ਮੈਨੂੰ ਪੱਤਰਕਾਰੀ ਬਰਾਦਰੀ ਦੇ ਮੇਰੇ ਇਕ ਸਾਥੀ ਦਾ ਬਰੈਂਪਟਨ (ਕੈਨੇਡਾ) ਤੋਂ ਫ਼ੋਨ ਆਉਂਦਾ ਹੈ ਕਿ ਸੋਨੀਆ ਮਨਜਿੰਦਰ, ਮੇਜਰ ਨਾਗਰਾ ਅਤੇ ਹੋਰ ਕੁੱਝ ਦੋਸਤ ਪੰਜਾਬੀ ਸਾਹਿਤਕ ਮੈਗਜ਼ੀਨ ‘ਨਕਸ਼’ ਦੀ ਪ੍ਰਕਾਸ਼ਨਾ ਸ਼ੁਰੂ ਕਰਨ ਜਾ ਰਹੇ ਹਨ। ਤੁਸੀਂ ਕੁੱਝ ਲਿਖ ਭੇਜੋ। ਉਸੇ ਵਕਤ ਮੈਂ ਆਪਣੀਆਂ ਯਾਦਾਂ ਦੇ ਚਿੱਤਰਪੱਟ ‘ਤੇ ਨਿਗਾਹ ਮਾਰਦਾ ਹੋਇਆ ਬਹੁਤ ਪਿੱਛੇ ਜੂਨ, 1979 ‘ਚ ਚਲਿਆ ਗਿਆ ਅਤੇ ਮੇਰੇ ਮਨ ਮਸਤਕ ਵਿਚ ਉਹ ਪਲ ਸਾਫ਼ ਦਿਖਾਈ ਦੇਣ ਲੱਗੇ ਜਦੋਂ ਮੈਂ ਆਪਣਾ ਸਾਹਿਤਕ ਮਾਸਿਕ ਪੱਤਰ ‘ਮੰਚ’ ਸ਼ੁਰੂ ਕੀਤਾ ਸੀ? ਮੈਂ ਆਪਣੇ ਤਜ਼ਰਬੇ ਤੋਂ ਕਹਿ ਸਕਦਾ ਹਾਂ ਸਾਹਿਤਕ ਪਰਚਾ ਚਲਾਉਣਾ ਔਕੜਾਂ ਭਰਿਆ ਕਾਰਜ ਹੈ ਪਰ ਇਹ ਵੀ ਸੱਚ ਹੈ ਕਿ ਲਗਨ ਵਾਲੀ ਤੋਰ ਨਾਲ ਅਪਹੁੰਚ ਬਾਤਾਂ ਉੱਤੇ ਪਹੁੰਚ ਜਾਈਦਾ ਹੈ। ਇਹ ਗੱਲ ਵੀ ਸੋਲਾਂ ਆਨੇ ਸੱਚ ਹੈ ਕਿ ਪੰਜਾਬ ਹੁਣ ਗਲੋਬਲ ਹੋ ਗਿਆ ਹੈ। ਕੈਨੇਡਾ ਵਿਚ ਵੀ ਇਕ ਨਹੀਂ ਕਈ ਪੰਜਾਬ ਵੱਸ ਰਹੇ ਹਨ ਅਤੇ ਪੰਜਾਬੀਆਂ ਦੇ ਮਨਾਂ ਵਿਚ ਪੰਜਾਬੀ ਮਾਂ ਬੋਲੀ ਵੱਧ ਰਹੀ ਹੈ। ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਬਰਤਾਨੀਆ ਅਤੇ ਇਟਲੀ ਗੱਲ ਕੀ ਜਿੱਥੇ ਵੀ ਪੰਜਾਬੀ ਜਾਂਦਾ ਉੱਥੇ ਪੰਜਾਬੀ ਮੀਡੀਆ ਵੀ ਪਹੁੰਚ ਰਿਹਾ ਹੈ। ਅਖ਼ਬਾਰ, ਰੇਡੀਓ ਅਤੇ ਟੀ.ਵੀ. ਤੋਂ ਇਲਾਵਾ ਸਾਹਿਤਕ ਪਰਚੇ ਵੀ ਆਪਣੀ ਹਾਜ਼ਰੀ ਲਗਾ ਰਹੇ ਹਨ। ਹੁਣ ਤਾਂ ਯੂਨੀਵਰਸਿਟੀਆਂ ਵਿਚ ਪ੍ਰਵਾਸੀ ਸਾਹਿਤ ਨੂੰ ਵੱਖਰੇ ਵਿਸ਼ੇ ਵਜੋਂ ਪੜ੍ਹਾਇਆ ਜਾਣ ਲੱਗਾ ਹੈ। ਸੰਸਾਰ ਦੇ ਵੱਖ-ਵੱਖ ਦੇਸਾਂ ਵਿਚ ਪੰਜਾਬੀ ਸਾਹਿਤਕ ਕਾਨਫ਼ਰੰਸ ਹੋ ਰਹੀਆਂ ਹਨ। ਪਰਵਾਸੀਆਂ ਕਾਰਨ ਪੰਜਾਬੀ ਸਾਹਿਤ ਵਿਚ ਨਵੇਂ ਵਿਸ਼ੇ ਸ਼ਾਮਿਲ ਹੋ ਰਹੇ ਹਨ। ਪੁਸਤਕ ਰੂਪ ਵਿਚ ਆਉਣ ਤੋਂ ਪਹਿਲਾਂ ਸਾਹਿਤ ਸਾਹਿਤਕ ਪਰਚਿਆਂ ਰਾਹੀਂ ਪਾਠਕਾਂ ਤੱਕ ਪਹੁੰਚਦਾ ਹੈ। ਇਸ ਪੱਖੋਂ ‘ਨਕਸ਼’ ਦੀ ਆਮਦ ਬਹੁਤ ਅਹਿਮੀਅਤ ਰੱਖਦੀ ਹੈ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਸੋਨੀਆ ਮਨਜਿੰਦਰ ਅਤੇ ਉਸਦੇ ਉੱਦਮੀ ਸਾਥੀ ਆਪਣੇ ਗਤੀਸ਼ੀਲ ਸੁਭਾਅ ਦਾ ਪ੍ਰਮਾਣ ਪੇਸ਼ ਕਰਦੇ ਹੋਏ ਨਿਰਤੰਰ ਗਤੀਸ਼ੀਲਤ ਰਹਿਣਗੇ। ਮੈਂ ‘ਨਕਸ਼’ ਨੂੰ ਖੁਸ਼ਆਮਦੀਦ ਕਹਿੰਦਾ ਹੋਇਆ ਆਸ ਕਰਦਾ ਹਾਂ ਕਿ ‘ਨਕਸ਼’ ਦੀ ਟੀਮ ਆਪਣੀ ਮੰਜ਼ਿਲ ਵੱਲ ਹਮੇਸ਼ਾ ਗਤੀਸ਼ੀਲ ਰਹੇਗੀ।
ਜਿੱਧਰ ਪੈਰ ਉੱਠੇ ਸੋ ਅੱਗੇ ਵੱਧੇ, ਵਫ਼ਾ ਹੀ ਅਸਾਂ ਨੂੰ ਜਿਤਾ ਲੈ ਗਈ
ਸਾਬਕਾ ਪ੍ਰੋਫੈਸਰ ਅਤੇ ਮੁਖੀ, ਪੱਤਰਕਾਰੀ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
Read more
T
T
T