ਡਾ: ਕਰਮਜੀਤ ਸਿੰਘ
ਮੌਲਵੀ ਤੇ ਬਕਰਾ
ਇਕ ਬਾਰ ਮੌਲਵੀ ਮਸਜਿਦ ਵਿਚ ਬੈਠਾ ਪਿੰਡਾਂ ਵਾਲਿਆਂ ਨੂੰ ਆਉਣ ਵਾਲੀ ਜ਼ਿੰਦਗੀ ਦੇ ਦੁੱਖਾਂ-ਸੰਤਾਪਾਂ ਬਾਰੇ ਦੱਸ ਰਿਹਾ ਸੀ। ਜਦੋਂ ਉਸਦਾ ਪ੍ਰਵਚਨ ਸਿਖ਼ਰ ‘ਤੇ ਸੀ ਤਾਂ ਉਸਨੇ ਦੇਖਿਆ ਕਿ ਪਿੰਡ ਦਾ ਇਕ ਗਰੀਬ ਜੱਟ ਬੁਰੀ ਤਰ੍ਹਾਂ ਰੋ ਰਿਹਾ ਹੈ। ਮੌਲਵੀ ਨੇ ਪ੍ਰਵਚਨ ਵਿਚੇ ਛੱਡ ਕੇ ਪੁੱਛਿਆ, ”ਤੂੰ ਪਾਪ ਕੀਤੇ ਹਨ, ਇਸ ਲਈ ਰੋ ਰਿਹੈਂ? ਜਾਂ ਫਿਰ ਮੇਰੇ ਪ੍ਰਵਚਨ ਨੇ ਤੈਨੂੰ ਅੰਦਰ ਤੱਕ ਝੰਜੋੜ ਦਿੱਤਾ ਹੈ ਤਾਂ ਰੋ ਰਿਹਾ ਹੈਂ? ਤੂੰ ਆਪਣੇ ਕੀਤੇ ਪਾਪਾਂ ਬਾਰੇ ਸੋਚਣ ਲੱਗ ਪਿਐਂ?”
”ਨਹੀਂ, ਨਹੀਂ, ਗਰੀਬ ਨੇ ਜਵਾਬ ਦਿੱਤਾ, ‘ਮੈਂ ਆਪਣੇ ਪਾਪਾਂ ਬਾਰੇ ਬਿਲਕੁਲ ਨਹੀਂ ਸੋਚ ਰਿਹਾਂ। ਮੈਂ ਤਾਂ ਆਪਣੇ ਬੁੱਢੇ ਬੱਕਰੇ ਬਾਰੇ ਸੋਚ ਰਿਹਾ ਸੀ ਜੋ ਇਕ ਸਾਲ ਪਹਿਲਾਂ ਬਿਮਾਰ ਹੋਇਆ ਤੇ ਮਰ ਗਿਆ। ਏਡਾ ਵੱਡਾ ਘਾਟਾ। ਮੇਰੇ ਬੱਕਰੇ ਦੀ ਦਾੜ੍ਹੀ ਤੁਹਾਡੇ ਵਰਗੀ ਲੰਬੀ ਨਹੀਂ ਸੀ।’
ਇਹ ਸੁਣ ਕੇ ਪਿੰਡ ਵਾਲੇ ਜ਼ੋਰ ਜ਼ੋਰ ਦੀ ਹੱਸਣ ਲੱਗੇ।
ਮੌਲਵੀ ਨੇ ਆਪਣਾ ਧਿਆਨ ਕੁਰਾਨ ਦੀ ਪੜ੍ਹਾਈ ਵੱਲ ਲਾ ਕੇ ਪਿੰਡ ਵਾਲਿਆਂ ਤੋਂ ਪਿੱਛਾ ਛੁਡਾਇਆ ਤੇ ਸੁੱਖ ਦਾ ਸਾਹ ਲਿਆ।
ਰਾਜ ਕੁਮਾਰ ਅਹਿਮਦ ਤੇ ਉਡਣਾ ਘੋੜਾ
ਇਕ ਬਾਰ ਇਕ ਰਾਜਾ ਹੁੰਦਾ ਸੀ। ਉਸਦਾ ਇਕ ਬੇਟਾ ਸੀ ਜਿਸ ਦਾ ਨਾਂ ਸੀ ਅਹਿਮਦ। ਇਕੋ ਇਕ ਪੁੱਤਰ ਸੀ, ਉਸਦਾ ਕੰਮ ਸੀ ਗਲੀਆਂ ਬਾਜ਼ਾਰਾਂ ਵਿਚ ਮਟਰ-ਗਸ਼ਤੀ। ਇਥੇ ਹੀ ਉਸਦੇ ਚਾਰ ਮਿੱਤਰ ਬਣ ਗਏ। ਇਹ ਸਨ-ਸੁਨਿਆਰਾ, ਲੁਹਾਰ, ਤੇਲੀ ਅਤੇ ਤਰਖਾਣ। ਰਾਜਕੁਮਾਰ ਉਨ੍ਹਾਂ ਨਾਲ ਹੀ ਕੰਮ ਕਰਦਾ ਅਤੇ ਉਨ੍ਹਾਂ ਨਾਲ ਹੀ ਖੇਡਦਾ। ਏਦਾਂ ਉਹ ਪੱਕੇ ਯਾਰ ਬਣ ਗਏ। ਉਹ ਏਨੇ ਤੇਜ਼ ਤਰਾਰ ਸਨ ਕਿ ਸਾਰੇ ਉਨ੍ਹਾਂ ਨੂੰ ਜਾਦੂਗਰ ਕਹਿੰਦੇ। ਹੌਲ਼ੀ ਹੌਲ਼ੀ ਇਸ ਸਭ ਕੁੱਝ ਦਾ ਪਤਾ ਵਜ਼ੀਰਾਂ ਨੂੰ ਲੱਗਾ. ਉਨ੍ਹਾਂ ਨੇ ਜਾ ਕੇ ਸਭ ਹਾਲ ਰਾਜੇ ਨੂੰ ਦੱਸ ਦਿੱਤਾ। ਤੁਹਾਡੇ ਸਾਹਿਬਜ਼ਾਦਿਆਂ ਨੇ ਬਜ਼ਾਰਾਂ ਦੇ ਲੋਕਾਂ ਨਾਲ ਆੜੀਆਂ ਪਾ ਲਈਆਂ ਨੇ। ਉਹ ਉਸ ਨੂੰ ਤਬਾਹ ਕਰ ਦੇਣਗੇ।
ਰਾਜੇ ਨੇ ਦਰਬਾਰ ਬੁਲਾ ਕੇ ਚਾਰਾਂ ਨੂੰ ਕਾਲ ਕੋਠੜੀ ਵਿਚ ਬੰਦ ਕਰ ਦਿੱਤਾ। ਰਾਜ ਕੁਮਾਰ ਨੇ ਵਿਚ ਪੈਂਦਿਆਂ ਕਿਹਾ, ”ਉਨ੍ਹਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ। ਇਸ ਤੋਂ ਬਿਨਾਂ ਉਨ੍ਹਾਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਜਦੋਂ ਚਾਰਾਂ ਨੂੰ ਰਾਜੇ ਦੀ ਕਚਹਿਰੀ ਵਿਚ ਲਿਆਂਦਾ ਗਿਆ ਤਾਂ ਸੁਨਿਆਰੇ ਦੇ ਮੁੰਡੇ ਨੇ ਕਿਹਾ, ”ਵਜੀਰ ਵੱਲੋਂ ਲਾਏ ਗਏ ਦੋਸ਼ਾਂ ਦਾ ਜਵਾਬ ਦੇਣ ਲਈ ਸਾਨੂੰ ਸਮਾਂ ਚਾਹੀਦਾ ਹੈ। ਅੱਠਾਂ ਦਿਨਾਂ ਬਾਅਦ ਅਸੀਂ ਦੁਬਾਰਾ ਤੁਹਾਡੀ ਕਚਹਿਰੀ ਵਿਚ ਪੇਸ਼ ਹੋਵਾਂਗੇ, ਤਦ ਤੁਸੀਂ ਸਾਡਾ ਨਿਤਾਰਾ ਕਰਨਾ।” ਇਸ ਤਰ੍ਹਾਂ ਉਨ੍ਹਾਂ ਨੂੰ ਅੱਠ ਦਿਨ ਲਈ ਰਿਹਾਅ ਕਰ ਦਿੱਤਾ ਗਿਆ। ਰਿਹਾਈ ਦਾ ਸਮਾਂ ਖ਼ਤਮ ਹੋਣ ‘ਤੇ ਉਹ ਰਾਜੇ ਦੇ ਦਰਬਾਰ ਵਿਚ ਆਪਣੀ ਕਾਰਾਗਰੀ ਦਿਖਾਉਣ ਲਈ ਹਾਜ਼ਰ ਹੋ ਗਏ।
ਸੁਨਿਆਰਿਆਂ ਦਾ ਮੰਡਾ ਛੇ ਸੁਨਹਿਰੀ ਮੱਛੀਆਂ ਬਣਾ ਕੇ ਲਿਆਇਆ। ਜਿਉਂ ਹੀ ਉਨ੍ਹਾਂ ਮੱਛੀਆਂ ਨੂੰ ਰਾਜੇ ਦੇ ਤਲਾਅ ਵਿਚ ਛੱਡਿਆ ਗਿਆ ਉਹ ਜਿਊਂਦੀਆਂ ਜਾਗਦੀਆਂ ਮੱਛੀਆਂ ਬਣ ਗਈਆਂ ਅਤੇ ਉਹ ਤੈਰਨ ਲੱਗ ਪਈਆਂ। ਦਰਬਾਰੀਆਂ ਨੇ ਉਨ੍ਹਾਂ ਨੂੰ ਚੂਰ-ਭੂਰ ਪਾਇਆ ਤਾਂ ਉਹ ਖਾਣ ਲੱਗ ਪਈਆਂ। ਲੁਹਾਰ ਦੇ ਮੁੰਡੇ ਨੇ ਦੋ ਵੱਡੀਆਂ ਲੋਹੇ ਦੀਆਂ ਮੱਛੀਆਂ ਬਣਾ ਕੇ ਲਿਆਂਦੀਆਂ। ਉਨ੍ਹਾਂ ਮੱਛੀਆਂ ਨੇ ਸੁਨਹਿਰੀ ਮੱਛੀਆਂ ਨੂੰ ਨਿਗਲ ਲਿਆ। ਤੇਲੀਆਂ ਦਾ ਮੁੰਡਾ ਦੋ ਨਕਲੀ ਦੈਂਤ ਬਣਾ ਕੇ ਅਹਿਮਦ ਲਿਆਇਆ। ਇਹ ਦੈਂਤ ਆਪਸ ਵਿਚ ਲਗਾਤਾਰ ਘੁਲਦੇ ਰਹੇ। ਅੰਤ ਵਿਚ ਰਾਜਕੁਮਾਰ ਅਹਿਮਦ ਨੇ ਉਨ੍ਹਾਂ ਨੂੰ ਛੁਡਾਇਆ। ਤਰਖਾਣਾ ਦਾ ਮੁੰਡਾ ਇਕ ਵੱਡਾ ਸਾਰਾ ਲਕੜੀ ਦਾ ਘੋੜਾ ਲੈ ਕੇ ਆਇਆ। ਇਸ ਘੋੜੇ ਵਿਚ ਇਕ ਲੁਕੀ ਕਲਾ ਲੱਗੀ ਹੋਈ ਸੀ। ਰਾਜਕੁਮਾਰ ਅਹਿਮਦ ਪਲਾਕੀ ਮਾਰ ਕੇ ਘੋੜੇ ‘ਤੇ ਬੈਠ ਗਿਆ। ਜਿਉਂ ਹੀ ਉਸਨੇ ਕਲਾ ਮਰੋੜੀ ਘੋੜਾ ਬਿਜਲੀ ਦੀ ਤੇਜ਼ੀ ਨਾਲ ਹਵਾ ਵਿਚ ਅੱਖੋਂ ਓਹਲੇ ਹੋ ਗਿਆ।
ਬਾਦਸ਼ਾਹ ਜੋ ਪਹਿਲਾਂ ਬੜਾ ਖੁਸ਼ ਹੋਇਆ ਸੀ ਹੁਣ ਗੁੱਸੇ ਨਾਲ ਅੱਗ ਭਬੂਕਾ ਹੋ ਗਿਆ। ਤਰਖਾਣ ਮੁੰਡੇ ਨੂੰ ਝੰਜੋੜਦਾ ਹੋਇਆ ਉਹ ਗਰਜਿਆ, ‘ਬਦਮਾਸ਼ ਮੇਰੇ ਪੁੱਤਰ ਨੂੰ ਵਾਪਿਸ ਲਿਆ।” ਬਾਦਸ਼ਾਹ ਸਲਾਮਤ ਇਹ ਨਹੀਂ ਹੋ ਸਕਦਾ।’ ਤਰਖਾਣ ਨੇ ਕਿਹਾ, ”ਮੈਨੂੰ ਮੁਆਫ਼ ਕਰ ਦਿਉ। ਮੈਂ ਵਚਨ ਦਿੰਦਾ ਹਾਂ ਕਿ ਰਾਜਕੁਮਾਰ ਦੋ ਮਹੀਨਿਆਂ ਵਿਚ ਸੁੱਖ ਸੁਖੀਲੀ ਨਾਲ ਤੁਹਾਡੇ ਕੋਲ ਪਹੁੰਚ ਜਾਵੇਗਾ।”
ਚਾਰਾਂ ਨੂੰ ਦੋ ਮਹੀਨੇ ਦੇ ਦਿੱਤੇ ਗਏ। ਪਰ ਉਨ੍ਹਾਂ ਨੂੰ ਕਾਲ ਕੋਠੜੀ ਵਿਚ ਰੱਖਿਆ ਗਿਆ। ਉਨ੍ਹਾਂ ਨੂੰ ਦੱਸ ਦਿੱਤਾ ਗਿਆ ਕਿ ਜੇ ਦੋ ਮਹੀਨਿਆਂ ਬਾਅਦ ਰਾਜਕੁਮਾਰ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਜਾਵੇਗੀ।
ਦੂਜੇ ਪਾਸੇ ਉੱਡਣਾ ਘੋੜਾ ਪੰਜ ਸੌ ਕੋਹ (1500 ਮੀਲ) ਦੂਰ ਇਕ ਆਲੀਸ਼ਾਨ ਅਟਾਰੀ ‘ਤੇ ਜਾ ਉਤਰਿਆ। ਚਾਨਣੀ ਰਾਤ ਵਿਚ ਰਾਜਕੁਮਾਰ ਨੂੰ ਬੇਹੱਦ ਸੁੰਦਰ ਰਾਜਕੁਮਾਰ ਦੇ ਦਰਸ਼ਨ ਹੋਏ। ਰਾਜਕੁਮਾਰ ਨੂੰ ਉਸ ਨਾਲ ਪਿਆਰ ਹੋ ਗਿਆ। ਜਦੋਂ ਰਾਜਕੁਮਾਰੀ ਨੇ ਰਾਜਕੁਮਾਰ ਤੱਕਿਆ ਤਾਂ ਉਹ ਵੀ ਉਸਦੇ ਪਿਆਰ ਵਿਚ ਫਾਵੀ ਹੋ ਗਈ। ਦੋਨੋਂ ਮਹਿਲਾਂ ਦੇ ਅੰਦਰ ਗਏ ਅਤੇ ਗੱਲਾਂ ਬਾਤਾਂ ਕਰਦੇ ਕਰਦੇ ਇਕ ਦੂਜੇ ਨਾਲ ਘੁਲ ਮਿਲ ਗਏ। ਜਾਣ ਲੱਗਾ ਰਾਜਕੁਮਾਰ ਘੋੜੇ ‘ਤੇ ਬਹਿ ਕੇ ਉੱਡ ਗਿਆ। ਮਹਿਲਾਂ ਤੋਂ ਦੂਰ ਇਕ ਵੱਡੀ ਟਾਹਲੀ ਉੱਪਰ ਜਾ ਕੇ ਉਸਨੇ ਘੋੜਾ ਉਤਾਰਿਆ। ਰਾਜਕੁਮਾਰ ਨੇ ਘੋੜੇ ਦਾ ਅੰਗ ਅੰਗ ਵੱਖ ਕੀਤਾ ਅਤੇ ਟਾਹਲੀ ‘ਤੇ ਟੰਗ ਦਿੱਤਾ। ਥੱਲੇ ਆ ਕੇ ਉਹ ਇਕ ਬੁੱਢੀ ਦੇ ਘਰ ਠਹਿਰ ਗਿਆ। ਜਿਉਂ ਹੀ ਹਨ੍ਹੇਰਾ ਹੁੰਦਾ ਉਹ ਟਾਹਲੀ ‘ਤੇ ਚੜ੍ਹ ਕੇ ਘੋੜੇ ਦੇ ਅੰਗ ਜੋੜਦਾ ਤੇ ਉਸ ਉੱਪਰ ਬੈਠ ਕੇ ਮਹੱਲ ਦੀ ਅਟਾਰੀ ‘ਤੇ ਆ ਜਾਂਦਾ। ਇਕ ਦਿਨ ਰਾਜਕੁਮਾਰੀ ਦੀਆਂ ਸੂਹੀਆਂ ਔਰਤਾਂ ਨੇ ਇਸ ਘਟਨਾ ਬਾਰੇ ਕਾਨਾਫ਼ੂਸੀ ਕਰਨੀ ਸ਼ੁਰੂ ਕਰ ਦਿੱਤੀ। ਇਕ ਨੇ ਰਾਜੇ ਕੋਲ ਜਾ ਕੇ ਚੁਗਲੀ ਕੀਤੀ, ‘ਕੋਈ ਚੋਰ ਰਾਤ ਨੂੰ ਮਹੱਲ ਵਿਚ ਆਉਂਦਾ ਹੈ।’ ਇਹ ਸੁਣ ਕੇ ਰਾਜੇ ਨੇ ਦੋਹਰਾ ਪਹਿਰਾ ਲਗਵਾ ਦਿੱਤਾ ਅਤੇ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਮਨਾਹੀ ਕਰ ਦਿੱਤੀ। ਪਰ ਰਾਜੇ ਨੂੰ ਫਿਰ ਸੂਹ ਮਿਲੀ ਕਿ, ‘ਕੋਈ ਚੋਰ ਤੁਹਾਡੀ ਰਾਜਕੁਮਾਰੀ ਦੇ ਮਹਿਲ ਵਿਚ ਅਜੇ ਵੀ ਆਉਂਦਾ ਹੈ।”
ਹੁਣ ਰਾਜੇ ਨੇ ਵਜੀਰ ਨੂੰ ਸੱਦਿਆ ‘ਤੇ ਕਿਹਾ, ”ਕਿਸੇ ਔਰਤ ਤੋਂ ਬਗੈਰ ਇਸ ਰਾਜ਼ ਦਾ ਪਤਾ ਨਹੀਂ ਲੱਗ ਸਕਦਾ।” ਇਸ ਲਈ ਰਾਜੇ ਨੇ ਇਕ ਔਰਤ ਨਾਲ ਤੇ ਵਜ਼ੀਰ ਨਾਲ ਮਸ਼ਵਰਾ ਕੀਤਾ। ਉਨ੍ਹਾਂ ਨੇ ਸਲਾਹ ਦਿੱਤੀ ਕਿ ਮਹਿਲਾਂ ਨੂੰ ਜਾਂਦੀਆਂ ਪੋੜੀਆਂ ਉੱਪਰ ਚਿੱਕੜ ਕਰ ਦਿੱਤਾ ਜਾਵੇ। ਅਜਿਹਾ ਹੀ ਕੀਤਾ ਗਿਆ।
ਅਗਲੀ ਰਾਤ ਜਦੋਂ ਰਾਜ ਕੁਮਾਰ ਅਹਿਮਦ ਅਟਾਰੀ ‘ਤੇ ਆਇਆ ਅਤੇ ਘੋੜੇ ਤੋਂ ਉਤਰਨ ਲੱਗਾ ਤਾਂ ਉਹ ਪਉੜੀਆਂ ਤੋਂ ਤਿਲਕ ਪਿਆ। ਕਿਸੇ ਦੀ ਸਾਜਿਸ਼ ਸਮਝ ਕੇ ਉਹ ਵਾਪਿਸ ਚਲਾ ਗਿਆ। ਘੋੜੇ ਨੂੰ ਟਾਹਲੀ ‘ਤੇ ਟੰਗ ਕੇ ਉਹ ਬੁੱਢੀ ਮਾਈ ਦੀ ਕੁੱਲ੍ਹੀ ਵਿਚ ਪਹੁੰਚ ਗਿਆ। ਅਗਲੀ ਸਵੇਰ ਉਸਨੇ ਧੋਬੀ ਨੂੰ ਬੁਲਾ ਕੇ ਆਪਣੇ ਮਿੱਟੀ ਨਾਲ ਲਿਬੜੇ ਕਪੜੇ ਉਸਨੂੰ ਧੋਣ ਲਈ ਦੇ ਦਿੱਤੇ।
ਇਸੇ ਦੌਰਾਨ ਰਾਜੇ ਨੇ ਡੌਂਡੀ ਪਿਟਵਾਈ ਕਿ ਉਸਦੇ ਰਾਜ ਦਾ ਹਰ ਵਾਸੀ ਮਹਿਲ ਦੇ ਵਿਹੜੇ ਵਿਚ ਆ ਜਾਏ। ਧੋਬੀ ਨੇ ਰਾਜਕੁਮਾਰ ਦਾ ਸ਼ਾਹੀ ਲਿਬਾਸ ਪਾ ਕੇ ਤਾੜੀ ਮਾਰੀ ‘ਤੇ ਆ ਗਿਆ। ਲੋਕਾਂ ਵਿਚੋਂ ਉਹ ਵੱਖਰਾ ਹੀ ਪਛਾਣਿਆ ਗਿਆ। ਉਸ ਦੇ ਕੁੜਤੇ ਨੂੰ ਮਿੱਟੀ ਲੱਗੀ ਹੋਈ ਸੀ। ਰਾਜੇ ਨੇ ਜਲਾਦ ਨੂੰ ਹੁਕਮ ਦਿੱਤਾ, ”ਇਸ ਨੂੰ ਫਾਂਸੀ ਦੇ ਦਿੱਤੀ ਜਾਵੇ।” ਪਰ ਧੋਬੀ ਗੋਡਿਆਂ ਭਾਰ ਹੋ ਕੇ ਅਰਜ਼ ਕਰਨ ਲੱਗਾ, ”ਬਾਦਸ਼ਾਹ ਸਲਾਮਤ, ਮੈਂ ਤਾਂ ਗਰੀਬ ਧੋਬੀ ਹਾਂ। ਮੇਰੇ ਪਾਇਆ ਹੋਇਆ ਸ਼ਾਹੀ ਲਿਬਾਸ ਮੇਰਾ ਨਹੀਂ ਹੈ। ਇਹ ਲਿਬਾਸ ਕਿਸੇ ਹੋਰ ਦਾ ਹੈ। ਮੈਨੂੰ ਤਾਂ ਬਸ ਧੋਣ ਲਈ ਦਿੱਤਾ ਗਿਆ ਹੈ। ਸਿਪਾਹੀਆਂ ਨੂੰ ਮੇਰੇ ਨਾਲ ਭੇਜੋ ਮੈਂ ਲਿਬਾਸ ਦੇ ਮਾਲਕ ਨੂੰ ਫੜਵਾ ਦੇਵਾਂਗਾ।
ਧੋਬੀ ਸਿਪਾਹੀਆਂ ਨੂੰ ਨਾਲ ਲੈ ਕੇ ਬੁੱਢੀ ਦੀ ਕੁੱਲੀ ਵਿਚ ਆ ਗਿਆ। ਉਥੇ ਉਨ੍ਹਾਂ ਨੇ ਰਾਜਕੁਮਾਰ ਅਹਿਮਦ ਨੂੰ ਗ੍ਰਿਫ਼ਤਾਰ ਕਰ ਲਿਆ। ਉਹ ਉਸਨੂੰ ਘਸੀਟਦੇ ਰਾਜੇ ਕੋਲ ਲੈ ਆਏ। ਉਸਨੇ ਇਕ ਦਮ ਫਾਂਸੀ ਦਾ ਹੁਕਮ ਦੇ ਦਿੱਤਾ। ਇਸ ਦਰਮਿਆਨ ਰਾਜਕੁਮਾਰੀ ਨੇ ਰਾਜਕੁਮਾਰ ਨੂੰ ਗੁਪਤ ਸੁਨੇਹਾ ਭੇਜਿਆ ਕਿ, ‘ਰਾਜੇ ਦਾ ਡੰਨ ਭਰਦੇ। ਪੈਸੇ ਮੈਂ ਦੇ ਦੇਵਾਂਗੀ। ਆਪਣੀ ਜ਼ਿੰਦਗੀ ਬਚਾ।’ ਪਰ ਰਾਜਕੁਮਾਰ ਨੇ ਮੋੜਵਾਂ ਸੁਨੇਹਾ ਭੇਜਿਆ, ‘ਮੈਂ ਕੋਈ ਡੰਨ ਨਹੀਂ ਭਰਾਂਗਾ। ਤੂੰ ਮੈਨੂੰ ਅੱਧੇ ਘੰਟੇ ਬਾਅਦ ਮਹਿਲ ਦੀ ਛੱਤ ਉੱਪਰ ਮਿਲ।’ ਸਿਪਾਹੀ ਰਾਜਕੁਮਾਰ ਨੂੰ ਧੂੰਹਦੇ ਹੋਏ ਟਾਹਲੀ ਕੋਲ ਲੈ ਗਏ। ਉਸਦੇ ਗਲ ਵਿਚ ਫੰਦਾ ਪਾ ਦਿੱਤਾ। ਉਹ ਉਸ ਨੂੰ ਫਾਂਸੀ ਦੇਣ ਹੀ ਲੱਗੇ ਸਨ ਕਿ ਉਸਨੇ ਸਿਪਾਹੀਆਂ ਨੂੰ ਅਰਜ਼ ਕੀਤੀ, ‘ਮੇਰੀ ਇੱਛਾ ਹੈ ਕਿ ਮੈਂ ਟਾਹਲੀ ਉੱਪਰ ਚੜ੍ਹ ਕੇ ਆਖਰੀ ਵਾਰ ਜਹਾਨ ਦੀ ਹਵਾ ਖਾਵਾਂ।’ ਉਸਨੇ ਦੋ ਸੋਨੇ ਦੀਆਂ ਮੋਹਰਾਂ ਵੀ ਉਨ੍ਹਾਂ ਨੂੰ ਦਿੱਤੀਆਂ। ਸਿਪਾਹੀਆਂ ਨੇ ਇਜਾਜ਼ਤ ਦੇ ਦਿੱਤੀ। ਟਾਹਲੀ ਦੇ ਸਿਖ਼ਰ ‘ਤੇ ਜਾ ਕੇ ਉਹ ਉੱਥੇ ਪਹੁੰਚਿਆ ਜਿੱਥੇ ਉਸਨੇ ਘੋੜਾ ਛੁਪਾਇਆ ਹੋਇਆ ਸੀ। ਉਸਨੇ ਘੋੜਾ ਜੋੜਿਆ ਤੇ ਉੱਡ ਕੇ ਰਾਜਕੁਮਾਰੀ ਦੀ ਅਟਾਰੀ ‘ਤੇ ਪਹੁੰਚ ਗਿਆ। ਉਸਨੇ ਰਾਜਕੁਮਾਰੀ ਨੂੰ ਖਿੱਚ ਕੇ ਆਪਣੇ ਅੱਗੇ ਕਾਠੀ ਉੱਪਰ ਬਿਠਾ ਲਿਆ। ਉਸਨੇ ਕਲਾ ਦੱਬੀ ਤੇ ਰਾਜੇ ਅਤੇ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਹੋ ਗਿਆ। ਪਲ ਵਿਚ ਹੀ ਉਹ ਆਪਣੇ ਪਿਤਾ ਦੇ ਮਹਿਲੀਂ ਪਹੁੰਚ ਗਿਆ। ਰਾਜ ਕੁਮਾਰ ਦੇ ਮੁੜ ਆਉਣ ‘ਤੇ ਚਾਰਾਂ ਮੁੰਡਿਆਂ ਨੂੰ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਨੂੰ ਰਾਜਾਂ ਦੇ ਸੂਬੇਦਾਰ ਬਣਾ ਦਿੱਤਾ ਗਿਆ। ਰਾਜਕੁਮਾਰ ਅਤੇ ਰਾਜਕੁਮਾਰੀ ਦਾ ਵਿਆਹ ਹੋ ਗਿਆ ਤੇ ਉਹ ਖੁਸ਼ੀ ਖੁਸ਼ੀ ਜੀਵਨ ਬਤੀਤ ਕਰਨ ਲੱਗੇ।
ਆਦਮੀ ਤੇ ਰਿੱਛ
ਇਕ ਬਾਰ ਦਰਿਆ ਵਿਚ ਹੜ੍ਹ ਆਇਆ ਹੋਇਆ ਸੀ। ਇਕ ਆਦਮੀ ਨੇ ਕੋਈ ਕਾਲ਼ੀ ਚੀਜ਼ ਦਰਿਆ ਵਿਚ ਰੁੜ੍ਹੀ ਜਾਂਦੀ ਦੇਖੀ। ਉਸਨੇ ਇਸਨੂੰ ਲਕੜੀ ਦੀ ਗੇਲੀ ਸਮਝ ਲਿਆ। ਉਹ ਪਾਣੀ ਵਿਚ ਕੁੱਦ ਗਿਆ ਅਤੇ ਤੈਰਦਾ ਉਸ ਤੱਕ ਪਹੁੰਚਿਆ। ਉਸਨੇ ਉਸ ਚੀਜ਼ ਨੂੰ ਦੋਨਾਂ ਹੱਥਾਂ ਨਾਲ ਘੁੱਟ ਕੇ ਫੜ੍ਹ ਲਿਆ। ਕਾਫ਼ੀ ਦੇਰ ਬਾਅਦ ਉਸਨੂੰ ਪਤਾ ਲੱਗਾ ਕਿ ਉਸਨੂੰ ਤਾਂ ਰਿੱਛ ਨੇ ਆਪਣੇ ਪੰਜਿਆਂ ਵਿਚ ਜਕੜਿਆ ਹੋਇਆ ਸੀ। ਉਸਦੇ ਦੋਸਤਾਂ ਨੇ ਕੰਢੇ ਤੋਂ ਆਵਾਜ਼ਾਂ ਮਾਰੀਆਂ ਕਿ ਉਹ ਗੇਲੀ ਨੂੰ ਛੱਡ ਦਏ ਅਤੇ ਵਾਪਿਸ ਮੁੜ ਆਏ। ਉਸਨੇ ਜਵਾਬ ਦਿੱਤਾ, ”ਇਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਮੈਂ ਤਾਂ ਗੇਲੀ ਨੂੰ ਛੱਡਦਾਂ ਪਰ ਗੇਲੀ ਮੈਨੂੰ ਨਹੀਂ ਛੱਡ ਰਹੀ।”
ਕੰਜੂਸ ਤੇ ਕਣਕ ਦਾ ਦਾਣਾ
ਕੰਜੂਸ ਮੱਕੀ ਚੂਸ ਚੱਟਾਨ ਦੇ ਕੰਡੇ ‘ਤੇ ਬੈਠਾ ਇਧਰ ਓਧਰ ਲੱਤਾਂ ਹਿਲਾ ਰਿਹਾ ਸੀ। ਉਸ ਨੂੰ ਭੁੱਖ ਨੇ ਬਹੁਤ ਸਤਾਇਆ। ਉਸਨੇ ਭੁੱਜੇ ਦਾਣਿਆਂ ਦਾ ਥੈਲਾ ਕੱਢਿਆ ਤੇ ਇਕ ਇਕ ਕਰਕੇ ਮੂੰਹ ਵਿਚ ਪਾਉਣ ਲੱਗਾ। ਇਕ ਦਾਣਾ ਮੂੰਹ ਵਿਚ ਨਾ ਪੈ ਕੇ ਖੁੱਡ ਵਿਚ ਜਾ ਡਿੱਗਾ। ”ਓਹ ਹੋ! ਕਿੰਨਾ ਘਾਟਾ ਪੈ ਗਿਆ?” ਉਹ ਚੀਕਿਆ, ‘ਕਣਕ ਦੇ ਇਕ ਦਾਣੇ ਦੀ ਵੀ ਕੀਮਤ ਹੁੰਦੀ ਹੈ, ਕੋਈ ਮੂਰਖ ਹੀ ਇਸ ਨੂੰ ਹੱਥੋਂ ਜਾਣ ਦੇਵੇਗਾ।” ਇਹ ਸੋਚ ਕੰਜੂਸ ਨੇ ਚੱਟਾਨ ਤੋਂ ਛਾਲ ਮਾਰ ਦਿੱਤੀ ਅਤੇ ਉਹ ਦੋਨੋਂ ਲੱਤਾਂ ਤੂੜਾ ਬੈਠਾ।
ਬਨੇਰ ਵਾਸੀ ਅਤੇ ਪਣ-ਚੱਕੀ
ਇਕ ਬਨੇਰਵਾਲ ਸਿੰਧ ਦਰਿਆ ‘ਤੇ ਆਇਆ। ਉਸਨੇ ਇੱਥੇ ਇਕ ਪਣ-ਚੱਕੀ ਚਲਦੀ ਦੇਖੀ। ਉਸਨੇ ਆਪਣੇ ਆਪ ਨੂੰ ਕਿਹਾ, ”ਰੱਬ ਆਪਣੇ ਕਮਾਲ ਦੇ ਕੰਮਾਂ ਢੰਗਾਂ ਤੋਂ ਜਾਣਿਆ ਜਾਂਦਾ ਹੈ। ਆਹ ਵੀ ਕਮਾਲ ਦੀ ਚੀਜ਼ ਹੈ ਤੇ ਕਮਾਲ ਦਾ ਹੀ ਢੰਗ ਤਰੀਕਾ, ਨਾਂ ਹੱਥ ਤੇ ਨਾ ਹੀ ਪੈਰ। ਇਹ ਜ਼ਰੂਰ ਰੱਬ ਹੀ ਹੋਵੇਗਾ। ਉਹ ਅਗਾਂਹ ਗਿਆ ਤੇ ਚੱਕੀ ਦੇ ਸਿਰੇ ਨੂੰ ਜਾ ਚੁੰਮਿਆ। ਵਿਚਾਰੇ ਦਾ ਤਿੱਖੇ ਪੱਥਰ ਨਾਲ ਚਿਹਰਾ ਛਿੱਲਿਆ ਗਿਆ।
ਜੋ ਬੋਲੇ ਉਹੋ ਹੀ ਕੁੰਡਾ ਖੋਲ੍ਹੇ
(ਜੱਟ ਉਸਦੀ ਘਰਵਾਲੀ ਅਤੇ ਖੁੱਲ੍ਹਾ ਦਰਵਾਜ਼ਾ)
ਇਕ ਵਾਰ ਦੀ ਗੱਲ ਹੈ ਕਿ ਗਰੀਬ ਜੱਟ ਤੇ ਜੱਟੀ ਸਾਰੇ ਦਿਨ ਦੀ ਮਿਹਨਤ ਤੋਂ ਬਾਅਦ ਗਰੀਬੀ ਦਾਅਵੇ ਵਾਲੀ ਰੋਟੀ ਖਾ ਕੇ ਚੁੱਲ੍ਹੇ ਅੱਗੇ ਬੈਠ ਗਏ। ਉਨ੍ਹਾਂ ਵਿਚ ਇਸ ਗੱਲੋਂ ਝਗੜਾ ਹੋ ਗਿਆ ਕਿ ਖੁੱਲ੍ਹੇ ਦਰਵਾਜ਼ੇ ਨੂੰ ਕੌਣ ਬੰਦ ਕਰੇਗਾ? ਦਰਵਾਜ਼ਾ ਹਵਾ ਦੇ ਬੁੱਲੇ ਨਾਲ ਚੁਪੱਟ ਖੁੱਲ੍ਹ ਗਿਆ ਸੀ।
‘ਭਲੀਏ ਲੋਕੇ ਉੱਠ ਕੇ ਦਰਵਾਜ਼ਾ ਬੰਦ ਕਰਦੇ।’ ਜੱਟ ਨੇ ਕਿਹਾ।
‘ਭਲਿਆ ਲੋਕਾ ਤੂੰ ਆਪ ਹੀ ਬੰਦ ਕਰਦੇ।’ ਜੱਟੀ ਕਹਿਣ ਲੱਗੀ।
‘ਮੈਂ ਬੰਦ ਨਹੀਂ ਕਰਾਂਗਾ, ਤੂੰ ਵੀ ਬੰਦ ਨਹੀਂ ਕਰੇਂਗੀ’ ਘਰਵਾਲੇ ਨੇ ਕਿਹਾ, ‘ਚੱਲ ਪਹਿਲਾਂ ਜੋ ਬੋਲੇਗਾ, ਉਹੀ ਦਰਵਾਜ਼ਾ ਬੰਦ ਕਰੇਗਾ।’
ਘਰ ਵਾਲੀ ਨੇ ਇਹ ਸ਼ਰਤ ਖੁਸ਼ੀ ਨਾਲ ਮਨਜ਼ੂਰ ਕਰ ਲਈ। ਦੋਨੋਂੰ ਸਹਿਮਤ ਹੋ ਕੇ ਚੁੱਪ ਚਾਪ ਮੰਜੇ ‘ਤੇ ਜਾ ਪਏ।
ਅੱਧੀ ਰਾਤ ਨੂੰ ਉਨ੍ਹਾਂ ਨੂੰ ਕੋਈ ਆਵਾਜ਼ ਸੁਣੀ ਬਾਹਰ ਦੇਖ ਕੇ ਉਨ੍ਹਾਂ ਅੰਦਾਜ਼ਾ ਲਾਇਆ ਕਿ ਕੋਈ ਅਵਾਰਾ ਕੁੱਤਾ ਕਮਰੇ ਵਿਚ ਆ ਗਿਆ ਹੈ ਅਤੇ ਸਬਾਤ ਵਿਚ ਕੁੱਝ ਖਾਣ ਲੱਗਾ ਹੋਇਆ ਹੈ। ਪਰ ਦੋਨਾਂ, ਸੁਸਤ ਮੀਆਂ ਬੀਵੀ ਨੇ ਇਕ ਵੀ ਸ਼ਬਦ ਮੂੰਹੋਂ ਨਾ ਕੱਢਿਆ ਅਤੇ ਕੁੱਤੇ ਨੇ ਸਾਰਾ ਕੁੱਝ ਸੁੰਘਿਆ ਅਤੇ ਜਿੰਨਾ ਖਾਣਾ ਸੀ ਖਾਧਾ ਅਤੇ ਘਰੋਂ ਬਾਹਰ ਹੋ ਗਿਆ।
ਅਗਲੀ ਸਵੇਰ ਔਰਤ ਨੇ ਕੁੱਝ ਦਾਣੇ ਲਏ ਅਤੇ ਗੁਆਂਢੀਆਂ ਦੀ ਚੱਕੀ ਤੇ ਪੀਹਣ ਚਲੀ ਗਈ।
ਜੱਟੀ ਦੇ ਜਾਣ ਤੋਂ ਬਾਅਦ ਨਾਈ ਘਰ ਵਿਚ ਆਇਆ ਅਤੇ ਜੱਟ ਨੂੰ ਕਹਿਣ ਲੱਗਾ, ‘ਤੂੰ ਇਥੇ ਕੱਲਾ ਹੀ ਕਿਵੇਂ ਬੈਠਾ ਹੋਇਆ ਹੈਂ?’
ਬੰਦੇ ਨੇ ਕੋਈ ਵੀ ਜਵਾਬ ਨਹੀਂ ਦਿੱਤਾ। ਨਾਈ ਨੇ ਉਸਦਾ ਸਿਰ ਮੁੰਨ ਦਿੱਤਾ, ਪਰ ਉਹ ਫਿਰ ਵੀ ਨਾ ਬੋਲਿਆ। ਨਾਈ ਨੇ ਉਸਦੀ ਅੱਧੀ ਦਾੜ੍ਹੀ ਅਤੇ ਅੱਧੀਆਂ ਮੁੱਛਾਂ ਮੁੰਨ ਦਿੱਤੀਆਂ, ਇਸਦੇ ਬਾਵਜੂਦ ਬੰਦੇ ਨੇ ਇਕ ਸ਼ਬਦ ਵੀ ਸਾਂਝਾ ਨਾ ਕੀਤਾ। ਅੰਤ ਨਾਈ ਨੇ ਉਸਦੇ ਚਿਹਰੇ ਤੇ ਤਵੇ ਦੀ ਕਾਲਖ਼ ਮਲ੍ਹ ਦਿੱਤੀ। ਜੱਟ ਫਿਰ ਵੀ ਡੁੰਨ ਵੱਟਾ ਬਣਿਆ ਰਿਹਾ। ‘ਇਸਨੂੰ ਤਾਂ ਕੁੱਝ ਚਿੰਬੜ ਗਿਆ ਹੈ।’ ਨਾਈ ਕੁੱਦਿਆ ਤੇ ਘਰੋਂ ਬਾਹਰ ਹੋ ਗਿਆ।
ਉਹ ਅਜੇ ਗਿਆ ਹੀ ਸੀ ਕਿ ਜੱਟੀ ਆਟਾ ਪੀਹ ਕੇ ਵਾਪਿਸ ਆ ਗਈ। ਆਪਣੇ ਘਰ ਵਾਲੇ ਨੂੰ ਇਸ ਹਾਲਤ ਵਿਚ ਦੇਖ ਕੇ ਕੰਬਣ ਲੱਗ ਪਈ। ਹੈਰਾਨੀ ਨਾਲ ਬੋਲੀ, ‘ਓ! ਬਦਨਸੀਬ ਤੂੰ ਕੀ ਕਰ ਰਿਹਾ ਸੀ?’ ਤੂੰ ਪਹਿਲਾਂ ਬੋਲੀ ਹੈਂ’, ਜੱਟ ਨੇ ਕਿਹਾ, ‘ਜਾ ਤੇ ਦਰਵਾਜ਼ਾ ਬੰਦ ਕਰਦੇ।’
ਚਾਰ ਮਿੱਤਰ
ਇਕ ਵਾਰ ਕਾਂ, ਗਿੱਦੜ, ਲੱਕੜਬੱਗੇ ਅਤੇ ਊਠ ਚਾਰਾਂ ਦੀ ਦੋਸਤੀ ਹੋ ਗਈ, ਉਨ੍ਹਾਂ ਨੇ ਇਕੱਠਿਆਂ ਖਾਣਾ ਖਾਣ ਦਾ ਫ਼ੈਸਲਾ ਕੀਤਾ। ਊਠ ਨੇ ਕਾਂ ਨੂੰ ਕਿਹਾ, ”ਤੂੰ ਉੱਡ ਸਕਦਾ ਹੈਂ ਅਤੇ ਸਾਡੇ ਲਈ ਟੋਹ ਲੈਣ ਦਾ ਕੰਮ ਕਰ ਸਕਦਾ ਹੈਂ। ਇਸ ਲਈ ਇਹ ਕੰਮ ਤੂੰ ਕਰ।’ ਕਾਂ ਇਕ ਦਰਖ਼ਤ ਤੋਂ ਦੂਜੇ ਦਰਖ਼ਤ ਤਕ ਉੱਡਦਾ ਰਿਹਾ। ਅਖੀਰ ਉਸਨੂੰ ਹਦਵਾਣਿਆਂ ਦਾ ਇਕ ਖੇਤ ਦਿਖਾਈ ਦਿੱਤਾ। ਉਸਨੇ ਵਾਪਿਸ ਆ ਕੇ ਇਸਦੀ ਸੂਚਨਾ ਸਾਥੀਆਂ ਨੂੰ ਦਿੱਤੀਆਂ। ਉਸਨੇ ਊਠ ਨੂੰ ਕਿਹਾ, ‘ਤੂੰ ਪੱਤੇ ਖਾ ਸਕਦਾ ਹੈਂ ਇਸ ਲਈ ਹਦਵਾਣੇ ਗਿੱਦੜ, ਲੱਕੜਬੱਗਾ ਅਤੇ ਮੈਂ ਤਿੰਨੋਂ ਖਾਵਾਂਗੇ।’
ਰਾਤ ਪੈਣ ਤੇ ਚਾਰੇ ਖੇਤ ਵਿਚ ਜਾ ਵੜੇ ਅਤੇ ਹਦਵਾਣੇ ਖਾਣ ਲੱਗੇ। ਅਚਾਨਕ ਖੇਤ ਦਾ ਰਾਖਾ ਜਾਗ ਪਿਆ, ਉਹ ਹਦਵਾਣੇ ਬਚਾਉਣ ਲਈ ਦੌੜ੍ਹਾ। ਕਾਂ, ਗਿੱਦੜ ਅਤੇ ਲੱਕੜਬੱਗਾ ਤਾਂ ਆਸਾਨੀ ਨਾਲ ੱਬਚ ਗਏ ਪਰ ਊਠ ਰਾਖੇ ਦੇ ਅੜਿੱਕੇ ਆ ਗਿਆ। ਉਸਨੂੰ ਰਾਖੇ ਨੇ ਬੁਰੀ ਤਰ੍ਹਾਂ ਝੰਬਿਆ। ਆਪਣੇ ਸਾਥੀਆਂ ਨਾਲ ਮਿਲ ਕੇ ਊਠ ਨੇ ਕਿਹਾ, ‘ਓ ਭਾਈਵਾਲੋ ਤੁਸੀਂ ਚੰਗੇ ਭਾਈਵਾਲ ਹੋ। ਸਾਥੀ ਨੂੰ ਮਾਰ ਖਾਣ ਲਈ ਛੱਡ ਆਏ। ਗਿੱਦੜ ਕਹਿਣ ਲੱਗਾ, ‘ਅਸਲ ਵਿਚ ਸਭ ਕੁੱਝ ਅਚਾਨਕ ਵਾਪਰਿਆ, ਕੋਈ ਨਾ ਸਬਰ ਰੱਖ। ਅੱਜ ਅਸੀਂ ਤੇਰੇ ਨਾਲ ਖਲੋਵਾਂਗੇ। ਹੁਣ ਤੈਨੂੰ ਕੱਟ ਨਹੀਂ ਪੈਣ ਦਿੰਦੇ।’
ਅਗਲੇ ਦਿਨ ਚੌਕੰਨੇ ਹੋਏ ਮਾਲਕ ਨੇ ਖੇਤ ਵਿਚ ਜਾਲ ਵਿਛਾ ਦਿੱਤਾ। ਅੱਧੀ ਰਾਤ ਨੂੰ ਚਾਰੇ ਮਿੱਤਰ ਦੁਬਾਰਾ ਖੇਤ ਵਿਚ ਪਹੁੰਚੇ ਅਤੇ ਪਹਿਲਾਂ ਵਾਂਗ ਹੀ ਹਦਵਾਣੇ ਖਾਣ ਲੱਗੇ। ਕਾਂ, ਗਿੱਦੜ ਤੇ ਲੱਕੜਬੱਗੇ ਨੇ ਤਾਂ ਜੀਅ ਭਰ ਕੇ ਖਾਧਾ, ਪਰ ਊਠ ਅਜੇ ਪੂਰਾ ਰੱਜਿਆ ਨਹੀਂ ਸੀ ਕਿ ਅਚਾਨਕ ਗਿੱਦੜ ਕਹਿਣ ਲੱਗਾ, ‘ਊਠ ਭਾਈ ਮੈਨੂੰ ਤਾਂ ਖਾ ਕੇ ਹੁਆਂਕਣ ਦੀ ਆਦਤ ਹੈ, ਮੈਂ ਹੁਆਂਕ ਲਵਾਂ? ”ਰੱਬ ਦੇ ਵਾਸਤੇ ਅਜਿਹਾ ਨਾ ਕਰੀਂ’ ਊਠ ਨੇ ਕਿਹਾ, ‘ਇਸ ਤਰ੍ਹਾਂ ਕਰਨ ਨਾਲ ਰਾਖਾ ਆ ਜਾਵੇਗਾ। ਤੁਸੀਂ ਤਾਂ ਦੌੜ ਜਾਵੋਗੇ ਪਰ ਮੈਨੂੰ ਫਿਰ ਕੁਟਾਪਾ ਚੜ੍ਹੇਗਾ।’
‘ਪਰ ਮੈਂ ਤਾਂ ਹੁੰਆਕੇ ਬਿਨਾਂ ਰਹਿ ਨਹੀਂ ਸਕਦਾ।’ ਗਿੱਦੜ ਨੇ ਕਿਹਾ ਤੇ ਹੁੰਆਕਣ ਲੱਗ ਪਿਆ। ਕੁੱਲੀ ਵਿਚੋਂ ਰਾਖਾ ਦੌੜ੍ਹਾ ਆਇਆ। ਇਸ ਬਾਰ ਇਹ ਹੋਇਆ ਕਿ ਊਠ, ਕਾਂ ਅਤੇ ਗਿੱਦੜ ਤਾਂ ਦੌੜ੍ਹ ਗਏ ਪਰ ਮੂਰਖ ਲੱਕੜਬੱਗਾ ਮਾਲਕ ਦੇ ਹੱਥੇ ਚੜ੍ਹ ਗਿਆ। ‘ਯਾਰੋ ਰੁਕੇ, ਰੁਕੋ ਤਾਂ ਸਹੀ’ ਉਹ ਚਿਲਾਇਆ, ‘ਤੁਸੀਂ ਮੈਨੂੰ ਛੱਡ ਕੇ ਜਾ ਰਹੇ ਹੋ। ਮੈਂ ਮਾਰਿਆ ਜਾਵਾਂਗਾ।’
‘ਜਿੱਦਾਂ ਮੈਂ ਕਹਾਂ, ਉਵੇਂ ਕਰ, ‘ਕਾਂ ਨੇ ਕਿਹਾ, ”ਤੇ ਸਭ ਕੁੱਝ ਠੀਕ ਹੋ ਜਾਵੇਗਾ।’
‘ਮੈਂ ਕੀ ਕਰਾਂ?’ ਲੱਕੜਬੱਗੇ ਨੇ ਪੁੱਛਿਆ।
‘ਲੰਮਾ ਪੈ ਜਾ ਅਤੇ ਮਰੇ ਹੋਣ ਦਾ ਸੁਆਂਗ ਕਰ, ‘ਕਾਂ ਨੇ ਕਿਹਾ, ‘ਰਾਖਾ ਤੈਨੂੰ ਚੁੱਕ ਕੇ ਬਾਹਰ ਸੁੱਟੇਗਾ, ਤੂੰ ਉੱਠ ਕੇ ਦੌੜ੍ਹ ਜਾਵੀਂ।”
ਉਹ ਅਜਿਹਾ ਕਹਿ ਹੀ ਰਿਹਾ ਸੀ ਕਿ ਉਪਰੋਂ ਰਾਖਾ ਪਹੁੰਚ ਗਿਆ। ਉਸਨੇ ਲੱਕੜਬੱਗੇ ਨੂੰ ਮਰਿਆ ਸਮਝ ਕੇ ਲੱਤਾਂ ਤੋਂ ਫੜਿਆ ਤੇ ਉਸ ਨੂੰ ਖੇਤੋਂ ਬਾਹਰ ਸੁੱਟ ਦਿੱਤਾ। ਲੱਕੜਬੱਗਾ ਉੱਠਿਆ ਤੇ ਛਾਲਾਂ ਮਾਰਦਾ ਦੌੜ ਗਿਆ। ‘ਓਹ! ‘ਰਾਖੇ ਨੇ ਕਿਹਾ, ‘ਤਾਂ ਬਦਮਾਸ਼ ਮਰਿਆ ਨਹੀਂ ਸੀ ਧੋਖਾ ਦੇ ਗਿਆ।’
ਜਦੋਂ ਚਾਰੇ ਦੋਸਤ ਇਕੱਠੇ ਹੋਏ ਤਾਂ ਊਠ ਗਿੱਦੜ ਨੂੰ ਕਹਿਣ ਲੱਗਾ, ”ਤੇਰੇ ਹੁੰਆਂਕਣ ਨੇ ਮੇਰੇ ਅੱਜ ਫਿਰ ਕੁੱਟ ਪੁਆ ਦੇਣੀ ਸੀ? ਪਰ ਕੋਈ ਨਹੀਂ ਅੰਤ ਭਲਾ ਤਾਂ ਸਭ ਬਲਾ। ਅੱਜ ਤੇਰੀਆਂ ਤਾਂ ਕੱਲ੍ਹ ਮੇਰੀਆਂ ਵੀ ਹੋਣਗੀਆਂ।’
ਕੁੱਝ ਦਿਨ ਬਾਅਦ ਊਠ ਨੇ ਕਿਹਾ, ”ਗਿੱਦੜ ਭਾਈ ਮੈਂ ਬਾਹਰ ਟਹਿਲਣ ਜਾ ਰਿਹਾਂ। ਜੇ ਚਾਹੇਂ ਤਾਂ ਮੇਰੀ ਪਿੱਠ ‘ਤੇ ਬੈਠ ਸਕਦਾ ਹੈਂ। ਮੈਂ ਤੈਨੂੰ ਝੂਟੇ ਦੇਵਾਂਗਾ ਅਤੇ ਤੂੰ ਪਿੱਠ ਤੇ ਚੜ੍ਹ ਕੇ ਦੁਨੀਆਂ ਦੇਖੀਂ।’ ਗਿੱਦੜ ਮੰਨ ਗਿਆ। ਊਠ ਨੇ ਬੈਠ ਕੇ ਗਿੱਦੜ ਨੂੰ ਆਪਣੀ ਪਿੱਠ ‘ਤੇ ਚੜ੍ਹਾ ਲਿਆ। ਜਾਂਦੇ ਜਾਂਦੇ ਉਹ ਇਕ ਪਿੰਡ ਵਿਚ ਪਹੁੰਚੇ। ਗਿੱਦੜ ਨੂੰ ਦੇਖ ਕੇ ਕੁੱਤੇ ਬੁਰੀ ਤਰ੍ਹਾਂ ਭੌਂਕਣ ਲੱਗ ਪਏ। ਊਠ ਨੇ ਗਿੱਦੜ ਨੂੰ ਕਿਹਾ, ”ਭਾਈ ਮੇਰਾ ਮਨ ਤਾਂ ਧਰਤੀ ਉੱਪਰ ਲੇਟਣ ਨੂੰ ਕਰਦਾ।’
‘ਰੱਬ ਦੇ ਵਾਸਤੇ ਅਜਿਹਾ ਨਾ ਕਰੀਂ, ‘ਗਿੱਦੜ ਗਿੜਗਿੜਾਇਆ, ‘ਮੈਂ ਮੁਸੀਬਤ ਵਿਚ ਫੱਸ ਜਾਵਾਂਗਾ।’
‘ਪਰ ਮੈਂ ਤਾਂ ਲੇਟਾਂਗਾ।’ ਗਿੱਦੜ ਨੇ ਕਿਹਾ ਤੇ ਉਹ ਲੇਟਣ ਲੱਗ ਪਿਆ। ਗਿੱਦੜ ਦੇ ਡਿਗਦੇ ਸਾਰ ਹੀ ਕੁੱਤਿਆਂ ਨੇ ਉਸਨੂੰ ਢਾਹ ਲਿਆ ਅਤੇ ਉਸਦੀ ਬੋਟੀ ਬੋਟੀ ਕਰ ਦਿੱਤੀ। ਊਠ ਨੇ ਵਾਪਿਸ ਆ ਕੇ ਗੱਦਾਰ ਗਿੱਦੜ ਦੀ ਖਬਰ ਬਾਕੀ ਦੋਸਤਾਂ ਨੂੰ ਦਿੱਤੀ। ਦੋਸਤਾਂ ਨੇ ਊਠ ਨੂੰ ਕਿਹਾ, ‘ਗੱਦਾਰੀ ਦਾ ਇਹ ਫਲ ਮਿਲਣਾ ਚਾਹੀਦਾ ਸੀ।’
Read more
ਜਦੋਂ ਟੇਪ ਇਰੇਜ਼ ਹੋ ਗਈ
ਲੜੀਵਾਰ ਕਾਲਮ : ਮਾਂ ਬੋਲੀ ਦੇ ਵਿਸਰ ਰਹੇ ਸ਼ਬਦਾਂ ਦਾ ਕੋਸ਼ ‘ਸ਼ਬਦਾਂਗ’
ਇਕ ਕਵਿਤਾ ਇਕ ਕਹਾਣੀ