹਨਾਂ ਨੇ ਪੀ-ਪੀ ਕੇ ਮਰ ਜਾਣਾ ਹੈ”। ਸੋ ਉਹਨਾਂ ਦੇ ਮਨ ਵਿਚਲੇ ਆਪਣੇ ਲੋਕਾਂ ਪ੍ਰਤੀ ਡੁੱਲ੍ਹ-ਡੁੱਲ੍ਹ ਪੈਂਦੇ ਮੋਹ ਕਾਰਨ ਹੀ ਉਹਨਾਂ ਦੇ ਮਨ ਵਿੱਚ ਦੰਭੀਆਂ ਲਈ ਰੋਹ ਅਤੇ ਸ਼ੋਸ਼ਣ ਲਈ ਵਿਦਰੋਹ ਦੀ ਭਾਵਨਾ ਉਤਪੰਨ ਹੁੰਦੀ ਰਹਿੰਦੀ ਸੀ।
Read more
ਉੱਗਣ ਵਾਲ਼ੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ…
ਕੈਨੇਡੀਅਨ ਨਾਰੀਵਾਦੀ ਲੇਖਕ ਮਾਰਗਰੇਟ ਐਟਵੁੱਡ
ਕੈਨੇਡੀਅਨ ਫੌਜ ਦੇ ਪਹਿਲੇ ਸਿੱਖ ਸ਼ਹੀਦ ਬੁੱਕਮ ਸਿੰਘ