ਡਾ: ਕਰਮਜੀਤ ਸਿੰਘ
ਇਕ ਝਾਤ : ਡਾ: ਅਰਵਿੰਦਰ ਕੌਰ
ਲੋਕਧਾਰਾ ਦੀਆਂ ਵੰਨਗੀਆਂ ਨੂੰ ਇਕੱਤਰ ਕਰਨ ਦਾ ਅਤੇ ਵਸ਼ਿਸ਼ਟ ਸਾਹਿਤ ਵਿਚ ਸੰਮਿਲਤ ਕਰਨ ਦਾ ਇਤਿਹਾਸ ਤਾਂ ਬੜਾ ਪੁਰਾਣਾ ਹੈ, ਪਰੰਤੂ ਇਸ ਦੇ ਅਧਿਐਨ ਅਤੇ ਵਿਸ਼ਲੇਸ਼ਣ ਵੱਲ ਵਿਦਵਾਨਾਂ ਦਾ ਧਿਆਨ ਕੁੱਝ ਦੇਰ ਬਾਅਦ ਹੀ ਆਇਆ। ਅਕਾਦਮਿਕ ਪ੍ਰਬੰਧ ਦੇ ਤੌਰ ‘ਤੇ ਲੋਕਧਾਰਾ ਅਤੇ ਲੋਕ ਜੀਵਨ ਦਾ ਅਧਿਐਨ ਅਠਾਹਰਵੀਂ ਸਦੀ ਦੇ ਦੂਜੇ ਅੱਧ ਵਿਚ ਸ਼ੁਰੂ ਹੋਇਆ। ਹੌਲੀ ਹੌਲੀ ਅਮਰੀਕਾ ਵਰਗੇ ਦੇਸ਼ ਵਿਚ ਇਸ ਵਿਸ਼ੇ ਨੂੰ ਯੂਨੀਵਰਸਿਟੀ ਪੱਧਰ ਤੱਕ ਪੜ੍ਹਾਇਆ ਜਾਣ ਲੱਗਾ। ਭਾਰਤ ਵਿਚ ਸਰ ਵਿਲੀਅਮ ਜੌਨਜ਼ ਨੇ 1784 ਵਿਚ ਏਸ਼ੀਆਟਿਕ ਸੁਸਾਇਟੀ ਆਫ਼ ਬੰਗਾਲ ਦੀ ਸਥਾਪਨਾ ਕੀਤੀ ਤਾਂ ਭਾਰਤੀ ਲੋਕ ਸਾਹਿਤ ਦੇ ਅਧਿਐਨ ਵੱਲ ਵੀ ਵਿਦਵਾਨਾਂ ਦਾ ਧਿਆਨ ਗਿਆ। ਇਸੇ ਰੁਚੀ ਅਧੀਨ ਬਹੁਤ ਸਾਰੇ ਪੱਛਮੀ ਅਤੇ ਭਾਰਤੀ ਵਿਦਵਾਨਾਂ ਨੇ ਲੋਕਧਾਰਾ ਸਾਮਗ੍ਰੀ ਨੂੰ ਇਕੱਤਰ ਕਰਕੇ ਪੁਸਤਕ ਰੂਪ ਵਿਚ ਛਾਪਣ ਦੇ ਉਪਰਾਲੇ ਕੀਤੇ। ਇਨ੍ਹਾਂ ਵਿਚ ਫਲੋਰਾ ਏਨੀ ਸਟੀਲ, ਚਾਰਲਸ ਸਵੀਨਰਟਨ, ਆਰ. ਸੀ. ਟੈਂਪਲ, ਐਨ. ਮੈਕਾਲਿਫ਼, ਜੇਮਜ਼ ਲੋਕਵਰਥ ਆਦਿ ਦੇ ਨਾਮ ਵਿਸ਼ੇਸ਼ ਵਰਨਯੋਂਗ ਹਨ। ਪ੍ਰਸਿੱਧ ਪੰਜਾਬੀ ਲੋਕਧਾਰਾ ਸ਼ਾਸਤਰੀ ਦੇਵਿੰਦਰ ਸਤਿਆਰਥੀ ਤੋਂ ਪਹਿਲਾਂ ਆਇਆ ਸਿੰਘ, ਅਤਰ ਸਿੰਘ, ਦੇਵਾ ਰਾਮ, ਮਾਇਆ ਦਾਸ, ਗੁਲਾਮ ਹੁਸੈਨ, ਅਬਦੁੱਲ ਹੁਸੈਨ ਖਾਂ, ਭਾਨੂੰ ਦੱਤ ਅਤੇ ਦੁਨੀ ਚੰਦ ਨੇ ਪੰਜਾਬੀ ਲੋਕਧਾਰਾ ਨੂੰ ਇਕੱਤਰ ਕਰਨ ਦਾ ਕਾਰਜ ਕੀਤਾ ਸੀ। ਇਸ ਤੋਂ ਬਾਅਦ ਗੰਭੀਰ ਰੂਪ ਵਿਚ 1934 ਵਿਚ ਲੋਕਧਾਰਾ ਦੀ ਇਕਤ੍ਰੀਕਰਨ ਦਾ ਕਾਰਜ ਦਰਵੇਸ਼ ਲੋਕਧਾਰਾ ਸ਼ਾਸਤਰੀ ਦੇਵਿੰਦਰ ਸਤਿਆਰਥੀ ਵੱਲੋਂ ਆਰੰਭਿਆ ਗਿਆ। ਉਨ੍ਹਾਂ ਨੇ ਸਾਰੇ ਹਿੰਦੋਸਤਾਨ ਦਾ ਭ੍ਰਮਣ ਕਰਕੇ ਲੋਕਗੀਤ ਇਕਤ੍ਰ ਕੀਤੇ ਅਤੇ ਵੱਖ-ਵੱਖ ਸਿਰਲੇਖਾਂ ਅਧੀਨ ਪੁਸਤਕਾਂ ਛਪਵਾਈਆਂ। ਡਾਕਟਰ ਕਰਮਜੀਤ ਸਿੰਘ ਨੇ ਦੁਆਬੇ ਦੇ ਖੇਤਰ ਨੂੰ ਆਪਣੀ ਕਰਮ ਭੂਮੀ ਬਣਾਇਆ ਅਤੇ ਲੋਕ ਸਾਹਿਤ ਦੇ ਅਮੀਰ ਵਿਰਸੇ ਨੂੰ ਚਾਰ ਚੰਨ ਲਾ ਦਿੱਤੇ। ਲਗਭਗ ਦੋ ਦਰਜਨਾਂ ਤੋਂ ਵੀ ਵੱਧ ਪੁਸਤਕਾਂ (ਅਨੁਵਾਦਿਕ ਸੰਪਾਦਿਤ, ਸਹਿ-ਸੰਪਾਦਿਤ) ਦਾ ਯੋਗਦਾਨ ਵੱਖ-ਵੱਖ ਵਿਸ਼ਿਆਂ ਦੇ ਸਿਰਲੇਖਾਂ ਅਧੀਨ ਛਪਵਾਈਆਂ। ਉਨ੍ਹਾਂ ਦੀ ਸੇਵਾ-ਮੁਕਤ ਹੋਣ ਤੋਂ ਬਾਅਦ ਉੱਪਰ ਦਰਜ ਕੀਤੀਆਂ ਦੁਰਲੱਭ ਪੁਸਤਕਾਂ ਨੂੰ ਅਨੁਵਾਦ ਕਰਨ ਦਾ ਕੰਮ ਬੜੀ ਨਿਸ਼ਠਾ ਨਾਲ ਨਿੱਠ ਕੇ ਕੀਤਾ। ਏਥੋਂ ਮੈਂ ਉਨ੍ਹਾਂ ਦੀ ਅਨੁਵਾਦਿਤ ਪੁਸਤਕ ‘ਰਾਤਾਂ ਦੀਆਂ ਬਾਤਾਂ’ ਨੂੰ ਪਾਠਕਾਂ ਨਾਲ ਸਾਂਝਾ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਉਮੀਦ ਦੇ ਨਾਲ ਵਿਸ਼ਵਾਸ ਵੀ ਹੈ ਕਿ ਪਾਠਕ ਜ਼ਰੂਰ ਪਸੰਦ ਕਰਨਗੇ।
ਸਿਆਣਾ ਲੰਬੜਦਾਰ
ਇਕ ਵਾਰੀ ਘਰ ਦੇ ਵੇਹੜੇ ਵਿਚ ਦਾਣਿਆਂ ਦੀ ਅੱਧੀ ਭਰੀ ਮੱਟੀ ਪਈ ਸੀ। ਬਾਹਰੋਂ ਸਿੰਗਾਂ ਵਾਲੀ ਭੇਡ ਦਾ ਬੱਚਾ ਆਇਆ ਤੇ ਉਸਨੇ ਆਪਣਾ ਸਿਰ ਮੱਟੀ ਵਿਚ ਵਾੜ ਲਿਆ ਤੇ ਦਾਣੇ ਖਾਣ ਲੱਗ ਪਿਆ। ਜਦੋਂ ਉਹ ਰੱਜ ਗਿਆ ਤਾਂ ਉਸਨੇ ਆਪਣਾ ਸਿਰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਸਦਾ ਸਿਰ ਮੱਟੀ ਦਾ ਗਲਮਾ ਛੋਟਾ ਹੋਣ ਕਰਕੇ ਬਾਹਰ ਨਾ ਨਿਕਲਿਆ। ਜੱਟ ਤੇ ਨੌਕਰ ਇਹ ਦੇਖ ਕੇ ਸ਼ਸ਼ੋ ਪੰਜ ਵਿਚ ਪੈ ਗਏ। ‘ਹੁਣ ਕੀ ਕੀਤਾ ਜਾਵੇ?’ ਸਾਰੇ ਉਦਾਸ ਹੋ ਕੇ ਸੋਚਣ ਲੱਗੇ। ਇਕ ਨੇ ਸਲਾਹ ਦਿੱਤੀ ਕਿ ਲੰਬੜਦਾਰ ਨੂੰ ਬੁਲਾਇਆ ਜਾਵੇ ਕਿਉਂਕਿ ਉਸਦੀ ਸਿਆਣਪ ਦਾ ਸਿੱਕਾ ਸਾਰੇ ਮੰਨਦੇ ਸਨ। ਇਹੋ ਜਿਹੀ ਮੁਸੀਬਤ ਵਿਚ ਉਹ ਹੀ ਪਾਰ ਉਤਾਰਾ ਕਰ ਸਕਦਾਸੀ। ਉਹ ਬਹੁੜਦਾ ਵੀ ਤੁਰੰਤ ਹੀ ਸੀ। ਲੰਬੜਦਾਰ ਨੂੰ ਕਿਹਾ ਤਾਂ ਉਹ ਤਾਂ ਉੱਛਲ ਪਿਆ। ਉਹ ਆਪਣੇ ਊਠ ਤੇ ਸਵਾਰ ਹੋ ਕੇ ਬਿਨਾਂ ਦੇਰੀ ਕੀਤੇ ਘਟਨਾ ਵਾਲੀ ਥਾਂ ‘ਤੇ ਪਹੁੰਚ ਗਿਆ। ਪਰ ਵਿਹੜੇ ਦੇ ਦਰਵਾਜ਼ੇ ਦੀ ਡਾਟ ਨੀਵੀਂ ਸੀ ਤੇ ਲੰਬੜਦਾਰ ਊਠ ਤੇ ਪੈਠਾ ਬਹੁਤ ਉੱਚਾ ਸੀ। ਕਿਸੇ ਨੇ ਇਹ ਨਹੀਂ ਸੋਚਿਆ ਕਿ ਊਠ ਨੂੰ ਬਾਹਰ ਹੀ ਛੱਡ ਦਿੱਤਾ ਜਾਵੇ। ਉਸਨੇ ਜੱਟ ਨੂੰ ਕਿਹਾ, ”ਮੈਂ ਅੰਦਰ ਨਹੀਂ ਆ ਸਕਦਾ ਇਸ ਲਈ ਡਾਟ ਨੂੰ ਢਾਹ ਦਿੱਤਾ ਜਾਵੇ। ਉਸੇ ਤਰ੍ਹਾਂ ਕੀਤਾ ਗਿਆ, ਡਾਟ ਢਾਹ ਦਿੱਤੀ ਗਈ ਅਤੇ ਲੰਬੜਦਾਰ ਵਿਹੜੇ ਵਿਚ ਦਾਖਲ ਹੋਇਆ। ਲੰਬੜਦਾਰ ਊਠ ਤੋਂ ਉੱਤਰਿਆ। ਉਸਨੇ ਮੱਟੀ ਵਿਚ ਫਸੇ ਭੇਡੂ ਦਾ ਚੰਗੀ ਤਰ੍ਹਾਂ ਮੁਆਨਾ ਕੀਤਾ ਅਤੇ ਐਲਾਨ ਕੀਤਾ ਕਿ ‘ਗੱਲ ਹੀ ਕੋਈ ਨਹੀਂ। ਤਲਵਾਰ ਲਿਆਉ।’ ਤਲਵਾਰ ਲਿਆਂਦੀ ਗਈ। ਤਲਵਾਰ ਦੇ ਇਕੋ ਵਾਰ ਨਾਲ ਲੰਬੜਦਾਰ ਨੇ ਭੇਡੂ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਆਹ ਪਿਆ ਭੇਡੂ ਤੇ ਆਹ ਪਈ ਤੁਹਾਡੀ ਦਾਣਿਆਂ ਵਾਲੀ ਮੱਟੀ।’
‘ਇਸ ਵੇਲੇ ਤੱਕ ਸਾਰਾ ਪਿੰਡ ਇਕੱਠਾ ਹੋ ਗਿਆ ਅਤੇ ਲੱਗਾ ਲੰਬੜਦਾਰ ਦੀ ਸਿਫ਼ਤ ਸਲਾਹ ਕਰਨ। ਇਕ ਸ਼ਾਤਰ ਨੌਕਰ ਨੇ ਦੇਖਿਆ ਕਿ ਭੇਡੂ ਦਾ ਸਿਰ ਤਾਂ ਅਜੇ ਤੱਕ ਵੀ ਮੱਟੀ ਵਿਚ ਫਸਿਆ ਪਿਆ ਸੀ। ਹੁਣ ਸਾਨੂੰ ਕੀ ਕਰਨਾ ਪਵੇਗਾ?’ ਉਸ ਨੇ ਕਿਹਾ, ‘ਠੀਕ ਹੈ ਤੁਹਾਡੇ ਲਈ ਇਹ ਕੰਮ ਔਖਾ ਹੋਵਗਾ, ਮੇਰੀ ਲਈ ਤੰ ਇਹ ਖੱਬੇ ਹੱਥ ਦਾ ਖੇਲ੍ਹ ਹੈ।’ ਇਹ ਕਹਿ ਕੇ ਉਸਨੇ ਵੱਡਾ ਸਾਰਾ ਪੱਥਰ ਚੁੱਕ ਕੇ ਮੱਟੀ ਤੇ ਮਾਰਿਆ। ਮੱਟੀ ਟੋਟੇ ਟੋਟੇ ਹੋ ਗਈ। ਲੋਕਾਂ ਨੇ ਤਾੜੀਆਂ ਮਾਰੀਆਂ। ਜੱਟ ਸਾਰਿਆਂ ਤੋਂ ਵੱਧ ਹੱਕਾ ਬੱਕਾ ਸੀ। ਉਸਦੀ ਡਾਟ ਵਾਲੀ ਚੁਗਾਠ ਢਹਿ ਢੇਰੀ ਹੋ ਗਈ ਸੀ, ਮੱਟੀ ਟੋਟੇ ਟੋਟੇ ਹੋ ਗਈ ਸੀ ਤੇ ਅਨਾਜ ਖਿਲ੍ਹਰ ਗਿਆ ਸੀ। ਉਸਦਾ ਪਾਲਤੂ ਭੇਡੂ ਮਰ ਗਿਆ ਸੀ।
ਬਨੇਰਵਾਲ ਅਤੇ ਚੋਰ
ਇਕ ਵਾਰ ਇਕ ਬੱਚੇ ਨੇ ਦੋ ਉਂਗਲਾਂ ਮੂੰਹ ‘ਚ ਪਾਈਆਂ ਹੋਈਆਂ ਸਨ। ਅਚਾਨਕ ਉਹ ਪਾਣੀ ਦੇ ਟੱਬ ਕੋਲ ਗਿਆ। ਉਸ ਨੂੰ ਉਸ ਵਿਚ ਆਪਣਾ ਹੀ ਪਰਛਾਵਾਂ ਦਿੱਸਿਆ। ਉਹ ਚੀਕਿਆ, ”ਮਾਂ ਮਾਂ ਪਾਣੀ ਵਿਚ ਕਾਕਾ, ਉਹ ਰੋਟੀ ਮੰਗ ਰਿਹੈ।’
ਮਾਂ ਨੇ ਆਪਣੇ ਘਰਵਾਲੇ ਨੂੰ ਕਿਹਾ, ”ਪਾਣੀ ਵਿਚ ਨਿਗਾਹ ਮਾਰੀ। ਉਥੇ ਕੋਈ ਹੈ?’
ਘਰਵਾਲੇ ਨੇ ਦੇਖਿਆ ਤਾਂ ਉੱਛਲ ਪਿਆ, ”ਦੇਖ… …ਦੇਖ, ਇਸ ਵਿਚ ਕੋਈ ਕਾਕਾ ਨਹੀਂ। ਇੱਥੇ ਤਾਂ ਬੁੱਢਾ ਚੋਰ ਵਿਖਾਈ ਦਿੰਦਾ ਹੈ। ਜਦੋਂ ਅਸੀਂ ਸੌਂ ਗਏ ਤਾਂ ਇਹ ਚੋਰ ਪਾਣੀ ਵਿਚੋਂ ਨਿਕਲ ਕੇ ਸਾਨੂੰ ਸੁੱਤਿਆਂ ਨੂੰ ਹੀ ਮਾਰ ਮੁਕਾਊ।’
ਘਰਵਾਲੇ ਨੇ ਆ ਦੇਖਿਆ ਨਾ ਤਾਅ ਪੱਥਰ ਚੁੱਕ ਕੇ ਪਾਣੀ ਵਿਚ ਪੂਰੇ ਜ਼ੋਰ ਨਾਲ ਮਾਰਿਆ ਤਾਂ ਕਿ ਚੋਰ ਮਰ ਜਾਏ। ਪੋਲੇ ਪੈਰੀਂ ਉਹ ਦੁਬਾਰਾ ਪਾਣੀ ਕੋਲ੍ਹ ਗਿਆ, ਪਰ ਹਿਲਦੇ ਪਾਣੀ ਵਿਚ ਉਸ ਨੂੰ ਕੁੱਝ ਨਾ ਦਿੱਸਿਆ। ਉਸਨੇ ਘਰ ਵਾਲੀ ਨੂੰ ਕਿਹਾ, ”ਚੋਰ ਸੱਚਮੁੱਚ ਹੀ ਸ਼ਾਤਰ ਤੇ ਬਦਮਾਸ਼ ਸੀ। ਉਹ ਕਿੱਧਰ ਚਲਾ ਗਿਆ? ਪਤਾ ਹੀ ਨਹੀਂ ਲੱਗਾ। ਪਰ ਇਸ ਘਰ ਵਿਚ ਮੁੜ ਕੇ ਨਹੀਂ ਵੜੇਗਾ।’
ਸ਼ੇਰ ਤੇ ਖਰਗੋਸ਼
ਕਿਸੇ ਜੰਗਲ ਵਿਚ ਖੂੰਖਾਰ ਸ਼ੇਰ ਰਹਿੰਦਾ ਸੀ। ਉਸਦੀ ਆਦਤ ਸੀ ਕਿ ਉਹ ਖੇਡ-ਖੇਡ ਵਿਚ ਹੀ ਕਈ ਜਾਨਵਰਾਂ ਨੂੰ ਮਾਰ ਮੁਕਾਉਂਦਾ, ਉਸਨੂੰ ਭਾਵੇਂ ਭੁੱਖ ਲੱਗੀ ਹੁੰਦੀ ਭਾਵੇਂ ਨਾ। ਸਾਰੇ ਜਾਨਵਰ ਆਪਣੇ ਦੁੱਖ ਸਾਂਝੇ ਕਰਨ ਲਈ ਇਕੱਠੇ ਹੋਏ। ਇਕ ਗਿੱਦੜ ਨੇ ਕਿਹਾ ਕਿ ਸਾਨੂੰ ਸਹਿਮਤੀ ਨਾਲ ਪਰਚੀ ਰਾਹੀਂ ਹਰ ਰੋਜ਼ ਇਕ ਜਾਨਵਰ ਦਾ ਨਾਂ ਕੱਢਣਾ ਚਾਹੀਦਾ ਹੈ ਜਿਸ ਨੂੰ ਸ਼ੇਰ ਕੋਲ ਭੇਜਿਆ ਜਾਵੇ।
ਦੂਜਿਆਂ ਨੇ ਕਿਹਾ, ”ਇਹ ਠੀਕ ਹੈ। ਪਰ ਪਹਿਲਾਂ ਸਾਨੂੰ ਸ਼ੇਰ ਨੂੰ ਮਿਲ ਕੇ ਉਸ ਨੂੰ ਇਹ ਫ਼ੈਸਲਾ ਦੱਸਣਾ ਚਾਹੀਦਾ ਹੈ। ਸਾਰੇ ਜਣੇ ਸ਼ੇਰ ਦੀ ਗੁਫ਼ਾ ਵੱਲ ਚਲ ਪਏ। ਉਥੇ ਜਾ ਕੇ ਉਨ੍ਹਾਂ ਨੇ ਬੜੀ ਹਲੀਮੀ ਨਾਲ ਸ਼ੇਰ ਨੂੰ ਬੇਵਜਾਹ ਜਾਨਵਰਾਂ ਦਾ ਘਾਣ ਕਰਨ ਤੋਂ ਵਰਜਿਆ ਅਤੇ ਕਿਹਾ ਕਿ ਉਸ ਨੂੰ ਹਰ ਰੋਜ਼ ਭੇਜੇ ਕੇ ਇਕ ਜਾਨਵਰ ਨਾਲ ਸੰਤੋਖ ਕਰਨਾ ਚਾਹੀਦਾ ਹੈ। ਸਾਨੂੰ ਵਿਚਾਰਿਆਂ ਨੂੰ ਕਤਲ ਨਾ ਕਰੋ’, ਉਨ੍ਹਾਂ ਨੇ ਕਿਹਾ, ‘ਸਾਡੇ ਵਿਚੋਂ ਇਕਆਪ ਹੀ ਤੁਹਾਡਾ ਖਾਜਾ ਬਣਨ ਆ ਜਾਇਆ ਕਰੇਗਾ। ਇਸ ਨਾਲ ਤੁਹਾਡੀ ਦੌੜ-ਭੱਜ ਵੀ ਬਚ ਜਾਵੇਗੀ।’ ‘ਨਹੀਂ ਨਹੀਂ ਸ਼ੇਰ ਗਰਜਿਆ, ਮੈਂ ਤਾਂ ਆਪਣੇ ਪੰਜਿਆਂ ਅਤੇ ਤਿੱਖੇ ਦੰਦਾਂ ਨਾਲ ਹੀ ਸ਼ਿਕਾਰ ਨੂੰ ਮਾਰ ਕੇ ਖਾਵਾਂਗਾ।” ‘ਜਾਨਵਰਾਂ ਨੇ ਆਪਸ ਵਿਚ ਕਿਹਾ, ”ਈਸ਼ਵਰ ਨੇ ਕਿਹਾ ਹੈ ਕਿ ਸਾਨੂੰ ਆਸ ਨਹੀਂ ਛੱਡਣੀ ਚਾਹੀਦੀ।” ‘ਠੀਕ ਸ਼ੇਰ ਬੋਲਿਆ, ”ਪਰ ਈਸ਼ਵਰ ਨੇ ਹਰੇਕ ਨੂੰ ਆਪਣੀ ਰੋਟੀ ਦਾ ਇੰਤਜ਼ਾਮ ਕਰਨ ਲਈ ਵੀ ਤਾਂ ਕਿਹਾ ਹੈ।’
ਲੰਬੀ ਤਕਰਾਰ ਤੋਂ ਬਾਅਦ ਸ਼ੇਰ ਨੂੰ ਜਾਨਵਰਾਂ ਦੀ ਗੱਲ ਮੰਨਣੀ ਹੀ ਪਈ। ਉਸਨੇ ਸਹੁੰ ਖਾਧੀ ਕਿ ਹੁਣ ਉਹ ਆਪਣੀ ਗੁਫ਼ਾ ਤੋਂ ਬਾਹਰ ਨਹੀਂ ਆਵੇਗਾ। ਇਸ ਤੋਂ ਬਾਅਦ ਰੋਜ਼ ਪਰਚੀ ਨਾਲ ਇਕ ਜਾਨਵਰ ਨੂੰ ਚੁਣ ਕੇ ਸ਼ੋਰ ਕੋਲ ਭੇਜਿਆ ਜਾਣ ਲੱਗਾ। ਪਰ ਜਦੋਂ ਖਰਗੋਸ਼ ਦੀ ਵਾਰੀ ਆਈ ਤਾਂ ਉਸਨੇ ਸਾਫ਼ ਕਹਿ ਦਿੱਤਾ ਕਿ, ”ਮੈਂ ਨਹੀਂ ਜਾਵਾਂਗਾ। ਮੈਂ ਜਿਉਣਾ ਚਾਹੁੰਨਾ।’ ਦੂਸਰੇ ਜਾਨਵਰਾਂ ਨੇ ਉਸਨੂੰ ਮਨਾਉਣ ਲਈ ਦਬਾਅ ਵੀ ਪਾਇਆ। ਸ਼ੇਰ ਦੇ ਖਾਣਾ ਖਾਣ ਦਾ ਵਕਤ ਹੋਇਆ ਤਾਂ ਖਰਗੋਸ਼ ਕੁੱਝ ਸੋਚ ਕੇ ਸ਼ੇਰ ਦੀ ਗੁਫ਼ਾ ਵੱਲ ਚੱਲ ਪਿਆ। ਜਦੋਂ ਉਹ ਗੁਫ਼ਾ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਸ਼ੇਰ ਖੌਰੂ ਪਾ ਰਿਹਾ ਸੀ। ਉਹ ਦੰਦ ਕਰੀਚ ਰਿਹਾ ਸੀ।
ਉਹ ਬੋਲਿਆ, ‘ਕਿਸ ਗੁਸਤਾਖ਼ ਨੇ ਏਨੀ ਦੇਰ ਕੀਤੀ।” ਪਰ ਮੇਰੀ ਮਜ਼ਬੂਰੀ ਸੀ’, ਖਰਗੋਸ਼ ਨੇ ਵਿਰੋਧ ਵਿਚ ਕਿਹਾ। ‘ਤੇਰੀ ਕੀ ਮਜ਼ਬੂਰੀ ਹੋ ਸਕਦੀ ਹੈ?’ ਸ਼ੇਰ ਨੇ ਪੁੱਛਿਆ। ਖਰਗੋਸ਼ ਕਹਿਣ ਲੱਗਾ, ਅੱਜ ਅਸਲ ਵਿਚ ਮੇਰੀ ਵਾਰੀ ਨਹੀਂ ਸੀ, ਸਗੋਂ ਮੇਰੇ ਭਰਾ ਦੀ ਵਾਰੀ ਸੀ। ਮੈਂ ਤਾਂ ਮਾੜਕੂ ਜਿਹਾ ਹਾਂ ਮੇਰਾ ਭਰਾ ਤਾਂ ਮੋਟਾ ਤਾਜ਼ਾ ਹੈ। ਰਸਤੇ ਵਿਚ ਉਹ ਇਕ ਹੋਰ ਸ਼ੇਰ ਦੇ ਕਾਬੂ ਆ ਗਿਆ। ਮੇਰਾ ਭਰਾ ਤੁਹਾਡੀ ਗੁਫ਼ਾ ਵੱਲ ਤੁਰ ਪਿਆ ਸੀ ਰਸਤੇ ਵਿਚ ਉਸਦਾ ਟਾਕਰਾ ਇਕ ਹੋਰ ਸ਼ੇਰਨਾਲ ਹੋ ਗਿਆ। ਉਹ ਉਸ ਨੂੰ ਖਾਣਾ ਚਾਹੁੰਦਾ ਸੀ। ਅਸਲ ਵਿਚ ਉਸਨੇ ਉਸਨੂੰ ਦਬੋਚ ਹੀ ਲਿਆ ਅਤੇ ਉਸਨੂੰ ਆਪਣੇ ਨਾਲ ਲੈ ਗਿਆ। ਮੈਂ ਉਸਨੂੰ ਕਿਹਾ ਕਿ ਇਹ ਤੇਰਾ ਇਲਾਕਾ ਨਹੀਂ ਹੈ। ਦੂਜੇ ਸ਼ੇਰ ਦਾ ਇਲਾਕਾ ਹੈ। ਉਹ ਤੈਨੂੰ ਸਜ਼ਾ ਦੇਵੇਗਾ।”
ਇਸ ਤੇ ਸ਼ੇਰ ਨੇ ਕਿਹਾ, ”ਤੂੰ ਹੁਣੇ ਜਾਹ ਤੇ ਆਪਣੇ ਉਸ ਸ਼ੇਰ ਨੂੰ ਇੱਥੇ ਲਿਆ। ਫੇਰ ਜੰਗ ਹੋਵੇਗੀ।” ਇਸ ਲਈ ਤਾਂ ਮੈਂ ਤੁਹਾਡੇ ਤੱਕ ਪਹੁੰਚਿਆ ਹਾਂ। ਉਸਦਾ ਸੁਨੇਹਾ ਦੇਣ ਲਈ। ‘ਚਲੋ ਮੇਰੇ ਨਾਲ ਤੇ ਉਸਨੂੰ ਜਰਾ ਸਬਕ ਸਿਖਾਉ।’ ਗੁੱਸੇ ਤੇ ਈਰਖਾ ਵਿਚ ਸ਼ੇਰ ਭਬਕਿਆ, ‘ਚਲ ਅੱਗੇ ਹੋ।’ ਤੇ ਦੋਨੋਂ ਸ਼ੇਰ ਦੀ ਭਾਲ ਵਿਚ ਚੱਲ ਪਏ। ਰਸਤੇ ਵਿਚ ਖਰਗੋਸ਼ ਨੇ ਖਤਰਾ ਮਹਿਸੂਸ ਕਰਨ ਦਾ ਨਾਟਕ ਕਰਕੇ ਚੀਕ ਮਾਰੀ ਤੇ ਪਿੱਛੇ ਹੱਟ ਕੇ ਝਾੜੀ ਓਹਲੇ ਲੁਕ ਗਿਆ।
‘ਹੁਣ ਕੀ ਹੋਇਆ?’ ਸ਼ੇਰ ਨੇ ਪੁੱਛਿਆ। ਤੂੰ ਡਰਿਆ ਕਿਉਂ ਤੇ ਕਿਹਦੇ ਕੋਲੋਂ?” ”ਮੈਂ ਡਰਿਆ ਇਸ ਲਈ ਕਿ ਦੂਜੇ ਸ਼ੇਰ ਦੀ ਗੁਫਾ ਸਾਡੇ ਸਾਹਮਣੇ ਹੈ।” ‘ਕਿੱਥੇ, ਕਿੱਥੇ?’ ਸ਼ੇਰ ਦਹਾੜਿਆ। ਉਸਨੇ ਸਾਹਮਣੇ ਤਿੱਖੀਆਂ ਨਜ਼ਰਾਂ ਘੁੰਮਾਈਆਂ। ਮੈਨੂੰ ਤਾਂ ਕੋਈ ਗੁਫ਼ਾ ਦਿਖਾਈ ਨਹੀਂ ਦੇ ਰਹੀ।” ‘ਉਹ ਦੇਖੋ’ ਖਰਗੋਸ਼ ਨੇ ਕਿਹਾ, ਤੁਹਾਡੇ ਪੈਰਾਂ ਕੋਲ।’ ‘ਪਰ ਮੈਨੂੰ ਤਾਂ ਕੋਈ ਗੁਫ਼ਾ ਨਹੀਂ ਦਿਖਾਈ ਦਿੰਦੀ। ਕੋਈ ਤਰੀਕਾ ਨਹੀਂ ਕਿ ਤੂੰ ਬਾਹਰ ਆ ਕੇ ਮੈਨੂੰ ਅਸਲੀ ਥਾਂ ਦਿਖਾਵੇਂ?’ ‘ਹਾਂ’, ਖਰਗੋਸ਼ ਬੋਲਿਆ, ‘ਇਕ ਤਰੀਕਾ ਹੈ, ਤੁਸੀਂ ਮੈਨੂੰ ਆਪਣੀ ਕੱਛ ਵਿਚ ਲੈ ਲਉ।’ ‘ਖਰਗੋਸ਼ ਦੇ ਕਹੇ ਅਨੁਸਾਰ ਸ਼ੇਰ ਨੇ ਉਸਨੂੰ ਆਪਣੀ ਕੱਛ ਵਿਚ ਲੈ ਲਿਆ ਅਤੇ ਉਸਦੇ ਦੱਸੇ ਅਨੁਸਾਰ ਅਗਾਂਹ ਵੱਧਣ ਲੱਗਾ। ਅਚਨਚੇਤ ਉਹ ਡੂੰਘੇ ਖੂਹ ਤੇ ਪਹੁੰਚ ਗਏ। ‘ਇਹ ਹੈ ਉਹ ਗੁਫ਼ਾ, ਜਿਹੜੀ ਮੈਂ ਤੁਹਾਨੂੰ ਦੱਸੀ ਸੀ।’ ਖਰਗੋਸ਼ ਨੇ ਹੋਲੀ ਜਿਹੀ ਕਿਹਾ। ‘ਗੁਫ਼ਾ ਵਿਚ ਦੇਖ ਫਿਰ ਤੈਨੂੰ ਡਾਕੂ ਦੇ ਦਰਸ਼ਨ ਹੋਣਗੇ।’ ਜਦੋਂ ਸ਼ੇਰ ਖੂਹ ਦੀ ਮਣ ‘ਤੇ ਖੜ੍ਹਾ ਹੋਇਆ ਅਤੇ ਉਸਨੇ ਡੂੰਘੇ ਝਾਤੀ ਮਾਰੀ ਤਾਂ ਸਾਫ਼ ਪਾਣੀ ਵਿਚ ਉਸ ਨੂੰ ਆਪਣਾ ਪਰਛਾਵਾਂ ਦਿੱਸਿਆ ਤੇ ਨਾਲ ਹੀ ਖਰਗੋਸ਼ ਨੂੰ ਉਸਨੇ ਫੜਿਆ ਹੋਇਆ ਸੀ। ਉਸਨੂੰ ਲੱਗਾ ਕਿ ਸ਼ੇਰ ਨੇ ਮੋਟੇ ਖਰਗੋਸ਼ ਨੂੰ ਫੜਿਆ ਹੋਇਆ ਹੈ। ਉਸਨੇ ਮਾੜਕੂ ਖਰਗੋਸ਼ ਨੂੰ ਪਰ੍ਹੇ ਵਗਾਹ ਮਾਰਿਆ। ਉਹ ਬਚ ਕੇ ਪਿਛਾਂਹ ਹਟ ਗਿਆ। ਸ਼ੇਰ ਨੇ ਗਰਜਦੇ ਹੋਏ ਖੂਹ ਵਿਚ ਛਾਲ ਜਾ ਮਾਰੀ। ਪਾਣੀ ਵਿਚ ਗੱਤੋ ਖਾਂਦਾ ਕਈ ਘੰਟਿਆਂ ਤੱਕ ਬਚਣ ਦੀ ਕੋਸ਼ਿਸ਼ ਕਰਦਾ ਅੰਤ ਨੂੰ ਸ਼ੇਰ ਡੁੱਬ ਮਰਿਆ ਇਉਂ ਜੰਗਲ ਨੂੰ ਜ਼ਾਲਮ ਸ਼ੇਰ ਤੋਂ ਮੁਕਤੀ ਮਿਲੀ।
ਲਾਲਚੀ ਬਾਂਦਰ
ਇਕ ਵਾਰੀ ਦੀ ਗੱਲ ਹੈ ਕਿ ਇਕ ਬਾਂਦਰ ਨੇ ਇਕ ਚੱਟਾਨ ਦੀ ਖੋੜ੍ਹ ਵਿਚ ਦਾਣੇ ਪਏ ਵੇਖੇ। ਉਸਨੇ ਹੱਥ ਅੰਦਰ ਪਾਇਆ ਤੇ ਦਾਣਿਆਂ ਦੀ ਮੁੱਠ ਭਰ ਲਈ। ਪਰ ਖੋੜ੍ਹ ਦਾ ਮੂੰਹ ਇਨਾ ਛੋਟਾ ਸੀ ਕਿ ਉਸਦੀ ਮੀਟੀ ਮੁੱਠ ਬਾਹਰ ਨਹੀਂ ਸੀ ਨਿਕਲ ਸਕਦੀ। ਥੋੜ੍ਹੇ ਦਾਣੇ ਉਸਨੂੰ ਪਸੰਦ ਨਹੀਂ ਸਨ, ਉਹ ਤਾਂ ਇਕੋ ਬਾਰ ਸਾਰੇ ਦਾਣੇ ਕੱਢਣਾ ਚਾਹੁੰਦਾ ਸੀ। ਨਤੀਜਾ ਇਹ ਹੋਇਆ ਕਿ ਉਸਨੂੰ ਥੋੜ੍ਹੇ ਦਾਣੇ ਵੀ ਨਹੀਂ ਮਿਲੇ ਤੇ ਉਹ ਭੁੱਖਾ ਹੀ ਵਾਪਿਸ ਆ ਗਿਆ।
ਪਛਤਾਵਾ
ਇਕ ਵਾਰ ਇਕ ਪਾਦਰੀ ਨੇ ਆਪਣੇ ਇਲਾਕੇ ਦੇ ਬੰਦੇ ਨੂੰ ਪੁੱਛਿਆ, ‘ਵੱਡੀ ਉਮਰ ਕਿਸਦੀ ਹੈ, ਤੇਰੀ ਜਾਂ ਤੇਰੀ ਦਾੜ੍ਹੀ ਦੀ।’ ‘ਮੇਰੀ ਉਮਰ ਵੱਡੀ ਹੈ,ਇਸ ਵਿਚ ਕੀ ਰੌਲਾ ਹੈ?’ ‘ਤੇ ਦਾੜ੍ਹੀ ਤਾਂ ਬਦਲ ਗਈ ਹੈ’, ਪਾਦਰੀ ਨੇ ਕਿਹਾ, ‘ਇਹ ਪਹਿਲਾਂ ਕਾਲੀ ਸੀ ਤੇ ਹੁਣ ਇਹ ਚਿੱਟੀ ਹੋ ਗਈ ਹੈ ਪਰ ਤੂੰ ਨਹੀਂ ਬਦਲਿਆ। ਓਹੋ ਦਾ ਓਹੋ। ਤੂੰ ਕਦੋਂ ਬਦਲਣਾ ਸ਼ੁਰੂ ਕਰੇਂਗਾ? ਕਦੋਂ ਤੂੰ ਬਦੀ ਤੋਂ ਤੌਬਾ ਕਰਕੇ ਭਲੇ ਦਾ ਕੰਮ ਕਰਨ ਲੱਗੇਂਗਾ?’
Read more
ਜਦੋਂ ਟੇਪ ਇਰੇਜ਼ ਹੋ ਗਈ
ਲੜੀਵਾਰ ਕਾਲਮ : ਮਾਂ ਬੋਲੀ ਦੇ ਵਿਸਰ ਰਹੇ ਸ਼ਬਦਾਂ ਦਾ ਕੋਸ਼ ‘ਸ਼ਬਦਾਂਗ’
ਇਕ ਕਵਿਤਾ ਇਕ ਕਹਾਣੀ