‘ਪੰਜਾਬੀ ਨਕਸ਼’ ਲਈ ਦੁਆਵਾਂ / ਅਸੀਸਾਂ-ਮੱਖਣ ਮਾਨ

ਦੁਆਵਾਂ / ਅਸੀਸਾਂ

ਸਾਡੀ ਅਜੀਜ਼ ਅਦੀਬ ਸੋਨੀਆ ਮਨਜਿੰਦਰ  ਵੱਲੋਂ ਤ੍ਰੈ-ਮਾਸਿਕ ਪਰਚੇ ‘ਨਕਸ਼’ ਦੀ ਸੰਪਾਦਨਾ ਦਾ ਸੁਣ ਕੇ ਮਨ ਨੂੰ ਸਕੂਨ ਮਿਲਿਆ। ਜਿਵੇਂ ਹੌਲੀ ਹੌਲੀ ਪੰਜਾਬੀ ਪਰਚੇ ਕਰੋਨਾ ਦੀ ਭੇਟ ਚੜ੍ਹੇ / ਸਿਆਸਤ ਦੀ ਭੇਟ ਵੀ ਚੜ੍ਹੇ, ਉਸ ਸਮੇਂ ‘ਚ ਇਹ ਸੁਖਦ ਸਮਾਚਾਰ ਹੈ। ਸਾਹਿਤਕ ਪਰਚਿਆਂ ਦੀ ਸਮਾਜ ਵਿੱਚ ਬਹੁਤ ਹੀ ਅਹਿਮ ਭੂਮਿਕਾ ਹੁੰਦੀ ਹੈ। ਇਹ ਕ੍ਰਾਂਤੀ ਦੀ ਜੜ੍ਹ ਲਾਉਂਦੇ ਨੇ। ਸਾਹਿਤ ਦਾ ਮਿਆਰ ਮਿੱਥਦੇ ਨੇ। ਤਾਜ਼ਾਦਮ ਕਰਦੇ ਨੇ ਪਾਠਕ ਨੂੰ। ਸੋਨੀਆ ਦੇ ਇਸ ਉੱਦਮ ਦਾ ਮੈਂ ਮਨੋਂ ਸਤਿਕਾਰ ਕਰਦਾ ਹਾਂ। ਉਮੀਦ ਕਰਦਾ ਹਾਂ ਕਿ ਉਹ ਮਿਹਨਤ / ਲਗਨ ਨਾਲ ਇਸ ਕਾਰਜ ਨੂੰ ਕਰੇਗੀ। ਹਾਲਾਂਕਿ ਕਿਸੇ ਵੀ ਸੰਪਾਦਕ ਦਾ ਨਿਰਪੱਖ ਰਹਿਣਾ ਬਹੁਤ ਮੁਸਕਿਲ ਹੁੰਦਾ ਹੈ, ਪਰੰਤੂ ਇਸਨੂੰ ਪੱਖਪਾਤ ਨਹੀਂ ਬਲਕਿ ਵਿਚਾਰਧਾਰਕ ਪ੍ਰਤੀਬੱਧਤਾ ਕਹਿਣੀ ਚਾਹੀਦੀ ਹੈ। ਹਰੇਕ ਦਾ ਇੱਕ ਨਿਸ਼ਾਨਾ ਤੇ ਸਮਾਜ ਨੂੰ ਸਮਝਣ ਦਾ ਨਜ਼ਰੀਆ ਹੁੰਦਾ ਹੈ। ਕਿਸੇ ਵੀ ਸੰਪਾਦਕ ਦਾ ਪੌਲੀਟੀਕਲ ਹੋਣਾ ਵੀ ਲਾਜ਼ਮੀ ਹੁੰਦਾ ਹੈ। ਇਹ ਪੌਲੀਟਿਕਸ ਹੀ ਉਸਦੀ ਸਮਾਜ ਪ੍ਰਤੀ ਸਮਝ ਬਣਾਉਂਦੀ ਹੈ। ਸੋਨੀਆ ਦੇ ‘ਨਕਸ਼’ ਉਸਦੀ ਸੰਪਾਦਕੀ ‘ਚੋਂ ਝਲਕਣਗੇ, ਮੈਨੂੰ ਪੂਰੀ ਉਮੀਦ ਹੈ।